ਅਹਿਮਦਾਬਾਦ ਹਵਾਈ ਹਾਦਸੇ 'ਚ ਮਾਰੇ ਗਏ ਵਿਜੇ ਰੂਪਾਨੀ ਜੋ ਪੰਜਾਬ ਭਾਜਪਾ ਦੇ ਇੰਚਾਰਜ ਰਹੇ, ਕਿਵੇਂ ਵਿਦਿਆਰਥੀ ਆਗੂ ਤੋਂ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ

ਵਿਜੇ ਰੂਪਾਨੀ

ਤਸਵੀਰ ਸਰੋਤ, Vijay Rupani/FB

ਤਸਵੀਰ ਕੈਪਸ਼ਨ, ਵਿਜੇ ਰੂਪਾਨੀ ਦਾ ਦੇਹਾਂਤ ਵੀ ਅਹਿਮਦਾਬਾਦ ਹਵਾਈ ਹਾਦਸੇ ਵਿੱਚ ਹੋ ਗਿਆ ਹੈ

ਵੀਰਵਾਰ ਨੂੰ ਅਹਿਮਦਾਬਾਦ ਵਿੱਚ ਵਾਪਰੇ ਹਵਾਈ ਹਾਦਸੇ ਦੌਰਾਨ ਮਰਨ ਵਾਲਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ ਵੀ ਸ਼ਾਮਲ ਹਨ।

ਭਾਜਪਾ ਆਗੂਆਂ ਮੁਤਾਬਕ ਉਹ ਆਪਣੇ ਧੀ ਨੂੰ ਮਿਲਣ ਲੰਡਨ ਜਾ ਰਹੇ ਹਨ। ਉਨ੍ਹਾਂ ਦੀ ਪਤਨੀ ਪਹਿਲਾਂ ਹੀ ਲੰਡਨ ਗਈ ਹੋਏ ਸੀ।

ਵਿਜੇ ਰੂਪਾਨੀ ਦੇ ਮਿਆਂਮਾਰ ਦੇ ਇੱਕ ਜੈਨ ਪਰਿਵਾਰ ਵਿੱਚ ਜਨਮ ਲੈਣ ਤੋਂ ਲੈ ਕੇ ਗੁਜਰਾਤ ਦੇ ਮੁੱਖ ਮੰਤਰੀ ਬਣਨ ਤੱਕ ਦਾ ਸਫ਼ਰ ਕਾਫੀ ਸੰਘਰਸ਼ਮਈ ਰਿਹਾ ਹੈ।

ਆਰਐੱਸਐੱਸ ਅਤੇ ਭਾਜਪਾ ਦੇ ਸਿਧਾਂਤਾਂ ਨਾਲ ਜੁੜੇ ਰਹਿਣ ਵਾਲੇ ਰੂਪਾਨੀ ਨੇ ਸਥਾਨਕ ਸਿਆਸਤ ਤੋਂ ਲੈ ਕੇ ਸੂਬਾਈ ਅਤੇ ਰਾਸ਼ਟਰੀ ਪੱਧਰ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ।

ਵਿਜੇ ਰੂਪਾਨੀ

ਤਸਵੀਰ ਸਰੋਤ, Vijay Rupani insta/BBC

ਤਸਵੀਰ ਕੈਪਸ਼ਨ, ਵਿਜੇ ਰੂਪਾਨੀ ਦੇ ਮਿਆਂਮਾਰ ਦੇ ਇੱਕ ਜੈਨ ਪਰਿਵਾਰ ਵਿੱਚ ਜਨਮ ਲਿਆ ਸੀ

'ਜ਼ਮੀਨੀ ਪੱਧਰ ਦੇ ਵੱਡੇ ਆਗੂ ਰੂਪਾਨੀ'

ਵਿਜੇ ਰਾਮਨੀਕਲਾਲ ਰੂਪਾਨੀ ਭਾਜਪਾ ਦੇ ਸੀਨੀਅਰ ਆਗੂ ਅਤੇ ਗੁਜਰਾਤ ਦੇ 16ਵੇਂ ਮੁੱਖ ਮੰਤਰੀ (2016-2021) ਵਜੋਂ ਸੇਵਾ ਨਿਭਾਉਣ ਲਈ ਜਾਣੇ ਜਾਂਦੇ ਹਨ। ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਮੌਜੂਦਾ ਸਮੇਂ ਵਿੱਚ ਰੂਪਾਨੀ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਨ।

ਬੀਜੇਪੀ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਤੋਂ ਪਾਰਟੀ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਰੂਪਾਨੀ ਦੇ ਤੁਰ ਜਾਣ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਜਹਾਜ਼ ਹਾਦਸੇ ਦੇ ਯਾਤਰੀਆਂ ਅਤੇ ਵਿਜੇ ਰੂਪਾਨੀ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਆਖਿਆ, "ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਉੱਤੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਇੱਕ ਨਿਮਰ ਅਤੇ ਹਮਦਰਦ ਇਨਸਾਨ ਅਤੇ ਜ਼ਮੀਨੀ ਪੱਧਰ ਦੇ ਨੇਤਾ ਸਨ ਅਤੇ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਕਿਉਂਕਿ ਉਹ ਪੰਜਾਬ ਭਾਜਪਾ ਦੇ ਇੰਚਾਰਜ ਸਨ।"

“ਉਹ ਇੱਕ ਸੱਚੇ "ਸੱਜਣ ਸਿਆਸਤਦਾਨ" ਸਨ। ਨਾ ਸਿਰਫ਼ ਗੁਜਰਾਤ ਨੇ ਬਲਕਿ ਪੂਰੇ ਦੇਸ਼ ਨੇ ਇੱਕ ਮਹਾਨ ਨੇਤਾ ਗੁਆ ਦਿੱਤਾ ਹੈ, ਅਤੇ ਇਹ ਮੇਰੇ ਲਈ ਇੱਕ ਨਿੱਜੀ ਘਾਟਾ ਵੀ ਹੈ, ਕਿਉਂਕਿ ਮੈਨੂੰ ਉਨ੍ਹਾਂ ਦਾ ਕੋਮਲ ਅਤੇ ਨਰਮ ਸੁਭਾਅ ਬਹੁਤ ਪਿਆਰਾ ਲੱਗਿਆ। ਜਨਤਕ ਜੀਵਨ ਵਿੱਚ ਉਨ੍ਹਾਂ ਦੀ ਸਮਝਦਾਰੀ ਅਤੇ ਸਾਦਗੀ ਦੀ ਘਾਟ ਮਹਿਸੂਸ ਹੋਵੇਗੀ।"

ਬੀਬੀਸੀ

ਅਹਿਮਦਾਬਾਦ ਹਵਾਈ ਹਾਦਸਾ-

  • ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਵੀਰਵਾਰ ਨੂੰ ਦੁਪਹਿਰੇ 1.38 ਵਜੇ ʼਤੇ ਹਾਦਸੇ ਦਾ ਸ਼ਿਕਾਰ ਹੋ ਗਿਆ।
  • ਏਅਰ ਇੰਡੀਆ ਨੇ ਜਹਾਜ਼ 'ਚ ਸਵਾਰ ਕੁੱਲ 242 ਲੋਕਾਂ ਵਿੱਚੋਂ 241 ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
  • ਜਹਾਜ਼ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਮੌਜੂਦ ਸਨ।
  • ਇਹ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਰਿਹਾਇਸ਼ੀ ਇਲਾਕੇ ਦੀ ਇੱਕ ਇਮਾਰਤ ʼਤੇ ਜਾ ਡਿੱਗਿਆ।
  • ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਦਾ ਵੀ ਦੇਹਾਂਤ ਹੋ ਗਿਆ ਹੈ।
  • ਮੌਤਾਂ ਦੇ ਇਨ੍ਹਾਂ ਅੰਕੜਿਆਂ ਵਿੱਚ ਇਮਾਰਤ ਵਿੱਚ ਮੌਜੂਦ ਕੁਝ ਲੋਕਾਂ ਦੀ ਮੌਤ ਵੀ ਦੱਸੀ ਜਾ ਰਹੀ ਹੈ।
  • ਟਾਟਾ ਗਰੁੱਪ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਇੱਕ ਕਰੋੜ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਬੀਬੀਸੀ
ਹਵਾਈ ਹਾਦਸਾ

ਵਿਜੇ ਰੂਪਾਨੀ ਦਾ ਨਿੱਜੀ ਜੀਵਨ

ਵਿਜੇ ਰੂਪਾਨੀ ਦਾ ਜਨਮ 2 ਅਗਸਤ, 1956 ਨੂੰ ਰੰਗੂਨ (ਹੁਣ ਮਿਆਂਮਾਰ) ਵਿੱਚ ਹੋਇਆ ਸੀ ਜਿੱਥੇ ਉਨ੍ਹਾਂ ਦੇ ਪਿਤਾ ਦਾ ਕਾਰੋਬਾਰ ਸੀ।1960 ਵਿੱਚ, ਮਿਆਂਮਾਰ ਵਿੱਚ ਸਿਆਸੀ ਅਸਥਿਰਤਾ ਕਾਰਨ ਉਨ੍ਹਾਂ ਦਾ ਪਰਿਵਾਰ ਗੁਜਰਾਤ ਦੇ ਰਾਜਕੋਟ ਵਿੱਚ ਵੱਸ ਗਿਆ।

"ਨੈਸ਼ਨਲ ਇਲੈੱਕਸ਼ਨ ਵਾਚ" ਵੈੱਬਸਾਈਟ ਉੱਤੇ ਉਪਲਬਧ ਜਾਣਕਾਰੀ ਮੁਤਾਬਕ ਵਿਜੇ ਰੂਪਾਨੀ ਨੇ ਧਰਮੇਂਦਰ ਸਿੰਘ ਜੀ ਆਰਟਸ ਕਾਲਜ, ਰਾਜਕੋਟ ਤੋਂ 1977 ਵਿੱਚ ਬੈਚਲਰ ਆਫ਼ ਆਰਟਸ (ਬੀਏ) ਦੀ ਡਿਗਰੀ ਹਾਸਲ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ 1980 ਵਿੱਚ ਸੁਰਾਸ਼ਟਰ ਯੂਨੀਵਰਸਿਟੀ, ਰਾਜਕੋਟ ਦੇ ਏਐੱਮਪੀ ਲਾਅ ਕਾਲਜ ਤੋਂ ਕਾਨੂੰਨ ਦੀ ਡਿਗਰੀ ਪਾਸ ਕੀਤੀ।

ਸਿਆਸਤ ਅਤੇ ਕਾਰੋਬਾਰੀ ਵਿਜੇ ਰੂਪਾਨੀ ਪੜ੍ਹਨ ਅਤੇ ਸਫ਼ਰ ਕਰਨ ਦਾ ਸ਼ੌਕ ਸੀ ਅਤੇ ਉਨ੍ਹਾਂ ਦਾ ਵਿਆਹ ਅੰਜਲੀ ਰੂਪਾਨੀ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਬੇਟਾ ਅਤੇ ਬੇਟੀ ਹਨ।

ਉਨ੍ਹਾਂ ਦੇ ਬੇਟਾ ਤੇ ਬੇਟੀ ਵਿਦੇਸ਼ ਵਿੱਚ ਵਸੇ ਹੋਏ ਹਨ। ਉਨ੍ਹਾਂ ਦੇ ਇੱਕ ਹੋਰ ਪੁੱਤਰ ਪੁਜੀਤ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੀ ਯਾਦ ਵਿੱਚ ਵਿਜੇ ਰੁਪਾਨੀ ਨੇ ਇੱਕ ਟਰੱਸਟ ਬਣਾਇਆ ਸੀ ਜੋ ਗਰੀਬ ਬੱਚਿਆਂ ਦੀ ਪੜ੍ਹਾਈ ਬਾਰੇ ਕੰਮ ਕਰਦਾ ਹੈ।

ਵਿਜੇ ਰੂਪਾਨੀ

ਤਸਵੀਰ ਸਰੋਤ, Vijay Rupani/FB

ਤਸਵੀਰ ਕੈਪਸ਼ਨ, ਵਿਜੇ ਰੂਪਾਨੀ ਗੁਜਰਾਤ ਦੇ ਮੁੱਖ ਮੰਤਰੀ ਰਹੇ ਹਨ

ਵਿਜੇ ਰੂਪਾਨੀ ਦਾ ਸਿਆਸੀ ਸਫ਼ਰ

ਵਿਜੇ ਰੂਪਾਨੀ ਦੀ ਰਾਜਨੀਤਕ ਸ਼ੁਰੂਆਤ ਵਿਦਿਆਰਥੀ ਜੀਵਨ ਤੋਂ ਹੋਈ ਅਤੇ ਉਹ ਆਪਣੀ ਮਿਹਨਤ ਦੇ ਸਿਰ ਉੱਤੇ ਪਾਰਟੀ ਦੇ ਸਿਖ਼ਰਾਂ ਤੱਕ ਪਹੁੰਚੇ। ਵਿਜੇ ਰੂਪਾਨੀ ਨੇ ਸਕੂਲੀ ਦਿਨਾਂ ਵਿੱਚ ਹੀ ਰਾਸ਼ਟਰੀ ਸਵਯੰਸੇਵਕ ਸੰਘ (ਆਰਐੱਸਐੱਸ) ਨਾਲ ਜੁੜ ਕੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ।

ਉਹ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਏਬੀਵੀਪੀ) ਦੇ ਵਿਦਿਆਰਥੀ ਕਾਰਜਕਰਤਾ ਵਜੋਂ ਸਰਗਰਮ ਸਨ।

ਭਾਜਪਾ ਦੇ ਸੀਨੀਅਰ ਤਰੁਣ ਚੁੱਘ ਨੇ ਰੂਪਾਨੀ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ, "ਉਹ ਬਹੁਤ ਸਾਧਾਰਨ ਅਤੇ ਉੱਚੀ ਸੋਚ ਦੇ ਮਾਲਕ ਸਨ ਅਤੇ ਉਨ੍ਹਾਂ ਨੇ ਗੁਜਰਾਤ ਵਿੱਚ ਕੁਝ ਸਮਾਂ ਉਨ੍ਹਾਂ ਦੇ ਘਰ ਵੀ ਬਤੀਤ ਕੀਤਾ ਸੀ।"

ਉਨ੍ਹਾਂ ਆਖਿਆ, "ਦੋ ਦਿਨ ਪਹਿਲਾਂ ਲੁਧਿਆਣਾ ਜ਼ਿਮਨੀ ਚੋਣ ਸਬੰਧੀ ਉਹ ਪੰਜਾਬ ਵਿੱਚ ਮੀਟਿੰਗ ਕਰ ਕੇ ਗਏ ਸਨ ਅਤੇ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਇਹ ਭਾਣਾ ਵਰਤ ਜਾਵੇਗਾ"।

ਉਨ੍ਹਾਂ ਆਖਿਆ ਕਿ ਆਮ ਸਾਧਾਰਨ ਵਰਕਰ ਤੋਂ ਉਨ੍ਹਾਂ ਆਪਣਾ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਆਪਣੀ ਲਗਨ ਅਤੇ ਮਿਹਨਤ ਦੇ ਨਾਲ ਪਹਿਲਾਂ ਵਿਦਿਆਰਥੀ ਆਗੂ, ਫਿਰ ਗੁਜਰਾਤ ਦੀ ਸਥਾਨਕ ਰਾਜਨੀਤੀ ਵਿੱਚ ਸਰਗਰਮ ਰਹਿਣ ਤੋਂ ਬਾਅਦ ਵਿਧਾਇਕ, ਸੰਸਦ ਮੈਂਬਰ ਅਤੇ ਫਿਰ ਗੁਜਰਾਤ ਦੇ ਮੁੱਖ ਮੰਤਰੀ ਬਣੇ।

ਵਿਜੇ ਰੂਪਾਨੀ 1971 ਵਿੱਚ ਉਹ ਜਨ ਸੰਘ ਵਿੱਚ ਸ਼ਾਮਲ ਹੋਏ, ਜੋ ਬਾਅਦ ਵਿੱਚ BJP ਦਾ ਹਿੱਸਾ ਬਣਿਆ। ਉਨ੍ਹਾਂ ਦੇ ਜੀਵਨ ਦੇ ਵੇਰਵੇ ਤੋਂ ਪਤਾ ਲੱਗਦਾ ਹੈ ਕਿ ਉਹ 1978 ਤੋਂ 1981 ਤੱਕ ਉਹ RSS ਦੇ ਪ੍ਰਚਾਰਕ ਵਜੋਂ ਸੇਵਾ ਨਿਭਾਉਂਦੇ ਰਹੇ।

ਵਿਜੇ ਰੂਪਾਨੀ

ਤਸਵੀਰ ਸਰੋਤ, Vijay Rupani insta/BBC

ਤਸਵੀਰ ਕੈਪਸ਼ਨ, ਵਿਜੇ ਰੂਪਾਨੀ ਪੰਜਾਬ ਦੇ ਭਾਜਪਾ ਇੰਚਾਰਜ ਸਨ

ਬਾਅਦ ਵਿੱਚ ਸਰਗਰਮ ਰਾਜਨੀਤੀ ਵਿੱਚ ਪ੍ਰਵੇਸ ਕਰਦੇ ਹੋਏ ਰੂਪਾਨੀ 1987 ਵਿੱਚ ਉਹ ਕਾਰਪੋਰੇਟਰ ਚੁਣੇ ਗਏ।

1995 ਵਿੱਚ ਉਹ ਦੁਬਾਰਾ ਆਰਐੱਮਸੀ ਲਈ ਚੁਣੇ ਗਏ ਅਤੇ 1996-1997 ਵਿੱਚ ਰਾਜਕੋਟ ਦੇ ਮੇਅਰ ਵਜੋਂ ਉਨ੍ਹਾਂ ਸੇਵਾ ਨਿਭਾਈ।

1998 ਵਿੱਚ ਉਹ ਭਾਜਪਾ ਦੀ ਗੁਜਰਾਤ ਇਕਾਈ ਦੇ ਜਨਰਲ ਸਕੱਤਰ ਬਣੇ। ਕੇਸ਼ੂਭਾਈ ਪਟੇਲ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਉਹ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਵੀ ਬਣੇ ਸਨ।

2013 ਵਿੱਚ, ਨਰੇਂਦਰ ਮੋਦੀ ਦੇ ਮੁੱਖ ਮੰਤਰੀ ਸਮੇਂ, ਉਹ ਗੁਜਰਾਤ ਮਿਊਂਸੀਪਲ ਫਾਈਨਾਂਸ ਬੋਰਡ ਦੇ ਚੇਅਰਮੈਨ ਬਣੇ। ਇਸ ਤੋਂ ਬਾਅਦ ਉਨ੍ਹਾਂ ਦਿੱਲੀ ਰਾਜਨੀਤੀ ਦਾ ਰੁਖ ਕੀਤਾ ਅਤੇ 2006 ਤੋਂ 2012 ਤੱਕ ਉਹ ਰਾਜ ਸਭਾ ਦੇ ਮੈਂਬਰ ਰਹੇ।

ਅਗਸਤ 2014 ਵਿੱਚ, ਜਦੋਂ ਵਜੁਭਾਈ ਵਾਲਾ (ਰਾਜਕੋਟ ਵੈਸਟ ਦੇ ਐੱਮਐੱਲਏ) ਨੇ ਕਰਨਾਟਕ ਦੇ ਗਵਰਨਰ ਵਜੋਂ ਅਹੁਦਾ ਸੰਭਾਲਣ ਲਈ ਅਸਤੀਫ਼ਾ ਦਿੱਤਾ, ਤਾਂ ਭਾਜਪਾ ਨੇ ਵਿਜੇ ਰੂਪਾਨੀ ਨੂੰ ਰਾਜਕੋਟ ਵੈਸਟ ਸੀਟ ਤੋਂ ਉਪ-ਚੋਣ ਲੜਨ ਲਈ ਨਾਮਜ਼ਦ ਕੀਤਾ। 19 ਅਕਤੂਬਰ, 2014 ਨੂੰ ਉਹ ਵੱਡੇ ਫ਼ਰਕ ਨਾਲ ਜਿੱਤੇ ਅਤੇ ਪਹਿਲੀ ਵਾਰ ਐੱਮਐੱਲਏ ਬਣੇ।

2014 ਵਿੱਚ, ਉਸ ਸਮੇਂ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਦੇ ਪਹਿਲੇ ਕੈਬਨਿਟ ਵਿਸਥਾਰ ਵਿੱਚ, ਉਹ ਟਰਾਂਸਪੋਰਟ, ਵਾਟਰ ਸਪਲਾਈ, ਲੇਬਰ ਅਤੇ ਐਮਪਲਾਇਮੈਂਟ ਮੰਤਰਾਲੇ ਦੇ ਮੰਤਰੀ ਬਣੇ। 19 ਫਰਵਰੀ, 2016 ਤੋਂ ਅਗਸਤ 2016 ਤੱਕ ਉਹ ਭਾਜਪਾ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਰਹੇ।

ਰੂਪਾਨੀ

ਤਸਵੀਰ ਸਰੋਤ, Vijay Rupani insta/BBC

ਤਸਵੀਰ ਕੈਪਸ਼ਨ, 1998 ਵਿੱਚ ਉਹ ਭਾਜਪਾ ਦੀ ਗੁਜਰਾਤ ਇਕਾਈ ਦੇ ਜਨਰਲ ਸਕੱਤਰ ਬਣੇ

ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ

7 ਅਗਸਤ, 2016 ਨੂੰ ਵਿਜੇ ਰੂਪਾਨੀ ਨੇ ਆਨੰਦੀਬੇਨ ਪਟੇਲ ਦੀ ਥਾਂ ਗੁਜਰਾਤ ਦੇ 16ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ, ਉਨ੍ਹਾਂ ਨੇ ਰਾਜਕੋਟ ਵੈਸਟ ਸੀਟ ਤੋਂ ਕਾਂਗਰਸ ਦੇ ਇੰਦਰਨੀਲ ਰਾਜਯਾਗੁਰੂ ਨੂੰ ਹਰਾਇਆ।

22 ਦਸੰਬਰ, 2017 ਨੂੰ ਉਹ ਸਰਬਸੰਮਤੀ ਨਾਲ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਅਤੇ 26 ਦਸੰਬਰ, 2017 ਨੂੰ ਦੁਬਾਰਾ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਉਨ੍ਹਾਂ ਨੇ 7 ਅਗਸਤ, 2016 ਤੋਂ 11 ਸਤੰਬਰ, 2021 ਤੱਕ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ, ਜੋ ਕੁੱਲ ਮਿਲਾ ਕੇ ਪੰਜ ਸਾਲਾਂ ਤੋਂ ਵੱਧ ਸਮਾਂ ਸੀ।

11 ਸਤੰਬਰ, 2021 ਨੂੰ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਉਨ੍ਹਾਂ ਦੀ ਥਾਂ ਭੁਪੇਂਦਰ ਪਟੇਲ ਨੇ ਅਹੁਦਾ ਸੰਭਾਲਿਆ। ਰੂਪਾਨੀ ਨੇ ਅਸਤੀਫ਼ੇ ਨੂੰ ਭਾਜਪਾ ਦੀ ਸੰਗਠਨ ਦੀ ਪ੍ਰਕਿਰਿਆ ਦਾ ਹਿੱਸਾ ਦੱਸਿਆ ਸੀ। ਮੌਜੂਦਾ ਸਮੇਂ ਵਿੱਚ ਉਹ ਪੰਜਾਬ ਵਿੱਚ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)