You’re viewing a text-only version of this website that uses less data. View the main version of the website including all images and videos.
ਜਰਨੈਲ ਸਿੰਘ ਭਿੰਡਰਾਂਵਾਲਾ ਤਸਵੀਰ ਵਿਵਾਦ: ਹਿਮਾਚਲ ਬੱਸਾਂ ਨੂੰ ਨੁਕਸਾਨ ਪਹੁੰਚਾਏ ਜਾਣ ਉੱਤੇ ਦਲ ਖਾਲਸਾ ਨੇ ਕੀ ਕਿਹਾ
- ਲੇਖਕ, ਰਵਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਜਦੋਂ ਤੱਕ ਪੰਜਾਬ ਸਰਕਾਰ ਹਿਮਾਚਲ ਦੀਆਂ ਬੱਸਾਂ ਨੂੰ ਲੋੜੀਂਦੀ ਸੁਰੱਖਿਆ ਯਕੀਨੀ ਨਹੀਂ ਬਣਾਉਦੀ, ਉਦੋਂ ਤੱਕ ਐੱਚਆਰਟੀਸੀ ਦੀਆਂ ਬੱਸਾਂ ਪੰਜਾਬ ਵਿੱਚ ਰਾਤ ਨੂੰ ਨਹੀਂ ਠਹਿਰਾਈਆਂ ਜਾਣਗੀਆਂ।"
ਇਹ ਸ਼ਬਦ ਹਿਮਾਚਲ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੇ ਹਨ।
ਉਹ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਹਿਮਾਚਲ ਦੀਆਂ ਸਰਕਾਰੀ ਬੱਸਾਂ ਨੂੰ ਕਈ ਥਾਂਵਾਂ ਉੱਤੇ ਨੁਕਸਾਨ ਪਹੁੰਚਾਏ ਜਾਣ ਅਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਦੀ ਘਟਨਾ ਤੋਂ ਬਾਅਦ ਅਧਿਕਾਰਤ ਬਿਆਨ ਦੇ ਰਹੇ ਸਨ।
ਅਗਨੀਹੋਤਰੀ ਮੁਤਾਬਕ ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੰਜਾਬ 'ਚ ਆਪਣੀਆਂ ਸਰਕਾਰੀ ਬੱਸਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਬੱਸਾਂ ਦੀ ਸਰਵਿਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਇਸ ਦੇ ਤਹਿਤ ਰਾਤ ਸਮੇਂ ਪੰਜਾਬ 'ਚ ਠਹਿਰਣ ਵਾਲੀਆਂ ਬੱਸਾਂ ਦੇ 20 ਰੂਟਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।
ਇਹ ਕਦਮ ਅੰਮ੍ਰਿਤਸਰ ਬੱਸ ਅੱਡੇ 'ਚ ਹਿਮਾਚਲ ਦੀਆਂ ਬੱਸਾਂ ਦੀ ਭੰਨਤੋੜ ਦੀ ਤਾਜ਼ਾ ਘਟਨਾ ਅਤੇ ਪਿਛਲੇ ਕੁਝ ਦਿਨਾਂ ਦਰਮਿਆਨ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਨੂੰ ਖਰੜ, ਹੁਸ਼ਿਆਰਪੁਰ ਨੁਕਸਾਨ ਪਹੁੰਚਾਏ ਜਾਣ ਤੋਂ ਬਾਅਦ ਲਿਆ ਗਿਆ ਹੈ।
ਹਿਮਾਚਲ ਦੀਆਂ ਬੱਸਾਂ ਪੰਜਾਬ ਵਿੱਚ ਨਿਸ਼ਾਨੇ ਉੱਤੇ ਕਿਉਂ
ਪਿਛਲੇ ਹਫ਼ਤੇ ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਗੁਰਦੁਆਰਾ ਸਾਹਿਬ ਜਾ ਰਹੇ ਪੰਜਾਬ ਦੇ ਕੁਝ ਨੌਜਵਾਨਾਂ ਨਾਲ ਕੁੱਲੂ ਵਿੱਚ ਕੁਝ ਹਿਮਾਚਲੀ ਲੋਕਾਂ ਦਾ ਝਗੜਾ ਹੋ ਗਿਆ ਸੀ।
ਜਿਸ ਦੌਰਾਨ ਅਮਨ ਸੂਦ ਨਾਂ ਦੇ ਇੱਕ ਸਥਾਨਕ ਕਾਰਕੁਨ ਨੇ ਇਨ੍ਹਾਂ ਨੌਜਵਾਨਾਂ ਉੱਤੇ ਹੁੱਲੜਬਾਜੀ ਕਰਨ ਦਾ ਇਲਜ਼ਾਮ ਲਾਇਆ ਸੀ ਅਤੇ ਨਾਲ ਹੀ ਇਨ੍ਹਾਂ ਦੇ ਮੋਟਰਸਾਈਕਲ ਉੱਥੇ ਲੱਗੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਵਾਲੇ ਝੰਡੇ ਨੂੰ ਜਬਰੀ ਖੋਹ ਲਿਆ ਸੀ।
ਜਰਨੈਲ ਸਿੰਘ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਸਾਬਕਾ ਜਥੇਦਾਰ ਸਨ, ਜਿਨ੍ਹਾਂ ਨੇ ਸਾਲ 1984 ਵਿੱਚ ਭਾਰਤੀ ਫੌਜ ਦੀ ਅਕਾਲ ਤਖ਼ਤ ਉੱਤੇ ਫੌਜੀ ਕਾਰਵਾਈ ਦਾ ਹਥਿਆਰਬੰਦ ਹੋ ਕੇ ਵਿਰੋਧ ਕੀਤਾ ਸੀ। ਇਸ ਵਿੱਚ ਉਨ੍ਹਾਂ ਦੀ ਜਾਨ ਚਲੀ ਗਈ ਸੀ।
ਸਿੱਖ ਭਾਈਚਾਰੇ ਦਾ ਇੱਕ ਹਿੱਸਾ ਉਨ੍ਹਾਂ ਨੂੰ ਆਪਣਾ ''ਹੀਰੋ'' ਸਮਝਦਾ ਹੈ, ਜਦਕਿ ਬਹੁਤ ਸਾਰੇ ਲੋਕ ਉਨ੍ਹਾਂ ਨੂੰ ''ਅੱਤਵਾਦੀ'' ਕਰਾਰ ਦਿੰਦੇ ਹਨ।
ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਝੰਡੇ ਖੋਹੇ ਜਾਣ ਦੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਖੁਦ ਨੂੰ ਦਲ ਖਾਲਸਾ ਦੇ ਕਾਰਕੁਨ ਦੱਸਣ ਵਾਲੇ ਕੁਝ ਨੌਜਵਾਨਾਂ ਨੇ ਹੁਸ਼ਿਆਰਪੁਰ ਵਿੱਚ ਹਿਮਾਚਲ ਦੀਆਂ ਬੱਸਾਂ ਉੱਤੇ ਭਿੰਡਰਾਂਵਾਲਿਆਂ ਦੇ ਪੋਸਟਰ ਚਿਪਕਾਏ ਸਨ।
ਇਸ ਤਰ੍ਹਾਂ ਕਈ ਥਾਵਾਂ ਉੱਤੇ ਬੱਸਾਂ ਨਾਲ ਭੰਨਤੋੜ ਵੀ ਕੀਤੀ ਗਈ ਸੀ। ਇਹੀ ਮਾਮਲਾ ਦੋਵਾਂ ਸੂਬਿਆਂ ਵਿੱਚ ਵਿਵਾਦ ਦਾ ਮੁੱਦਾ ਬਣਿਆ ਹੋਇਆ।
ਹਮਲਾਵਰਾਂ ਖਿਲਾਫ਼ ਕਾਰਵਾਈ ਵੀ ਹੋਈ
ਉੱਧਰ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਭੰਨਤੋੜ ਦੇ ਮਾਮਲੇ 'ਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਖਰੜ ਵਿਚਲੇ ਹਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਗਗਨਦੀਪ ਸਿੰਘ ਅਤੇ ਰੋਪੜ ਦੇ ਰਹਿਣ ਵਾਲੇ ਹਰਦੀਪ ਸਿੰਘ ਵਜੋਂ ਹੋਈ ਹੈ।
ਇਸੇ ਘਟਨਾਵਾਂ ਦੀ ਅਗਲੇਰੀ ਪ੍ਰਤਿਕਿਰਿਆ ਵਜੋਂ ਸ਼ਨੀਵਾਰ ਨੂੰ ਸ਼ਿਮਲਾ ਵਿੱਚ ਇੱਕ ਸੰਗਠਨ ਨਾਲ ਜੁੜੇ ਲੋਕਾਂ ਵੱਲੋਂ ਪੀਆਰਟੀਸੀ ਦੀਆਂ ਬੱਸਾਂ ਉੱਤੇ ਭਾਰਤ ਮਾਤਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਅਤੇ ਮੁਜ਼ਾਹਰਾ ਕੀਤਾ ਗਿਆ।
ਅੰਮ੍ਰਿਤਸਰ ਵਿਖੇ ਵਾਪਰੀ ਘਟਨਾ ਕੀ ਸੀ
ਪੰਜਾਬ ਦੇ ਅਮ੍ਰਿਤਸਰ ਵਿਖੇ ਸ਼ੁੱਕਰਵਾਰ ਦੇਰ ਰਾਤ ਹਿਮਾਚਲ ਰੋਡਵੇਜ਼ ਦੀਆਂ 3 ਬੱਸਾਂ ਦੀ ਭੰਨਤੋੜ ਕੀਤੀ ਗਈ ਸੀ। ਅਣਪਛਾਤੇ ਵਿਅਕਤੀਆਂ ਨੇ ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਬੱਸਾਂ ਉੱਤੇ ਖਾਲਿਸਤਾਨ ਲਿਖ ਦਿੱਤਾ।
ਖਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ, ਹਿਮਾਚਲ ਰੋਡਵੇਜ਼ ਦੇ ਬੱਸ ਸਟਾਫ਼ ਨੇ ਦੱਸਿਆ ਕਿ ਇਹ ਹਮਲਾ ਬੱਸ ਅੱਡੇ ਵਿੱਚ ਰਾਤ ਸਮੇਂ ਵਾਪਰਿਆ ਜਦੋਂ ਰੋਡਵੇਜ਼ ਦੀਆਂ 3 ਬੱਸਾਂ ਨੂੰ ਬੱਸ ਅੱਡੇ ਵਿੱਚ ਪਾਰਕ ਕੀਤਾ ਹੋਇਆ ਸੀ। ਸਟਾਫ਼ ਮੁਤਾਬਕ ਸਵੇਰੇ ਉੱਠਣ ਮਗਰੋਂ ਹੀ ਉਨ੍ਹਾਂ ਨੂੰ ਬੱਸਾਂ ਦੀ ਭੰਨਤੋੜ ਅਤੇ ਖਾਲਿਸਤਾਨ ਲਿਖੇ ਜਾਣ ਬਾਰੇ ਪਤਾ ਲੱਗਾ ਹੈ।
ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਹਿਮਾਚਲ ਦੀਆਂ ਬੱਸਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਅਤੇ ਹਿਮਾਚਲ ਦੀਆਂ ਬੱਸਾਂ ਦੀ ਸੁਰੱਖਿਆਂ ਲਈ ਡੀਜੀਪੀ ਪੱਧਰ 'ਤੇ ਵੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੇ ਜਾਣ ਦੀ ਗੱਲ ਆਖੀ ਹੈ।
ਇਸ ਘਟਨਾ ਤੋਂ ਬਾਅਦ, ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ 10 ਬੱਸਾਂ ਅੰਮ੍ਰਿਤਸਰ, 4 ਬੱਸਾਂ ਹੁਸ਼ਿਆਰਪੁਰ, 4 ਬੱਸਾਂ ਲੁਧਿਆਣਾ ਅਤੇ 2 ਬੱਸਾਂ ਜਲੰਧਰ ਬੱਸ ਸਟੈਂਡ ਤੇ ਰਾਤ ਸਮੇਂ ਪਾਰਕ ਕਰਨ ਵਾਲੇ ਰੂਟਾਂ ਉੱਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ।
ਹਿਮਾਚਲ ਦੇ ਉੱਪ ਮੁੱਖ ਮੰਤਰੀ ਬੱਸਾਂ ਦੀ ਭੰਨਤੋੜ ਨੂੰ ਲੈ ਕੀ ਬੋਲੇ
ਹਿਮਾਚਲ ਦੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਵਿਧਾਨ ਸਭਾ 'ਚ ਬੋਲਦਿਆਂ ਹਿਮਾਚਲ ਦੀਆਂ ਬੱਸਾਂ ਦੀ ਭੰਨਤੋੜ ਨੂੰ ਮੰਦਭਾਗਾ ਦੱਸਿਆ ਹੈ।
ਉਨ੍ਹਾਂ ਕਿਹਾ, "ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਨੂੰ ਬੇਮਤਲਬ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਸੂਬੇ ਦੀ ਸੰਪਤੀ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਅਜਿਹੇ ਮਾਮਲਿਆਂ ਵਿੱਚ ਪੰਜਾਬ ਵਿੱਚ ਐਫਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ ਅਤੇ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਸਟਾਫ਼ ਅਤੇ ਯਾਤਰੀਆਂ ਦੀ ਸੁਰੱਖਿਆ ਸਾਡੀ ਤਰਜੀਹ ਹੈ।
"ਅਸੀਂ ਪੰਜਾਬ ਸਰਕਾਰ ਅਤੇ ਪੁਲਿਸ ਦੇ ਸੰਪਰਕ ਵਿੱਚ ਹਾਂ, ਅੰਮ੍ਰਿਤਸਰ ਪੁਲਿਸ ਵੱਲੋਂ ਹਮਲਾਵਰਾਂ ਖਿਲਾਫ਼ ਐੱਫਆਈਐਰ ਦਰਜ ਕਰ ਲਈ ਗਈ ਹੈ ਅਤੇ ਖਰੜ ਹਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।"
ਉਨ੍ਹਾਂ ਨਾਲ ਹੀ ਦੱਸਿਆ ਕਿ ਹਿਮਾਚਲ ਸਰਕਾਰ ਦੀਆਂ 600 ਬੱਸਾਂ ਪੰਜਾਬ ਵਿੱਚ ਵੱਖ-ਵੱਖ ਰੂਟਾਂ ਤੇ ਚੱਲਦੀਆਂ ਹਨ। ਜਿਨ੍ਹਾਂ ਦੀ ਸੁਰੱਖਿਆ ਬਾਰੇ ਵਿਚਾਰਿਆ ਜਾ ਰਿਹਾ ਹੈ ਅਤੇ ਲੋੜ ਅਨੁਸਾਰ ਰੂਟਾਂ ਬਾਰੇ ਫੈਸਲਾ ਲਿਆ ਜਾਵੇਗਾ।
ਅਜਿਹੀਆਂ ਘਟਨਾਵਾਂ ਦਾ ਦੋਵਾਂ ਸੂਬਿਆਂ 'ਤੇ ਕੀ ਅਸਰ
ਡਾਕਟਰ ਕੁਲਦੀਪ ਅਗਨੀਹੋਤਰੀ ਪੰਜਾਬ ਦੇ ਨਵਾਂ ਸ਼ਹਿਰ ਦੇ ਜੰਮਪਲ ਹਨ ਅਤੇ ਸੈਂਟਰਲ ਯੂਨੀਵਰਸਿਟੀ ਕਾਂਗੜਾ ਦੇ ਸਾਬਕਾ ਵਾਈਸ ਚਾਂਸਲਰ ਹਨ।
ਉਹ ਦੋਵਾਂ ਸੂਬਿਆਂ ਦੇ ਸੱਭਿਆਚਾਰ ਅਤੇ ਸਿਆਸਤ ਦੇ ਚੰਗੇ ਜਾਣਕਾਰ ਹਨ।
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ''ਅਜਿਹੀਆਂ ਘਟਨਾਵਾਂ ਬਹੁਤੀ ਵਾਰ ਦੋ ਧਿਰਾਂ ਵਿਚਕਾਰ ਨਿੱਜੀ ਝਗੜੇ ਅਤੇ ਮਤਭੇਦ ਦੇ ਕਾਰਨ ਵਾਪਰਦੀਆਂ ਹਨ। ਇਨ੍ਹਾਂ ਕੁਝ ਹਿੰਸਕ ਘਟਨਾਵਾਂ ਅਤੇ ਝੜਪਾਂ ਪੂਰੇ ਸਮਾਜ ਦੀ ਨੁਮਾਇੰਦਗੀ ਕਰਦੀਆਂ ਨਹੀਂ ਮੰਨੀਆਂ ਜਾ ਸਕਦੀਆਂ।''
ਉਹ ਕਹਿੰਦੇ ਹਨ, "ਹਾਲਾਂਕਿ ਇਹ ਮੰਦਭਾਗਾ ਹੈ ਪਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਹੀਂ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ।''
ਕੁਲਦੀਪ ਅਗਨੀਹੋਤਰੀ ਦਾ ਮੰਨਣਾ ਹੈ ਕਿ ਅਜਿਹੇ ਵਿਵਾਦਾਂ ਦੀ ਉਮਰ ਬਹੁਤ ਘੱਟ ਹੁੰਦੀ ਹੈ ਅਤੇ ਭਾਈਚਾਰੇ ਦੇ ਪੱਧਰ 'ਤੇ ਕੋਈ ਨਕਾਰਤਮਕ ਭੂਮਿਕਾ ਨਹੀਂ ਅਦਾ ਕਰਦੇ ਪਰ ਫਿਰ ਵੀ ਅਜਿਹੀਆਂ ਕਿਸੇ ਵੀ ਘਟਨਾਵਾਂ ਨਾਲ ਸੰਜੀਦਗੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ, ਤਾਂ ਜੋ ਇਹ ਭਾਈਚਾਰਿਆਂ ਵਿੱਚ ਪਾੜੇ ਦਾ ਕਾਰਨ ਨਾ ਬਣੇ।''
ਦਲ ਖਾਲਸਾ ਦਾ ਪ੍ਰਤੀਕਰਮ
ਦਲ ਖਾਲਸਾ ਦੇ ਕਾਰਕੁਨਾਂ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀ ਨੌਜਵਾਨਾਂ ਅਤੇ ਸਥਾਨਕ ਲੋਕਾਂ ਦਰਮਿਆਨ ਝਗੜੇ ਤੋਂ ਬਾਅਦ ਪੰਜਾਬ ਵਿੱਚ ਕਈ ਥਾਈਂ ਰੋਸ ਮੁਜ਼ਾਰਹੇ ਕੀਤੇ ਗਏ ਸਨ ਅਤੇ ਹਿਮਾਚਲ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ ਸੀ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਦਲ ਖਾਲਸਾ ਦੇ ਕੰਵਰਪਾਲ ਬਿੱਟੂ ਨੇ ਗੱਲ ਕਰਦਿਆਂ ਪੰਜਾਬੀ ਨੌਜਵਾਨਾਂ ਦੇ ਵਾਹਨਾਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਤਸਵੀਰ ਹਟਾਉਣ ਦੀ ਘਟਨਾ 'ਤੇ ਰੋਸ ਜ਼ਾਹਰ ਕੀਤਾ, ਪਰ ਹਿਮਾਚਲ ਰੋਡਵੇਜ਼ ਦੀਆਂ ਬੱਸਾਂ 'ਤੇ ਹੋ ਰਹੇ ਹਮਲਿਆਂ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ, "ਖਰੜ ਅਤੇ ਅੰਮ੍ਰਿਤਸਰ ਵਿਖੇ ਹਿਮਾਚਲ ਰੋਡਵੇਜ਼ ਦੀਆਂ ਬੱਸ 'ਤੇ ਹੋਏ ਹਮਲੇ ਸ਼ਰਾਰਤੀ ਅਨਸਰਾਂ ਦੀ ਕਾਰਵਾਈ ਸੀ ਅਤੇ ਅਜਿਹੀਆਂ ਘਟਨਾਵਾਂ ਅਸਲ ਮੁੱਦੇ ਤੋਂ ਧਿਆਨ ਪਾਸੇ ਹਟਾਉਂਦੀਆਂ ਹਨ।"
ਉਹ ਕਹਿੰਦੇ ਹਨ, "ਅਜਿਹੇ ਕੋਈ ਵੀ ਹਿੰਸਕ ਕਾਰਵਾਈ ਮੁਨਾਸਿਬ ਨਹੀਂ ਹੈ, ਸਧਾਰਨ ਲੋਕ ਅਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਬੱਬ ਨਹੀਂ ਬਣਨਾ ਚਾਹੀਦਾ।"
ਉਨ੍ਹਾਂ ਦੀ ਮੰਗ ਹੈ ਕਿ ਹਿਮਾਚਲ ਸਰਕਾਰ ਵੱਲੋਂ ਦਰਜ ਕੀਤੇ ਸਾਰੇ ਕੇਸ ਵਾਪਸ ਲਏ ਜਾਣ ਅਤੇ ਹਿਮਾਚਲ ਪ੍ਰਦੇਸ਼ ਦੇ ਨੇਤਾਵਾਂ ਵੱਲੋਂ ਸਿਆਸੀ ਫਾਇਦੇ ਲਈ ਦਿੱਤੇ ਬਿਆਨਾਂ ਪ੍ਰਤੀ ਸਿੱਖਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।
ਕਿਵੇਂ ਸ਼ੁਰੂ ਹੋਇਆ ਵਿਵਾਦ
ਇਹ ਤਣਾਅ ਉਸ ਸਮੇਂ ਸ਼ੁਰੂ ਹੋਇਆ ਜਦੋਂ ਮਨੀਕਰਨ ਜਾ ਰਹੇ ਪੰਜਾਬੀ ਨੌਜਵਾਨਾਂ ਅਤੇ ਸਥਾਨਕ ਲੋਕਾਂ ਵਿਚਾਲੇ ਝਗੜਾ ਹੋਇਆ ਸੀ।
ਇਸ ਦੌਰਾਨ ਕੁਝ ਸਥਾਨਕ ਲੋਕਾਂ ਨੇ ਪੰਜਾਬੀ ਨੌਜਵਾਨਾਂ ਦੇ ਮੋਟਰਸਾਈਕਲ ਅੱਗੇ ਲੱਗੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲਾ ਝੰਡਾ ਖੋਹ ਲਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਖਿੱਚਧੂਹ ਵੀ ਹੋਈ ਸੀ।
ਇਹ ਮਾਮਲਾ ਸੋਸ਼ਲ ਮੀਡੀਆਂ ਉੱਤੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਹੁਸ਼ਿਆਰਪੁਰ ਦੇ ਤਲਵਾੜਾ ਸਟੇਸ਼ਨ ਉੱਤੇ ਹਿਮਾਚਲ ਨਾਲ ਸਬੰਧਤ ਸਰਕਾਰੀ ਤੇ ਨਿੱਜੀ ਬੱਸਾਂ ਨੂੰ ਰੋਕ ਕੇ ਕੁਝ ਲੋਕਾਂ ਨੇ ਬੱਸਾਂ ਉੱਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੋਸਟਰ ਲਗਾ ਦਿੱਤੇ ਸਨ। ਇਸ ਦਾ ਹਿਮਾਚਲ ਵਿੱਚ ਤਿੱਖਾ ਸਿਆਸੀ ਪ੍ਰਤੀਕਰਮ ਸਾਹਮਣੇ ਆਇਆ ਸੀ।
ਇਸ ਵਿਚਕਾਰ ਹੀ 18 ਮਾਰਚ ਨੂੰ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਹਿਮਾਚਲ ਰੋਡਵੇਜ਼ ਦੀ ਬੱਸ ਨੂੰ ਪੰਜਾਬ ਦੇ ਖਰੜ ਵਿੱਚ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਰੋਕਿਆ ਗਿਆ ਅਤੇ ਸ਼ੀਸ਼ੇ ਤੋੜੇ ਗਏ ਸਨ। ਇਸ ਹਮਲੇ ਵਿੱਚ ਸਵਾਰ ਯਾਤਰੀਆਂ ਨੂੰ ਕੋਈ ਸੱਟ ਜਾ ਜਾਨੀ ਨੁਕਸਾਨ ਨਹੀਂ ਪਹੁੰਚਿਆ ਸੀ।
ਜਿਸ ਮਗਰੋਂ ਹੀ ਇਹ ਮਾਮਲਾ ਹਿਮਾਚਲ ਪ੍ਰਦੇਸ਼ ਦੇ ਚਾਲੂ ਵਿਧਾਨ ਸਭਾ ਸੈਸ਼ਨ ਦੌਰਾਨ ਪ੍ਰਮੁੱਖਤਾ ਵਿੱਚ ਆ ਗਿਆ ਅਤੇ ਵਿਰੋਧੀ ਪਾਰਟੀ ਵੱਲੋਂ ਸਰਕਾਰ ਨੂੰ ਬੱਸਾਂ ਦੀ ਸੁਰੱਖਿਆ ਲਈ ਯਤਨਾਂ ਲਈ ਸਖ਼ਤ ਕਦਮ ਚੁੱਕਣ ਲਈ ਦਬਾਅ ਬਣਾਇਆ ਜਾਣ ਲੱਗਾ ਸੀ।
ਹਿਮਾਚਲ ਦੇ ਮੁੱਖ ਮੰਤਰੀ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ
ਇਸ ਮਸਲੇ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਸੀ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ 'ਤੇ ਗੱਲ ਕਰਕੇ ਪੰਜਾਬ ਵਿੱਚ ਆਉਣ ਵਾਲੀਆਂ ਬੱਸਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਲਿਆ ਸੀ।
ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ 'ਚ ਬੋਲਦਿਆਂ ਮੁੱਖ ਮੰਤਰੀ ਸੁੱਖੂ ਨੇ ਦੱਸਿਆ, ''ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੇਰੀ ਫੋਨ ਉੱਤੇ ਗੱਲਬਾਤ ਹੋਈ ਹੈ, ਉਨ੍ਹਾਂ ਵੀ ਅੱਗੋਂ ਗੰਭੀਰਤਾ ਨਾਲ ਕਾਰਵਾਈ ਦਾ ਭਰੋਸਾ ਦਿੱਤਾ ਹੈ। ''
''ਡੀਜੀਪੀ ਪੱਧਰ 'ਤੇ ਇਸ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਜ਼ਰੂਰਤ ਅਨੁਸਾਰ ਹਿਮਾਚਲ ਦੀਆਂ ਬੱਸਾਂ ਨੂੰ ਪੰਜਾਬ ਵਿੱਚ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।''
ਜਥੇਦਾਰ ਦਾ ਹਿਮਾਚਲੀ ਲੋਕਾਂ ਨੂੰ ਸੁਨੇਹਾ
ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਹਿਮਾਚਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਚੇਚੀ ਮੁਲਾਕਾਤ ਕੀਤੀ।
ਅਕਾਲ ਤਖ਼ਤ ਸਕੱਤਰੇਤ ਵਲੋਂ ਜਾਰੀ ਬਿਆਨ ਮੁਤਾਬਕ ਹਿਮਾਚਲੀ ਵਿਦਿਆਰਥੀਆਂ ਨੇ ਜਥੇਦਾਰ ਨੂੰ ਦੱਸਿਆ, ''ਸਾਨੂੰ ਇੱਥੇ ਆਉਣ ਤੋਂ ਪਹਿਲਾਂ ਕੁਝ ਲੋਕਾਂ ਬਹੁਤ ਕਿਹਾ ਕਿ ਪੰਜਾਬ ਤੁਹਾਡੇ ਲਈ ਸੁਰੱਖਿਅਤ ਨਹੀਂ ਹੈ। ਪਰ ਅਸੀਂ ਫਿਰ ਵੀ ਆਉਣ ਦਾ ਫ਼ੈਸਲਾ ਕੀਤਾ ਅਤੇ ਹੁਣ ਸਾਨੂੰ ਪੰਜਾਬ ਦੀ ਧਰਤੀ 'ਤੇ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ।''
ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਗੁਰਾਂ ਦੀ ਧਰਤੀ ਹੈ ਇੱਥੇ ਤੁਹਾਡੇ ਵੱਲ ਕੋਈ ਉਂਗਲ ਵੀ ਨਹੀਂ ਚੁੱਕ ਸਕਦਾ। ਦੋਵਾਂ ਸੂਬਿਆਂ ਦੇ ਲੋਕਾਂ ਨੂੰ ਆਪਸ 'ਚ ਰਲ਼ ਮਿਲ ਕੇ ਰਹਿਣ ਦੀ ਅਪੀਲ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ