ਸੋਵੀਅਤ ਰੂਸ ਦਾ ਮਿੱਗ-21 ਜੋ ਅਮਰੀਕਾ ਦੇ ਹੱਥ ਨਹੀਂ ਲਗਿਆ, ਉਸ ਨੂੰ ਚੋਰੀ ਕਰਨ ਦੀ ਦਿਲਚਸਪ ਕਹਾਣੀ

ਤਸਵੀਰ ਸਰੋਤ, JEWISH VIRTUAL LIBRARY
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਜਦੋਂ 25 ਮਾਰਚ, 1963 ਨੂੰ ਮੇਰ ਆਮੇਤ ਇਜ਼ਰਾਈਲ ਦੀ ਖ਼ੂਫ਼ੀਆ ਏਜੰਸੀ ਮੋਸਾਦ ਦੇ ਮੁਖੀ ਬਣੇ, ਤਾਂ ਉਨ੍ਹਾਂ ਨੇ ਇਜ਼ਰਾਈਲ ਦੇ ਕਈ ਰੱਖਿਆ ਅਧਿਕਾਰੀਆਂ ਨੂੰ ਮੁਲਾਕਾਤ ਕਰਕੇ ਪੁੱਛਿਆ ਕਿ ਇਜ਼ਰਾਈਲ ਦੀ ਸੁਰੱਖਿਆਂ ਲਈ ਮੋਸਾਦ ਦਾ ਸਭ ਤੋਂ ਵੱਡਾ ਯੋਗਦਾਨ ਕੀ ਹੋ ਸਕਦਾ ਹੈ?
ਸਾਰਿਆਂ ਦਾ ਕਹਿਣਾ ਸੀ ਕਿ ਜੇਕਰ ਉਹ ਕਿਸੇ ਤਰ੍ਹਾਂ ਸੋਵੀਅਤ ਲੜਾਕੂ ਜਹਾਜ਼ ਮਿਗ-21 ਇਜ਼ਰਾਈਲ ਲਿਆ ਸਕਣ ਤਾਂ ਬਹੁਤ ਚੰਗਾ ਹੋਵੇਗਾ। ਅਸਲੀ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਇਜ਼ੇਰ ਵਾਈਜ਼ਮਨ ਇਜ਼ਰਾਈਲੀ ਹਵਾਈ ਫੌਜ ਦੇ ਮੁਖੀ ਬਣੇ।
ਉਹ ਹਰ ਦੋ ਤਿੰਨ ਹਫ਼ਤੇ ਵਿੱਚ ਮੇਰ ਆਮੇਤ ਦੇ ਨਾਲ ਸਵੇਰ ਦਾ ਨਾਸ਼ਤਾ ਕਰਦੇ ਸੀ। ਇਹੀ ਇੱਕ ਮੁਲਾਕਾਤ ਦੇ ਦੌਰਾਨ ਮੇਰ ਨੇ ਉਨ੍ਹਾਂ ਨੂੰ ਵੀ ਪੁੱਛਿਆ ਕਿ ਉਹ ਉਨ੍ਹਾਂ ਲਈ ਕੀ ਕਰ ਸਕਦੇ ਹਨ?
ਵਾਈਡਜ਼ਮਨ ਨੇ ਸੈਕੰਡ ਗਵਾਏ ਕਿਹਾ, “ਮੈਨੂੰ ਮਿਗ-21 ਚਾਹੀਦਾ ਹੈ।”
ਮੇਰ ਆਮੇਤ ਆਪਣੀ ਕਿਤਾਬ ‘ਹੈੱਡ ਟੂ ਹੈੱਡ ਵਿੱਚ ਲਿਖਦੇ ਹਨ, “ਮੈਂ ਵਾਈਜ਼ਮਨ ਨੂੰ ਕਿਹਾ, ਕੀ ਤੁਸੀਂ ਪਾਗ਼ਲ ਹੋ ਗਏ ਹੋ? ਪੂਰੇ ਪੱਛਮੀ ਸੰਸਾਰ ਵਿੱਚ ਇੱਕ ਵੀ ਮਿਗ ਹਵਾਈ ਜਹਾਜ਼ ਨਹੀਂ ਹੈ।"
"ਪਰ ਵਾਇਜ਼ਮਨ ਆਪਣੀ ਗੱਲ ਉੱਤੇ ਅੜੇ ਰਹੇ, ਉਹ ਬੋਲੇ ਕਿ ਸਾਨੂੰ ਹਰ ਹਾਲਤ ਵਿੱਚ ਮਿਗ-21 ਚਾਹੀਦਾ ਹੈ, ਉਸ ਨੂੰ ਪਾਉਣ ਲਈ ਤੁਹਾਨੂੰ ਆਪਣੀ ਸਾਰੀ ਤਾਕਤ ਲਗਾ ਦੇਣੀ ਚਾਹੀਦੀ ਹੈ।”
ਆਮੇਤ ਲਿਖਦੇ ਹਨ, “ਮੈਂ ਇਸਦੀ ਜ਼ਿੰਮੇਵਾਰੀ ਰਹਵਿਆ ਵਰਡੀ ਨੂੰ ਦਿੱਤੀ, ਜੋ ਇਸ ਤੋਂ ਪਹਿਲਾਂ ਮਿਸਰ ਅਤੇ ਸੀਰੀਆ ਤੋਂ ਇਹ ਜਹਾਜ਼ ਲਿਆਉਣ ਦੀ ਅਸਫ਼ਲ ਕੋਸ਼ਿਸ਼ ਕਰ ਚੁੱਕੇ ਹਨ।”
ਅਸੀਂ ਇਸ ਯੋਜਨਾ ਉੱਤੇ ਮਹੀਨਿਆਂ ਬੱਧੀ ਕੰਮ ਕੀਤਾ, ਸਾਡੀ ਸਭ ਤੋਂ ਵੱਡੀ ਮੁਸ਼ਕਲ ਸੀ ਕਿ ਇਸ ਯੋਜਨਾ ਨੂੰ ਕਿਵੇਂ ਪੂਰਾ ਕੀਤਾ ਜਾਵੇ।”

ਤਸਵੀਰ ਸਰੋਤ, Getty Images
ਮਿਗ-21 ਦੀ ਸੁਰੱਖਿਆ ਦੀ ਜ਼ਿੰਮੇਵਾਰੀ
ਸੋਵੀਅਤ ਸੰਘ ਨੇ 1961 ਤੋਂ ਅਰਬ ਦੇਸ਼ਾਂ ਨੂੰ ਮਿਗ 21 ਦੇਣੇ ਸ਼ੁਰੂ ਕਰ ਦਿੱਤੇ ਸਨ।
ਡੋਰੋਨ ਗੇਲਰ ਆਪਣੇ ਲੇਖ ‘ਸਟੀਲਿੰਗ ਏ ਸੋਵੀਅਤ ਮਿਗ ਆਪ੍ਰੇਸ਼ਨ ਡਾਇਮੰਡ’ ਵਿੱਚ ਲਿਖਦੇ ਹਨ, “1963 ਤੱਕ ਮਿਗ-21 ਮਿਸਰ, ਸੀਰੀਆ ਅਤੇ ਇਰਾਕ ਦੀ ਹਵਾਈ ਫੌਜ ਦਾ ਅਹਿਮ ਅੰਗ ਬਣ ਗਿਆ ਸੀ।"
"ਰੂਸੀ ਇਸ ਹਵਾਈ ਜਹਾਜ਼ ਬਾਰੇ ਜਾਣਕਾਰੀ ਨੂੰ ਲੁਕਾ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀ।”
ਉਨ੍ਹਾਂ ਨੇ ਅਰਬ ਦੇਸ਼ਾਂ ਨੂੰ ਹਵਾਈ ਜਹਾਜ਼ ਦੇਣ ਦੀ ਸਭ ਤੋਂ ਵੱਡੀ ਸ਼ਰਤ ਇਹੀ ਰੱਖੀ ਸੀ ਕਿ ਹਵਾਈ ਜਹਾਜ਼ ਭਾਵੇਂ ਉਨ੍ਹਾਂ ਦੀ ਧਰਤੀ ਉੱਤੇ ਰਹਿਣਗੇ ਪਰ ਹਵਾਈ ਜਹਾਜ਼ਾਂ ਦੀ ਸੁਰੱਖਿਆ, ਸਿਖਲਾਈ ਅਤੇ ਦੇਖ-ਰੇਖ ਦੀ ਜ਼ਿੰਮੇਵਾਰੀ ਸੋਵੀਅਤ ਅਧਿਕਾਰੀਆਂ ਦੀ ਹੋਵੇਗੀ।”
ਪੱਛਮ ਵਿੱਚ ਮਿਗ-21 ਦੀਆਂ ਖ਼ੂਬੀਆਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ।
ਗੇਲਰ ਲਿਖਦੇ ਹਨ, “ਵਰਡੀ ਨੇ ਅਰਬ ਦੇਸ਼ਾਂ ਵਿੱਚ ਇਸ ਬਾਰੇ ਸਬੂਤ ਲੱਭਣੇ ਸ਼ੁਰੂ ਕਰ ਦਿੱਤੇ, ਕਈ ਹਫ਼ਤਿਆਂ ਬਾਅਦ ਉਨ੍ਹਾਂ ਨੂੰ ਈਰਾਨ ਵਿੱਚ ਇਜ਼ਰਾਈਲੀ ਫੌਜ ਦੇ ਅਤਾਸ਼ੇ ਯਾਕੋਵ ਨਿਮਰਾਦੀ ਤੋਂ ਰਿਪੋਰਟ ਮਿਲੀ ਕਿ ਉਹ ਇੱਕ ਇਰਾਕੀ ਯਹੂਦੀ ਯੋਸੇਫ਼ ਸਿਮਿਸ਼ ਨੂੰ ਜਾਣਦੇ ਹਨ, ਜਿਸਦਾ ਦਾਅਵਾ ਇਹ ਹੈ ਕਿ ਉਹ ਇਰਾਕੀ ਪਾਇਲਟ ਨੂੰ ਜਾਣਦਾ ਹੈ, ਜਿਹੜਾ ਇਰਾਕ ਦਾ ਮਿਗ-21 ਜਹਾਜ਼ ਲਿਆ ਸਕਦਾ ਹੈ।”
ਸ਼ਿਮਿਸ਼ ਕੁੰਵਾਰੇ ਸਨ ਅਤੇ ਆਨੰਦਮਈ ਜੀਵਨ ਬਤੀਤ ਕਰਨ ਦੇ ਆਦੀ ਸੀ । ਉਨ੍ਹਾਂ ਵਿੱਚ ਲੋਕਾਂ ਨਾਲ ਦੋਸਤੀ ਕਰਨ ਅਤੇ ਉਨ੍ਹਾਂ ਦਾ ਪੂਰਾ ਵਿਸ਼ਵਾਸ ਜਿੱਤਣ ਦੀ ਇੱਕ ਅਦਭੁੱਤ ਸਮਰਥਾ ਸੀ।
ਸ਼ਿਮਿਸ਼ ਦੀ ਬਗ਼ਦਾਦ ਵਿੱਚ ਇੱਕ ਈਸਾਈ ਦੋਸਤ ਹੁੰਦੀ ਸੀ, ਜਿਸਦੀ ਭੈਣ ਕਮੀਲਾ ਨੇ ਇਰਾਕੀ ਹਵਾਈ ਫੌਜ ਦੇ ਇੱਕ ਈਸਾਈ ਪਾਇਲਟ ਕੈਪਟਨ ਮੁਨੀਰ ਰੇਦਫ਼ਾ ਨਾਲ ਵਿਆਹ ਕੀਤਾ ਸੀ।

ਤਸਵੀਰ ਸਰੋਤ, SHEBA MEDICAL CENTER
ਸ਼ਿਮਿਸ਼ ਨੂੰ ਪਤਾ ਸੀ ਕਿ ਮੁਨੀਰ ਅਸੰਤੁਸ਼ਟ ਸਨ, ਕਿਉਂਕਿ ਬਿਹਤਰੀਨ ਪਾਇਲਟ ਹੋਣ ਦੇ ਬਾਵਜੂਦ ਉਨ੍ਹਾਂ ਦੇ ਅਹੁਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਸੀ।
ਉਨ੍ਹਾਂ ਨੇ ਕਿਹਾ ਜਾਂਦਾ ਸੀ ਕਿ ਉਹ ਆਪਣੇ ਹੀ ਦੇਸ਼ ਵਿੱਚ ਕੁਰਦ ਗਾਵਾਂ 'ਤੇ ਬੰਬਾਰੀ ਕਰੇ।
ਜਦੋਂ ਉਨ੍ਹਾਂ ਨੇ ਆਪਣੇ ਅਫ਼ਸਰਾਂ ਨੂੰ ਇਸਦੀ ਸ਼ਿਕਾਇਤ ਕੀਤੀ, ਤਾਂ ਉਨ੍ਹਾਂ ਨੂੰ ਦੱਸਿਆ ਕਿ ਮਸੀਹੀ ਹੋਣ ਕਾਰਨ ਉਨ੍ਹਾਂ ਦੀ ਤਰੱਕੀ ਨਹੀਂ ਹੋ ਸਕਦੀ ਅਤੇ ਕਦੇ ਵੀ ਸਕਵਾਡਰਨ ਲੀਡਰ ਨਹੀਂ ਬਣ ਸਕਦੇ।
ਰੇਦਫ਼ਾ ਬਹੁਤ ਉਤਸ਼ਾਹੀ ਸੀ। ਉਨ੍ਹਾਂ ਨੇ ਸੋਚ ਲਿਆ ਕਿ ਹੁਣ ਉਨ੍ਹਾਂ ਲਈ ਇਰਾਕ ਵਿਚ ਰਹਿਣ ਦਾ ਕੋਈ ਮਤਲਬ ਨਹੀਂ ਹੈ।
ਸ਼ਿਮਿਸ਼ ਕਰੀਬ ਇੱਕ ਸਾਲ ਤੱਕ ਨੌਜਵਾਨ ਪਾਇਲਟ ਰੇਡਫਾ ਨਾਲ ਗੱਲਬਾਤ ਕਰਨ ਤੋਂ ਬਾਅਦ, ਉਨ੍ਹਾਂ ਨੇ ਏਥੈਂਸ ਜਾਣ ਲਈ ਮਨਾਉਣ ਵਿੱਚ ਸਫ਼ਲ ਰਹੇ।
ਸ਼ਿਮਿਸ਼ ਨੇ ਇਰਾਕੀ ਅਧਿਕਾਰੀਆਂ ਨੂੰ ਦੱਸਿਆ ਕਿ ਰੇਡਫਾ ਦੀ ਪਤਨੀ ਨੂੰ ਗੰਭੀਰ ਬੀਮਾਰੀ ਹੈ ਅਤੇ ਪੱਛਮੀ ਡਾਕਟਰਾਂ ਨੂੰ ਦਿਖਾ ਕੇ ਹੀ ਉਸ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੂੰ ਤੁਰੰਤ ਗ੍ਰੀਸ ਲੈ ਕੇ ਜਾਣਾ ਚਾਹੀਦਾ ਹੈ।
ਉਨ੍ਹਾਂ ਦੇ ਪਤੀ ਨੂੰ ਵੀ ਉਸ ਦੇ ਨਾਲ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਉਹ ਪਰਿਵਾਰ ਵਿਚ ਇਕੱਲਾ ਅਜਿਹਾ ਵਿਅਕਤੀ ਹੈ ਜੋ ਅੰਗਰੇਜ਼ੀ ਬੋਲ ਸਕਦਾ ਹੈ।
ਇਰਾਕੀ ਅਧਿਕਾਰੀਆਂ ਨੇ ਉਨ੍ਹਾਂ ਦੀ ਬੇਨਤੀ ਮੰਨ ਲਈ ਅਤੇ ਮੁਨੀਰ ਰੇਡਫਾ ਨੂੰ ਉਨ੍ਹਾਂ ਦੀ ਪਤਨੀ ਨਾਲ ਏਥੈਂਸ ਜਾਣ ਦੀ ਆਗਿਆ ਦਿੱਤੀ ਗਈ।

ਤਸਵੀਰ ਸਰੋਤ, JEWISH VIRTUAL LIBRARY
10 ਲੱਖ ਡਾਲਰ ਦੀ ਪੇਸ਼ਕਸ਼
ਏਥੈਂਸ ਵਿੱਚ, ਮੋਸਾਦ ਨੇ ਇਜ਼ਰਾਈਲੀ ਹਵਾਈ ਸੈਨਾ ਦੇ ਇੱਕ ਹੋਰ ਪਾਇਲਟ, ਕਰਨਲ ਜ਼ੀਵ ਲਿਰੋਨ ਨੂੰ ਰੈਡਫਾ ਨੂੰ ਮਿਲਣ ਲਈ ਭੇਜਿਆ।
ਮੋਸਾਦ ਦੇ ਰੈਡਫਾ ਦਾ ਕੋਡਨੇਮ ਰੱਖਿਆ 'ਯਾਹੋਲੋਮ' ਹੈ ਜਿਸਦਾ ਮਤਲਬ ਹੀਰਾ ਹੈ। ਇਸ ਪੂਰੇ ਮਿਸ਼ਨ ਦਾ ਨਾਂ 'ਆਪ੍ਰੇਸ਼ਨ ਡਾਇਮੰਡ' ਰੱਖਿਆ ਗਿਆ ਸੀ।
ਇੱਕ ਦਿਨ ਲਿਰੋਨ ਨੇ ਰੇਡਫਾ ਨੂੰ ਪੁੱਛਿਆ, "ਜੇ ਤੁਸੀਂ ਆਪਣੇ ਜਹਾਜ਼ ਨਾਲ ਇਰਾਕ ਤੋਂ ਉੱਡਦੇ ਹੋ ਤਾਂ ਜ਼ਿਆਦਾ ਤੋਂ ਜ਼ਿਆਦਾ ਕੀ ਹੋ ਸਕਦਾ ਹੈ?"
ਰੇਡਫਾ ਦਾ ਜਵਾਬ ਸੀ, "ਉਹ ਲੋਕ ਮੈਨੂੰ ਮਾਰ ਦੇਣਗੇ। ਕੋਈ ਵੀ ਦੇਸ਼ ਮੈਨੂੰ ਸ਼ਰਣ ਦੇਣ ਲਈ ਤਿਆਰ ਨਹੀਂ ਹੋਵੇਗਾ।"
ਇਸ 'ਤੇ ਲੀਰੋਨ ਨੇ ਕਿਹਾ, "ਇੱਕ ਦੇਸ਼ ਹੈ ਜੋ ਖੁੱਲ੍ਹੀਆਂ ਬਾਹਾਂ ਨਾਲ ਤੁਹਾਡਾ ਸਵਾਗਤ ਕਰੇਗਾ। ਇਸਦਾ ਨਾਮ ਇਜ਼ਰਾਈਲ ਹੈ।"
ਇੱਕ ਦਿਨ ਸੋਚ-ਵਿਚਾਰ ਕਰਨ ਤੋਂ ਬਾਅਦ, ਰੇਡਫਾ ਮਿਗ-21 ਜਹਾਜ਼ਾਂ ਨਾਲ ਇਰਾਕ ਤੋਂ ਬਾਹਰ ਆਉਣ ਲਈ ਰਾਜ਼ੀ ਹੋ ਗਏ।
ਬਾਅਦ ਵਿੱਚ ਲਿਰੋਨ ਨੇ ਇੱਕ ਇੰਟਰਵਿਊ ਵਿੱਚ ਰੇਡਫਾ ਨਾਲ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਸੀ।

ਅਰਬੀ ਗੀਤ ਬਣਿਆ ਕੋਡਵਰਡ
ਗ੍ਰੀਸ ਤੋਂ ਦੋਵੇਂ ਰੋਮ ਗਏ। ਉੱਥੇ ਸ਼ਿਮਿਸ਼ ਅਤੇ ਉਨ੍ਹਾਂ ਦੀ ਮਹਿਲਾ ਦੋਸਤ ਵੀ ਉੱਥੇ ਪਹੁੰਚ ਗਏ। ਕੁਝ ਦਿਨਾਂ ਬਾਅਦ ਇਜ਼ਰਾਇਲੀ ਹਵਾਈ ਫੌਜ ਦੇ ਖ਼ੁਫ਼ੀਆ ਵਿਭਾਗ ਦੇ ਖੋਜ ਅਧਿਕਾਰੀ ਯੇਹੂਦਾ ਪੋਰਟ ਵੀ ਉਥੇ ਪਹੁੰਚ ਗਏ।
ਰੋਮ ਵਿੱਚ ਹੀ ਤੈਅ ਹੋਇਆ ਸੀ ਕਿ ਇਜ਼ਰਾਈਲੀ ਇੰਟੈਲੀਜੈਂਸ ਅਤੇ ਰੇਡਫਾ ਵਿਚਕਾਰ ਸੰਚਾਰ ਕਿਵੇਂ ਸਥਾਪਿਤ ਕੀਤਾ ਜਾਵੇਗਾ।
ਮਾਈਕਲ ਬਾਰ ਜ਼ੋਹਰ ਅਤੇ ਨਿਸਿਮ ਮਿਸਹਾਲ ਆਪਣੀ ਕਿਤਾਬ 'ਦਿ ਗ੍ਰੇਟੈਸਟ ਮਿਸ਼ਨ ਆਫ ਦਿ ਇਜ਼ਰਾਈਲੀ ਸੀਕਰੇਟ ਸਰਵਿਸਸ ਮੋਸਾਦ' ਵਿੱਚ ਲਿਖਦੇ ਹਨ, "ਇਹ ਤੈਅ ਹੋਇਆ ਕਿ ਜਦੋਂ ਰੇਡਫਾ ਇਜ਼ਰਾਈਲ ਦੇ ਰੇਡੀਓ ਸਟੇਸ਼ਨ ਕੋਲ ਤੋਂ ਮਸ਼ਹੂਰ ਅਰਬੀ ਗੀਤ 'ਮਰਹਬਤੇਂ ਮਰਹਬਤੇਂ' ਸੁਣੇਗਾ, ਤਾਂ ਇਹ ਉਨ੍ਹਾਂ ਲਈ ਇੱਕ ਸੰਕੇਤ ਹੋਵੇਗਾ ਕਿ ਇਰਾਕ ਛੱਡ ਦੇਣ।"
"ਪਰ ਉਨ੍ਹਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਰੋਮ ਵਿਚ ਮੋਸਾਦ ਦਾ ਮੁਖੀ ਮੇਰ ਆਮੇਤ ਖ਼ੁਦ ਉਨ੍ਹਾਂ 'ਤੇ ਨਜ਼ਰ ਰੱਖ ਰਿਹਾ ਹੈ।"
ਰੇਡਫਾ ਨੂੰ ਬ੍ਰੀਫਿੰਗ ਲਈ ਇਜ਼ਰਾਈਲ ਬੁਲਾਇਆ ਗਿਆ ਸੀ, ਜਿੱਥੇ ਉਹ ਸਿਰਫ਼ 24 ਘੰਟੇ ਹੀ ਰਹੇ। ਇਸ ਦੌਰਾਨ ਉਨ੍ਹਾਂ ਨੂੰ ਪੂਰੀ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਮੋਸਾਦ ਨੇ ਉਨ੍ਹਾਂ ਨੂੰ ਗੁਪਤ ਕੋਡ ਦਿੱਤਾ ਸੀ।
ਇਜ਼ਰਾਈਲੀ ਜਾਸੂਸ ਉਨ੍ਹਾਂ ਨੂੰ ਤੇਲ ਅਵੀਵ ਦੀ ਮੁੱਖ ਸੜਕ ਐਲਨਬੀ ਸਟਰੀਟ 'ਤੇ ਲੈ ਗਏ। ਸ਼ਾਮ ਨੂੰ ਉਨ੍ਹਾਂ ਨੂੰ ਤਫ਼ਾ ਦੇ ਇੱਕ ਚੰਗੇ ਰੈਸਟੋਰੈਂਟ ਵਿੱਚ ਖਾਣਾ ਖੁਆਇਆ ਗਿਆ।
ਉਥੋਂ ਰੇਡਫਾ ਏਥੈਂਸ ਚਲੇ ਗਏ ਅਤੇ ਫਿਰ ਜਹਾਜ਼ ਬਦਲ ਕੇ ਬਗ਼ਦਾਦ ਪਹੁੰਚੇ ਅਤੇ ਯੋਜਨਾ ਦੇ ਅੰਤਿਮ ਪੜਾਅ ਦੀ ਤਿਆਰੀ ਸ਼ੁਰੂ ਕਰ ਦਿੱਤੀ।

ਤਸਵੀਰ ਸਰੋਤ, JAICO PUBLISHING HOUSE
ਹੁਣ ਅਗਲੀ ਸਮੱਸਿਆ ਇਹ ਸੀ ਕਿ ਪਾਇਲਟ ਦੇ ਪਰਿਵਾਰ ਨੂੰ ਇਰਾਕ ਤੋਂ ਬਾਹਰ ਕਿਵੇਂ ਭੇਜਿਆ ਜਾਵੇ, ਪਹਿਲਾਂ ਇੰਗਲੈਂਡ ਅਤੇ ਫਿਰ ਅਮਰੀਕਾ।
ਰੇਡਫਾ ਦੀਆਂ ਕਈ ਭੈਣਾਂ ਅਤੇ ਭਣਵਈਏ ਵੀ ਸਨ ਅਤੇ ਉਨ੍ਹਾਂ ਦੇ ਉੱਡਣ ਤੋਂ ਪਹਿਲਾਂ ਉਨ੍ਹਾਂ ਸਾਰਿਆਂ ਨੂੰ ਇਰਾਕ ਤੋਂ ਬਾਹਰ ਕੱਢਣਾ ਜ਼ਰੂਰੀ ਸੀ, ਪਰ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਉਸਦੇ ਪਰਿਵਾਰ ਨੂੰ ਇਜ਼ਰਾਈਲ ਪਹੁੰਚਾਇਆ ਜਾਵੇ।
ਮਾਈਕਲਬਾਰ ਜ਼ੋਹਰ ਅਤੇ ਨਿਸਿਮ ਮਿਸਹਾਲ ਲਿਖਦੇ ਹਨ, "ਰੇਡਫਾ ਦੀ ਪਤਨੀ ਕੈਮਿਲਾ ਨੂੰ ਇਸ ਯੋਜਨਾ ਦਾ ਕੋਈ ਪਤਾ ਨਹੀਂ ਸੀ ਅਤੇ ਰੇਡਫਾ ਉਨ੍ਹਾਂ ਨੂੰ ਸੱਚ ਦੱਸਣ ਤੋਂ ਡਰ ਰਹੇ ਸਨ।"
ਉਹ ਲਿਖਦੇ ਹਨ, "ਰੇਡਫਾ ਨੇ ਉਨ੍ਹਾਂ ਨੂੰ ਸਿਰਫ਼ ਇਹ ਦੱਸਿਆ ਸੀ ਕਿ ਉਹ ਲੰਬੇ ਸਮੇਂ ਲਈ ਯੂਰਪ ਜਾ ਰਹੇ ਹਨ। ਉਹ ਆਪਣੇ ਦੋ ਬੱਚਿਆਂ ਨਾਲ ਪਹਿਲਾਂ ਐਮਸਟਰਡਮ ਗਈ ਸੀ।"
"ਉੱਥੇ ਮੋਸਾਦ ਦੇ ਲੋਕ ਜੋ ਉਨ੍ਹਾਂ ਦੀ ਉਡੀਕ ਕਰ ਰਹੇ ਸਨ, ਉਨ੍ਹਾਂ ਨੂੰ ਪੈਰਿਸ ਲੈ ਗਏ, ਜਿੱਥੇ ਜ਼ੀਵ ਲਿਰੋਨ ਉਨ੍ਹਾਂ ਨੂੰ ਮਿਲੇ। ਰੇਡਫਾ ਦੀ ਪਤਨੀ ਨੂੰ ਅਜੇ ਵੀ ਪਤਾ ਨਹੀਂ ਸੀ ਕਿ ਇਹ ਲੋਕ ਕੌਣ ਸਨ।"

ਤਸਵੀਰ ਸਰੋਤ, JEWISH VIRTUAL LIBRARY
ਰੇਡਫਾ ਦੀ ਪਤਨੀ ਰੋਣ ਲੱਗੀ
ਲਿਰੋਨ ਨੇ ਬਾਅਦ ਵਿੱਚ ਯਾਦ ਕੀਤਾ, "ਇਨ੍ਹਾਂ ਲੋਕਾਂ ਨੂੰ ਇੱਕ ਛੋਟੇ ਜਿਹੇ ਅਪਾਰਟਮੈਂਟ ਵਿੱਚ ਠਹਿਰਾਇਆ ਗਿਆ ਸੀ, ਜਿੱਥੇ ਸਿਰਫ਼ ਇੱਕ ਡਬਲ ਬੈੱਡ ਸੀ। ਅਸੀਂ ਉਸ ਬੈੱਡ 'ਤੇ ਹੀ ਬੈਠੇ ਸੀ।"
"ਇਜ਼ਰਾਈਲ ਦੀ ਉਡਾਣ ਭਰਨ ਤੋਂ ਪਹਿਲਾਂ, ਮੈਂ ਕੈਮਿਲਾ ਨੂੰ ਦੱਸਿਆ ਕਿ ਮੈਂ ਇੱਕ ਇਜ਼ਰਾਈਲੀ ਅਫਸਰ ਹਾਂ ਅਤੇ ਅਗਲੇ ਦਿਨ ਉਨ੍ਹਾਂ ਦੇ ਪਤੀ ਵੀ ਉੱਥੇ ਪਹੁੰਚਣ ਵਾਲੇ ਹਨ।"
"ਉਨ੍ਹਾਂ ਦੇ ਇੱਕ ਬਹੁਤ ਹੀ ਨਾਟਕੀ ਪ੍ਰਤੀਕਿਰਿਆ ਸੀ। ਉਹ ਸਾਰੀ ਰਾਤ ਰੋਂਦੀ ਅਤੇ ਚੀਕਦੀ ਰਹੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਤੀ ਇੱਕ ਗੱਦਾਰ ਸੀ ਅਤੇ ਉਨ੍ਹਾਂ ਦੇ ਭਰਾਵਾਂ ਨੂੰ ਜਦੋਂ ਪਤਾ ਲੱਗਾ ਕਿ ਉਨ੍ਹਾਂ ਨੇ ਕੀ ਕੀਤਾ ਹੈ ਤਾਂ ਉਨ੍ਹਾਂ ਨੂੰ ਮਾਰ ਦੇਣਗੇ।"

ਲਿਰੋਨ ਲਿਖਦੇ ਹਨ, "ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਸੀ। ਸੁੱਜੀਆਂ ਅੱਖਾਂ ਅਤੇ ਇੱਕ ਬਿਮਾਰ ਬੱਚੇ ਦੇ ਨਾਲ, ਅਸੀਂ ਇੱਕ ਜਹਾਜ਼ ਵਿੱਚ ਸਵਾਰ ਹੋ ਕੇ ਇਜ਼ਰਾਈਲ ਆਏ।"
17 ਜੁਲਾਈ, 1966 ਨੂੰ, ਯੂਰਪ ਵਿੱਚ ਮੋਸਾਦ ਦੇ ਇੱਕ ਸਟੇਸ਼ਨ ਨੂੰ ਮੁਨੀਰ ਵੱਲੋਂ ਇੱਕ ਕੋਡਡ ਪੱਤਰ ਮਿਲਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਇਰਾਕ ਤੋਂ ਉੱਡਣ ਲਈ ਪੂਰੀ ਤਿਆਰੀ ਕਰ ਲਈ ਹੈ।
14 ਅਗਸਤ ਨੂੰ ਮੁਨੀਰ ਰੇਡਫਾ ਨੇ ਮਿਗ-21 ਜਹਾਜ਼ 'ਤੇ ਉਡਾਣ ਭਰੀ ਸੀ ਪਰ ਜਹਾਜ਼ ਦੇ ਇਲੈਕਟ੍ਰੀਕਲ ਸਿਸਟਮ 'ਚ ਖ਼ਰਾਬੀ ਕਾਰਨ ਉਨ੍ਹਾਂ ਨੂੰ ਜਹਾਜ਼ ਨੂੰ ਵਾਪਸ ਲੈ ਕੇ ਰਾਸ਼ਿਦ ਏਅਰ ਬੇਸ 'ਤੇ ਉਤਰਨਾ ਪਿਆ।
ਬਾਅਦ ਵਿੱਚ ਮੁਨੀਰ ਨੂੰ ਪਤਾ ਲੱਗਾ ਕਿ ਜਹਾਜ਼ ਵਿੱਚ ਨੁਕਸ ਗੰਭੀਰ ਨਹੀਂ ਸੀ।

ਤਸਵੀਰ ਸਰੋਤ, GETTY IMAGES
ਦਰਅਸਲ, ਇੱਕ ਫਿਊਜ਼ ਸੜ੍ਹਨ ਕਾਰਨ ਉਸ ਦਾ ਕਾਕਪਿਟ ਧੂੰਏਂ ਨਾਲ ਭਰ ਗਿਆ ਸੀ ਪਰ ਮੁਨੀਰ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦਾ ਸੀ ਇਸ ਲਈ ਉਸ ਨੇ ਰਾਸ਼ਿਦ ਏਅਰਬੇਸ 'ਤੇ ਜਹਾਜ਼ ਨੂੰ ਲੈਂਡ ਕਰਵਾਇਆ।
ਦੋ ਦਿਨ ਬਾਅਦ ਮੁਨੀਰ ਨੇ ਉਸੇ ਮਿਗ-21 ਵਿਚ ਦੁਬਾਰਾ ਉਡਾਣ ਭਰੀ। ਉਹ ਪਹਿਲਾਂ ਤੋਂ ਤੈਅ ਕੀਤੇ ਰਸਤੇ 'ਤੇ ਉੱਡਦਾ ਰਿਹਾ।
ਮਾਈਕਲਬਾਰ ਜ਼ੋਹਰ ਅਤੇ ਨਿਸੀਮ ਮਿਸਹਾਲ ਲਿਖਦੇ ਹਨ, "ਪਹਿਲਾਂ ਮੁਨੀਰ ਨੇ ਬਗ਼ਦਾਦ ਵੱਲ ਰੁਖ਼ ਕੀਤਾ ਅਤੇ ਫਿਰ ਆਪਣੇ ਜਹਾਜ਼ ਨੂੰ ਇਜ਼ਰਾਈਲ ਵੱਲ ਮੋੜ ਦਿੱਤਾ।"
"ਇਰਾਕੀ ਕੰਟਰੋਲ ਰੂਮ ਨੇ ਇਸ ਦਾ ਨੋਟਿਸ ਲਿਆ ਅਤੇ ਮੁਨੀਰ ਨੂੰ ਵਾਪਸ ਜਾਣ ਲਈ ਵਾਰ-ਵਾਰ ਸੰਦੇਸ਼ ਭੇਜੇ।"
"ਜਦੋਂ ਮੁਨੀਰ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਤਾਂ ਉਨ੍ਹਾਂ ਨੇ ਉਸ ਦੇ ਜਹਾਜ਼ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਮੁਨੀਰ ਨੇ ਆਪਣਾ ਰੇਡੀਓ ਬੰਦ ਕਰ ਦਿੱਤਾ।"
ਦੋ ਇਜ਼ਰਾਈਲੀ ਪਾਇਲਟਾਂ ਨੂੰ ਇਸ ਮਿਸ਼ਨ 'ਤੇ ਲਗਾਇਆ ਗਿਆ ਸੀ ਕਿ ਇਰਾਕੀ ਪਾਇਲਟ ਨੂੰ ਇਜ਼ਰਾਈਲ ਦੀ ਸਰਹੱਦ ਵਿਚ ਦਾਖ਼ਲ ਹੁੰਦੇ ਹੀ ਐਸਕਾਰਟ ਕਰ ਕੇ ਇਜ਼ਰਾਈਲੀ ਹਵਾਈ ਅੱਡੇ 'ਤੇ ਲੈ ਆਏ।
ਜਹਾਜ਼ ਇਜ਼ਰਾਈਲ ਦੇ ਕਬਜ਼ੇ ਵਿੱਚ ਆਇਆ
ਇਜ਼ਰਾਈਲ ਨੇ ਬਿਹਤਰੀਨ ਪਾਇਲਟਾਂ ਵਿੱਚ ਗਿਣੇ ਜਾਣ ਵਾਲੇ ਰੈਨ ਪੈਕਰ ਨੂੰ ਰੇਡਫਾ ਨੂੰ ਐਸਕਾਰਟ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਰੈਨ ਨੇ ਹਵਾਈ ਕੰਟਰੋਲ ਨੂੰ ਸੁਨੇਹਾ ਦਿੱਤਾ, “ਸਾਡੇ ਮਹਿਮਾਨ ਨੇ ਆਪਣੀ ਰਫ਼ਤਾਰ ਹੋਲੀ ਕਰ ਲਈ ਹੈ ਅਤੇ ਉਹ ਆਪਣਾ ਅੰਗੂਠਾ ਚੁੱਕ ਕੇ ਮੈਨੂੰ ਸੰਕੇਤ ਦੇ ਰਹੇ ਹਨ ਕਿ ਉਹ ਹੇਠਾਂ ਉਤਰਨ ਚਾਹੁੰਦੇ ਹਨ।"
"ਉਨ੍ਹਾਂ ਨੇ ਆਪਣੇ ਵਿੰਗਸ ਵੀ ਹਿਲਾਏ ਹਨ ਜੋ ਕਿ ਇੱਕ ਕੌਮਾਂਤਰੀ ਕੋਡ ਹੈ ਕਿ ਉਨ੍ਹਾਂ ਦੇ ਇਰਾਦੇ ਨੇਕ ਹਨ।"
ਬਗ਼ਦਾਦ ਤੋਂ ਉਡਾਣ ਭਰਨ ਤੋਂ ਠੀਕ 65 ਮਿੰਟ ਬਾਅਦ, 8 ਵਜੇ ਰੈੱਡਫਾ ਦਾ ਜਹਾਜ਼ ਇਜ਼ਰਾਈਲ ਦੇ ਹੈਜ਼ੋਰ ਏਅਰ ਬੇਸ 'ਤੇ ਉਤਰਿਆ।
'ਆਪ੍ਰੇਸ਼ਨ ਡਾਇਮੰਡ' ਸ਼ੁਰੂ ਹੋਣ ਦੇ ਇੱਕ ਸਾਲ ਦੇ ਅੰਦਰ ਅਤੇ 1967 ਦੇ ਛੇ ਦਿਨਾਂ ਯੁੱਧ ਦੀ ਸ਼ੁਰੂਆਤ ਤੋਂ ਛੇ ਮਹੀਨੇ ਪਹਿਲਾਂ, ਇਜ਼ਰਾਈਲੀ ਹਵਾਈ ਸੈਨਾ ਕੋਲ ਉਸ ਦੌਰ ਦਾ ਦੁਨੀਆ ਦਾ ਸਭ ਤੋਂ ਆਧੁਨਿਕ ਜਹਾਜ਼ ਮਿਗ-21 ਸੀ।
ਮੋਸਾਦ ਦੀ ਟੀਮ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ ਸੀ। ਲੈਂਡ ਕਰਨ ਤੋਂ ਬਾਅਦ, ਪਰੇਸ਼ਾਨ ਅਤੇ ਘਬਰਾਏ ਹੋਏ ਮੁਨੀਰ ਨੂੰ ਹੈਜ਼ੋਰ ਬੇਸ ਕਮਾਂਡਰ ਦੇ ਘਰ ਲਿਆਂਦਾ ਗਿਆ।
ਉੱਥੇ ਬਹੁਤ ਸਾਰੇ ਸੀਨੀਅਰ ਇਜ਼ਰਾਈਲੀ ਅਫਸਰਾਂ ਨੇ ਉਨ੍ਹਾਂ ਨੂੰ ਇੱਕ ਪਾਰਟੀ ਦਿੱਤੀ, ਇਹ ਸਮਝੇ ਬਿਨਾਂ ਕਿ ਉਨ੍ਹਾਂ 'ਤੇ ਉਸ ਵੇਲੇ ਕੀ ਬੀਤ ਰਹੀ ਸੀ। ਮੁਨੀਰ ਪਾਰਟੀ ਦੇ ਇੱਕ ਕੋਨੇ ਵਿੱਚ ਬੈਠੇ ਰਹੇ ਅਤੇ ਇੱਕ ਸ਼ਬਦ ਵੀ ਨਾ ਬੋਲੇ।

ਤਸਵੀਰ ਸਰੋਤ, JEWISH VIRTUAL LIBRARY
ਮੁਨੀਰ ਰੇਡਫਾ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ
ਕੁਝ ਅਰਾਮ ਕਰਨ ਤੋਂ ਬਾਅਦ ਹੋਰ ਸੰਤੁਸ਼ਟ ਹੋਣ ਜਾਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਬੱਚੇ ਇਜ਼ਰਾਈਲ ਆਉਣ ਵਾਲੇ ਜਹਾਜ਼ 'ਤੇ ਬੈਠ ਗਏ ਸਨ।
ਮੁਨੀਰ ਰੇਡਫਾ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਲੈ ਕੇ ਗਏ। ਉੱਥੇ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਕਿਸ ਤਰ੍ਹਾਂ ਇਰਾਕ ਵਿੱਚ ਈਸਾਈਆਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਕਿਸ ਤਰ੍ਹਾਂ ਉਨ੍ਹਾਂ ਦੇ ਆਪਣੇ ਹੀ ਲੋਕ ਕੁਰਦਾਂ 'ਤੇ ਬੰਬ ਸੁੱਟ ਰਹੇ ਹਨ।
ਪ੍ਰੈਸ ਕਾਨਫਰੰਸ ਤੋਂ ਬਾਅਦ, ਮੁਨੀਰ ਨੂੰ ਤੇਲ ਅਵੀਵ ਦੇ ਉੱਤਰ ਵਿੱਚ ਸਮੁੰਦਰੀ ਕੰਢੇ ਦੇ ਸ਼ਹਿਰ ਹਰਜ਼ੀਲੀਆ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਲਈ ਲਈ ਲੈ ਗਏ।
ਬਾਅਦ ਵਿੱਚ ਮੇਰ ਆਮੇਤ ਨੇ ਲਿਖਿਆ ਕਿ ਮੈਂ ਉਨ੍ਹਾਂ ਨੂੰ ਸ਼ਾਂਤ ਕਰਨ, ਉਨ੍ਹਾਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਦੇ ਕੀਤੇ ਕੰਮਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਜੋ ਵੀ ਸੰਭਵ ਹੋਵੇਗਾ, ਕਰਾਂਗੇ, ਪਰ ਮੁਨੀਰ ਦਾ ਪਰਿਵਾਰ, ਖ਼ਾਸ ਕਰਕੇ ਉਨ੍ਹਾਂ ਦੀ ਪਤਨੀ, ਸਹਿਯੋਗ ਕਰਨ ਲਈ ਤਿਆਰ ਨਹੀਂ ਸੀ।
ਮੁਨੀਰ ਦੇ ਮਿਗ-21 ਨਾਲ ਉਤਰਨ ਤੋਂ ਕੁਝ ਦਿਨ ਬਾਅਦ, ਉਨ੍ਹਾਂ ਦੀ ਪਤਨੀ ਦਾ ਭਰਾ, ਜੋ ਕਿ ਇਰਾਕੀ ਹਵਾਈ ਸੈਨਾ ਵਿਚ ਅਧਿਕਾਰੀ ਸੀ, ਇਜ਼ਰਾਈਲ ਪਹੁੰਚ ਗਿਆ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਨਾਲ ਸ਼ੇਮੇਸ਼ ਅਤੇ ਉਨ੍ਹਾਂ ਦੀ ਪ੍ਰੇਮਿਕਾ ਕੇਮਿਲੀ ਵੀ ਉਨ੍ਹਾਂ ਦੇ ਨਾਲ ਆਏ ਸਨ।
ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਯੂਰਪ ਭੇਜਿਆ ਜਾ ਰਿਹਾ ਹੈ ਜਿੱਥੇ ਉਨ੍ਹਾਂ ਦੀ ਭੈਣ ਬਹੁਤ ਬਿਮਾਰ ਹੈ।
ਪਰ ਜਦੋਂ ਉਨ੍ਹਾਂ ਨੂੰ ਇਜ਼ਰਾਈਲ ਵਿੱਚ ਆਪਣੇ ਜੀਜਾ ਮੁਨੀਰ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਗਈ ਤਾਂ ਉਨ੍ਹਾਂ ਨੇ ਆਪਣਾ ਆਪਾ ਗੁਆ ਲਿਆ।
ਉਸ ਨੇ ਗ਼ੱਦਾਰ ਕਹਿੰਦਿਆਂ ਉਨ੍ਹਾਂ 'ਤੇ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਪਣੀ ਭੈਣ 'ਤੇ ਵੀ ਇਸ ਸਾਜ਼ਿਸ਼ 'ਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਹੈ।
ਉਨ੍ਹਾਂ ਨੇ ਇਸ ਗੱਲ ਦਾ ਯਕੀਨ ਨਹੀਂ ਕੀਤਾ ਕਿ ਉਨ੍ਹਾਂ ਦੀ ਭੈਣ ਨੂੰ ਇਸ ਦੀ ਭਨਕ ਤੱਕ ਨਹੀਂ ਸੀ।
ਉਨ੍ਹਾਂ ਦੀ ਭੈਣ ਨੇ ਲੱਖ ਸਪੱਸ਼ਟੀਕਰਨ ਦਿੱਤੇ ਪਰ ਉਸ 'ਤੇ ਕੋਈ ਅਸਰ ਨਹੀਂ ਹੋਇਆ। ਕੁਝ ਦਿਨਾਂ ਬਾਅਦ ਉਹ ਵਾਪਸ ਇਰਾਕ ਚਲਾ ਗਿਆ।

ਤਸਵੀਰ ਸਰੋਤ, JEWISH VIRTUAL LIBRARY
ਇਜ਼ਰਾਇਲੀ ਪਾਇਲਟ ਨੇ ਮਿਗ-21 ਉਡਾਇਆ
ਉਸ ਮਿਗ-21 ਨੂੰ ਸਭ ਤੋਂ ਪਹਿਲਾਂ ਇਜ਼ਰਾਈਲ ਦੇ ਸਭ ਤੋਂ ਮਸ਼ਹੂਰ ਹਵਾਈ ਫੌਜ ਦੇ ਪਾਇਲਟ ਡੈਨੀ ਸ਼ਪੀਰਾ ਨੇ ਉਡਾਇਆ।
ਜਹਾਜ਼ ਦੇ ਉਤਰਨ ਤੋਂ ਇਕ ਦਿਨ ਬਾਅਦ ਹਵਾਈ ਫੌਜ ਮੁਖੀ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਮਿਗ-21 ਨੂੰ ਉਡਾਉਣ ਵਾਲਾ ਪਹਿਲਾ ਪੱਛਮੀ ਪਾਇਲਟ ਹੋਵੇਗਾ।
ਤੁਹਾਨੂੰ ਇਸ ਜਹਾਜ਼ ਦਾ ਡੂੰਘਾਈ ਨਾਲ ਅਧਿਐਨ ਕਰਨਾ ਹੋਵੇਗਾ ਅਤੇ ਇਸ ਦੀਆਂ ਚੰਗਾਈਆਂ ਅਤੇ ਬੁਰਾਈਆਂ ਦਾ ਪਤਾ ਲਗਾਉਣਾ ਹੋਵੇਗਾ।
ਡੈਨੀ ਸ਼ਾਪੀਰਾ ਨੇ ਬਾਅਦ ਵਿੱਚ ਯਾਦ ਕੀਤਾ, "ਅਸੀਂ ਹਤਜ਼ੋਰ ਵਿੱਚ ਮਿਲੇ ਜਿੱਥੇ ਮਿਗ-21 ਜਹਾਜ਼ ਖੜ੍ਹਾ ਹੋਇਆ ਸੀ। ਰੇਡਫਾ ਨੇ ਮੈਨੂੰ ਸਾਰੇ ਬਟਨ ਦੱਸੇ। ਅਸੀਂ ਜਹਾਜ਼ ਬਾਰੇ ਸਾਰੀਆਂ ਹਦਾਇਤਾਂ ਪੜ੍ਹੀਆਂ, ਜੋ ਅਰਬੀ ਅਤੇ ਰੂਸੀ ਵਿੱਚ ਲਿਖੀਆਂ ਗਈਆਂ ਸਨ।"
"ਇੱਕ ਘੰਟੇ ਬਾਅਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਜਹਾਜ਼ ਉਡਾਉਣ ਜਾ ਰਿਹਾ ਹਾਂ। ਉਹ ਹੈਰਾਨ ਰਹਿ ਹਏ ਸਨ। ਉਨ੍ਹਾਂ ਨੇ ਕਿਹਾ, ਤੁਸੀਂ ਉਡਾਣ ਦਾ ਕੋਰਸ ਪੂਰਾ ਨਹੀਂ ਕੀਤਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਇੱਕ ਟੈਸਟ ਪਾਇਲਟ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਨਾਲ ਰਹਿਣਗੇ, ਮੈਂ ਕਿਹਾ ਠੀਕ ਹੈ।"

ਤਸਵੀਰ ਸਰੋਤ, JEWISH VIRTUAL LIBRARY
ਮਿਰਾਜ-3 ਨਾਲੋਂ ਇਕ ਟਨ ਹਲਕਾ ਸੀ ਮਿਗ-21
ਮਾਈਕਲਬਾਰ ਜ਼ੋਹਰ ਅਤੇ ਨਿਸਿਮ ਮਿਸਹਾਲ ਲਿਖਦੇ ਹਨ, "ਇਜ਼ਰਾਈਲੀ ਹਵਾਈ ਸੈਨਾ ਦੇ ਸਾਰੇ ਸੀਨੀਅਰ ਅਧਿਕਾਰੀ ਮਿਗ-21 ਦੀ ਪਹਿਲੀ ਉਡਾਣ ਦੇਖਣ ਲਈ ਹਤਜ਼ੋਰ ਪਹੁੰਚੇ।"
"ਸਾਬਕਾ ਹਵਾਈ ਸੈਨਾ ਦੇ ਮੁਖੀ ਏਜ਼ੇਰ ਵੇਈਜ਼ਮਨ ਵੀ ਉੱਥੇ ਮੌਜੂਦ ਸਨ। ਉਨ੍ਹਾਂ ਨੇ ਸ਼ਪੀਰਾ ਦੇ ਮੋਢੇ 'ਤੇ ਥੱਪੜ ਮਾਰਿਆ ਅਤੇ ਕਿਹਾ ਕਿ ਉਹ ਕੋਈ ਸਟੰਟ ਦਿਖਾਉਣ ਦੀ ਕੋਸ਼ਿਸ਼ ਨਾ ਕਰਨ ਅਤੇ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਉਤਾਰਨ ਲੈਣ। ਰੇਡਫਾ ਵੀ ਉੱਥੇ ਮੌਜੂਦ ਸੀ।"
ਜਿਵੇਂ ਹੀ ਉਡਾਣ ਤੋਂ ਬਾਅਦ ਸ਼ਾਪੀਰਾ ਨੇ ਲੈਂਡ ਕੀਤਾ ਤਾਂ ਮੁਨੀਰ ਰੇਡਫਾ ਦੌੜਦੇ ਹੋਏ ਉਨ੍ਹਾਂ ਵੱਲ ਗਏ, ਉਨ੍ਹਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ।
ਉਨ੍ਹਾਂ ਨੇ ਕਿਹਾ ਕਿ ਤੁਹਾਡੇ ਵਰਗੇ ਪਾਇਲਟ ਹੋਣ ਕਾਰਨ ਅਰਬ ਤੁਹਾਨੂੰ ਕਦੇ ਵੀ ਹਰਾ ਨਹੀਂ ਸਕਣਗੇ।
ਕੁਝ ਦਿਨਾਂ ਦੀ ਉਡਾਣ ਤੋਂ ਬਾਅਦ, ਹਵਾਈ ਫੌਜ ਦੇ ਮਾਹਰ ਸਮਝ ਗਏ ਕਿ ਪੱਛਮ ਵਿਚ ਮਿਗ-21 ਜਹਾਜ਼ ਨੂੰ ਇੰਨੇ ਸਤਿਕਾਰ ਨਾਲ ਕਿਉਂ ਦੇਖਿਆ ਜਾਂਦਾ ਹੈ।
ਇਹ ਬਹੁਤ ਉਚਾਈ 'ਤੇ ਬਹੁਤ ਤੇਜ਼ੀ ਨਾਲ ਉੱਡ ਸਕਦਾ ਹੈ ਅਤੇ ਮਿਰਾਜ-3 ਜੰਗੀ ਜਹਾਜ਼ ਤੋਂ ਇਕ ਟਨ ਘੱਟ ਵਜ਼ਨ ਵਾਲਾ ਹੈ।

ਤਸਵੀਰ ਸਰੋਤ, JEWISH VIRTUAL LIBRARY
ਇਜ਼ਰਾਈਲ ਨੂੰ ਯੁੱਧ 'ਚ ਫਾਇਦਾ
ਅਮਰੀਕੀਆਂ ਨੇ ਇਸ ਜਹਾਜ਼ ਦਾ ਅਧਿਐਨ ਕਰਨ ਅਤੇ ਉਡਾਣ ਭਰਨ ਲਈ ਮਾਹਿਰਾਂ ਦੀ ਟੀਮ ਇਜ਼ਰਾਈਲ ਭੇਜੀ ਪਰ ਇਜ਼ਰਾਈਲੀਆਂ ਨੇ ਉਨ੍ਹਾਂ ਨੂੰ ਜਹਾਜ਼ ਦੇ ਨੇੜੇ ਨਹੀਂ ਉੱਡਣ ਦਿੱਤਾ।
ਉਨ੍ਹਾਂ ਦੀ ਸ਼ਰਤ ਸੀ ਕਿ ਅਮਰੀਕਾ ਪਹਿਲਾਂ ਉਸ ਨਾਲ ਸੋਵੀਅਤ ਐਂਟੀ ਏਅਰਕ੍ਰਾਫਟ ਮਿਜ਼ਾਈਲ ਸੈਮ-2 ਦੀ ਤਕਨੀਕ ਸਾਂਝੀ ਕਰੇ। ਬਾਅਦ ਵਿੱਚ ਅਮਰੀਕਾ ਇਸ ਲਈ ਸਹਿਮਤ ਹੋ ਗਿਆ।
ਅਮਰੀਕੀ ਪਾਇਲਟ ਇਜ਼ਰਾਈਲ ਪਹੁੰਚ ਗਏ। ਉਨ੍ਹਾਂ ਨੇ ਮਿਗ-21 ਦਾ ਨਿਰੀਖਣ ਕੀਤਾ ਅਤੇ ਇਸ ਨੂੰ ਉਡਾ ਕੇ ਦੇਖਿਆ।
ਇਜ਼ਰਾਇਲੀ ਹਵਾਈ ਫੌਜ ਨੂੰ ਮਿਗ-21 ਦਾ ਰਾਜ਼ ਜਾਣ ਕੇ ਕਾਫੀ ਫਾਇਦਾ ਹੋਇਆ। ਉਸ ਨੇ ਅਰਬ ਦੇਸ਼ਾਂ ਨਾਲ ਛੇ ਦਿਨਾਂ ਦੀ ਜੰਗ ਦੀ ਤਿਆਰੀ ਵਿਚ ਉਨ੍ਹਾਂ ਦੀ ਮਦਦ ਕੀਤੀ।
ਉਸ ਮਿਗ-21 ਦੇ ਰਹੱਸ ਨੇ ਇਜ਼ਰਾਈਲ ਦੀ ਜਿੱਤ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਕੁਝ ਘੰਟਿਆਂ ਵਿੱਚ ਹੀ ਇਜ਼ਰਾਈਲ ਨੇ ਪੂਰੀ ਅਰਬ ਹਵਾਈ ਸੈਨਾ ਨੂੰ ਤਬਾਹ ਕਰ ਦਿੱਤਾ।

ਤਸਵੀਰ ਸਰੋਤ, Getty Images
ਰੇਡਫਾ ਨੇ ਇਜ਼ਰਾਈਲ ਛੱਡ ਦਿੱਤਾ
ਮੁਨੀਰ ਰੇਡਫਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਈ।
ਮਾਈਕਲਬਾਰ ਜ਼ੋਹਰ ਅਤੇ ਨਿਸਿਮ ਮਿਸਹਾਲ ਲਿਖਦੇ ਹਨ, "ਮੁਨੀਰ ਨੂੰ ਇਜ਼ਰਾਈਲ ਵਿੱਚ ਇੱਕ ਕਠੋਰ, ਇਕੱਲਾ ਅਤੇ ਦੁਖੀ ਜੀਵਨ ਬਤੀਤ ਕਰਨਾ ਪਿਆ। ਆਪਣੇ ਦੇਸ਼ ਤੋਂ ਬਾਹਰ ਨਵੀਂ ਜ਼ਿੰਦਗੀ ਬਣਾਉਣਾ ਉਨ੍ਹਾਂ ਲਈ ਅਸੰਭਵ ਹੋ ਗਿਆ ਸੀ।"
"ਮੁਨੀਰ ਅਤੇ ਉਨ੍ਹਾਂ ਦਾ ਪਰਿਵਾਰ ਡਿਪਰੈਸ਼ਨ ਵਿੱਚ ਚਲਾ ਗਿਆ ਅਤੇ ਅੰਤ ਵਿੱਚ ਉਨ੍ਹਾਂ ਦਾ ਪਰਿਵਾਰ ਟੁੱਟ ਗਿਆ। ."
ਉਹ ਲਿਖਦੇ ਹਨ, "ਤਿੰਨ ਸਾਲਾਂ ਤੱਕ ਮੁਨੀਰ ਨੇ ਇਜ਼ਰਾਈਲ ਨੂੰ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਇਜ਼ਰਾਈਲ ਦੀਆਂ ਤੇਲ ਕੰਪਨੀਆਂ ਦੇ ਡਕੋਟਾ ਜਹਾਜ਼ਾਂ ਨੂੰ ਵੀ ਉਡਾਏ, ਪਰ ਉਨ੍ਹਾਂ ਦਾ ਮਨ ਉੱਥੇ ਨਹੀਂ ਲੱਗਿਆ।"
ਇਜ਼ਰਾਈਲ ਵਿੱਚ ਉਨ੍ਹਾਂ ਨੂੰ ਇੱਕ ਈਰਾਨੀ ਸ਼ਰਨਾਰਥੀ ਦੀ ਪਛਾਣ ਦਿੱਤੀ ਗਈ ਸੀ, ਪਰ ਉਹ ਆਪਣੇ ਆਪ ਨੂੰ ਇਜ਼ਰਾਈਲ ਦੇ ਜੀਵਨ ਦੇ ਅਨੁਕੂਲ ਢਾਲ ਨਹੀਂ ਸਕੇ।"
"ਕੁਝ ਦਿਨਾਂ ਬਾਅਦ, ਉਨ੍ਹਾਂ ਨੇ ਇਜ਼ਰਾਈਲ ਛੱਡ ਦਿੱਤਾ ਅਤੇ ਜਾਅਲੀ ਪਛਾਣ ਦੇ ਨਾਲ ਪੱਛਮੀ ਦੇਸ਼ ਵਿੱਚ ਵਸ ਗਏ।"
ਉਥੇ ਵੀ ਸੁਰੱਖਿਆ ਕਰਮਚਾਰੀਆਂ ਵੱਲੋਂ ਘਿਰੇ ਹੋਣ ਦੇ ਬਾਵਜੂਦ ਉਹ ਇਕੱਲਾ ਮਹਿਸੂਸ ਕਰਦੇ ਰਹੇ।
ਉਨ੍ਹਾਂ ਨੂੰ ਹਮੇਸ਼ਾ ਡਰ ਰਿਹਾ ਕਿ ਇੱਕ ਦਿਨ ਇਰਾਕ ਦੀ ਭਿਆਨਕ ‘ਮੁਖ਼ਾਬਰਾਤ’ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾ ਲਵੇਗੀ।

ਤਸਵੀਰ ਸਰੋਤ, PENGUIN
ਇਜ਼ਰਾਈਲੀਆਂ ਮੁਨੀਰ ਲਈ ਰੋਏ
ਮਿਗ-21 ਨੂੰ ਇਜ਼ਰਾਈਲ ਲਈ ਉਡਾਣ ਭਰਨ ਤੋਂ 22 ਸਾਲ ਬਾਅਦ ਅਗਸਤ 1988 ਵਿੱਚ ਮੁਨੀਰ ਰੇਡਫਾ ਦੀ ਆਪਣੇ ਘਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਮੋਸਾਦ ਨੇ ਮੁਨੀਰ ਰੇਡਫਾ ਦੇ ਸਨਮਾਨ ਵਿੱਚ ਇੱਕ ਮੈਮੋਰੀਅਲ ਸਰਵਿਸ ਦਾ ਪ੍ਰਬੰਧ ਕੀਤਾ। ਇਹ ਇੱਕ ਨਾ ਭੁਲਣ ਵਾਲਾ ਦ੍ਰਿਸ਼ ਸੀ।

ਤਸਵੀਰ ਸਰੋਤ, HBO FILMS
ਰੇਡਫਾ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਸਟੀਲ ਦਾ ਸਕਾਈ'
ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਇਰਾਕੀ ਪਾਇਲਟ ਦੀ ਮੌਤ ਦਾ ਸੋਗ ਮਨਾ ਰਹੀ ਸੀ।
ਬਾਅਦ ਵਿੱਚ ਰੇਡਫਾ ਦੀ ਜ਼ਿੰਦਗੀ 'ਤੇ ਦੋ ਬਹੁਚਰਚਿਤ ਫਿਲਮਾਂ ਵੀ ਬਣੀਆਂ 'ਸਟੀਲ ਦਾ ਸਕਾਈ' ਅਤੇ 'ਗੇਟ ਮੀ ਮਿਗ-21'।
ਰੇਡਫਾ ਦੇ ਲਿਆਂਦੇ ਮਿਗ-21 ਨੂੰ ਇਜ਼ਰਾਈਲ ਦੇ ਹਾਤੇਜ਼ਰਿਨ ਹਵਾਈ ਫੌਜ ਮਿਊਜ਼ੀਅਮ ਵਿੱਚ ਲਿਆਂਦਾ ਗਿਆ, ਜਿੱਥੇ ਉਹ ਅੱਜ ਵੀ ਪਿਆ ਹੈ।












