You’re viewing a text-only version of this website that uses less data. View the main version of the website including all images and videos.
ਬੱਚੇ ਮੰਮੀ ਮੰਮੀ ਕੂਕਦੇ ਹਨ ਪਰ...ਪੰਜਾਬ ਦੀਆਂ ਖ਼ੂਨੀ ਸੜਕਾਂ ਕਾਰਨ ਰੋਜ਼ 50 ਕਰੋੜ ਦਾ ਨੁਕਸਾਨ
ਲੁਧਿਆਣਾ ਦੇ ਦੁਗਰੀ ਦੀ 37 ਸਾਲਾ ਕੰਪਿਊਟਰ ਅਧਿਆਪਕਾ ਜਸਪਿੰਦਰ ਕੌਰ ਦੀ 20 ਦਸੰਬਰ ਨੂੰ ਸਾਹਨੇਵਾਲ ਨੇੜੇ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ।
ਜਸਪਿੰਦਰ ਆਪਣੇ ਘਰੋਂ ਕਰੀਬ 35 ਕਿਲੋਮੀਟਰ ਦੂਰ ਖੰਨਾ ਦੇ ਪਿੰਡ ਰਾਏਪੁਰ ਰਾਜਪੂਤਾਂ ਦੇ ਸਰਕਾਰੀ ਸਕੂਲ ਵਿੱਚ ਕੰਪਿਊਟਰ ਟੀਚਰ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਹਾਦਸੇ ਵਾਲੇ ਦਿਨ ਵੀ ਉਹ ਆਪਣੇ ਘਰ ਤੋਂ ਸਕੂਟੀ ’ਤੇ ਸਕੂਲ ਜਾ ਰਹੇ ਸਨ ਕਿ ਸਾਹਨੇਵਾਲ ਦੇ ਪਿੰਡ ਟਿੱਬਾ ਨੇੜੇ ਪੈਂਦੀ ਨਹਿਰ ਕੋਲ ਕਿਸੇ ਅਣਪਛਾਤੇ ਵਾਹਨ ਵਲੋਂ ਫੇਟ ਮਾਰ ਦਿੱਤੀ ਗਈ।
ਜਸਪਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਕਿਸ ਵਾਹਨ ਨੇ ਮਾਰੀ ਇਹ ਸ਼ਨਾਖ਼ਤ ਹਾਲੇ ਤੱਕ ਨਹੀਂ ਹੋ ਸਕੀ।
ਪੰਜਾਬ ਸਰਕਾਰ ਵਲੋਂ ਧੁੰਦ ਦੇ ਦਿਨਾਂ ਵਿੱਚ ਸਾਵਧਾਨੀ ਵਰਤਣ ਸਬੰਧੀ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ ਤੇ ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਵੀ ਬਦਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸੜਕ ਦੁਰਘਟਨਾਵਾਂ ਅਤੇ ਟ੍ਰੈਫਿਕ ਰਿਪੋਰਟ-2021 ਮੁਤਾਬਕ ਪਿਛਲੇ ਸਾਲ 5,871 ਹੋਏ ਜਿਨ੍ਹਾਂ ਵਿੱਚ 4,589 ਲੋਕਾਂ ਦੀ ਗਈ। ਇਨ੍ਹਾਂ ਹਾਦਸਿਆਂ ਵਿੱਚ 2,032 ਲੋਕ ਗੰਭੀਰ ਜਖ਼ਮੀ ਵੀ ਹੋਏ।
ਜਸਪਿੰਦਰ ਕੌਰ ਧੁੰਦ ਤੋਂ ਡਰਦੇ ਸਨ
ਜਸਪਿੰਦਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਵਾਕਫ਼ ਸਨ ਤੇ ਡਰਦੇ ਵੀ ਸਨ ਕਿ ਕਿਸੇ ਨਾਲ ਅਜਿਹਾ ਨਾ ਹੋਵੇ।
ਉਨ੍ਹਾਂ ਕੁਝ ਦਿਨ ਪਹਿਲਾਂ ਆਪਣੇ ਪਹਿਚਾਣ ਵਾਲਿਆਂ ਨੂੰ ਧੁੰਦ ਦੇ ਦਿਨਾਂ ਵਿੱਚ ਵਾਹਨ ਹੌਲੀ ਚਲਾਉਣ ਲਈ ਜਾਗਰੁਕ ਵੀ ਕੀਤਾ ਸੀ। ਪਰ ਇਹ ਨਹੀਂ ਸੀ ਪਤਾ ਕਿ ਉਹ ਖ਼ੁਦ ਹੀ ਹਾਦਸੇ ਦਾ ਸ਼ਿਕਾਰ ਹੋ ਜਾਣਗੇ।
ਸੜਕ ਦੁਰਘਟਨਾਵਾਂ ਤੇ ਟ੍ਰੈਫਿਕ-2021 ਦੀ ਸਲਾਨਾ ਰਿਪੋਰਟ
- ਸਾਲ 2021 ਵਿੱਚ ਕੁੱਲ 4589 ਲੋਕਾਂ ਦੀਆਂ ਜਾਨਾਂ ਸੜਕ ਹਾਦਸਿਆਂ ਵਿੱਚ ਗਈਆਂ ਅਤੇ ਦੋ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ।
- ਪੰਜਾਬ ਵਿੱਚ ਦਸਬੰਰ 2021 ਤੱਕ ਕੁੱਲ ਇੱਕ ਕਰੋੜ 21 ਲੱਖ ਤੋਂ ਵੱਧ ਵਾਹਨ ਰਜਿਸਟਰ ਹੋ ਚੁੱਕੇ ਸਨ।
- ਪੰਜਾਬ ਵਿੱਚ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਗ਼ਲਤ ਪਾਸੇ ਯਾਨੀ ਰੌਂਗ ਸਾਈਡ ਵਾਹਨ ਚਲਾਉਣਾ ਹੈ।
- ਅਜਿਹੀ ਸਥਿਤੀ ਵਿੱਚ ਰਫ਼ਤਾਰ ਤੇਜ਼ ਹੋਣ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ।
- 3276 ਮੌਤਾਂ ਸਿਰਫ਼ ਓਵਰਸਪੀਡਿੰਗ ਯਾਨੀ ਤੇਜ਼ ਰਫਤਾਰੀ ਕਾਰਨ ਹੋਈਆਂ।
- 69 ਫ਼ੀਸਦ ਜਾਨਲੇਵਾ ਹਾਦਸਿਆਂ ਦੀ ਚਪੇਟ ਵਿੱਚ ਆਉਣ ਵਾਲੇ ਬਹੁਤੇ ਲੋਕ 18-45 ਸਾਲ ਉਮਰ ਵਰਗ ਦੇ ਸਨ।
- ਪੰਜਾਬ ਵਿੱਚ ਪੇਂਡੂ ਇਲਾਕਿਆਂ ਵਿੱਚ ਸਭ ਤੋਂ ਵੱਧ 59 ਫ਼ੀਸਦ ਹਾਦਸੇ ਹੋਏ ਅਤੇ 41 ਫੀਸਦ ਸ਼ਹਿਰੀ ਇਲਾਕਿਆਂ ਵਿੱਚ ਹੋਏ।
ਜਸਪਿੰਦਰ ਦੀ ਨਨਾਣ ਕਮਲਜੀਤ ਕੌਰ ਮੁਤਾਬਕ ਜਸਪਿੰਦਰ ਕੰਪਿਊਟਰ ਟੀਚਰ ਸਨ।
ਉਨ੍ਹਾਂ ਦਾ ਵਿਆਹ 2011 ਵਿੱਚ ਪਰਮਿੰਦਰ ਸਿੰਘ ਨਾਲ ਹੋਇਆ ਸੀ।
ਕੰਪਿਊਟਰ ਸਾਇੰਸ ਵਿੱਚ ਸਿੱਖਿਆ ਪ੍ਰਾਪਤ ਜਸਪਿੰਦਰ ਵਿਆਹ ਤੋਂ ਪਹਿਲਾਂ ਤੋਂ ਹੀ ਨੌਕਰੀ ਕਰ ਰਹੇ ਸਨ।
ਕਮਲਜੀਤ ਦੱਸਦੇ ਹਨ, ''ਮ੍ਰਿਤਕਾ ਦੇ ਦੋ ਬੱਚੇ ਹਨ। ਜੋ ਮਾਂ ਨੂੰ ਉਡੀਕਦੇ ਦਰਵਾਜ਼ੇ ਕੋਲ ਜਾ ਖੜ੍ਹੇ ਹੁੰਦੇ ਹਨ।''
ਹਾਦਸਾ ਵਾਪਰਨਾ
ਜਸਪਿੰਦਰ ਹਾਦਸੇ ਵਾਲੇ ਦਿਨ ਘਰ ਤੋਂ ਸਕੂਲ ਜਾ ਰਹੇ ਸਨ ਜਦੋਂ ਸਾਹਨੇਵਾਲ ਨੇੜੇ ਕਿਸੇ ਅਣਪਛਾਤੇ ਵਾਹਨ ਚਾਲਕ ਵਲੋਂ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਗਈ।
ਹਾਲੇ ਤੱਕ ਟੱਕਰ ਮਾਰਨ ਵਾਲੇ ਵਾਹਨ ਜਾਂ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ।
ਜਸਪਿੰਦਰ ਦੇ ਪਰਿਵਾਰਕ ਮੈਂਬਰ ਦੱਸਦੇ ਹਨ,' 'ਹਾਦਸੇ ਤੋਂ ਇੱਕ ਹਫ਼ਤਾ ਪਹਿਲਾਂ ਤੱਕ ਜਸਪਿੰਦਰ ਆਪਣੀ ਇੱਕ ਸਹਿ-ਅਧਿਆਪਕਾ ਨਾਲ ਕਾਰ ਵਿੱਚ ਹੀ ਸਕੂਲ ਜਾਂਦੇ ਸਨ।''
ਪਰ ਹਾਦਸੇ ਤੋਂ ਦੋ-ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਨੇ ਐਕਟਿਵਾ ਸਕੂਟੀ ’ਤੇ ਜਾਣਾ ਸ਼ੁਰੂ ਕੀਤਾ।
ਜਸਪਿੰਦਰ ਦੀ ਭੂਆ ਕੁਲਵਿੰਦਰ ਕੌਰ ਤੇ ਉਨ੍ਹਾਂ ਦੀ ਮੌਤ ਤੋਂ ਪਰਿਵਾਰ ਬਿਖ਼ਰ ਜਾਣ ਦੀ ਗੱਲ ਆਖੀ।
ਸਰਕਾਰ ਕੋਲੋਂ ਮਦਦ ਦੀ ਮੰਗ
ਜਸਪਿੰਦਰ ਦੇ ਪਰਿਵਾਰ ਦੇ ਨਾਲ ਨਾਲ ਉਨ੍ਹਾਂ ਦੇ ਸਾਥੀ ਸਕੂਲ ਅਧਿਆਪਕ ਵੀ ਗ਼ਮਗ਼ੀਨ ਹਨ।
ਸਕੂਲ ਦੇ ਹੈੱਡ ਮਾਸਟਰ ਮਨਜੀਤ ਸਿੰਘ ਜਸਪਿੰਦਰ ਦੀ ਮੌਤ ’ਤੇ ਦੁੱਖ਼ ਪ੍ਰਗਟਾਉਂਦਿਆਂ ਸਰਕਾਰ ਕੋਲੋਂ ਬਣਦੀ ਮਦਦ ਦੀ ਮੰਗ ਕੀਤੀ ਹੈ।
ਉਨ੍ਹਾਂ ਦੀ ਸਹਿਕਰਮੀ ਮੰਜੂ ਬਾਲਾ ਨੇ ਆਪਣੇ ਤੌਰ ’ਤੇ ਮਦਦ ਕਰਨ ਦੀ ਗੱਲ ਵੀ ਆਖੀ।
ਪੰਜਾਬ ਵਿੱਚ ਸੜਕ ਹਾਦਸੇ
ਪੰਜਾਬ 'ਚ ਸੜਕ ਹਾਦਸੇ ਕੋਈ ਨਵੀਂ ਗੱਲ ਨਹੀਂ ਹੈ।
ਸੋਮਵਾਰ ਨੂੰ ਡੀਜੀਪੀ ਗੌਰਵ ਯਾਦਵ ਨੇ ਸੜਕ ਦੁਰਘਟਨਾਵਾਂ ਤੇ ਟ੍ਰੈਫਿਕ-2021 ਦੀ ਸਲਾਨਾ ਰਿਪੋਰਟ ਜਾਰੀ ਕੀਤੀ।
ਇਸ ਰਿਪੋਰਟ ਮੁਤਾਬਕ ਪੰਜਾਬ ਵਿੱਚ ਹਰ ਰੋਜ਼ 13 ਜ਼ਿੰਦਗੀਆਂ ਸੜਕ ਹਾਦਸਿਆਂ ਦੀ ਭੇਟ ਚੜ੍ਹਦੀਆਂ ਹਨ।
ਰਿਪੋਰਟ ਮੁਤਾਬਕ ਸਾਲ 2021 ਵਿੱਚ ਕੁੱਲ 4589 ਲੋਕਾਂ ਦੀਆਂ ਜਾਨਾਂ ਸੜਕ ਹਾਦਸਿਆਂ ਵਿੱਚ ਗਈਆਂ ਅਤੇ ਦੋ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ।
ਇਹ ਅੰਕੜਾ ਸਾਲ 2020 ਦੇ ਮੁਕਾਬਲੇ 17.7 ਫੀਸਦ ਵੱਧ ਹੈ ਜ਼ਿਕਰਯੋਗ ਹੈ ਕਿ 2020 ਵਿੱਚ ਲੱਗੇ ਕੋਵਿਡ ਲੌਕਡਾਊਨ ਕਰਕੇ ਸੜਕੀ ਆਵਾਜਾਹੀ ਘੱਟ ਸੀ, ਇਸ ਲਈ ਇਸ ਸਾਲ ਦਾ ਹਾਦਸਿਆਂ ਦੀ ਗਿਣਤੀ ਮੁਕਾਬਤਨ ਘੱਟ ਸੀ।
ਵਾਹਨ ਅਤੇ ਸੜਕ ਹਾਦਸਿਆਂ ਦਾ ਕਾਰਨ
ਸੜਕ ਦੁਰਘਟਨਾਵਾਂ ਤੇ ਟ੍ਰੈਫਿਕ-2021 ਦੀ ਸਲਾਨਾ ਰਿਪੋਰਟ ਮੁਤਾਬਕ ਸਾਲ 2021 ਵਿੱਚ 5 ਲੱਖ 16 ਹਜਾਰ ਤੋਂ ਵੱਧ ਨਵੇਂ ਵਾਹਨ ਰਜਿਸਟਰ ਹੋਏ।
ਯਾਨੀ ਪੰਜਾਬ ਵਿੱਚ ਹਰ ਰੋਜ਼ 375 ਨਵੀਆਂ ਕਾਰਾਂ ਅਤੇ 982 ਦੋ ਪਹੀਆਂ ਵਾਹਨ ਰਜਿਸਟਰ ਹੁੰਦੇ ਹਨ।
ਪੰਜਾਬ ਵਿੱਚ ਦਸੰਬਰ 2021 ਤੱਕ ਕੁੱਲ ਇੱਕ ਕਰੋੜ 21 ਲੱਖ ਤੋਂ ਵੱਧ ਵਾਹਨ ਰਜਿਸਟਰ ਹੋ ਚੁੱਕੇ ਸਨ।
ਪੰਜਾਬ ਵਿੱਚ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਗ਼ਲਤ ਪਾਸੇ ਯਾਨੀ ਰੌਂਗ ਸਾਈਡ ਵਾਹਨ ਚਲਾਉਣਾ ਹੈ।
ਅਜਿਹੀ ਸਥਿਤੀ ਵਿੱਚ ਰਫ਼ਤਾਰ ਤੇਜ਼ ਹੋਣ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ।
3276 ਮੌਤਾਂ ਸਿਰਫ਼ ਓਵਰਸਪੀਡਿੰਗ ਯਾਨੀ ਤੇਜ਼ ਰਫਤਾਰੀ ਕਾਰਨ ਹੋਈਆਂ।
69 ਫ਼ੀਸਦ ਜਾਨਲੇਵਾ ਹਾਦਸਿਆਂ ਦੀ ਝਪੇਟ ਵਿੱਚ ਆਉਣ ਵਾਲੇ ਬਹੁਤੇ ਲੋਕ 18-45 ਸਾਲ ਉਮਰ ਵਰਗ ਦੇ ਸਨ।
ਪੰਜਾਬ ਵਿੱਚ ਪੇਂਡੂ ਇਲਾਕਿਆਂ ਵਿੱਚ ਸਭ ਤੋਂ ਵੱਧ 59 ਫ਼ੀਸਦ ਹਾਦਸੇ ਹੋਏ ਅਤੇ 41 ਫੀਸਦ ਸ਼ਹਿਰੀ ਇਲਾਕਿਆਂ ਵਿੱਚ ਹੋਏ।
ਆਰਥਿਕ ਪ੍ਰਭਾਵ
ਇਸ ਰਿਪੋਰਟ ਮੁਤਾਬਕ ਸਮਾਜਿਕ ਅਤੇ ਆਰਥਿਕ ਪੱਖੋਂ ਪੰਜਾਬ ਨੂੰ ਸਾਲ 2021 ਵਿੱਚ ਸੜਕ ਹਾਦਸਿਆਂ ਕਾਰਨ
17 ਹਜ਼ਾਰ 851 ਕਰੋੜ ਦਾ ਨੁਕਸਾਨ ਹੋਇਆ।
ਨੌਜਵਾਨਾਂ ਦੀ ਮੌਤ ਦਾ ਸਭ ਤੋਂ ਮੁਹਰੀ ਕਾਰਨ ਰੋਡ ਐਕਸੀਡੈਂਟ ਹੀ ਹੈ।
ਰਿਪੋਰਟ ਮੁਤਾਬਕ ਵਧੇਰੇ ਹਾਦਸੇ ਸ਼ਾਮ 6 ਤੋਂ ਰਾਤ 9 ਵਜੇ ਦੇ ਵਿਚਾਲੇ ਹੋਏ ਦਮਰਿਆਨ ਹੋਏ।
ਬਚਾਅ ਲਈ ਸਾਵਧਾਨੀਆਂ
ਪੰਜਾਬ ਵਿੱਚ ਸੜਕ ਹਾਦਸਿਆਂ ਦਾ ਇੱਕ ਕਾਰਨ ਤੇਜ਼ ਰਫ਼ਤਾਰ ਤਾਂ ਦੂਜਾ ਵੱਡਾ ਕਾਰਨ ਧੁੰਦ ਬਣਦੀ ਹੈ।
ਸਰਕਾਰ ਵਲੋਂ ਅਜਿਹੀ ਸਥਿਤੀ ਵਿੱਚ ਬਚਾਅ ਲਈ ਕੁਝ ਸਾਵਧਾਨੀਆਂ ਵੀ ਦੱਸੀਆਂ ਗਈਆਂ।
ਵਾਹਨ ਚਾਲਕਾਂ ਨੂੰ ਸਲਾਹ
- ਵਾਹਨ ਦੀ ਹੈੱਡਲਾਈਟ ਜਾਂ ਫ਼ੌਗ ਲਾਈਟ ਦੀ ਚੰਗੀ ਵਿਜ਼ੀਬਿਲਿਟੀ
- ਅੱਗੇ ਚੱਲਦੇ ਵਾਹਨ ਤੋਂ ਦੂਰੀ ਬਣਾ ਕੇ ਰੱਖੋ ਅਤੇ ਘੱਟ ਸਪੀਡ 'ਤੇ ਚੱਲੋ
- ਤਿੱਖੇ ਮੋੜਾਂ ’ਤੇ ਸਾਵਧਾਨੀ ਵਰਤੋ ਅਤੇ ਅਚਾਨਕ ਬ੍ਰੇਕ ਲਗਾਉਣ ਤੋਂ ਬਚੋ
- ਧੁੰਦ ਕਾਰਨ ਜੇਕਰ ਸੜਕ ’ਤੇ ਘੱਟ ਦਿਖਾਈ ਦੇਵੇ ਯਾਨੀ ਵਿਜ਼ੀਬਿਲਿਟੀ ਘੱਟ ਹੋਵੇ ਤਾਂ ਯਾਤਰਾ ਕਰਨ ਤੋਂ ਗੁਰੇਜ਼ ਕਰੋ
- ਜੇਕਰ ਤੁਸੀਂ ਰੋਡ ਟ੍ਰਿਪ ਯਾਨੀ ਸੜਕੀ ਯਾਤਰਾ ’ਤੇ ਜਾ ਰਹੇ ਹੋ ਤਾਂ ਮੌਸਮ ਮਹਿਕਮੇ ਦੀਆਂ ਚੇਤਾਵਨੀਆਂ ਨੂੰ ਧਿਆਨ ਵਿੱਚ ਰੱਖੋ
ਪੰਜਾਬ ਸਰਕਾਰ ਵਲੋਂ ਕੀਤੀਆਂ ਕੋਸ਼ਿਸ਼ਾਂ
ਪੰਜਾਬ ਸਰਕਾਰ ਵਲੋਂ ਵੀ ਧੁੰਦ ਕਾਰਨ ਹੋਣ ਵਾਲੇ ਮਾਮਲਿਆਂ ਦੇ ਚਲਦਿਆਂ ਨਾਕੇ ਲਾਉਣ ਸਬੰਧੀ ਵੀ ਹੁਕਮ ਜਾਰੀ ਕੀਤੇ ਗਏ ਸਨ।
ਸਰਕਾਰ ਵਲੋਂ ਕਿਹਾ ਗਿਆ ਸੀ ਧੁੰਦ ਦੇ ਦਿਨਾਂ ਵਿੱਚ ਦੇਰ ਰਾਤ ਵਿਆਹਾਂ ਤੋਂ ਪਰਤਣ ਸਮੇਂ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਅਜਿਹੇ ਮਾਮਲਿਆਂ ਦੀ ਨਿਗਰਾਨੀ ਕਰਨ ਲਈ ਪੁਲਿਸ ਨਾਕੇ ਵੀ ਲਾਏ ਜਾਣਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਸੰਘਣੀ ਧੁੰਦ ਦੇ ਚਲਦਿਆਂ ਸਰਕਾਰੀ ਅਤੇ ਨਿੱਜੀ ਸਕੂਲਾਂ ਦਾ ਸਮਾਂ ਬਦਲਕੇ ਸਵੇਰੇ 10 ਵਜੇ ਕਰ ਦਿੱਤਾ ਗਿਆ।