You’re viewing a text-only version of this website that uses less data. View the main version of the website including all images and videos.
ਨਾਸਾ ਨੇ ਪੁਲਾੜ 'ਚ ਫਸੇ ਸੁਨੀਤਾ ਵਿਲੀਅਮਜ਼ ਤੇ ਵਿਲਮੌਰ ਦੀ ਵਾਪਸੀ ਬਾਰੇ ਕੀ ਯੋਜਨਾ ਬਣਾਈ, ਕਦੋਂ ਅਤੇ ਕਿਵੇਂ ਹੋਵੇਗੀ ਵਾਪਸੀ
- ਲੇਖਕ, ਹੋਲੀ ਕੋਲ, ਰੇਬੇਕਾ ਮੌਰੇਲ ਅਤੇ ਗ੍ਰੈਗ ਬ੍ਰੋਸਨਨ
- ਰੋਲ, ਬੀਬੀਸੀ ਨਿਊਜ਼
ਪਿਛਲੇ ਦੋ ਮਹੀਨਿਆਂ ਤੋਂ ਪੁਲਾੜ 'ਚ ਫਸੇ ਨਾਸਾ ਦੇ ਦੋਵੇਂ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੈਰੀ ਬੁਚ ਵਿਲਮੌਰ ਨੂੰ ਅਗਲੇ ਸਾਲ ਫਰਵਰੀ ਵਿੱਚ ਸਪੇਸਐਕਸ ਰਾਹੀਂ ਧਰਤੀ 'ਤੇ ਵਾਪਸ ਲਿਆਂਦਾ ਜਾਵੇਗਾ।
ਨਾਸਾ ਨੇ ਕਿਹਾ ਕਿ ਦੋਵੇਂ ਯਾਤਰੀ ਜਿਸ ਬੋਇੰਗ ਸਟਾਰਲਾਇਨਰ ਪੁਲਾੜ ਯਾਨ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐੱਸਐੱਸ) 'ਤੇ ਗਏ ਸੀ ਉਹ ਹੁਣ 'ਚਾਲਕ ਦਲ ਦੇ ਬਿਨਾਂ' ਹੀ ਵਾਪਸ ਪਰਤ ਆਵੇਗਾ।
ਇਨ੍ਹਾਂ ਦੋਵਾਂ ਪੁਲਾੜ ਯਾਤਰੀਆਂ ਨੇ ਬੀਤੀ ਪੰਜ ਜੂਨ ਨੂੰ ਪੁਲਾੜ ਸਟੇਸ਼ਨ ਲਈ ਉਡਾਣ ਭਰੀ ਸੀ ਅਤੇ ਯੋਜਨਾ ਦੇ ਅਨੁਸਾਰ ਇਹ ਅੱਠ ਦਿਨ ਦਾ ਮਿਸ਼ਨ ਸੀ ਪਰ ਹੁਣ ਉਨ੍ਹਾਂ ਨੂੰ ਉੱਥੇ ਅੱਠ ਮਹੀਨੇ ਬਿਤਾਉਣੇ ਪੈਣਗੇ।
ਪਰ ਸਟਾਰਲਾਇਨਰ ਪੁਲਾੜ ਯਾਨ ਜਦੋਂ ਆਈਐੱਸਐੱਸ ਦੇ ਕਰੀਬ ਪਹੁੰਚਿਆ ਤਾਂ ਉਸ ਵਿੱਚ ਮੁਸ਼ਕਿਲਾਂ ਪੈਦਾ ਹੋ ਗਈਆਂ ਅਤੇ ਇਸ ਦੇ ਪੰਜ ਥ੍ਰਸਟਰਸ ਬੰਦ ਹੋ ਗਏ, ਜੋ ਯਾਨ ਨੂੰ ਦਿਸ਼ਾ ਦਿੰਦੇ ਹਨ।
ਇਸ ਵਿੱਚ ਹੀਲੀਅਮ ਗੈਸ ਵੀ ਖ਼ਤਮ ਹੋ ਗਈ, ਜਿਸ ਕਾਰਨ ਯਾਨ ਨੂੰ ਬਾਲਣ 'ਤੇ ਨਿਰਭਰ ਰਹਿਣਾ ਪੈਂਦਾ ਹੈ।
ਨਾਸਾ ਨੇ ਆਪਣੇ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਲਿਜਾਣ ਲਈ ਬੋਇੰਗ ਅਤੇ ਸਪੇਸ ਐਕਸ ਨੂੰ ਵਪਾਰਕ ਉਡਾਣਾਂ ਲਈ ਅਰਬਾਂ ਡਾਲਰ ਦਾ ਠੇਕਾ ਦਿੱਤਾ ਹੈ।
ਬੋਇੰਗ ਨੂੰ 4.2 ਅਰਬ ਡਾਲਰ, ਜਦਕਿ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੂੰ 2.6 ਅਰਬ ਡਾਲਰ ਦਾ ਠੇਕਾ ਦਿੱਤਾ ਹੈ।
ਸਪੇਸਐਕਸ ਵਿੱਚ 2 ਸੀਟਾਂ ਖਾਲੀ ਰਹਿਣਗੀਆਂ
ਹੁਣ ਤੱਕ ਸਪੇਸਐਕਸ ਨੇ ਪੁਲਾੜ ਵਿੱਚ ਨੌਂ ਮਨੁੱਖਾਂ ਵਾਲੀਆਂ ਉਡਾਣਾਂ ਨੂੰ ਅੰਜਾਮ ਦਿੱਤਾ ਹੈ, ਪਰ ਇਹ ਬੋਇੰਗ ਦਾ ਪਹਿਲਾ ਮਨੁੱਖੀ ਮਿਸ਼ਨ ਹੈ।
ਬੋਇੰਗ ਅਤੇ ਨਾਸਾ ਦੇ ਇੰਜੀਨੀਅਰ ਸਟਾਰਲਾਈਨਰ ਪੁਲਾੜ ਯਾਨ ਦੀਆਂ ਤਕਨੀਕੀ ਸਮੱਸਿਆਵਾਂ ਨੂੰ ਸਮਝਣ ਵਿੱਚ ਬਹੁਤ ਸਮਾਂ ਬਿਤਾ ਚੁਕੇ ਹਨ।
ਉਨ੍ਹਾਂ ਨੇ ਪੁਲਾੜ ਅਤੇ ਧਰਤੀ ਦੋਵਾਂ 'ਤੇ ਹੀ ਬਹੁਤ ਸਾਰੇ ਟੈਸਟ ਕੀਤੇ ਅਤੇ ਡੇਟਾ ਇਕੱਠਾ ਕੀਤਾ। ਉਨ੍ਹਾਂ ਨੂੰ ਉਮੀਦ ਸੀ ਕਿ ਉਹ ਸਮੱਸਿਆ ਦੀ ਜੜ੍ਹ ਤੱਕ ਪਹੁੰਚ ਜਾਣਗੇ ਅਤੇ ਸਟਾਰਲਾਈਨਰ ਦੀ ਵਰਤੋਂ ਨਾਲ ਹੀ ਉਹ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਦਾ ਰਸਤਾ ਲੱਭ ਲੈਣਗੇ।
ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਨਾਸਾ ਦੇ ਪ੍ਰਸ਼ਾਸਕ ਬਿਲ ਨੇਲਸਨ ਨੇ ਕਿਹਾ ਕਿ ਨਾਸਾ ਬੋਇੰਗ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਇਸ ਜਹਾਜ਼ ਵਿੱਚ ਸੁਧਾਰ ਲਿਆਉਣ ਲਈ ਕੀ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ, "ਪੁਲਾੜ ਉਡਾਣ ਇੱਕ ਜ਼ੋਖਮ ਹੈ, ਭਾਵੇਂ ਇਹ ਸਭ ਤੋਂ ਸੁਰੱਖਿਅਤ ਜਾਂ ਸਭ ਤੋਂ ਰੁਟੀਨ ਵਾਲੀ ਉਡਾਣ ਹੈ, ਪਰ ਜਦੋਂ ਇੱਕ ਟੈਸਟ ਉਡਾਣ ਦੀ ਗੱਲ ਆਉਂਦੀ ਹੈ ਤਾਂ ਨਾ ਤਾਂ ਇਹ ਸੁਰੱਖਿਅਤ ਹੁੰਦਾ ਹੈ ਅਤੇ ਨਾ ਹੀ ਰੁਟੀਨ ਵਾਲਾ। ਸਾਡਾ ਕੇਂਦਰੀ ਮੁੱਲ ਸੁਰੱਖਿਆ ਹੈ ਅਤੇ ਇਹੀ ਸਾਡਾ ਮਾਰਗਦਰਸ਼ਕ ਹੈ।"
ਹੁਣ ਦੋਵਾਂ ਪੁਲਾੜ ਯਾਤਰੀਆਂ ਦੀ ਪੁਲਾੜ ਸਟੇਸ਼ਨ 'ਤੇ ਮੌਜੂਦਗੀ ਦੇ ਸਮੇਂ ਨੂੰ ਫਰਵਰੀ 2025 ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਉਹ ਸਪੇਸਐਕਸ ਕਰੁ ਡਰੈਗਨ ਸਪੇਸਕ੍ਰਾਫਟ ਰਾਹੀਂ ਵਾਪਸ ਆ ਸਕਣ।
ਇਹ ਵਾਧੂ ਸਮੇਂ 'ਚ ਸਪੇਸਐਕਸ ਨੂੰ ਆਪਣੇ ਅਗਲੇ ਪੁਲਾੜ ਯਾਨ ਨੂੰ ਲਾਂਚ ਕਰਨ ਲਈ ਸਮਾਂ ਮਿਲ ਜਾਵੇਗਾ, ਜਿਸ ਦੀ ਉਡਾਣ ਸਤੰਬਰ ਦੇ ਅੰਤ ਵਿੱਚ ਨਿਰਧਾਰਤ ਕੀਤੀ ਗਈ ਹੈ।
ਪਹਿਲਾਂ ਇਸ 'ਚ ਚਾਰ ਪੁਲਾੜ ਯਾਤਰੀ ਜਾਣ ਵਾਲੇ ਸਨ ਪਰ ਹੁਣ ਸਿਰਫ ਦੋ ਯਾਤਰੀ ਹੀ ਪੁਲਾੜ ਸਟੇਸ਼ਨ 'ਤੇ ਜਾਣਗੇ।
ਇਸ ਨਾਲ ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਲਈ ਥਾਂ ਬਣ ਜਾਵੇਗੀ ਅਤੇ ਜਦੋਂ ਇਹ ਪੁਲਾੜ ਯਾਨ ਅਗਲੀ ਫਰਵਰੀ ਵਿਚ ਧਰਤੀ 'ਤੇ ਵਾਪਸ ਆਵੇਗਾ ਤਾਂ ਉਹ ਦੋਵੇਂ ਵੀ ਇਸ ਵਿਚ ਬੈਠਣਗੇ।
ਸਟਾਰਲਾਇਨਰ ਬਿਨਾਂ ਚਾਲਕ ਦਲ ਦੇ ਪਰਤੇਗਾ
ਨਾਸਾ ਕਹਿ ਚੁਕਿਆ ਹੈ ਕਿ ਦੋਵੇਂ ਪੁਲਾੜ ਯਾਤਰੀ ਪਹਿਲਾਂ ਵੀ ਦੋ ਵਾਰ ਲੰਬੇ ਸਮੇਂ ਲਈ ਪੁਲਾੜ ਵਿੱਚ ਰਹਿ ਚੁਕੇ ਹਨ ਅਤੇ ਉਹ ਟੈਸਟ ਉਡਾਣ ਨਾਲ ਜੁੜੇ ਜੋਖਮਾਂ ਨੂੰ ਸਮਝਦੇ ਹਨ, ਜਿਸ ਵਿੱਚ ਤੈਅ ਸਮੇਂ ਤੋਂ ਵੱਧ ਸਮੇਂ ਤੱਕ ਪੁਲਾੜ ਵਿੱਚ ਰੁਕਣਾ ਵੀ ਸ਼ਾਮਲ ਹੈ।
ਨਾਸਾ ਨੇ ਕਿਹਾ ਕਿ 58 ਸਾਲ ਦੀ ਸੁਨੀਤਾ ਵਿਲੀਅਮਜ਼ ਅਤੇ 61 ਸਾਲ ਦੇ ਵਿਲਮੌਰ ਨੇ ਵਾਪਸੀ ਦੀ ਯੋਜਨਾ ਦਾ ਪੂਰਾ ਸਮਰਥਨ ਕੀਤਾ ਹੈ ਅਤੇ ਅਗਲੇ ਕੁਝ ਮਹੀਨੇ ਉਹ ਪੁਲਾੜ ਸਟੇਸ਼ਨ 'ਤੇ ਵਿਗਿਆਨਿਕ ਕੰਮ, ਪੁਲਾੜ 'ਚ ਮੁਰੰਮਤ ਦਾ ਕੰਮ ਅਤੇ ਸ਼ਾਇਦ "ਸਪੇਸਵਾਕ" ਵੀ ਕਰਨਗੇ।
ਪੁਲਾੜ ਯਾਨ ਦੇ ਵਿਕਾਸ ਵਿੱਚ ਅਸਫਲਤਾਵਾਂ ਦੇ ਕਾਰਨ ਬੋਇੰਗ ਦੇ ਸਟਾਰਲਾਇਨਰ ਵਿੱਚ ਪਹਿਲਾਂ ਹੀ ਕਈ ਸਾਲਾਂ ਦੀ ਦੇਰੀ ਹੋ ਚੁਕੀ ਹੈ।
ਪਿਛਲੀਆਂ ਮਨੁੱਖ ਰਹਿਤ ਉਡਾਣਾਂ ਨੂੰ ਵੀ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ।
ਇੱਕ ਬਿਆਨ ਵਿੱਚ ਬੋਇੰਗ ਨੇ ਕਿਹਾ ਕਿ ਉਨ੍ਹਾਂ ਨੇ "ਚਾਲਕ ਦਲ ਅਤੇ ਪੁਲਾੜ ਯਾਨ ਦੀ ਸੁਰੱਖਿਆ" 'ਤੇ ਧਿਆਨ ਕੇਂਦਰਤ ਕਰਨਾ ਜਾਰੀ ਰੱਖਿਆ ਹੈ।
ਇਸ ਵਿੱਚ ਕਿਹਾ ਗਿਆ ਹੈ, "ਅਸੀਂ ਨਾਸਾ ਦੇ ਨਿਰਧਾਰਤ ਮਿਸ਼ਨ ਨੂੰ ਅਮਲ ਵਿੱਚ ਲਿਆ ਰਹੇ ਹਾਂ ਅਤੇ ਅਸੀਂ ਇੱਕ ਸੁਰੱਖਿਅਤ ਅਤੇ ਸਫਲ ਮਨੁੱਖ ਰਹਿਤ ਵਾਪਸੀ ਦੀ ਤਿਆਰੀ ਕਰ ਰਹੇ ਹਾਂ।"
ਸਟਾਰਲਾਇਨਰ ਵਿੱਚ ਕੀ ਹੋਈ ਸੀ ਖ਼ਰਾਬੀ?
ਸਟਾਰਲਾਇਨਰ ਜਦ ਭੇਜਿਆ ਗਿਆ ਤਾਂ ਉਸ ਵਿੱਚ ਇੱਕ ਛੋਟਾ ਹੀਲੀਅਮ ਲੀਕ ਹੋਣ ਲੱਗਾ ਸੀ ਅਤੇ ਜਦੋਂ ਉਹ ਆਈਐੱਸਐੱਸ 'ਤੇ ਪਹੁੰਚਿਆ ਤਾਂ ਦੋ ਹੋਰ ਲੀਕ ਹੋਣ ਲੱਗੇ।
ਲਾਂਚ ਦੇ ਸਮੇਂ ਲੀਕ ਛੋਟਾ ਜਿਹਾ ਸੀ। ਪਰ ਦੂਜਾ ਇਸ ਤੋਂ ਪੰਜ ਗੁਣਾ ਵੱਡਾ ਸੀ।
ਜਦੋਂ ਯਾਨ ਆਈਐੱਸਐੱਸ ਵੱਲ ਵੱਧ ਰਿਹਾ ਸੀ, 28 ਮੈਨੂਰਿੰਗ ਥ੍ਰਸਟਰ ਬੰਦ ਹੋ ਗਏ ਸੀ, ਜਿਸ ਵਿੱਚੋਂ ਚਾਰ ਦੋਬਾਰਾ ਸ਼ੁਰੂ ਹੋਏ। ਇਸ ਤੋਂ ਬਾਅਦ ਪ੍ਰੋਪਲਸ਼ਨ ਸਿਸਟਮ ਵਿੱਚ ਦੋ ਹੋਰ ਹੀਲੀਅਮ ਲੀਕ ਦਾ ਪਤਾ ਲੱਗਿਆ।
ਜ਼ਮੀਨ 'ਤੇ ਹੋਈ ਜਾਂਚ ਵਿੱਚ ਪਤਾ ਚੱਲਿਆ ਕਿ ਥ੍ਰਸਟਰ ਦੀ ਸਮੱਸਿਆ ਗਰਮੀ ਦੇ ਕਾਰਨ ਟੇਫਲਾਨ ਸੀਲ ਦੇ ਫੁਲ ਜਾਣ ਕਰਕੇ ਪੈਦਾ ਹੋਈ, ਜਿਸ ਕਰਕੇ ਬਾਲਣ ਕੰਬਸ਼ਨ ਚੈਂਬਰ ਵਿੱਚ ਨਹੀਂ ਜਾ ਸਕਿਆ।
ਬੋਇੰਗ ਦੇ ਮਾਰਕ ਨਾਪੀ ਨੇ ਕਿਹਾ ਕਿ ਇਹ ਸਮੱਸਿਆਵਾਂ ਸਿਰਫ਼ ਮਨੁੱਖੀ ਉਡਾਣ ਟੈਸਟ ਵਿੱਚ ਹੀ ਪਤਾ ਲੱਗ ਸਕਦੀਆਂ ਸਨ।
ਪਰ ਕੁਝ ਇੰਜਨੀਅਰਾਂ ਦਾ ਮੰਨਣਾ ਹੈ ਕਿ ਇਹ ਸਮੱਸਿਆ ਮਨੁੱਖ ਰਹਿਤ ਟੈਸਟ ਮਿਸ਼ਨਾਂ ਦੌਰਾਨ ਜਾਂ ਵਾਹਨ ਡਿਜ਼ਾਈਨ ਦੇ ਸ਼ੁਰੂਆਤੀ ਪੜਾਵਾਂ ਵਿੱਚ ਹੀ ਪਤਾ ਲਗਾਈ ਜਾ ਸਕਦੀ ਸੀ।
ਬੋਇੰਗ ਦੇ ਪੁਲਾੜ ਯਾਨ ਦੀ ਇਹ ਪਹਿਲੀ ਸਮੱਸਿਆ ਨਹੀਂ ਹੈ।
ਇਸ ਦੀ ਪਹਿਲੀ ਮਨੁੱਖ ਰਹਿਤ ਉਡਾਣ 2019 ਵਿੱਚ ਹੋਈ ਸੀ, ਪਰ ਇੱਕ ਸਾਫਟਵੇਅਰ ਖਰਾਬੀ ਕਾਰਨ ਇੰਜਣ ਚਾਲੂ ਨਹੀਂ ਹੋ ਸਕਿਆ ਅਤੇ ਇਹ ਸਪੇਸ ਸਟੇਸ਼ਨ ਤੱਕ ਨਹੀਂ ਪਹੁੰਚ ਸਕਿਆ।
ਦੂਜੀ ਕੋਸ਼ਿਸ਼ 2022 ਵਿੱਚ ਕੀਤੀ ਗਈ, ਪਰ ਯਾਨ ਵਿੱਚ ਫਿਰ ਤੋਂ ਕੁਝ ਥ੍ਰਸਟਰਾਂ ਅਤੇ ਵਾਹਨ ਦੇ ਕੂਲਿੰਗ ਸਿਸਟਮ ਵਿੱਚ ਸਮੱਸਿਆਵਾਂ ਆਈਆਂ।
ਇਸ ਵਿਚਾਲੇ, ਬੋਇੰਗ ਦੇ ਵਿਰੋਧੀ ਐਲਨ ਮਸਕ ਦੇ ਸਪੇਸਐਕਸ ਨੇ ਚਾਰ ਸਾਲ ਪਹਿਲਾਂ ਡਰੈਗਨ ਪੁਲਾੜ ਯਾਨ ਨੂੰ ਆਈਐੱਸਐੱਸ ਤੱਕ ਪਹੁੰਚ ਦਿੱਤਾ ਅਤੇ ਉਸ ਤੋਂ ਬਾਅਦ ਤੋਂ ਉਹ ਪੁਲਾੜ ਯਾਤਰੀਆਂ ਅਤੇ ਸਮਾਨ ਨੂੰ ਲਿਆ ਅਤੇ ਲਿਜਾ ਰਿਹਾ ਹੈ।
ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਧਰਤੀ 'ਤੇ ਉਡਾਣ ਭਰ ਰਹੇ ਬੋਇੰਗ ਦੇ ਜਹਾਜ਼ਾਂ 'ਚ ਖ਼ਰਾਬੀਆਂ ਨੂੰ ਲੈ ਕੇ ਵੀ ਜਾਂਚ ਦਾ ਘੇਰਾ ਵਧਦਾ ਜਾ ਰਿਹਾ ਹੈ।
ਹੁਣ ਇਹ ਤੈਅ ਜਾਪਦਾ ਹੈ ਕਿ ਲਾਂਚਪੈਡ ਬਣਨ ਲਈ ਬੋਇੰਗ ਸਟਾਰਲਾਈਨਰ ਨੂੰ ਲੰਬਾ ਸਫ਼ਰ ਤੈਅ ਕਰਨਾ ਪਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ