ਸੁਨੀਤਾ ਵੀਲੀਅਮ 8 ਦਿਨਾਂ ਲਈ ਪੁਲਾੜ ਗਏ, ਕ੍ਰਿਸਮਸ ਤੇ ਨਵਾਂ ਸਾਲ ਉੱਥੇ ਹੀ ਮਣਾਉਣਾ ਪਵੇਗਾ, ਵਾਪਸੀ ਮੁਸ਼ਕਿਲ ਕਿਉਂ ਹੋਈ

    • ਲੇਖਕ, ਮਾਈਕ ਵੈਂਡਲਿੰਗ
    • ਰੋਲ, ਬੀਬੀਸੀ ਪੱਤਰਕਾਰ

ਜਦੋਂ ਦੋ ਅਮਰੀਕੀ ਪੁਲਾੜ ਯਾਤਰੀਆਂ ਨੇ 5 ਜੂਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਇੱਕ ਟੈਸਟ ਮਿਸ਼ਨ ਲਈ ਉਡਾਣ ਭਰੀ ਸੀ, ਤਾਂ ਆਸ ਕੀਤੀ ਜਾ ਰਹੀ ਸੀ ਕਿ ਉਹ ਕੁਝ ਦਿਨਾਂ ਵਿੱਚ ਘਰ ਪਰਤ ਆਉਣਗੇ।

ਪਰ ਚੀਜ਼ਾਂ ਪੂਰੀ ਤਰ੍ਹਾਂ ਯੋਜਨਾ ਮੁਤਾਬਕ ਨਹੀਂ ਵਾਪਰੀਆਂ।

ਅਸਲ ਵਿੱਚ, ਬੈਰੀ "ਬੱਚ" ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਅਜੇ ਵੀ ਪੁਲਾੜ ਵਿੱਚ ਹਨ, ਲਗਭਗ ਦੋ ਮਹੀਨਿਆਂ ਤੋਂ ਧਰਤੀ ਤੋਂ ਉੱਤੇ ਉੱਡ ਰਹੇ ਹਨ।

ਵਿਗਿਆਨੀਆਂ ਦਾ ਇਹ ਜੋੜਾ ਅਣਮਿੱਥੇ ਸਮੇਂ ਲਈ ਉੱਥੇ ਫਸਿਆ ਹੋਇਆ ਹੈ। ਹੁਣ ਪੂਰੀਆਂ ਗਰਮੀਆਂ ਅਤੇ ਕ੍ਰਿਸਮਸ ਉੱਥੇ ਬੀਤਣ ਦੇ ਨਾਲ-ਨਾਲ ਨਵਾਂ ਸਾਲ ਵੀ ਉੱਥੇ ਚੜਨ ਦੀ ਸੰਭਾਵਨਾ ਹੈ।

61 ਸਾਲਾ ਵਿਲਮੋਰ ਅਤੇ 58 ਸਾਲਾ ਵਿਲੀਅਮਜ਼ ਨੇ ਸਟੇਸ਼ਨ ਤੋਂ ਇੱਕ ਬੋਇੰਗ ਸਟਾਰਲਾਈਨਰ ਪੁਲਾੜ ਯਾਨ ਰਾਹੀਂ ਉਡਾਣ ਭਰੀ ਸੀ।

ਇਹ ਆਪਣੀ ਕਿਸਮ ਦੀ ਪਹਿਲੀ ਉਡਾਣ ਸੀ, ਜਿਸ ਵਿੱਚ ਲੋਕ ਸਵਾਰ ਸਨ ਅਤੇ ਇਸ ਨੂੰ ਨਿਯਮਿਤ ਤੌਰ ’ਤੇ ਵਰਤਣ ਤੋਂ ਪਹਿਲਾਂ ਇਸ ਦੇ ਪ੍ਰੀਖਣ ਲਈ ਅਜਿਹਾ ਕੀਤਾ ਗਿਆ ਸੀ।

ਹਾਲਾਂਕਿ, ਇਹ ਜਿਵੇਂ-ਜਿਵੇਂ ਅੱਗੇ ਵਧਿਆ ਸਮੱਸਿਆਵਾਂ ਸਾਹਮਣੇ ਆਈਆਂ। ਇਹਨਾਂ ਵਿੱਚ ਇਸਦੇ ਪ੍ਰੋਪਲਸ਼ਨ ਸਿਸਟਮ ਵਿੱਚ ਲੀਕ ਹੋਣਾ ਅਤੇ ਇਸਦੇ ਕੁਝ ਥਰਸਟਰ ਬੰਦ ਹੋਣਾ ਸ਼ਾਮਲ ਹੈ।

ਇਸ ਲਈ ਜਦੋਂ ਉਹ ਸੁਰੱਖਿਅਤ ਢੰਗ ਨਾਲ ਪੁਲਾੜ ਸਟੇਸ਼ਨ 'ਤੇ ਪਹੁੰਚ ਗਏ, ਅਤੇ ਜੇਕਰ ਸਟਾਰਲਾਈਨਰ ਨੂੰ ਧਰਤੀ 'ਤੇ ਵਾਪਸ ਆਉਣ ਲਈ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਘਰ ਪਰਤਣ ਲਈ ਆਵਾਜਾਈ ਦੇ ਬਦਲਵੇਂ ਢੰਗ ਦੀ ਲੋੜ ਹੋਵੇਗੀ।

ਵਾਪਸੀ ਦਾ ਅਗਲਾ ਕਦਮ ਕੀ ਹੋਵੇਗਾ?

ਨਾਸਾ ਅਧਿਕਾਰੀਆਂ ਨੇ ਬੁੱਧਵਾਰ ਨੂੰ ਨਿਊਜ਼ ਬ੍ਰੀਫਿੰਗ ਵਿੱਚ ਕਿਹਾ ਕਿ ਅਗਲੇ ਕਦਮਾਂ ਬਾਰੇ ਅਜੇ ਕੋਈ ਠੋਸ ਫ਼ੈਸਲਾ ਨਹੀਂ ਲਿਆ ਗਿਆ ਹੈ।

ਨਾਸਾ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਦੇ ਮੈਨੇਜਰ ਸਟੀਵ ਸਟੀਚ ਨੇ ਕਿਹਾ, "ਸਾਡਾ ਮੁੱਖ ਬਦਲ ਸਟਾਰਲਾਈਨਰ 'ਤੇ ਬੁੱਚ ਅਤੇ ਸੁਨੀਤਾ ਨੂੰ ਵਾਪਸ ਲਿਆਉਣਾ ਹੈ। ਹਾਲਾਂਕਿ, ਅਸੀਂ ਇਹ ਯਕੀਨੀ ਬਣਾਉਣ ਲਈ ਲੋੜੀਂਦੀ ਯੋਜਨਾਬੰਦੀ ਕੀਤੀ ਹੈ ਕਿ ਸਾਡੇ ਕੋਲ ਹੋਰ ਬਦਲ ਵੀ ਮੌਜੂਦ ਰਹਿਣ।"

ਉਨ੍ਹਾਂ ਨੇ ਕਿਹਾ ਕਿ ਇੱਕ ਸੰਭਾਵੀ ਬਦਲ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਦੋਵਾਂ ਪੁਲਾੜ ਯਾਤਰੀਆਂ ਨੂੰ ਸਤੰਬਰ ਵਿੱਚ ਸ਼ੁਰੂ ਹੋਣ ਵਾਲੇ ਇੱਕ ਮਿਸ਼ਨ ਨਾਲ ਜੋੜਨਾ ਹੈ ਅਤੇ ਉਨ੍ਹਾਂ ਨੂੰ ਫਿਰ ਉਸੇ ਮਿਸ਼ਨ ਰਾਹੀਂ ਫਰਵਰੀ 2025 ਵਿੱਚ ਧਰਤੀ 'ਤੇ ਵਾਪਸ ਲੈ ਕੇ ਆਉਣਾ ਹੈ।

ਸਪੇਸ ਸਟੇਸ਼ਨ ਲਈ ਇਹ ਉਡਾਣ ਸਪੇਸਐਕਸ ਕਰੂ ਡਰੈਗਨ ਕਰਾਫਟ ਕਰੇਗਾ। ਸ਼ੁਰੂਆਤੀ ਯੋਜਨਾ ਵਿੱਚ ਚਾਰ ਚਾਲਕ ਦਲ ਦੇ ਮੈਂਬਰ ਇਸ ਵਿੱਚ ਸਵਾਰ ਹੋਣਗੇ ਪਰ ਲੋੜ ਪੈਣ 'ਤੇ ਦੋ ਸੀਟਾਂ ਖਾਲ੍ਹੀ ਛੱਡੀਆਂ ਜਾ ਸਕਦੀਆਂ ਸਨ।

ਇਸ ਯੋਜਨਾ ਦਾ ਮਤਲਬ ਹੋਵੇਗਾ ਕਿ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ (ਈਐੱਸਐੱਸ) 'ਤੇ ਅੱਠ ਦਿਨਾਂ ਦੀ ਬਜਾਏ ਹੁਣ ਅੱਠ ਮਹੀਨਿਆਂ ਤੋਂ ਵੱਧ ਸਮਾਂ ਬਿਤਾਉਣਗੇ।

ਜੇਕਰ ਕਰੂ ਡਰੈਗਨ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਸਟਾਰਲਾਈਨਰ ਕ੍ਰਾਫਟ ਨੂੰ ਕੰਪਿਊਟਰ ਨਿਯੰਤਰਣ ਅਧੀਨ, ਬਿਨਾਂ ਕਿਸੇ ਚਾਲਕ ਦਲ ਦੇ ਧਰਤੀ 'ਤੇ ਵਾਪਸ ਲਿਆਂਦਾ ਜਾਵੇਗਾ।

ਨਾਸਾ ਦੇ ਅਧਿਕਾਰੀਆਂ ਨੇ ਕਿਹਾ ਕਿ ਅੰਤਿਮ ਫ਼ੈਸਲਾ ਲੈਣ ਵਿੱਚ ਇੱਕ ਹਫ਼ਤਾ ਜਾਂ ਵੱਧ ਸਮਾਂ ਲੱਗ ਸਕਦਾ ਹੈ।

ਨਾਸਾ ਦੇ ਪੁਲਾੜ ਸੰਚਾਲਨ ਦੇ ਨਿਰਦੇਸ਼ਕ ਕੇਨ ਬੋਵਰਸੌਕਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਟਾਰਲਾਈਨਰ ਦੀ ਬਿਨਾਂ ਚਾਲਕ ਦਲ ਦੇ ਵਾਪਸ ਪਰਤਣ ਦੀ ਸੰਭਾਵਨਾਵਾਂ "ਪਿਛਲੇ ਦੋ ਹਫ਼ਤਿਆਂ ਵਿੱਚ ਜੋ ਕੁਝ ਹੋਇਆ ਹੈ, ਉਸ ਦੇ ਅਧਾਰ ਵਧ ਗਈਆਂ ਹਨ।"

ਉਨ੍ਹਾਂ ਨੇ ਕਿਹਾ, “ਇਸੇ ਲਈ ਅਸੀਂ ਇਸ ਬਦਲ ’ਤੇ ਬਰੀਕੀ ਨਾਲ ਵਿਚਾਰ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਅਸੀਂ ਇਸ ਨੂੰ ਸੰਭਾਲ ਸਕਦੇ ਹਾਂ।”

ਪੁਲਾੜ ਯਾਤਰੀਆਂ ਨੂੰ ਵਾਪਸ ਲੈ ਕੇ ਆਉਣ ਲਈ ਸਪੇਸਐਕਸ ਕਰਾਫਟ ਦੀ ਵਰਤੋਂ ਕਰਨਾ ਬੋਇੰਗ ਲਈ ਇੱਕ ਝਟਕਾ ਹੋਵੇਗਾ, ਜਿਸ ਨੇ ਸਾਲਾਂ ਤੋਂ ਕੰਪਨੀ ਅਤੇ ਇਸਦੇ ਵਧੇਰੇ ਤਜਰਬੇਕਾਰ ਕਰੂ ਡਰੈਗਨ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਹਫ਼ਤੇ ਦੇ ਸ਼ੁਰੂ ਵਿੱਚ, ਨਾਸਾ ਨੇ ਦੋ ਪੁਲਾੜ ਯਾਤਰੀਆਂ ਲਈ ਆਈਐੱਸਐੱਸ ਤੱਕ ਵਾਧੂ ਕੱਪੜਿਆਂ ਸਣੇ ਵਧੇਰੇ ਭੋਜਨ ਅਤੇ ਸਪਲਾਈ ਲਈ ਇੱਕ ਸਪੇਸਐਕਸ ਰਾਕੇਟ ਦੀ ਵਰਤੋਂ ਕੀਤੀ।

ਪਿਛਲੇ ਮਹੀਨੇ, ਇੱਕ ਛੋਟੀ ਪ੍ਰੈੱਸ ਬ੍ਰੀਫਿੰਗ ਵਿੱਚ, ਪੁਲਾੜ ਯਾਤਰੀਆਂ ਨੇ ਕਿਹਾ ਕਿ ਉਹ ਵਾਪਸੀ ਲਈ "ਪੂਰੀ ਤਰ੍ਹਾਂ ਭਰੋਸੇਮੰਦ" ਸਨ ਅਤੇ ਸਟਾਰਲਾਈਨਰ "ਸੱਚਮੁੱਚ ਪ੍ਰਭਾਵਸ਼ਾਲੀ" ਸੀ।

ਸੁਨੀਤਾ ਵਿਲੀਅਮਜ਼ ਨੇ ਕੀ ਕਿਹਾ

ਸੇਵਾਮੁਕਤ ਨੇਵੀ ਹੈਲੀਕਾਪਟਰ ਪਾਇਲਟ ਵਿਲੀਅਮਜ਼ ਲਈ ਆਈਐੱਸਐੱਸ 'ਤੇ ਇਹ ਤੀਜਾ ਕਾਰਜਕਾਲ ਹੈ, ਜਦਕਿ ਵਿਲਮੋਰ ਇੱਕ ਸਾਬਕਾ ਲੜਾਕੂ ਜੈੱਟ ਪਾਇਲਟ ਹਨ ਜੋ ਪਹਿਲਾਂ ਦੋ ਵਾਰ ਪੁਲਾੜ ਵਿੱਚ ਜਾ ਚੁੱਕੇ ਹਨ।

ਵਿਲੀਅਮਜ਼ ਨੇ ਇੱਕ ਤਾਜ਼ਾ ਬ੍ਰੀਫਿੰਗ ਕਾਲ ਦੌਰਾਨ ਪੱਤਰਕਾਰਾਂ ਨੂੰ ਦੱਸਿਆ, “ਅਸੀਂ ਇੱਥੇ ਪੂਰੀ ਤਰ੍ਹਾਂ ਰੁੱਝੇ ਹੋਏ ਹਾਂ, ਅਮਲੇ ਵਿੱਚ ਬਿਲਕੁਲ ਏਕੀਕ੍ਰਿਤ ਹਾਂ।”

ਉਨ੍ਹਾਂ ਨੇ ਅੱਗੇ ਕਿਹਾ, “ਇਹ ਘਰ ਵਾਪਸੀ ਵਾਂਗ ਮਹਿਸੂਸ ਹੋ ਰਿਹਾ ਹੈ। ਆਲੇ-ਦੁਆਲੇ ਤੈਰਨਾ ਚੰਗਾ ਲੱਗਦਾ ਹੈ। ਪੁਲਾੜ ਵਿੱਚ ਰਹਿਣਾ ਅਤੇ ਇੱਥੇ ਕੌਮਾਂਤਰੀ ਪੁਲਾੜ ਸਟੇਸ਼ਨ ਟੀਮ ਨਾਲ ਕੰਮ ਕਰਨਾ ਚੰਗਾ ਮਹਿਸੂਸ ਹੁੰਦਾ ਹੈ।”

ਬੋਇੰਗ ਨੂੰ ਉਮੀਦ ਸੀ ਕਿ ਪਹਿਲਾ ਸਟਾਰਲਾਈਨਰ ਮਿਸ਼ਨ, ਟੇਸ਼ਨ ਦੇ ਅੱਗੇ ਆਉਣ-ਜਾਣ ਵਾਲੇ ਮਿਸ਼ਨਾਂ ਲਈ ਆਪਣੇ ਕੈਪਸੂਲ ਦੀ ਨਿਯਮਤ ਵਰਤੋਂ ਲਈ ਰਾਹ ਪੱਧਰਾ ਕਰੇਗਾ। ਸਪੇਸ ਐਕਸ ਕਰੂ ਡਰੈਗਨ ਨੂੰ 2020 ਤੋਂ ਨਾਸਾ ਮਿਸ਼ਨਾਂ ਲਈ ਮਨਜ਼ੂਰੀ ਦਿੱਤੀ ਗਈ ਹੈ।

ਹਾਲਾਂਕਿ ਪੁਲਾੜ ਯਾਤਰੀ ਆਪਣੀ ਸ਼ੁਰੂਆਤੀ ਯੋਜਨਾ ਨਾਲੋਂ ਬਹੁਤ ਜ਼ਿਆਦਾ ਸਮਾਂ ਪੁਲਾੜ ਵਿੱਚ ਬਿਤਾਉਣਗੇ, ਬਾਕੀਆਂ ਨੇ ਧਰਤੀ ਦੀ ਸਤ੍ਹਾ ਤੋਂ ਬਹੁਤ ਜ਼ਿਆਦਾ ਸਮਾਂ ਬਿਤਾਇਆ ਹੈ। ਰੂਸੀ ਵਲੇਰੀ ਪੋਲਿਆਕੋਵ ਨੇ 1990 ਦੇ ਦਹਾਕੇ ਦੇ ਮੱਧ ਵਿੱਚ ਮੀਰ ਸਪੇਸ ਸਟੇਸ਼ਨ ਉੱਤੇ ਪੁਲਾੜ ਵਿੱਚ 437 ਦਿਨ ਬਿਤਾਏ।

ਰੂਸੀ ਵਲੇਰੀ ਪੋਲਿਆਕੋਵ ਨੇ 1990 ਦੇ ਦਹਾਕੇ ਦੇ ਮੱਧ ਵਿੱਚ ਮੀਰ ਸਪੇਸ ਸਟੇਸ਼ਨ ਉੱਤੇ ਪੁਲਾੜ ਵਿੱਚ 437 ਦਿਨ ਬਿਤਾਏ।

ਪਿਛਲੇ ਸਾਲ, ਫ੍ਰੈਂਕ ਰੂਬੀਓ 371 ਦਿਨਾਂ ਬਾਅਦ ਆਈਐੱਸਐੱਸ ਤੋਂ ਵਾਪਸ ਪਰਤੇ ਸਨ, ਜੋ ਕਿ ਕਿਸੇ ਅਮਰੀਕੀ ਵੱਲੋਂ ਪੁਲਾੜ ਵਿੱਚ ਬਿਤਾਇਆ ਸਭ ਤੋਂ ਲੰਬਾ ਸਮਾਂ ਸੀ।

ਉਧਰ ਰੂਸ ਦੇ ਓਲੇਗ ਕੋਨੋਨੇਨਕੋ ਵੀ ਇਸ ਸਮੇਂ ਆਈਐੱਸਐੱਸ ’ਤੇ ਹਨ। ਉਹ ਅਜਿਹੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਆਪਣੇ ਕਰੀਅਰ ਦੇ ਦੌਰਾਨ ਪੁਲਾੜ ਵਿੱਚ 1,000 ਤੋਂ ਵੱਧ ਦਿਨ ਬਿਤਾਏ ਹਨ।

ਆਪਣੀਆਂ ਬ੍ਰੀਫਿੰਗਜ਼ ਅਤੇ ਇੰਟਰਵਿਊਆਂ ਵਿੱਚ, ਦੋਵੇਂ ਅਮਰੀਕੀ ਆਪਣੀ ਸਥਿਤੀ ਬਾਰੇ ਉਤਸ਼ਾਹਿਤ ਹਨ।

ਵਿਲੀਅਮਜ਼ ਨੇ ਪਿਛਲੇ ਮਹੀਨੇ ਕਿਹਾ, "ਮੈਂ ਸ਼ਿਕਾਇਤ ਨਹੀਂ ਕਰ ਰਹੀ ਹਾਂ ਕਿ ਅਸੀਂ ਇੱਥੇ ਕੁਝ ਵਾਧੂ ਹਫ਼ਤਿਆਂ ਲਈ ਹਾਂ।"

ਜਿਵੇਂ ਦੇ ਹਾਲਾਤ ਹਨ, ਉਨ੍ਹਾਂ ਮੁਤਾਬਕ ਲੱਗਦਾ ਹੈ ਕਿ ਪੁਲਾੜ ਯਾਤਰੀਆਂ ਦੀ ਇਹ ਜੋੜੀ ਕੁਝ ਹੋਰ ਹਫ਼ਤਿਆਂ ਤੱਕ ਉੱਥੇ ਰਹਿ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)