You’re viewing a text-only version of this website that uses less data. View the main version of the website including all images and videos.
ਪੰਜਾਬ: ਬਟਾਲਾ 'ਚ ਦਿਨ-ਰਾਤ ਚੱਲਣ ਵਾਲੀਆਂ ਫੈਕਟਰੀਆਂ ਕਿਉਂ ਹੋ ਰਹੀਆਂ ਬੰਦ, ਕਰਿਆਨੇ ਦੀਆਂ ਦੁਕਾਨਾਂ ਤੇ ਬੇਕਰੀਆਂ ਖੋਲ੍ਹ ਕੇ ਕੰਮ ਚਲਾ ਰਹੇ ਲੋਕ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦਾ ਸ਼ਹਿਰ ਬਟਾਲਾ ਕਿਸੇ ਸਮੇਂ ਲੋਹਾ ਮੰਡੀ ’ਚ ਮਸ਼ੀਨ ਟੂਲ ਉਦਯੋਗ ਦੇ ਵਪਾਰ ਦੇ ਨਾਂ 'ਤੇ ਪੂਰੇ ਦੇਸ਼ 'ਚ ਆਪਣੀ ਵੱਖਰੀ ਪਛਾਣ ਰੱਖਣ ਵਾਲਾ ਸ਼ਹਿਰ ਸੀ।
ਪਰ ਸਮੇਂ-ਸਮੇਂ 'ਤੇ ਆਈਆਂ ਸਮੱਸਿਆਵਾਂ ਕਾਰਨ ਇਹੀ ਬਟਾਲਾ ਉਦਯੋਗ ਅੱਜ ਆਪਣਾ ਅਕਸ ਗੁਆਉਣ ਦੀ ਕਾਗਾਰ ਉੱਤੇ ਹੈ।
ਇਸ ਸਥਿਤੀ ਲਈ ਕਈ ਪੱਖ ਜ਼ਿੰਮੇਵਾਰ ਹਨ ਪਰ ਉੱਥੋਂ ਦੇ ਲੋਕ ਤੇ ਮਾਹਰ ਮੁੱਖ ਕਾਰਨ ਸੂਬਾ ਅਤੇ ਕੇਂਦਰ ਸਰਕਾਰ ਦਾ ਉਦਯੋਗ ਵੱਲ ਕੋਈ ਵਿਸ਼ੇਸ਼ ਧਿਆਨ ਨਾ ਦੇਣਾ ਦੱਸਦੇ ਹਨ।
ਬਟਾਲਾ ਉਦਯੋਗ
ਬਟਾਲਾ ਉਦਯੋਗ ਦੀ ਗੱਲ ਕਰੀਏ ਤਾਂ ਇੱਥੇ ਸ਼ੁਰੂ ਤੋਂ ਖਰਾਦ, ਸ਼ੇਪਰ, ਪਲੈਨਰ ਡਰਿੱਲ ਮਸ਼ੀਨਾਂ ਆਦਿ ਤਿਆਰ ਹੁੰਦੀਆਂ ਸਨ ਜੋ ਹਰ ਤਰ੍ਹਾਂ ਦੇ ਛੋਟੇ ਅਤੇ ਵੱਡੇ ਉਦਯੋਗ ’ਚ ਵਰਤੋਂ ਵਿੱਚ ਆਉਂਦੀਆਂ ਸਨ।
ਉਥੇ ਹੀ ਕਈ ਕਾਰਖਾਨੇ ਹਨ ਜਿੱਥੇ ਛੋਟੇ ਅਤੇ ਵਡੇ ਪੱਧਰ ਦੀਆਂ ਕੋਲੇ ਨਾਲ ਚੱਲਣ ਵਾਲੀਆਂ ਭੱਠੀਆਂ ਹਨ ਪਰ ਹੁਣ ਇਹ ਕਾਰੋਬਾਰ ਕਰਨ ਵਾਲੇ ਇਥੋਂ ਜਾ ਚੁੱਕੇ ਹਨ।
ਪਿਛਲੇ ਕਈ ਸਾਲਾਂ ਤੋ ਇਸੇ ਸ਼ਹਿਰ ’ਚ ਮਸ਼ੀਨ ਟੂਲ ਦਾ ਉਦਯੋਗ ਚਲਾ ਰਹੇ ਸਨਅਤਕਾਰ ਸੁਖਜਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਬਟਾਲਾ ’ਚ ਸੰਨ 1960 ਦੇ ਕਰੀਬ ਛੋਟੇ ਪੱਧਰ ’ਤੇ ਇੱਕ ਵਰਕਸ਼ਾਪ ਲਗਾਈ ਸੀ।
ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1981 ’ਚ ਇਸ ਕਾਰੋਬਾਰ ਨੂੰ ਵਧਾਉਣ ਦਾ ਇਰਾਦਾ ਕੀਤਾ।
ਉਹ ਸਮਾਂ ਸੀ ਜਦੋਂ ਦੇਸ਼ ਅੱਗੇ ਵਧ ਰਿਹਾ ਸੀ ਅਤੇ ਉਸੇ ਰਫ਼ਤਾਰ ਨਾਲ ਛੋਟੇ ਉਦਯੋਗ ਵੀ ਤਰੱਕੀ ਕਰ ਰਹੇ ਸਨ।
ਉਨ੍ਹਾਂ ਦਾ ਕਾਰੋਬਾਰ ਇੰਨਾ ਵਧਿਆ ਕਿ ਵਰਕਸ਼ਾਪਾਂ ਦੀ ਗਿਣਤੀ ਵੀ ਵੱਧ ਗਈ ਇੱਥੋਂ ਤੱਕ ਕਿ ਉਨ੍ਹਾਂ ਨੇ ਮੁੰਬਈ ਵਿੱਚ ਵੀ ਇੱਕ ਦਫ਼ਤਰ ਬਣਾ ਲਿਆ।
ਸੁਖਜਿੰਦਰ ਸਿੰਘ ਮੁਤਾਬਕ ਉਦੋਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸਨਅਤੀ ਨੀਤੀਆ ਪੱਖ ’ਚ ਸਨ ।
ਕਿਉਂਕਿ ਉਦੋਂ "ਭਾੜਾ ਆਰਥਿਕਤਾ ਨੀਤੀ" ਇੱਕ ਵੱਡੀ ਰਾਹਤ ਸੀ ਜਿਸ ਤਹਿਤ ਕੱਚੇ ਮਾਲ ਦੀ ਢੋਆ-ਢੁਆਈ ਜਿਸ ’ਚ ਕੱਚਾ ਲੋਹਾ (ਦੇਗੀ) ਕੋਲਾ, ਸਟੀਲ ਆਦਿ ਦਾ ਭਾੜਾ ਬਹੁਤ ਘੱਟ ਸੀ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਸੌਖਾ ਮਿਲ ਜਾਂਦਾ ਸੀ, ਪਰ ਫ਼ਿਰ ਇਹ ਸਭ ਖ਼ਤਮ ਹੋ ਗਿਆ।
1991 ਵਿੱਚ "ਭਾੜਾ ਆਰਥਿਕਤਾ ਨੀਤੀ" ਵਿੱਚ ਤਬਦੀਲੀ ਆਈ ਤਾਂ ਕਿਰਾਇਆ ਵੱਧ ਗਿਆ ਅਤੇ ਬਟਾਲਾ ਆਖਰੀ ਸਟੇਸ਼ਨ ਹੋਣ ਕਾਰਨ ਇੱਥੋਂ ਦੇ ਵਪਾਰੀਆਂ ਨੂੰ ਦੂਜੇ ਸ਼ਹਿਰਾਂ ਦੇ ਲੋਕਾਂ ਤੋਂ ਕੱਚਾ ਮਾਲ ਮਹਿੰਗਾ ਮਿਲਣਾ ਸ਼ੁਰੂ ਹੋ ਗਿਆ।
ਜਿਸ ਕਾਰਨ ਕਿਰਾਇਆ ਕਾਫ਼ੀ ਵੱਧ ਗਿਆ ਅਤੇ ਇਹ ਵਜਾਹ ਸੀ ਕੀ ਉਦੋਂ ਬਹੁਤ ਸਾਰੇ ਯੂਨਿਟ ਬਟਾਲਾ ਤੋਂ ਲੁਧਿਆਣੇ ਅਤੇ ਹੋਰਨਾਂ ਸੂਬਿਆ ’ਚ ਚਲੇ ਗਏ।
ਕਾਰੋਬਾਰਾਂ ਦਾ ਸਿਮਟਣਾਂ
ਸੁਖਜਿੰਦਰ ਸਿੰਘ ਦੱਸਦੇ ਹਨ ਕਿ ਭਾਵੇਂ ਉਹ ਅੱਜ ਵੀ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ, ਪਰ ਜਿੱਥੇ ਉਨ੍ਹਾਂ ਦੇ ਕਰੀਬ 6 ਯੂਨਿਟ ਸਨ ਅਤੇ ਕਈ ਸੈਂਕੜੇ ਲੋਕ ਉਨ੍ਹਾਂ ਨਾਲ ਕੰਮ ਕਰਦੇ ਸਨ ਹੁਣ ਉਨ੍ਹਾਂ ਕੋਲ ਨਾ ਓਨੇ ਯੁਨਿਟ ਹਨ ਤੇ ਕਾਮਿਆਂ ਦੀ ਗਿਣਤੀ ਵੀ ਘੱਟ ਕੇ 100 ਰਹਿ ਗਈ ਹੈ।
ਉਨ੍ਹਾਂ ਦਾ ਮੁੰਬਈ ਵਿਚਲਾ ਦਫ਼ਤਰ ਬੰਦ ਹੋ ਚੁੱਕਿਆ ਹੈ।
ਸੁਖਜਿੰਦਰ ਕਹਿੰਦੇ ਹਨ, “ਇਸ ਸਨਅਤ ਨੂੰ ਚਲਾਉਣ ਅਤੇ ਘਰ ਪਰਿਵਾਰ ਨੂੰ ਚਲਾਉਣ ਲਈ ਜੋ ਕਮਾਇਆ ਸੀ ਉਸ ਲਈ ਹੁਣ ਜਾਇਦਾਦ ਤੱਕ ਵੀ ਵੇਚਣੀ ਪੈ ਰਹੀ ਹੈ।”
ਉਨ੍ਹਾਂ ਦਾ ਕਹਿਣਾ ਹੈ ਕਿ,“ਬੈਂਕ ਬੈਲੇਂਸ ਵਧਣ ਦੀ ਥਾਂ ਘੱਟ ਹੋ ਰਿਹਾ ਹੈ ਅਤੇ ਵੱਡੀ ਤਰਾਸਦੀ ਇਹ ਰਹੀ ਕੀ ਬੇਟਾ ਵੀ ਇਸ ਕਾਰੋਬਾਰ ’ਚ ਨਹੀਂ ਆਇਆ ਅਤੇ ਉਸ ਨੇ ਡੇਅਰੀ ਫਾਰਮਿੰਗ ਦਾ ਕਾਰੋਬਾਰ ਸ਼ੁਰੂ ਕਰ ਲਿਆ ਹੈ।”
“ਉਸ ਕਾਰੋਬਾਰ ’ਚ ਵੀ ਕਈ ਸਾਲ ਦੇ ਸੰਘਰਸ਼ ਮਗਰੋਂ ਹੁਣ ਕੁਝ ਠਹਿਰਾਅ ਆਇਆ ਹੈ।”
ਸੁਖਜਿੰਦਰ ਸਿੰਘ ਇੱਥੋ ਤੱਕ ਕਹਿੰਦੇ ਹਨ ਕੀ ਭਾਵੇਂ ਉਹ ਇਸ ਮਸ਼ੀਨ ਟੂਲ ਦਾ ਕੰਮ ਕਰ ਰਹੇ ਹਨ ਪਰ ਇਹ ਕਾਰੋਬਾਰ ਕੁਝ ਸਾਲਾਂ ਤੱਕ ਹੀ ਚੱਲ ਸਕੇਗਾ।
ਉਹ ਇਸਦਾ ਕਾਰਨ ਸਰਕਾਰਾਂ ਦੀ ਬੇਰੁਖ਼ੀ, ਕਾਰੀਗਰਾਂ ਦੀ ਘਾਟ ਅਤੇ ਨਵੀਂ ਤਕਨੀਕ ਦਾ ਆਉਣਾ ਦੱਸਦੇ ਹਨ।
ਦੂਜੀ ਪੀੜ੍ਹੀ ਦਾ ਭਵਿੱਖ
ਉੱਧਰ ਸੁਖਜਿੰਦਰ ਸਿੰਘ ਦੇ ਪੁੱਤ ਮਨਬੀਰ ਸਿੰਘ ਦਾ ਕਹਿਣਾ ਹੈ ਕੀ ਜਦੋਂ ਉਸਨੇ ਪੜ੍ਹਾਈ ਪੂਰੀ ਕੀਤੀ ਅਤੇ ਆਪਣੇ ਪੀੜੀਆਂ ਤੋਂ ਚੱਲੀ ਆ ਰਹੀ ਸਨਅਤ ਨਾਲ ਸ਼ੁਰੂਆਤ ਕੀਤੀ।
ਪਿਤਾ ਨੇ ਸਾਲ 2004 ’ਚ ਉਨ੍ਹਾਂ ਨੂੰ ਮੁੰਬਈ ਦਫ਼ਤਰ ਦੀ ਜ਼ਿੰਮੇਵਾਰੀ ਦਿੱਤੀ ਅਤੇ ਉੱਥੇ ਜਾ ਕੇ ਕਾਰੋਬਾਰ ਵਧਾਉਣ ਲਈ ਕੰਮ ਸ਼ੁਰੂ ਕੀਤਾ ਗਿਆ।
ਕਾਰਨ, ਬਟਾਲਾ ’ਚ ਮਸ਼ੀਨਾਂ ਤਿਆਰ ਹੁੰਦੀਆ ਹਨ ਪਰ ਉਨ੍ਹਾਂ ਦੀ ਮੁੱਖ ਮਾਰਕੀਟ ਦੱਖਣੀ ਸੂਬਿਆਂ ਵਿੱਚ ਹੈ ਇਸ ਤੋਂ ਇਲਾਵਾ ਮਹਾਰਾਸ਼ਟਰ ਵੀ ਅਹਿਮ ਬਜ਼ਾਰ ਸੀ।
ਇਹ ਉਹ ਦੌਰ ਸੀ ਜਦੋਂ ਗੁਜਰਾਤ ’ਚ ਇੰਡਸਟਰੀ ਵੱਧ ਰਹੀ ਸੀ ਅਤੇ ਉਹ ਉਸ ਨਾਲ ਮੁਕਾਬਲਾ ਨਹੀਂ ਕਰ ਸਕੇ।
ਮਨਬੀਰ ਕਹਿੰਦੇ ਹਨ ਉਨ੍ਹਾਂ ਨੂੰ ਵਾਪਸ ਆਉਣ ਪਿਆ ਅਤੇ ਮੁੰਬਈ ਦਫ਼ਤਰ ਬੰਦ ਕਰਨ ਦਾ ਫ਼ੈਸਲਾ ਲੈਣਾ ਪਿਆ।
ਇੱਥੇ ਆਕੇ ਵੀ ਪਹਿਲਾ ਆਪਣੇ ਪਿਤਾ ਪੁਰਖੀ ਕਾਰੋਬਾਰ ਕੀਤਾ ਪਰ ਕੁਝ ਸਮਾਂ ਬਾਅਦ ਉਨ੍ਹਾਂ ਨੇ ਇਸ ਦਾ ਬਦਲ ਸੋਚ ਕੇ ਡੇਅਰੀ ਫਾਰਮਿੰਗ ਦਾ ਕਾਰੋਬਾਰ ਕੀਤਾ।
ਬਟਾਲੇ ਦਾ ਇੰਡਸਟਰੀਅਲ ਏਰੀਆ
ਉੱਥੇ ਹੀ ਬਟਾਲਾ ਸ਼ਹਿਰ ’ਚ ਜਦੋਂ ਜੀਟੀ ਰੋਡ, ਇੰਡਸਟਰੀਅਲ ਏਰੀਆ ਅਤੇ ਫੋਕਲ ਪੁਆਇੰਟ ਵੱਲ ਇੱਕ ਝਾਤ ਮਾਰੀਏ ਤਾਂ ਉੱਥੇ ਕਈ ਅਜਿਹੇ ਕਾਰਖਾਨੇ ਹਨ ਜੋ ਜਾਂ ਤਾਂ ਬੰਦ ਹੋ ਚੁੱਕੇ ਹਨ ਜਾ ਫਿਰ ਉਨ੍ਹਾਂ ਨੇ ਆਪਣੇ ਮਸ਼ੀਨ ਟੂਲ ਦਾ ਕੰਮ ਨੂੰ ਬਦਲਕੇ ਕੋਈ ਹੋਰ ਸਨਅਤੀ ਕਾਰੋਬਾਰ ਆਪਣਾ ਲਿਆ ਹੈ।
ਇਸ ਇਲਾਕੇ ਦੀ ਇੱਕ ਵੱਡੀ ਫੈਕਟਰੀ ਜਿੱਥੇ ਕਦੀ ਮਸ਼ੀਨ ਟੂਲ ਬਣਦੇ ਸਨ ਅੱਜ ਪਾਰਕਿੰਗ ਲਈ ਵਰਤੀ ਜਾਂਦੀ ਹੈ।
ਫੈਕਟਰੀ ਦੇ ਦਫ਼ਤਰ ਵਿੱਚ ਫੈਕਟਰੀ ਮਾਲਕ ਵੱਲੋਂ ਇੱਕ ਜਨਰਲ ਸਟੋਰ ਖੋਲ੍ਹਿਆ ਗਿਆ ਹੈ।
ਸਮਾਨ ਵੇਚਦੇ ਅਤੇ ਪਾਰਕਿੰਗ ਦੀਆਂ ਪਰਚੀਆਂ ਕੱਟਦੇ ਮਾਲਕ ਅਤੁਲ ਕੁਮਾਰ ਦਾ ਕਹਿਣਾ ਹੈ ਕਿ,“ਕਦੇ ਇਸੇ ਥਾਂ ਉੱਤੇ ਵੱਡੀ ਇੰਡਸਟਰੀ ਸੀ ਅਤੇ ਕਈ ਲੋਕ ਇੱਥੇ ਕੰਮ ਕਰਦੇ ਸਨ ਪਰ ਸਮਾਂ ਅਜਿਹਾ ਆਇਆ ਕਿ ਵੱਡੀ ਮੰਦਹਾਲੀ ਦੇਖਣ ਨੂੰ ਮਿਲੀ।”
“ਹਾਲਾਤ ਇਹ ਹੋ ਗਏ ਕੀ ਜੋ ਲੇਬਰ ਕੰਮ ਕਰਦੀ ਸੀ ਉਨ੍ਹਾਂ ਦੀਆ ਤਨਖਾਹਾਂਂ ਦੇਣੀਆ ਮੁਸ਼ਕਿਲ ਹੋ ਗਈਆਂ ਅਤੇ 1997 ਵਿੱਚ ਉਨ੍ਹਾਂ ਨੂੰ ਆਪਣੀ ਇੰਡਸਟਰੀ ਬੰਦ ਕਰਨੀ ਪੈ ਗਈ।”
ਮਸ਼ੀਨਾਂ ਤਾਂ ਉਨ੍ਹਾਂ ਨੇ ਵੇਚ ਦਿੱਤੀਆ ਅਤੇ ਖਾਲੀ ਥਾਂ ਉੱਤੇ ਪਾਰਕਿੰਗ ਬਣਾ ਦਿਤੀ ਅਤੇ ਦਫ਼ਤਰ ਵਿੱਚ ਜਨਰਲ ਸਟੋਰ ਬਣਾਇਆ ਹੈ ਤਾਂ ਜੋ ਘਰ ਖ਼ਰਚ ਚੱਲ ਸਕੇ ।
ਕੁਝ ਇਸੇ ਤਰ੍ਹਾ ਬਟਾਲਾ - ਗੁਰਦਾਸਪੁਰ ਰੋਡ ’ਤੇ ਉਹ ਜਗ੍ਹਾ ਹੈ, ਜਿੱਥੇ ਕਦੇ ਖ਼ਰਾਦ ਦੀ ਫ਼ੈਕਟਰੀ ਸੀ ਤੇ ਹੁਣ ਉੱਥੇ ਬੇਕਰੀ ਹੈ।
ਬੇਕਰੀ ਮਾਲਕ ਹਰਵਿੰਦਰ ਸਿੰਘ ਦੱਸਦੇ ਹਨ ਕਿ ਭਾਂਵੇ ਉਹ ਬੀਟੈਕ ਤੱਕ ਪੜ੍ਹੇ ਸਨ ਪਰ ਉਨ੍ਹਾਂ ਨੂੰ ਫੈਕਟਰੀ ਬੰਦ ਕਰਨੀ ਪਈ।
ਉਹ ਇਸ ਲਈ ਸਰਕਾਰੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਸਾਲ 2018 ਵਿੱਚ ਉਨ੍ਹਾਂ ਨੂੰ ਆਪਣੀ ਫੈਕਟਰੀ ਬੰਦ ਕਰਕੇ ਬੇਕਰੀ ਦਾ ਕੰਮ ਕਰਨ ਲਈ ਮਜਬੂਰ ਹੋਣਾ ਪਿਆ।
ਹਰਵਿੰਦਰ ਸਿੰਘ ਦੱਸਦੇ ਹਨ ਕਿ ਕਾਰੋਬਾਰ ਬਦਲਣ ਦਾ ਮੁੱਖ ਕਾਰਨ ਸੀ ਕੀ ਬੈਂਕ ਦਾ ਵਿਆਜ ਵਧ ਰਿਹਾ ਸੀ ਅਤੇ ਕਾਰੋਬਾਰ ਦੀ ਮੰਦੀ ਹਾਲਾਤ ਸੀ ਅਤੇ ਸਰਕਾਰਾਂ ਵਲੋਂ ਵੀ ਕੋਈ ਰਾਹਤ ਨਹੀਂ ਸੀ।
ਮਾਹਰਾਂ ਦਾ ਕੀ ਕਹਿਣਾ ਹੈ
ਬਟਾਲਾ ਦੇ ਰਹਿਣ ਵਾਲੇ ਸਿਆਸੀ ਆਰਥਿਕ ਮਾਹਿਰ ਡਾ. ਅਨੂਪ ਸਿੰਘ ਦੱਸਦੇ ਹਨ ਕੀ ਉਹ ਵੀ ਦੌਰ ਸੀ ਕੀ ਜਦੋਂ ਸੰਨ 1980 ਤੱਕ ਬਟਾਲਾ ਵਿੱਚ ਬਹੁਤ ਵੱਡੇ ਪੱਧਰ ’ਤੇ ਫੈਕਟਰੀਆ ਸਨ ਉਦੋਂ ਸਿਰਫ਼ ਬਟਾਲਾ ਹੀ ਨਹੀਂ ਸਗੋਂ ਆਸ-ਪਾਸ ਦੇ ਕਈ ਇਲਾਕਿਆਂ ਦੇ ਲੋਕ ਰੋਜ਼ਾਨਾ ਕਈ-ਕਈ ਕਿਲੋਮੀਟਰ ਸਾਈਕਲਾਂ 'ਤੇ ਸਵਾਰ ਹੋ ਕੇ ਸਵੇਰੇ-ਸਵੇਰੇ ਬਟਾਲਾ ਦੀਆਂ ਫ਼ੈਕਟਰੀਆਂ ਵੱਲ ਨੂੰ ਜਾਂਦੇ ਸਨ।
“ਇਨ੍ਹਾਂ ਫ਼ੈਕਟਰੀਆਂ 'ਚ ਕੰਮ ਇੱਕ ਸ਼ਿਫ਼ਟ 'ਚ ਨਹੀਂ ਸਗੋਂ ਤਿੰਨ ਵਾਰ ਹੁੰਦਾ ਸੀ। ਦਿਨ ਰਾਤ ਕੰਮ ਚੱਲ ਰਿਹਾ ਸੀ।”
“ਪਰ ਅੱਤਵਾਦ ਦੇ ਦੌਰ ਅਤੇ ਮੁੜ ਸਰਕਾਰ ਦੀਆ ਨੀਤੀਆਂ ਕਾਰਨ ਇਨ੍ਹਾਂ ਛੋਟੀਆਂ ਸਨਅਤਾਂ ਲਈ ਮੰਦਹਾਲੀ ਦਾ ਸਮਾਂ ਸ਼ੁਰੂ ਹੋ ਗਿਆ।''
''ਵਾਜਪਾਈ ਸਰਕਾਰ ਵੱਲੋਂ ਇੱਕ ਪਾਸੇ ਦੂਜੇ ਸੂਬਿਆਂ ਜਿਨ੍ਹਾਂ ਵਿੱਚ ਨੀਮ ਪਹਾੜੀ ਇਲਾਕਿਆ ਨੂੰ ਵਿਸ਼ੇਸ਼ ਪੈਕਜ ਦੇਣਾ ਅਤੇ ਪੰਜਾਬ ’ਚ ਜੋ ਰਿਆਇਤਾਂ ਸਨ ਉਨ੍ਹਾਂ ਨੂੰ ਖ਼ਤਮ ਕਰਨਾ, ਇਹ ਮੁੱਖ ਕਾਰਨ ਰਹੇ ਜੋ ਅੱਜ ਬਟਾਲਾ ਦੀ ਮਸ਼ੀਨ ਟੂਲ ਸਨਅਤ ਆਖਰੀ ਸਾਹਾਂ ’ਤੇ ਹੈ।”
ਡਾ. ਅਨੂਪ ਸਿੰਘ ਦਾ ਕਹਿਣਾ ਹੈ ਕਿ ਹੁਣ ਤਾਂ ਇਹ ਹਾਲਾਤ ਹਨ ਪਿਛਲੇ ਸਾਲਾਂ ਵਿੱਚ ਕਈ ਛੋਟੇ ਅਤੇ ਵੱਡੇ ਕਾਰਖਾਨੇ ਬੰਦ ਹੋ ਗਏ ਹਨ ਜਾਂ ਉਨ੍ਹਾਂ ਨੇ ਲੋਹੇ ਦਾ ਇਹ ਕਾਰੋਬਾਰ ਛੱਡ ਕੇ ਹੋਰ ਕੰਮ ਸ਼ੁਰੂ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਇਸ ਇੰਡਸਟਰੀ ਨੂੰ ਬਚਾਉਣ ਦਾ ਢੰਗ ਇਹੀ ਹੈ ਕੀ ਇਸ ਇਲਾਕੇ ਵਿੱਚ ਹੀ ਨਹੀਂ ਬਲਕਿ ਪੂਰੇ ਪੰਜਾਬ ’ਚ ਕੇਂਦਰ ਸਰਕਾਰ ਵੱਲੋਂ ਸਰਹੱਦੀ ਖੇਤਰ ਨੂੰ ਵਿਸ਼ੇਸ਼ ਪੈਕਜ ਦਿੱਤਾ ਜਾਵੇ।
''ਇਸਦੇ ਨਾਲ ਹੀ ਇਸ ਇਲਾਕੇ ’ਚ ਨੌਜਵਾਨ ਪੀੜੀ ਲਈ ਇਸ ਇੰਡਸਟਰੀ ਵਿੱਚ ਕੰਮ ਕਰਨ ਲਈ ਇੱਕ ਹੁਨਰ ਦਾ ਸਿਖਲਾਈ ਕੇਂਦਰ ਵੀ ਖੋਲ੍ਹਿਆ ਜਾਵੇ ਤਾਂ ਹੀ ਇਹ ਇੰਡਸਟਰੀ ਬਚ ਸਕਦੀ ਹੈ।''