ਬੱਕਰੇ ਦੀ ਬਲੀ ਦੀ ਯੋਜਨਾ ਨੇ ਯੇਰੋਸ਼ਲਮ ਦੇ ਤਣਾਅ ਨੂੰ ਕਿਵੇਂ ਵਧਾ ਦਿੱਤਾ

ਅਲ-ਅਕਸਾ ਮਸਜਿਦ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਅਲ-ਅਕਸਾ ਮਸਜਿਦ ਦੇ ਵਿਹੜੇ ਵਿੱਚ ਨਮਾਜ਼ ਅਦਾ ਕਰਦੇ ਲੋਕ, ਇਹ ਇਸਲਾਮ ਦਾ ਤੀਜਾ ਪਵਿੱਤਰ ਅਸਥਾਨ ਹੈ
    • ਲੇਖਕ, ਮਾਰਕ ਸ਼ੀਆ
    • ਰੋਲ, ਬੀਬੀਸੀ ਵਰਲਡ ਸਰਵਿਸ

ਯੇਰੋਸ਼ਲਮ ਦੀ ਅਲ-ਅਕਸਾ ਮਸਜਿਦ ਦੇ ਅੰਦਰ ਝੜਪਾਂ ਤੋਂ ਬਾਅਦ ਇਜ਼ਰਾਈਲੀ ਪੁਲਿਸ ਨੇ ਲਗਭਗ 350 ਫਲਸਤੀਨੀ ਸੇਵਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਦੋਂ ਇਹ ਰਿਪੋਰਟਾਂ ਆਈਆਂ ਸਨ ਕਿ ਯਹੂਦੀ ਕੱਟੜਪੰਥੀ ਮੁਕਾਬਲੇ ਵਾਲੇ ਅਹਾਤੇ ਵਿੱਚ ਇੱਕ ਬੱਕਰੇ ਦੀ ਬਲੀ ਦੇਣਾ ਚਾਹੁੰਦੇ ਹਨ, ਜਿੱਥੇ ਮਸਜਿਦ ਦੀ ਇਮਾਰਤ ਖੜੀ ਹੈ, ਜਿਸ ਨੂੰ ਯਹੂਦੀ ਟੈਂਪਲ ਮਾਉਂਟ ਕਹਿੰਦੇ ਹਨ। ਉਸ ਵੇਲੇ ਉਹ (ਗ੍ਰਿਫ਼ਤਾਰ ਲੋਕ) ਉੱਥੇ ਸਨ, ਕਿਉਂਕਿ ਇਸਲਾਮੀ ਅੱਤਵਾਦੀ ਸਮੂਹ ਹਮਾਸ ਨੇ ਪਹਿਲਾਂ ਫਲਸਤੀਨੀਆਂ ਨੂੰ ਮਸਜਿਦ ਦੀ ਸੁਰੱਖਿਆ ਲਈ ਬੁਲਾਇਆ ਸੀ।

ਪਰ ਕੱਟੜਪੰਥੀ ਜਾਨਵਰਾਂ ਦੀ ਬਲੀ ਕਿਉਂ ਦੇਣਾ ਚਾਹੁੰਦੇ ਹਨ, ਇੱਥੇ ਹੀ ਕਿਉਂ ਅਤੇ ਹੁਣ ਹੀ ਕਿਉਂ?

ਬੱਕਰੇ ਦੀ ਬਲੀ ਕਿਉਂ?

ਰਸਮੀ ਬਲੀਦਾਨ ਯਹੂਦੀ ਪਵਿੱਤਰ ਕਿਤਾਬ, ਤੋਰਾਹ ਤੋਂ ਆਉਂਦਾ ਹੈ।

ਤੌਰਾਹ ਮੁਤਾਬਕ, ਯਹੂਦੀਆਂ ਨੂੰ ਮਿਸਰ ਵਿੱਚ ਗ਼ੁਲਾਮ ਬਣਾਇਆ ਜਾ ਰਿਹਾ ਸੀ ਅਤੇ ਕਿਤਾਬ ਮੁਤਾਬਕ ਉਨ੍ਹਾਂ ਨੂੰ ਆਜ਼ਾਦ ਕਰਨ ਲਈ ਪ੍ਰਮਾਤਮਾ ਧਰਤੀ ਆਏ ਤੇ ਉਨ੍ਹਾਂ ਹਰੇਕ ਮਿਸਰ ਪਰਿਵਾਰ ਦੇ ਜੇਠੇ ਪੁੱਤ ਨੂੰ ਮਾਰ ਦਿੱਤਾ।

ਇਜ਼ਰਾਈਲੀਆਂ (ਯਹੂਦੀਆਂ) ਨੂੰ ਇੱਕ ਬੱਕਰੀ ਨੂੰ ਮਾਰਨ ਅਤੇ ਉਸ ਦੇ ਲਹੂ ਵਿੱਚ ਦਰਵਾਜ਼ੇ 'ਤੇ ਇੱਕ ਚਿੰਨ੍ਹ ਪੇਂਟ ਕਰਨ ਲਈ ਕਿਹਾ ਗਿਆ ਸੀ, ਤਾਂ ਜੋ ਮੌਤ ਉਨ੍ਹਾਂ ਦੇ ਘਰਾਂ ਤੋਂ ਟਲ ਜਾਵੇ।

ਇਹ "ਮਿਸਰ ਦੀਆਂ ਸੱਤ ਬਿਪਤਾਵਾਂ" ਵਿੱਚੋਂ ਆਖ਼ਰੀ ਅਤੇ ਮਿਸਰੀ ਫੇਰੋਹ ਲਈ ਆਖ਼ਰੀ ਤੂੜੀ ਸੀ, ਜਿਨ੍ਹਾਂ ਨੇ ਯਹੂਦੀ ਲੋਕਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦੇ ਦਿੱਤੀ ਸੀ ਜਿਸ ਨੂੰ ਕੂਚ ਵਜੋਂ ਜਾਣਿਆ ਜਾਂਦਾ ਹੈ।

ਇੱਕ ਵਾਰ ਜਦੋਂ ਇਜ਼ਰਾਈਆਂ ਨੇ 'ਆਪਣੀ ਧਰਤੀ ਵੱਲ' ਰਾਹ ਬਣਾਇਆ, ਜਿਸ ਨੂੰ ਅੱਜ ਦੇ ਇਸਰਾਇਲ ਵਜੋਂ ਜਾਣਿਆ ਜਾਂਦਾ ਹੈ ਤਾਂ ਉਸ ਵੇਲੇ ਕੂਚ ਦੀ ਯਾਦ ਦਿਵਾਉਣ ਲਈ ਹਰ ਸਾਲ ਅਨੰਤ ਕਾਲ ਤੱਕ ਬੱਕਰੇ ਦੀ ਬਲੀ ਦਿੱਤੀ ਜਾਣੀ ਸੀ।

ਹਾਲਾਂਕਿ, ਅੱਜ ਕੱਲ੍ਹ ਥੋੜ੍ਹੇ ਜਿਹੇ ਧਾਰਮਿਕ ਗਰੁੱਪ ਹੀ ਇਸ ਰਵਾਇਤ ਦੀ ਪਾਲਣਾ ਕਰਦੇ ਹਨ।

ਯੇਰੋਸ਼ਲਮ

ਤਸਵੀਰ ਸਰੋਤ, Getty Images

ਇੱਥੇ ਹੀ ਕਿਉਂ?

ਟੈਂਪਲ ਮਾਉਂਟ ਯਹੂਦੀ ਧਰਮ ਦਾ ਸਭ ਤੋਂ ਪਵਿੱਤਰ ਸਥਾਨ ਹੈ।

ਇਹ ਦੋ ਬਾਈਬਲੀ ਮੰਦਰਾਂ ਦਾ ਅਸਥਾਨ ਹੈ ਅਤੇ ਕੁਝ ਸੱਜੇ ਪੱਖੀ ਯਹੂਦੀ ਸਮੂਹ ਇੱਕ ਤੀਜੇ ਦਾ ਨਿਰਮਾਣ ਕਰਨਾ ਚਾਹੁੰਦੇ ਹਨ ਜਿੱਥੇ ਵਰਤਮਾਨ ਵਿੱਚ ਮਸਜਿਦ ਦਾ ਸੁਨਹਿਰੀ ਗੁੰਬਦ ਖੜ੍ਹਾ ਹੈ।

ਕੁਝ ਧਾਰਮਿਕ ਯਹੂਦੀ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਬਲੀ ਸਿਰਫ਼ ਇੱਥੇ ਹੀ ਹੋ ਸਕਦੀ ਹੈ।

ਪਰ ਅਲ-ਅਕਸਾ ਮਸਜਿਦ ਕੰਪਲੈਕਸ ਇਸਲਾਮ ਵਿੱਚ ਤੀਜਾ ਸਭ ਤੋਂ ਪਵਿੱਤਰ ਅਸਥਾਨ ਵੀ ਹੈ (ਜਿੱਥੋਂ ਪੈਗੰਬਰ ਮੁਹੰਮਦ ਨੇ ਸਵਰਗ ਵੱਲ ਚੜ੍ਹਾਈ ਕੀਤੀ ਸੀ)।

ਹਾਲਾਂਕਿ ਯਹੂਦੀਆਂ ਨੂੰ ਜਾਣ ਦੀ ਇਜਾਜ਼ਤ ਹੈ ਪਰ ਗ਼ੈਰ-ਮੁਸਲਿਮ ਪ੍ਰਾਰਥਨਾ ਸਥਾਨ 'ਤੇ ਮਨਾਹੀ ਹੈ।

ਯੇਰੋਸ਼ਲਮ ਦਾ ਇਹ ਹਿੱਸਾ 1967 ਵਿੱਚ ਛੇ-ਰੋਜ਼ਾ ਜੰਗ ਵਿੱਚ ਇਸਰਾਇਲੀਆਂ ਵੱਲੋਂ ਲਿਆ ਗਿਆ ਸੀ, ਜਿਸ ਮਗਰੋਂ ਇਸਰਾਇਲ ਅਤੇ ਅਲ-ਅਕਸਾ ਮਸਜਿਦ ਦੇ ਰਖਵਾਲੇ ਜੌਰਡਨ ਨੇ ਸਹਿਮਤੀ ਵਿਅਕਤ ਕੀਤੀ ਹੈ ਕਿ ਯਹੂਦੀਆਂ ਨੂੰ ਇੱਥੇ ਆਉਣ ਦੀ ਆਗਿਆ ਦਿੱਤੀ ਜਾਵੇ।

ਪਰ ਪ੍ਰਾਰਥਨਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਬਹੁਤ ਸਾਰੇ ਫਲਸਤੀਨੀ ਪਵਿੱਤਰ ਅਸਥਾਨ 'ਤੇ ਸੈਲਾਨੀਆਂ ਅਤੇ ਹਥਿਆਰਬੰਦ ਇਜ਼ਰਾਈਲੀ ਸੁਰੱਖਿਆ ਬਲਾਂ ਦੀ ਮੌਜੂਦਗੀ ਤੋਂ ਨਾਰਾਜ਼ ਹਨ ਅਤੇ ਵੱਖ-ਵੱਖ ਸਮੂਹਾਂ ਨੇ ਮਸਜਿਦ ਦੀ ਰੱਖਿਆ ਕਰਨ ਦੀ ਸਹੁੰ ਖਾਧੀ ਹੈ।

ਹੁਣ ਕੀ ਹੋ ਰਿਹਾ ਹੈ?

ਯਹੂਦੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਰਵਾਇਤ ਦੀ ਸ਼ੁਰੂਆਤ ਮਿਸਰ ਤੋਂ ਇਜ਼ਰਾਈਲੀਆਂ ਦੇ ਕੂਚ ਦੀ ਬਾਈਬਲ ਦੀ ਕਹਾਣੀ ਨਾਲ ਜੁੜੀ ਹੈ

ਹਰ ਸਾਲ, ਯਹੂਦੀ ਕੱਟੜਪੰਥੀ ਸਮੂਹ ਪਸਾਹ (ਇੱਕ ਤਿਉਹਾਰ) ਤੋਂ ਪਹਿਲੀ ਸ਼ਾਮ ਨੂੰ ਟੈਂਪਲ ਮਾਊਂਟ 'ਤੇ ਬੱਕਰੇ ਦੀ ਬਲੀ ਦੇਣ ਦੀ ਇਜਾਜ਼ਤ ਦੇਣ ਲਈ ਇਕੱਠੇ ਹੁੰਦੇ ਹਨ।

ਇਸਰਾਈਲੀ ਅਧਿਕਾਰੀਆਂ ਨੇ ਅਤੀਤ ਵਿੱਚ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਇਸ ਦਿਨ ਤੋਂ ਪਹਿਲਾਂ ਹੀ ਖ਼ਾਸ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਾਲ, ਪਸਾਹ ਦਾ ਤਿਉਹਾਰ 5 ਅਪ੍ਰੈਲ ਦੀ ਸ਼ਾਮ ਸ਼ੁਰੂ ਹੋਇਆ ਅਤੇ ਵੀਰਵਾਰ 13 ਅਪ੍ਰੈਲ ਦੀ ਸ਼ਾਮ ਨੂੰ ਸਮਾਪਤ ਹੋਵੇਗਾ।

ਇਸ ਦਾ ਮਤਲਬ ਹੈ ਕਿ ਇਹ ਰਮਜ਼ਾਨ ਦੇ ਮੁਸਲਮਾਨਾਂ ਦੇ ਪਵਿੱਤਰ ਮਹੀਨੇ ਨਾਲ ਮੇਲ ਖਾਂਦਾ ਹੈ, ਜਿਸ ਕਾਰਨ ਤਣਾਅ ਹੋ ਵਧ ਜਾਂਦਾ ਹੈ।

ਇਸ ਪਿੱਛੇ ਕੌਣ ਹੈ?

ਰਿਟਰਨ ਟੂ ਦਿ ਮਾਊਂਟ (ਸੰਗਠਨ ) ਮੁਤਾਬਕ, ਮਸਜਿਦ ਵਿੱਚ ਇੱਕ ਬੱਕਰੇ ਦੀ ਬਲੀ ਦੇਣ ਦੀਆਂ ਕੋਸ਼ਿਸ਼ਾਂ ਨਾਲ ਖ਼ਾਸ ਤੌਰ 'ਤੇ ਇੱਕ ਯਹੂਦੀ ਕੱਟੜਪੰਥੀ ਸਮੂਹ ਜੁੜਿਆ ਹੋਇਆ ਹੈ।

ਇਸ ਦੇ ਇੱਕ ਨੇਤਾ, ਰਾਫੇਲ ਮੌਰਿਸ ਨੇ ਪਿਛਲੇ ਸਾਲ ਬੀਬੀਸੀ ਵੱਲੋਂ ਇੱਕ ਮੁਸਲਮਾਨ ਦੇ ਪਹਿਰਾਵਾ ਵਿੱਚ ਅਲ-ਅਕਸਾ ਮਸਜਿਦ ਵਿੱਚ ਨਮਾਜ਼ ਅਦਾ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਇੰਟਰਵਿਊ ਕੀਤੀ ਸੀ।

ਉਸ ਨੇ ਆਪਣੇ ਆਪ ਨੂੰ ਧਾਰਮਿਕ ਅਤੇ ਜ਼ੀਓਨਿਸਟ ਯਹੂਦੀ ਦੱਸਿਆ ਸੀ।

ਉਨ੍ਹਾਂ ਨੇ ਕਿਹਾ ਸੀ, "ਮੇਰਾ ਮੰਨਣਾ ਹੈ ਕਿ ਟੈਂਪਲ ਮਾਊਂਟ ਯਹੂਦੀਆਂ ਨਾਲ ਸਬੰਧਿਤ ਹੈ ਕਿਉਂਕਿ ਬਾਈਬਲ ਵਿੱਚ ਰੱਬ ਨੇ ਸਾਡੇ ਨਾਲ ਵਾਅਦਾ ਕੀਤਾ ਸੀ।"

"ਮਿਸ਼ਨ ਟੈਂਪਲ ਮਾਉਂਟ ਨੂੰ ਮੁੜ ਜਿੱਤਣਾ ਹੈ।"

ਮੌਰਿਸ ਨੂੰ ਸੋਮਵਾਰ ਨੂੰ ਇਜ਼ਰਾਈਲੀ ਪੁਲਿਸ ਨੇ ਜਨਤਕ ਵਿਵਸਥਾ ਵਿੱਚ ਗੜਬੜੀ ਦੀ ਯੋਜਨਾ ਬਣਾਉਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਇਜ਼ਰਾਈਲੀ ਮੀਡੀਆ ਰਿਪੋਰਟ ਮੁਤਾਬਕ, ਰਿਟਰਨ ਟੂ ਦਿ ਮਾਊਂਟ (ਸੰਗਠਨ) ਉਨ੍ਹਾਂ ਲੋਕਾਂ ਨੂੰ ਨਕਦ ਇਨਾਮ ਦੀ ਪੇਸ਼ਕਸ਼ ਕਰਦਾ ਹੈ ਜੋ ਮਸਜਿਦ ਵਿਚ ਬੱਕਰੀ ਨੂੰ ਮਾਰਨ ਦਾ ਪ੍ਰਬੰਧ ਕਰ ਸਕਦੇ ਹਨ ਜਾਂ ਅਜਿਹਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜੋ ਗ੍ਰਿਫ਼ਤਾਰ ਹੋ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)