ਮਿਗ-21: ਭਾਰਤ ਦੇ ਮਸ਼ਹੂਰ ਅਤੇ ਵਿਵਾਦਪੂਰਨ ਸੋਵੀਅਤ ਲੜਾਕੂ ਜਹਾਜ਼ ਦਾ ਆਖ਼ਰੀ ਸਫ਼ਰ

ਤਸਵੀਰ ਸਰੋਤ, AFP via Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਭਾਰਤ ਪੱਤਰਕਾਰ
ਜਦੋਂ ਉਨ੍ਹਾਂ ਨੇ ਪਹਿਲੀ ਵਾਰ ਮਿਗ-21 ਨੂੰ ਪੂਰੀ ਸ਼ਕਤੀ ਨਾਲ ਉਡਾਇਆ ਅਤੇ ਧਰਤੀ ਤੋਂ 20 ਕਿਲੋਮੀਟਰ ਉੱਪਰ ਆਵਾਜ਼ ਦੀ ਦੁੱਗਣੀ ਗਤੀ ਨਾਲ ਉਡਾਇਆ, ਤਾਂ ਇਸ ਨੌਜਵਾਨ ਲੜਾਕੂ ਪਾਇਲਟ ਨੂੰ ਪੂਰੀ ਤਰ੍ਹਾਂ ਭਾਰਹੀਣਤਾ ਦਾ ਅਹਿਸਾਸ ਹੋਇਆ, ਜਿਵੇਂ ਅਸਮਾਨ ਨੇ ਖੁਦ ਉਸ ਨੂੰ ਆਜ਼ਾਦ ਕਰ ਦਿੱਤਾ ਹੋਵੇ।
ਏਅਰ ਮਾਰਸ਼ਲ (ਸੇਵਾਮੁਕਤ) ਪ੍ਰਿਥਵੀ ਸਿੰਘ ਬਰਾੜ ਯਾਦ ਕਰਦੇ ਹਨ, "ਮੈਕ 2 'ਤੇ, ਤੁਸੀਂ ਆਪਣੇ ਪੇਟ ਵਿੱਚ ਹਲਕਾਪਨ ਮਹਿਸੂਸ ਕਰ ਸਕਦੇ ਹੋ। ਉਸ ਗਤੀ 'ਤੇ ਮਿਗ-21 ਦੇ ਮੋੜ ਬਹੁਤ ਵੱਡੇ ਹੁੰਦੇ ਹਨ, ਤੇਜ਼ੀ ਨਾਲ ਮੁੜਨ ʼਤੇ ਤੁਸੀਂ ਇੱਕ ਪੂਰਾ ਚੱਕਰ ਕਰਨ ਤੋਂ ਪਹਿਲਾਂ ਕਈ ਕਿਲੋਮੀਟਰ ਤੱਕ ਉੱਡ ਸਕਦੇ ਹੋ।"
ਬਰਾੜ 1960 ਵਿੱਚ ਹਵਾਈ ਫੌਜ ਵਿੱਚ ਸ਼ਾਮਲ ਹੋਏ, 1966 ਵਿੱਚ ਸੋਵੀਅਤ ਜੈੱਟ ਵਿੱਚ ਤਬਦੀਲ ਹੋ ਗਏ ਅਤੇ ਅਗਲੇ 26 ਸਾਲਾਂ ਲਈ ਇਸ ਨੂੰ ਉਡਾਇਆ।
ਉਨ੍ਹਾਂ ਨੇ ਮੈਨੂੰ ਦੱਸਿਆ, "ਮੈਨੂੰ ਮਿਗ-21 ਉਡਾਉਣਾ ਓਨਾ ਹੀ ਪਸੰਦ ਸੀ ਜਿੰਨਾ ਇੱਕ ਪੰਛੀ ਅਸਮਾਨ ਨੂੰ ਪਿਆਰ ਕਰਦਾ ਹੈ। ਇਸ ਨੇ ਲੜਾਈ ਵਿੱਚ ਮੇਰੀ ਰੱਖਿਆ ਕੀਤੀ, ਜਦੋਂ ਇੱਕ ਬਾਜ਼ ਇੱਕ ਪੰਛੀ 'ਤੇ ਹਮਲਾ ਕਰਦਾ ਹੈ, ਤਾਂ ਚਲਾਕ ਪੰਛੀ ਭੱਜ ਜਾਂਦਾ ਹੈ। ਇਹੀ ਮਿਗ-21 ਮੇਰੇ ਲਈ ਸੀ।"
ਛੇ ਦਹਾਕਿਆਂ ਦੀ ਪ੍ਰਸ਼ੰਸਾ ਅਤੇ ਬਾਅਦ ਵਿੱਚ ਬਦਨਾਮੀ ਤੋਂ ਬਾਅਦ, ਭਾਰਤ ਦਾ ਸਭ ਤੋਂ ਮਸ਼ਹੂਰ ਲੜਾਕੂ ਜਹਾਜ਼ ਆਖ਼ਰਕਾਰ ਸ਼ੁੱਕਰਵਾਰ ਨੂੰ ਆਪਣੀ ਆਖ਼ਰੀ ਉਡਾਣ ਭਰ ਰਿਹਾ ਹੈ।

ਤਸਵੀਰ ਸਰੋਤ, Getty Images
ʻਆਈਏਐੱਫ ਦੀ ਰੀੜ੍ਹ ਦੀ ਹੱਡੀʼ
ਆਪਣੇ ਸਿਖ਼ਰ 'ਤੇ ਮਿਗ-21 ਭਾਰਤੀ ਹਵਾਈ ਫੌਜ (ਆਈਏਐੱਫ) ਦੀ ਰੀੜ੍ਹ ਦੀ ਹੱਡੀ ਸੀ, ਜੋ ਇਸ ਦੇ ਲੜਾਕੂ ਬੇੜੇ ਦਾ ਦੋ-ਤਿਹਾਈ ਹਿੱਸਾ ਸੀ। ਇਸ ਨੇ ਆਪਣੇ ਪਾਇਲਟਾਂ ਵਿੱਚ ਡੂੰਘੀ ਵਫ਼ਾਦਾਰੀ ਨੂੰ ਪ੍ਰੇਰਿਤ ਕੀਤਾ ਪਰ ਇਸ ਦੇ ਆਖ਼ਰੀ ਸਾਲਾਂ ਵਿੱਚ ਘਾਤਕ ਹਾਦਸਿਆਂ ਦੀ ਇੱਕ ਲੜੀ ਤੋਂ ਬਾਅਦ ਇਸ ਨੂੰ "ਉੱਡਣ ਵਾਲਾ ਤਾਬੂਤ" ਨਾਮ ਦਾ ਭਿਆਨਕ ਉਪਨਾਮ ਵੀ ਮਿਲਿਆ।
ਸਰਕਾਰੀ ਅੰਕੜਿਆਂ ਦੇ ਅਨੁਸਾਰ, 1966 ਅਤੇ 1980 ਦੇ ਵਿਚਕਾਰ ਭਾਰਤ ਨੇ ਵੱਖ-ਵੱਖ ਮਾਡਲਾਂ ਦੇ 872 ਮਿਗ ਜਹਾਜ਼ ਖਰੀਦੇ।
1971-72 ਅਤੇ ਅਪ੍ਰੈਲ 2012 ਦੇ ਵਿਚਕਾਰ, 482 ਮਿਗ ਹਾਦਸੇ ਦਰਜ ਕੀਤੇ ਗਏ, ਜਿਸ ਦੇ ਨਤੀਜੇ ਵਜੋਂ 171 ਪਾਇਲਟ, 39 ਨਾਗਰਿਕ, ਅੱਠ ਫੌਜੀ ਕਰਮਚਾਰੀ ਅਤੇ ਇੱਕ ਏਅਰਕ੍ਰਿਊ ਦੀ ਮੌਤ "ਮਨੁੱਖੀ ਗ਼ਲਤੀ ਅਤੇ ਤਕਨੀਕੀ ਅਸਫ਼ਲਤਾਵਾਂ" ਕਾਰਨ ਹੋਈ। ਉਦੋਂ ਤੋਂ ਇਹ ਅੰਕੜੇ ਅਧਿਕਾਰਤ ਤੌਰ 'ਤੇ ਅਪਡੇਟ ਨਹੀਂ ਕੀਤੇ ਗਏ ਹਨ।
ਭੂ-ਰਾਜਨੀਤਿਕ ਜੋਖ਼ਮ ਸਲਾਹਕਾਰ ਫਰਮ ਯੂਰੇਸ਼ੀਆ ਗਰੁੱਪ ਦੇ ਵਿਸ਼ਲੇਸ਼ਕ ਰਾਹੁਲ ਭਾਟੀਆ ਕਹਿੰਦੇ ਹਨ, "ਮਿਗ-21 ਦੀ ਇੱਕ ਸ਼ਾਨਦਾਰ ਵਿਰਾਸਤ ਰਹੀ ਹੈ। ਇਹ ਲੜਾਕੂ ਜਹਾਜ਼ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਭਾਰਤੀ ਹਵਾਈ ਸੈਨਾ ਦਾ ਮੁੱਖ ਆਧਾਰ ਰਿਹਾ ਹੈ ਅਤੇ 1965 ਦੀ ਪਾਕਿਸਤਾਨ ਜੰਗ ਤੋਂ ਬਾਅਦ ਭਾਰਤ ਦੀਆਂ ਸਾਰੀਆਂ ਜੰਗਾਂ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਉਂਦਾ ਰਿਹਾ।"
ਉਹ ਅੱਗੇ ਕਹਿੰਦੇ ਹਨ, "ਹਾਲਾਂਕਿ, 2000 ਦੇ ਦਹਾਕੇ ਦੀ ਸ਼ੁਰੂਆਤ ਤੋਂ ਇਹ ਲੜਾਕੂ ਜਹਾਜ਼ ਆਪਣੀ ਉੱਚ ਦੁਰਘਟਨਾ ਦਰ ਲਈ ਵਧੇਰੇ ਜਾਣਿਆ ਜਾਂਦਾ ਹੈ। ਪਾਇਲਟ ਮਿਗ-21 ਨੂੰ ਯਾਦ ਕਰ ਕੇ ਖੁਸ਼ ਹੁੰਦੇ ਹਨ, ਪਰ ਇਹ ਜਹਾਜ਼ ਉਮੀਦ ਤੋਂ ਬਹੁਤ ਜ਼ਿਆਦਾ ਸਮੇਂ ਤੱਕ ਸੇਵਾ ਵਿੱਚ ਰਿਹਾ।"
ਸੋਵੀਅਤ ਯੂਨੀਅਨ ਦੁਆਰਾ ਡਿਜ਼ਾਈਨ ਕੀਤਾ ਗਿਆ ਅਤੇ ਪਹਿਲੀ ਵਾਰ 1963 ਵਿੱਚ ਸ਼ਾਮਲ ਕੀਤਾ ਗਿਆ, ਸੂਈ ਵਾਂਗ ਦਿਸਣ ਵਾਲਾ ਮਿਗ-21 ਬਹੁਤ ਪਤਲਾ, ਬਹੁਤ ਚੁਸਤ ਬੇਹੱਦ ਤੇਜ਼ ਅਤੇ ਉੱਚ ਗਤੀ ਨਾਲ ਉਡਾਣ ਭਰ ਸਕਦਾ ਸੀ।
ਆਪਣੇ ਸਿਖਰ 'ਤੇ, ਜਹਾਜ਼ ਨੇ ਸੋਵੀਅਤ ਯੂਨੀਅਨ, ਚੀਨ ਅਤੇ ਭਾਰਤ ਤੋਂ ਲੈ ਕੇ ਮਿਸਰ, ਇਰਾਕ ਅਤੇ ਵੀਅਤਨਾਮ ਤੱਕ 50 ਤੋਂ ਵੱਧ ਹਵਾਈ ਸੈਨਾਵਾਂ ਨਾਲ ਉਡਾਣ ਭਰੀ, ਜਿਸ ਨਾਲ ਇਹ ਇਤਿਹਾਸ ਵਿੱਚ ਸਭ ਤੋਂ ਵੱਧ ਸੰਚਾਲਿਤ ਸੁਪਰਸੋਨਿਕ ਜੈੱਟ ਜਹਾਜ਼ਾਂ ਵਿੱਚੋਂ ਇੱਕ ਬਣ ਗਿਆ।
ਭਾਰਤ ਵਿੱਚ ਜਿੱਥੇ ਸਰਕਾਰੀ ਮਾਲਕੀ ਵਾਲੀ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐੱਚਏਐੱਲ) ਨੇ 1960 ਦੇ ਦਹਾਕੇ ਦੇ ਮੱਧ ਵਿੱਚ ਇਸ ਲਈ ਲਾਇਸੈਂਸ-ਨਿਰਮਾਣ ਸ਼ੁਰੂ ਕੀਤਾ ਸੀ, ਮਿਗ-21 ਭਾਰਤੀ ਹਵਾਈ ਸੈਨਾ ਦੇ ਸਕੁਐਡਰਨ ਦਾ ਇੱਕ ਅਧਾਰ ਬਣ ਗਿਆ, ਜਿਸ ਦੀ ਵੱਖ-ਵੱਖ ਲੜਾਈ ਭੂਮਿਕਾਵਾਂ ਵਿੱਚ ਇਸ ਦੇ ਬਹੁਪੱਖ ਹੁਨਰ ਲਈ ਪ੍ਰਸ਼ੰਸਾ ਕੀਤੀ ਗਈ।

ਤਸਵੀਰ ਸਰੋਤ, AFP via Getty Images
ਸ਼ਕਤੀਸ਼ਾਲੀ ਬਹੁ-ਭੂਮਿਕਾ ਲੜਾਕੂ ਜਹਾਜ਼
ਪਾਇਲਟਾਂ ਦਾ ਕਹਿਣਾ ਹੈ ਕਿ ਮਿਗ-21 ਦਾ ਕਾਕਪਿਟ ਬਹੁਤਾ ਆਰਾਮਦਾਇਕ ਨਹੀਂ ਸੀ, ਸਿਰਫ਼ ਇੱਕ ਸੀਟ ਅਤੇ ਆਲੇ-ਦੁਆਲੇ ਅਸਮਾਨ ਸੀ।
ਏਅਰ ਮਾਰਸ਼ਲ (ਸੇਵਾਮੁਕਤ) ਵਿਨੋਦ ਕੇ. ਭਾਟੀਆ ਯਾਦ ਕਰਦੇ ਹਨ ਕਿ ਰੂਸੀ ਸਰਦੀਆਂ ਲਈ ਤਿਆਰ ਕੀਤਾ ਗਿਆ ਏਅਰ-ਕੰਡੀਸ਼ਨਿੰਗ, ਭਾਰਤ ਦੀ ਤੇਜ਼ ਗਰਮੀਆਂ ਲਈ ਬਹੁਤ ਘੱਟ ਸੀ। ਘੱਟ ਪੱਧਰ 'ਤੇ, ਕਾਕਪਿਟ ਅਕਸਰ ਦਮ ਘੁੱਟਣ ਵਾਲੇ ਹੋ ਜਾਂਦੇ ਸਨ ਅਤੇ ਪਾਇਲਟ ਇੱਕ ਸਿੰਗਲ ਉਡਾਣ ਦੌਰਾਨ ਇੱਕ ਕਿਲੋਗ੍ਰਾਮ ਜਾਂ ਇਸ ਤੋਂ ਵੱਧ ਭਾਰ ਘਟਾ ਸਕਦੇ ਸਨ।
ਉਨ੍ਹਾਂ ਨੇ ਮੈਨੂੰ ਦੱਸਿਆ, "ਮੈਂ ਜੋ ਜ਼ਿਆਦਾਤਰ ਉਡਾਣਾਂ ਭਰੀਆਂ ਸਨ ਉਹ ਲਗਭਗ 30 ਮਿੰਟ ਲੰਬੀਆਂ ਸਨ, ਇਸ ਲਈ ਬੇਅਰਾਮੀ ਸਹਿਣਯੋਗ ਸੀ। ਹਾਲਾਂਕਿ, ਅੰਤ ਵਿੱਚ ਇਹ ਸਭ ਖੇਡ ਦਾ ਹਿੱਸਾ ਸੀ ਅਤੇ ਫਿਰ ਵੀ ਮਜ਼ੇਦਾਰ ਸੀ।"
ਮੂਲ ਰੂਪ ਵਿੱਚ ਗਤੀ ਅਤੇ ਘੱਟ ਦੂਰੀ ਦੀ ਚੜ੍ਹਾਈ ਲਈ ਤਿਆਰ ਕੀਤਾ ਗਿਆ ਉੱਚ-ਉਚਾਈ ਵਾਲਾ ਇੰਟਰਸੈਪਟਰ ਮਿਗ-21 ਨੂੰ ਘੱਟ ਦੂਰੀ ʼਤੇ ਦੁਸ਼ਮਣ ਤੱਕ ਪਹੁੰਚਣ ਲਈ ਭਾਰਤੀ ਹਵਾਈ ਸੈਨਾ ਦੁਆਰਾ ਨਜ਼ਦੀਕੀ ਲੜਾਈ ਅਤੇ ਜ਼ਮੀਨੀ ਹਮਲਿਆਂ ਲਈ ਤੇਜ਼ੀ ਨਾਲ ਅਨੁਕੂਲ ਬਣਾਇਆ ਗਿਆ ਸੀ।
ਪਾਕਿਸਤਾਨ ਨਾਲ 1971 ਦੀ ਜੰਗ ਤੱਕ, ਇਹ ਇੱਕ ਸ਼ਕਤੀਸ਼ਾਲੀ ਬਹੁ-ਭੂਮਿਕਾ ਲੜਾਕੂ ਬਣ ਗਿਆ ਸੀ, ਹਾਲਾਂਕਿ 1965 ਦੀ ਜੰਗ ਵਿੱਚ ਇਹ ਅਜੇ ਵੀ ਨਵਾਂ ਸੀ ਅਤੇ ਮੁੱਖ ਤੌਰ 'ਤੇ ਇੱਕ ਇੰਟਰਸੈਪਟਰ ਸੀ।
ਮਿਗ-21 ਨੇ ਰੂਸ ਨਾਲ ਭਾਰਤ ਦੇ ਰੱਖਿਆ ਸਬੰਧਾਂ ਨੂੰ ਵੀ ਆਕਾਰ ਦਿੱਤਾ ਅਤੇ ਇਸਦੇ ਆਪਣੇ ਏਅਰੋਸਪੇਸ ਉਦਯੋਗ ਨੂੰ ਤੇਜ਼ ਕਰਨ ਵਿੱਚ ਮਦਦ ਕੀਤੀ।
ਏਅਰ ਮਾਰਸ਼ਲ ਬਰਾੜ ਕਹਿੰਦੇ ਹਨ, "ਅਸੀਂ ਜਹਾਜ਼ ਨੂੰ ਭਾਰਤੀ ਹਾਲਾਤਾਂ ਦੇ ਅਨੁਸਾਰ ਬਹੁਤ ਵਧੀਆ ਢੰਗ ਨਾਲ ਢਾਲਿਆ। ਹਾਲਾਂਕਿ ਇਸ ਦੀਆਂ ਡਿਜ਼ਾਈਨ ਸੀਮਾਵਾਂ ਸਨ ਅਤੇ ਇਹ ਨਜ਼ਦੀਕੀ ਲੜਾਈ ਲਈ ਤਿਆਰ ਨਹੀਂ ਕੀਤਾ ਗਿਆ ਸੀ।"
"ਫਿਰ ਵੀ ਅਸੀਂ ਇਸ ਨੂੰ ਰੂਸੀ ਟੈਸਟ ਪਾਇਲਟਾਂ ਅਤੇ ਮੈਨੂਅਲ ਦੁਆਰਾ ਸਿਖਾਈਆਂ ਗਈਆਂ ਸਮਰੱਥਾਵਾਂ ਤੋਂ ਅੱਗੇ ਵਧਾਇਆ ਅਤੇ ਅਸਲ ਪ੍ਰਭਾਵਸ਼ਾਲੀ ਢੰਗ ਨਾਲ ਨਜ਼ਦੀਕੀ ਲੜਾਈ ਉਡਾਣ ਵਿੱਚ ਮੁਹਾਰਤ ਹਾਸਲ ਕੀਤੀ।"
ਇਹ ਅਨੁਕੂਲਤਾ 1971 ਦੀ ਜੰਗ ਵਿੱਚ ਇਸ ਦੀ ਭੂਮਿਕਾ ਨੂੰ ਪਰਿਭਾਸ਼ਿਤ ਕਰਨ ਲੱਗੀ।

ਤਸਵੀਰ ਸਰੋਤ, Getty Images
ਮਿਗ-21 ਨੇ ਪਾਕਿਸਤਾਨੀ ਖੇਤਰ ਵਿੱਚ ਡੂੰਘਾਈ ਨਾਲ ਘੱਟ-ਉਚਾਈ ਵਾਲੇ ਰਾਤ ਦੇ ਹਮਲੇ ਕੀਤੇ। ਮਿਗ-21 ਦੇ ਇੱਕ ਸਮੂਹ ਨੇ ਢਾਕਾ ਵਿੱਚ ਗਵਰਨਰ ਹਾਊਸ 'ਤੇ ਹਮਲਾ ਕੀਤਾ, ਇਸ ਦੇ ਛੱਤ ਵਾਲੇ ਵੈਂਟੀਲੇਟਰਾਂ ਰਾਹੀਂ ਰਾਕੇਟ ਦਾਗ਼ੇ।
ਏਅਰ ਮਾਰਸ਼ਲ ਬਰਾੜ ਕਹਿੰਦੇ ਹਨ, "ਹਰੇਕ ਜਹਾਜ਼ ਵਿੱਚ ਦੋ 500 ਕਿਲੋਗ੍ਰਾਮ ਦੇ ਬੰਬ ਸਨ ਅਤੇ ਮੈਂ ਤਿੰਨ ਜਾਂ ਚਾਰ ਅਜਿਹੇ ਮਿਸ਼ਨ ਉਡਾਏ। ਅੰਮ੍ਰਿਤਸਰ ਤੋਂ ਉਡਾਣ ਭਰਦੇ ਹੋਏ ਅਸੀਂ 35 ਮਿੰਟਾਂ ਦੇ ਅੰਦਰ ਪਾਕਿਸਤਾਨ ਦੇ ਅੰਦਰ ਸੀ, 250 ਕਿਲੋਮੀਟਰ ਅੰਦਰ ਆਪਣੇ ਨਿਸ਼ਾਨਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਰਾਜਸਥਾਨ ਰਾਹੀਂ ਵਾਪਸ ਦੌੜੇ, ਜੋ ਕਿ ਸਭ ਤੋਂ ਛੋਟਾ ਰਸਤਾ ਸੀ।"
ਏਅਰ ਮਾਰਸ਼ਲ ਭਾਟੀਆ ਦੇ ਅਨੁਸਾਰ, ਹਰੇਕ ਲੜਾਕੂ ਜਹਾਜ਼ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਅਤੇ ਮਿਗ-21 ਵੀ ਕੋਈ ਅਪਵਾਦ ਨਹੀਂ ਸੀ।
ਤੇਜ਼-ਰਫ਼ਤਾਰ ਨਾਲ ਉਤਰਨਾ ਅਤੇ ਇੱਥੋਂ ਤੱਕ ਕਿ ਤੇਜ਼-ਰਫ਼ਤਾਰ ਨਾਲ ਰੁਕਣਾ ਵੀ ਇਸ ਦੇ ਚਰਿੱਤਰ ਦਾ ਹਿੱਸਾ ਸੀ।
ਉਹ ਆਖਦੇ ਹਨ, "ਇਸ ਵਿੱਚ ਮੁਹਾਰਤ ਹਾਸਲ ਕਰੋ, ਇਸ ਦਾ ਸਤਿਕਾਰ ਕਰੋ ਅਤੇ ਇਹ ਉੱਡਣ ਲਈ ਇੱਕ ਸੋਹਣਾ ਜਹਾਜ਼ ਸੀ।"
ਜਿਨ੍ਹਾਂ ਪਾਇਲਟਾਂ ਨੇ ਇਸ ਨੂੰ ਉਡਾਇਆ ਸੀ, ਉਨ੍ਹਾਂ ਲਈ ਬਾਅਦ ਦੇ ਸਾਲਾਂ ਵਿੱਚ ਮਿਗ-21 ਦੀ ਖ਼ਰਾਬ ਹੋਈ ਸਾਖ ਅਣਉਚਿਤ ਸੀ।
ਇੱਕ ਪਾਇਲਟ ਨੇ ਕਿਹਾ, "ਮੀਡੀਆ ਇਸ ਜਹਾਜ਼ ਪ੍ਰਤੀ ਬਹੁਤ ਬੇਰਹਿਮ ਰੁਖ਼ ਅਪਨਾਇਆ ਸੀ।"
ਰੱਖਿਆ ਵਿਸ਼ਲੇਸ਼ਕ ਰਾਹੁਲ ਬੇਦੀ ਕਹਿੰਦੇ ਹਨ, "ਮਿਗ-21 ਦੇ ਆਲੇ-ਦੁਆਲੇ ਬਹੁਤ ਸਾਰੀਆਂ ਅਣਉਚਿਤ ਯਾਦਾਂ ਹਨ ਕਿਉਂਕਿ ਇਹ ਬਹੁਤ ਸਾਰੀਆਂ ਮੌਤਾਂ ਲਈ ਜ਼ਿੰਮੇਵਾਰ ਸੀ।"
ਬਹੁਤ ਸਾਰੇ ਲੋਕ ਅਕਸਰ ਹਾਦਸਿਆਂ ਦਾ ਕਾਰਨ ਇਸ ਦੇ ਪੁਰਾਣੇ ਏਅਰਫ੍ਰੇਮ ਅਤੇ ਲੰਬੇ ਰੱਖ-ਰਖਾਅ ਚੱਕਰ ਨੂੰ ਮੰਨਦੇ ਹਨ।
ਬੇਦੀ ਕਹਿੰਦੇ ਹਨ, "ਮਿਗ-21 ਦੀ ਸਭ ਤੋਂ ਵੱਡੀ ਚੁਣੌਤੀ ਇਸ ਦਾ ਇੰਜਣ ਅਤੇ ਉੱਚ ਲੈਂਡਿੰਗ ਸਪੀਡ ਸੀ, ਜਿਸ ਕਾਰਨ ਛੋਟੇ ਰਨਵੇਅ 'ਤੇ ਲੈਂਡਿੰਗ ਮੁਸ਼ਕਲ ਹੋ ਗਈ ਅਤੇ ਕਈ ਹਾਦਸੇ ਹੋਏ, ਜਿਸ ਲਈ ਅਕਸਰ ਪਾਇਲਟ ਦੀ ਗ਼ਲਤੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।"
"ਲੜਾਕੂ ਜਹਾਜ਼ ਨੂੰ ਰਿਟਾਇਰ ਕਰਨ ਦੀਆਂ ਕੋਸ਼ਿਸ਼ਾਂ ਵਾਰ-ਵਾਰ ਅਕੁਸ਼ਲਤਾ ਅਤੇ ਨੌਕਰਸ਼ਾਹੀ ਦੀ ਜੜ੍ਹਤਾ ਕਾਰਨ ਰੁਕੀਆਂ ਰਹੀਆਂ।"

ਤਸਵੀਰ ਸਰੋਤ, AFP via Getty Images
ਅਸਮਾਨ ਦਾ ਸਾਥੀ
ਹਵਾਈ ਸੈਨਾ ਨੂੰ ਮਿਗ-21 ਦੀ ਸੇਵਾ ਜੀਵਨ ਨੂੰ ਵਧਾਉਣਾ ਪਿਆ ਕਿਉਂਕਿ ਬਦਲਵੇਂ ਜਹਾਜ਼ ਉਪਲਬਧ ਨਹੀਂ ਸਨ। ਇਸ ਦੇ ਬਦਲੇ ਆਉਣ ਵਾਲੇ ਲੜਾਕੂ ਜਹਾਜ਼ ਦੀ ਕਲਪਨਾ 1981 ਵਿੱਚ ਕੀਤੀ ਗਈ ਸੀ, ਜਿਸ ਨੇ ਪਹਿਲੀ ਵਾਰ 2001 ਵਿੱਚ ਉਡਾਣ ਭਰੀ ਸੀ ਅਤੇ ਹੁਣ ਦਹਾਕਿਆਂ ਬਾਅਦ, ਸਿਰਫ਼ ਦੋ ਸਕੁਐਡਰਨ ਕਾਰਜਸ਼ੀਲ ਹਨ।
ਆਪਣੇ ਆਖ਼ਰੀ ਦੋ ਮਿਗ-21 ਸਕੁਐਡਰਨ ਦੀ ਸੇਵਾਮੁਕਤੀ ਦੇ ਨਾਲ ਭਾਰਤ ਕੋਲ ਹੁਣ ਮਨਜ਼ੂਰਸ਼ੁਦਾ 42 ਲੜਾਕੂ ਯੂਨਿਟਾਂ ਦੇ ਮੁਕਾਬਲੇ 29 ਯੂਨਿਟ ਹੋਣਗੀਆਂ। ਫਿਰ ਵੀ, ਜਿਨ੍ਹਾਂ ਪਾਇਲਟਾਂ ਨੇ ਇਸ ਨੂੰ ਉਡਾਇਆ ਸੀ, ਉਨ੍ਹਾਂ ਲਈ ਮਿਗ-21 ਕਦੇ ਵੀ ਸਿਰਫ਼ ਇੱਕ ਮਸ਼ੀਨ ਨਹੀਂ ਸੀ ਬਲਕਿ ਇਹ ਅਸਮਾਨ ਵਿੱਚ ਇੱਕ ਸਾਥੀ ਸੀ।
ਏਅਰ ਮਾਰਸ਼ਲ ਬਰਾੜ ਨੇ ਜੁਲਾਈ 2000 ਵਿੱਚ ਆਪਣੀ ਸੇਵਾਮੁਕਤੀ ਤੋਂ ਠੀਕ ਤੋਂ ਦਿਨ ਪਹਿਲਾਂ ਉੱਤਰੀ ਸ਼ਹਿਰ ਚੰਡੀਗੜ੍ਹ ਤੋਂ ਆਪਣੀ ਆਖ਼ਰੀ ਉਡਾਣ ਭਰਦੇ ਹੋਏ ਇਸ ਰਿਸ਼ਤੇ ਨੂੰ ਪ੍ਰਤੱਖ ਤੌਰ ʼਤੇ ਮਹਿਸੂਸ ਕੀਤਾ ਸੀ।
ਉਨ੍ਹਾਂ ਨੇ ਕਿਹਾ, "ਮੈਂ ਇੱਕ ਵਾਰ ਫਿਰ ਅਸਮਾਨ ਵਿੱਚ ਸੀ, ਮੰਨੋ ਜਿਵੇਂ ਕੋਈ ਪੰਛੀ ਆਖ਼ਰੀ ਵਾਰ ਉਡਾਣ ਭਰ ਰਿਹਾ ਹੋਵੇ। ਜਦੋਂ ਮੈਂ ਉੱਤਰਿਆ ਅਤੇ ਕਾਕਪਿਟ ਤੋਂ ਨਿਕਲਿਆ ਤਾਂ ਮੈਨੂੰ ਪੂਰੀ ਤਰ੍ਹਾਂ ਸੰਤੁਸ਼ਟੀ ਦਾ ਅਹਿਸਾਸ ਹੋਇਆ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












