You’re viewing a text-only version of this website that uses less data. View the main version of the website including all images and videos.
ਸੁਨੀਤਾ ਵਿਲੀਅਮਜ਼ ਦਾ ਭਾਰਤ ਦੇ ਇਸ ਪਿੰਡ ਨਾਲ ਕੀ ਹੈ ਰਿਸ਼ਤਾ, ਉਸ ਲਈ ਪੂਜਾ ਕਰਨ ਵਾਲੇ ਲੋਕ ਕੌਣ ਹਨ
- ਲੇਖਕ, ਰੌਕਸੀ ਗਗਡੇਕਰ ਛਾਰਾ
- ਰੋਲ, ਬੀਬੀਸੀ ਸਹਿਯੋਗੀ
ਪਿਛਲੇ ਤਿੰਨ ਮਹੀਨਿਆਂ ਤੋਂ ਪੁਲਾੜ ’ਚ ਫਸੇ ਨਾਸਾ ਦੇ ਦੋਵੇਂ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੈਰੀ ਬੁਚ ਵਿਲਮੌਰ ਨੂੰ ਅਗਲੇ ਸਾਲ ਫਰਵਰੀ ਵਿੱਚ ਸਪੇਸਐਕਸ ਰਾਹੀਂ ਧਰਤੀ ’ਤੇ ਵਾਪਸ ਲਿਆਂਦੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਪੰਜ ਜੂਨ ਨੂੰ ਇੱਕ ਬੋਇੰਗ ਸਟਾਰਲਾਈਨ ਪੁਲਾੜ ਯਾਨ ਰਾਹੀਂ ਉਡਾਣ ਭਰੀ ਸੀ ਪਰ ਤਕਨੀਕੀ ਰੁਕਾਵਟਾਂ ਕਾਰਨ ਅਮਰੀਕੀ ਸਪੇਸ ਏਜੰਸੀ ਨਾਸਾ ਨੂੰ ਉਨ੍ਹਾਂ ਦੀ ਵਾਪਸੀ ਲਈ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਯੂਐੱਸ ਵਿੱਚ ਲੱਖਾਂ ਲੋਕ ਇਸ ਸਾਰੇ ਘਟਨਕ੍ਰਮ ’ਤੇ ਨਜ਼ਰ ਟਿਕਾਈ ਬੈਠੇ ਹਨ।
ਹਜ਼ਾਰਾਂ ਕਿਲੋਮੀਟਰ ਦੂਰ ਭਾਰਤ ਦੇ ਪੱਛਮੀ ਗੁਜਰਾਤ ਸੂਬੇ ਵਿੱਚ ਸੁਨੀਤਾ ਦੇ ਜੱਦੀ ਪਿੰਡ ਝੁਲਾਸਨ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਤੇ ਪ੍ਰਸ਼ੰਸ਼ਕ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਪ੍ਰਾਥਨਾ ਕਰ ਰਹੇ ਹਨ।
ਨਾਲ ਹੀ ਇਹ ਲੋਕ ਸੁਨੀਤਾ ਦੇ 19 ਸਤੰਬਰ ਨੂੰ 59ਵੇਂ ਜਨਮ ਦਿਨ ’ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।
ਸੁਨੀਤਾ ਦੇ ਚਚੇਰੇ ਭਰਾਵਾਂ ਵਿੱਚੋਂ ਇੱਕ ਨਵੀਨ ਪਾਂਡਯਾ ਦਾ ਕਹਿਣਾ ਹੈ, “ਸਾਨੂੰ ਨਹੀਂ ਪਤਾ ਉਸ ਨਾਲ ਕੀ ਹੋ ਰਿਹਾ ਹੈ।”
“ਕੁਝ ਕਹਿ ਰਹੇ ਹਨ ਕਿ ਉਹ ਠੀਕ ਹੈ। ਕਈ ਕਹਿ ਰਹੇ ਹਨ ਕਿ ਉਹ ਸੁਰੱਖਿਅਤ ਵਾਪਸ ਨਹੀਂ ਪਰਤੇਗੀ। ਸਾਨੂੰ ਕੋਈ ਅਸਲ ਜਾਣਕਾਰੀ ਨਹੀਂ ਦੇ ਰਿਹਾ ਕਿ ਉਸ ਨਾਲ ਕੀ ਹੋ ਰਿਹਾ ਹੈ ਅਤੇ ਉਹ ਵਾਪਸ ਕਿਵੇਂ ਤੇ ਕਦੋਂ ਪਰਤੇਗੀ।”
ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਦੇ ਉਤਰ ਵਿੱਚ 40 ਕਿਲੋਮੀਟਰ ’ਤੇ ਸਥਿਤ ਝੁਲਾਸਨ ਦੀ ਆਬਾਦੀ 7,000 ਹੈ। ਇਥੇ ਕਈ ਜਾਤਾਂ ਦੇ ਲੋਕ ਰਹਿੰਦੇ ਹਨ।
ਵਿਲੀਅਮਜ਼ ਨੇ 2007 ਤੇ 2013 ਵਿੱਚ ਦੋ ਵਾਰ ਝੁਲਾਸਨ ਦਾ ਦੌਰਾ ਕੀਤਾ। ਇਹ ਦੌਰੇ ਉਨ੍ਹਾਂ ਨੇ ਆਪਣੇ ਪੁਲਾੜ ਮੁਹਿੰਮ ਮਗਰੋਂ ਕੀਤੇ।
ਇਹ ਉਹ ਥਾਂ ਹੈ ਜਿਥੇ ਵਿਲੀਅਮਜ਼ ਦੇ ਪਿਤਾ ਦੀਪਕ ਪਾਂਡਯਾ ਦਾ ਜਨਮ ਹੋਇਆ ਸੀ। ਉਹ ਆਪਣੀ ਐੱਮਬੀਬੀਐੱਸ ਦੀ ਪੜ੍ਹਾਈ ਸਬੰਧੀ 1957 ਵਿੱਚ ਅਮਰੀਕਾ ਚਲੇ ਗਏ ਸਨ। ਇਥੇ ਹੀ ਉਨ੍ਹਾਂ ਨੇ ਉਰਸੁਲਿਨ ਬੋਨੀ ਨਾਲ ਵਿਆਹ ਕਰਵਾਇਆ, ਜਿਨ੍ਹਾਂ ਨੇ 1965 ਵਿੱਚ ਸੁਨੀਤਾ ਨੂੰ ਜਨਮ ਦਿੱਤਾ।
ਹੁਣ ਝੁਲਾਸਨ ਪਿੰਡ ਦੇ ਲੋਕ ਪੁਲਾੜ ਵਿੱਚ ਫਸੀ ਸੁਨੀਤਾ ਵਿਲੀਅਮਜ਼ ਦੀ ਤੰਦਰੁਸਤੀ ਲਈ ਦੇਵਤਿਆਂ ਅੱਗੇ ਪ੍ਰਾਥਨਾ ਕਰ ਰਹੇ ਹਨ।
ਸੁਨੀਤਾ ਲਈ ਮੰਦਿਰਾਂ ਵਿੱਚ ਪੂਜਾ
ਹਿੰਦੂ ਧਰਮ ਵਿੱਚ ਬਹੁਤ ਹੀ ਮਾਨਤਾ ਵਾਲੇ ਡਾਲਾ ਮਾਤਾ ਮੰਦਿਰ ਵਿੱਚ ਪ੍ਰਾਥਨਾਵਾਂ ਕੀਤੀਆਂ ਗਈਆਂ ਹਨ। ਇਥੇ 2013 ਵਿੱਚ ਵਿਲੀਅਮਜ਼ ਨਤਮਸਤਕ ਹੋਏ ਸਨ।
ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਡਾਲਾ ਮੰਦਿਰ ਦੇ ਦੇਵਤੇ ਉਨ੍ਹਾਂ ਨੂੰ ਸਾਰੇ ਖਤਰਿਆਂ ਤੋਂ ਬਚਾਉਣਗੇ। ਉਥੇ ਸੁਨੀਤਾ ਵਿਲੀਅਮਜ਼ ਦੀ ਇੱਕ ਤਸਵੀਰ ਵੀ ਰੱਖੀ ਗਈ ਹੈ।
ਮੰਦਰ ਦੇ ਪੁਜਾਰੀ ਅਤੇ ਸੁਨੀਤਾ ਦੇ ਰਿਸ਼ਤੇਦਾਰ ਦਿਨੇਸ਼ ਪਾਂਡਯਾ ਦਾ ਕਹਿਣਾ ਹੈ, “ਅਸੀਂ ਉਨ੍ਹਾਂ ਦੀ ਸਿਹਤਯਾਬੀ ਅਤੇ ਸੁਰੱਖਿਅਤ ਵਾਪਸ ਪਰਤਣ ਲਈ ਪ੍ਰਾਥਨਾ ਕਰ ਰਹੇ ਹਾਂ।”
ਉਹ ਪੂਜਾ ਤੇ ਹਵਨ ਕਰਵਾਉਣ ਦੀ ਤਿਆਰੀ ਕਰ ਰਹੇ ਹਨ, ਜਿਸ ਨਾਲ ਸਾਰੇ ਪਿੰਡ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ।
ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀ ਉਮੀਦ ਵਿੱਚ ਜੁਲਾਈ 2024 ਤੋਂ ਇੱਕ ਅਖੰਡ ਜਯੋਤੀ 24 ਘੰਟੇ ਬਲ ਰਿਹਾ ਹੈ।
ਦਿਨੇਸ਼ ਪਾਂਡਯਾ ਦੱਸਦੇ ਹਨ, “ਮੈਂ ਪ੍ਰਾਥਨਾ ਕਰਨ ਦੌਰਾਨ ਇਸ ਦੀਵੇ ਦੀ ਖੁਦ ਦੇਖਭਾਲ ਕਰਦਾ ਹਾਂ।”
ਔਰਤ ਸ਼ਰਧਾਲੂਆਂ ਦਾ ਇੱਕ ਸਮੂਹ ਹਰ ਸ਼ਾਮ ਨੂੰ ਮੰਦਿਰ ਵਿੱਚ ਪ੍ਰਾਥਨਾ ਕਰਨ ਲਈ ਇਕੱਤਰ ਹੁੰਦਾ ਹੈ।
ਪਿੰਡ ਵਾਸੀ ਗੋਮਟੀ ਪਟੇਲ ਨੇ ਕਿਹਾ,“ਸਾਨੂੰ ਆਪਣੇ ਦੇਵਤਿਆਂ ’ਤੇ ਅਟੁੱਟ ਵਿਸ਼ਵਾਸ ਹੈ। ਅਸੀਂ ਜਾਣਦੇ ਹਾਂ ਕਿ ਉਹ ਬਹੁਤ ਜਲਦ ਸੁਰੱਖਿਅਤ ਵਾਪਸ ਪਰਤਣਗੇ।”
ਮਧੂ ਪਟੇਲ ਨੇ ਹਿੰਦੂ ਦੇਵੀ ਡਾਲਾ ਮਾਤਾ ਦਾ ਜੈਕਾਰਿਆਂ ਲਗਾਉਂਦਿਆਂ ਕਿਹਾ, “ਸਾਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ। ਨਾਸਾ ਅਤੇ ਸਰਕਾਰ ਨੂੰ ਸਾਡੀ ਧੀ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਹਰ ਇੱਕ ਕਦਮ ਚੁੱਕਣਾ ਚਾਹੀਦਾ ਹੈ।”
ਮਧੂ ਪਟੇਲ ਨੇ ਕਿਹਾ ਕਿ ਸੁਨੀਤਾ ਨੇ ਸਾਡੇ ਪਿੰਡ ਅਤੇ ਭਾਰਤੀ ਭਾਈਚਾਰੇ ਦੀ ਇਜ਼ਤ ਵਧਾਈ ਹੈ। ਪਟੇਲ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਗਏ ਸਨ।
ਸੁਨੀਤਾ ਦੇ ਸਨਮਾਨ ਵਿੱਚ ਸਥਾਨਕ ਸਕੂਲ ਉਨ੍ਹਾਂ ਦਾ ਜਨਮ ਦਿਨ ਮਨਾਉਣ ਲਈ ਇੱਕ ਪ੍ਰਦਰਸ਼ਨੀ ਲਗਾ ਰਿਹਾ ਹੈ, ਜਿਸ ਵਿੱਚ ਸੁਨੀਤਾ ਦੀਆਂ ਤਸਵੀਰਾਂ ਅਤੇ ਸਪੇਸ ਸ਼ਟਲ ਦਾ ਇੱਕ ਮਾਡਲ ਦਿਖਾਇਆ ਗਿਆ ਹੈ।
ਇਸ ਮੌਕੇ ਭਾਸ਼ਣ ਮੁਕਾਬਲੇ ਕਰਵਾਉਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।
ਬਾਹਰਲੇ ਪਾਸੇ ਬੋਰਡ ਲਗਾਇਆ ਗਿਆ ਹੈ, ਜਿਸ ’ਤੇ ਮਾਣ ਨਾਲ ਗੁਜਰਾਤੀ ਵਿੱਚ ਉਨ੍ਹਾਂ ਦਾ ਨਾਮ ਲਿਖਿਆ ਹੈ, ਸੁਨੀਤਾ ਪਾਂਡਯਾ (ਵਿਲੀਅਮਜ਼)।
ਪੁਰਾਣੀਆਂ ਯਾਦਾਂ
ਵਿਦੇਸ਼ੀ ਪੈਸਿਆਂ ਦੀ ਕਮਾਈ ਨਾਲ ਝੁਲਾਸਨ ਵਿੱਚ ਵੀ ਇਲਾਕੇ ਦੇ ਹੋਰਾਂ ਪਿੰਡਾਂ ਵਾਂਗ ਪੱਕੀਆਂ ਸੜਕਾਂ, ਮਾਡਰਨ ਬੰਗਲੇ ਅਤੇ ਰਵਾਇਤੀ ਘਰਾਂ ਦਾ ਸੁਮੇਲ ਹੈ।
ਇਸ ਪਿੰਡ ਦੇ ਅੰਦਾਜ਼ਨ 2000 ਲੋਕ ਅਮਰੀਕਾ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ।
ਕਿਹਾ ਜਾਂਦਾ ਹੈ ਕਿ ਇਹ ਪਰਵਾਸ ਉਦੋਂ ਸ਼ੁਰੂ ਹੋਇਆ ਜਦੋਂ 1957 ਵਿੱਚ ਸੁਨੀਤਾ ਵਿਲੀਅਮਜ਼ ਦੇ ਪਿਤਾ ਦੀਪਕ ਪਾਂਡਯਾ ਅਮਰੀਕਾ ਵਿੱਚ ਗਏ ਸਨ।
ਬਹੁਤ ਲੋਕ 1972 ਦੇ ਉਸ ਦਿਨ ਨੂੰ ਯਾਦ ਕਰਦੇ ਹਨ, ਜਦੋਂ ਪਾਂਡਯਾ ਤੇ ਉਨ੍ਹਾਂ ਦਾ ਪਰਿਵਾਰ ਪਹਿਲੀ ਵਾਰ ਪਿੰਡ ਆਏ ਸਨ।
ਪਿੰਡ ਦੇ ਹੀ 68 ਸਾਲਾ ਤਰਖਾਣ ਭਰਤ ਗੱਜਰ ਉਸ ਦਿਨ ਨੂੰ ਯਾਦ ਕਰਦੇ ਹਨ, ਜਦੋਂ ਦੀਪਕ ਪਾਂਡਯਾ ਅਤੇ ਹੋਰਾਂ ਨੇ ਊਠ ’ਤੇ ਚੜ੍ਹ ਕੇ ਪਿੰਡ ਦੇ ਗੇੜੇ ਲਾਏ ਸਨ।
ਸੁਨੀਤਾ ਦੇ ਇੱਕ ਰਿਸ਼ਤੇਦਾਰ ਨਵੀਨ ਪਾਂਡਯਾ (64) ਨੇ ਯਾਦ ਕਰਦਿਆਂ ਕਿਹਾ, “ਮੈਨੂੰ ਹਾਲੇ ਵੀ ਯਾਦ ਹੈ ਕਿ ਉਸ ਸਮੇਂ ਸੁਨੀਤਾ ਤੇ ਹੋਰ ਲੋਕਾਂ ਨੇ ਊਠ ’ਤੇ ਚੜ੍ਹ ਕੇ ਪੂਰੇ ਪਿੰਡ ਦੇ ਚੱਕਰ ਲਾਏ ਸਨ। ਇਸ ਸਾਰੇ ਸੀਨ ਨੇ ਪਿੰਡ ਦੇ ਕਈ ਲੋਕਾਂ ਨੂੰ ਅਮਰੀਕਾ ਜਾਣ ਲਈ ਪ੍ਰੇਰਿਤ ਕੀਤਾ।”
ਨਵੀਨ ਪਾਂਡਯਾ ਸੁਨੀਤਾ ਦੇ ਉਨ੍ਹਾਂ ਕੁਝ ਰਿਸ਼ਤੇਦਾਰਾਂ ਵਿਚੋਂ ਹਨ, ਜੋ ਹਾਲੇ ਵੀ ਪਿੰਡ ਹੀ ਰਹਿੰਦੇ ਹਨ। ਉਹ ਮੰਦਿਰ ਵਿੱਚ ਸੁਨੀਤਾ ਦੀ ਸੁਰੱਖਿਅਤ ਵਾਪਸੀ ਲਈ ਪ੍ਰਾਥਨਾ ਕਰਦੇ ਹਨ।
ਉਹ ਕਹਿੰਦੇ ਹਨ,“ਮੈਂ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ਵਿੱਚ ਨਹੀਂ ਹਾਂ ਪਰ ਅਸੀਂ ਸਾਰੇ ਉਨ੍ਹਾਂ ਲਈ ਫਿਕਰਮੰਦ ਹਾਂ।”
ਪਰਿਵਾਰਕ ਵਿਰਾਸਤ
ਝੁਲਾਸਨ ਵਿੱਚ ਸੁਨੀਤਾ ਦੇ ਪਰਿਵਾਰ ਦੀਆਂ ਕਈ ਜਾਇਦਾਦਾਂ ਹਨ।
ਇਥੇ ਵਿਲੀਅਮਜ਼ ਦੇ ਦਾਦਾ-ਦਾਦੀ ਦੇ ਨਾਂ ’ਤੇ ਲਾਇਬ੍ਰੇਰੀ ਹੈ, ਜਿਸ ਨੂੰ 60ਵੇਂ ਦਹਾਕੇ ਦੇ ਅਖੀਰ ਵਿੱਚ ਬਣਾਇਆ ਗਿਆ ਸੀ। ਦੀਪਕ ਪਾਂਡਯਾ ਦਾ ਜੱਦੀ ਘਰ ਖਸਤਾ ਹਾਲ ਵਿੱਚ ਪਿਆ ਹੈ।
ਲਾਇਬ੍ਰੇਰੀ ਦੀ ਵਰਤੋਂ ਹਾਲੇ ਵੀ ਕੁਝ ਵਿਦਿਆਰਥੀਆਂ ਵੱਲੋਂ ਕੀਤੀ ਜਾਂਦੀ ਹੈ। ਹਾਲਾਂਕਿ ਖਰਚਿਆਂ ਤੇ ਤਨਖਾਹਾਂ ਦਾ ਭੁਗਤਾਨ ਕਰਨ ਲਈ ਲਾਇਬ੍ਰੇਰੀ ਦੇ ਕੁਝ ਹਿੱਸੇ ਨੂੰ ਕਿਰਾਏ ’ਤੇ ਦਿੱਤਾ ਹੋਇਆ ਹੈ।
ਸਕੂਲ ਲਈ ਦਾਨ ਕਰਨ ਵਾਲਿਆਂ ਵਿੱਚ ਸੁਨੀਤਾ ਵਿਲੀਅਮਜ਼ ਦਾ ਨਾਮ ਵੀ ਸ਼ਾਮਲ ਹੈ।
ਸਕੂਲ ਦੇ ਪ੍ਰਿੰਸੀਪਲ ਅੰਬਾਲਾਲ ਪਟੇਲ ਨੇ ਕਿਹਾ, “ਜਦੋਂ ਉਹ ਇਥੇ ਆਏ ਸਨ ਤਾਂ ਉਨ੍ਹਾਂ ਨੇ ਸਕੂਲ ਦੀ ਭਲਾਈ ਲਈ 2.50 ਲੱਖ ਰੁਪਏ ਦਾਨ ਕੀਤੇ ਸਨ।”
ਵਿਲੀਅਮਜ਼ ਨੂੰ 2007 ਵਿੱਚ ਸਕੂਲ ’ਚ ਸਨਮਾਨਿਤ ਕੀਤਾ ਗਿਆ ਸੀ।
ਸੁਨੀਤਾ ਦੇ ਰਿਸ਼ਤੇਦਾਰ ਕਿਸ਼ੋਰ ਪਾਂਡਯਾ ਨੇ 2007 ਦੀ ਆਪਣੀ ਮੁਲਾਕਾਤ ਨੂੰ ਯਾਦ ਕਰਦਿਆਂ ਦੱਸਿਆ, “ਮੈਂ ਉਨ੍ਹਾਂ ਕੋਲ ਗਿਆ ਤੇ ਆਪਣੀ ਥੋੜ੍ਹੀ ਬਹੁਤੀ ਅੰਗਰੇਜ਼ੀ ’ਚ ਕਿਹਾ, ਮੈਂ ਤੁਹਾਡਾ ਭਰਾ ਹਾਂ ਅਤੇ ਉਨ੍ਹਾਂ ਨੇ ਮੇਰੇ ਨਾਲ ਹੱਥ ਮਿਲਾਉਂਦਿਆਂ ਕਿਹਾ, ਓ.. ਮੇਰਾ ਭਰਾ। ਮੈਂ ਅੱਜ ਵੀ ਉਸ ਪਲ ਦੀ ਕਦਰ ਕਰਦਾ ਹਾਂ।”
ਉਨ੍ਹਾਂ ਕਿਹਾ, “ਅਸੀਂ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਭ ਵਿਅਰਥ ਰਿਹਾ। ਜਦੋਂ ਦੀਪਕ ਅੰਕਲ (ਸੁਨੀਤਾ ਵਿਲੀਅਮਜ਼ ਦੇ ਪਿਤਾ) ਜ਼ਿੰਦਾ ਸਨ, ਤਾਂ ਅਸੀਂ ਉਨ੍ਹਾਂ ਨਾਲ ਆਸਾਨੀ ਨਾਲ ਸੰਪਰਕ ਕਰ ਲੈਂਦੇ ਸੀ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਮੁਸ਼ਕਲ ਹੋ ਗਿਆ।”
ਹਰ ਕੋਈ ਫਰਵਰੀ ਵਿੱਚ ਸੁਨੀਤਾ ਦੀ ਘਰ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਦਾ ਕੰਮ ਅਤੇ ਸ਼ਬਦ ਹਾਲੇ ਵੀ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ।
ਪਿੰਡ ਦੇ ਨੌਜਵਾਨ ਵਕੀਲ ਤਰੁਣ ਲਿਊਵਾ ਨੇ ਕਿਹਾ, “ਸਾਨੂੰ ਪਤਾ ਹੈ ਕਿ ਉਨ੍ਹਾਂ ਦੀ ਬਦੌਲਤ ਸਾਡੇ ਪਿੰਡ ਦਾ ਨਾਂ ਪੂਰੀ ਦੁਨੀਆਂ ਵਿੱਚ ਚਮਕਿਆ ਹੈ।”
ਚਾਰਟਰਡ ਅਕਾਊਂਟ ਪ੍ਰੀਖਿਆ ਦੀ ਤਿਆਰੀ ਕਰ ਰਹੇ ਮੰਥਨ ਲਿਊਵਾ ਨੇ ਕਿਹਾ, “ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਸਾਨੂੰ ਹਰ ਕੰਮ ਪਿਆਰ ਨਾਲ ਕਰਨਾ ਚਾਹੀਦਾ ਹੈ ਤੇ ਅਸੀਂ ਕਾਮਯਾਬ ਹੋਵਾਂਗੇ। ਉਨ੍ਹਾਂ ਦੀ ਅਮਰੀਕਨ ਜੀਵਨ ਦੇ ਬਾਵਜੂਦ, ਮੈਨੂੰ ਲੱਗਦਾ ਹੈ ਕਿ ਉਹ ਅਜੇ ਵੀ ਸਾਡੇ ਵਰਗੀ ਹੈ, ਝੁਲਾਸਨ ਦੇ ਹਰ ਪਿੰਡ ਵਾਸੀ ਵਾਂਗ ਅਤੇ ਇਸ ਲਈ ਹੀ ਉਹ ਸਾਡੇ ਵਰਗੇ ਲੋਕਾਂ ਲਈ ਇੱਕ ਪ੍ਰੇਰਣਾ ਬਣ ਗਈ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ