ਲੋਕ ਸਭਾ ਚੋਣਾਂ: ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਵਿੱਚ ਰਵਾਇਤੀ ਪਾਰਟੀਆਂ ਉੱਤੇ ਕਿਵੇਂ ਭਾਰੂ ਪੈ ਗਏ, ਕਿਹੜੇ ਮੁੱਦਿਆਂ ਨੇ ਜਿੱਤ ਵਿੱਚ ਭੂਮਿਕਾ ਨਿਭਾਈ

    • ਲੇਖਕ, ਸੁਰਿੰਦਰ ਸਿੰਘ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਦੀ ਚਰਚਿਤ ਲੋਕ ਸਭਾ ਸੀਟ ਖਡੂਰ ਸਾਹਿਬ ਤੋਂ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਦੀ ਹੋਈ ਵੱਡੀ ਜਿੱਤ ਨੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।

ਅਮ੍ਰਿਤਪਾਲ ਸਿੰਘ ਇਸ ਵੇਲੇ ਆਪਣੇ ਸਾਥੀਆਂ ਸਮੇਤ ਨੈਸ਼ਨਲ ਸਿਕਿਉਰਟੀ ਐਕਟ ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਜਿਵੇਂ ਹੀ ਅਮ੍ਰਿਤਪਾਲ ਸਿੰਘ ਦੀ ਜਿੱਤ ਦੀ ਖ਼ਬਰ ਸਾਹਮਣੇ ਆਈ ਤਾਂ ਹਲਕਾ ਖਡੂਰ ਸਾਹਿਬ ਦੇ ਲੋਕ ਗਿਣਤੀ ਕੇਂਦਰ ਦੇ ਬਾਹਰ ਇਕੱਠੇ ਹੋ ਗਏ।

ਇਸ ਤੋਂ ਇਲਾਵਾ ਹਲਕੇ ਦੇ ਕਈ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਮ੍ਰਿਤਪਾਲ ਸਿੰਘ ਦੀ ਜਿੱਤ ਲਈ ਸ਼ੁਕਰਾਨਾ ਵੀ ਕੀਤਾ ਗਿਆ।

ਜਿੱਥੇ ਲੋਕ ਅਮ੍ਰਿਤਪਾਲ ਸਿੰਘ ਦੀ ਵੱਡੀ ਜਿੱਤ ਦਾ ਜ਼ਿਕਰ ਕਰ ਰਹੇ ਸਨ, ਉੱਥੇ ਉਹ ਫਰੀਦਕੋਟ ਲੋਕ ਸਭਾ ਹਲਕੇ ਤੋਂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਨੂੰ ਵੀ 'ਪੰਥਕ ਸੋਚ' ਦੀ ਜਿੱਤ ਕਰਾਰ ਦੇ ਰਹੇ ਸਨ।

ਅਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਹਲਕੇ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਜ਼ਰੂਰ ਸੀ, ਪਰ ਇਸ ਖੁਸ਼ੀ ਨੂੰ ਲੋਕਾਂ ਨੇ ਜਸ਼ਨ ਦੇ ਰੂਪ ਵਿੱਚ ਨਹੀਂ ਮਨਾਇਆ।

ਇਸ ਦਾ ਕਾਰਨ ਸਾਲ 1984 ਵਿੱਚ ਦਰਬਾਰ ਸਾਹਿਬ ਉੱਪਰ ਹੋਏ ਅਪਰੇਸ਼ਨ ਬਲੂ ਸਟਾਰ ਦੀ ਬਰਸੀ ਦਾ ਚੱਲ ਰਿਹਾ ਹਫ਼ਤਾ ਸੀ।

ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਹੀ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਅਮ੍ਰਿਤਪਾਲ ਸਿੰਘ ਦੀ ਜਿੱਤ ਹੋਣ ਦੀ ਸੂਰਤ ਵਿੱਚ ਕਿਸੇ ਵੀ ਤਰ੍ਹਾਂ ਦਾ ਜਸ਼ਨ ਨਾ ਮਨਾਉਣ।

ਖ਼ੈਰ, ਗਿਣਤੀ ਕੇਂਦਰ ਦੇ ਬਾਹਰ ਇਕੱਠੇ ਹੋਏ ਲੋਕਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸੜਕ ਉੱਪਰ ਪੈਦਲ ਮਾਰਚ ਕਰਕੇ ਜਿੱਤ ਦੀ ਖੁਸ਼ੀ ਸਾਂਝੀ ਕੀਤੀ।

ਵਿਧਾਨ ਸਭਾ ਚੋਣਾਂ ਦੀ ਤਿਆਰੀ

ਅਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਦੀ ਸੀਟ ਇੱਕ ਲੱਖ 97 ਹਜ਼ਾਰ 120 ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ।

ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚ ਕਿਸੇ ਵੀ ਉਮੀਦਵਾਰ ਵੱਲੋਂ ਦਰਜ ਕੀਤੀ ਗਈ ਇਹ ਵੋਟਾਂ ਦੇ ਸਭ ਤੋਂ ਵੱਡੇ ਫਰਕ ਵਾਲੀ ਜਿੱਤ ਹੈ।

ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਚੱਲ ਰਹੀ ਹੈ ਕਿ ਪੰਜਾਬ ਦੇ ਮਾਝਾ ਖੇਤਰ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਜਿਤਾਉਣ ਵਿੱਚ ਆਪਣੀ ਦਿਲਚਸਪੀ ਦਿਖਾਈ ਹੈ।

ਇਸ ਕੜੀ ਤਹਿਤ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਲੋਕ ਸਭਾ ਹਲਕਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਜੇਤੂ ਰਹੇ ਹਨ।

ਹਰਪਾਲ ਸਿੰਘ ਖਾਰਾ ਪੇਸ਼ੇ ਵਜੋਂ ਵਕੀਲ ਹਨ ਅਤੇ ਉਹ ਰਾਜਨੀਤਿਕ ਮਾਮਲਿਆਂ ਦੇ ਮਾਹਰ ਵੀ ਹਨ।

ਉਹ ਕਹਿੰਦੇ ਹਨ, "ਖਡੂਰ ਸਾਹਿਬ ਲੋਕ ਸਭਾ ਹਲਕਾ ਭਾਵੇਂ ਮਾਝੇ ਦਾ ਇੱਕ ਅਹਿਮ ਹਿੱਸਾ ਹੈ ਪਰ ਇਥੋਂ ਲੋਕਾਂ ਨੇ ਆਪਣੀ ਪੰਥਕ ਸੋਚ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜਿਆ ਹੈ।"

"ਅਸਲ ਵਿੱਚ ਅਮ੍ਰਿਤਪਾਲ ਸਿੰਘ ਦੀ ਜਿੱਤ ਨੇ ਪੰਥਕ ਸਫਾਂ ਵਿੱਚ ਇਹ ਗੱਲ ਵੀ ਸਾਫ਼ ਕਰ ਦਿੱਤੀ ਹੈ ਕਿ ਭਵਿੱਖ ਵਿੱਚ ਪੰਥ ਦੀ ਵਾਗਡੋਰ ਕੌਣ ਸੰਭਾਲੇਗਾ।"

"ਅਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਤੌਰ ਉੱਪਰ ਪੰਥਕ ਹਲਕਿਆਂ ਵਿੱਚ ਇੱਕ ਨਵੀਂ ਸਫ਼ਾਬੰਦੀ ਬਣੇਗੀ।"

"ਨਵੀਂ ਬਣਨ ਵਾਲੀ ਇਹ ਸਫ਼ਾਬੰਦੀ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਨਿੱਗਰ ਹਾਜ਼ਰੀ ਲਵਾ ਸਕਦੀ ਹੈ।"

ਖਡੂਰ ਸਾਹਿਬ ਦਾ ਰਵਾਇਤੀ ਸਿਆਸੀ ਪਾਰਟੀਆਂ ਨੂੰ ਜਵਾਬ

ਉਂਝ, ਖਡੂਰ ਸਾਹਿਬ ਦੀ ਲੋਕ ਸਭਾ ਸੀਟ ਨੂੰ ਪੰਥਕ ਸੀਟ ਵਜੋਂ ਜਾਣਿਆ ਜਾਂਦਾ ਰਿਹਾ ਹੈ। ਇਸ ਦਾ ਕਾਰਨ ਇਸ ਹਲਕੇ ਵਿੱਚ ਸਿੱਖਾਂ ਦੀ ਵਸੋਂ ਜ਼ਿਆਦਾ ਹੋਣਾ ਹੈ।

ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ 75.15 ਫੀਸਦੀ ਵਸੋਂ ਸਿੱਖਾਂ ਦੀ ਹੈ।

ਸਾਲ 2011 ਵਿੱਚ ਭਾਰਤ ਵਿੱਚ ਹੋਈ ਮਰਦਮਸ਼ੁਮਾਰੀ ਮੁਤਾਬਿਕ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ 93.33 ਫੀਸਦੀ ਸਿੱਖ ਧਰਮ ਨਾਲ ਜੁੜੇ ਲੋਕ ਰਹਿੰਦੇ ਹਨ।

ਸਿਆਸੀ ਹਲਕੇ ਇਸ ਗੱਲ ਉੱਪਰ ਵੀ ਹੈਰਾਨੀ ਪ੍ਰਗਟ ਕਰਦੇ ਹਨ ਕਿ ਅਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਤੋਂ ਇਲਾਵਾ ਦੂਸਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਮਾਤ ਦਿੱਤੀ ਹੈ।

ਇਸ ਜਿੱਤ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਲੋਕ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਕੁਝ ਘੰਟੇ ਪਹਿਲਾਂ ਹੀ ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਉਨਾਂ ਨੂੰ ਖਡੂਰ ਸਾਹਿਬ ਤੋਂ ਚੋਣ ਲੜਾਉਣ ਦਾ ਐਲਾਨ ਕੀਤਾ ਗਿਆ ਸੀ।

ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਉਮੀਦਵਾਰ ਬਣਾਇਆ ਗਿਆ ਸੀ।

ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਨੂੰ ਇਸ ਹਲਕੇ ਤੋਂ ਉਤਾਰੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਉਮੀਦਵਾਰ ਬਣਾਇਆ ਸੀ।

ਅਮ੍ਰਿਤਪਾਲ ਸਿੰਘ ਦੇ ਸਮਰਥਕਾਂਂ ਨੇ ਕੀਤਾ ਪ੍ਰਚਾਰ

ਅਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚ ਰਹਿੰਦਿਆਂ ਉਨਾਂ ਦੇ ਸਮਰਥਕਾਂ ਨੇ ਉਨਾਂ ਦੀ ਗੈਰ-ਹਾਜ਼ਰੀ ਵਿੱਚ ਖਡੂਰ ਸਾਹਿਬ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਖੁਦ ਚੋਣ ਪ੍ਰਚਾਰ ਕੀਤਾ ਸੀ।

ਅਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਭਖਾਉਣ ਲਈ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਪਰਮਜੀਤ ਕੌਰ ਖਾਲੜਾ ਨੇ ਸੰਭਾਲੀ ਹੋਈ ਸੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਉਨਾਂ ਨੇ ਅੰਮ੍ਰਿਤਪਾਲ ਦੇ ਹੱਕ ਵਿੱਚ ਮਨੁੱਖੀ ਅਧਿਕਾਰਾਂ ਅਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਚੋਣ ਪ੍ਰਚਾਰ ਕੀਤਾ।

"ਅਸੀਂ ਪਿੰਡ-ਪਿੰਡ, ਘਰ-ਘਰ, ਗਲੀ ਮੁਹੱਲੇ ਤੱਕ ਨਸ਼ਿਆਂ ਦਾ ਮੁੱਦਾ ਅਤੇ ਅਮ੍ਰਿਤਪਾਲ ਸਿੰਘ ਦੀ ਗੈਰ-ਕਾਨੂੰਨੀ ਨਜ਼ਰਬੰਦੀ ਨੂੰ ਲੈ ਕੇ ਲੋਕਾਂ ਤੱਕ ਗਏ ਸੀ।"

"ਆਉਣ ਵਾਲੇ ਦਿਨਾਂ ਵਿੱਚ ਅਮ੍ਰਿਤਪਾਲ ਸਿੰਘ ਦੀ ਹੋਈ ਇਸ ਵੱਡੀ ਜਿੱਤ ਦੇ ਮਾਅਨੇ ਕਾਫੀ ਅਹਿਮ ਹੋਣਗੇ।"

"ਇਹ ਜਿੱਤ ਹਾਕਮ ਧਿਰ ਅਤੇ ਉਹਨਾਂ ਸ਼ਕਤੀਆਂ ਲਈ ਇੱਕ ਸਬਕ ਹੈ, ਜਿਨਾਂ ਨੇ ਮਨੁੱਖੀ ਹੱਕਾਂ ਦੀਆਂ ਕਦਰਾਂਕੀਮਤਾਂ ਨੂੰ ਛਿੱਕੇ ਟੰਗ ਕੇ ਅਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੈ।"

ਜ਼ਿਕਰਯੋਗ ਹੈ ਕਿ ਪਰਮਜੀਤ ਕੌਰ ਖਾਲੜਾ ਨੇ ਸਾਲ 2019 ਵਿੱਚ ਇਸੇ ਹਲਕੇ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਪਰ ਉਹ ਸਫਲ ਨਹੀਂ ਹੋ ਸਕੇ ਸਨ।

ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਉਨਾਂ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ "ਇਹ ਜਿੱਤ ਅਮ੍ਰਿਤਪਾਲ ਸਿੰਘ ਦੀ ਨਹੀਂ ਸਗੋਂ ਪਰਮਜੀਤ ਕੌਰ ਖਾਲੜਾ ਦੀ ਹੈ।"

ਖਡੂਰ ਸਾਹਿਬ ਵਿੱਚ ਲੋਕਾਂ ਮੁਤਾਬਕ ਨਸ਼ਾ ਹੀ ਵੱਡਾ ਮੁੱਦਾ ਸੀ

ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨਾਂ ਲਈ ਨਸ਼ੇ ਦਾ ਮੁੱਦਾ ਕਾਫ਼ੀ ਅਹਿਮ ਸੀ।

ਬਲਵਿੰਦਰ ਕੌਰ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਖਾਰਾ ਦੇ ਵਸਨੀਕ ਹਨ।

ਉਨਾਂ ਦੱਸਿਆ ਕਿ ਅਮ੍ਰਿਤਪਾਲ ਸਿੰਘ ਰਿਸ਼ਤੇਦਾਰੀ ਵਿੱਚੋਂ ਉਨਾਂ ਦੇ ਭਤੀਜਾ ਲੱਗਦੇ ਹਨ।

ਉਹ ਕਹਿੰਦੇ ਹਨ, "ਜਿਸ ਵੇਲੇ ਸਾਡੇ ਨੌਜਵਾਨ ਨਸ਼ਿਆਂ ਵਿੱਚ ਗ੍ਰਸਤ ਹੋ ਕੇ ਆਪਣੀਆਂ ਜਾਨਾਂ ਦੇ ਰਹੇ ਸਨ, ਠੀਕ ਉਸ ਵੇਲੇ ਅਮ੍ਰਿਤਪਾਲ ਸਿੰਘ ਨੇ ਨਸ਼ਿਆਂ ਖਿਲਾਫ਼ ਮੁਹਿੰਮ ਵਿੱਢੀ ਸੀ।"

"ਮਾਵਾਂ ਨੇ ਉਸ ਵੇਲੇ ਸੁਖ ਦਾ ਸਾਹ ਲਿਆ ਸੀ ਜਦੋਂ ਅਮ੍ਰਿਤਪਾਲ ਸਿੰਘ ਦੀ ਮੁਹਿੰਮ ਸਦਕਾ ਅਨੇਕਾਂ ਨੌਜਵਾਨ ਨਸ਼ੇ ਦੀ ਲੱਤ ਛੱਡ ਚੁੱਕੇ ਸਨ।"

"ਮੈਨੂੰ ਲੱਗਦਾ ਹੈ ਕਿ ਰਾਜਨੀਤਿਕ ਲੋਕ ਸਮਾਜ ਵਿੱਚੋਂ ਨਸ਼ੇ ਖਤਮ ਕਰਨਾ ਨਹੀਂ ਚਾਹੁੰਦੇ। ਇਹੀ ਕਾਰਨ ਸੀ ਕਿ ਉਨਾਂ ਨੇ ਅਮ੍ਰਿਤਪਾਲ ਸਿੰਘ ਨੂੰ ਨਜ਼ਰਬੰਦ ਕਰਕੇ ਡਿਬਰੂਗੜ ਜੇਲ੍ਹ ਭੇਜ ਦਿੱਤਾ।"

"ਅਸੀਂ ਆਪਣੇ ਪੁੱਤਰਾਂ ਨੂੰ ਨਸ਼ੇ ਕਰਨ ਮਰਦੇ ਨਹੀਂ ਦੇਖਣਾ ਚਾਹੁੰਦੇ। ਅਸਲ ਵਿੱਚ ਅਸੀਂ ਇਸੇ ਮੁੱਦੇ ਨੂੰ ਲੈ ਕੇ ਅਮ੍ਰਿਤਪਾਲ ਸਿੰਘ ਨੂੰ ਡੱਟ ਕੇ ਵੋਟਾਂ ਪਾਈਆਂ ਹਨ।"

ਅਮ੍ਰਿਤਪਾਲ ਸਿੰਘ ਵੱਲੋਂ ਇਸ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਨੇ ਇੱਥੋਂ ਆਪਣੇ ਪਰਚੇ ਭਰੇ ਸਨ।

ਜਿਵੇਂ ਹੀ ਅਮ੍ਰਿਤਪਾਲ ਸਿੰਘ ਨੇ ਐਨ ਮੌਕੇ ਉੱਪਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਤਾਂ ਹਰਪਾਲ ਸਿੰਘ ਬਲੇਰ ਨੇ ਆਪਣੇ ਕਾਗਜ ਵਾਪਸ ਲੈ ਲਏ ਸਨ।

ਹਰਪਾਲ ਸਿੰਘ ਬਲੇਰ ਅਮ੍ਰਿਤਪਾਲ ਸਿੰਘ ਦੀ ਹੋਈ ਵੱਡੀ ਜਿੱਤ ਨੂੰ 'ਪੰਥਕ ਸੋਚ' ਦੀ ਜਿੱਤ ਕਰਾਰ ਦਿੰਦੇ ਹਨ।

ਉਹ ਅਮ੍ਰਿਤਪਾਲ ਸਿੰਘ ਦੀ ਚੋਣ ਪ੍ਰਚਾਰ ਮੁਹਿੰਮ ਚਲਾਉਣ ਵਾਲੇ ਇੱਕ ਅਹਿਮ ਆਗੂ ਹਨ।

ਉਹ ਕਹਿੰਦੇ ਹਨ, "ਅਸੀਂ ਨਸ਼ੇ ਦੀ ਵਿਕਰੀ ਵਿਚ ਰਾਜਨੀਤਿਕ ਲੋਕਾਂ ਦੀ ਮਿਲੀ-ਭੁਗਤ ਦਾ ਮੁੱਦਾ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਗਏ ਸੀ। ਜਿਸ ਨੂੰ ਲੋਕਾਂ ਨੇ ਸਮਝਿਆ ਤੇ ਅਮ੍ਰਿਤਪਾਲ ਦੀ ਜਿੱਤ ਯਕੀਨੀ ਬਣ ਗਈ।"

ਹਲਕੇ ਦੇ ਲੋਕਾਂ ਵਿੱਚ ਇਹ ਗੱਲ ਆਮ ਚੱਲ ਰਹੀ ਹੈ ਕਿ ਖੇਮਕਰਨ ਸੈਕਟਰ ਪਾਕਿਸਤਾਨ ਦੀ ਸਰਹੱਦ ਨਾਲ ਜੁੜਿਆ ਹੋਣ ਕਾਰਨ ਇਸ ਖਿੱਤੇ ਵਿੱਚ ਨਸ਼ੇ ਦੀ ਆਮਦ ਵਧੇਰੇ ਹੋ ਰਹੀ ਹੈ।

ਗੁਰਪ੍ਰੀਤ ਸਿੰਘ ਪੱਟੀ ਵਿਧਾਨ ਸਭਾ ਹਲਕੇ ਨਾਲ ਸਬੰਧ ਹਨ।

ਨਸ਼ਿਆਂ ਦੀ ਭਰਮਾਰ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਉਹ ਕਹਿੰਦੇ ਹਨ, "ਪਿਛਲੇ ਥੋੜੇ ਸਾਲਾਂ ਦੌਰਾਨ ਹੀ ਸਾਡੇ ਪਿੰਡ ਦੇ ਕਈ ਨੌਜਵਾਨ ਨਸ਼ੇ ਕਾਰਨ ਮਰ ਚੁੱਕੇ ਹਨ।"

"ਜਦੋਂ ਅਮ੍ਰਿਤਪਾਲ ਸਿੰਘ ਨੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਅਤੇ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਥੋੜ੍ਹੇ ਸਮੇਂ ਵਿੱਚ ਹੀ ਨੌਜਵਾਨ ਨਸ਼ੇ ਛੱਡਣ ਵੱਲ ਵਧਣ ਲੱਗੇ ਸਨ। ਇਸ ਰੁਝਾਨ ਤੋਂ ਅਸੀਂ ਬਹੁਤ ਖੁਸ਼ ਸੀ।"

"ਪਰ ਸਾਡੀ ਇਹ ਖੁਸ਼ੀ ਬਹੁਤਾ ਸਮਾਂ ਨਾ ਰਹਿ ਸਕੀ। ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਰੁਕ ਗਈ।"

"ਅਸੀਂ ਸਮੁੱਚੇ ਪਿੰਡ ਨੇ ਏਕਤਾ ਕਰਕੇ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ। ਸਾਨੂੰ ਹਾਲੇ ਵੀ ਆਸ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਰੱਖਣਗੇ।"

ਅਮ੍ਰਿਤਪਾਲ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਹਲਕੇ ਦੇ ਨੌਜਵਾਨਾਂ ਦੀ ਅਹਿਮ ਭੂਮਿਕਾ ਰਹੀ ਹੈ।

ਜਗਦੀਪ ਸਿੰਘ ਨੌਜਵਾਨ ਸਭਾ ਪੱਟੀ ਦੇ ਸਮਾਜ ਸੇਵੀ ਆਗੂ ਹਨ। ਉਹ ਕਹਿੰਦੇ ਹਨ ਕਿ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਸਮੇਂ ਨਸ਼ੇ ਅਤੇ ਬੇਰੁਜ਼ਗਾਰੀ ਨੂੰ ਹੀ ਮੁੱਦਾ ਬਣਾਇਆ ਗਿਆ ਸੀ।

"ਚੋਣ ਪ੍ਰਚਾਰ ਦੌਰਾਨ ਅਸੀਂ ਆਪਣੇ ਵਿਰੋਧੀਆਂ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਨਹੀਂ ਕੀਤੀ ਸੀ।"

"ਇਹ ਵੱਖਰੀ ਗੱਲ ਹੈ ਕਿ ਅਮ੍ਰਿਤਪਾਲ ਸਿੰਘ ਖਿਲਾਫ਼ ਚੋਣ ਲੜਨ ਵਾਲੀਆਂ ਸਮੁੱਚੀਆਂ ਸਿਆਸੀ ਧਿਰਾਂ ਨੇ ਅਮ੍ਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾਇਆ ਸੀ।"

"ਸਵਾਲ ਅਮ੍ਰਿਤਪਾਲ ਸਿੰਘ ਦੀ ਜਿੱਤ ਦਾ ਨਹੀਂ ਹੈ। ਸਾਡਾ ਟੀਚਾ ਹੁਣ ਇਹ ਰਹੇਗਾ ਕਿ ਅਮ੍ਰਿਤਪਾਲ ਸਿੰਘ ਦੀ ਬਾਂਹ ਫੜ ਕੇ ਕਿਸ ਤਰ੍ਹਾਂ ਨਾਲ ਅਸੀਂ ਨੌਜਵਾਨਾਂ ਨੂੰ ਨਸ਼ੇ ਵਿੱਚੋਂ ਬਾਹਰ ਕੱਢਣਾ ਹੈ।"

ਉੱਧਰ, ਅਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਹੋਈ ਜਿੱਤ ਦਾ ਸਰਟੀਫਿਕੇਟ ਅਮ੍ਰਿਤਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਅਤੇ ਪਰਮਜੀਤ ਕੌਰ ਖਾਲੜਾ ਨੇ ਹਾਸਲ ਕੀਤਾ।

ਇਸ ਦੇ ਨਾਲ ਹੀ ਅਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਹੈ ਕਿ 6 ਜੂਨ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)