You’re viewing a text-only version of this website that uses less data. View the main version of the website including all images and videos.
ਸੁਖਬੀਰ ਸਿੰਘ ਬਾਦਲ ਸਾਹਮਣੇ ਹੁਣ ਕੀ ਬਚਿਆ, ਧਾਰਮਿਕ ਸਜ਼ਾ ਤੋਂ ਬਾਅਦ ਕੀ ਹੋਵੇਗਾ ਉਨ੍ਹਾਂ ਦਾ ਸਿਆਸੀ ਭਵਿੱਖ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰਨਾਂ ਆਗੂਆਂ ਦੇ ਮਾਮਲੇ ਵਿੱਚ ਬੀਤੇ ਸੋਮਵਾਰ ਨੂੰ ਕਾਰਵਾਈ ਕਰਦਿਆਂ ਪੰਜ ਸਿੰਘ ਸਾਹਿਬਾਨਾਂ ਨੇ ਉਨ੍ਹਾਂ ਨੂੰ ਧਾਰਮਿਕ ਤਨਖ਼ਾਹ ਲਗਾਉਣ ਦਾ ਐਲਾਨ ਕਰ ਦਿੱਤਾ ਅਤੇ ਇਨ੍ਹਾਂ ਆਗੂਆਂ ਨੇ ਹੁਣ ਆਪੋ-ਆਪਣੀ ਸਜ਼ਾ ਭੁਗਤਣੀ ਵੀ ਸ਼ੁਰੂ ਕਰ ਦਿੱਤੀ ਹੈ।
ਸੁਖਬੀਰ ਸਿੰਘ ਬਾਦਲ ਮੰਗਲਵਾਰ ਨੂੰ ਸੇਵਾਦਾਰ ਦੇ ਰੂਪ ਵਿੱਡ ਡਿਓੜੀ ਦੇ ਬਾਹਰ ਬੈਠੇ ਨਜ਼ਰ ਆਏ ਅਤੇ ਉਨ੍ਹਾਂ ਨੇ ਭਾਂਡਿਆਂ ਦੀ ਸੇਵਾਂ ਵੀ ਨਿਭਾਈ। ਹੋਰ ਅਕਾਲੀ ਆਗੂ ਵੀ ਬਾਥਰੂਮ ਸਾਫ ਕਰਦੇ, ਭਾਂਡੇ ਮਾਂਜਦੇ ਅਤੇ ਲੰਗਰ ਦੀ ਸੇਵਾ ਨਿਭਾਉਂਦੇ ਨਜ਼ਰ ਆਏ।
ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਅਤੇ ਸਿੱਖ ਕੌਮ ਵਿਰੋਧੀ ਫ਼ੈਸਲੇ ਲੈਣ ਲਈ ਤਤਕਾਲੀ ਅਕਾਲੀ ਸਰਕਾਰ ਦੇ ਮੰਤਰੀਆਂ ਨੂੰ ਸਜ਼ਾ ਸੁਣਾਈ ਗਈ ਹੈ।
ਪੰਜ ਸਿੰਘ ਸਹਿਬਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਤਨਖ਼ਾਹ ਲਗਾਉਣ ਦੇ ਨਾਲ-ਨਾਲ ਉਨ੍ਹਾਂ ਖ਼ਿਲਾਫ਼ ਸਿਆਸੀ ਕਾਰਵਾਈ ਵੀ ਕੀਤੀ ਗਈ ਹੈ।
ਸੋਮਵਾਰ ਨੂੰ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਆਗੂਆਂ ਦੇ ਅਸਤੀਫ਼ੇ ਪ੍ਰਵਾਨ ਕਰ ਕੇ ਇਸ ਸਬੰਧੀ ਰਿਪੋਰਟ ਅਕਾਲ ਤਖ਼ਤ ’ਤੇ ਭੇਜੀ ਜਾਵੇ।
ਜਥੇਦਾਰ ਰਘਬੀਰ ਸਿੰਘ ਨੇ ਇਹ ਵੀ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਜਿਨ੍ਹਾਂ ਨੇ ਆਪਣੇ ਗ਼ੁਨਾਹ ਕਬੂਲ ਕੀਤੇ ਹੈ, ਉਹ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ।
ਇਸ ਲਈ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਅਤੇ ਡੈਲੀਗੇਟ ਬਣਾ ਕੇ ਛੇ ਮਹੀਨਿਆਂ ਦੇ ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਵਾਉਣ ਦੇ ਆਦੇਸ਼ ਦਿੱਤੇ ਹਨ।
ਉਨ੍ਹਾਂ ਇਸ ਸਬੰਧੀ ਸੱਤ ਮੈਂਬਰੀ ਕਮੇਟੀ ਵੀ ਬਣਾਈ ਹੈ।
ਹੁਣ ਸਵਾਲ ਇਹ ਹੈ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਭਵਿੱਖ ਕੀ ਹੋਵੇਗਾ ਇਸ ਬਾਰੇ ਬੀਬੀਸੀ ਪੰਜਾਬੀ ਨੇ ਸਿੱਖ ਵਿਦਵਾਨਾਂ ਨਾਲ ਗੱਲਬਾਤ ਕੀਤੀ।
ਅਕਾਲ ਤਖ਼ਤ ਦੇ ਫ਼ੈਸਲੇ ਨੂੰ ਮਾਹਰ ਕਿਵੇਂ ਦੇਖਦੇ ਹਨ
ਸਿੱਖ ਵਿਦਵਾਨ ਗੁਰਦਰਸ਼ਨ ਸਿੰਘ ਢਿੱਲੋਂ ਮੁਤਾਬਕ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਇਤਿਹਾਸਕ ਹੈ ਅਤੇ ਇਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਕਾਫ਼ੀ ਸਮੇਂ ਤੋਂ ਸੰਕਟ ਨਾਲ ਜੂਝ ਰਿਹਾ ਸੀ, ਖ਼ਾਸ ਤੌਰ ਉੱਤੇ ਲੀਡਰਸ਼ਿਪ ਨੂੰ ਲੈ ਕੇ ਖ਼ਲਾਅ ਪੈਦਾ ਹੋ ਗਿਆ ਸੀ, ਜਿਸ ਨੂੰ ਸਿੰਘ ਸਹਿਬਾਨਾਂ ਨੇ ਬਹੁਤ ਹੀ ਸਿਆਣਪ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ।
ਗੁਰਦਰਸ਼ਨ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਹੁਣ ਬਹੁਤ ਬਿਹਤਰ ਹੋਣ ਦੀ ਉਮੀਦ ਹੈ ਅਤੇ ਨਵੇਂ ਆਗੂ ਹੁਣ ਉਹ ਗ਼ਲਤੀਆਂ ਨਹੀਂ ਕਰਨਗੇ ਜੋ ਅਤੀਤ ਵਿੱਚ ਮੌਜੂਦਾ ਲੀਡਰਸ਼ਿਪ ਵੱਲੋਂ ਕੀਤੀਆਂ ਗਈਆਂ ਹਨ।
ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਉੱਚ ਹੈ ਅਤੇ ਜੋ ਵੀ ਆਗੂ ਇਸ ਨਾਲੋ ਆਪਣੇ-ਆਪ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ਼ ਕਰੇਗਾ, ਉਸ ਦਾ ਹਸ਼ਰ ਉਹੀ ਹੋਵੇਗਾ ਜੋ ਮੌਜੂਦਾ ਅਕਾਲੀ ਲੀਡਰਸ਼ਿਪ ਦਾ ਹੋਇਆ ਹੈ।
ਬਾਦਲ ਪਰਿਵਾਰ ਦਾ ਭਵਿੱਖ
ਉਨ੍ਹਾਂ ਆਖਿਆ ਕਿ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਜੋ “ਫ਼ਖ਼ਰੇ ਕੌਮ ਦਾ ਐਵਾਰਡ” ਵਾਪਸ ਲਿਆ ਗਿਆ ਹੈ, ਉਹ ਇਸੀ ਗੱਲ ਨੂੰ ਦਰਸਾਉਂਦਾ ਹੈ।
ਬਾਦਲ ਪਰਿਵਾਰ ਦਾ ਸਿਆਸੀ ਭਵਿੱਖ ਕੀ ਹੋਵੇਗਾ, ਇਸ ਬਾਰੇ ਟਿੱਪਣੀ ਕਰਦਿਆਂ ਡਾਕਟਰ ਗੁਰਦਰਸ਼ਨ ਢਿੱਲੋਂ ਨੇ ਕਿਹਾ ਕਿ ਇਹ ਆਉਣ ਵਾਲੇ ਸਮੇਂ ਉੱਤੇ ਨਿਰਭਰ ਕਰਦਾ ਹੈ ਕਿ ਲੋਕ ਉਨ੍ਹਾਂ ਦੀਆਂ ਭੁੱਲਾਂ ਨੂੰ ਬਖ਼ਸ਼ਾਉਂਦੇ ਹਨ ਜਾਂ ਨਹੀਂ।
ਵੱਖ-ਵੱਖ ਗੁੱਟਾਂ ਵਿੱਚ ਵੰਡੇ ਅਕਾਲੀ ਦਲ ਦੀ ਏਕਤਾ ਦੇ ਮੁੱਦੇ ਉੱਤੇ ਬੋਲਦਿਆਂ ਗੁਰਦਰਸ਼ਨ ਸਿੰਘ ਢਿੱਲੋਂ ਨੇ ਆਖਿਆ ਕਿ ਹੁਣ ਵਕਤ ਆ ਗਿਆ ਹੈ ਕਿ ਸਾਰੇ ਇੱਕ ਛੱਤ ਥੱਲੇ ਇਕੱਠੇ ਹੋਣ ਅਤੇ ਇਹੀ ਸਮੇਂ ਦੀ ਮੰਗ ਵੀ ਹੈ।
ਡਾਕਟਰ ਖੁਸ਼ਹਾਲ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਕੋਈ ਵੀ ਧਿਰ ਹੋਵੇ ਜਿਸ ਨੇ ਪੰਥਕ ਰਾਜਨੀਤੀ ਕਰਨੀ ਹੈ, ਉਸ ਨੂੰ ਅਕਾਲ ਤਖ਼ਤ ਸਾਹਿਬ ਦਾ ਫ਼ਰਮਾਨ ਮੰਨਣਾ ਹੋਵੇਗਾ।
ਉਨ੍ਹਾਂ ਦਾ ਕਹਿਣਾ ਹੈ, "ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਅਤੇ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਪੰਥਕ ਰਾਜਨੀਤੀ ਵਿੱਚ ਜੇਕਰ ਸਰਗਰਮ ਰਹਿਣਾ ਹੈ, ਤਾਂ ਉਨ੍ਹਾਂ ਉੱਤੇ ਵੀ ਇਹ ਹੁਕਮ ਲਾਗੂ ਹੁੰਦਾ ਹੈ।"
ਉਨ੍ਹਾਂ ਮੁਤਾਬਕ, ਅਕਾਲੀ ਦਲ ਦੇ ਪੁਨਰਗਠਨ ਦੀ ਨਿਗਰਾਨੀ ਅਕਾਲ ਤਖ਼ਤ ਸਾਹਿਬ ਕਰ ਰਿਹਾ ਹੈ।
ਤਨਖ਼ਾਹੀਆ ਐਲਾਨੀ ਲੀਡਰਸ਼ਿਪ ਦਾ ਕੀ ਹੋਵੇਗਾ
ਸਿੱਖ ਵਿਦਵਾਨ ਡਾਕਟਰ ਖ਼ੁਸ਼ਹਾਲ ਸਿੰਘ ਮੰਨਦੇ ਹਨ ਕਿ ਸਿੰਘ ਸਾਹਿਬਾਨ ਦਾ ਫ਼ੈਸਲਾ ਪੰਥਕ ਸਿਆਸਤ ਲਈ ਫ਼ਿਲਹਾਲ ਇੱਕ ਉਲਟ ਫੇਰ ਦੀ ਘੜੀ ਹੈ।
ਉਨ੍ਹਾਂ ਦਾ ਕਹਿਣਾ ਹੈ, "ਅਕਾਲੀ ਦਲ ਦੇ ਇਤਿਹਾਸ ਵਿੱਚ ਪਿਛਲੇ ਚਾਲੀ ਸਾਲ ਦਾ ਸਮਾਂ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਆਗੂਆਂ ਦਾ ਰਿਹਾ ਹੈ।"
"ਰਾਜਨੀਤਿਕ ਪਾਰਟੀਆਂ ਵਾਂਗ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੱਤਾ ਵਿੱਚ ਬਣੇ ਰਹਿਣ ਲਈ ਹਰ ਹੀਲਾ ਵਸੀਲਾ ਵਰਤਿਆ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਪੰਥਕ ਸਿਧਾਂਤ ਨੂੰ ਵੀ ਲਾਂਭੇ ਕਰ ਦਿੱਤਾ, ਜਿਸ ਦੀ ਤਸਦੀਕ ਹੁਣ ਸੁਖਬੀਰ ਸਿੰਘ ਬਾਦਲ ਗ਼ਲਤੀਆਂ ਮੰਨ ਕੇ ਕਰ ਵੀ ਦਿੱਤੀ ਹੈ।"
ਯਾਦ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਪੰਜਾਬ ਵਿੱਚ 2007 ਤੋਂ 2017 ਤੱਕ ਸਰਕਾਰ ਰਹੀ।
ਇਸ ਸਮੇਂ ਦੌਰਾਨ ਡੇਰਾ ਮੁਖੀ ਨੂੰ ਮੁਆਫ਼ੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਾ ਦਿੱਤੇ ਜਾਣ ਸਮੇਤ ਹੋਰ ਘਟਨਾਵਾਂ ਦੇ ਦੋਸ਼ ਸੁਖਬੀਰ ਸਿੰਘ ਬਾਦਲ ਉਤੇ ਲੱਗੇ।
ਡਾਕਟਰ ਖੁਸ਼ਹਾਲ ਸਿੰਘ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਜਿੰਨਾ ਵੀ ਪ੍ਰਧਾਨਾਂ ਨੂੰ ਅਤੀਤ ਵਿੱਚ ਤਨਖ਼ਾਹੀਆਂ ਐਲਾਨਿਆ ਗਿਆ ਹੈ, ਉਹ ਮੁੜ ਕੇ ਰਾਜਨੀਤੀ ਵਿੱਚ ਸਰਗਰਮ ਨਹੀਂ ਹੋ ਸਕੇ।
ਡਾਕਟਰ ਖ਼ੁਸ਼ਹਾਲ ਸਿੰਘ ਮੁਤਾਬਕ ਅਕਾਲੀ ਦਲ ਦਾ ਭਵਿੱਖ ਸੁਨਹਿਰਾ ਹੈ ਅਤੇ ਪਰ ਬਾਦਲ ਪਰਿਵਾਰ ਦਾ ਭਵਿੱਖ ਕਾਫ਼ੀ ਕਠਿਨ ਹੋ ਗਿਆ ਹੈ ਕਿਉਂਕਿ ਪੰਜ ਵਾਰ ਦੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਉੱਤੇ ਸਿੰਘ ਸਹਿਬਾਨਾਂ ਨੇ ਕਾਟਾ ਮਾਰ ਦਿੱਤਾ ਹੈ।
ਉਨ੍ਹਾਂ ਮੁਤਾਬਕ ਅਕਾਲੀ ਦਲ ਹੁਣ ਭੰਗ ਹੋ ਚੁੱਕਿਆ ਹੈ ਅਤੇ ਨਵੀਂ ਲੀਡਰਸ਼ਿਪ ਪੈਦਾ ਹੋਵੇਗੀ ਜਿਸ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਡਾਕਟਰ ਖ਼ੁਸ਼ਹਾਲ ਸਿੰਘ ਮੁਤਾਬਕ ਸਿੰਘ ਸਹਿਬਾਨਾਂ ਨੇ ਸਪਸ਼ਟ ਕੀਤਾ ਹੈ ਕਿ ਜੋ ਆਗੂ ਅਕਾਲੀ ਦਲ ਦੇ ਵਿਧਾਨ ਨੂੰ ਮੰਨਣਗੇ ਉਨ੍ਹਾਂ ਦੀ ਨਵੇਂ ਅਕਾਲੀ ਦਲ ਵਿੱਚ ਥਾਂ ਹੋਵੇਗੀ।
ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਗੁੱਟ ਹਥਿਆਰਬੰਦ ਸੰਘਰਸ਼ ਦੀ ਗੱਲ ਕਰੇਗਾ ਉਸ ਲਈ ਅਕਾਲੀ ਦਲ ਵਿੱਚ ਕੋਈ ਥਾਂ ਨਹੀਂ ਹੈ।
ਮੌਜੂਦਾ ਲੀਡਰਸ਼ਿਪ ਦੇ ਸਿਆਸੀ ਭਵਿੱਖ ਬਾਰੇ ਟਿੱਪਣੀ ਕਰਦਿਆਂ ਡਾਕਟਰ ਖ਼ੁਸ਼ਹਾਲ ਸਿੰਘ ਮੁਤਾਬਕ ਤਨਖ਼ਾਹੀਆਂ ਐਲਾਨੀ ਗਈ ਲੀਡਰਸ਼ਿਪ ਦੇ ਨਾਲ ਹੁਣ ਦਾਗ਼ ਵੀ ਲੱਗ ਚੁੱਕਾ ਹੈ।
ਇਸ ਨੂੰ ਖ਼ਤਮ ਕਰਨ ਦੇ ਨਾਲ ਉਨ੍ਹਾਂ ਨੂੰ ਆਪਣੀ ਨਵੀਂ ਛਵੀ ਵੀ ਉਭਾਰਨੀ ਹੋਵੇਗੀ ਜੋ ਕਿ ਸੁਖਬੀਰ ਸਿੰਘ ਬਾਦਲ ਉੱਤੇ ਵੀ ਲਾਗੂ ਹੁੰਦੀ ਹੈ।
ਉਨ੍ਹਾਂ ਮੁਤਾਬਕ ਜੇਕਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਸੱਤਾ ਵਿਰਾਸਤ ਵਿੱਚ ਮਿਲੀ ਹੈ ਤਾਂ ਦੋਸ਼ ਵੀ ਹੁਣ ਵਿਰਸੇ ਵਿੱਚ ਮਿਲ ਗਏ ਹਨ।
ਪੰਥਕ ਸਿਆਸਤ ਦੀ ਸਮਝ ਰੱਖਣ ਵਾਲੇ ਆਗੂਆਂ ਦਾ ਮੰਨਣਾ ਹੈ ਕਿ ਤਨਖ਼ਾਹ ਲੱਗ ਜਾਣ ਤੋਂ ਬਾਅਦ ਮਨੋਵਿਗਿਆਨਕ ਤੌਰ ਉੱਤੇ ਵੀ ਸਿਆਸੀ ਆਗੂਆਂ ਉੱਤੇ ਦਬਾਅ ਹੁੰਦਾ ਹੈ ਅਤੇ ਇਤਿਹਾਸ ਵਿੱਚ ਇਸ ਗੱਲ ਦਾ ਹਵਾਲਾ ਫ਼ਿਲਹਾਲ ਨਹੀਂ ਹੈ ਕਿ ਕੋਈ ਆਗੂ ਸਜ਼ਾ ਪੂਰੀ ਕਰਨ ਤੋਂ ਬਾਅਦ ਸਿਆਸਤ ਵਿੱਚ ਫਿਰ ਤੋਂ ਸਰਗਰਮ ਹੋਇਆ ਹੋਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ