ਉਹ ਸ਼ਖ਼ਸ ਜੋ 18 ਸਾਲ ਏਅਰਪੋਰਟ ਦੇ ਅੰਦਰ ਹੀ ਰਿਹਾ ਤੇ ਹੁਣ ਮੌਤ ਮਗਰੋਂ ਬਾਹਰ ਕੱਢਿਆ ਗਿਆ

ਪੈਰਿਸ ਦੇ ਏਅਰਪੋਰਟ ਉੱਪਰ 18 ਸਾਲ ਬਿਤਾਉਣ ਵਾਲੇ ਅਤੇ ‘ਦਿ ਟਰਮੀਨਲ’ ਫ਼ਿਲਮ ਦੇ ਪ੍ਰੇਰਨਾ ਸਰੋਤ ਮਹਿਰਾਨ ਕਰੀਮੀ ਨਾਸੇਰੀ ਦੀ ਮੌਤ ਹੋ ਗਈ ਹੈ।

ਮਹਿਰਾਨ ਕਰੀਮੀ ਇਰਾਨ ਦਾ ਰਹਿਣ ਵਾਲਾ ਸੀ।

ਇੱਕ ਕੂਟਨੀਤਿਕ ਚੱਕਰ ਵਿੱਚ ਫੜੇ ਗਏ ਕਰੀਮੀ ਨੇ ਰੰਸੀ ਚਾਰਲਸ ਡੀਗਲ ਏਅਰਪੋਰਟ ਦੇ ਛੋਟੇ ਜਿਹੇ ਹਿੱਸੇ ਨੂੰ 1988 ਵਿੱਚ ਆਪਣਾ ਘਰ ਬਣਾ ਲਿਆ ਸੀ।

ਸਾਲ 2004 ਵਿੱਚ ਉਸ ਦੇ ਇਸ ਤਜਰਬੇ ਉਪਰ ਟਾਮ ਹੈਂਕਸ ਦੇ ਰੋਲ ਵਾਲੀ ‘ਦਿ ਟਰਮੀਨਲ’ ਫ਼ਿਲਮ ਆਈ ਸੀ।

ਨਾਸੇਰੀ ਨੂੰ ਆਖ਼ਰਕਾਰ ਫ਼ਰਾਂਸ ਵਿੱਚ ਰਹਿਣ ਦਾ ਅਧਿਕਾਰ ਮਿਲ ਗਿਆ ਸੀ ਪਰ ਉਹ ਕੁਝ ਹਫ਼ਤੇ ਪਹਿਲਾਂ ਦੁਬਾਰਾ ਏਅਰਪੋਰਟ ਉੱਪਰ ਆ ਗਿਆ ਸੀ।

ਏਅਰਪੋਰਟ ਦੇ ਅਧਿਕਾਰੀਆਂ ਨੇ ਏਐੱਫ਼ਪੀ ਨੂੰ ਦੱਸਿਆ ਕਿ ਨਾਸੇਰੀ ਦੀ ਮੌਤ ਕੁਦਰਤੀ ਹੈ।

ਮਾਂ ਦੀ ਤਲਾਸ਼ ਵਿੱਚ ਨਿਕਲਿਆ ਸੀ ਨਾਸੇਰੀ

ਨਾਸੇਰੀ ਦਾ ਜਨਮ ਇਰਾਨ ਦੇ ਸੂਬੇ ਖ਼ਜ਼ੇਰਸਤਾਨ ਵਿੱਚ 1945 ’ਚ ਹੋਇਆ ਸੀ।

ਪਹਿਲੀ ਵਾਰ ਉਹ ਯੂਰਪ ਵੱਲ ਆਪਣੀ ਮਾਂ ਦੀ ਤਲਾਸ਼ ਵਿੱਚ ਨਿਕਲਿਆ ਸੀ।

ਨਾਸੇਰੀ ਨੇ ਕੁਝ ਸਾਲ ਬੈਲਜੀਅਮ ਵਿੱਚ ਬਿਤਾਏ ਕਿਉਂਕਿ ਇਮੀਗਰੇਸ਼ਨ ਲਈ ਸਹੀ ਕਾਗਜ਼ ਨਾ ਹੋਣ ਕਾਰਨ ਉਸ ਨੂੰ ਯੂਕੇ, ਨੀਂਦਰਲੈਂਡ ਅਤੇ ਜਰਮਨੀ ਵਿੱਚੋਂ ਕੱਢ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਉਹ ਫ਼ਰਾਂਸ ਚਲਾ ਗਿਆ ਜਿੱਥੇ ਏਅਰਪੋਰਟ ਦੇ 2ਐੱਫ਼ ਟਰਮੀਨਲ ਨੂੰ ਆਪਣਾ ਘਰ ਬਣਾ ਲਿਆ।

ਟਰਾਲੀਆਂ ਵਿੱਚ ਘਿਰਿਆ, ਉਹ ਆਪਣੀ ਜ਼ਿੰਦਗੀ ਬਾਰੇ ਲਿਖਦਾ ਰਹਿੰਦਾ, ਕਿਤਾਬਾਂ ਅਤੇ ਅਖ਼ਬਾਰ ਪੜ੍ਹਦਾ ਰਹਿੰਦਾ।

ਉਸ ਦੀ ਕਹਾਣੀ ਨੇ ਕੌਮਾਂਤਰੀ ਮੀਡੀਆ ਦਾ ਧਿਆਨ ਖਿੱਚਿਆ ਜਿਸ ਤੋਂ ਬਾਅਦ ਉਹ ਸਟੀਫ਼ਨ ਸਪਾਇਲਬਰਗ ਦੀਆਂ ਅੱਖਾਂ ਵਿੱਚ ਆਇਆ।

‘ਦਿ ਟਰਮੀਨਲ’ ਫ਼ਿਲਮ ਆਉਣ ਤੋਂ ਬਾਅਦ ਪੱਤਰਕਾਰਾਂ ਦੇ ਝੁੰਡ ਉਸ ਨਾਲ ਗੱਲ ਕਰਨ ਲਈ ਜਾਣ ਲੱਗੇ ਕਿਉਂਕਿ ਉਹ ਹਾਲੀਵੁੱਡ ਦੀ ਇੱਕ ਫ਼ਿਲਮ ਲਈ ਪ੍ਰੇਰਨਾਦਾਇਕ ਬਣਿਆ ਸੀ।

ਅਖ਼ਬਾਰ ਲੋ ਪਰਜ਼ੀਆ ਮੁਤਾਬਕ ਨਾਸੇਰੀ ਆਪਣੇ ਆਪ ਨੂੰ ਸਰ ਅਲਫ੍ਰੇਡ ਕਹਿੰਦਾ ਸੀ ਅਤੇ ਇੱਕ ਸਮੇਂ ਉਹ 6 ਇੰਟਰਵਿਊਜ਼ ਦਿੰਦਾ ਹੁੰਦਾ ਸੀ।

  • ਪੈਰਿਸ ਦੇ ਏਅਰਪੋਰਟ ਉੱਪਰ 18 ਸਾਲ ਰਹਿਣ ਵਾਲੇ ਵਿਅਕਤੀ ਦੀ ਮੌਤ
  • ਇਰਾਨ ਦਾ ਰਹਿਣ ਵਾਲਾ ਸੀ ਮਹਿਰਾਨ ਕਰੀਮੀ ਨਾਸੇਰੀ
  • ‘ਦਿ ਟਰਮੀਨਲ’ ਫ਼ਿਲਮ ਦਾ ਪ੍ਰੇਰਨਾ ਸਰੋਤ ਬਣਿਆ ਸੀ ਨਾਸੇਰੀ
  • ਕੂਟਨੀਤਿਕ ਚੱਕਰ ਵਿੱਚ ਫੜੇ ਗਏ ਨਾਸੇਰੀ ਨੇ 1988 ਵਿੱਚ ਏਅਰਪੋਰਟ ਨੂੰ ਬਣਾਇਆ ਸੀ ਘਰ

ਇਹ ਵੀ ਪੜ੍ਹੋ:

ਏਅਰਪੋਰਟ ’ਤੇ ਹੀ ਰਹਿਣ ਦਾ ਫ਼ੈਸਲਾ

ਭਾਵੇਂ ਕਿ ਉਸ ਨੂੰ ਰਫ਼ਿਊਜੀ ਦਾ ਦਰਜਾ ਮਿਲ ਗਿਆ ਸੀ ਅਤੇ ਫ਼ਰਾਂਸ ਵਿੱਚ ਰਹਿਣ ਲਈ 1999 ਵਿੱਚ ਹੱਕ ਮਿਲ ਗਿਆ ਪਰ ਉਹ ਸਾਲ 2006 ਤੱਕ ਏਅਰਪੋਰਟ ਉੱਪਰ ਹੀ ਰਿਹਾ।

ਉਸ ਸਮੇਂ ਵੀ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ।

ਉਸ ਨੇ ਫਿਰ ਹੋਸਟਲ ਵਿੱਚ ਰਹਿਣਾ ਸ਼ੁਰੂ ਕੀਤਾ ਅਤੇ ਫ਼ਿਲਮ ਤੋਂ ਮਿਲੇ ਪੈਸੇ ਵਰਤਦਾ ਰਿਹਾ।

ਏਅਰਪੋਰਟ ਦੇ ਅਧਿਕਾਰੀਆਂ ਮੁਤਾਬਕ ਕੁਝ ਹਫ਼ਤਿਆਂ ਬਾਅਦ ਉਹ ਮੁੜ ਏਥੇ ਆ ਗਿਆ ਅਤੇ

ਆਪਣੀ ਮੌਤ ਤੱਕ ਏਅਰਪੋਰਟ ਉੱਪਰ ਹੀ ਰਿਹਾ।

 ਅਧਿਕਾਰੀਆਂ ਅਨੁਸਾਰ ਉਸ ਕੋਲੋ ਕਈ ਹਜ਼ਾਰ ਯੂਰੋ ਮਿਲੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)