ਸੁਨੀਤਾ ਵਿਲੀਅਮਜ਼ ਦੀ ਪੁਲਾੜ ਤੋਂ ਵਾਪਸੀ ਹੁਣ ਕਿਉਂ ਟਲ ਗਈ? 8 ਦਿਨਾਂ ਦੇ ਮਿਸ਼ਨ ਨੂੰ 9 ਮਹੀਨੇ ਕਿਵੇਂ ਲੱਗ ਗਏ

ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੈਰੀ ਬੁੱਚ ਵਿਲਮੋਰ ਦੀ ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਵਾਪਸੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੀ ਵਾਪਸੀ ਦਾ ਮਿਸ਼ਨ ਨਾਸਾ ਅਤੇ ਸਪੇਸਐਕਸ ਵਲੋਂ ਸਾਂਝੇ ਤੌਰ 'ਤੇ ਚਲਾਇਆ ਜਾ ਰਿਹਾ ਹੈ।

ਇਨ੍ਹਾਂ ਪੁਲਾੜ ਯਾਤਰੀਆਂ ਦੀ ਵਾਪਸੀ ਲਈ ਫਾਲਕਨ-9 ਨੂੰ ਅਮਰੀਕਾ ਦੇ ਫਲੋਰੀਡਾ ਤੋਂ ਲਾਂਚ ਕੀਤਾ ਜਾਣਾ ਸੀ, ਪਰ ਇਸ ਵਿਚ ਕੁਝ ਹਾਈਡ੍ਰੌਲਿਕ ਸਮੱਸਿਆ ਪੈਦਾ ਹੋ ਗਈ ਹੈ, ਜਿਸ ਕਾਰਨ ਬੁੱਧਵਾਰ ਨੂੰ ਹੋਣ ਵਾਲੀ ਇਸ ਦੀ ਲਾਂਚਿੰਗ ਮੁਲਤਵੀ ਕਰ ਦਿੱਤੀ ਗਈ ਹੈ।

ਸਪੇਸਐਕਸ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਮਸ਼ੀਨ 'ਚ ਪੈਦਾ ਹੋਈ ਸਮੱਸਿਆ ਨੂੰ ਕਦੋਂ ਠੀਕ ਕੀਤਾ ਜਾਵੇਗਾ।

ਇਸ ਨੇ ਚਾਰ ਨਵੇਂ ਪੁਲਾੜ ਯਾਤਰੀਆਂ ਨਾਲ ਕੌਮਾਂਤਰੀ ਪੁਲਾੜ ਸਟੇਸ਼ਨ ਜਾਣਾ ਹੈ ਅਤੇ ਉੱਥੋਂ ਸੁਨੀਤਾ ਵਿਲੀਅਮਜ਼ ਅਤੇ ਬੈਰੀ ਬੁਚ ਵਿਲਮੋਰ ਨੂੰ ਵਾਪਸ ਲਿਆਉਣਾ ਹੈ।

ਦੋਵਾਂ ਯਾਤਰੀਆਂ ਨੇ 5 ਜੂਨ, 2024 ਨੂੰ ਇਸ ਪ੍ਰੀਖਣ ਮਿਸ਼ਨ ਲਈ ਸਟਾਰਲਾਈਨਰ ਪੁਲਾੜ ਯਾਨ ਵਿੱਚ ਉਡਾਣ ਭਰੀ ਸੀ। ਦੋਵਾਂ ਨੇ ਅੱਠ ਦਿਨਾਂ ਬਾਅਦ ਵਾਪਸ ਆਉਣਾ ਸੀ ਪਰ ਹਾਲੇ ਤੱਕ ਅਜਿਹਾ ਨਹੀਂ ਹੋ ਸਕਿਆ ਹੈ।

ਜਦੋਂ ਸਟਾਰਲਾਈਨਰ ਪੁਲਾੜ ਯਾਨ ਆਈਐੱਸਐੱਸ ਦੇ ਨੇੜੇ ਪਹੁੰਚਿਆ ਤਾਂ ਸਮੱਸਿਆਵਾਂ ਪੈਦਾ ਹੋ ਗਈਆਂ।

ਇੱਕ ਸਮੱਸਿਆ ਵਾਹਨ ਨੂੰ ਦਿਸ਼ਾ ਪ੍ਰਦਾਨ ਕਰਨ ਵਾਲੇ ਪੰਜ ਥਰਸਟਰਾਂ ਦਾ ਬੰਦ ਹੋਣਾ ਦੱਸਿਆ ਜਾਂਦਾ ਹੈ।

61 ਸਾਲਾ ਵਿਲਮੋਰ ਅਤੇ 58 ਸਾਲਾ ਸੁਨੀਤਾ ਨੂੰ ਜਿਸ ਬੋਇੰਗ ਸਟਾਰਲਾਈਨਰ ਪੁਲਾੜ ਯਾਨ ਰਾਹੀਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚਾਇਆ ਗਿਆ ਸੀ। ਇਹ ਆਪਣੀ ਕਿਸਮ ਦੀ ਪਹਿਲੀ ਉਡਾਣ ਸੀ ਜਿਸ ਵਿੱਚ ਲੋਕ ਸਵਾਰ ਸਨ।

ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੈਰੀ ਬੁਚ ਵਿਲਮੋਰ ਦੀ ਵਾਪਸੀ 19 ਅਤੇ 20 ਮਾਰਚ ਨੂੰ ਹੋਣ ਦੀ ਉਮੀਦ ਸੀ, ਪਰ ਮਿਸ਼ਨ ਨੂੰ ਅੱਗੇ ਵਧਾਉਣ ਕਾਰਨ ਇਹ ਤਾਰੀਖ਼ ਬਦਲ ਸਕਦੀ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਇਲੋਨ ਮਸਕ ਨੂੰ ਸੌਂਪੀ ਹੈ।

ਸੁਨੀਤਾ ਨੇ ਫਿਰ ਬਣਾਇਆ ਰਿਕਾਰਡ

ਪਿਛਲੇ ਨੌਂ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਸੁਨੀਤਾ ਵਿਲੀਅਮਜ਼ ਆਈਐੱਸਐੱਸ ਵਿੱਚ ਹਨ। ਇਸ ਦੇ ਨਾਲ ਹੀ ਉਹ ਪੁਲਾੜ ਵਿੱਚ ਲਗਾਤਾਰ ਸਭ ਤੋਂ ਲੰਬੇ ਸਮੇਂ ਤੱਕ ਠਹਿਰਣ ਵਾਲੇ ਪਹਿਲੇ ਮਹਿਲਾ ਬਣ ਗਏ ਹਨ।

ਵੈਸੇ ਸੁਨੀਤਾ ਦਾ ਇਹ ਕੋਈ ਪਹਿਲਾ ਰਿਕਾਰਡ ਨਹੀਂ ਹੈ। ਉਨ੍ਹਾਂ ਨੇ ਪੁਲਾੜ ਵਿੱਚ 22 ਘੰਟੇ 27 ਮਿੰਟ ਤੱਕ ਚਹਿਲਕਦਮੀ ਕਰਕੇ ਕਿਸੇ ਮਹਿਲਾ ਵੱਲੋਂ ਹੁਣ ਤੱਕ ਦੇ ਸਭ ਤੋਂ ਲੰਬੇ ਸਪੇਸ ਵਾਕ ਦਾ ਰਿਕਾਰਡ ਵੀ ਬਣਾਇਆ ਸੀ।

ਇਸ ਤੋਂ ਪਹਿਲਾਂ ਇਹ ਰਿਕਾਰਡ ਪੁਲਾੜ ਯਾਤਰੀ ਕੈਥਰੀਨ ਥਾਰਨਟਨ ਦੇ ਨਾਮ ਸੀ। ਉਨ੍ਹਾਂ ਨੇ 21 ਘੰਟੇ ਤੋਂ ਵੱਧ ਸਮੇਂ ਤੱਕ ਸਪੇਸ ਵਾਕ ਦਾ ਰਿਕਾਰਡ ਬਣਾਇਆ ਸੀ।

ਸੁਨੀਤਾ ਵਿਲੀਅਮਜ਼ ਦੀ ਇਹ ਤੀਜੀ ਪੁਲਾੜ ਯਾਤਰਾ ਹੈ। ਤਿੰਨਾਂ ਯਾਤਰਾਵਾਂ ਨੂੰ ਮਿਲਾ ਕੇ ਹੁਣ ਤੱਕ ਉਹ ਨੌਂ ਵਾਰ ਸਪੇਸਵਾਕ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 62 ਘੰਟੇ 6 ਮਿੰਟ ਸਪੇਸਵਾਕ ਵਿੱਚ ਬਿਤਾਏ ਹਨ।

ਸੁਨੀਤਾ ਵਿਲੀਅਮਜ਼ ਇੱਕ ਸੇਵਾਮੁਕਤ ਨੇਵੀ ਹੈਲੀਕਾਪਟਰ ਪਾਇਲਟ ਹਨ, ਜਦਕਿ ਵਿਲਮੋਰ ਇੱਕ ਸਾਬਕਾ ਲੜਾਕੂ ਜੈੱਟ ਪਾਇਲਟ ਹਨ। ਉਹ ਵੀ ਪਹਿਲਾਂ ਦੋ ਵਾਰ ਪੁਲਾੜ ਦੀ ਯਾਤਰਾ ਕਰ ਚੁੱਕੇ ਹਨ।

ਕੌਣ ਹਨ ਸੁਨੀਤਾ ਵਿਲੀਅਮਜ਼

ਸੁਨੀਤਾ ਲਿਨ ਵਿਲੀਅਮਜ਼ ਭਾਰਤੀ ਮੂਲ ਦੇ ਦੂਜੀ ਅਮਰੀਕੀ ਪੁਲਾੜ ਯਾਤਰੀ ਹਨ। ਨਾਸਾ ਨੇ ਕਲਪਨਾ ਚਾਵਲਾ ਤੋਂ ਬਾਅਦ ਭਾਰਤੀ ਮੂਲ ਦੇ ਸੁਨੀਤਾ ਲਿਨ ਵਿਲੀਅਮਜ਼ ਨੂੰ ਕੌਮਾਂਤਰੀ ਸਪੇਸ ਸਟੇਸ਼ਨ ਦੇ 'ਐਕਸਪੀਡਿਸ਼ਨ-14' ਦੇ ਦਲ ਵਿੱਚ ਸ਼ਾਮਲ ਕੀਤਾ।

ਸੁਨੀਤਾ ਦਾ ਜਨਮ ਅਮਰੀਕਾ ਦੇ ਓਹਾਯੋ ਵਿੱਚ 1965 ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ 1958 'ਚ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਤੋਂ ਆ ਕੇ ਅਮਰੀਕਾ ਵਿੱਚ ਵਸ ਗਏ ਸਨ।

ਸੁਨੀਤਾ ਦੇ ਪਿਤਾ ਦੀਪਕ ਪਾਂਡਿਆ ਅਤੇ ਮਾਂ ਬੋਨੀ ਪਾਂਡਿਆ ਹਨ। ਸੁਨੀਤਾ ਦੇ ਪਤੀ ਮਾਈਕਲ ਵਿਲੀਅਮਜ਼ ਖੁਦ ਵੀ ਪਾਇਲਟ ਹਨ ਅਤੇ ਹੁਣ ਇੱਕ ਪੁਲਿਸ ਅਧਿਕਾਰੀ ਦੇ ਰੂਪ ਵਿੱਚ ਕੰਮ ਕਰ ਰਹੇ ਹਨ।

ਨਾਸਾ ਨੇ 1998 ਵਿੱਚ ਪੁਲਾੜ ਯਾਤਰੀ ਦੇ ਤੌਰ 'ਤੇ ਸੁਨੀਤਾ ਨੂੰ ਚੁਣਿਆ ਸੀ। ਸਥਾਨਕ ਪੱਤਰਕਾਰ ਸਲੀਮ ਰਿਜ਼ਵੀ ਦੇ ਅਨੁਸਾਰ, ਸੁਨੀਤਾ ਅਮਰੀਕੀਨ ਨੇਵਲ ਅਕੈਡਮੀ ਦੇ ਗ੍ਰੈਜੂਏਟ ਹਨ ਅਤੇ ਇਸ ਤੋਂ ਇਲਾਵਾ ਉਹ ਇੱਕ ਹੁਨਰਮੰਦ ਲੜਾਕੂ ਪਾਇਲਟ ਵੀ ਹਨ।

ਉਨ੍ਹਾਂ ਨੇ 30 ਵੱਖ-ਵੱਖ ਤਰ੍ਹਾਂ ਦੇ ਜਹਾਜ਼ਾਂ 'ਤੇ 2700 ਤੋਂ ਜ਼ਿਆਦਾ ਘੰਟਿਆਂ ਦੀ ਉਡਾਣ ਭਰੀ ਹੋਈ ਹੈ।

ਸੁਨੀਤਾ ਵਿਲੀਅਮਜ਼ ਨੇ ਆਪਣੀ ਪਹਿਲੀ ਨੌਕਰੀ ਨੇਵਲ ਐਵਿਏਟਰ ਦੇ ਤੌਰ 'ਤੇ ਕੀਤੀ ਸੀ।

ਸੁਨੀਤਾ ਨੂੰ ਕਿੰਨੀ ਤਨਖ਼ਾਹ ਮਿਲਦੀ ਹੈ?

ਸੁਨੀਤਾ ਨੇ 2013 ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਸੀ ਕਿ ਉਹ ਪੁਲਾੜ ਵਿੱਚ ਸਮੋਸੇ ਲੈ ਕੇ ਗਏ ਸਨ। ਇਸ ਦੇ ਨਾਲ ਹੀ ਉਹ ਪੜ੍ਹਨ ਲਈ ਗੀਤਾ ਵੀ ਲੈ ਕੇ ਗਏ ਸਨ।

ਉਨ੍ਹਾਂ ਨੇ ਭਾਰਤੀ ਖਾਣੇ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਭਾਰਤੀ ਖਾਣੇ ਤੋਂ ਕੋਈ ਅੱਕ ਨਹੀਂ ਸਕਦਾ।

ਨਾਸਾ ਵਿੱਚ ਤਨਖਾਹ ਅਮਰੀਕੀ ਸਰਕਾਰ ਦੇ ਗਰੇਡ ਪੇਅ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਇਸ ਵਿੱਚ ਸਿਵਿਲੀਅਨ ਐਸਟਰੋਨਾਟਸ ਦੇ ਲਈ ਜੀਐੱਸ-13 ਅਤੇ ਜੀਐੱਸ-15 ਗਰੇਡ ਪੇਅ ਸ਼ਾਮਲ ਹੈ।

ਸੁਨੀਤਾ ਵਿਲੀਅਮਜ਼ ਨੂੰ ਵੀ ਇਸੇ ਗਰੇਡ ਪੇਅ ਦੇ ਅਨੁਸਾਰ ਤਨਖਾਹ ਮਿਲਦੀ ਹੈ।

  • ਜੀਐੱਸ-13: ਇਸ ਵਿੱਚ 81,216 ਤੋਂ ਲੈ ਕੇ 105,579 ਡਾਲਰ ਸਾਲਾਨ ਤਨਖਾਹ ਦਾ ਪ੍ਰਬੰਧ ਹੈ।
  • ਜੀਐੱਸ-14: ਇਸ ਵਿੱਚ 95,973 ਤੋਂ ਲੈ ਕੇ 124,764 ਡਾਲਰ ਸਾਲਾਨ ਤਨਖਾਹ ਮਿਲਦੀ ਹੈ।
  • ਜੀਐੱਸ-15: ਇਸ ਵਿੱਚ 112,890 ਤੋਂ ਲੈ ਕੇ 146,757 ਡਾਲਰ ਸਾਲਾਨਾ ਤਨਖਾਹ ਹੁੰਦੀ ਹੈ।

ਇਸ ਤਰ੍ਹਾਂ ਹੋਵੇਗੀ ਸੁਨੀਤਾ ਦੀ ਵਾਪਸੀ

ਸੁਨੀਤਾ ਵਿਲੀਅਮਜ਼ ਦੀ ਵਾਪਸੀ ਲਈ ਨਾਸਾ ਸਾਰੇ ਵਿਕਲਪਾਂ 'ਤੇ ਕੰਮ ਕਰ ਰਿਹਾ ਹੈ। ਨਾਸਾ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਦੇ ਮੈਨੇਜਰ ਸਟੀਵ ਸਟਿੱਚ ਨੇ ਕੁਝ ਦਿਨ ਪਹਿਲਾਂ ਕਿਹਾ ਸੀ, "ਸਾਡਾ ਮੁੱਖ ਉਦੇਸ਼ ਬੁਚ ਅਤੇ ਸੁਨੀਤਾ ਨੂੰ ਸਟਾਰਲਾਈਨਰ 'ਤੇ ਵਾਪਸ ਲਿਆਉਣਾ ਹੈ। ਹਾਲਾਂਕਿ, ਅਸੀਂ ਉਨ੍ਹਾਂ ਲਈ ਹੋਰ ਵਿਕਲਪ ਵੀ ਖੁੱਲ੍ਹੇ ਰੱਖੇ ਹਨ।"

ਜੇਕਰ ਸਟਾਰਲਾਈਨਰਾਂ ਨੂੰ ਧਰਤੀ 'ਤੇ ਵਾਪਸ ਲਿਆਉਣਾ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਹੈ, ਤਾਂ ਹੁਣ ਉਨ੍ਹਾਂ ਨੂੰ ਪੁਲਾੜ ਤੋਂ ਵਾਪਸ ਲਿਆਉਣ ਲਈ ਆਵਾਜਾਈ ਦੇ ਵਿਕਲਪਿਕ ਸਾਧਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਇੱਕ ਸੰਭਾਵੀ ਵਿਕਲਪ ਇਹ ਹੈ ਕਿ ਦੋਨਾਂ ਪੁਲਾੜ ਯਾਤਰੀਆਂ ਨੂੰ ਇੱਕ ਮਿਸ਼ਨ ਨਾਲ ਜੋੜਿਆ ਜਾਵੇ ਅਤੇ 2025 ਵਿੱਚ ਉਨ੍ਹਾਂ ਨੂੰ ਉਸ ਮਿਸ਼ਨ ਨਾਲ ਧਰਤੀ 'ਤੇ ਵਾਪਸ ਲਿਆਂਦਾ ਜਾਵੇ।

ਸਪੇਸ ਸਟੇਸ਼ਨ ਲਈ ਇਹ ਉਡਾਣ 'ਸਪੇਸਐਕਸ ਕਰੂ ਡਰੈਗਨ' ਯਾਨ ਭਰੇਗਾ। ਇਸਦੀ ਸ਼ੁਰੂਆਤੀ ਯੋਜਨਾ ਚਾਰ ਕਰੂ ਮੈਂਬਰਾਂ ਦੇ ਨਾਲ ਜਾਣ ਦੀ ਹੈ, ਪਰ ਲੋੜ ਪੈਣ 'ਤੇ ਇਸ ਵਿੱਚ ਦੋ ਸੀਟਾਂ ਖਾਲੀ ਰੱਖੀਆਂ ਜਾ ਸਕਦੀਆਂ ਸਨ।

ਹਾਲਾਂਕਿ, ਨਾਸਾ ਅਧਿਕਾਰੀਆਂ ਦਾ ਅਗਲਾ ਕਦਮ ਕੀ ਹੋਵੇਗਾ? ਇਸ ਬਾਰੇ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ ਹੈ।

ਬੋਇੰਗ ਦੇ ਲਈ ਝਟਕਾ ਹੋਵੇਗਾ ਸਪੇਸਐਕਸ ਦਾ ਪ੍ਰਯੋਗ

ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਸਪੇਸਐਕਸ ਕਰਾਫਟ ਦੀ ਵਰਤੋਂ ਕਰਨਾ ਬੋਇੰਗ ਲਈ ਇੱਕ ਝਟਕਾ ਹੋਵੇਗਾ, ਜੋ ਕੰਪਨੀ ਅਤੇ ਇਸਦੇ ਵਧੇਰੇ ਤਜਰਬੇਕਾਰ ਕਰੂ ਡਰੈਗਨ ਨਾਲ ਮੁਕਾਬਲਾ ਕਰਨ ਲਈ ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਹੈ।

ਸਟਾਰਲਾਈਨਰ ਵਾਹਨ ਨੂੰ ਬੋਇੰਗ ਨੇ ਹੀ ਤਿਆਰ ਕੀਤਾ ਹੈ। ਇਹ ਬੋਇੰਗ ਦਾ ਪਹਿਲਾ ਮਨੁੱਖੀ ਮਿਸ਼ਨ ਹੈ। ਦੂਜੇ ਪਾਸੇ, ਹੁਣ ਤੱਕ ਸਪੇਸਐਕਸ ਨੇ ਪੁਲਾੜ ਵਿੱਚ ਨੌਂ ਮਨੁੱਖੀ ਮਿਸ਼ਨ ਪੂਰੇ ਕੀਤੇ ਹਨ।

ਬੋਇੰਗ ਦੇ ਯਾਨ ਦੀ ਇਹ ਪਹਿਲੀ ਸਮੱਸਿਆ ਨਹੀਂ ਹੈ। ਇਸ ਨੇ 2019 ਵਿੱਚ ਆਪਣੀ ਪਹਿਲੀ ਮਨੁੱਖੀ ਰਹਿਤ ਉਡਾਣ ਭੇਜੀ ਸੀ। ਇੱਕ ਸਾਫਟਵੇਅਰ ਖਰਾਬੀ ਕਾਰਨ, ਇੰਜਣ ਚਾਲੂ ਨਹੀਂ ਹੋ ਸਕਿਆ ਅਤੇ ਇਹ ਸਪੇਸ ਸਟੇਸ਼ਨ ਤੱਕ ਨਹੀਂ ਪਹੁੰਚ ਸਕਿਆ।

ਦੂਜੀ ਕੋਸ਼ਿਸ਼ 2022 ਵਿੱਚ ਕੀਤੀ ਗਈ ਸੀ, ਪਰ ਵਾਹਨ ਵਿੱਚ ਫਿਰ ਤੋਂ ਕੁਝ ਥਰਸਟਰਾਂ ਅਤੇ ਵਾਹਨ ਦੇ ਕੂਲਿੰਗ ਸਿਸਟਮ ਵਿੱਚ ਦਿੱਕਤਾਂ ਆਈਆਂ ਸਨ।

ਸਪੇਸਐਕਸ ਕਰੂ ਡਰੈਗਨ ਕੀ ਹੈ?

ਸਪੇਸਐਕਸ ਕਰੂ ਡਰੈਗਨ ਇੱਕ ਪੁਲਾੜ ਯਾਨ ਹੈ। ਇਸਨੂੰ ਇਲੋਨ ਮਸਕ ਦੀ ਕੰਪਨੀ ਸਪੇਸਐਕਸ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸ ਰਾਹੀਂ, ਪੁਲਾੜ ਯਾਤਰੀਆਂ ਨੂੰ ਆਈਐਸਐਸ ਤੱਕ ਲੈ ਕੇ ਜਾਇਆ ਜਾਂਦਾ ਹੈ।

ਇਸਨੂੰ ਨਾਸਾ ਦੀ ਉਸ ਯੋਜਨਾ ਦੇ ਤਹਿਤ ਵਿਕਸਤ ਕੀਤਾ ਗਿਆ ਸੀ ਜਿਸ ਦੇ ਤਹਿਤ ਅਮਰੀਕੀ ਸਰਕਾਰ ਨੇ ਸਪੇਸ ਸਟੇਸ਼ਨ ਦੀਆਂ ਉਡਾਣਾਂ ਨਿੱਜੀ ਕੰਪਨੀਆਂ ਨੂੰ ਸੌਂਪ ਦਿੱਤੀਆਂ ਸਨ। ਇਸ ਤੋਂ ਪਹਿਲਾਂ, ਅਮਰੀਕਾ ਰੂਸੀ ਲਾਂਚਾਂ 'ਤੇ ਨਿਰਭਰ ਰਹਿੰਦਾ ਸੀ।

ਕਰੂ ਡਰੈਗਨ 16 ਡ੍ਰੈਕੋ ਥ੍ਰਸਟਰਾਂ ਨਾਲ ਲੈਸ ਹੈ। ਇਸਨੂੰ ਫਾਲਕਨ 9 ਰਾਕੇਟ ਨਾਲ ਲਾਂਚ ਕੀਤਾ ਜਾਂਦਾ ਹੈ। ਇਸ ਵਿੱਚ ਇੱਕ ਵਾਰ ਵਿੱਚ ਸੱਤ ਪੁਲਾੜ ਯਾਤਰੀ ਭੇਜੇ ਜਾ ਸਕਦੇ ਹਨ ਅਤੇ ਇਸਨੂੰ ਵਾਰ-ਵਾਰ ਵਰਤਿਆ ਜਾ ਸਕਦਾ ਹੈ।

ਇਹ ਪੁਲਾੜ ਯਾਨ, ਪੁਲਾੜ ਤੋਂ ਵਾਪਸ ਆਉਂਦੇ ਸਮੇਂ ਆਵਾਜ਼ ਦੀ ਗਤੀ ਨਾਲੋਂ 25 ਗੁਣਾ ਤੇਜ਼ ਰਫ਼ਤਾਰ ਨਾਲ ਵਾਯੂਮੰਡਲ ਵਿੱਚੋਂ ਲੰਘਦਾ ਹੈ।

ਇਹ ਆਪਣੇ ਆਪ ਹੀ ਖੁਦ ਨੂੰ ਕਿਸੇ ਹੋਰ ਪੁਲਾੜ ਯਾਨ ਜੋੜ ਸਕਦਾ ਹੈ। ਜੇਕਰ ਇਸਦੀ ਉਡਾਣ ਦੌਰਾਨ ਕੋਈ ਸਮੱਸਿਆ ਆਉਂਦੀ ਹੈ, ਤਾਂ ਇਹ ਇੱਕ ਲਾਂਚ ਐਸਕੇਪ ਸਿਸਟਮ ਨਾਲ ਵੀ ਲੈਸ ਹੈ, ਜੋ ਤੁਰੰਤ ਕਰੂ ਡਰੈਗਨ ਨੂੰ ਰਾਕੇਟ ਤੋਂ ਵੱਖ ਕਰ ਦਿੰਦਾ ਹੈ।

ਪੁਲਾੜ ਯਾਤਰੀਆਂ ਨੂੰ ਸੁਰੱਖਿਅਤ ਹੇਠਾਂ ਲਿਆਉਣ ਲਈ ਇਸ ਵਿੱਚ ਪੈਰਾਸ਼ੂਟ ਵੀ ਲਗਾਏ ਗਏ ਹਨ। ਫਲਾਈਟ ਕੰਪਿਊਟਰ ਅਤੇ ਥ੍ਰਸਟਰ ਫੇਲ ਹੋਣ ਦੀ ਸਥਿਤੀ ਵਿੱਚ ਵੀ ਇਹ ਪੁਲਾੜ ਯਾਨ, ਚਾਲਕ ਦਲ ਨੂੰ ਸੁਰੱਖਿਅਤ ਘਰ ਲਿਆਉਣ ਦੇ ਸਮਰੱਥ ਹੈ।

ਇੰਝ ਪਹੁੰਚਾਇਆ ਗਿਆ ਸੀ ਪੁਲਾੜ ਯਾਤਰੀਆਂ ਲਈ ਖਾਣਾ

ਆਈਐਸਐਸ 'ਚ ਸਾਰਾ ਦਿਨ ਕੰਮ ਕਰਨ ਤੋਂ ਬਾਅਦ, ਸਮਾਂ ਆਉਂਦਾ ਹੈ ਰਾਤ ਦੇ ਖਾਣੇ ਦਾ। ਖਾਣਾ ਇੱਕ ਪੈਕੇਟ ਵਿੱਚ ਪੈਕ ਕੀਤਾ ਜਾਂਦਾ ਹੈ। ਇਹ ਸਾਰੇ ਦੇਸ਼ਾਂ ਦੇ ਅਨੁਸਾਰ ਵੱਖ-ਵੱਖ ਕੰਪਰਟਮੈਂਟਾਂ ਵਿੱਚ ਵੰਡਿਆ ਹੁੰਦਾ ਹੈ।

ਪੁਲਾੜ ਯਾਤਰੀ ਰਹੀ ਚੁੱਕੇ ਨਿਕੋਲ ਸਟੌਟ ਕਹਿੰਦੇ ਹਨ ਕਿ "ਇਹ ਕੈਂਪਿੰਗ ਵਾਲੇ ਖਾਣੇ ਜਾਂ ਫੌਜੀ ਰਾਸ਼ਨ ਵਰਗਾ ਹੈ। ਵਧੀਆ ਪਰ ਸਿਹਤ ਦੇ ਹਿਸਾਬ ਨਾਲ ਵੀ ਲਾਭਦਾਇਕ। ਮੇਰੀਆਂ ਮਨਪਸੰਦ ਖਾਣ ਦੀਆਂ ਚੀਜ਼ਾਂ ਜਾਪਾਨੀ ਕਰੀ ਜਾਂ ਰੂਸੀ ਸੂਪ ਹੁੰਦੇ ਸਨ।''

ਪੁਲਾੜ ਯਾਤਰੀਆਂ ਦੇ ਪਰਿਵਾਰ ਵੀ ਉਨ੍ਹਾਂ ਲਈ ਭੋਜਨ ਭੇਜ ਸਕਦੇ ਹਨ। ਸਟੌਟ ਦੱਸਦੇ ਹਨ ਕਿ ਉਨ੍ਹਾਂ ਦੇ ਪੁੱਤਰ ਅਤੇ ਪਤੀ ਨੇ ਉਨ੍ਹਾਂ ਨੂੰ ਚਾਕਲੇਟ ਨਾਲ ਲਿਪਟੀਆਂ ਹੋਈਆਂ ਅਦਰਕ ਦੇ ਆਕਾਰ ਦੀਆਂ ਚੀਜ਼ਾਂ ਭੇਜੀਆਂ ਸਨ।

ਉਹ ਦੱਸਦੇ ਹਨ ਕਿ ਜ਼ਿਆਦਾਤਰ ਸਮਾਂ ਲੋਕ ਇੱਕ-ਦੂਜੇ ਨਾਲ ਆਪਣਾ ਖਾਣਾ ਸਾਂਝਾ ਕਰਦੇ ਹਨ।

ਸੁਨੀਤਾ ਵਿਲੀਅਮਜ਼ ਆਪਣੀ ਪਹਿਲੀ ਪੁਲਾੜ ਯਾਤਰਾ 'ਤੇ ਸਮੋਸਾ ਵੀ ਆਪਣੇ ਨਾਲ ਲੈ ਕੇ ਗਏ ਸਨ। ਅਗਸਤ 2024 ਵਿੱਚ, ਨਾਸਾ ਦੇ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੈਰੀ 'ਬੁੱਚ' ਵਿਲਮੋਰ ਲਈ ਲਗਭਗ ਤਿੰਨ ਟਨ ਖਾਣਾ, ਬਾਲਣ ਅਤੇ ਹੋਰ ਜ਼ਰੂਰੀ ਸਮਾਨ ਰੂਸ ਦੇ ਮਾਨਵ ਰਹਿਤ ਕਾਰਗੋ ਪੁਲਾੜ ਯਾਨ ਦੁਆਰਾ ਪਹੁੰਚਾਇਆ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)