You’re viewing a text-only version of this website that uses less data. View the main version of the website including all images and videos.
ਪੰਜਾਬ ਦੀਆਂ ਸੜਕਾਂ 'ਤੇ ਹਰ ਰੋਜ਼ ਹੁੰਦੀਆਂ 13 ਮੌਤਾਂ, ਜ਼ਿੰਮੇਵਾਰ ਕੌਣ
- ਲੇਖਕ, ਆਰਿਸ਼ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿੱਚ ਇੱਕ ਵਾਰ ਇੱਕ ਲੀਡਰ ਨੇ ਮਜ਼ਾਕ ਵਿੱਚ ਇਹ ਤੱਕ ਕਹਿ ਦਿੱਤਾ ਸੀ ਕਿ ਅਸੀਂ ਸੜਕਾਂ ਇੰਨੀਂ ਚੰਗੀਆਂ ਬਣਾ ਦਿੱਤੀਆਂ ਹਨ ਕਿ ਤੁਸੀਂ ਸ਼ਰਾਬ ਪੀ ਕੇ ਵੀ ਚਲਾਓਗੇ ਤਾਂ ਐਕਸੀਡੈਂਟ ਨਹੀਂ ਹੋਣਾ।
ਇੱਕ ਨੇ ਇਹ ਵੀ ਕਿਹਾ ਕਿ ਸੜਕਾਂ ਤਾਂ ਅਸੀਂ ਇੰਨੀਆਂ ਪੱਕੀਆਂ ਬਣਾਈਆਂ ਹਨ ਕਿ ਬੰਬ ਵੀ ਸੁੱਟੋਗੇ ਤਾਂ ਕੁਝ ਨਹੀਂ ਹੋਣਾ। ਇੱਕ ਹੋਰ ਪਾਰਟੀ ਦੇ ਆਗੂ ਨੇ ਉਪਲੱਬਧੀਆਂ ਵਿੱਚ ਸੜਕਾਂ ਦਾ ਪੈਚ ਵਰਕ ਮਤਲਬ ਟਾਕੀਆਂ ਲਗਾਉਣ ਦੇ ਅੰਕੜੇ ਦਿੱਤੇ ਸਨ।
ਪਰ ਪੰਜਾਬ ਦੀਆਂ ਸੜ੍ਹਕਾਂ ਦਾ ਕੀ ਹਾਲ ਹੈ ਅਤੇ ਇਹ ਕਿੰਨੀਆਂ ਸੁਰੱਖਿਅਤ ਹਨ, ਇਸ ਦਾ ਖੁਲਾਸਾ ਇੱਕ ਨਵੀਂ ਰਿਪੋਰਟ ਕਰਦੀ ਹੈ। ਇਸ ਰਿਪੋਰਟ ਮੁਤਾਬਕ ਪੰਜਾਬ ਵਿੱਚ ਰੋਜ਼ਾਨਾ ਔਸਤਨ 13 ਲੋਕ ਸੜਕ ਹਾਦਸਿਆਂ 'ਚ ਮਰ ਜਾਂਦੇ ਨੇ।
ਇਹ ਵੀ ਪੜ੍ਹੋ:
ਪੰਜਾਬ ਪੁਲਿਸ ਦੀ ਰਿਪੋਰਟ ਆਈ ਹੈ 2018 ਬਾਰੇ, ਜੋ ਕਹਿੰਦੀ ਹੈ ਕਿ ਪਿਛਲੇ ਸਾਲ 4725 ਲੋਕ ਸੜਕ ਹਾਦਸੇ 'ਚ ਮਾਰੇ ਗਏ।
ਰਿਪੋਰਟ ਮੁਤਾਬਕ ਸੜਕ ਹਾਦਸਿਆਂ ਨਾਲ ਸਮਾਜ ਨੂੰ ਹੋਏ ਨੁਕਸਾਨ ਨੂੰ 4757 ਕਰੋੜ ਰੁਪਏ ਬਰਾਬਰ ਮੰਨਿਆ ਜਾ ਸਕਦਾ ਹੈ।
ਇੰਨੇ ਪੈਸਿਆਂ 'ਚ 35,000 ਨਾਲੋਂ ਜ਼ਿਆਦਾ ਬੱਚਿਆਂ ਦੀ ਗ੍ਰੇਜੁਏਸ਼ਨ ਤੱਕ ਦੀ ਪੜ੍ਹਾਈ ਹੋ ਸਕਦੀ ਹੈ, ਇਹ ਪੰਜਾਬ ਦੇ ਪੂਰੇ ਸਾਲ ਦੇ ਸਿਹਤ ਸੇਵਾ ਬਜਟ ਨਾਲੋਂ ਵੱਧ ਹੈ, ਟਰਾਂਸਪੋਰਟ ਦੇ ਬਜਟ ਨਾਲੋਂ ਤਿੰਨ ਗੁਣਾ ਹੈ।
ਪੰਜਾਬ ਦੇ ਟਰੈਫਿਕ ਐਡਵਾਈਜ਼ਰ ਨਵਦੀਪ ਅਸੀਜਾ ਕਹਿੰਦੇ ਹਨ,''ਖ਼ੁਦ ਇੱਕ ਇਨਸਾਨ ਤਾਂ ਦੁਨੀਆਂ ਤੋਂ ਚਲਾ ਹੀ ਗਿਆ ਪਰ ਉਸ ਦੇ ਨਾਲ ਜੁੜੇ ਲੋਕਾਂ ਨੂੰ ਮਾਨਸਿਕ ਤਕਲੀਫ਼ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।”
“ਹੋ ਸਕਦਾ ਹੈ ਕਿ ਪਰਿਵਾਰ ਇੱਕ ਸਾਲ ਤੱਕ ਕੰਮ ਕਰਨ ਦੇ ਲਾਇਕ ਹੀ ਨਾ ਰਹੇ। ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਅੰਦਾਜ਼ੇ ਨਾਲ ਇਕੱਠਾ ਕੀਤਾ ਗਿਆ ਹੈ। ਮੇਰੇ ਹਿਸਾਬ ਨਾਲ ਇਹ ਅੰਕੜਾ ਉਸ ਤੋਂ ਵੀ ਕਿਤੇ ਵੱਧ ਹੋਵੇਗਾ।''
ਇਹ ਮੌਤਾਂ 2017 ਨਾਲੋਂ 6% ਵੱਧ ਸੀ, ਮਤਲਬ 266 ਇਨਸਾਨੀ ਜਾਨਾਂ ਵੱਧ।
ਉਂਝ 11 ਜ਼ਿਲ੍ਹਿਆਂ ਵਿੱਚ ਤਾਂ ਮੌਤਾਂ ਦਾ ਅੰਕੜਾ ਹੇਠਾਂ ਆਇਆ ਪਰ ਜਿਨ੍ਹਾਂ 'ਚ ਵਧਿਆ ਉਨ੍ਹਾਂ ਵਿੱਚ ਬਰਨਾਲਾ ਦਾ ਹਾਲ ਸਭ ਤੋਂ ਮਾੜਾ ਸੀ, ਇਹ ਮੌਤਾਂ ਦੀ ਗਿਣਤੀ ਵਿੱਚ 18ਵੇਂ ਨੰਬਰ ਤੋਂ ਉੱਠ ਕੇ ਪੰਜਵੇਂ 'ਤੇ ਆ ਗਿਆ।
ਜੇ ਜਨਸੰਖਿਆ ਦੇ ਹਿਸਾਬ ਨਾਲ ਐਕਸੀਡੈਂਟ ਦੇਖੀਏ ਤਾਂ ਸਭ ਤੋਂ ਮਾੜਾ ਹਾਲ ਰੂਪਨਗਰ (ਰੋਪੜ), ਫਤਹਿਗੜ੍ਹ ਸਾਹਿਬ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਜ਼ਿਲ੍ਹੇ ਦਾ ਹੈ... ਤਿੰਨੇ ਚੰਡੀਗੜ੍ਹ ਨਾਲ ਲਗਦੇ ਨੇ... ਤੇ ਮੌਤਾਂ ਦੀ ਗਿਣਤੀ ਉੱਥੇ ਨਾਲੋਂ ਤਿੰਨ ਗੁਣਾ ਹੈ। ਤਰਨ ਤਾਰਨ ਤੇ ਅਮ੍ਰਿਤਸਰ ਸਭ ਤੋਂ ਠੀਕ ਹਨ।
ਬਾਕੀ ਮੁਲਕ ਨਾਲ ਜੋੜੀਏ ਤਾਂ ਮੁਲਕ ਦੀ 2.28 ਦੋ ਫ਼ੀਸਦ ਅਬਾਦੀ ਪੰਜਾਬ 'ਚ ਹੈ ਪਰ ਸੜਕ ਹਾਦਸਿਆਂ 'ਚ ਪੰਜਾਬ ਦਾ ਹਿੱਸਾ ਇਸ ਤੋਂ ਵੱਧ, ਸਾਢੇ ਤਿੰਨ ਫੀਸਦ ਹੈ।
ਇਨ੍ਹਾਂ ਵਿੱਚੋਂ ਅੱਧਿਆਂ ਨਾਲੋਂ ਵੱਧ ਮੌਤਾਂ ਸਪੀਡਿੰਗ ਭਾਵ ਗਤੀ ਸੀਮਾ ਦੀ ਉਲੰਘਣਾ ਕਰਕੇ ਹੁੰਦੀਆਂ ਹਨ।
ਨਵਦੀਪ ਅਸੀਜਾ ਕਹਿੰਦੇ ਹਨ,''ਅਸੀਂ ਜਲੰਧਰ, ਮੋਗਾ, ਬਰਨਾਲਾ ਹਾਈਵੇਅ ਫੋਰਲੇਨ ਕੀਤਾ ਅਤੇ ਜ਼ੀਕਰਪੁਰ ਤੋਂ ਲੈ ਕੇ ਬਠਿੰਡਾ ਤੱਕ ਵੀ 4-ਲੇਨ ਕੀਤਾ। ਇਹ ਦੋਵੇਂ ਸ਼ਹਿਰ ਵਿੱਚੋਂ ਲੰਘ ਰਹੇ ਹਨ ਇਸ ਕਾਰਨ ਇੱਥੇ ਵੀ ਗੱਡੀਆਂ ਦੀ ਸਪੀਡ ਕਾਫ਼ੀ ਵੱਧ ਗਈ।''
ਜੇ ਸਪੀਡ ਵੱਡਾ ਕਾਰਨ ਹੈ ਤਾਂ ਕੀ ਪੰਜਾਬ ਦੀ ਟਰੈਫਿਕ ਪੁਲਿਸ ਫੇਲ੍ਹ ਹੈ?
ਇਹ ਵੀ ਪੜ੍ਹੋ:
ਪੰਜਾਬ ਵਿੱਚ ਪ੍ਰਤੀ ਇਕ ਲੱਖ ਪਿੱਛੇ 8 ਟਰੈਫਿਕ ਪੁਲਿਸ ਵਾਲੇ ਹਨ ਪਰ ਇਹ ਹੋਣੇ ਕਿੰਨੇ ਚਾਹੀਦੇ ਨੇ?
ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਯਮਾਂ ਮੁਤਾਬਕ ਇਸ ਨਾਲੋਂ ਦੁੱਗਣੇ ਹੋਣੇ ਚਾਹੀਦੇ ਹਨ।
ਉਂਝ ਸਾਰੀ ਖ਼ਬਰ ਮਾੜੀ ਹੀ ਨਹੀਂ ਹੈ... 2014 ਤੋਂ 16 ਤੱਕ ਮੌਤਾਂ ਦੀ ਗਿਣਤੀ ਵਧੀ ਪਰ 2017 'ਚ 12 ਫ਼ੀਸਦੀ ਡਿੱਗੀ... 2018 'ਚ ਵੱਧ ਕੇ ਵੀ 2016 ਦੇ ਅੰਕੜੇ ਤੋਂ ਘੱਟ ਹੀ ਰਹੀ।
ਇਹ ਵੀ ਵੇਖੋ: