ਦੀਵਾਲੀ ਮਗਰੋਂ ਦਿੱਲੀ 'ਚ ਵਧੇ ਪ੍ਰਦੂਸ਼ਣ ਵਿਚਾਲੇ ਪੰਜਾਬ ਦੀ ਪਰਾਲੀ ਦੀ ਚਰਚਾ, ਪਟਾਕੇ ਜਾਂ ਫਿਰ ਪਰਾਲੀ ਦਾ ਧੂੰਆਂ ਜ਼ਿੰਮੇਵਾਰ?

ਤਸਵੀਰ ਸਰੋਤ, Getty Images
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਸਹਿਯੋਗੀ
ਦੇਸ਼ ਭਰ ਵਿੱਚ ਧੂਮ-ਧਾਮ ਨਾਲ ਮਨਾਏ ਗਏ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਮੰਗਲਵਾਰ ਸਵੇਰੇ ਹਵਾ ਦੀ ਗੁਣਵੱਤਾ ਦਾ ਪੱਧਰ 'ਮਾੜਾ' ਦਰਜ ਕੀਤਾ ਗਿਆ।
ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਵਿੱਚ ਵਾਤਾਵਰਨ ਇੰਜੀਨੀਅਰ ਅਤੁਲ ਕੌਸ਼ਲ ਮੁਤਾਬਕ ਅੱਜ ਮੰਗਲਵਾਰ ਨੂੰ ਪੰਜਾਬ ਵਿੱਚ ਸਭ ਤੋਂ ਵੱਧ ਏਕਿਊਆਈ ਮੰਡੀ ਗੋਬਿੰਦਗੜ੍ਹ ਵਿੱਚ ਦਰਜ ਕੀਤਾ ਗਿਆ ਜੋ ਕਿ 297 ਸੀ, ਲੁਧਿਆਣਾ ਵਿੱਚ 271, ਪਟਿਆਲਾ ਵਿੱਚ 206, ਖੰਨਾ ਵਿੱਚ 139, ਅੰਮ੍ਰਿਤਸਰ ਵਿੱਚ 224, ਜਲੰਧਰ ਵਿੱਚ 247 ਦਰਜ ਕੀਤਾ ਗਿਆ ਹੈ।
ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ (ਸੀਪੀਸੀਬੀ) ਅਨੁਸਾਰ, 300 ਅਤੇ 400 ਦੇ ਵਿਚਕਾਰ ਏਕਿਊਆਈ ਨੂੰ "ਬਹੁਤ ਮਾੜਾ" ਮੰਨਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਪੰਜਾਬ ਵਿੱਚ ਮੰਗਲਵਾਰ ਨੂੰ ਵੀ ਕਈ ਥਾਵਾਂ 'ਤੇ ਦੀਵਾਲੀ ਅਤੇ ਸਿੱਖ ਭਾਈਚਾਰੇ ਵੱਲੋਂ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਤੇ ਅੱਜ ਰਾਤ ਨੂੰ ਮੁੜ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਏ ਜਾਣ ਦੀ ਉਮੀਦ ਹੈ। ਜਿਸ ਕਰਕੇ ਮੰਗਲਵਾਰ ਰਾਤ ਨੂੰ ਮੁੜ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੋ ਸਕਦਾ ਹੈ।
ਪੰਜਾਬ-ਦਿੱਲੀ ਵਿੱਚ ਵਧੇ ਹਵਾ ਪ੍ਰਦੂਸ਼ਣ ਨੇ ਮੁੜ ਇਹ ਚਰਚਾ ਛੇੜ ਦਿੱਤੀ ਹੈ ਕਿ ਇਸ ਏਕਿਊਆਈ ਵਧਣ ਦਾ ਕਾਰਨ ਦੀਵਾਲੀ ਮੌਕੇ ਚੱਲੇ ਪਟਾਕੇ ਹਨ ਜਾਂ ਖੇਤੀ ਪ੍ਰਧਾਨ ਸੂਬਿਆਂ ਵਿੱਚ ਪਰਾਲੀ ਨੂੰ ਲਾਈ ਜਾਂਦੀ ਅੱਗ ਹੈ।
ਇਨ੍ਹਾਂ ਸਵਾਲਾਂ ਦਾ ਜਵਾਬ ਜਾਣਨ ਲਈ ਅਸੀਂ ਵੱਖ-ਵੱਖ ਵਾਤਾਵਰਨ ਮਾਹਰਾਂ ਅਤੇ ਪ੍ਰਦੂਸ਼ਣ ਕੰਟ੍ਰੋਲ ਬੋਰਡ ਅਧਿਕਾਰੀਆਂ ਨਾਲ ਗੱਲ ਕੀਤੀ।
ਦਿੱਲੀ ਵਿੱਚ ਵੀ ਹਵਾ ਦਾ ਏਕਿਊਆਈ ਮਾੜਾ

ਤਸਵੀਰ ਸਰੋਤ, Getty Images
ਦੀਵਾਲੀ ਤੋਂ ਬਾਅਦ ਸਵੇਰੇ ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਪ੍ਰਦੂਸ਼ਿਤ ਰਹੀ।
ਮੰਗਲਵਾਰ ਸਵੇਰੇ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਧੂੰਆਂ ਦੇਖਿਆ ਗਿਆ। ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਅਨੁਸਾਰ ਇੱਥੇ ਹਵਾ ਦੀ ਗੁਣਵੱਤਾ "ਬਹੁਤ ਮਾੜੀ" ਸ਼੍ਰੇਣੀ ਵਿੱਚ ਦਰਜ ਕੀਤੀ ਗਈ।
ਮੰਗਲਵਾਰ ਸਵੇਰੇ 6 ਵਜੇ ਦਿੱਲੀ ਦੇ ਆਨੰਦ ਵਿਹਾਰ ਵਿੱਚ ਹਵਾ ਦਾ ਗੁਣਵੱਤਾ ਪੱਧਰ 348, ਆਈਟੀਓ 'ਤੇ ਏਕਿਊਆਈ 345, ਬੁਰਾੜੀ ਕਰਾਸਿੰਗ 393, ਚਾਂਦਨੀ ਚੌਕ 347, ਅਤੇ ਲੋਧੀ ਰੋਡ 'ਤੇ 334 ਦਰਜ ਕੀਤਾ ਗਿਆ।
ਦਿੱਲੀ ਦੇ ਪ੍ਰਦੂਸ਼ਣ ਨੇ ਭਖਾਈ ਸਿਆਸਤ

ਭਾਜਪਾ ਨੇਤਾ ਅਤੇ ਦਿੱਲੀ ਵਿੱਚ ਮੌਜੂਦਾ ਵਾਤਾਵਰਣ, ਖੁਰਾਕ ਅਤੇ ਸਪਲਾਈ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿੱਚ ਵਧੇ ਹਵਾ ਪ੍ਰਦੂਸ਼ਣ ਦਾ ਜ਼ਿੰਮੇਵਾਰ ਆਮ ਆਦਮੀ ਪਾਰਟੀ (ਆਪ) ਨੂੰ ਠਹਿਰਾਇਆ ਅਤੇ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਵਿੱਚ ਵਧੇ ਪ੍ਰਦੂਸ਼ਣ ਦਾ ਕਾਰਨ ਦੀਵਾਲੀ ਨਹੀਂ ਹੈ।
ਸਿਰਸਾ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, "ਦਿੱਲੀ ਵਿੱਚ ਦੀਵਾਲੀ ਤੋਂ ਪਹਿਲਾਂ ਏਕਿਊਆਈ 345 ਸੀ ਅਤੇ ਦੀਵਾਲੀ ਤੋਂ ਬਾਅਦ, ਏਕਿਊਆਈ 356 ਤੱਕ ਪਹੁੰਚਿਆ ਹੈ। ਸਿਰਸਾ ਨੇ ਫੋਟੋਆਂ ਦਿਖਾ ਕੇ ਕਿਹਾ ਕਿ ਆਮ ਆਦਮੀ ਪਾਰਟੀ ਕਿਵੇਂ ਜਾਣਬੁੱਝ ਕੇ ਪੰਜਾਬ ਵਿੱਚ ਕਿਸਾਨਾਂ ਨੂੰ ਆਪਣੇ ਮੂੰਹ ਢੱਕ ਕੇ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਹੈ।"
"ਕਿਸਾਨ ਪਰਾਲੀ ਨਹੀਂ ਸਾੜਨਾ ਚਾਹੁੰਦੇ, ਪਰ ਉਨ੍ਹਾਂ ਨੂੰ ਮੂੰਹ ਢੱਕ ਕੇ ਪਰਾਲੀ ਸਾੜਨ ਲਈ ਮਜਬੂਰ ਕੀਤਾ ਗਿਆ ਹੈ ਤਾਂ ਜੋ ਇਸ ਪਰਾਲੀ ਦਾ ਦਿੱਲੀ 'ਤੇ ਅਸਰ ਪੈ ਸਕੇ।"
ਉਧਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਇਲਜ਼ਾਮਾਂ 'ਤੇ ਜਵਾਬ ਦਿੰਦਿਆਂ ਪੰਜਾਬ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ, "ਪੰਜਾਬ ਵਿੱਚ ਏਕਿਊਆਈ ਲਗਭਗ 200 ਤੱਕ ਦਰਜ ਕੀਤਾ ਗਿਆ ਹੈ ਜਦਕਿ ਦਿੱਲੀ ਦਾ ਏਕਿਊਆਈ 1000 ਟੱਪ ਗਿਆ ਹੈ। ਦਿੱਲੀ ਦੀ ਭਾਜਪਾ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ।"
ਦਿੱਲੀ ਅਤੇ ਪੰਜਾਬ ਵਿਚ ਵਧੇ ਹਵਾ ਪ੍ਰਦੂਸ਼ਣ ਉੱਤੇ ਜਿੱਥੇ ਸਿਆਸਤ ਗਰਮਾਈ ਉੱਥੇ ਹੀ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਇਸ ਉੱਤੇ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ।
ਫੇਸਬੁੱਕ ਦੇ ਇੱਕ ਯੂਜ਼ਰ ਹਰਕੰਵਲ ਮਾਨ ਨੇ ਦਿੱਲੀ ਵਿੱਚ ਵਧੇ ਹਵਾ ਪ੍ਰਦੂਸ਼ਣ ਪਿੱਛੇ ਪਟਾਕਿਆਂ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ, ਉਨ੍ਹਾਂ ਲਿਖਿਆ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਹਰ ਵਾਰ ਪੰਜਾਬ ਦੇ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਇੱਕ ਹੋਰ ਯੂਜ਼ਰ ਸਿੱਧੂ ਸਰਦਾਰ ਨੇ ਕਿਹਾ ਕਿ ਇਸ ਵਾਰ ਪਰਾਲੀ ਨੂੰ ਬਹੁਤ ਘੱਟ ਅੱਗ ਲਾਈ ਗਈ ਹੈ ਫੇਰ ਪੰਜਾਬ ਦੇ ਕਿਸਾਨਾਂ 'ਤੇ ਇਲਜ਼ਾਮ ਕਿਵੇਂ ਲਗਾਏ ਜਾ ਸਕਦੇ ਹਨ। ਦਿੱਲੀ ਵਿੱਚ ਪ੍ਰਦੂਸ਼ਣ ਵਧਣ ਦਾ ਕਾਰਨ ਪਟਾਕੇ ਹੀ ਹੋਣਗੇ।
ਹਵਾ ਪ੍ਰਦੂਸ਼ਣ ਵਿੱਚ ਵਾਧੇ ਦਾ ਅਸਲ ਕਾਰਨ ਕੀ ਹੈ?
ਬੀਬੀਸੀ ਨਾਲ ਗੱਲਬਾਤ ਕਰਨ ਵਾਲੇ ਵਾਤਾਵਰਨ ਵਿਗਿਆਨੀਆਂ ਦਾ ਕਹਿਣਾ ਕਿ ਪੰਜਾਬ ਵਿੱਚ ਇੱਕਦਮ ਵਧੇ ਹਵਾ ਪ੍ਰਦੂਸ਼ਣ ਵਿੱਚ ਪਟਾਕਿਆਂ ਤੇ ਆਤਿਸ਼ਬਾਜ਼ੀ ਦਾ ਪ੍ਰਦੂਸ਼ਣ, ਪਰਾਲੀ ਸਾੜਨ ਦੀਆਂ ਘਟਨਾਵਾਂ, ਘਰੇਲੂ ਪ੍ਰਦੂਸ਼ਣ ਨਿਕਾਸੀ, ਹਵਾ ਦੇ ਪ੍ਰੈਸ਼ਰ ਵਿੱਚ ਵਾਧਾ ਬਰਾਬਰ ਜ਼ਿੰਮੇਵਾਰ ਹਨ।
ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਚੰਡੀਗੜ੍ਹ ਵਿੱਚ ਵਾਤਾਵਰਨ ਵਿਗਿਆਨੀ ਡਾ. ਰਵਿੰਦਰ ਖਾਇਵਾਲ ਪੰਜਾਬ ਵਿੱਚ ਵਧੇ ਹਵਾ ਪ੍ਰਦੂਸ਼ਣ ਪਿੱਛੇ ਕਈ ਕਾਰਨਾਂ ਨੂੰ ਜ਼ਿੰਮੇਵਾਰ ਦੱਸਦੇ ਹਨ।
ਡਾ. ਰਵਿੰਦਰ ਖਾਇਵਾਲ ਕਹਿੰਦੇ ਹਨ, "ਦੀਵਾਲੀ ਤੋਂ ਬਾਅਦ ਪੰਜਾਬ ਵਿੱਚ ਕੁਝ ਥਾਵਾਂ 'ਤੇ ਹਵਾ ਦੀ ਗੁਣਵੱਤਾ ਦਰਮਿਆਨੀ ਤੋਂ ਬਹੁਤ ਮਾੜੀ ਹੋ ਗਈ ਹੈ। ਇਸ ਦੇ ਵਿੱਚ ਮੁੱਖ ਯੋਗਦਾਨ ਸੜਕਾਂ 'ਤੇ ਉੱਡਦੀ ਧੂੜ, ਮੋਟਰ ਵਾਹਨਾਂ ਅਤੇ ਘਰੇਲੂ ਪ੍ਰਦੂਸ਼ਣ ਨਿਕਾਸੀ, ਖੁੱਲ੍ਹੇ ਵਿੱਚ ਕੂੜਾ ਸਾੜਨਾ ਅਤੇ ਪਾਵਰ ਪਲਾਂਟ ਦੇ ਧੂੰਏ ਦਾ ਯੋਗਦਾਨ ਰਹਿੰਦਾ ਹੈ।"
"ਪਰ ਦੀਵਾਲੀ ਤੋਂ ਬਿਲਕੁਲ ਬਾਅਦ ਏਕਿਊਆਈ ਦਾ ਮਾੜੇ ਪੱਧਰ ਉੱਤੇ ਪਹੁੰਚਣਾ ਇਹ ਦਰਸਾਉਂਦਾ ਹੈ ਕਿ ਪਟਾਕਿਆਂ-ਆਤਿਸ਼ਬਾਜ਼ੀ ਦੇ ਫਟਣ ਨਾਲ ਹਾਲਾਤ ਜ਼ਿਆਦਾ ਖ਼ਰਾਬ ਹੋਏ ਹਨ।"
ਹਾਲਾਂਕਿ ਡਾ. ਰਵਿੰਦਰ ਖਾਇਵਾਲ ਹਵਾ ਪ੍ਰਦੂਸ਼ਣ ਦੇ ਇਸ ਹੱਦ ਤੱਕ ਵਧਣ ਪਿੱਛੇ ਪਰਾਲੀ ਸਾੜਨ ਦੇ ਯੋਗਦਾਨ ਨੂੰ ਬਹੁਤ ਮਾਮੂਲੀ ਦੱਸਦੇ ਹਨ। ਡਾ. ਖਾਇਵਾਲ ਕਹਿੰਦੇ ਹਨ ਪਰਾਲੀ ਸਾੜਨ ਦੀਆਂ ਘਟਨਾਵਾਂ ਪਿੱਛਲੇ ਸਾਲਾਂ ਨਾਲੋਂ ਇਸ ਸਾਲ ਪੰਜਾਬ ਵਿੱਚ ਬਹੁਤ ਘੱਟ ਦਰਜ ਕੀਤੀਆਂ ਗਈਆਂ ਹਨ।
ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਸੋਮਵਾਰ 20 ਅਕਤੂਬਰ 2025 ਤੱਕ ਪੰਜਾਬ ਵਿੱਚ 353 ਕੇਸ ਪਰਾਲੀ ਸਾੜਨ ਦੇ ਦਰਜ ਕੀਤੇ ਗਏ। ਜਿਨ੍ਹਾਂ ਵਿੱਚੋਂ 125 ਕੇਸ ਅੰਮ੍ਰਿਤਸਰ ਵਿੱਚ ਸਨ ਜਦਕਿ 112 ਤਰਨ-ਤਾਰਨ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ।
ਇਸ ਸਮੇਂ ਦੌਰਾਨ ਪਰਾਲੀ ਸਾੜਨ ਦਾ ਯੋਗਦਾਨ ਮਾਮੂਲੀ ਰਹਿੰਦਾ ਹੈ।
ਚੰਡੀਗੜ੍ਹ 'ਚ 300 ਤੱਕ ਪਹੁੰਚਿਆ ਏਕਿਊਆਈ

ਸਿਟੀ ਬਿਊਟੀਫੁਲ ਵੱਜੋਂ ਜਾਣੇ ਜਾਂਦੇ ਸ਼ਹਿਰ ਚੰਡੀਗੜ੍ਹ ਵਿੱਚ ਵੀ ਦੀਵਾਲੀ ਦੀ ਰਾਤ ਸੋਮਵਾਰ ਨੂੰ ਏਕਿਊਆਈ 300 ਤੱਕ ਪਹੁੰਚਿਆ ਸੀ ਪਰ ਮੰਗਲਵਾਰ ਸਵੇਰ ਨੂੰ ਹਾਲਤ ਸੁਖਾਵੇਂ ਹੋ ਗਏ।
ਚੰਡੀਗੜ੍ਹ ਪ੍ਰਦੂਸ਼ਣ ਕੰਟ੍ਰੋਲ ਕਮੇਟੀ ਦੇ ਵਾਤਾਵਰਨ ਡਾਇਰੈਕਟਰ ਅਤੇ ਮੈਂਬਰ ਸੈਕਰੇਟਰੀ ਸੌਰਭ ਦੱਸਦੇ ਹਨ, "13 ਅਕਤੂਬਰ 2025 ਨੂੰ ਚੰਡੀਗੜ੍ਹ ਦੀਆਂ ਸਾਰੀਆਂ ਥਾਵਾਂ 'ਤੇ ਏਅਰ ਕੁਆਲਿਟੀ ਇੰਡੈਕਸ 'ਤਸੱਲੀਬਖਸ਼' ਤੋਂ 'ਦਰਮਿਆਨੀ' ਰੇਂਜ (120 ਤੋਂ ਹੇਠਾਂ) ਵਿੱਚ ਦਰਜ ਕੀਤਾ ਗਿਆ ਸੀ।
ਜਦਕਿ ਸੋਮਵਾਰ ਨੂੰ ਦੀਵਾਲੀ ਦੀ ਰਾਤ 8:00 ਵਜੇ ਤੋਂ ਬਾਅਦ ਪਟਾਕਿਆਂ ਦੀ ਵਰਤੋਂ ਕਾਰਨ ਹਵਾ ਦੀ ਗੁਣਵੱਤਾ ਵਿਗੜ ਗਈ, ਜਿਸ ਕਾਰਨ ਸੈਕਟਰ 53 ਵਿੱਚ ਏਅਰ ਕੁਆਲਿਟੀ ਇੰਡੈਕਸ 304, ਇਮਟੈੱਕ (ਸੈਕਟਰ 39) ਵਿੱਚ ਏਕਿਊਆਈ 318 ਅਤੇ ਪੈੱਕ ਸੈਕਟਰ 12 ਵਿੱਚ 312 ਤੱਕ ਏਕਿਊਆਈ ਦਰਜ ਕੀਤਾ ਗਿਆ।
ਹਾਲਾਂਕਿ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੰਗਲਵਾਰ ਸਵੇਰ ਹੁੰਦੇ ਹੀ ਚੰਡੀਗੜ੍ਹ ਵਿੱਚ ਏਕਿਊਆਈ 120 ਤੋਂ ਥੱਲੇ 'ਤਸੱਲੀਬਖਸ਼' ਪੱਧਰ ਉੱਤੇ ਪਹੁੰਚ ਗਿਆ।
ਏਕਿਊਆਈ ਵਿੱਚ ਆਏ ਸੁਧਾਰ ਦਾ ਕਾਰਨ ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਪ੍ਰਸ਼ਾਸਨ ਨੇ ਪਟਾਖੇ ਚਲਾਉਣ ਲਈ ਰਾਤ 8 ਵਜੇ ਤੋਂ 10 ਵਜੇ ਤੱਕ ਦਾ ਸਮਾਂ ਹੀ ਨਿਰਧਾਰਿਤ ਕੀਤਾ ਸੀ, ਜਿਸਦਾ ਪਾਲਣ ਨਾਗਰਿਕਾਂ ਵੱਲੋਂ ਵੀ ਕੀਤਾ ਗਿਆ।
ਸਿਹਤ ਸਮੱਸਿਆਵਾਂ ਵਾਲੇ ਲੋਕ ਸਾਵਧਾਨੀ ਵਰਤਣ

ਤਸਵੀਰ ਸਰੋਤ, Getty Images
ਵਾਤਾਵਰਨ ਵਿਗਿਆਨੀ ਡਾ. ਰਵਿੰਦਰ ਖਾਇਵਾਲ ਚਿਤਾਵਨੀ ਦਿੰਦੇ ਹਨ ਕਿ ਪ੍ਰਦੂਸ਼ਿਤ ਹਵਾ ਦੇ ਜ਼ਿਆਦਾ ਸੰਪਰਕ ਵਿੱਚ ਆਉਣ ਨਾਲ ਸਾਹ ਲੈਣ ਵੇਲੇ ਜਲਣ, ਖੰਘ ਅਤੇ ਦਮਾ ਜਾਂ ਸੀਓਪੀਡੀ (ਕ੍ਰੋਨਿਕ ਅਬਸਟਰਕਟਿਵ ਪਲਮਨਰੀ ਡਿਜ਼ੀਜ਼) ਹੋਰ ਵੱਧ ਸਕਦਾ ਹੈ। ਜੋ ਲੋਕ ਪਹਿਲਾਂ ਤੋਂ ਹੀ ਦਿਲ ਜਾਂ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ, ਉਨ੍ਹਾਂ ਨੂੰ ਗੰਭੀਰ ਦਿਲ ਅਤੇ ਸਾਹ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਮੈਡੀਸਨ ਦੇ ਐੱਮਡੀ ਡਾਕਟਰ ਖੁਸ਼ਪ੍ਰੀਤ ਸਿੰਘ ਸਾਹ ਦੇ ਮਰੀਜ਼ਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਪਟਾਕੇ ਚਲਾਉਣ ਵਾਲੀ ਥਾਂ ਉੱਤੇ ਮੌਜੂਦ ਨਾ ਰਹਿਣ। ਕਿਤੇ ਵੀ ਅਜਿਹਾ ਲੱਗ ਰਿਹਾ ਹੋਵੇ ਕਿ ਇੱਥੇ ਧੂਆਂ ਜਾਂ ਧੂੜ ਹੋ ਸਕਦੀ ਹੈ ਤਾਂ ਉਸ ਥਾਂ ਤੋਂ ਚਲੇ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਬਾਹਰ ਨਿਕਲਦੇ ਹੋਏ ਮਾਸਕ ਲਾਜ਼ਮੀ ਵਰਤਣਾ ਚਾਹੀਦਾ ਹੈ। ਨਾ-ਮਾਤਰ ਹੀ ਬਾਜ਼ਾਰ ਜਾਂ ਬਾਹਰ ਜਾਣਾ ਚਾਹੀਦਾ ਹੈ। ਜੇਕਰ ਸਾਹ ਲੈਣ ਵਿੱਚ ਜ਼ਿਆਦਾ ਸਮੱਸਿਆ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।
ਸਾਹ ਦੇ ਮਰੀਜ਼ , ਇਨ੍ਹਾਂ 2/3 ਦਿਨਾਂ 'ਚ ਆਪਣੇ ਕਮਰੇ ਦੀਆਂ ਖਿੜਕੀਆਂ ਦਰਵਾਜ਼ੇ ਬੰਦ ਰੱਖਣ ।
ਇਸ ਸਮੇ ਦੌਰਾਨ ਆਕਸੀਜਨ ਪਿਊਰੀਫਾਈ ਮਸ਼ੀਨ ਦੀ ਵਰਤੋਂ ਕਰਨੀ ਲਾਹੇਵੰਦ ਰਹੇਗੀ।
ਖਾਣ ਪੀਣ ਵਿੱਚ ਤਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਰੱਖਣਾ ਹੈ ਅਤੇ ਠੰਢਾ ਪਾਣੀ ਜਾਂ ਕੋਈ ਹੋਰ ਠੰਢੀ ਚੀਜ਼ ਨਹੀਂ ਪੀਣੀ।
ਸਾਹ ਦੇ ਮਰੀਜ਼, ਜੋ ਵੀ ਦਵਾਈ ਡਾਕਟਰ ਵੱਲੋਂ ਚੱਲ ਰਹੀ ਹੈ, ਤਿਉਹਾਰ ਦੇ ਦਿਨਾਂ ਵਿੱਚ ਸਮੇਂ ਸਿਰ ਲੈਂਦੇ ਰਹਿਣ।
ਪੰਜਾਬ ਵਿੱਚ ਕਦੋਂ ਤੱਕ ਹਾਲਾਤ ਹੋ ਸਕਦੇ ਠੀਕ?
ਡਾਕਟਰ ਖਾਇਵਾਲ ਦੱਸਦੇ ਹਨ, "ਮੌਸਮ ਵਿਗਿਆਨ ਦੀਆਂ ਸਥਿਤੀਆਂ ਦੇ ਆਧਾਰ 'ਤੇ ਅਗਲੇ 24-48 ਘੰਟਿਆਂ ਵਿੱਚ ਸਥਿਤੀ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਆਉਣ ਵਾਲੇ ਦਿਨਾਂ ਵਿੱਚ 6-8 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਵਾਲੀਆਂ ਹਵਾਵਾਂ, 15 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀਆਂ ਹਵਾਵਾਂ ਦੇ ਨਾਲ ਸਮੁੱਚੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।"
ਪਰ ਨਾਲ ਹੀ ਡਾਕਟਰ ਰਵਿੰਦਰ ਇਹ ਚਿਤਾਵਨੀ ਵੀ ਦਿੰਦੇ ਹਨ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਭਾਵੇਂ ਹੁਣ ਦੇ ਪ੍ਰਦੂਸ਼ਣ ਵਾਧੇ ਵਿੱਚ ਜ਼ਿੰਮੇਦਾਰ ਨਹੀਂ ਹਨ ਪਰ ਫਿਰ ਵੀ ਸਾਨੂੰ ਪਰਾਲੀ ਸਾੜਨ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਪਰਾਲੀ ਸਾੜਨ ਨਾਲ ਮੌਜੂਦਾ ਪ੍ਰਦੂਸ਼ਣ ਦੇ ਪੱਧਰਾਂ ਵਿੱਚ ਵਾਧਾ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












