ਮੁੰਬਈ 26/11 ਹਮਲੇ ਦਾ ਮੁਲਜ਼ਮ ਤਹੱਵੁਰ ਰਾਣਾ ਕੌਣ ਹੈ, ਜਿਸ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ

ਤਸਵੀਰ ਸਰੋਤ, ANI
26/11 ਮੁੰਬਈ ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਨੂੰ ਭਾਰਤ ਲਿਆਂਦਾ ਗਿਆ ਹੈ। ਖ਼ਬਰ ਏਜੰਸੀ ਏਐਨਆਈ ਨੇ ਕੌਮੀ ਜਾਂਚ ਸੁਰੱਖਿਆ (NIA) ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ।
ਏਜੰਸੀ ਦੇ ਬਿਆਨ ਮੁਤਾਬਕ, "ਐੱਨਆਈਏ ਨੇ ਵੀਰਵਾਰ ਨੂੰ ਸਾਲਾਂ ਦੀ ਲਗਾਤਾਰ ਅਤੇ ਠੋਸ ਕੋਸ਼ਿਸ਼ਾਂ ਤੋਂ ਬਾਅਦ 2008 ਨੂੰ ਵਾਪਰੇ 26/11 ਮੁੰਬਈ ਹਮਲਿਆ ਦੇ ਮਾਸਟਰਮਾਈਂਡ ਤਹੱਵੁਰ ਹੁਸੈਨ ਰਾਣਾ ਦੀ ਹਵਾਲਗੀ ਨੂੰ ਸਫ਼ਲਤਾਪੂਰਵਕ ਸੁਰੱਖਿਅਤ ਤੌਰ ʼਤੇ ਹਾਸਿਲ ਕਰ ਲਿਆ ਹੈ।''
"ਰਾਣਾ ਨੂੰ ਉਨ੍ਹਾਂ ਦੀ ਹਵਾਲਗੀ ਲਈ ਭਾਰਤ-ਅਮਰੀਕਾ ਹਵਾਲਗੀ ਸੰਧੀ ਤਹਿਤ ਸ਼ੁਰੂ ਕੀਤੀ ਗਈ ਕਾਰਵਾਈ ਦੇ ਮੁਤਾਬਕ ਅਮਰੀਕਾ ਵਿੱਚ ਨਿਆਂਇਕ ਹਿਰਾਸਤ ਵਿੱਚ ਰੱਖਿਆ ਗਿਆ ਸੀ। ਰਾਣਾ ਵੱਲੋਂ ਇਸ ਕਦਮ ਨੂੰ ਰੋਕਣ ਲਈ ਸਾਰੇ ਕਾਨੂੰਨੀ ਰਸਤੇ ਅਜਮਾਉਣ ਤੋਂ ਬਾਅਦ ਆਖ਼ਰਕਾਰ ਹਵਾਲਗੀ ਮਿਲ ਹੀ ਗਈ।"
ਏਜੰਸੀ ਨੇ ਤਹੱਵੁਰ ਰਾਣਾ ਨੂੰ ਵੀਰਵਾਰ ਨੂੰ ਪਟਿਆਲਾ ਹਾਊਸ ਵਿਖੇ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਅਦਾਲਤ ਨੇ ਰਾਣਾ ਨੂੰ 18 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਐਨਆਈਏ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਦਾਲਤ ਦੇ ਹੁਕਮਾਂ 'ਤੇ, ਏਜੰਸੀ ਨੇ ਤਹੱਵੁਰ ਰਾਣਾ ਦੀ ਕਸਟਡੀ ਲੈ ਲਈ ਹੈ।
ਐਨਆਈਏ ਦੇ ਅਨੁਸਾਰ, 18 ਦਿਨਾਂ ਦੀ ਹਿਰਾਸਤ ਦੌਰਾਨ, ਤਹੱਵੁਰ ਰਾਣਾ ਤੋਂ 2008 ਦੇ ਮੁੰਬਈ ਹਮਲਿਆਂ ਦੇ ਪਿੱਛੇ ਦੀ ਪੂਰੀ ਸਾਜ਼ਿਸ਼ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

ਤਸਵੀਰ ਸਰੋਤ, ANI
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਦੱਸਿਆ ਕਿ ਰਾਣਾ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ, "ਇਹ ਮੋਦੀ ਦਾ ਦ੍ਰਿੜ ਸੰਕਲਪ ਸੀ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਦੇਸ਼ ਉੱਤੇ ਅੱਖ ਚੁੱਕੀ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਅਤੇ ਅੱਜ ਹਰੇਕ ਭਾਰਤ ਵਾਸੀ ਨੂੰ ਮੋਦੀ ਜੀ ʼਤੇ ਮਾਣ ਹੈ ਖ਼ਾਸ ਤੌਰ ʼਤੇ ਮੁੰਬਈ ਵਾਸੀਆਂ ਨੂੰ ਕਿ ਅਜਿਹੇ ਲੋਕ ਜਿਨ੍ਹਾਂ ਨੇ ਸਾਡੇ ਦੇਸ਼ ʼਤੇ ਹਿਸੰਕ ਤੇ ਘਾਤਕ ਹਮਲਾ ਕੀਤਾ ਸੀ, ਉਨ੍ਹਾਂ ਨੂੰ ਭਾਰਤ ਦੀ ਧਰਤੀ ʼਤੇ ਸਜ਼ਾ ਦਿਵਾਉਣਗੇ।"
ਦਰਅਸਲ, ਰਾਣਾ ਨੂੰ 2013 ਵਿੱਚ ਅਮਰੀਕਾ ਵਿੱਚ ਆਪਣੇ ਦੋਸਤ ਡੇਵਿਡ ਕੋਲਮੈਨ ਹੈਡਲੀ ਨਾਲ 26/11 ਮੁੰਬਈ ਹਮਲਿਆਂ ਨੂੰ ਅੰਜਾਮ ਦੇਣ ਅਤੇ ਡੈੱਨਮਾਰਕ ਵਿੱਚ ਹਮਲਿਆਂ ਦੀ ਯੋਜਨਾ ਬਣਾਉਣ ਲਈ ਦੋਸ਼ੀ ਪਾਇਆ ਗਿਆ ਸੀ।
ਇਨ੍ਹਾਂ ਮਾਮਲਿਆਂ ਵਿੱਚ ਤਹੱਵੁਰ ਹੁਸੈਨ ਰਾਣਾ ਨੂੰ ਅਮਰੀਕੀ ਅਦਾਲਤ ਨੇ 14 ਸਾਲ ਦੀ ਸਜ਼ਾ ਸੁਣਾਈ ਸੀ।
ਏਕਨਾਥ ਸ਼ਿੰਦੇ ਨੇ ਕੀਤਾ ਪੀਐੱਮ ਦਾ ਧੰਨਵਾਦ

ਤਸਵੀਰ ਸਰੋਤ, Getty Images
ਰਾਣਾ ਦੀ ਹਵਾਲਗੀ ਤੋਂ ਬਾਅਦ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, "ਦੇਸ਼ 'ਤੇ ਹੋਏ ਸਭ ਤੋਂ ਵੱਡੇ 26/11 ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ ਭਾਰਤ ਲਿਆਂਦਾ ਗਿਆ ਹੈ। ਇਸ ਲਈ, ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਲੋਂ ਵਧਾਈ ਦਿੰਦਾ ਹਾਂ।"
ਉਪ ਮੁੱਖ ਮੰਤਰੀ ਨੇ ਕਿਹਾ, "ਲਗਭਗ ਇੱਕ ਮਹੀਨਾ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵਿਚਕਾਰ ਇੱਕ ਚਰਚਾ ਹੋਈ ਸੀ। ਉਸ ਅਨੁਸਾਰ, ਅਮਰੀਕਾ ਨੇ ਦੇਸ਼ ਦੇ ਸਭ ਤੋਂ ਵੱਡੇ ਅਪਰਾਧੀ ਨੂੰ ਭਾਰਤ ਭੇਜ ਦਿੱਤਾ ਹੈ।"
ਉਨ੍ਹਾਂ ਕਿਹਾ, "ਮੈਂ ਇਸ ਲਈ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਵੀ ਵਧਾਈ ਦਿੰਦਾ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਤੇ ਹਮਲੇ ਲਈ ਜ਼ਿੰਮੇਵਾਰ ਰਾਣਾ ਨੂੰ ਸਖ਼ਤ ਸਜ਼ਾ ਮਿਲੇਗੀ।"

ਤਸਵੀਰ ਸਰੋਤ, Getty Images
ਪਾਕਿਸਤਾਨ ਨੇ ਰਾਣਾ ਦੀ ਹਵਾਲਗੀ ਬਾਰੇ ਕੀ ਕਿਹਾ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸ਼ਫਕਤ ਅਲੀ ਖ਼ਾਨ ਨੇ 26/11 ਦੇ ਮੁੰਬਈ ਹਮਲਿਆਂ ਦੇ ਮੁਲਜ਼ਮ ਤਹੱਵੁਰ ਰਾਣਾ ਦੀ ਹਵਾਲਗੀ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਵੀਰਵਾਰ ਨੂੰ ਹਫ਼ਤਾਵਾਰੀ ਬ੍ਰੀਫਿੰਗ ਵਿੱਚ ਜਦੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੂੰ ਤਹੱਵੁਰ ਰਾਣਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਤਹੱਵੁਰ ਰਾਣਾ ਦੇ ਮਾਮਲੇ ʼਚ ਅਸੀਂ ਉਨ੍ਹਾਂ ਦੀ ਕੈਨੇਡੀਅਨ ਨਾਗਰਿਕਤਾ ਸਬੰਧੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਹੈ।"
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, "ਸਾਡੇ ਰਿਕਾਰਡ ਦੱਸਦੇ ਹਨ ਕਿ ਉਸਨੇ ਪਿਛਲੇ ਦੋ ਦਹਾਕਿਆਂ ਤੋਂ ਆਪਣੇ ਪਾਕਿਸਤਾਨੀ ਮੂਲ ਦੇ ਦਸਤਾਵੇਜ਼ਾਂ ਦੇ ਨਵੀਨੀਕਰਨ ਲਈ ਅਰਜ਼ੀ ਤੱਕ ਵੀ ਨਹੀਂ ਦਿੱਤੀ ਸੀ।"

ਡੌਨਲਡ ਟਰੰਪ ਨੇ ਭਾਰਤ ਹਵਾਲੇ ਕਰਨ ਦਾ ਕੀਤਾ ਸੀ ਐਲਾਨ
ਫਰਵਰੀ 2025 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ, "ਮੁੰਬਈ 'ਤੇ ਹੋਏ ਅੱਤਵਾਦੀ ਹਮਲੇ ਨਾਲ ਜੁੜੇ ਰਾਣਾ ਨੂੰ ਭਾਰਤ 'ਚ ਨਿਆਂ ਦਾ ਸਾਹਮਣਾ ਕਰਨਾ ਪਵੇਗਾ।"
ਭਾਰਤ ਲੰਬੇ ਸਮੇਂ ਤੋਂ ਰਾਣਾ ਦੀ ਹਵਾਲਗੀ ਦੀ ਮੰਗ ਕਰ ਰਿਹਾ ਸੀ।
ਇਸ ਤੋਂ ਪਹਿਲਾਂ ਇੱਕ ਵਾਰ ਅਮਰੀਕੀ ਅਦਾਲਤ ਨੇ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਸੀ। ਪਰ ਸਾਲ 2022 ਵਿੱਚ ਰਾਣਾ ਨੇ ਅਦਾਲਤ ਦੇ ਇਸ ਫ਼ੈਸਲੇ 'ਤੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ।
ਇਸ ਪਟੀਸ਼ਨ ਨੂੰ ਵੀ ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ।

ਐੱਨਆਈਏ ਵੱਲੋਂ ਕੌਣ ਲੜੇਗਾ ਰਾਣਾ ਦੇ ਖ਼ਿਲਾਫ਼ ਕੇਸ
ਭਾਰਤ ਦੀ ਕੇਂਦਰ ਸਰਕਾਰ ਨੇ ਤਹੱਵੁਰ ਰਾਣਾ ਵਿਰੁੱਧ ਐਡਵੋਕੇਟ ਨਰਿੰਦਰ ਮਾਨ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦਾ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਹੈ।
ਨਰਿੰਦਰ ਮਾਨ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਤਹੱਵੁਰ ਰਾਣਾ ਅਤੇ ਡੇਵਿਡ ਕੋਲਮੈਨ ਹੈਡਲੀ ਵਿਰੁੱਧ ਕੇਸ ਲੜਨਗੇ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨਿਯੁਕਤੀ ਲੈ ਕੇ ਗੈਜ਼ੇਟਿਡ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਰਿੰਦਰ ਮਾਨ ਦੀ ਨਿਯੁਕਤੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ 3 ਸਾਲਾਂ ਲਈ ਮਿਆਦ ਲਈ ਜਾਂ ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਲਈ ਕੀਤੀ ਗਈ ਹੈ।
ਤਹੱਵੁਰ ਹੁਸੈਨ ਰਾਣਾ ਕੌਣ ਹੈ ਅਤੇ ਮੁੰਬਈ ਹਮਲਿਆਂ ਵਿੱਚ ਉਨ੍ਹਾਂ ਦੀ ਕੀ ਭੂਮਿਕਾ ਸਣੇ ਹੋਰ ਕਿਹੜੇ ਮਾਮਲਿਆਂ ਮਾਮਲਿਆਂ ਵਿੱਚ ਸਜ਼ਾ ਸੁਣਾਈ ਗਈ ਹੈ?

ਤਸਵੀਰ ਸਰੋਤ, AFP
ਕੌਣ ਹੈ ਤਹੱਵੁਰ ਰਾਣਾ
26 ਨਵੰਬਰ 2008 ਦੀ ਰਾਤ ਨੂੰ, 10 ਕੱਟੜਪੰਥੀਆਂ ਨੇ ਇੱਕੋ ਵੇਲੇ ਮੁੰਬਈ ਦੀਆਂ ਕਈ ਇਮਾਰਤਾਂ 'ਤੇ ਹਮਲਾ ਕੀਤਾ। ਇਸ ਹਮਲੇ ਵਿੱਚ 164 ਲੋਕ ਮਾਰੇ ਗਏ ਸਨ। ਇਸ ਕਾਰਵਾਈ ਵਿੱਚ ਨੌਂ ਕੱਟੜਪੰਥੀ ਵੀ ਮਾਰੇ ਗਏ ਸਨ।
ਭਾਰਤ ਦਾ ਇਲਜ਼ਾਮ ਹੈ ਕਿ ਇਹ ਕੱਟੜਪੰਥੀ ਪਾਕਿਸਤਾਨੀ ਧਰਤੀ 'ਤੇ ਸਰਗਰਮ ਕੱਟੜਪੰਥੀ ਸੰਗਠਨ ਲਸ਼ਕਰ-ਏ-ਤਇਬਾ ਨਾਲ ਜੁੜੇ ਹੋਏ ਸਨ। ਪਰ ਇਸ ਹਮਲੇ ਵਿੱਚ ਅਜਮਲ ਕਸਾਬ ਬਚ ਗਿਆ ਅਤੇ ਨਵੰਬਰ 2012 ਵਿੱਚ ਉਸ ਨੂੰ ਫਾਂਸੀ ਦੇ ਦਿੱਤੀ ਗਈ।
ਭਾਰਤੀ ਏਜੰਸੀਆਂ ਵੱਲੋਂ ਪਾਕਿਸਤਾਨੀ-ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਖ਼ਿਲਾਫ਼ ਜਾਰੀ ਜਾਂਚ ਵਿੱਚ ਇੱਕ ਨਾਮ ਵਾਰ-ਵਾਰ ਸਾਹਮਣੇ ਆ ਰਿਹਾ ਸੀ ਅਤੇ ਉਹ ਨਾਮ ਸੀ ਤਹੱਵੁਰ ਹੁਸੈਨ ਰਾਣਾ।
ਸ਼ਿਕਾਗੋ ਵਿੱਚ ਸਖ਼ਤ ਸੁਰੱਖਿਆ ਵਿਚਾਲੇ ਚਾਰ ਹਫ਼ਤਿਆਂ ਤੱਕ ਚੱਲੇ ਮੁਕੱਦਮੇ ਦੌਰਾਨ ਰਾਣਾ ਬਾਰੇ ਕਈ ਜਾਣਕਾਰੀਆਂ ਸਾਹਮਣੇ ਆਈਆਂ ਸਨ।
ਇਸ ਮਾਮਲੇ ਵਿੱਚ ਸਭ ਤੋਂ ਅਹਿਮ ਗੱਲ ਇਹ ਸੀ ਕਿ ਹੈਡਲੀ ਤਹੱਵੁਰ ਰਾਣਾ ਖ਼ਿਲਾਫ਼ ਸਰਕਾਰੀ ਗਵਾਹ ਬਣ ਗਿਆ।

ਤਸਵੀਰ ਸਰੋਤ, AFP
ਪਾਕਿਸਤਾਨ ਵਿੱਚ ਜਨਮ
ਤਹੱਵੁਰ ਹੁਸੈਨ ਰਾਣਾ ਦਾ ਜਨਮ ਅਤੇ ਪਾਲਣ-ਪੋਸ਼ਣ ਪਾਕਿਸਤਾਨ ਵਿੱਚ ਹੋਇਆ ਸੀ। ਮੈਡੀਕਲ ਡਿਗਰੀ ਹਾਸਿਲ ਕਰਨ ਤੋਂ ਬਾਅਦ, ਉਹ ਪਾਕਿਸਤਾਨੀ ਫੌਜ ਦੇ ਮੈਡੀਕਲ ਕੋਰ ਵਿੱਚ ਸ਼ਾਮਲ ਹੋ ਗਏ ਸਨ।
ਰਾਣਾ ਦੀ ਪਤਨੀ ਵੀ ਡਾਕਟਰ ਸੀ। ਦੋਵੇਂ ਪਤੀ-ਪਤਨੀ 1997 ਵਿੱਚ ਕੈਨੇਡਾ ਚਲੇ ਗਏ ਅਤੇ 2001 ਵਿੱਚ ਕੈਨੇਡੀਅਨ ਨਾਗਰਿਕ ਬਣ ਗਏ।
2009 ਵਿੱਚ ਆਪਣੀ ਗ੍ਰਿਫ਼ਤਾਰੀ ਤੋਂ ਕੁਝ ਸਾਲ ਪਹਿਲਾਂ ਰਾਣਾ ਨੇ ਅਮਰੀਕਾ ਦੇ ਸ਼ਿਕਾਗੋ ਵਿੱਚ ਇੱਕ ਇਮੀਗ੍ਰੇਸ਼ਨ ਅਤੇ ਟ੍ਰੈਵਲ ਏਜੰਸੀ ਖੋਲ੍ਹੀ ਸੀ।
ਅਦਾਲਤ ਵਿੱਚ ਦੱਸਿਆ ਗਿਆ ਕਿ ਸ਼ਿਕਾਗੋ ਵਿੱਚ ਡੇਵਿਡ ਕੋਲਮੈਨ ਹੈਡਲੀ ਦੇ ਨਾਲ ਉਨ੍ਹਾਂ ਦੀ ਪੁਰਾਣੀ ਦੋਸਤੀ ਮੁੜ ਸ਼ੁਰੂ ਹੋ ਸੀ।
ਜਦੋਂ ਹੈਡਲੀ ਨੇ ਮੁੰਬਈ ਹਮਲੇ ਦੀ ਤਿਆਰੀ ਸ਼ੁਰੂ ਕੀਤੀ ਤਾਂ ਉਹ 2006 ਅਤੇ 2008 ਦੇ ਵਿਚਕਾਰ ਕਈ ਵਾਰ ਮੁੰਬਈ ਆਏ।
ਵਾਰ-ਵਾਰ ਭਾਰਤ ਦਆਉਣ ʼਤੇ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਤੋਂ ਬਚਣ ਲਈ ਹੈਡਲੀ ਨੇ ਰਾਣਾ ਦੀ ਟ੍ਰੈਵਲ ਏਜੰਸੀ ਦੀ ਇੱਕ ਬ੍ਰਾਂਚ ਮੁੰਬਈ ਵਿੱਚ ਖੋਲ੍ਹ ਲਈ।
ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਰਾਣਾ ਇਹ ਸਭ ਕੁਝ ਪਾਕਿਸਤਾਨ ਵਿੱਚ ਸਰਗਰਮ ਕੱਟੜਪੰਥੀ ਸੰਗਠਨ ਲਸ਼ਕਰ-ਏ-ਤਇਬਾ ਦੇ ਇਸ਼ਾਰੇ 'ਤੇ ਕਰ ਰਿਹਾ ਸੀ।
ਮੁੰਬਈ ਹਮਲੇ ਵਿੱਚ ਛੇ ਅਮਰੀਕੀ ਨਾਗਰਿਕ ਵੀ ਮਾਰੇ ਗਏ ਸਨ। ਅਮਰੀਕੀ ਨਾਗਰਿਕਾਂ ਨੂੰ ਮਾਰਨ ਵਿੱਚ ਮਦਦ ਕਰਨ ਸਣੇ 12 ਦੋਸ਼ਾਂ ਵਿੱਚ ਰਾਣਾ ਨੂੰ ਸਜ਼ਾ ਮਿਲੀ ਸੀ।

ਤਸਵੀਰ ਸਰੋਤ, HARPER COLLINS
ਐੱਫਬੀਆਈ ਨੇ ਫੜਿਆ
ਅਮਰੀਕੀ ਜਾਂਚ ਏਜੰਸੀ ਐੱਫਬੀਆਈ ਨੇ ਰਾਣਾ ਅਤੇ ਹੈਡਲੀ ਨੂੰ ਅਕਤੂਬਰ 2009 ਵਿੱਚ ਸ਼ਿਕਾਗੋ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ।
ਐੱਫਬੀਆਈ ਦਾ ਦਾਅਵਾ ਹੈ ਕਿ ਇਹ ਦੋਵੇਂ ਡੈਨਮਾਰਕ ਵਿੱਚ ਕੱਟੜਪੰਥੀ ਹਮਲਾ ਕਰਨ ਜਾ ਰਹੇ ਸਨ।
ਉਨ੍ਹਾਂ ਦੀ ਯੋਜਨਾ ਜਿਲੈਂਡਸ-ਪੋਸਟਨ ਅਖ਼ਬਾਰ ਦੇ ਦਫ਼ਤਰ 'ਤੇ ਹਮਲਾ ਕਰਨ ਦੀ ਸੀ। ਇਸ ਅਖ਼ਬਾਰ ਨੇ ਪੈਗੰਬਰ ਮੁਹੰਮਦ ਦੇ ਵਿਵਾਦਪੂਰਨ ਕਾਰਟੂਨ ਪ੍ਰਕਾਸ਼ਿਤ ਕੀਤੇ ਸਨ।
ਇਸ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਦੋਵਾਂ ਦੀ ਮੁੰਬਈ ਹਮਲਿਆਂ ਵਿੱਚ ਸ਼ਮੂਲੀਅਤ ਦੀ ਵੀ ਪੁਸ਼ਟੀ ਹੋਈ।
ਇਸ ਤਰ੍ਹਾਂ, ਰਾਣਾ ਨੂੰ ਦੋ ਵੱਖ-ਵੱਖ ਸਾਜ਼ਿਸ਼ਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਅਕਤੂਬਰ 2009 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਆਪਣੇ ਬਿਆਨ ਵਿੱਚ ਰਾਣਾ ਨੇ ਮੰਨਿਆ ਕਿ ਹੈਡਲੀ ਨੇ ਪਾਕਿਸਤਾਨ ਵਿੱਚ ਲਸ਼ਕਰ-ਏ-ਤਇਬਾ ਦੇ ਸਿਖਲਾਈ ਕੈਂਪਾਂ ਵਿੱਚ ਹਿੱਸਾ ਲਿਆ ਸੀ।

ਤਸਵੀਰ ਸਰੋਤ, AFP
ਹੈਡਲੀ ਦਾ ਇਕਬਾਲੀਆ ਬਿਆਨ
ਅਮਰੀਕਾ ਵਿੱਚ ਸ਼ਿਕਾਗੋ ਵਿੱਚ ਚੱਲ ਰਹੇ ਕੇਸ ਦੌਰਾਨ, ਉੱਥੋਂ ਦੇ ਅਟਾਰਨੀ ਜਨਰਲ ਨੇ ਕਿਹਾ ਸੀ, "2006 ਦੀਆਂ ਗਰਮੀਆਂ ਦੀ ਸ਼ੁਰੂਆਤ ਵਿੱਚ ਹੈਡਲੀ ਅਤੇ ਲਸ਼ਕਰ ਦੇ ਦੋ ਮੈਂਬਰਾਂ ਨੇ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਕਵਰ ਵਜੋਂ ਮੁੰਬਈ ਵਿੱਚ ਇੱਕ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਣ ਬਾਰੇ ਚਰਚਾ ਕੀਤੀ।"
ਅਟਾਰਨੀ ਜਨਰਲ ਨੇ ਦੱਸਿਆ ਕਿ ਹੈਡਲੀ ਨੇ ਗਵਾਹੀ ਦਿੱਤੀ ਸੀ ਕਿ ਉਨ੍ਹਾਂ ਨੇ ਸ਼ਿਕਾਗੋ ਦੀ ਯਾਤਰਾ ਕੀਤੀ ਅਤੇ ਆਪਣੇ ਸਕੂਲ ਦੇ ਦੋਸਤ ਰਾਣਾ ਨਾਲ ਭਾਰਤ ਵਿੱਚ ਸੰਭਾਵੀ ਨਿਸ਼ਾਨਿਆਂ ਦੀ ਭਾਲ ਕਰਨ ਬਾਰੇ ਸਲਾਹ-ਮਸ਼ਵਰਾ ਕੀਤਾ।
ਹੈਡਲੀ ਨੇ ਰਾਣਾ ਨਾਲ ਮੁੰਬਈ ਵਿੱਚ 'ਫਸਟ ਵਰਲਡ ਇਮੀਗ੍ਰੇਸ਼ਨ ਸਰਵਿਸਿਜ਼' ਦਾ ਇੱਕ ਦਫ਼ਤਰ ਖੋਲ੍ਹਣ ਬਾਰੇ ਗੱਲ ਕੀਤੀ ਸੀ ਤਾਂ ਜੋ ਉਹ ਉਸ ਦਫ਼ਤਰ ਨੂੰ ਆਪਣੀਆਂ ਗਤੀਵਿਧੀਆਂ ਲਈ ਇੱਕ ਕਵਰ ਵਜੋਂ ਵਰਤ ਸਕਣ।
ਆਪਣੀ ਗਵਾਹੀ ਦੌਰਾਨ ਹੈਡਲੀ ਨੇ ਕਿਹਾ ਸੀ, "ਜੁਲਾਈ 2006 ਵਿੱਚ ਮੈਂ ਰਾਣਾ ਨੂੰ ਮਿਲਣ ਲਈ ਸ਼ਿਕਾਗੋ ਗਿਆ ਸੀ ਅਤੇ ਉਸ ਨੂੰ ਉਸ ਮਿਸ਼ਨ (ਮੁੰਬਈ ਹਮਲੇ) ਬਾਰੇ ਦੱਸਿਆ ਸੀ ਜੋ ਲਸ਼ਕਰ ਨੇ ਮੈਨੂੰ ਸੌਂਪਿਆ ਸੀ।"
ਸਰਕਾਰੀ ਗਵਾਹ ਬਣੇ ਹੈਡਲੀ ਨੇ ਕਿਹਾ, "ਰਾਣਾ ਨੇ ਮੁੰਬਈ ਵਿੱਚ "ਫਸਟ ਵਰਲਡ ਇਮੀਗ੍ਰੇਸ਼ਨ ਸਰਵਿਸਿਜ਼" ਸੈਂਟਰ ਸਥਾਪਤ ਕਰਨ ਦੀ ਮੇਰੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਮੈਨੂੰ ਪੰਜ ਸਾਲਾਂ ਦਾ ਵਪਾਰਕ ਵੀਜ਼ਾ ਹਾਸਿਲ ਕਰਨ ਵਿੱਚ ਮਦਦ ਕੀਤੀ ਸੀ।"
ਹਾਲਾਂਕਿ, ਫਰਵਰੀ 2016 ਵਿੱਚ ਬੰਬੇ ਸਿਟੀ ਸਿਵਲ ਅਤੇ ਸੈਸ਼ਨ ਕੋਰਟ ਵਿੱਚ ਵੀਡੀਓ ਲਿੰਕ ਰਾਹੀਂ ਗਵਾਹੀ ਦਿੰਦੇ ਹੋਏ, ਹੈਡਲੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮੁੰਬਈ ਹਮਲਿਆਂ ਤੋਂ ਕੁਝ ਮਹੀਨੇ ਪਹਿਲਾਂ ਰਾਣਾ ਨੂੰ ਆਪਣੀਆਂ ਗਤੀਵਿਧੀਆਂ ਬਾਰੇ ਸੂਚਿਤ ਕੀਤਾ ਸੀ।

ਤਸਵੀਰ ਸਰੋਤ, AFP
'ਇੱਕ ਮੱਕਾਰ ਅਤੇ ਚਾਲਬਾਜ਼ ਸ਼ਖ਼ਸʼ
ਰਾਣਾ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਮਰੀਕਾ ਦੀ ਕੌਮੀ ਸੁਰੱਖਿਆ ਦੇ ਸਹਾਇਕ ਅਟਾਰਨੀ ਜਨਰਲ ਲੀਜ਼ਾ ਮੋਨਾਕੋ ਨੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਕਿਹਾ ਸੀ, "ਅੱਜ ਦਾ ਫ਼ੈਸਲਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਜਿਸ ਤਰ੍ਹਾਂ ਅਸੀਂ ਅੱਤਵਾਦੀਆਂ ਤੇ ਉਨ੍ਹਾਂ ਦੇ ਸੰਗਠਨਾਂ ਦਾ ਪਿੱਛਾ ਕਰਦੇ ਹਾਂ, ਅਸੀਂ ਉਨ੍ਹਾਂ ਲੋਕਾਂ ਦਾ ਵੀ ਪਿੱਛਾ ਕਰਾਂਗੇ ਜੋ ਸੁਰੱਖਿਅਤ ਦੂਰੀ ਤੋਂ ਉਨ੍ਹਾਂ ਦੀ ਹਿੰਸਕ ਸਾਜ਼ਿਸ਼ਾਂ ਨੂੰ ਅੰਜਾਮ ਦਿੰਦੇ ਹਨ।"
ਮੋਨਾਕੋ ਦਾ ਕਹਿਣਾ ਸੀ, "ਇਹ ਜਾਣਦੇ ਹੋਏ ਕਿ ਹੈਡਲੀ ਹਮਲੇ ਦੀ ਯੋਜਨਾ ਬਣਾ ਰਿਹਾ ਹਨ, ਤਹਵੁੱਰ ਰਾਣਾ ਨੇ ਅਮਰੀਕਾ ਵਿੱਚ ਆਪਣੇ ਅੱਡੇ ਤੋਂ ਉਸ ਦੀ ਮਦਦ ਕੀਤੀ।"
ਰਾਣਾ ਦੇ ਵਕੀਲ ਚਾਰਲੀ ਸਵਿਫਟ ਨੇ ਉਸ ਸਮੇਂ ਕਿਹਾ ਸੀ ਕਿ ਸਰਕਾਰੀ ਗਵਾਹ ਬਣਨ ਤੋਂ ਪਹਿਲਾਂ ਹੈਡਲੀ ਅਤੇ ਰਾਣਾ ਬਹੁਤ ਕਰੀਬੀ ਦੋਸਤ ਸਨ।
ਰਾਣਾ ਦੇ ਵਕੀਲ ਨੇ ਹੈਡਲੀ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਉਹ 'ਇੱਕ ਮੱਕਾਰ ਅਤੇ ਚਾਲਬਾਜ਼ ਸ਼ਖ਼ਸ ਹੈ ਜਿਸਨੇ ਰਾਣਾ ਵਰਗੇ ਸਿੱਧੇ ਆਦਮੀ ਨੂੰ ਫਸਾ ਦਿੱਤਾ।'
ਉਦੋਂ ਚਾਰਲੀ ਸਵਿਫਟ ਨੇ ਫਿਰ ਮੈਨੂੰ ਕਿਹਾ, "ਹੈਡਲੀ ਇੱਕ ਚਾਲਬਾਜ਼ ਅਤੇ ਇੱਕ ਮਾਸਟਰ ਮੈਨੀਪੁਲੇਟਰ ਹੈ ਜਿਸਨੇ ਡਾ. ਰਾਣਾ ਨੂੰ ਮੂਰਖ਼ ਬਣਾਇਆ ਸੀ।"
ਇਹ ਸੱਚ ਹੈ ਕਿ ਰਾਣਾ ਅਤੇ ਹੈਡਲੀ ਬਚਪਨ ਤੋਂ ਹੀ ਦੋਸਤ ਸਨ ਅਤੇ ਦੋਵਾਂ ਨੇ ਪੰਜ ਸਾਲ ਇੱਕੋ ਸਕੂਲ ਵਿੱਚ ਪੜ੍ਹਾਈ ਕੀਤੀ।
ਸਕੂਲ ਤੋਂ ਨਿਕਲਣ ਤੋਂ ਬਾਅਦ ਦੋਵੇਂ ਪਹਿਲੀ ਵਾਰ 2006 ਵਿੱਚ ਸ਼ਿਕਾਗੋ ਵਿੱਚ ਮਿਲੇ ਸਨ।
ਸ਼ਿਕਾਗੋ ਵਿੱਚ ਚੱਲ ਰਹੇ ਮੁਕੱਦਮੇ ਤੋਂ ਇਸ ਗੱਲ ਦਾ ਪਤਾ ਲੱਗਾ ਕਿ ਰਾਣਾ ਦੇ ਮੁਕਾਬਲੇ ਹੈਡਲੀ ਲਸ਼ਕਰ ਲਈ ਵਧੇਰੇ ਸਰਗਰਮੀ ਨਾਲ ਕੰਮ ਕਰਦੇ ਸਨ।
ਅਦਾਲਤ ਵਿੱਚ ਦੋਵਾਂ ਦੇ ਬਿਆਨਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਲਸ਼ਕਰ ਨੇ 2005 ਵਿੱਚ ਮੁੰਬਈ ਅਤੇ ਕੋਪਨਹੇਗਨ ਵਿੱਚ ਇੱਕੋ ਸਮੇਂ ਕੱਟੜਪੰਥੀ ਹਮਲਿਆਂ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦੋਵਾਂ ਯੋਜਨਾਵਾਂ ਵਿੱਚ ਰਾਣਾ ਦਾ ਵੀ ਹਿੱਸੇਦਾਰੀ ਸੀ।
ਮੁੰਬਈ ਹਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਹੈਡਲੀ ਅਤੇ ਲਸ਼ਕਰ ਦੀ ਮੁੰਬਈ ਹਮਲੇ ਵਿੱਚ ਮਦਦ ਕਰਨ ਤੱਕ ਸੀਮਤ ਸੀ।
ਪਰ ਡੈਨਮਾਰਕ ਦੇ ਮਾਮਲੇ ਵਿੱਚ, ਦੋਵਾਂ ਨੇ ਖ਼ੁਦ ਹਮਲੇ ਦੀ ਯੋਜਨਾ ਬਣਾਈ ਸੀ ਅਤੇ ਇਸ ਨੂੰ ਅੰਜਾਮ ਦੇਣ ਲਈ ਡੈਨਮਾਰਕ ਜਾਣ ਵਾਲੇ ਸਨ।
ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਸ਼ਿਕਾਗੋ ਹਵਾਈ ਅੱਡੇ 'ਤੇ ਫੜ੍ਹ ਲਿਆ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












