You’re viewing a text-only version of this website that uses less data. View the main version of the website including all images and videos.
ਅਮ੍ਰਿਤਪਾਲ ਸਿੰਘ ਦੀ ਮਾਤਾ ਤਿੰਨ ਦਿਨਾਂ ਦੀ ਨਿਆਂਇਕ ਹਿਰਾਸਤ 'ਚ, ਉਨ੍ਹਾਂ ਦੇ ਪਿਤਾ ਨੇ ਕੀ ਕਿਹਾ
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਐਤਵਾਰ ਨੂੰ ਅੰਮ੍ਰਿਤਸਰ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ, ਡਿਪਟੀ ਕਮਿਸ਼ਨਰ ਆਲਮ ਵਿਜੇ ਸਿੰਘ ਨੇ ਐਤਵਾਰ ਨੂੰ ਦੱਸਿਆ ਹੈ ਕਿ ਅਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ, ਇਹ ਗ੍ਰਿਫ਼ਤਾਰੀ ਅਹਿਤੀਆਤ ਵਜੋਂ ਕੀਤੀ ਗਈ ਹੈ।
ਪੁਲਿਸ ਨੇ ਅੱਗੇ ਦੱਸਿਆ ਹੈ ਕਿ ਅਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਅਤੇ ਤਿੰਨ ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਗ੍ਰਿਫ਼ਤਾਰੀ 'ਚੇਤਨਾ ਮਾਰਚ' ਕੱਢਣ ਤੋਂ ਇੱਕ ਦਿਨ ਪਹਿਲਾਂ ਕੀਤੀ ਗਈ ਹੈ। ਅਮ੍ਰਿਤਪਾਲ ਅਤੇ ਨੌਂ ਹੋਰਾਂ ਨੂੰ ਅਸਾਮ ਦੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਲਿਆਉਣ ਦੀ ਮੰਗ ਲਈ 8 ਅਪ੍ਰੈਲ ਨੂੰ ਬਠਿੰਡਾ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਰਚ ਕੱਢਿਆ ਜਾਣਾ ਸੀ।
ਬਲਵਿੰਦਰ ਕੌਰ ਅਤੇ ਹੋਰ ਗ੍ਰਿਫ਼ਤਾਰ ਵਿਅਕਤੀਆਂ ਦੇ ਪਰਿਵਾਰਕ ਮੈਂਬਰ 22 ਫਰਵਰੀ ਤੋਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੇੜੇ ਭੁੱਖ ਹੜਤਾਲ ’ਤੇ ਬੈਠੇ ਹਨ।
ਦਰਅਸਲ, ਉਨ੍ਹਾਂ ਵੱਲੋਂ ਸੋਮਵਾਰ ਯਾਨਿ ਅੱਜ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ 'ਚੇਤਨਾ ਮਾਰਚ' ਕੱਢਿਆ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਨੂੰ ਪਿਛਲੇ ਸਾਲ ਅਪ੍ਰੈਲ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਲਗਾਇਆ ਗਿਆ ਸੀ।
ਇਸ ਵੇਲੇ ਅਮ੍ਰਿਤਪਾਲ ਸਿੰਘ ਦੇ ਨਾਲ ਐੱਨਐੱਸਏ ਦੇ ਤਹਿਤ 9 ਲੋਕ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਇਨ੍ਹਾਂ ਵਿੱਚ ਦਲਜੀਤ ਸਿੰਘ ਕਲਸੀ, ਪਪਲਪ੍ਰੀਤ ਸਿੰਘ, ਕੁਲਵੰਤ ਸਿੰਘ ਧਾਲੀਵਾਲ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ, ਭਗਵੰਤ ਸਿੰਘ, ਬਸੰਤ ਸਿੰਘ ਅਤੇ ਗੁਰਿੰਦਰਪਾਲ ਸਿੰਘ ਔਜਲਾ ਸ਼ਾਮਲ ਹਨ।
ਅਮ੍ਰਿਤਪਾਲ ਦੇ ਪਿਤਾ ਕੀ ਬੋਲੇ
ਅਮ੍ਰਿਤਪਾਲ ਸਿੰਘ ਪਿਤਾ ਤਰਸੇਮ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ, "ਬਲਵਿੰਦਰ ਕੌਰ ਨੇ ਅੱਜ ਦਮਦਮਾ ਸਾਹਿਬ ਤੋਂ ਨਿਕਲ ਰਹੇ ਚੇਤਨਾ ਮਾਰਚ ਵਿੱਚ ਸ਼ਮੂਲੀਅਤ ਕਰਨ ਲਈ ਜਾਣਾ ਸੀ। ਜਦੋਂ ਇੱਥੋਂ ਨਿਕਲੇ ਹਨ ਤਾਂ ਅੰਮ੍ਰਿਤਸਰ ਵਿੱਚ ਕਿਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।"
"ਸਾਨੂੰ ਸ਼ਾਮ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਗੁਰਮਤਿ ਚੇਤਨਾ ਮਾਰਚ ਨੂੰ ਫੇਲ੍ਹ ਕਰਨ ਲਈ ਹੀ ਸਰਕਾਰ ਇਹ ਸਾਰਾ ਅਡੰਬਰ ਕਰ ਰਹੀ ਹੈ।"
ਉਨ੍ਹਾਂ ਨੇ ਕਿਹਾ, "ਪੁਲਿਸ ਨੇ ਸਾਨੂੰ ਕੁਝ ਨਹੀਂ ਦੱਸਿਆ। ਸਾਡੇ ਕੋਲ ਇਹੀ ਜਾਣਕਾਰੀ ਹੈ। ਸਾਨੂੰ ਸਰਕਾਰ ਜਾਂ ਪ੍ਰਸ਼ਾਸਨ ਨੇ ਇਸ ਬਾਰੇ ਕੁਝ ਨਹੀਂ ਦੱਸਿਆ।"
"ਲੋਕਾਂ ਨੂੰ ਨਸ਼ਿਆ ਤੋਂ ਬਚਾਉਣ ਲਈ, ਉਨ੍ਹਾਂ ਦੇ ਭਲੇ ਲਈ ਇਹ ਮਾਰਚ ਹੋ ਰਿਹਾ ਅਤੇ ਸ਼ਾਇਦ ਸਰਕਾਰ ਨਹੀਂ ਚਾਹੁੰਦੀ ਕਿ ਲੋਕ ਨਸ਼ਿਆਂ ਤੋਂ ਬਚੇ ਰਹਿਣ। ਜੇ ਕੋਈ ਅਵਾਜ਼ ਚੁੱਕਦਾ ਹੈ ਤਾਂ ਉਸ ਨੂੰ ਡਰਾ-ਧਮਕਾ ਕੇ ਰੋਕ ਦਿੱਤਾ ਜਾਂਦਾ।"
ਉਨ੍ਹਾਂ ਨੇ ਕਿਹਾ, "ਇਹ ਧਰਮ ਵਿੱਚ ਸਿੱਧੀ ਦਖ਼ਲਅੰਦਾਜ਼ੀ ਹੈ। ਸਾਰੀਆਂ ਧਾਰਮਿਕ ਜਥੇਬੰਦੀਆਂ, ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਹੋਰ ਜਥੇਦਾਰਾਂ ਨੂੰ ਇਸ ਮਾਮਲੇ ਵਿੱਚ ਵੱਡਾ ਇਕੱਠਾ ਕਰ ਕੇ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ। ਸਰਕਾਰ ਕਰ ਕੀ ਰਹੀ ਹੈ ਤੇ ਅਸੀਂ ਉਸ ਦਾ ਮੁਕਾਬਲਾ ਕਿਵੇਂ ਕਰਨਾ।"
ਸਰਕਾਰ ਮਾਹੌਲ ਵਿੱਚ ਤਲਖ਼ੀ ਪੈਦਾ ਕਰਨ ਤੋਂ ਗੁਰੇਜ਼ ਕਰੇ- ਗਿਆਨੀ ਰਘਬੀਰ ਸਿੰਘ
ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਕਈ ਧਾਰਮਿਕ ਹਸਤੀਆਂ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੀਆਂ ਹਨ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੁਲਿਸ ਦੀ ਇਸ ਕਾਰਵਾਈ 'ਤੇ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਬਿਨਾਂ ਵਜ੍ਹਾ ਤੋਂ ਮਾਹੌਲ ਵਿੱਚ ਤਲਖ਼ੀ ਪੈਦਾ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਕੀਤੇ ਬਿਆਨ ਵਿੱਚ ਗਿਆਨੀ ਰਘਬੀਰ ਸਿੰਘ ਨੇ ਆਖਿਆ, "ਪਰਿਵਾਰਾਂ ਵੱਲੋਂ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਸ਼ਾਂਤਮਈ ਸੰਘਰਸ਼ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਣ ਵਾਲੇ ਖ਼ਾਲਸਾ ਚੇਤਨਾ ਮਾਰਚ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਸਰਕਾਰ ਵੱਲੋਂ ਵਰਤੇ ਜਾ ਰਹੇ ਹਥਕੰਡੇ ਪੰਜਾਬ ਦੀ ਅਮਨ-ਸ਼ਾਂਤੀ ਵਾਲੇ ਮਾਹੌਲ ਦੇ ਹਿਤ ਵਿੱਚ ਨਹੀਂ ਹਨ।"
"ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਲੈਣਾ ਸ਼ਰਮਨਾਕ ਕਾਰਵਾਈ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਸਰਕਾਰ ਨੂੰ ਅਤੀਤ ਤੋਂ ਸਬਕ ਲੈਂਦਿਆਂ ਕੋਈ ਵੀ ਅਜਿਹੀ ਕਾਰਵਾਈ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿਸ ਦੇ ਨਾਲ ਸਿੱਖਾਂ ਵਿੱਚ ਰੋਸ ਤੇ ਅਲਹਿਦਗੀ ਦੀ ਭਾਵਨਾ ਵੱਧਦੀ ਹੋਵੇ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਹੁੰਦਾ ਹੋਵੇ।"
ਜਾਣੋ ਅਮ੍ਰਿਤਪਾਲ ਸਿੰਘ ਕੌਣ ਹਨ, ਉਨ੍ਹਾਂ ਦਾ ਪਿਛੋਕੜ ਕੀ ਹੈ
ਅਮ੍ਰਿਤਪਾਲ ਸਿੰਘ ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਗਸਤ 2022 ਵਿੱਚ ਪੰਜਾਬ ਵਾਪਸ ਆਇਆ ਸੀ। ਉਸ ਦਾ ਪਿੰਡ ਜੱਲੂਪੁਰ ਖੇੜਾ ਹੈ।
ਅਮ੍ਰਿਤਪਾਲ ਨੇ ਪੰਜਾਬ ਆ ਕੇ ਅਮ੍ਰਿਤ ਸੰਚਾਰ ਕੀਤਾ ਅਤੇ ਆਪਣੀਆਂ ਕਾਰਵਾਈਆਂ ਪੰਜਾਬ ਵਿੱਚ ਸ਼ੁਰੂ ਕਰ ਦਿੱਤੀਆਂ।
ਇਸ ਦੌਰਾਨ ਅਮ੍ਰਿਤਪਾਲ ਨੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ ਸੀ।
29 ਸਤੰਬਰ ਨੂੰ ਪਿੰਡ ਰੋਡੇ 'ਚ ਅਮ੍ਰਿਤਪਾਲ ਦੀ ਦਸਤਾਰਬੰਦੀ ਹੋਈ ਸੀ।
ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਰੋਡੇ ਪਿੰਡ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜੱਦੀ ਪਿੰਡ ਹੈ।
ਅਮ੍ਰਿਤਪਾਲ ਸਿੰਘ ਨੇ ਭਿੰਡਰਾਵਾਲੇ ਵਰਗਾ ਪਹਿਰਾਵਾ, ਭਾਸ਼ਾ ਤੇ ਚਾਲ-ਢਾਲ ਅਪਣਾਉਣ ਤੋਂ ਬਾਅਦ 'ਵਾਰਿਸ ਪੰਜਾਬ ਦੇ' ਜਥੇਬੰਦੀ ਦਾ ਮੁਖੀ ਬਣਨ ਸਮੇਂ ਸਮਾਗਮ ਲਈ ਇਸੇ ਪਿੰਡ ਦੀ ਚੋਣ ਕੀਤੀ ਸੀ।
'ਵਾਰਿਸ ਪੰਜਾਬ ਦੇ' ਜਥੇਬੰਦੀ ਕਿਸਾਨੀ ਅੰਦੋਲਨ ਦੌਰਾਨ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਬਣਾਈ ਸੀ।
ਅਮ੍ਰਿਤਪਾਲ ਸਿੰਘ ਨੇ 10 ਫ਼ਰਵਰੀ 2023 ਨੂੰ ਬਾਬਾ ਬਕਾਲਾ ਵਿੱਚ ਵਿਆਹ ਕਰਵਾਇਆ ਸੀ।