ਕੈਨੇਡਾ ਵਿੱਚ ਪੰਜਾਬੀਆਂ ਨੇ ਹੱਡ-ਚੀਰਵੀ ਠੰਢ ਵਿੱਚ ਕਿਉਂ ਲਾਏ ਮੋਰਚੇ, ਜਾਣੋ ਪੂਰਾ ਮਾਮਲਾ

ਵਿਦਿਆਰਥੀ

ਤਸਵੀਰ ਸਰੋਤ, Credit - Montreal Youth Student Organisation

    • ਲੇਖਕ, ਗਗਨਦੀਪ ਸਿੰਘ ਜੱਸੋਵਾਲ
    • ਰੋਲ, ਬੀਬੀਸੀ ਪੱਤਰਕਾਰ

“ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਦੂਜੀ ਵਾਰ ਫੇਲ੍ਹ ਹੋ ਗਿਆ ਹਾਂ ਅਤੇ ਮੈਨੂੰ ਮੇਰਾ ਭਵਿੱਖ ਧੁੰਦਲਾ-ਧੁੰਦਲਾ ਦਿਖਣ ਲੱਗਾ”, ਇਹ ਸ਼ਬਦ ਹਨ ਕੈਨੇਡਾ ਦੀ ਐਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀ, ਪ੍ਰਵੀਨ ਗਿੱਲ ਦੇ, ਜੋ ਇਸ ਸਮੇਂ ਆਪਣੀ ਯੂਨੀਵਰਸਿਟੀ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।

ਪ੍ਰਵੀਨ ਗਿੱਲ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਨੇ ਜਨਵਰੀ 2023 ਵਿੱਚ ਓਨਟਾਰੀਓ ਵਿੱਚ ਅਲਗੋਮਾ ਯੂਨੀਵਰਸਿਟੀ ਦੇ ਬਰੈਂਪਟਨ ਕੈਂਪਸ ਵਿੱਚ ਇੱਕ ਸਾਲ ਦੇ ਆਈਟੀ ਡਿਪਲੋਮਾ ਕੋਰਸ ਵਿੱਚ ਦਾਖ਼ਲਾ ਲਿਆ ਸੀ।

ਪ੍ਰਵੀਨ ਗਿੱਲ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਹ ਪਿਛਲੇ ਸਾਲ ਅਗਸਤ ਵਿੱਚ ‘ਟੈਕਨੀਕਸ ਆਫ਼ ਸਿਸਟਮ ਐਨਾਲਿਸਟ’ ਨਾਮਕ ਵਿਸ਼ੇ ਵਿੱਚ ਫੇਲ੍ਹ ਹੋ ਗਿਆ ਸੀ।

ਪਰ ਉਸ ਨੇ ਪਿਛਲੇ ਸਾਲ ਦਸੰਬਰ ਵਿੱਚ ਦੁਬਾਰਾ ਪ੍ਰੀਖਿਆ ਦਿੱਤੀ ਜਿਸ ਦਾ ਨਤੀਜਾ 1 ਜਨਵਰੀ ਨੂੰ ਨਿਕਲਿਆ, ਜਿਸ ਵਿੱਚ ਉਹ ਦੁਬਾਰਾ ਫੇਲ੍ਹ ਹੋਇਆ।

ਪ੍ਰਵੀਨ ਵਾਂਗ, ਲਗਭਗ 130 ਵਿਦਿਆਰਥੀ ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਅਤੇ ਗੁਜਰਾਤੀ ਹਨ, ਟੈਕਨੀਕਸ ਆਫ਼ ਸਿਸਟਮ ਐਨਾਲਿਸਟ’ ਨਾਮ ਦੇ ਵਿਸ਼ੇ ਵਿੱਚ ਫੇਲ੍ਹ ਹੋਏ ਹਨ।

ਹੁਣ ਇਹ ਵਿਦਿਆਰਥੀ ਕੈਨੇਡਾ ਦੇ ਡਾਊਨਟਾਊਨ ਬਰੈਂਪਟਨ ਵਿੱਚ ਅਲਗੋਮਾ ਯੂਨੀਵਰਸਿਟੀ ਦੇ ਖ਼ਿਲਾਫ਼ ਕਥਿਤ ਤੌਰ 'ਤੇ ਅਨੁਚਿਤ ਗਰੇਡਿੰਗ ਪ੍ਰਣਾਲੀ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਵਿਦਿਆਰਥੀ

ਤਸਵੀਰ ਸਰੋਤ, Credit - Montreal Youth Student Organisation

ਇਹ ਵਿਰੋਧ ਪ੍ਰਦਰਸ਼ਨ 2 ਜਨਵਰੀ ਨੂੰ ਸ਼ੁਰੂ ਹੋਇਆ ਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕੈਨੇਡਾ ਦੀ ਕੜਾਕੇ ਦੀ ਠੰਢ ਅਤੇ ਕਠੋਰ ਮੌਸਮ ਵਿੱਚ ਯੂਨੀਵਰਸਿਟੀ ਦੇ ਬਾਹਰ ਟੈਂਟ ਲਗਾਏ ਹੋਏ ਹਨ।

ਪੱਕੇ ਵਿਰੋਧ ਪ੍ਰਦਰਸ਼ਨ ਤੋਂ ਇਲਾਵਾ, ਵਿਦਿਆਰਥੀਆਂ ਨੇ ਯੂਨੀਵਰਸਿਟੀ ਅਧਿਕਾਰੀਆਂ ਅਤੇ ਕੈਨੇਡੀਅਨ ਪਾਰਲੀਮੈਂਟ ਮੈਂਬਰਾਂ ਨੂੰ ਈਮੇਲ ਭੇਜ ਕੇ ਆਪਣੀਆਂ ਮੰਗਾਂ ਦੀ ਜਾਣਕਾਰੀ ਦੱਸੀ ਹੈ।

ਇੱਕ ਵਿਸ਼ੇ ਵਿਚ ਲਗਭਗ 130 ਵਿਦਿਆਰਥੀਆਂ ਦੇ ਕਥਿਤ 'ਪ੍ਰਣਾਲੀਗਤ ਅਸਫ਼ਲਤਾ' 'ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਪ੍ਰਵੀਨ ਗਿੱਲ ਨੇ ਕਿਹਾ ਕਿ ਉਸ ਨੇ ਇੱਕ ਸਾਲ ਦੇ ਪ੍ਰੋਗਰਾਮ ਲਈ ਲਗਭਗ 22,000 ਕੈਨੇਡੀਅਨ ਡਾਲਰ ਯਾਨਿ 13.67 ਲੱਖ ਰੁਪਏ ਦੀ ਫੀਸ ਭਰੀ ਸੀ।

ਉਸ ਨੇ ਪ੍ਰੀਖਿਆ ਨੂੰ ਦੁਬਾਰਾ ਦੇਣ ਲਈ ਲਗਭਗ 3500 ਕੈਨੇਡੀਅਨ ਡਾਲਰ ਹੋਰ ਯੂਨੀਵਰਸਿਟੀ ਨੂੰ ਜਮ੍ਹਾਂ ਕਰਵਾਏ ਸਨ। ਪ੍ਰਵੀਨ ਦਾ ਇਲਜ਼ਾਮ ਹੈ ਕਿ ਇੱਕ ਅਧਿਆਪਕ ਨੇ ਜਾਣ-ਬੁੱਝ ਕੇ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਫੇਲ੍ਹ ਕੀਤਾ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੌਮਾਂਤਰੀ ਵਿਦਿਆਰਥੀਆਂ ਨੇ ਪੱਕੇ ਤੌਰ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਪਿਛਲੇ ਸਾਲ, ਸੈਂਕੜੇ ਵਿਦਿਆਰਥੀਆਂ ਨੇ ਕਥਿਤ ਤੌਰ 'ਤੇ ਜਾਅਲੀ ਦਸਤਾਵੇਜ਼ਾਂ 'ਤੇ ਦਾਖ਼ਲਾ ਲੈਣ ਕਾਰਨ ਕੈਨੇਡੀਅਨ ਬਾਰਡਰ ਏਜੰਸੀ ਤੋਂ ਡਿਪੋਰਟ ਹੋਣ ਦੇ ਪੱਤਰ ਪ੍ਰਾਪਤ ਹੋਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੋਇਆ ਸੀ।

ਬਾਅਦ ਵਿੱਚ ਉਹ ਏਜੇਂਟ ਵਰਜੇਸ਼ ਮਿਸ਼ਰਾ ਨੂੰ ਕੈਨੇਡਾ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ਜਿਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਜਾਅਲੀ ਕਾਗਜ਼ਾਂ 'ਤੇ ਵੀਜ਼ੇ ਲਗਵਾਏ ਸਨ।

ਕੈਨੇਡਾ ਸਰਕਾਰ ਦੇ ਅੰਕੜਿਆਂ ਅਨੁਸਾਰ ਭਾਰਤ, ਖ਼ਾਸ ਕਰਕੇ ਪੰਜਾਬ, ਦੇ ਕੌਮਾਂਤਰੀ ਵਿਦਿਆਰਥੀਆਂ ਲਈ ਕੈਨੇਡਾ ਇੱਕ ਅਹਿਮ ਮੰਜ਼ਿਲ ਹੈ; 2021 ਵਿੱਚ ਲਗਭਗ 2.25 ਲੱਖ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਮਿਲਿਆ ਸੀ।

ਵਿਦਿਆਰਥੀ

ਤਸਵੀਰ ਸਰੋਤ, Credit - Montreal Youth Student Organisation

ਅਗਲੀ ਪ੍ਰੀਖਿਆ ਬਿਨਾਂ ਕਿਸੇ ਫੀਸ ਦੇ ਲਈ ਜਾਵੇਗੀ - ਅਲਗੋਮਾ ਯੂਨੀਵਰਸਿਟੀ

ਅਲਗੋਮਾ ਯੂਨੀਵਰਸਿਟੀ ਦੁਆਰਾ ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਸ ਨੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ ਹੈ ਤੇ ਉਨ੍ਹਾਂ ਨੂੰ ਇੱਕ ਦੋਬਾਰਾ ਪ੍ਰੀਖਿਆ ਦੀ ਪੇਸ਼ਕਸ਼ ਕੀਤੀ ਹੈ।

ਯੂਨੀਵਰਸਿਟੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਮੌਜੂਦਾ ਸੈਨੇਟ ਦੁਆਰਾ ਪ੍ਰਵਾਨਿਤ ਨੀਤੀਆਂ ਅਤੇ ਪ੍ਰਕਿਰਿਆਵਾਂ ਦੇ ਤਹਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਗ੍ਰੇਡ ਨੂੰ ਚੁਣੌਤੀ ਦੇਣ ਲਈ ਇੱਕ ਪ੍ਰਕਿਰਿਆ ਦੀ ਪੇਸ਼ਕਸ਼ ਵੀ ਕੀਤੀ ਹੈ।

ਯੂਨੀਵਰਸਿਟੀ ਨੇ ਕਿਹਾ, "ਉਹ ਪ੍ਰਦਰਸ਼ਨਕਾਰੀਆਂ ਦੇ ਛੋਟੇ ਸਮੂਹ, ਜਿਨ੍ਹਾਂ ਵਿੱਚੋਂ ਕੁਝ ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਅਤੇ ਜਿਨ੍ਹਾਂ ਵਿੱਚੋਂ ਕੁਝ ਨਹੀਂ ਹਨ, ਕੈਪਸ ਦੇ ਅੰਦਰ ਆਉਣ ਜਿੱਥੇ ਉਹ ਸੁਰੱਖਿਅਤ ਹਨ। ਪਰ ਅਸੀਂ ਚੰਗੇ ਗ੍ਰੇਡਾਂ (ਨੰਬਰਾਂ) ਦਾ ਵਾਅਦਾ ਨਹੀਂ ਕਰ ਸਕਦੇ।"

ਯੂਨੀਵਰਸਿਟੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ 2023 ਵਿੱਚ 230 ਵਿਦਿਆਰਥੀਆਂ ਨੇ ਟੈਕਨੀਕਸ ਆਫ਼ ਸਿਸਟਮ ਐਨਾਲਿਸਟ, ਦਾ ਪੇਪਰ ਦਿੱਤਾ ਸੀ। ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ, ਯੂਨੀਵਰਸਿਟੀ ਨੇ ਇੱਕ ਜ਼ਰੂਰੀ ਸਮੀਖਿਆ ਸ਼ੁਰੂ ਕੀਤੀ, ਜਿਸ ਨੇ ਦੇਖਿਆ ਕਿ ਇਸ ਕਲਾਸ ਵਿੱਚ ਅੰਕੜਿਆਂ ਦੇ ਮਾਪਦੰਡਾਂ ਤੋਂ ਘੱਟ ਗ੍ਰੇਡ ਸਨ।

ਯੂਨੀਵਰਸਿਟੀ ਨੇ ਦੱਸਿਆ ਕਿ ਯੂਨੀਵਰਸਿਟੀ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ, ਕੋਰਸ ਇੰਸਟ੍ਰਕਟਰ ਨੇ ਇੱਕ ਨੀਤੀ ਲਾਗੂ ਕੀਤੀ ਜਿਸ ਨੂੰ ਪੋਸਟ-ਬੈਲ ਕਰਵ ਕਹਿੰਦੇ ਹਨ।

ਇਸ ਦੇ ਨਤੀਜੇ ਵਜੋਂ 61 ਵਿਦਿਆਰਥੀਆਂ ਨੂੰ 50 ਵਾਧੂ ਪ੍ਰਤੀਸ਼ਤ ਪਾਸ ਗ੍ਰੇਡ ਤੋਂ ਵੱਧ ਗਏ ਹਨ।

ਆਪਣੇ ਬਿਆਨ ਵਿੱਚ ਯੂਨੀਵਰਸਿਟੀ ਨੇ ਕਿਹਾ ਗਿਆ ਹੈ ਕਿ ਪੋਸਟ-ਬੈਲ ਕਰਵ ਤੋਂ ਬਾਅਦ 32 ਵਿਦਿਆਰਥੀ ਫਿਰ ਫੇਲ੍ਹ ਹੋਏ ਹਨ। ਯੂਨੀਵਰਸਿਟੀ ਪ੍ਰਬੰਧਕਾਂ ਨੇ ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਤੇ ਇੱਕ ਮੇਕਅਪ (ਦੁਬਾਰਾ ਜਾਂ ਵਿਸ਼ੇਸ਼ ) ਇਮਤਿਹਾਨ ਦੀ ਪੇਸ਼ਕਸ਼ ਕੀਤੀ ਹੈ ਜੋ ਵਿਦਿਆਰਥੀ ਅਜੇ ਵੀ ਫੇਲ੍ਹ ਹਨ ।

ਯੂਨੀਵਰਸਿਟੀ ਨੇ ਕਿਹਾ ਕਿ ਇਹ ਪ੍ਰੀਖਿਆ ਨੂੰ ਇੱਕ ਵੱਖਰੇ ਅਧਿਆਪਕ ਮੈਂਬਰ ਦੁਆਰਾ ਲਿਆ ਜਾਵੇਗਾ ਅਤੇ ਚੈੱਕ ਕੀਤਾ ਜਾਵੇਗਾ ਤੇ ਇਸ ਪ੍ਰੀਖਿਆ ਦੀ ਕੋਈ ਫੀਸ ਨਹੀਂ ਹੋਵੇਗੀ।

ਵਿਦਿਆਰਥੀ

ਤਸਵੀਰ ਸਰੋਤ, Credit - Montreal Youth Student Organisation

ਵਿਦਿਆਰਥੀ ਵਿਰੋਧ ਦੇ ਪਿੱਛੇ ਕੀ ਕਾਰਨ ਹਨ ?

ਐਲਗੋਮਾ ਯੂਨੀਵਰਸਿਟੀ ਦੇ ਕਰੀਬ 130 ਵਿਦਿਆਰਥੀ ਇੱਕ ਸਾਲ ਦੇ ਆਈਟੀ ਡਿਪਲੋਮਾ ਕੋਰਸ ਦੇ ‘ਟੈਕਨੀਕਸ ਆਫ਼ ਸਿਸਟਮ ਐਨਾਲਿਸਟ’ ਨਾਮਕ ਵਿਸ਼ੇ ਵਿੱਚ ਫੇਲ੍ਹ ਹੋਏ ਹਨ।

ਇਨ੍ਹਾਂ ਫੇਲ੍ਹ ਹੋਏ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਗਰੇਡਿੰਗ ਪ੍ਰਣਾਲੀ ਤੇ ਸਵਾਲ ਚੁੱਕੇ ਹਨ ਅਤੇ ਇਲਜ਼ਾਮ ਲਾਇਆ ਹੈ ਕਿ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਜਾਣਬੁੱਝ ਕੇ ਫੇਲ੍ਹ ਕੀਤਾ ਹੈ।

ਭਾਰਤ ਦੇ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦਾ ਰਹਿਣ ਵਾਲੇ ਸੁਮਿਤ ਪਟੇਲ ਨੇ ਅਪ੍ਰੈਲ 2023 ਵਿੱਚ ਇਸੇ ਕੋਰਸ ਵਿੱਚ ਦਾਖ਼ਲਾ ਲਿਆ ਸੀ।

ਉਸ ਨੇ ਕਿਹਾ ਕਿ ਉਹ ਦਸੰਬਰ 2023 ਵਿੱਚ 'ਟੈਕਨੀਕਸ ਆਫ ਸਿਸਟਮ ਐਨਾਲਿਸਟ' ਦੀ ਪ੍ਰੀਖਿਆ ਦਿੱਤੀ ਸੀ, ਪਰ ਉਹ ਫੇਲ੍ਹ ਹੋਇਆ ਸੀ।

ਉਸ ਨੇ ਕਿਹਾ, "ਇਸ ਵਿਸ਼ੇ ਦੇ ਅਧਿਆਪਕ ਨੇ ਇਹ ਜਾਣਬੁੱਝ ਕੇ ਕੀਤਾ ਹੈ ਅਤੇ ਹੁਣ ਉਸ ਨੂੰ ਉਸੇ ਪ੍ਰੀਖਿਆ ਦੇਣ ਲਈ 3500 ਡਾਲਰ ਹੋਰ ਦੇਣੇ ਪੈਣਗੇ ਜੋ ਕਿ ਬਹੁਤ ਮੁਸ਼ਕਲ ਹੈ।"

ਸੁਮਿਤ ਨੇ ਅੱਗੇ ਦੱਸਿਆ ਕਿ ਉਸ ਨੇ ਬਾਕੀ ਪ੍ਰੀਖਿਆਵਾਂ ਵੀ ਚੰਗੇ ਨੰਬਰਾਂ ਨਾਲ ਪਾਸ ਕੀਤੀਆਂ ਹਨ।

ਉਨ੍ਹਾਂ ਕਿਹਾ, "ਯੂਨੀਵਰਸਿਟੀ ਨੇ ਬਿਨਾਂ ਕਿਸੇ ਅਗਾਊਂ ਜਾਣਕਾਰੀ ਦੇ ਦੂਜੇ ਸਮੈਸਟਰ ਦੀ ਫੀਸ ਵਧਾ ਦਿੱਤੀ ਸੀ, ਜਦਕਿ ਉਨ੍ਹਾਂ ਨੇ ਸਾਡੀਆਂ ਕਈ ਬੇਨਤੀਆਂ ਦੇ ਬਾਵਜੂਦ ਸਾਨੂੰ ਵੱਧ ਤੋਂ ਵੱਧ ਆਫ਼-ਲਾਈਨ ਕਲਾਸਾਂ ਨਹੀਂ ਦਿੱਤੀਆਂ।"

ਉਨ੍ਹਾਂ ਕਿਹਾ, "ਅਸੀਂ ਪਿਛਲੇ ਵਿਦਿਆਰਥੀਆਂ ਦੇ ਤਜ਼ਰਬੇ ਤੋਂ ਇਸ ਵਿਸ਼ੇਸ਼ ਅਧਿਆਪਕ ਬਾਰੇ ਜਾਣੂ ਸੀ। ਅਸੀਂ ਆਪਣੇ ਅਸਾਈਨਮੈਂਟਾਂ ਨੂੰ ਤਿਆਰ ਕਰਨ ਲਈ ਹਫ਼ਤੇ ਭਰ ਕੰਮ ਕਰਦੇ ਸੀ, ਪਰ ਸਾਡੇ ਅਧਿਆਪਕ ਨੇ ਕਦੇ ਵੀ ਸਾਡੀ ਮਦਦ ਨਹੀਂ ਕੀਤੀ। ਸਾਡੇ ਡੀਨ ਨੇ ਵੀ ਮੰਨਿਆ ਕਿ ਇਸ ਵਿਸ਼ੇ ਵਿੱਚ ਗਰੇਡਿੰਗ ਸਿਸਟਮ ਅਸਧਾਰਨ ਹੈ।"

ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਅਧਿਆਪਕ ਨਾਲ ਸੰਪਰਕ ਕੀਤਾ ਤਾਂ ਉਸ ਨੇਵਿਦਿਆਰਥੀਆਂ ਨੂੰ ਫੇਲ੍ਹ ਕਰਨ ਦੇ ਆਪਣੇ ਫ਼ੈਸਲੇ ਨੂੰ ਸਪੱਸ਼ਟ ਕਰਨ ਤੋਂ ਇਨਕਾਰ ਕਰ ਦਿੱਤਾ।

ਪ੍ਰਵੀਨ ਗਿੱਲ ਨੇ ਬੁੱਧਵਾਰ ਨੂੰ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਮੰਗਲਵਾਰ ਨੂੰ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਅਤੇ ਯੂਨੀਵਰਸਿਟੀ ਨੇ 100 ਦੇ ਕਰੀਬ ਵਿਦਿਆਰਥੀਆਂ ਨੂੰ ਪਾਸ ਕਰਨ ਲਈ ਸਹਿਮਤੀ ਦਿੱਤੀ ਹੈ।

ਜਦਕਿ ਬਾਕੀ 32 ਵਿਦਿਆਰਥੀਆਂ ਦਾ ਨਤੀਜਾ ਸ਼ੁੱਕਰਵਾਰ ਤੱਕ ਮੁੜ ਮੁਲਾਂਕਣ ਪ੍ਰਣਾਲੀ ਰਾਹੀਂ ਐਲਾਨ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ, "ਇਹ ਸ਼ੁਰੂਆਤੀ ਜਿੱਤ ਰਹੀ ਹੈ ਪਰ ਸਾਡੀ ਲੜਾਈ ਸਾਰੇ ਪ੍ਰਭਾਵਿਤ ਵਿਦਿਆਰਥੀਆਂ ਨਾਲ ਹੋਈ ਬੇਇਨਸਾਫ਼ੀ ਵਿਰੁੱਧ ਹੈ।"

ਇੱਕ ਹੋਰ ਪ੍ਰਦਰਸ਼ਨਕਾਰੀ ਵਿਦਿਆਰਥਣ ਰਾਜਪਾਲ ਕੌਰ ਨੇ ਕਿਹਾ ਕਿ ਧਰਨਾ ਸ਼ੁੱਕਰਵਾਰ ਤੱਕ ਜਾਰੀ ਰਹੇਗਾ।

ਵਿਦਿਆਰਥੀ

ਤਸਵੀਰ ਸਰੋਤ, Credit - Montreal Youth Student Organisation

ਵਿਦਿਆਰਥੀ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਧਰਨੇ ਨੂੰ ਸਮਰਥਨ

ਮਾਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਵਰਗੀ ਵਿਦਿਆਰਥੀ ਜਥੇਬੰਦੀ ਨੇ ਵਿਦਿਆਰਥੀਆਂ ਦੇ ਵਿਰੋਧ ਵਿੱਚ ਆਪਣਾ ਸਮਰਥਨ ਦਿੱਤਾ, ਜਦਕਿ ਸਥਾਨਕ ਸਮਾਜ ਸੇਵੀ ਸੰਸਥਾਵਾਂ ਵਲੋਂ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਵਾਲੀ ਥਾਂ 'ਤੇ ਭੋਜਨ ਜਾਂ ਬੁਨਿਆਦੀ ਲੋੜਾਂ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ ਜਾ ਰਹੀ ਹੈ।

ਮਾਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਦੇ ਵਾਲੰਟੀਅਰ ਖੁਸ਼ਪਾਲ ਗਰੇਵਾਲ ਨੇ ਕਿਹਾ, “ਅਲਗੋਮਾ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਸੰਘਰਸ਼ ਤੋਂ ਬਾਅਦ, ਸਾਨੂੰ ਪਤਾ ਲੱਗਾ ਕਿ ਓਨਟਾਰੀਓ ਦੇ ਕਈ ਕਾਲਜਾਂ ਵਿੱਚ ਵੀ ਵਿਦਿਆਰਥੀ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।"

ਉਨ੍ਹਾਂ ਅੱਗੇ ਕਿਹਾ ਕਿ ਉਹ ਇੱਕ ਵਿਸ਼ੇ ਵਿੱਚ ਫੇਲ੍ਹ ਹੋ ਗਏ ਹਨ, ਜਿਸ ਕਾਰਨ ਉਹ ਅਗਲੇ ਸਮੈਸਟਰ ਵਿੱਚ ਉਦੋਂ ਤੱਕ ਦਾਖ਼ਲਾ ਨਹੀਂ ਲੈ ਸਕਦੇ ਜਦੋਂ ਤੱਕ ਉਹ ਫੇਲ੍ਹ ਹੋਏ ਵਿਸ਼ੇ ਨੂੰ ਪਾਸ ਨਹੀਂ ਕਰ ਲੈਂਦੇ।

ਇਹ ਇੱਕ ਵਿਦਿਆਰਥੀ ਤੇ 3,000 ਡਾਲਰ ਜਾਂ ਇਸ ਤੋਂ ਵੀ ਵੱਧ ਦਾ ਬੋਝ ਹੈ।

ਉਨ੍ਹਾਂ ਕਿਹਾ, "ਸਾਨੂੰ ਇਹ ਕਾਲਜਾਂ ਦੁਆਰਾ ਕੌਮਾਂਤਰੀ ਵਿਦਿਆਰਥੀਆਂ ਤੋਂ ਪੈਸੇ ਲੈਣ ਦੀ ਸਾਜ਼ਿਸ਼ ਦਾ ਹਿੱਸਾ ਹੈ ਜੋ ਪਹਿਲਾਂ ਹੀ ਕੈਨੇਡੀਅਨ ਵਿਦਿਆਰਥੀਆਂ ਨਾਲੋਂ ਚਾਰ ਗੁਣਾ ਵੱਧ ਫੀਸਾਂ ਅਦਾ ਕਰ ਰਹੇ ਹਨ।"

ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਆਪਣੀ ਆਵਾਜ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ 'ਅਲਗੋਮਾ ਯੂਨੀਵਰਸਿਟੀ ਪ੍ਰਦਰਸ਼ਨ' ਨਾਮ ਦਾ ਇੱਕ ਇੰਸਟਾਗ੍ਰਾਮ ਪੇਜ ਵੀ ਬਣਾਇਆ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)