ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ: ਮੁਲਜ਼ਮਾਂ ਨੂੰ ਭੀੜ ਵੱਲੋਂ ਮੌਕੇ ’ਤੇ ਮਾਰੇ ਜਾਣ ਦੇ ਮਾਮਲੇ ਕਿਉਂ ਵੱਧ ਰਹੇ ਹਨ

ਤਸਵੀਰ ਸਰੋਤ, Getty Images
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ 'ਚ ਇੱਕ ਮਹਿਲਾ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਨਿਰਮਲਜੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਨੂੰਨੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸ ਮਹਿਲਾ ’ਤੇ ਗੁਰਦੁਆਰਾ ਸਾਹਿਬ ਅੰਦਰ ਸਰੋਵਰ ਨੇੜੇ ਸ਼ਰਾਬ ਪੀਣ ਦਾ ਇਲਜ਼ਾਮ ਸੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ, “ਗੁਰਦੁਆਰਾ ਸਾਹਿਬਾਨ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਠੇਸ ਪਹੁੰਚਾਉਣਾ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ। ਇਸੇ ਤਹਿਤ ਹੀ ਜਜ਼ਬਾਤਾਂ ਦੇ ਵੇਗ ਵਿੱਚ ਨਿਰਮਲਜੀਤ ਸਿੰਘ ਕੋਲੋਂ ਕਾਰਵਾਈ ਹੋਈ ਹੈ। ਸ਼੍ਰੋਮਣੀ ਕਮੇਟੀ ਨਿਰਮਲਜੀਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਕਾਨੂੰਨੀ ਮਦਦ ਲਈ ਵਚਨਬੱਧ ਹੈ।”
ਪੰਜਾਬ ਵਿੱਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਬੇਅਦਬੀ ਦੀਆਂ ਤਿੰਨ ਘਟਨਾਵਾਂ ਵਾਪਰ ਚੁੱਕੀਆਂ ਹਨ।
ਇਹਨਾਂ ਵਿੱਚੋਂ ਦੋ ਘਟਨਾਵਾਂ ਦੇ ਮੁਲਜ਼ਮਾਂ ਦੀ ਮੌਤ ਹੋ ਗਈ ਹੈ ਜਿੰਨ੍ਹਾਂ ਵਿੱਚ ਇੱਕ ਔਰਤ ਸੀ ਜਿਸ ਨੂੰ ਇੱਕ ਸ਼ਰਧਾਲੂ ਨੇ ਕਥਿਤ ਤੌਰ ’ਤੇ ਗੋਲੀ ਮਾਰੀ ਸੀ।
ਅੱਜ ਕੱਲ੍ਹ ਕਈ ਮਾਮਲਿਆਂ ਵਿੱਚ ਮੌਕੇ ’ਤੇ ਹੀ ਭੀੜ ਮੁਲਜ਼ਮ ਨੂੰ ਕਤਲ ਕਰ ਦਿੰਦੀ ਹੈ। ਹਾਲਾਂਕਿ, ਲੋਕਾਂ ਵੱਲੋਂ ਕੀਤੀ ਗਈ ਅਜਿਹੀ ਕਾਰਵਾਈ ਕਈ ਸਵਾਲ ਖੜੇ ਕਰਦੀ ਹੈ।

ਬੇਅਦਬੀ ਦੀਆਂ ਘਟਨਾਵਾਂ ਕਾਰਨ ਹਾਲਾਤ ਚਿੰਤਾਜਨਕ ਕਿਉਂ?
ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਾਲ 2015 ਤੋਂ ਸਿਆਸੀ ਮੁੱਦਾ ਬਣੀਆਂ ਹੋਈਆਂ ਹਨ।
ਜਦੋਂ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਜ਼ਿਆਦਾਤਰ ਮੁਲਜ਼ਮਾਂ ਦੇ ਦਿਮਾਗੀ ਤੌਰ ’ਤੇ ਬਿਮਾਰ ਹੋਣ ਦਾ ਹਵਾਲਾ ਦਿੱਤਾ ਜਾਂਦਾ ਹੈ।
ਮੌਜੂਦਾ ਸਮੇਂ ਵਿੱਚ ਜਦੋਂ ਕੋਈ ਬੇਅਦਬੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਕਾਨੂੰਨ ਵਿਵਸਥਾ ਵਿਗੜਨ ਦੇ ਹਾਲਾਤ ਬਣ ਜਾਂਦੇ ਹਨ।
ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਜ਼ਿੰਦਾ ਦੇਹ ਮੰਨਦੇ ਹਨ।
ਪਿਛਲੇ ਸਮੇਂ ਵਿੱਚ ਵਾਪਰੀਆਂ ਘਟਨਾਵਾਂ ਦੇ ਸੰਦਰਭ ਵਿੱਚ ਬੇਅਦਬੀ ਦਾ ਮਤਲਬ ਹੈ ਕਿ ਜਦੋਂ ਕੋਈ ਧਾਰਮਿਕ ਗ੍ਰੰਥ ਨੂੰ ਨੁਕਸਾਨ ਪਹੁੰਚਾਉਂਦਾ ਹੈ, ਗ੍ਰੰਥ ਨੂੰ ਪਾੜਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਕੋਲ ਬੂਟ ਲੈ ਕੇ ਜਾਂਦਾ ਹੈ, ਤਾਂ ਇਸ ਨੂੰ ਬੇਅਦਬੀ ਮੰਨਿਆ ਜਾਂਦਾ ਹੈ।

ਅਕਤੂਬਰ 2015 ਵਿੱਚ ਫਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਹੋਈ ਸੀ।
2015 ਦੌਰਾਨ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਉੱਤੇ ਪੁਲਿਸ ਦੀ ਗੋਲੀਬਾਰੀ ਨਾਲ ਦੋ ਮੌਤਾਂ ਹੋਈਆਂ ਅਤੇ ਕਈ ਲੋਕ ਜ਼ਖ਼ਮੀ ਹੋਏ ਸਨ।
ਇਸ ਤੋਂ ਬਾਅਦ ਸੂਬੇ ਵਿੱਚ ਬੇਅਦਬੀ ਦੇ ਕਾਫ਼ੀ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ।
ਬੇਅਦਬੀ ਦੇ ਇਹਨਾਂ ਕੇਸਾਂ ਵਿੱਚੋਂ ਮੋਗਾ ਜ਼ਿਲ੍ਹੇ ਦੇ ਪਿੰਡ ਮਲਕੇ ਵਿੱਚ ਹੋਈ ਇੱਕ ਘਟਨਾ ਦੇ ਦੋਸ਼ੀਆਂ ਨੂੰ ਸਾਲ 2022 ਵਿੱਚ ਤਿੰਨ ਸਾਲ ਦੀ ਜੇਲ੍ਹ ਹੋਈ ਸੀ। ਇਹ ਦੋਸ਼ੀ ਡੇਰਾ ਸੱਚਾ ਸੌਦਾ ਸਰਸਾ ਨਾਲ ਸਬੰਧਤ ਸਨ।
ਇਸ ਤੋਂ ਇਲਾਵਾ ਬਾਕੀ ਸਾਰੇ ਕੇਸ ਅਦਾਲਤ ਵਿੱਚ ਚੱਲ ਰਹੇ ਹਨ।

ਤਸਵੀਰ ਸਰੋਤ, PARDEEP PANDIT/BBC
ਮੁਲਜ਼ਮਾਂ ਦੇ ਮੌਕੇ ’ਤੇ ਕਤਲ ਕਿਉਂ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਬੀਸੀ ਨਾਲ ਫੌਨ ’ਤੇ ਗੱਲਬਾਤ ਦੌਰਾਨ ਕਿਹਾ, “ਇਹਨਾਂ ਘਟਨਾਵਾਂ ਪਿੱਛੇ ਇੱਕ ਲੜੀ ਹੈ ਜੋ ਮੁੱਕਦੀ ਨਹੀਂ। ਕੁੱਝ ਲੋਕ ਕਹਿੰਦੇ ਹਨ ਕਿ ਵੱਢ-ਟੁੱਕ ਹੋਣ ਨਾਲ ਸਬੂਤ ਮਿੱਟ ਜਾਂਦੇ ਹਨ। ਪਰ ਕੇਸਗੜ੍ਹ ਸਾਹਿਬ ਵਿੱਚ ਬੇਅਦਬੀ ਦੇ ਮਾਮਲੇ ਦਾ ਮੁਲਜ਼ਮ ਜੇਲ੍ਹ ਵਿੱਚ ਸੀ ਅਤੇ ਉਹ ਜ਼ਮਾਨਤ ’ਤੇ ਬਾਹਰ ਆ ਗਿਆ ਸੀ।”
“ਇੱਕ ਵਾਰ ਦਰਬਾਰ ਸਾਹਿਬ (ਅੰਮ੍ਰਿਤਸਰ) ਵਿੱਚ ਗੁਟਕਾ ਸਰੋਵਰ ’ਚ ਸੁੱਟਣ ਦੀ ਘਟਨਾ ਹੋਈ ਸੀ। ਇਸ ਕੇਸ ਦਾ ਦੋਸ਼ੀ ਵੀ ਜ਼ਮਾਨਤ ’ਤੇ ਹੈ। ਰਾਜਪੁਰਾ ਵਿੱਚ ਹੋਈ ਬੇਅਦਬੀ ਦੀ ਘਟਨਾ ਦੇ ਮੁਲਜ਼ਮ ਦਾ ਪਰਿਵਾਰ ਕਹਿੰਦਾ ਉਹ ਦਿਮਾਗੀ ਤੌਰ ’ਤੇ ਬਿਮਾਰ ਹੈ।”
ਇੱਕ ਕਥਿਤ ਮੁਲਜ਼ਮ ਨੂੰ ਮੌਕੇ ਉਪਰ ਹੀ ਮਾਰੇ ਜਾਣ ਦੇ ਸਵਾਲ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਹਿੰਦੇ ਹਨ, “ਜਦੋਂ ਕੋਈ ਬੰਦਾ ਅਜਿਹਾ ਕੰਮ ਕਰਦਾ ਹੈ ਤਾਂ ਭੀੜ ਜਾਂ ਸੰਗਤ ਦਾ ਰੋਅ ਝੱਲਿਆ ਨਹੀਂ ਜਾ ਸਕਦਾ।”

ਤਸਵੀਰ ਸਰੋਤ, Getty Images
ਹਰਜਿੰਦਰ ਸਿੰਘ ਧਾਮੀ ਕਹਿੰਦੇ ਹਨ, “ਸਰਕਾਰ ਵੱਲੋਂ ਇਹਨਾਂ ਮਾਮਲਿਆਂ ਉਪਰ ਡੂੰਘਾਈ ਨਾਲ ਵਿਚਾਰ ਕਰਨਾ ਤਾਂ ਦੂਰ ਦੀ ਗੱਲ ਹੈ, ਉਹ ਅਜਿਹੀਆਂ ਘਟਨਾਵਾਂ ਦੀ ਨਿੰਦਾ ਵੀ ਨਹੀਂ ਕਰਦੀ। ਇਹ ਬਹੁਤ ਦੁੱਖਦਾਈ ਹੈ ਕਿ ਬੇਅਦਬੀ ਦੀਆਂ ਲੜੀਆਂ ਹੀ ਸ਼ੁਰੂ ਹੋ ਗਈਆਂ ਹਨ।”
ਇੱਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਰਿੰਡਾ ਬੇਅਦਬੀ ਘਟਨਾਂ ਦੀ ਨਿੰਦਾ ਕੀਤੀ ਸੀ ਅਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ ਸੀ, “ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖ਼ਸ਼ਿਆ ਨਹੀਂ ਜਾਵੇਗਾ.. ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ...ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸਭ ਤੋਂ ਪਹਿਲਾਂ ਹੈ।”

ਤਸਵੀਰ ਸਰੋਤ, RAVINDER ROBIN/BBC
ਕੀ ਕਥਿਤ ਦੋਸ਼ੀ ਨੂੰ ਮੌਕੇ ’ਤੇ ਮਾਰਨਾ ਸਹੀ ਹੈ?
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, “ਅਸਲ ਵਿੱਚ ਇਹ ਪੂਰਾ ਮਾਮਲਾ ਦੇਖਣ ਵਾਲਾ ਹੈ। ਮਾਰਨਾ ਆਪਣੇ ਆਪ ਵਿੱਚ ਗਲਤ ਹੈ, ਇਸ ਨੂੰ ਕੋਈ ਵੀ ਜਾਇਜ਼ ਨਹੀਂ ਠਹਿਰਾਉਂਦਾ ਪਰ ਇਹ ਬਹੁਤ ਸੰਵੇਦਨਸ਼ੀਲ ਮੁੱਦਾ ਹੈ।”
ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਹਿਸਟੋਰੀਕਲ ਸਟੱਡੀਜ਼ ਵਿਭਾਗ ਦੇ ਸਾਬਕਾ ਮੁਖੀ ਅਤੇ ਸੇਵਾਮੁਕਤ ਪ੍ਰੋਫੈਸਰ ਸੁਖਦਿਆਲ ਸਿੰਘ ਮੁਤਾਬਕ, “ਇੱਕ ਪਾਗਲ ਜਿਹਾ ਬੰਦਾ ਗੁਰਦੁਆਰਾ ਸਾਹਿਬ ਅੰਦਰ ਆਉਦਾ ਹੈ, ਉਹ ਕੁੱਟ ਵੀ ਖਾ ਲੈਂਦਾ ਹੈ। ਇਸ ਦਾ ਅਰਥ ਹੈ ਕਿ ਕੋਈ ਉਸ ਨੂੰ ਲਾਲਚ ਦੇ ਕੇ ਭੇਜਦਾ ਹੋਵੇਗਾ। ਇਹਨਾਂ ਲੋਕਾਂ ਨੂੰ ਘਟਨਾ ਦੇ ਨਤੀਜਿਆਂ ਨਾਲ ਕੋਈ ਫਰਕ ਨਹੀਂ ਪੈਣਾ।”
ਸੁਖਦਿਆਲ ਸਿੰਘ ਕਹਿੰਦੇ ਹਨ, “ਮਾਰਨਾ ਤਾਂ ਗਲਤ ਹੈ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਸ ਤੋਂ ਪਤਾ ਕੀਤਾ ਜਾਵੇ ਕਿ ਉਸ ਦੇ ਪਿੱਛੇ ਕੌਣ ਹੈ?”
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿਦੇ ਹਨ, “ਮੋਰਿੰਡਾ ਕਾਂਡ ਵਾਲੇ ਮੁਲਜ਼ਮ ਦੀ ਮੌਤ ਬਾਰੇ ਸਰਕਾਰ ਦੱਸੇ। ਇਹ ਵੀ ਤਾਂ ਸਬੂਤ ਮਿਟਾਉਣ ਦਾ ਇੱਕ ਯਤਨ ਹੀ ਹੈ। ਉਹ ਤਾਂ ਜੇਲ੍ਹ ਵਿੱਚ ਮਰਿਆ ਹੈ।”

ਤਸਵੀਰ ਸਰੋਤ, Getty Images
ਮੁਲਜ਼ਮਾਂ ਦਾ ਮਾਨਸਿਕ ਰੋਗੀ ਹੋਣਾ ਕੀ ਇਸ਼ਾਰਾ ਕਰਦਾ ਹੈ?
ਜਗਤਾਰ ਸਿੰਘ ਕਹਿੰਦੇ ਹਨ, “ਸਵਾਲ ਹੈ ਕਿ ਦਿਮਾਗੀ ਪ੍ਰੇਸ਼ਾਨੀ ਵਾਲੇ ਲੋਕ ਗੁਰਦੁਆਰੇ ਵਿੱਚ ਹੀ ਕਿਉਂ ਵੜ ਜਾਂਦੇ ਹਨ। ਕੋਈ ਵੀ ਅਜਿਹਾ ਕੇਸ ਹਾਲੇ ਤੱਕ ਸਾਹਮਣੇ ਨਹੀਂ ਆਇਆ ਜਿੱਥੇ ਕੋਈ ਕਿਸੇ ਹੋਰ ਧਰਮ ਦੇ ਸਥਾਨ ਅੰਦਰ ਵੜ ਗਿਆ ਹੋਵੇ। ਇਸ ਤੋਂ ਇੱਕ ਪੈਟਰਨ ਲੱਗ ਰਿਹਾ।”
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿਦੇ ਹਨ, “ਰਾਜਪੁਰਾ ਵਿੱਚ ਹੋਈ ਬੇਅਦਬੀ ਦੇ ਮੁਲਜ਼ਮ ਦਾ ਪਰਿਵਾਰ ਕਹਿੰਦਾ ਉਹ ਦਿਮਾਗੀ ਤੌਰ ’ਤੇ ਬਿਮਾਰ ਹੈ।”
ਧਾਮੀ ਕਹਿੰਦੇ ਹਨ, “ਲੋਕਾਂ ਨੂੰ ਦਿਸ ਰਿਹਾ ਹੈ ਕਿ ਹਰ ਕੇਸ ਵਿੱਚ ਇੱਕੋ ਹੀ ਗੱਲ ਹੁੰਦੀ ਹੈ ਕਿ ਮੁਲਜ਼ਮ ਮਾਨਸਿਕ ਤੌਰ ’ਤੇ ਬਿਮਾਰ ਸੀ। ਇਹਨਾਂ ਘਟਨਾਵਾਂ ਵਿੱਚ ਜੋ ਫੜੇ ਗਏ, ਉਹਨਾਂ ਪਿੱਛੇ ਕੌਣ ਸਨ, ਇਸ ਦਾ ਵੀ ਹਾਲੇ ਤੱਕ ਪਤਾ ਨਹੀਂ ਲੱਗਾ।”

ਬੇਅਦਬੀ ਦੇ ਮੁਲਜ਼ਮਾਂ ਨੂੰ ਮਾਰਨ ਦੀਆਂ ਮੁੱਖ ਘਟਨਾਵਾਂ
- 14 ਮਈ, 2023 ਨੂੰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ 'ਚ ਇੱਕ ਮਹਿਲਾ ਨੂੰ ਸਰੋਵਰ ਨੇੜੇ ਕਥਿਤ ਤੌਰ ’ਤੇ ਸ਼ਰਾਬ ਪੀਣ ਦੇ ਇਲਜ਼ਾਮ ਅਧੀਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਫਿਲਹਾਲ, ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
- 15 ਅਕਤੂਬਰ 2021 ਨੂੰ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਬੈਠੇ ਕੁਝ ਨਿਹੰਗਾਂ ਨੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਲਖਬੀਰ ਸਿੰਘ ਨਾਮ ਦੇ ਵਿਅਕਤੀ ਦਾ ਕਥਿਤ ਤੌਰ ਉੱਤੇ ਕਤਲ ਕਰ ਦਿੱਤਾ ਸੀ।
- ਲਖਬੀਰ ਸਿੰਘ ਉੱਤੇ ਨਿਹੰਗਾਂ ਨੇ ਸਰਬਲੋਹ ਗ੍ਰੰਥ ਦੀ ਬੇਅਦਬੀ ਦਾ ਇਲ਼ਜ਼ਾਮ ਲਗਾਇਆ ਸੀ। ਉਸ ਦੀ ਲੱਤ ਤੇ ਬਾਂਹ ਵੱਢ ਕੇ ਬੈਰੀਕੇਡ ਨਾਲ ਟੰਗ ਦਿੱਤੇ ਗਏ, ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ।
- 18 ਦਸੰਬਰ 2021 ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਰਹਿਰਾਸ ਸਾਹਿਬ ਦੇ ਪਾਠ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਸ਼ਖਸ ਦੀ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ। ਬਾਅਦ ਵਿੱਚ ਪੁਲਿਸ ਨੇ ਮੁਲਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ ਸੀ।
- 19 ਦਸੰਬਰ 2021 ਨੂੰ ਕਪੂਰਥਲਾ ਜ਼ਿਲ੍ਹੇ ਵਿੱਚ ਕਥਿਤ ਬੇਅਦਬੀ ਮਾਮਲੇ ਵਿੱਚ ਅਣਪਛਾਤੇ ਨੌਜਵਾਨ ਨੂੰ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਹਾਲਾਂਕਿ, ਪੁਲਿਸ ਨੇ ਗੁਰਦੁਆਰਾ ਨਿਜ਼ਾਮਪੁਰ ਸਾਹਿਬ ਦੇ ਗ੍ਰੰਥੀ ਅਮਰਜੀਤ ਸਿੰਘ ਨੂੰ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
- ਉਸ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਪੁਲਿਸ ਨੇ ਕਪੂਰਥਲਾ ਵਾਲਾ ਮਸਲਾ ਹੱਲ ਕਰ ਲਿਆ ਹੈ ਤੇ ਉਹ ਮਸਲਾ ਬੇਅਦਬੀ ਦਾ ਨਹੀਂ ਸੀ। ਚਰਨਜੀਤ ਚੰਨੀ ਨੇ ਕਿਹਾ ਸੀ ਕਿ ਉਥੇ ਬੇਅਦਬੀ ਨਹੀਂ ਹੋਈ ਸੀ।
- 24 ਅਪ੍ਰੈਲ, 2023 ਨੂੰ ਜ਼ਿਲ੍ਹਾ ਰੋਪੜ ਵਿੱਚ ਪੈਂਦੇ ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਇੱਕ ਵਿਅਕਤੀ ਨੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਨਾਲ ਕੁੱਟਮਾਰ ਕੀਤੀ ਤੇ ਫ਼ਿਰ ਗੁਰੂ ਗ੍ਰੰਥ ਸਾਹਿਬ ਨੂੰ ਵੀ ਹੱਥ ਪਾਇਆ।
- ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰਕੇ ਉਸ ਨਾਲ ਕੁੱਟਮਾਰ ਕੀਤੀ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।
- ਜੇਲ੍ਹ ਵਿੱਚ ਇਸ ਵਿਅਕਤੀ ਨੂੰ ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ ਹੋਣ ਦੀ ਸ਼ਿਕਾਇਤ ਹੋਈ ਸੀ। ਉਸ ਨੂੰ ਜੇਲ੍ਹ ਦੇ ਡਾਕਟਰ ਨੇ ਮਾਨਸਾ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਸੀ। ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ। ਮੁਲਜ਼ਮ ਦੀ ਮੌਤ ਬਾਰੇ ਨਿਆਂਇਕ ਜਾਂਚ ਹੋ ਰਹੀ ਹੈ।

ਕੀ ਮੌਤ ਦੀ ਸਜ਼ਾ ਨਾਲ ਬੇਅਦਬੀਆਂ ਰੁਕ ਜਾਣਗੀਆਂ?
ਮੌਜੂਦਾ ਸਮੇਂ ਵਿੱਚ ਬੇਅਦਬੀ ਦੇ ਕੇਸਾਂ ਵਿੱਚ ਆਈਪੀਸੀ ਦੀ ਧਾਰਾ 295 ਅਤੇ 295-ਏ (ਧਾਰਿਮਕ ਭਾਵਨਾਵਾਂ ਨੂੰ ਠੇਸ ਪਹੁਚਾਉਣਾ) ਤਹਿਤ ਕਾਰਵਾਈ ਹੁੰਦੀ ਹੈ। ਇਸ ਵਿੱਚ ਦੋਸ਼ੀ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਅਦਬੀ ਦੇ ਦੋਸ਼ੀਆਂ ਲਈ ਮੌਤ ਦੀ ਸ਼ਜਾ ਦੀ ਮੰਗ ਕਰਦੀ ਹੈ।
ਸਾਲ 2018 ਵਿੱਚ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵੀ ਦੋ ਬਿਲ ਵਿਧਾਨ ਸਭਾ ਵਿੱਚ ਪਾਸ ਕੀਤੇ ਸਨ ਅਤੇ ਦੋਸ਼ੀਆਂ ਲਈ ਉਮਰ ਕੈਦ ਦੀ ਸਜ਼ਾ ਦੀ ਵਕਾਲਤ ਕੀਤੀ।
ਪਰ ਇਹਨਾਂ ਬਿੱਲਾਂ ਨੂੰ ਹਾਲੇ ਤੱਕ ਰਾਸ਼ਟਰਪਤੀ ਦੀ ਮਨਜ਼ੂਰੀ ਨਹੀਂ ਮਿਲੀ ਹੈ।
ਹਾਲਾਂਕਿ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਿਛਲੇ ਸਮੇਂ ਵਿੱਚ ਇਹਨਾਂ ਬਿਲਾਂ ਦੀ ਮੰਜ਼ੂਰੀ ਸਬੰਧੀ ਦੇਸ਼ ਦੇ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੂੰ ਮਿਲ ਚੁੱਕੇ ਹਨ।
ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਸਾਲ 2016 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਉਮਰ ਭਰ ਜੇਲ੍ਹ ਦੀ ਸਜ਼ਾ ਵਾਲੇ ਬਿਲ ਨੂੰ ਵੀ ਮਨਜ਼ੂਰੀ ਨਹੀਂ ਮਿਲੀ ਗਈ ਸੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿੰਦੇ ਹਨ, “ਬਲਾਤਕਾਰ ਦੇ ਗੰਭੀਰ ਕੇਸ ਵਿੱਚ ਮੌਤ ਦੀ ਸਜ਼ਾ ਰੱਖੇ ਜਾਣ ਨਾਲ ਭਾਵੇਂ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਪਰ ਲੋਕ ਇਸ ਗੱਲ ਤੋਂ ਸੁਚੇਤ ਹੋ ਗਏ ਹਨ।”
ਉਹ ਕਹਿੰਦੇ ਹਨ, “ਗੁਰੂ ਗ੍ਰੰਥ ਸਾਹਿਬ ਜ਼ਿੰਦਾ ਦੇਹ ਹੈ। ਇਸ ਲਈ ਬੇਅਦਬੀ ਕਰਨ ਵਾਲੇ ਲਈ ਮੌਤ ਦੀ ਸਜ਼ਾ ਜ਼ਰੂਰੀ ਹੈ।”
ਪ੍ਰੋਫੈਸਰ ਸੁਖਦਿਆਲ ਸਿੰਘ ਕਹਿੰਦੇ ਹਨ, “ਗੁਰੂ ਗ੍ਰੰਥ ਸਾਹਿਬ ਸਾਡੇ ਲਈ ਪਵਿੱਤਰ ਵਿਚਾਰਧਾਰਾ ਹੈ। ਅਸੀਂ ਇਸ ਤੋਂ ਸੇਧ ਲੈਂਦੇ ਹਾਂ। ਗੁਰੂ ਗ੍ਰੰਥ ਸਾਹਿਬ ਸਾਡੇ ਲਈ ਸ਼ਬਦ ਗੁਰੂ ਹੈ। ਸਾਡਾ ਸਰੀਰਕ ਗੁਰੂ ਖਾਲਸਾ ਹੈ।”

ਤਸਵੀਰ ਸਰੋਤ, Getty Images
ਬੇਅਦਬੀ ਰੋਕਣ ਲਈ ਕੀ ਕੀਤਾ ਜਾਵੇ?
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿੰਦੇ ਹਨ, “ਅਸੀਂ ਆਪਣੇ ਸਥਾਨਾਂ ਅਤੇ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਹ ਸਿਲਸਿਲਾ ਹੋਰ ਵੀ ਚੱਲ ਸਕਦਾ। ਇਸ ਲਈ ਅਸੀਂ ਗੁਰੂ ਘਰਾਂ ਅੱਗੇ ਪਹਿਰੇਦਾਰ ਲਗਾਈਏ। ਹਰ ਬੰਦੇ ਦੀ ਰੇਕੀ ਕਰੀਏ।
ਹਰਜਿੰਦਰ ਸਿੰਘ ਧਾਮੀ ਨੇ ਕਿਹਾ, “ਗੁਰੂ ਘਰ ਵਿੱਚ ਆਉਣ ਵਾਲੇ ਨੂੰ ਸ਼ੱਕ ਦੀ ਨਿਗਾ ਨਾਲ ਵੀ ਨਹੀਂ ਦੇਖਿਆ ਜਾ ਸਕਦਾ ਪਰ ਦੇਖਣਾ ਵੀ ਪਵੇਗਾ। ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ।”
ਪ੍ਰੋਫੈਸਰ ਸੁਖਦਿਆਲ ਸਿੰਘ ਕਹਿੰਦੇ ਹਨ, “ਭਾਵਨਾਵਾਂ ਇੱਕੋਦਮ ਭੜਕ ਜਾਣਾ ਵੀ ਮਾੜਾ ਹੈ। ਸਾਡੇ ਪ੍ਰਚਾਰਕਾਂ ਨੂੰ ਲੋਕਾਂ ਵਿੱਚ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਇੱਕ ਪਵਿੱਤਰ ਵਿਚਾਰਧਾਰਾ ਨੂੰ ਆਪਣਾ ਗੁਰੂ ਮੰਨਿਆ ਹੋਇਆ ਹੈ।”












