ਇਜ਼ਰਾਈਲ ਅਦਾਲਤੀ ਸੁਧਾਰਾਂ ਵਿੱਚ ਅਜਿਹਾ ਕੀ ਹੈ ਕਿ ਮੁਲਕ ਵਿੱਚ ਖੜ੍ਹਾ ਹੋ ਗਿਆ ਹੈ ਵੱਡਾ ਸੰਕਟ

ਤਸਵੀਰ ਸਰੋਤ, Reuters
- ਲੇਖਕ, ਰਫ਼ੀ ਬਰਗ
- ਰੋਲ, ਬੀਬੀਸੀ ਨਿਊਜ਼ ਆਨਲਾਈਨ ਮਿਡਲ ਈਸਟ ਐਡੀਟਰ
ਇਜ਼ਰਾਈਲ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਘਰੇਲੂ ਸੰਕਟਾਂ ਵਿੱਚੋਂ ਇੱਕ ਵਿੱਚੋਂ ਲੰਘ ਰਿਹਾ ਹੈ।
ਇਜ਼ਰਾਈਲ 'ਚ ਪ੍ਰਸਤਾਵਿਤ ਨਿਆਂਇਕ ਸੁਧਾਰਾਂ ਦੇ ਖਿਲਾਫ ਪਿਛਲੇ ਕੁਝ ਮਹੀਨਿਆਂ ਤੋਂ ਰੋਸ ਮੁਜ਼ਾਹਰੇ ਚੱਲ ਰਹੇ ਹਨ ਪਰ ਬੀਤੀ ਰਾਤ ਅਚਾਨਕ ਇਹ ਮੁਜ਼ਾਹਰੇ ਤੇਜ਼ ਹੋ ਗਏ।
ਵਿਰੋਧੀ ਧਿਰ ਨੂੰ ਡਰ ਹੈ ਕਿ ਇਨ੍ਹਾਂ ਤਬਦੀਲੀਆਂ ਕਾਰਨ ਇਜ਼ਰਾਈਲ ਵਿੱਚ ਤਾਨਾਸ਼ਾਹੀ ਮਜ਼ਬੂਤ ਹੋ ਸਕਦੀ ਹੈ।
ਇਹ ਨੇਤਨਯਾਹੂ ਦੀ ਅਗਵਾਈ ਵਾਲੇ ਸੱਜੇ-ਪੱਖੀ ਗੱਠਜੋੜ ਵਿੱਚ ਸ਼ਾਮਲ ਰਾਸ਼ਟਰਵਾਦੀ ਅਤੇ ਧਾਰਮਿਕ ਪਾਰਟੀਆਂ ਨੂੰ ਬੇਕਾਬੂ ਕਰ ਦੇਵੇਗਾ।
ਪਰ ਇੰਨੇ ਵੱਡੇ ਵਿਰੋਧ ਦੇ ਬਾਵਜੂਦ ਇਜ਼ਰਾਈਲ ਦੀ ਸੰਸਦ ਵਿੱਚ ਜਿਸ ਤਰ੍ਹਾਂ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਗਈ।
ਇਸ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ।
ਇਜ਼ਰਾਈਲ ਵਿੱਚ ਕੀ ਹੋ ਰਿਹਾ ਹੈ?
ਇਸ ਸਾਲ ਦੇ ਸ਼ੁਰੂਆਤ ਤੋਂ ਹੀ ਹਰ ਹਫ਼ਤੇ ਲੋਕਾਂ ਵੱਲੋਂ ਸਰਕਾਰ ਖ਼ਿਲਾਫ਼ ਨਿਆਇਕ ਸੁਧਾਰਾਂ ਦੀ ਯੋਜਨਾ ਖ਼ਿਲਾਫ਼ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਮੁਜ਼ਾਹਰਿਆਂ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੂਰੇ ਮੁਲਕ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਮੁਜ਼ਾਹਰੇ ਕਰ ਰਹੇ ਹਨ।
ਇਜ਼ਰਾਈਲ ਦੀ ਸਰਕਾਰ ਨੇ ਸੋਮਵਾਰ ਨੂੰ ਪਹਿਲੀ ਯੋਜਨਾਬੱਧ ਤਬਦੀਲੀ, ਇੱਕ ਅਖੌਤੀ "ਤਰਕਸੰਗਤੀ" ਬਿੱਲ ਪਾਸ ਕੀਤਾ।
ਇਹ ਬਿੱਲ ਸਰਕਾਰ ਦੇ ਫੈਸਲਿਆਂ ਨੂੰ ਰੱਦ ਕਰਨ ਦੀ ਸੁਪਰੀਮ ਕੋਰਟ ਦੀ ਸ਼ਕਤੀ ਨੂੰ ਹਟਾ ਕੇ ਪਾਸ ਕੀਤਾ ਗਿਆ। ਲੋਕ ਇਸ ਨੂੰ ਗ਼ੈਰ-ਵਾਜਬ ਸਮਝਦੇ ਹਨ।
ਮੁਜ਼ਾਹਰਾਕਾਰੀ ਸਾਰੀਆਂ ਯੋਜਨਾਬੱਧ ਤਬਦੀਲੀਆਂ ਨੂੰ ਖ਼ਤਮ ਕਰਨ ਅਤੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੋਂ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ।
ਇਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਨੇਤਨਯਾਹੂ ਦੇ ਸਿਆਸੀ ਵਿਰੋਧੀਆਂ ਦੇ ਨਾਲ ਨਾਲ ਇਜ਼ਰਾਈਲ ਦੀ ਫੌਜ, ਖੁਫੀਆ ਅਤੇ ਸੁਰੱਖਿਆ ਸੇਵਾਵਾਂ ਦੇ ਸਾਬਕਾ ਉੱਚ ਅਧਿਕਾਰੀਆਂ, ਸਾਬਕਾ ਚੀਫ ਜਸਟਿਸ ਅਤੇ ਪ੍ਰਮੁੱਖ ਕਾਨੂੰਨੀ ਸ਼ਖਸੀਅਤਾਂ ਅਤੇ ਵਪਾਰਕ ਲੀਡਰਾਂ ਵੱਲੋਂ ਸਮਰਥਨ ਹਾਸਲ ਹੈ।
ਨਿਆਇਕ ਤਬਦੀਲੀ ਦੇ ਇਸ ਕਦਮ ਨੇ ਦੋਵਾਂ ਪਾਸਿਆਂ 'ਤੇ ਡੂੰਘੀ ਫਿਕਰ ਖੜ੍ਹੀ ਕਰ ਦਿੱਤੀ ਹੈ, ਇਜ਼ਰਾਈਲ ਦੀ ਰੱਖਿਆ ਲਈ ਅਹਿਮ ਹਵਾਈ ਫੌਜ ਦੇ ਪਾਇਲਟਾਂ ਸਣੇ ਸੈਂਕੜੇ ਰਿਜ਼ਰਵ ਫੌਜੀਆਂ ਨੇ ਸੇਵਾ ਲਈ ਰਿਪੋਰਟ ਕਰਨ ਤੋਂ ਇਨਕਾਰ ਕਰਨ ਦੀ ਧਮਕੀ ਦਿੱਤੀ ਹੈ।
ਇਸ ਨਾਲ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਇਹ ਦੇਸ਼ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਉਜਾਗਰ ਕਰ ਸਕਦਾ ਹੈ।

ਤਸਵੀਰ ਸਰੋਤ, Getty Images
ਲੋਕ ਇੰਨੇ ਗੁੱਸੇ ਵਿੱਚ ਕਿਉਂ ਹਨ?
ਪ੍ਰਧਾਨ ਮੰਤਰੀ ਨੇਤਨਯਾਹੂ ਦੇ ਵਿਰੋਧੀ ਕਹਿੰਦੇ ਹਨ ਕਿ ਨਿਆਂਇਕ ਸੁਧਾਰ ਦੇਸ਼ ਦੇ ਲੋਕੰਤਤਰ ਦੀ ਨੀਂਹ ਨੂੰ ਢਾਹ ਲਗਾਉਣਗੇ ਅਤੇ ਨਿਆਇਕ ਪ੍ਰਣਾਲੀ ਨੂੰ ਕਮਜ਼ੋਰ ਕਰਨਗੇ। ਇਹ ਇਕਲੌਤਾ ਅਜਿਹਾ ਤਰੀਕਾ ਹੈ ਜੋ ਸੱਤਾ ਵਿੱਚ ਬੈਠੀ ਸਰਕਾਰ ਦੇ ਕੰਮ ਉੱਤੇ ਨਿਗਾਹ ਰੱਖਦਾ ਹੈ।
ਆਲੋਚਕ ਕਹਿੰਦੇ ਹਨ ਕਿ ਇਹ ਸੁਧਾਰ ਨੇਤਨਯਾਹੂ ਲਈ ਕਵਚ ਦਾ ਕੰਮ ਕਰਨਗੇ, ਨੇਤਨਯਾਹੂ ਇਸ ਵੇਲੇ ਕਥਿਤ ਤੌਰ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਕਾਰਨ ਟ੍ਰਾਇਲ ਹੇਠਾਂ ਹਨ ਅਤੇ ਸਰਕਾਰ ਨੂੰ ਬਿਨਾਂ ਕਿਸੇ ਬ੍ਰੇਕ ਦੇ ਕਾਨੂੰਨ ਪਾਸ ਕਰਨ ਵਿੱਚ ਮਦਦ ਕਰਦੇ ਹਨ।
ਹਾਲਾਂਕਿ, ਨੇਤਨਯਾਹੂ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਰੱਦ ਕਰਦੇ ਹਨ।
ਸਰਕਾਰ ਦਾ ਤਰਕ ਹੈ ਕਿ ਨਿਆ ਪ੍ਰਣਾਲੀ ਕਾਨੂੰਨ ਬਣਾਉਣ ਵਿੱਚ ਬਹੁਤ ਜ਼ਿਆਦਾ ਦਖ਼ਲਅੰਦਾਜ਼ੀ ਕਰਦੀ ਹੈ ਅਤੇ
ਸੁਤੰਤਰ ਮਸਲਿਆਂ ਉੱਤੇ ਸਮਰਥਨ ਦੇਣ ਵਿੱਚ ਪੱਖਪਾਤ ਰਵੱਈਆ ਰੱਖਦੀ ਹੈ। ਸਰਕਾਰ ਇਹ ਵੀ ਕਹਿੰਦੀ ਹੈ ਕਿ ਨਿਆ ਪ੍ਰਣਾਲੀ ਜੱਜਾਂ ਦੀ ਚੋਣ ਨੂੰ ਲੈ ਕੇ ਗ਼ੈਰ-ਲੋਕਤੰਤਰਿਕ ਹੈ।

ਤਸਵੀਰ ਸਰੋਤ, Getty Images
ਕਿਹੜੇ ਕਾਨੂੰਨੀ ਬਦਲਾਅ ਸੰਕਟ ਦਾ ਕੇਂਦਰ ਹਨ?
ਉਹ ਸਰਕਾਰ ਦੀ ਸ਼ਕਤੀ ਬਨਾਮ ਅਦਾਲਤਾਂ ਦੀ ਜਾਂਚ ਕਰਨ ਅਤੇ ਇੱਥੋਂ ਤੱਕ ਕਿ ਸਰਕਾਰ ਨੂੰ ਖਾਰਜ ਕਰਨ ਦੀ ਸ਼ਕਤੀ ਦੀ ਚਿੰਤਾ ਕਰਦੇ ਹਨ।
ਸਰਕਾਰ ਅਤੇ ਹੋਰ ਸਮਰਥਕ ਕਹਿੰਦੇ ਹਨ ਕਿ ਇਹ ਬਦਲਾਅ ਕਾਫੀ ਸਮੇਣ ਤੋਂ ਬਕਾਇਆ ਹਨ, ਹਾਲਾਂਕਿ ਸਰਕਾਰ ਇਸ ਨਵੇਂ ਕਾਨੂੰਨ ਰਾਹੀਂ ਕਾਫੀ ਕੁਝ ਬਦਲਣ ਜਾ ਰਹੀ ਹੈ।
ਮਸਲਨ-
- ਕਾਨੂੰਨਾਂ ਦੀ ਸਮੀਖਿਆ ਕਰਨ ਜਾਂ ਉਨ੍ਹਾਂ ਨੂੰ ਰੱਦ ਕਰਨ ਦੀ ਸੁਪਰੀਮ ਕੋਰਟ ਦੀ ਸ਼ਕਤੀ ਨੂੰ ਕਮਜ਼ੋਰ ਕਰਨਾ, ਨੇਸੇਟ (ਸੰਸਦ) ਵਿੱਚ ਇੱਕ ਦੇ ਸਧਾਰਨ ਬਹੁਮਤ ਨਾਲ ਅਜਿਹੇ ਫ਼ੈਸਲੇ ਰੱਦ ਕਰਨ ਦੀ ਸ਼ਕਤੀ ਨੂੰ ਹਾਸਿਲ ਕਰਨਾ।
- ਜੱਜਾਂ ਦੀ ਨਿਯੁਕਤੀ ਕਮੇਟੀ ਵਿੱਚ ਸਰਕਾਰੀ ਨੁਮਾਇੰਦਿਆਂ ਦੀ ਗਿਣਤੀ ਵਧਾ ਕੇ ਸੁਪਰੀਮ ਕੋਰਟ ਸਮੇਤ ਹੋਰ ਅਦਾਲਤਾਂ ਵਿੱਚ ਜੱਜਾਂ ਦੀ ਚੋਣ ਵਿੱਚ ਅਹਿਮ ਰੋਲ ਅਦਾ ਕਰਨਾ।
- ਮੰਤਰੀਆਂ ਲਈ ਅਟਾਰਨੀ ਜਨਰਲ ਦੀਆਂ ਹਦਾਇਤਾਂ 'ਤੇ ਕੰਮ ਕਰਨ ਵਾਲੇ ਆਪਣੇ ਕਾਨੂੰਨੀ ਸਲਾਹਕਾਰਾਂ ਦੀ ਸਲਾਹ ਮੰਨਣ ਦੀ ਪਾਬੰਦੀ ਖ਼ਤਮ ਕਰਨਾ। ਫਿਲਹਾਲ ਕਾਨੂੰਨ ਮੁਤਾਬਕ ਮੰਤਰੀਆਂ ਨੂੰ ਸੁਝਾਅ ਮੰਨਣੇ ਪੈਂਦੇ ਹਨ।

ਤਸਵੀਰ ਸਰੋਤ, Getty Images
ਕਿੰਨਾ ਅੱਗੇ ਜਾਵੇਗਾ ਸੰਕਟ?
ਸੜਕਾਂ 'ਤੇ ਰੋਹ ਅਤੇ ਸੰਘਰਸ਼ ਦੇ ਵਿਚਕਾਰ ਇਜ਼ਰਾਈਲ ਦਾ ਇਹ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਹੈ ਕਿ ਉਹ ਅਗਸਤ ਤੋਂ ਅੱਧ ਅਕਤੂਬਰ ਦਰਮਿਆਨ ਸੰਸਦ ਦੇ ਬੰਦ ਦੌਰਾਨ ਬਾਕੀ ਸੁਧਾਰਾਂ 'ਤੇ ਆਮ ਜਨਤਾ ਨਾਲ ਸਮਝੌਤੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰਨਗੇ।
ਹਾਲਾਂਕਿ, ਪ੍ਰਧਾਨ ਮੰਤਰੀ ਆਪਣੀ ਕੈਬਨਿਟ ਵਿੱਚ ਸ਼ਾਮਿਲ ਸੱਜੇ-ਪੱਖੀ ਮੰਤਰੀਆਂ 'ਤੇ ਨਿਰਭਰ ਹਨ।
ਉਨ੍ਹਾਂ ਦੇ ਸਮਰਥਨ ਤੋਂ ਬਿਨਾਂ ਨੇਤਨਯਾਹੂ ਦੀ ਸਰਕਾਰ ਡਿੱਗ ਜਾਵੇਗੀ। ਇਹ ਉਹ ਮੰਤਰੀ ਹਨ ਜਿਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸਾਰੇ ਸੁਧਾਰ ਲਾਗੂ ਹੋਣੇ ਚਾਹੀਦੇ ਹਨ ਅਤੇ ਕਿਸੇ ਵੀ ਸੂਰਤ ਵਿੱਚ ਉਨ੍ਹਾਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਨੂੰਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਰੋਕਿਆ ਨਹੀਂ ਜਾਂਦਾ, ਉਦੋਂ ਤੱਕ ਉਹ ਗੱਲਬਾਤ ਮੁੜ ਸ਼ੁਰੂ ਕਰਨ ਲਈ ਤਿਆਰ ਨਹੀਂ ਹੋਣਗੇ।
ਇਜ਼ਰਾਈਲ ਦੀ ਮੁੱਖ ਮਜ਼ਦੂਰ ਯੂਨੀਅਨ ਨੇ ਹੜਤਾਲ ਦੀ ਧਮਕੀ ਦਿੱਤੀ ਹੈ ਅਤੇ ਮੁਜ਼ਹਰਾਕਾਰੀਆਂ ਨੇ ਵੀ ਆਪਣੀਆਂ ਗਤੀਵਿਧੀਆਂ ਤੇਜ਼ ਕਰਨ ਦਾ ਅਹਿਦ ਲਿਆ ਹੈ, ਜਿਸ ਕਾਰਨ ਇਹ ਸੰਕਟ ਆਉਣ ਵਾਲੇ ਦਿਨਾਂ ਵਿੱਚ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।












