You’re viewing a text-only version of this website that uses less data. View the main version of the website including all images and videos.
ਇਨ੍ਹਾਂ ਔਰਤਾਂ ਨੂੰ ਕ੍ਰਿਕਟ ਖੇਡਦਿਆਂ ਦੇਖੋਗਾ ਤਾਂ ਪਤਾ ਲੱਗੇਗਾ ਕਿ ਹਿੰਮਤ ਕੀ ਹੁੰਦੀ ਹੈ
- ਲੇਖਕ, ਤੇਜਸ ਵੈਦਿਆ, ਬੀਬੀਸੀ ਪੱਤਰਕਾਰ
- ਰੋਲ, ਇਨਾਕਸ਼ੀ ਰਾਦਵੰਸ਼ੀ, ਦਿ ਬ੍ਰਿਜ
ਜ਼ਰਾ ਸੋਚੋ, ਕ੍ਰਿਕਟ ਦੇ ਮੈਦਾਨ ਵਿੱਚ ਕੋਈ ਸੋਟੀ ਨਾਲ ਥਰਡ ਮੈਨ 'ਤੇ ਫੀਲਡਰ ਨੂੰ ਤੈਨਾਤ ਕਰ ਰਿਹਾ ਹੋਵੇ।
ਜਾਂ ਫਿਰ ਕੋਈ ਬੈਕਫੁੱਟ 'ਤੇ ਜਾ ਕੇ ਕੱਟ ਸ਼ਾਟ ਮਾਰਨਾ ਚਾਹ ਰਿਹਾ ਹੋਵੇ, ਪਰ ਫਿਰ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਪੈਰ ਤਾਂ ਹਿਲਦੇ ਨਹੀਂ। ਅਸੰਭਵ ਜਿਹਾ ਜਾਪਦਾ ਹੈ ਨਾ?
ਪਰ ਇਹ ਉਨ੍ਹਾਂ ਸੁਪਰ-ਵੂਮੈਨ ਲਈ ਅਸੰਭਵ ਨਹੀਂ ਹੈ, ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।
26 ਸਾਲਾ ਤਸਨੀਮ, ਝਾਰਖੰਡ ਦੇ ਉਸ ਬਦਨਾਮ ਵਾਸੇਪੁਰ ਕਸਬੇ ਵਿੱਚ ਵੱਡੀ ਹੋਈ ਹੈ, ਜਿੱਥੇ ਕਿਸੇ ਕੁੜੀ ਲਈ ਆਪਣੇ ਘਰ ਤੋਂ ਬਾਹਰ ਪੈਰ ਰੱਖਣਾ ਵੀ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਸੀ।
ਬਾਹਰ ਖੁੱਲ੍ਹੇ ਮੈਦਾਨ ਵਿੱਚ ਖੇਡਣ ਦੀ ਕਲਪਨਾ ਤਾਂ ਕੋਈ ਕੁੜੀ ਕਰ ਵੀ ਨਹੀਂ ਸਕਦੀ ਸੀ। ਪਰ, ਅੱਜ ਤਸਨੀਮ ਇੱਕ ਅਜਿਹੀ ਸਕੂਲ ਅਧਿਆਪਕਾ ਹੈ, ਜਿਸ ਵੱਲ ਹਰ ਕੋਈ ਵੱਡੀ ਆਸ ਨਾਲ ਦੇਖਦਾ ਹੈ।
ਦੂਜੇ ਪਾਸੇ, ਗੁਜਰਾਤ ਦੇ ਇੱਕ ਆਦਿਵਾਸੀ ਪਿੰਡ ਵਿੱਚ ਵੱਡੀ ਹੋਈ 26 ਸਾਲਾ ਲਲਿਤਾ ਕੋਲ ਸਿਰਫ਼ ਇੰਨੇ ਹੀ ਸਾਧਨ ਸਨ ਕਿ ਕਿਸੇ ਤਰ੍ਹਾਂ ਗੁਜ਼ਾਰਾ ਹੋ ਜਾਂਦਾ ਸੀ।
ਹੁਣ ਲਲਿਤਾ ਦੀ ਇੱਕ ਨਵਜੰਮੀ ਬੱਚੀ ਹੈ, ਜਿਸ ਦੀ ਦੇਖਭਾਲ ਉਨ੍ਹਾਂ ਨੂੰ ਕਰਨੀ ਪੈਂਦੀ ਹੈ। ਪਰ ਅੱਜ ਵੀ ਲਲਿਤਾ ਦੇ ਘਰ ਟੈਲੀਵਿਜ਼ਨ ਨਹੀਂ ਹੈ ਅਤੇ ਬਿਜਲੀ ਕਦੇ-ਕਦਾਈਂ ਹੀ ਆਉਂਦੀ ਹੈ।
ਤਸਨੀਮ ਅਤੇ ਲਲਿਤਾ ਦਾ ਜਨਮ ਅਤੇ ਪਾਲਣ ਪੋਸ਼ਣ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਇਆ ਸੀ।
ਇੱਕ ਦਾ ਪਾਲਣ-ਪੋਸ਼ਣ ਹਰ ਦਿਨ ਕ੍ਰਿਕਟ ਮੈਚ ਦੇਖਦਿਆਂ ਹੋਇਆਂ। ਉਧਰ, ਦੂਜੀ ਨੂੰ ਕਦੇ ਵੀ ਇਹ ਖੇਡ ਦੇਖਣ ਦਾ ਮੌਕਾ ਨਹੀਂ ਮਿਲਿਆ ਸੀ।
ਪਰ, ਅੱਜ ਦੋਵੇਂ ਔਰਤਾਂ ਸੂਬਾ ਪੱਧਰੀ ਕ੍ਰਿਕਟਰ ਹਨ, ਜੋ ਭਾਰਤ ਦੀ ਪਹਿਲੀ ਮਹਿਲਾ ਡਿਸਏਬਲਡ ਕ੍ਰਿਕਟ ਟੀਮ ਲਈ ਖੇਡ ਚੁੱਕੀਆਂ ਹਨ।
ਇਨ੍ਹਾਂ ਦੋਵਾਂ ਨੂੰ ਆਪਸ ਵਿੱਚ ਜੋੜਨ ਵਾਲੀ ਇੱਕ ਹੋਰ ਗੱਲ ਪੋਲਿਓ ਦੀ ਬਿਮਾਰੀ ਹੈ।
(BBCShe ਪ੍ਰੋਜੈਕਟ ਦੇ ਲਈ ਇਹ ਦਿ ਬ੍ਰਿਜ ਨੇ ਬੀਬੀਸੀ ਦੇ ਨਾਲ ਮਿਲ ਕੇ ਲਿਖਿਆ ਹੈ, ਤਾਂ ਜੋ ਅਸੀਂ ਆਪਣੀ ਪੱਤਰਕਾਰਿਤਾ ਵਿੱਚ ਖ਼ਾਸ ਔਰਤਾਂ ਦੇ ਸਰੋਕਾਰਾਂ ਨੂੰ ਬਿਹਤਰ ਢੰਗ ਨਾਲ ਪੇਸ਼ ਕਰ ਸਕੀਏ।
BBCShe ਪ੍ਰੋਜੈਕਟ ਦੇ ਬਾਰੇ ਵਧੇਰੇ ਜਣਕਾਰੀ ਲਈ ਇੱਥੇ ਕਲਿੱਕ ਕਰੋ)
ਤਸਨੀਮ ਕਹਿੰਦੀ ਹੈ, "ਮੈਂ ਬਚਪਨ ਤੋਂ ਹੀ ਇਰਫਾਨ ਪਠਾਨ ਦੀ ਬਹੁਤ ਵੱਡੀ ਫੈਨ ਸੀ। ਮੈਂ ਉਨ੍ਹਾਂ ਦਾ ਇੱਕ ਵੀ ਮੈਚ ਦੇਖਣਾ ਨਹੀਂ ਛੱਡਦੀ ਸੀ। ਪਰ ਮੈਂ ਆਪਣੀਆਂ ਕਮੀਆਂ ਤੋਂ ਜਾਣੂ ਸੀ।"
"ਮੈਂ ਸੋਚਦੀ ਸੀ ਕਿ ਸਟੇਡੀਅਮ ਵਿੱਚ ਮੈਚ ਖੇਡਣ ਜਾਣਾ ਤਾਂ ਦੂਰ ਦੀ ਗੱਲ ਹੈ, ਪੋਲੀਓ ਦੀ ਬਿਮਾਰੀ ਕਾਰਨ ਮੈਂ ਕਦੇ ਉੱਥੇ ਮੈਚ ਦੇਖਣ ਵੀ ਨਹੀਂ ਜਾ ਸਕਾਂਗੀ। ਮੈਨੂੰ ਜ਼ਿੰਦਗੀ ਤੋਂ ਸ਼ਾਇਦ ਹੀ ਕੋਈ ਉਮੀਦ ਸੀ। ਮੈਂ ਬਹੁਤ ਨਿਰਾਸ਼ ਸੀ।"
ਉਹ ਕਹਿੰਦੀ ਹੈ, "ਪਰ, ਅੱਜ ਮੈਨੂੰ ਇੱਕ ਨਵਾਂ ਆਤਮਵਿਸ਼ਵਾਸ ਮਿਲਿਆ ਹੈ। ਲੋਕ ਮੈਨੂੰ ਜਾਣਨ ਲੱਗੇ ਹਨ।"
ਭਾਰਤ ਵਿੱਚ ਤਸਨੀਮ ਅਤੇ ਲਲਿਤਾ ਵਰਗੀਆਂ ਦਰਜਨਾਂ ਕੁੜੀਆਂ ਹਨ ਜੋ ਆਪਣੀ ਸਰੀਰਕ ਕਮਜ਼ੋਰੀਆਂ ਦੇ ਬਾਵਜੂਦ ਕ੍ਰਿਕੇਟ ਖੇਡ ਰਹੀਆਂ ਹਨ, ਜਿਸ ਨੂੰ ਅੱਜ ਵੀ ਮਰਦ ਪ੍ਰਧਾਨ ਖੇਡ ਮੰਨਿਆ ਜਾਂਦਾ ਹੈ।
ਭਾਰਤ ਵਿੱਚ 1.2 ਕਰੋੜ ਡਿਸਏਬਲਡ ਔਰਤਾਂ ਹਨ। ਇਨ੍ਹਾਂ ਵਿੱਚੋਂ 70 ਫੀਸਦੀ ਔਰਤਾਂ ਪਿੰਡਾਂ ਵਿੱਚ ਰਹਿੰਦੀਆਂ ਹਨ। ਉਨ੍ਹਾਂ ਕੋਲ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਮੌਕੇ ਨਹੀਂ ਹਨ, ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਵੱਖ-ਵੱਖ ਯੋਗਤਾਵਾਂ ਮੁਤਾਬਕ ਉਨ੍ਹਾਂ ਦੀ ਮਦਦ ਕਰਨ ਲਈ ਬੁਨਿਆਦੀ ਸਾਧਨ ਵੀ ਨਹੀਂ ਹਨ।
ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਅੱਜ ਇਨ੍ਹਾਂ ਖਿਡਾਰਨਾਂ ਨੇ ਇੰਨੀ ਤਾਕਤ ਇਕੱਠੀ ਕਰ ਲਈ ਹੈ ਕਿ ਕ੍ਰਿਕਟ ਪ੍ਰਤੀ ਆਪਣੇ ਜਜ਼ਬੇ ਨੂੰ ਜੀਅ ਸਕਣ।
ਸਮਾਜ ਦੀਆਂ ਬੰਦਿਸ਼ਾਂ ਦਾ ਮੁਕਾਬਲਾ ਕਰਦੇ ਹੋਏ ਆਪਣੇ ਖੇਡਣ ਦੇ ਸ਼ੌਕ ਨੂੰ ਪੂਰਾ ਕਰਨ ਲਈ ਲੋੜੀਂਦੀ ਸਮੱਗਰੀ ਇਕੱਠੀ ਕਰ ਸਕਣ। ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੀ ਯਾਤਰਾ ਕਰ ਸਕਣ ਅਤੇ, ਸਭ ਤੋਂ ਮਹੱਤਵਪੂਰਨ, ਉਹ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਸਮਾਜ ਦੇ ਇੱਕ ਵਰਗ ਨੂੰ ਆਪਣੇ ਲਈ ਸੁਪਨੇ ਦੇਖਣ ਲਈ ਉਤਸ਼ਾਹਿਤ ਕਰ ਸਕਣ।
ਡਿਸਏਬਲਡ ਕ੍ਰਿਕਟ ਟੀਮ
- 2019 ਵਿੱਚ, ਭਾਰਤ ਦੀ ਪਹਿਲੀ ਮਹਿਲਾ ਡਿਸਏਬਲ ਕ੍ਰਿਕਟ ਟੀਮ ਦਾ ਲਗਾਇਆ ਗਿਆ ਸੀ।
- ਇਹ ਕੈਂਪ ਗੁਜਰਾਤ ਦੇ ਬੜੌਦਾ ਕ੍ਰਿਕਟ ਐਸੋਸੀਏਸ਼ਨ ਦੀ ਮਦਦ ਨਾਲ ਲਗਾਇਆ ਗਿਆ ਸੀ।
- ਇਸ ਕੋਸ਼ਿਸ਼ ਪਿੱਛੇ ਕੋਚ ਨਿਤੇਂਦਰ ਸਿੰਘ ਦਾ ਹੱਥ ਸੀ।
- ਕ੍ਰਿਕਟ ਕੈਂਪ ਨੇ ਮੁੱਠੀ ਭਰ ਔਰਤਾਂ ਨੂੰ ਨਵਾਂ ਰਾਹ ਦਿਖਾਇਆ ਸੀ।
- ਭਾਰਤ ਵਿੱਚ 1.2 ਕਰੋੜ ਡਿਸਏਬਲ ਔਰਤਾਂ ਹਨ।
- ਇਨ੍ਹਾਂ ਵਿੱਚੋਂ 70 ਫੀਸਦੀ ਔਰਤਾਂ ਪਿੰਡਾਂ ਵਿੱਚ ਰਹਿੰਦੀਆਂ ਹਨ।
- ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਅੱਜ ਇਨ੍ਹਾਂ ਖਿਡਾਰਨਾਂ ਨੇ ਇੰਨੀ ਤਾਕਤ ਇਕੱਠੀ ਕੀਤੀ ਹੈ
ਡਿਸਏਬਲਡ ਔਰਤਾਂ ਦੀ ਪਹਿਲੀ ਕ੍ਰਿਕਟ ਟੀਮ
2019 ਵਿੱਚ, ਭਾਰਤ ਦੀ ਪਹਿਲੀ ਮਹਿਲਾ ਡਿਸਏਬਲਡ ਕ੍ਰਿਕਟ ਟੀਮ ਦਾ ਕੈਂਪ ਗੁਜਰਾਤ ਦੇ ਬੜੌਦਾ ਕ੍ਰਿਕਟ ਐਸੋਸੀਏਸ਼ਨ ਦੀ ਮਦਦ ਨਾਲ ਲਗਾਇਆ ਗਿਆ ਸੀ।
ਇਸ ਕੋਸ਼ਿਸ਼ ਪਿੱਛੇ ਕੋਚ ਨਿਤੇਂਦਰ ਸਿੰਘ ਦਾ ਹੱਥ ਸੀ।
ਉਹ ਕਹਿੰਦੇ ਹਨ, “ਸਰੀਰਕ ਕਮਜ਼ੋਰੀ ਵਾਲੀਆਂ ਕੁੜੀਆਂ ਦੀ ਇੱਛਾ ਸ਼ਕਤੀ ਜ਼ਿਆਦਾ ਹੁੰਦੀ ਹੈ। ਅਤੇ, ਉਹ ਆਪਣੇ ਆਪ ਨੂੰ ਕਿਸੇ ਵੀ ਆਮ ਵਿਅਕਤੀ ਨਾਲੋਂ ਬਹੁਤ ਜ਼ਿਆਦਾ ਸ਼ਿੱਦਤ ਨਾਲ ਸਾਬਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।"
"ਉਹ ਲਗਾਤਾਰ ਕੁਝ ਵੱਖਰਾ ਕਰਕੇ ਸਮਾਜ ਦੇ ਤਾਣੇ-ਬਾਣੇ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਇਸ ਕੋਸ਼ਿਸ਼ ਵਿੱਚ ਆਪਣੀ ਜ਼ਿੰਦਗੀ ਦਾਅ 'ਤੇ ਲਾ ਦਿੰਦੀਆਂ ਹਨ।"
ਉਸ ਕ੍ਰਿਕਟ ਕੈਂਪ ਨੇ ਮੁੱਠੀ ਭਰ ਔਰਤਾਂ ਨੂੰ ਨਵਾਂ ਰਾਹ ਦਿਖਾਇਆ ਸੀ। ਕੈਂਪ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਕੁੜੀਆਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ, ਅਤੇ ਅੰਤ ਵਿੱਚ ਭਾਰਤ ਦੀ ਪਹਿਲੀ ਮਹਿਲਾ ਡਿਸਏਬਲਡ ਕ੍ਰਿਕਟ ਟੀਮ ਦੀ ਸਿਰਜਣਾ ਹੋਈ।
ਹਾਲਾਂਕਿ, ਉਸ ਤੋਂ ਬਾਅਦ ਸ਼ਾਇਦ ਹੀ ਕੁਝ ਗੱਲ ਅੱਗੇ ਵਧੀ ਹੋਵੇ।। ਅੱਜ ਜ਼ਿਆਦਾਤਰ ਸੂਬੇ ਆਪਣੀ ਮਹਿਲਾ ਡਿਸਏਬਲਡ ਕ੍ਰਿਕਟ ਟੀਮ ਤਿਆਰ ਕਰਨ ਲਈ ਸੰਘਰਸ਼ ਕਰ ਰਹੇ ਹਨ।
2021 ਵਿੱਚ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਡਿਸਏਬਲਡ ਕ੍ਰਿਕਟਰਾਂ ਲਈ ਇੱਕ ਕਮੇਟੀ ਬਣਾਈ ਸੀ। ਪਰ ਅਜੇ ਤੱਕ ਇਸ ਕਮੇਟੀ ਲਈ ਕੋਈ ਫੰਡ ਅਲਾਟ ਨਹੀਂ ਕੀਤਾ ਗਿਆ।
ਸਰਕਾਰ ਕੋਲ ਅਜਿਹੀ ਇੱਕ ਵੀ ਨੀਤੀ ਨਹੀਂ ਹੈ, ਜੋ ਡਿਸਏਬਲਡ ਕ੍ਰਿਕਟਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀ ਹੋਵੇ। ਇਨ੍ਹਾਂ ਡਿਸਏਬਲਡ ਖਿਡਾਰੀਆਂ ਲਈ ਨੌਕਰੀਆਂ ਹਾਸਿਲ ਕਰਨ ਦਾ ਕੋਈ ਸਪਸ਼ਟ ਰਸਤਾ ਨਹੀਂ ਹੈ।
ਜਦਕਿ ਪੈਰਾ ਬੈਡਮਿੰਟਨ ਅਤੇ ਪੈਰਾ ਅਥਲੈਟਿਕਸ ਦੇ ਖਿਡਾਰੀਆਂ ਲਈ ਬਿਹਤਰ ਮੌਕੇ ਹਨ ਕਿਉਂਕਿ ਉਨ੍ਹਾਂ ਦੇ ਆਪਣੇ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਹੁੰਦੇ ਹਨ।
ਇਹ ਖੇਡਾਂ ਪੈਰਾ ਓਲੰਪਿਕ ਦਾ ਹਿੱਸਾ ਹਨ ਅਤੇ ਇਨ੍ਹਾਂ ਖੇਡਾਂ ਦੇ ਖਿਡਾਰੀ ਉੱਥੇ ਦੇਸ਼ ਦੀ ਨੁਮਾਇੰਦਗੀ ਕਰ ਸਕਦੇ ਹਨ। ਉਹ ਖੇਡ ਕੋਟੇ ਰਾਹੀਂ ਨੌਕਰੀਆਂ ਵੀ ਹਾਸਿਲ ਕਰ ਸਕਦੇ ਹਨ।
ਆਪਣੇ ਕਰੀਅਰ ਵਿੱਚ ਅੱਗੇ ਵਧਣ ਦਾ ਕੋਈ ਸਿੱਧਾ ਰਸਤਾ ਨਾ ਹੋਣ ਦੇ ਬਾਵਜੂਦ ਇਨ੍ਹਾਂ ਵਿੱਚੋਂ ਕੁਝ ਔਰਤਾਂ ਨੇ ਆਪਣੇ ਦ੍ਰਿੜ ਇਰਾਦੇ ਅਤੇ ਲਗਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਅੱਜ ਵੀ, ਹਰ ਐਤਵਾਰ, ਗੁਜਰਾਤ ਦੇ ਵੱਖ-ਵੱਖ ਖੇਤਰਾਂ ਤੋਂ 15-20 ਕੁੜੀਆਂ ਇੱਕ ਟੀਮ ਲਈ ਅਭਿਆਸ ਕਰਨ ਲਈ ਇਕੱਠੇ ਹੁੰਦੀਆਂ ਹਨ, ਜਿਸ ਦਾ ਭਵਿੱਖ ਇਸ ਸਮੇਂ ਬਹੁਤ ਧੁੰਦਲਾ ਨਜ਼ਰ ਆ ਰਿਹਾ ਹੈ।
ਇਨ੍ਹਾਂ ਕੁੜੀਆਂ ਵਿੱਚੋਂ ਇੱਕ ਲਲਿਤਾ ਵੀ ਹੈ, ਜੋ ਗੁਜਰਾਤ ਦੇ ਦਾਹੌਦ ਜ਼ਿਲ੍ਹੇ ਜੇ ਉਮਰੀਆ ਪਿੰਡ ਦੀ ਰਹਿਣ ਵਾਲੀ ਹੈ। ਉਹ ਵਡੋਦਰਾ ਵਿੱਚ ਸਿਖਲਾਈ ਕਰਨ ਆਉਣ ਲਈ ਲਗਾਤਾਰ 150 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ।
ਲਲਿਤਾ ਨੂੰ ਦੋ ਸਾਲ ਦੀ ਉਮਰ ਵਿੱਚ ਪੋਲੀਓ ਹੋ ਗਿਆ ਸੀ। ਉਸ ਦਾ ਖੱਬਾ ਪੈਰ ਸ਼ਾਇਦ ਹੀ ਕਿਸੇ ਕੰਮ ਲਾਇਕ ਬਚਿਆ ਹੋਵੇ। ਪਰ, ਇਹ ਕਮੀ ਉਸ ਨੂੰ ਬੱਲੇਬਾਜ਼ੀ ਦੌਰਾਨ ਸ਼ਾਨਦਾਰ ਫੁਟਵਰਕ ਦਿਖਾਉਣ ਤੋਂ ਨਹੀਂ ਰੋਕਦੀ।
ਉਹ ਸੋਟੀ ਦੇ ਸਹਾਰੇ ਖੜ੍ਹੀ ਹੁੰਦੀ ਹੈ। ਪਰ, ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਦਾ ਸਟਾਂਸ ਅਤੇ ਬੱਲੇ ਨਾਲ ਸ਼ਾਟ ਮਾਰਨਾ, ਕਿਸੇ ਪੇਸ਼ੇਵਰ ਖਿਡਾਰੀ ਵਾਂਗ ਹੈ।
ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆ ਕੇ ਬਹੁਤ ਖੁਸ਼ ਹੋਣ ਵਾਲੀ ਲਲਿਤਾ ਕਹਿੰਦੀ ਹੈ, “ਮੈਂ 2018 ਵਿੱਚ ਪਹਿਲੀ ਵਾਰ ਆਪਣੇ ਮੋਬਾਈਲ 'ਤੇ ਕ੍ਰਿਕਟ ਮੈਚ ਦੇਖਿਆ ਸੀ। ਇਸ ਦੇ ਨਾਲ ਹੀ ਮੈਨੂੰ ਕ੍ਰਿਕਟ ਖੇਡਣ ਦਾ ਵੀ ਮਨ ਕੀਤਾ।"
"ਅੱਜ ਵੀ ਮੈਚ ਦੇਖਣ ਲਈ ਮੇਰੇ ਘਰ ਕੋਈ ਟੀਵੀ ਨਹੀਂ ਹੈ। ਫਿਰ ਵੀ ਮੈਂ ਕੌਮਾਂਤਰੀ ਪੱਧਰ 'ਤੇ ਆਪਣੇ ਦੇਸ਼ ਲਈ ਖੇਡਣ ਦਾ ਸੁਪਨਾ ਦੇਖਦਾ ਹਾਂ।"
ਇਸ ਸੁਪਨੇ ਨੂੰ ਪੂਰਾ ਕਰਨ ਵਿੱਚ ਅੱਜ ਲਲਿਤਾ ਨੂੰ ਜੋ ਮਦਦ ਮਿਲ ਰਹੀ ਹੈ, ਉਹ ਬਹੁਤਿਆਂ ਨੂੰ ਨਹੀਂ ਨਸੀਬ ਹੁੰਦੀ।
ਲਲਿਤਾ ਦਾ ਪਤੀ ਪ੍ਰਵੀਨ, ਇੱਕ ਦਿਹਾੜੀਦਾਰ ਮਜ਼ਦੂਰ ਹਨ, ਜੋ ਲਲਿਤਾ ਨੂੰ ਅਭਿਆਸ ਕਰਵਾਉਣ ਲੈ ਕੇ ਜਾਣ ਲਈ ਅੱਠ ਘੰਟੇ ਦਾ ਸਫ਼ਰ ਤੈਅ ਕਰਦੇ ਹਨ ਅਤੇ ਜਦੋਂ ਲਲਿਤਾ ਮੈਦਾਨ ਵਿੱਚ ਪਸੀਨਾ ਡੋਲ ਰਹੀ ਹੁੰਦੀ ਹੈ, ਤਾਂ ਪ੍ਰਵੀਨ ਆਪਣੀ ਪੰਜ ਮਹੀਨਿਆਂ ਦੀ ਧੀ ਦੀ ਦੇਖਭਾਲ ਕਰਦੇ ਹਨ।
ਪ੍ਰਵੀਨ ਕਹਿੰਦੇ ਹਨ, “ਜਦੋਂ ਅਸੀਂ ਟ੍ਰੇਨਿੰਗ ਲਈ ਘਰੋਂ ਨਿਕਲਦੇ ਹਾਂ ਤਾਂ ਲੋਕ ਅਕਸਰ ਲਲਿਤਾ ਦੇ ਕੱਪੜਿਆਂ ਬਾਰੇ ਟਿੱਪਣੀਆਂ ਕਰਦੇ ਹਨ। ਕਿਉਂਕਿ ਸਾਡੇ ਪਿੰਡ ਵਿੱਚ ਕੋਈ ਵੀ ਔਰਤ ਟੀ-ਸ਼ਰਟ ਅਤੇ ਟਰਾਊਜ਼ਰ ਨਹੀਂ ਪਹਿਨਦੀ।"
"ਉਹ ਤਾਨੇ ਕੱਸਦੇ ਹਨ ਕਿ ਜਿਹੜੀ ਔਰਤ ਠੀਕ ਤਰ੍ਹਾਂ ਤੁਰ ਨਹੀਂ ਸਕਦੀ, ਉਹ ਕਿਵੇਂ ਖੇਡੇਗੀ। ਪਰ, ਮੈਂ ਉਨ੍ਹਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰੀ ਪਤਨੀ ਇਸੇ ਤਰ੍ਹਾਂ ਅੱਗੇ ਵਧਦੀ ਰਹੇ ਅਤੇ ਸਾਡਾ ਮਾਣ ਵਧਾਏ।"
ਪ੍ਰਵੀਨ ਵਰਗੇ ਲੋਕ ਇਸ ਗੱਲ ਦੀ ਉਦਾਹਰਨ ਹਨ ਕਿ ਖੇਡਾਂ ਪੁਰਸ਼ਾਂ ਅਤੇ ਔਰਤਾਂ ਵਿੱਚ ਵਿਤਕਰਾ ਨਹੀਂ ਕਰਦੀਆਂ ਹਨ ਅਤੇ ਸਫ਼ਲ ਹੋਣ ਲਈ ਇੱਕ ਸੱਚਾ ਸਹਿਯੋਗ ਅਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਖਿਡਾਰਨਾਂ ਵੀ ਬਹੁਤ ਕੁਝ ਹਾਸਿਲ ਕਰ ਸਕਦੀਆਂ ਹਨ।
ਭਾਰਤ ਦੀ ਇਸ ਪਸੰਦੀਦਾ ਖੇਡ ਵਿੱਚ ਪੁਰਸ਼ਾਂ ਅਤੇ ਔਰਤਾਂ ਵਿੱਚ ਭੇਦਭਾਵ ਨੂੰ ਲੈ ਕੇ ਕਾਫੀ ਚਰਚਾ ਹੋਈ ਹੈ। ਪਰ ਤਸਨੀਮ ਅਤੇ ਲਲਿਤਾ ਵਰਗੀਆਂ ਔਰਤਾਂ ਨੂੰ ਕਈ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਨੂੰ ਜਾਂ ਤਾਂ ਅਣਡਿੱਠ ਕੀਤਾ ਜਾਂਦਾ ਹੈ ਜਾਂ ਮਾਮੂਲੀ ਸਮਝਿਆਂ ਜਾਂਦਾ ਹੈ।
ਮਦਦ ਦੀ ਕਮੀ
ਡਿਸਏਬਲਡ ਕ੍ਰਿਕਟ ਨੂੰ ਸਾਧਨਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਚਾਹੀਦਾ ਹੈ। ਇਸਦੇ ਲਈ, ਮੈਦਾਨ ਵਿੱਚ ਇੱਕ ਖ਼ਾਸ ਸੈਟਿੰਗ ਦੀ ਲੋੜ ਹੁੰਦੀ ਹੈ।
ਲੱਤਾਂ ਦੀ ਕਮਜ਼ੋਰੀ ਵਾਲੇ ਬੱਲੇਬਾਜ਼ਾਂ ਨੂੰ ਦੌੜਾਕਾਂ ਦੀ ਲੋੜ ਹੁੰਦੀ ਹੈ ਅਤੇ ਖਿਡਾਰੀਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪਾਵਰਪਲੇ ਪਹੁੰਚ ਦੀ ਵੀ ਲੋੜ ਹੁੰਦੀ ਹੈ।
ਇਨ੍ਹਾਂ ਚੁਣੌਤੀਆਂ ਵੱਲ ਇਸ਼ਾਰਾ ਕਰਦੇ ਹੋਏ, ਭਾਰਤ ਦੀ ਪਹਿਲੀ ਮਹਿਲਾ ਡਿਸਏਬਲਡ ਕ੍ਰਿਕਟ ਟੀਮ ਦੀ ਕਪਤਾਨ ਆਲੀਆ ਖਾਨ ਕਹਿੰਦੀ ਹੈ, “ਘੱਟੋ-ਘੱਟ ਅੱਜ ਦੇਸ਼ ਦੇ ਲੋਕ ਮਹਿਲਾ ਪ੍ਰੀਮੀਅਰ ਲੀਗ ਵਰਗੀਆਂ ਪਹਿਲਕਦਮੀਆਂ ਕਾਰਨ ਕੁਝ ਮਹਿਲਾ ਖਿਡਾਰੀਆਂ ਨੂੰ ਜਾਣਦੇ ਤਾਂ ਹਨ। ਪਰ ਸਾਡੇ ਕੋਲ ਟੂਰਨਾਮੈਂਟ ਖੇਡਣ ਲਾਇਕ ਸਹੂਲਤਾਂ ਵੀ ਨਹੀਂ ਹਨ।
ਆਲੀਆ ਨੇ ਕਿਹਾ ਕਿ ਕ੍ਰਿਕਟ ਖੇਡਣ ਦੀ ਕੋਸ਼ਿਸ਼ ਕਰਨ 'ਤੇ ਉਨ੍ਹਾਂ ਨੂੰ ਨੀਵਾਂ ਸਮਝਿਆ ਜਾਂਦਾ ਹੈ।
ਆਲੀਆ ਨੇ ਕਿਹਾ, "ਮੈਂ ਕਈ ਵਾਰ ਸੁਣਿਆ ਹੈ ਕਿ ਆਮ ਕੁੜੀਆਂ ਵੀ ਕ੍ਰਿਕਟ ਨਹੀਂ ਖੇਡ ਸਕਦੀਆਂ ਅਤੇ ਤੁਸੀਂ ਇਕ ਹੱਥ ਨਾਲ ਕ੍ਰਿਕਟ ਖੇਡਣਾ ਚਾਹੁੰਦੇ ਹੋ?"
ਉਹ ਕਹਿੰਦੀ ਹੈ, “ਤੁਸੀਂ ਜਾਣਦੇ ਹੋ ਕਿ ਸਮਾਜ ਵਿੱਚ ਔਰਤਾਂ ਦੀ ਕੀ ਸਥਿਤੀ ਹੈ। ਮੈਂ ਅਕਸਰ ਸੁਣਦੀ ਹਾਂ ਕਿ ਮੈਨੂੰ ਘਰ ਵਿੱਚ ਰਹਿ ਕੇ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਬਾਹਰ ਖੇਡ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ।"
ਡਿਸਏਬਲਡਡ ਕ੍ਰਿਕੇਟ ਕੰਟਰੋਲ ਬੋਰਡ ਆਫ਼ ਇੰਡੀਆ (ਡੀਸੀਸੀਬੀਆਈ) ਨੇ ਹਾਲ ਹੀ ਵਿੱਚ ਔਰਤਾਂ ਲਈ ਇੱਕ ਵੱਖਰੀ ਕਮੇਟੀ ਬਣਾਈ ਹੈ। ਇਸ ਦੇ ਬਾਵਜੂਦ ਡਿਸਏਬਲਡਡ ਮਹਿਲਾ ਕ੍ਰਿਕਟਰਾਂ ਦੀ ਇਸ ਸੰਸਥਾ ਨੂੰ ਚਲਾਉਣ ਲਈ ਮਹਿਲਾ ਪ੍ਰਬੰਧਕਾਂ ਦੀ ਘਾਟ ਸਾਫ਼ ਨਜ਼ਰ ਆ ਰਹੀ ਹੈ।
ਵੈਸੇ, ਦੇਸ਼ ਵਿੱਚ ਨੇਤਰਹੀਣ ਮਹਿਲਾ ਕ੍ਰਿਕਟਰਾਂ ਦੀ ਹਾਲਤ ਕੁਝ ਬਿਹਤਰ ਹੈ ਕਿਉਂਕਿ, ਉਨ੍ਹਾਂ ਨੂੰ ਕਾਰਪੋਰੇਟ ਸਮਾਜਿਕ ਰਿਸਪੌਂਸੀਬਿਲਿਟੀ ਅਤੇ ਭਾਰਤ ਵਿੱਚ ਨੇਤਰਹੀਣ ਕ੍ਰਿਕਟ ਐਸੋਸੀਏਸ਼ਨ (ਸੀਏਬੀਆਈ) ਤੋਂ ਸਹਾਇਤਾ ਅਤੇ ਵਿੱਤੀ ਮਦਦ ਮਿਲ ਜਾਂਦੀ ਹੈ।
ਆਸਟ੍ਰੇਲੀਆ ਤੋਂ ਫੋਨ 'ਤੇ ਗੱਲ ਕਰਦੇ ਹੋਏ, ਨਿਤੇਂਦਰ ਸਿੰਘ ਪੁੱਛਦੇ ਹਨ, "ਹੋਣਾ ਤਾਂ ਇਹ ਚਾਹੀਦਾ ਹੈ ਕਿ ਡਿਸਏਬਲਡਡ ਕ੍ਰਿਕਟ ਬੋਰਡ, ਨੇਤਰਹੀਣ ਖਿਡਾਰੀਆਂ ਦੀ ਐਸੋਸੀਏਸ਼ਨ ਅਤੇ ਬੀਸੀਸੀਆਈ ਨੂੰ ਮਿਲ ਕੇ ਇੱਕ ਢਾਂਚਾ ਬਣਾਉਣ ਜੋ ਇਸ ਖੇਡ ਵਿੱਚ ਮਦਦਗਾਰ ਹੋਵੇ।"
"ਖਿਡਾਰੀ ਆਉਂਦੇ ਹਨ, ਖੇਡਦੇ ਹਨ ਅਤੇ ਜਿੱਤਦੇ ਹਨ। ਪਰ, ਉਨ੍ਹਾਂ ਦੀ ਖੇਡ ਦੇਖਣ ਤੱਕ ਕੋਈ ਨਹੀਂ ਆਉਂਦਾ। ਅਜਿਹੇ 'ਚ ਕੋਈ ਕਿਵੇਂ ਸਮਝੇਗਾ ਕਿ ਉਹ ਵੀ ਖੇਡ ਸਕਦੇ ਹਨ ਅਤੇ ਸ਼ਾਨਦਾਰ ਪ੍ਰਦਰਸ਼ਨ ਵੀ ਕਰ ਸਕਦੇ ਹਨ ਹੈ?"
ਅੱਜ ਦੇ ਦੌਰ ਵਿੱਚ ਜਦੋਂ ਆਮ ਖਿਡਾਰੀਆਂ ਨੂੰ ਲੀਗ ਖੇਡਣ ਦੇ ਕਰੋੜਾਂ ਰੁਪਏ ਮਿਲ ਰਹੇ ਹਨ। ਇਸ਼ਤਿਹਾਰ ਦੇਣ ਵਾਲੇ ਮੈਚਾਂ ਦੌਰਾਨ ਆਪਣੇ ਇਸ਼ਤਿਹਾਰ ਦਿਖਾਉਣ ਲਈ ਵੱਡੀ ਰਕਮ ਖਰਚ ਕਰ ਰਹੇ ਹਨ ਅਤੇ ਲੋਕ ਉਨ੍ਹਾਂ ਨੂੰ ਖੇਡਦੇ ਦੇਖਣ ਲਈ ਟਿਕਟਾਂ ਖਰੀਦ ਰਹੇ ਹਨ।
ਦੂਜੇ ਪਾਸੇ ਇਹ ਗੁੰਮਨਾਮ ਕ੍ਰਿਕਟ ਟੀਮ ਅਜਿਹੀ ਮਾਨਤਾ ਮਿਲਣ ਦੀ ਉਮੀਦ ਤੋਂ ਬਿਨਾਂ ਹੀ ਸਿਖਲਾਈ ਲੈ ਰਹੀ ਹੈ।
ਆਪਣੇ ਜ਼ਬਰਦਸਤ ਜਜ਼ਬੇ ਨਾਲ, ਉਹ ਇਹ ਅਭਿਆਸ ਆਪਣੇ ਲਈ ਕਰ ਰਹੀਆਂ ਹਨ ਤਾਂ ਜੋ ਉਹ ਸਮਾਜ ਵਿੱਚ ਆਪਣੇ ਲਈ ਇੱਕ ਮੁਕਾਮ ਹਾਸਲ ਕਰ ਸਕਣ ਅਤੇ ਉਨ੍ਹਾਂ ਔਰਤਾਂ ਨੂੰ ਵੀ ਉਤਸ਼ਾਹਿਤ ਕਰ ਸਕਣ, ਜੋ ਸੰਗਲਾਂ ਤੋੜਨ ਲਈ ਹੁਣ ਤੱਕ ਹਿੰਮਤ ਅਤੇ ਸਹਾਰਾ ਇਕੱਠਾ ਨਹੀਂ ਕਰ ਸਕੀਆਂ।
(BBCShe ਸੀਰੀਜ਼ ਨਿਰਮਾਤਾ: ਦਿਵਿਆ ਆਰੀਆ, ਬੀਬੀਸੀ)
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)