ਭਾਰਤ-ਪਾਕ ਤਣਾਅ ਦੌਰਾਨ ਭਾਰਤੀ ਲੜਾਕੂ ਜਹਾਜ਼ ਡਿੱਗਣ ਬਾਰੇ ਸੀਡੀਐੱਸ ਜਨਰਲ ਚੌਹਾਨ ਨੇ ਦਿੱਤਾ ਇਹ ਜਵਾਬ

ਤਸਵੀਰ ਸਰੋਤ, Getty Images
ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਮਈ ਮਹੀਨੇ ਪਾਕਿਸਤਾਨ ਨਾਲ ਫ਼ੌਜੀ ਟਕਰਾਅ ਦੌਰਾਨ ਭਾਰਤ ਦੇ ਲੜਾਕੂ ਜਹਾਜ਼ਾਂ ਨੂੰ ਡੇਗਣ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ।
ਸੀਡੀਐੱਸ ਜਨਰਲ ਚੌਹਾਨ ਨੇ ਸ਼ਨੀਵਾਰ ਨੂੰ ਬਲੂਮਬਰਗ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ 'ਇਹ ਅਹਿਮ ਨਹੀਂ ਹੈ ਕਿ ਜਹਾਜ਼ ਨੂੰ ਸੁੱਟਿਆ ਗਿਆ, ਜ਼ਰੂਰੀ ਇਹ ਗੱਲ ਹੈ ਕਿ ਅਜਿਹਾ ਕਿਉਂ ਹੋਇਆ।'
ਹਾਲਾਂਕਿ, ਉਨ੍ਹਾਂ ਨੇ ਛੇ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਪਾਕਿਸਤਾਨ ਦੇ ਦਾਅਵੇ ਨੂੰ ਮੁਕੰਮਲ ਤੌਰ 'ਤੇ ਖਾਰਜ ਕਰ ਦਿੱਤਾ।
ਸੀਡੀਐੱਸ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਜ਼ਰੂਰੀ ਗੱਲ ਇਹ ਨਹੀਂ ਹੈ ਕਿ ਜੈੱਟ ਡੇਗੇ ਗਏ ਸਨ, ਸਗੋਂ ਇਹ ਹੈ ਕਿ ਉਨ੍ਹਾਂ ਨੂੰ ਕਿਉਂ ਡੇਗਿਆ ਗਿਆ ਸੀ।"
ਪਰ ਸੀਡੀਐੱਸ ਨੇ ਜਹਾਜ਼ਾਂ ਦੀ ਗਿਣਤੀ ਸਬੰਧੀ ਕੋਈ ਜਵਾਬ ਨਹੀਂ ਦਿੱਤਾ।
ਸੀਡੀਐੱਸ ਅਨਿਲ ਚੌਹਾਨ ਸ਼ਾਂਗਰੀ-ਲਾ ਡਾਇਲਾਗ ਵਿੱਚ ਹਿੱਸਾ ਲੈਣ ਲਈ ਸਿੰਗਾਪੁਰ ਵਿੱਚ ਹਨ ਅਤੇ ਇੱਥੇ ਹੀ ਉਨ੍ਹਾਂ ਨੇ ਬਲੂਮਬਰਗ ਨੂੰ ਇਹ ਇੰਟਰਵਿਊ ਦਿੱਤਾ ਹੈ।
ਇਸ ਤੋਂ ਪਹਿਲਾਂ ਇਸੇ ਮਹੀਨੇ ਦੇ ਸ਼ੁਰੂ ਵਿੱਚ, ਤਿੰਨਾਂ ਫ਼ੌਜਾਂ ਦੇ ਨੁਮਾਇੰਦਿਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ ਵਿੱਚ ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ ਸੀ, "ਅਸੀਂ ਜੰਗ ਦੀ ਸਥਿਤੀ ਵਿੱਚ ਹਾਂ ਅਤੇ ਨੁਕਸਾਨ ਇਸਦਾ ਇੱਕ ਹਿੱਸਾ ਹਨ।"
ਪਾਕਿਸਤਾਨ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਸਨੇ ਟਕਰਾਅ ਦੌਰਾਨ ਇੱਕ ਤੋਂ ਵੱਧ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਿਆ ਹੈ ਪਰ ਭਾਰਤ ਇਸ ਦਾਅਵੇ ਨੂੰ ਖਾਰਜ ਕਰਦਾ ਰਿਹਾ ਹੈ।
ਜਨਰਲ ਅਨਿਲ ਚੌਹਾਨ ਨੇ ਹੋਰ ਕੀ ਕਿਹਾ?

ਤਸਵੀਰ ਸਰੋਤ, ANI
ਸੀਡੀਐੱਸ ਅਨਿਲ ਚੌਹਾਨ ਤੋਂ ਪੁੱਛਿਆ ਗਿਆ ਕਿ ਕੀ ਇਸ ਮਹੀਨੇ ਪਾਕਿਸਤਾਨ ਨਾਲ ਚਾਰ ਦਿਨਾਂ ਦੇ ਫ਼ੌਜੀ ਟਕਰਾਅ ਵਿੱਚ ਕੋਈ ਭਾਰਤੀ ਲੜਾਕੂ ਜਹਾਜ਼ ਡੇਗਿਆ ਗਿਆ ਸੀ।
ਬਲੂਮਬਰਗ ਟੀਵੀ ਨੇ ਇਸ ਇੰਟਰਵਿਊ ਦਾ ਇੱਕ ਮਿੰਟ ਅਤੇ ਪੰਜ ਸਕਿੰਟ ਦਾ ਹਿੱਸਾ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਕੀਤਾ ਹੈ।
ਇਸ ਵੀਡੀਓ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਬਲੂਮਬਰਗ ਟੀਵੀ ਦੇ ਪੱਤਰਕਾਰ ਨੇ ਜਨਰਲ ਅਨਿਲ ਚੌਹਾਨ ਨੂੰ ਪੁੱਛਿਆ ਕਿ ਪਾਕਿਸਤਾਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਭਾਰਤੀ ਹਵਾਈ ਫੌਜ ਦੇ ਇੱਕ ਤੋਂ ਵੱਧ ਜਹਾਜ਼ਾਂ ਨੂੰ ਡੇਗ ਦਿੱਤਾ ਹੈ, ਕੀ ਉਹ ਇਸਦੀ ਪੁਸ਼ਟੀ ਕਰ ਸਕਦੇ ਹਨ?
ਇਸ ਦਾ ਜਵਾਬ ਦਿੰਦੇ ਹੋਏ ਜਨਰਲ ਅਨਿਲ ਚੌਹਾਨ ਨੇ ਕਿਹਾ, "ਇਹ ਅਹਿਮ ਨਹੀਂ ਹੈ ਕਿ ਜੈੱਟ ਨੂੰ ਡੇਗਿਆ ਗਿਆ ਸੀ, ਮਹੱਤਵਪੂਰਨ ਇਹ ਹੈ ਕਿ ਅਜਿਹਾ ਕਿਉਂ ਹੋਇਆ।"
ਇਸ 'ਤੇ ਪੱਤਰਕਾਰ ਨੇ ਉਨ੍ਹਾਂ ਨੂੰ ਇੱਕ ਵਾਰ ਫ਼ਿਰ ਪੁੱਛਿਆ, "ਘੱਟੋ-ਘੱਟ ਇੱਕ ਜੈੱਟ ਤਾਂ ਡੇਗਿਆ ਗਿਆ ਸੀ, ਕੀ ਇਹ ਸਹੀ ਹੈ?"
ਇਸ 'ਤੇ ਜਨਰਲ ਅਨਿਲ ਚੌਹਾਨ ਨੇ ਕਿਹਾ, "ਚੰਗੀ ਗੱਲ ਇਹ ਹੈ ਕਿ ਅਸੀਂ ਆਪਣੀਆਂ ਰਣਨੀਤਕ ਗਲਤੀਆਂ ਨੂੰ ਪਛਾਣਨ ਦੇ ਯੋਗ ਸੀ, ਅਸੀਂ ਉਨ੍ਹਾਂ ਨੂੰ ਸੁਧਾਰਿਆ ਅਤੇ ਫਿਰ ਦੋ ਦਿਨਾਂ ਬਾਅਦ ਉਨ੍ਹਾਂ ਨੂੰ ਲਾਗੂ ਕੀਤਾ। ਇਸ ਤੋਂ ਬਾਅਦ ਅਸੀਂ ਆਪਣੇ ਸਾਰੇ ਜੈੱਟ ਉਡਾਏ ਅਤੇ ਲੰਬੀ ਦੂਰੀ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।"
ਪੱਤਰਕਾਰ ਨੇ ਇੱਕ ਵਾਰ ਫਿਰ ਕਿਹਾ, "ਪਾਕਿਸਤਾਨ ਦਾਅਵਾ ਕਰਦਾ ਹੈ ਕਿ ਉਹ ਛੇ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਣ ਵਿੱਚ ਸਫ਼ਲ ਰਿਹਾ। ਕੀ ਉਸਦਾ ਮੁਲਾਂਕਣ ਸਹੀ ਹੈ?"
ਇਸ ਦੇ ਜਵਾਬ ਵਿੱਚ, ਜਨਰਲ ਅਨਿਲ ਚੌਹਾਨ ਨੇ ਕਿਹਾ, "ਇਹ ਬਿਲਕੁਲ ਗ਼ਲਤ ਹੈ। ਪਰ ਜਿਵੇਂ ਕਿ ਮੈਂ ਕਿਹਾ, ਇਹ ਜਾਣਕਾਰੀ ਬਿਲਕੁਲ ਵੀ ਮਹੱਤਵਪੂਰਨ ਨਹੀਂ ਹੈ। ਅਹਿਮ ਇਹ ਹੈ ਕਿ ਜੈੱਟ ਕਿਉਂ ਡਿੱਗੇ ਅਤੇ ਅਸੀਂ ਉਸ ਤੋਂ ਬਾਅਦ ਕੀ ਕੀਤਾ। ਇਹ ਸਾਡੇ ਲਈ ਵੱਧ ਜ਼ਰੂਰੀ ਹੈ।"
ਇਸ ਤੋਂ ਪਹਿਲਾਂ ਫ਼ੌਜ ਨੇ ਕੀ ਕਿਹਾ ਸੀ?

ਤਸਵੀਰ ਸਰੋਤ, Getty Images
7 ਮਈ ਨੂੰ, ਪਾਕਿਸਤਾਨੀ ਫ਼ੌਜ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਸਨੇ ਭਾਰਤੀ ਹਮਲੇ ਦੇ ਬਦਲੇ ਵਿੱਚ ਪੰਜ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਹੈ।
ਬਾਅਦ ਵਿੱਚ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਹਵਾਈ ਫ਼ੌਜ ਨੇ ਛੇ ਭਾਰਤੀ ਜਹਾਜ਼ਾਂ ਨੂੰ ਡੇਗ ਦਿੱਤਾ ਹੈ, ਜਿਨ੍ਹਾਂ ਵਿੱਚ ਕੁਝ ਫਰਾਂਸ ਦੇ ਬਣੇ ਰਾਫੇਲ ਜਹਾਜ਼ ਵੀ ਸ਼ਾਮਲ ਹਨ।
ਪਾਕਿਸਤਾਨੀ ਫ਼ੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਖ਼ਬਰ ਏਜੰਸੀ ਰਾਇਟਰਜ਼ ਵੱਲੋਂ ਸਾਂਝੇ ਕੀਤੇ ਗਏ ਇੱਕ ਵੀਡੀਓ ਵਿੱਚ ਕਿਹਾ, "ਹੁਣ ਤੱਕ, ਮੈਂ ਤੁਹਾਨੂੰ ਪੁਸ਼ਟੀ ਕਰ ਸਕਦਾ ਹਾਂ ਕਿ ਪੰਜ ਭਾਰਤੀ ਜਹਾਜ਼, ਜਿਨ੍ਹਾਂ ਵਿੱਚ ਤਿੰਨ ਰਾਫੇਲ, ਇੱਕ ਐੱਸਯੂ-30 ਅਤੇ ਇੱਕ ਐੱਮਆਈਜੀ-29 ਸ਼ਾਮਲ ਹਨ ਅਤੇ ਇੱਕ ਹੇਰੋਨ ਡਰੋਨ ਨੂੰ ਡੇਗ ਦਿੱਤਾ ਗਿਆ ਹੈ ।"
ਇਸ ਦਾਅਵੇ 'ਤੇ ਭਾਰਤ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ, ਹਾਲਾਂਕਿ 11 ਮਈ ਨੂੰ, ਪਾਕਿਸਤਾਨ ਨਾਲ ਟਕਰਾਅ ਦੇ ਸੰਬੰਧ ਵਿੱਚ, ਤਿੰਨਾਂ ਫ਼ੌਜਾਂ ਦੇ ਉੱਚ ਅਧਿਕਾਰੀਆਂ, ਡੀਜੀਐੱਮਓ ਲੈਫਟੀਨੈਂਟ ਜਨਰਲ ਰਾਜੀਵ ਘਈ, ਡੀਜੀਏਓ (ਏਅਰ ਆਪ੍ਰੇਸ਼ਨ) ਹਵਾਈ ਫ਼ੌਜ ਤੋਂ ਏਅਰ ਮਾਰਸ਼ਲ ਏਕੇ ਭਾਰਤੀ ਅਤੇ ਡੀਜੀਐਨੱਓ (ਨੇਵਲ ਆਪ੍ਰੇਸ਼ਨ) ਵਾਈਸ ਐਡਮਿਰਲ ਏਐੱਨ ਪ੍ਰਮੋਦ ਅਤੇ ਨੇਵੀ ਤੋਂ ਮੇਜਰ ਜਨਰਲ ਐੱਸਐੱਸ ਸ਼ਾਰਦਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ 'ਆਪ੍ਰੇਸ਼ਨ ਸਿੰਦੂਰ' ਬਾਰੇ ਜਾਣਕਾਰੀ ਦਿੱਤੀ ਸੀ।
ਇਸ ਦੌਰਾਨ, ਰਾਫ਼ੇਲ ਨੂੰ ਡੇਗਣ ਦੇ ਪਾਕਿਸਤਾਨ ਦੇ ਦਾਅਵੇ ਨਾਲ ਸਬੰਧਤ ਇੱਕ ਸਵਾਲ 'ਤੇ, ਏਅਰ ਮਾਰਸ਼ਲ ਏ.ਕੇ. ਭਾਰਤੀ ਨੇ ਕਿਹਾ, "ਅਸੀਂ ਇੱਕ ਲੜਾਈ ਦੀ ਸਥਿਤੀ ਵਿੱਚ ਹਾਂ ਅਤੇ ਨੁਕਸਾਨ ਇਸਦਾ ਇੱਕ ਹਿੱਸਾ ਹੈ। ਤੁਹਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਅਸੀਂ ਆਪਣਾ ਮਕਸਦ ਹਾਸਿਲ ਕਰ ਲਿਆ ਹੈ?"
"ਕੀ ਅਸੀਂ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਦੇ ਆਪਣੇ ਉਦੇਸ਼ ਨੂੰ ਪ੍ਰਾਪਤ ਕਰ ਲਿਆ ਹੈ? ਅਤੇ ਜਵਾਬ ਹਾਂ ਹੈ।"
ਉਨ੍ਹਾਂ ਨੇ ਕਿਹਾ ਸੀ, "ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਅਸੀਂ ਆਪਣੇ ਨਿਰਧਾਰਤ ਮਕਸਦ ਮੁਕੰਮਲ ਕਰ ਲਏ ਹਨ ਅਤੇ ਸਾਡੇ ਸਾਰੇ ਪਾਇਲਟ ਘਰ ਵਾਪਸ ਆ ਗਏ ਹਨ।"
ਭਾਰਤ ਵਿੱਚ ਵੀ ਵਿਰੋਧੀ ਧਿਰ ਨੇ ਸਵਾਲ ਚੁੱਕੇ

ਤਸਵੀਰ ਸਰੋਤ, Getty Images
ਵਿਰੋਧੀ ਪਾਰਟੀ ਕਾਂਗਰਸ ਨੇ ਵੀ ਕੇਂਦਰ ਸਰਕਾਰ ਤੋਂ ਪਾਕਿਸਤਾਨ ਨਾਲ ਫ਼ੌਜੀ ਟਕਰਾਅ ਵਿੱਚ ਲੜਾਕੂ ਜਹਾਜ਼ਾਂ ਨੂੰ ਹੋਏ ਨੁਕਸਾਨ ਬਾਰੇ ਸਵਾਲ ਚੁੱਕੇ ਸਨ।
ਕਾਂਗਰਸ ਦਾ ਕਹਿਣਾ ਹੈ ਕਿ ਸਰਕਾਰ ਨੂੰ ਭਾਰਤ-ਪਾਕਿਸਤਾਨ ਟਕਰਾਅ ਦੀ ਸਮੀਖਿਆ ਲਈ ਇੱਕ ਸਮੀਖਿਆ ਕਮੇਟੀ ਬਣਾਉਣੀ ਚਾਹੀਦੀ ਹੈ, ਜੋ ਪੂਰੇ ਮਾਮਲੇ 'ਤੇ ਇੱਕ ਵਿਸਥਾਰ ਵਿੱਚ ਰਿਪੋਰਟ ਪੇਸ਼ ਕਰੇ।
17 ਮਈ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਪੁੱਛਿਆ ਸੀ ਕਿ ਭਾਰਤ ਨੇ ਕਿੰਨੇ ਜਹਾਜ਼ ਗੁਆਏ ਹਨ?
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲਾ ਹੋਇਆ ਸੀ ਜਿਸ ਵਿੱਚ 26 ਲੋਕ ਮਾਰੇ ਗਏ ਸਨ। ਭਾਰਤ ਨੇ ਇਸ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ। ਭਾਰਤ ਦੇ ਇਨ੍ਹਾਂ ਇਲਜ਼ਾਮਾਂ ਨੂੰ ਪਾਕਿਸਤਾਨ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।
ਇਸ ਹਮਲੇ ਦੇ ਜਵਾਬ ਵਿੱਚ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕੁੱਲ ਨੌਂ ਥਾਵਾਂ 'ਤੇ ਹਮਲਾ ਕੀਤਾ। ਫ਼ੌਜ ਨੇ ਇਹ ਜਾਣਕਾਰੀ 7 ਮਈ ਦੀ ਸ਼ਾਮ ਨੂੰ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਦਿੱਤੀ ਸੀ।
ਭਾਰਤੀ ਫ਼ੌਜ ਦੀ ਕਰਨਲ ਸੋਫ਼ੀਆ ਕੁਰੈਸ਼ੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ 6-7 ਮਈ 2025 ਦੀ ਰਾਤ ਨੂੰ 1:05 ਵਜੇ ਤੋਂ 1:30 ਵਜੇ ਦੇ ਵਿਚਕਾਰ 'ਆਪ੍ਰੇਸ਼ਨ ਸਿੰਦੂਰ' ਚਲਾਇਆ, ਜਿਸ ਵਿੱਚ ਨੌਂ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ।
ਵਿਰੋਧੀ ਧਿਰ ਦੀ ਮੰਗ

ਤਸਵੀਰ ਸਰੋਤ, Getty Images
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਬਲੂਮਬਰਗ ਟੀਵੀ ਨੂੰ ਦਿੱਤਾ ਸੀਡੀਐੱਸ ਜਨਰਲ ਅਨਿਲ ਚੌਹਾਨ ਦਾ ਇਹ ਵੀਡੀਓ ਇੰਟਰਵਿਊ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝਾ ਕੀਤਾ ਹੈ।
ਉਨ੍ਹਾਂ ਇਹ ਵੀ ਲਿਖਿਆ ਕਿ 29 ਜੁਲਾਈ 1999 ਨੂੰ, ਤਤਕਾਲੀ ਵਾਜਪਾਈ ਸਰਕਾਰ ਨੇ ਮੌਜੂਦਾ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਪਿਤਾ ਅਤੇ ਰਣਨੀਤਕ ਮਾਮਲਿਆਂ ਦੇ ਮਾਹਰ ਕੇ. ਸੁਬਰਾਮਣੀਅਮ ਦੀ ਪ੍ਰਧਾਨਗੀ ਹੇਠ ਕਾਰਗਿਲ ਸਮੀਖਿਆ ਕਮੇਟੀ ਦਾ ਗਠਨ ਕੀਤਾ ਸੀ।
ਉਨ੍ਹਾਂ ਲਿਖਿਆ, "ਇਹ ਕਮੇਟੀ ਕਾਰਗਿਲ ਜੰਗ ਖ਼ਤਮ ਹੋਣ ਤੋਂ ਤਿੰਨ ਦਿਨ ਬਾਅਦ ਬਣਾਈ ਗਈ ਸੀ ਅਤੇ ਇਸ ਨੇ ਪੰਜ ਮਹੀਨਿਆਂ ਵਿੱਚ ਆਪਣੀ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ ਸੀ। ਜ਼ਰੂਰੀ ਸੋਧਾਂ ਤੋਂ ਬਾਅਦ, ਇਹ ਰਿਪੋਰਟ 'ਫ਼ਾਰਮ ਸਰਪ੍ਰਾਈਜ਼ ਟੂ ਰੇਕਨਿੰਗ' ਸੰਸਦ ਦੇ ਦੋਵਾਂ ਸਦਨਾਂ ਵਿੱਚ ਪੇਸ਼ ਕੀਤੀ ਗਈ।"
ਇਸ ਤੋਂ ਬਾਅਦ ਉਨ੍ਹਾਂ ਪੁੱਛਿਆ ਕਿ ਕੀ ਸਿੰਗਾਪੁਰ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਮੋਦੀ ਸਰਕਾਰ ਹੁਣ ਅਜਿਹਾ ਕੋਈ ਕਦਮ ਚੁੱਕੇਗੀ?
ਇਸ ਦੌਰਾਨ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਗੁੰਮਰਾਹ ਕੀਤਾ ਸੀ, ਪਰ ਹੁਣ ਧੁੰਦ ਸਾਫ਼ ਹੋ ਰਹੀ ਹੈ। ਉਨ੍ਹਾਂ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਵੀ ਮੰਗ ਕੀਤੀ ਹੈ।
ਕਾਂਗਰਸ ਪ੍ਰਧਾਨ ਨੇ ਇਹ ਵੀ ਲਿਖਿਆ ਕਿ ਕਾਂਗਰਸ ਮੰਗ ਕਰਦੀ ਹੈ ਕਿ ਕਾਰਗਿਲ ਸਮੀਖਿਆ ਕਮੇਟੀ ਦੀ ਤਰਜ 'ਤੇ, ਇੱਕ ਸੁਤੰਤਰ ਮਾਹਰ ਕਮੇਟੀ ਦੇਸ਼ ਦੀਆਂ ਰੱਖਿਆ ਤਿਆਰੀਆਂ ਦੀ ਸਮੀਖਿਆ ਕਰੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












