ਮੋਦੀ ਨੂੰ ਰਾਜੋਆਣਾ ਮਾਮਲੇ 'ਤੇ ਬਿੱਟੂ ਦਾ ਸਵਾਲ: ‘ਦੁਨੀਆਂ ਦੇ ਸਭ ਤੋਂ ਖ਼ਤਰਨਾਕ ਅੱਤਵਾਦੀ ਨੂੰ ਮਾਫ਼ ਕਿਉਂ ਕੀਤਾ?’

ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਕੇਂਦਰ ਸਰਕਾਰ 8 ਸਿੱਖ ਕੈਦੀਆਂ ਦੀ ਰਿਹਾਈ ਕਰਨ ਜਾ ਰਹੀ ਹੈ।

ਖ਼ਬਰ ਇਹ ਵੀ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ।

ਮੀਡੀਆ ਵਿੱਚ ਖ਼ਬਰ ਆਉਣ ਤੋਂ ਬਾਅਦ ਕੁਝ ਸਿਆਸਤਦਾਨ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਕੁਝ ਹਮਾਇਤ ਕਰ ਰਹੇ ਹਨ। ਮੁੱਖ ਮੰਤਰੀ ਨੇ ਰਾਜੋਆਣਾ ਦੇ ਮਾਮਲੇ ਵਿੱਚ ਆਪਣਾ ਪੱਖ ਰੱਖਦਿਆਂ ਇਸ ਨੂੰ ਮੌਤ ਦੀ ਸਜ਼ਾ ਦੀ ਨੈਤਿਕਤਾ ਨਾਲ ਜੋੜ ਦਿੱਤਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ 17 ਕੈਦੀਆਂ ਦੀ ਸੂਚੀ ਭੇਜੀ ਸੀ ਜਿਸ ਵਿੱਚ ਉਨ੍ਹਾਂ ਨੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਇਸ ਸੂਚੀ ਵਿੱਚ ਰਾਜੋਆਣਾ ਦਾ ਨਾਮ ਵੀ ਸੀ ਪਰ ਕਿਸ ਕੈਦੀ ਨੂੰ ਕਿਸ ਤਰੀਕੇ ਨਾਲ ਚੁਣਿਆ ਗਿਆ ਹੈ ਉਹ ਫ਼ੈਸਲਾ ਗ੍ਰਹਿ ਮੰਤਰਾਲੇ ਦਾ ਹੈ।

ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ, “ਸਾਡਾ ਸ਼ੁਰੂ ਤੋਂ ਸਟੈਂਡ ਰਿਹਾ ਹੈ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਮਾਮਲੇ ਵਿੱਚ ਦੋਸ਼ੀ ਪੂਰੀ ਸਜ਼ਾ ਭੂਗਤਣ।” ਪਰ ਉਨ੍ਹਾਂ ਨੇ ਸਾਫ ਕੀਤਾ, ''ਮੈਂ 2012 ਵਿੱਚ ਵੀ ਕਿਹਾ ਸੀ ਮੈਂ ਫਾਂਸੀ ਦੀ ਸਜ਼ਾ ਦੇ ਖ਼ਿਲਾਫ਼ ਹਾਂ ਤੇ ਸਾਰੇ ਮਾਮਲਿਆਂ ਨੂੰ ਉਮਰ ਕੈਦ ਦੀ ਸਜ਼ਾ ਵਿੱਚ ਤਬਦੀਲ ਕੀਤਾ ਜਾਵੇ। ਮੈਂ ਅੱਜ ਵੀ ਫਾਸੀ ਦੀ ਸਜ਼ਾ ਦੇ ਖਿਲਾਫ਼ ਹਾਂ।''

ਕੈਪਟਨ ਅਮਰਿੰਦਰ ਨੇ ਕਿਹਾ, “ਜੇਕਰ ਕੋਈ ਇਹ ਸਮਝਦਾ ਹੈ ਕਿ ਇਨ੍ਹਾਂ ਬੰਦਿਆਂ ਦੀ ਰਿਹਾਈ ਨਾਲ ਪੰਜਾਬ ਦਾ ਕਾਨੂੰਨ ਪ੍ਰਬੰਧ ਖ਼ਰਾਬ ਹੋਵੇਗਾ, ਮੈਂ ਫੌਜੀ ਰਿਹਾ ਹਾਂ ਸਭ ਨੂੰ ਠੀਕ ਕਰ ਦਿਆਂਗਾ। ਕਿਸੇ ਵੀ ਹਾਲ ਵਿੱਚ ਸੂਬੇ ਦੀ ਸ਼ਾਂਤੀ ਨਹੀਂ ਭੰਗ ਹੋਣ ਦਿੱਤੀ ਜਾਵੇਗੀ।''

ਇਹ ਵੀ ਪੜ੍ਹੋ:

'ਅੱਤਵਾਦੀ ਤਾਕਤਾਂ 'ਚ ਜਾਨ ਪੈ ਗਈ'

ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਸੁਪਰੀਮ ਕੋਰਟ ਨੇ ਰਾਜੋਆਣਾ ਨੂੰ ਸਜ਼ਾ ਦਿੱਤੀ ਸੀ, “ਕੇਂਦਰ ਸਰਕਾਰ ਕਿਵੇਂ ਉਨ੍ਹਾਂ ਦੀ ਸਜ਼ਾ ਮਾਫ਼ ਕਰ ਸਕਦੀ ਹੈ?”

“ਪੰਜਾਬ ਵਿੱਚ ਜਿਸ ਨੂੰ ਕਾਨੂੰਨ ਨੇ ਅੱਤਵਾਦੀ ਕਿਹਾ ਹੈ ਉਸ ਨੂੰ ਭਾਜਪਾ ਤੇ ਅਕਾਲੀ ਸਰਕਾਰ ਨੇ ਉਸ ਨੂੰ ਮਾਫ਼ ਕਰ ਦਿੱਤਾ ਹੈ। ਦੁਨੀਆ ਦੇ ਸਭ ਤੋਂ ਖ਼ਤਰਨਾਕ ਅੱਤਵਾਦੀ ਨੂੰ ਮੋਦੀ ਨੇ ਮਾਫ਼ ਕੀਤਾ ਹੈ। ਮੋਦੀ ਨੂੰ ਇਸ ਦਾ ਜਵਾਬ ਦੇਣਾ ਪਵੇਗਾ।”

“ਮੈਂ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜਵਾਬ ਮੰਗਾਂਗਾ ਕਿ ਉਨ੍ਹਾਂ ਨੇ ਦੋਹਰੀ ਸਿਆਸਤ ਕਿਉਂ ਖੇਡੀ ਹੈ।”

ਉਨ੍ਹਾਂ ਕਿਹਾ ਅੱਜ ਤਾਕਤਵਾਰ ਮੋਦੀ ਅਤੇ ਅਮਿਤ ਸ਼ਾਹ ਕਿਤੇ ਨਾ ਕਿਤੇ ਕਮਜ਼ੋਰ ਸਾਬਿਤ ਹੋਏ ਤੇ ਵੱਖਵਾਦੀ ਤੇ ਅੱਤਵਾਦੀ ਤਾਕਤਾਂ ਸਾਹਮਣੇ ਸਰਕਾਰ ਦਾ ਸਿਰ ਝੁਕ ਗਿਆ।

ਇਹ ਵੀ ਪੜ੍ਹੋ:

ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਜਾਰੀ ਕੀਤਾ ਜਿਸ ਮੁਤਾਬਕ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਫੈਸਲਾ ਮਾਨਵਤਾ-ਪੱਖੀ ਅਤੇ ਦੂਰਗਾਮੀ ਹੈ।

ਉਨ੍ਹਾਂ ਮੁਤਾਬਕ ਇਹ ਫੈਸਲਾ ''ਕਾਂਗਰਸ ਵੱਲੋਂ ਜ਼ਖਮੀ ਕੀਤੀਆਂ'' ਸਿੱਖ ਭਾਵਨਾਵਾਂ ਨੂੰ ਆਰਾਮ ਦੇਵੇਗਾ। ਉਨ੍ਹਾਂ ਨੇ ਇਸ ਫੈਸਲੇ ਨੂੰ ਹਿੰਦੂ-ਸਿੱਖ ਏਕਤਾ ਪੱਖੋਂ ਵੀ ਫਾਇਦੇਮੰਦ ਦੱਸਿਆ।

ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਸ ਫ਼ੈਸਲੇ ਦੀ ਹਮਾਇਤ ਕਰਦਿਆਂ ਖੁਸ਼ੀ ਜ਼ਾਹਰ ਕੀਤੀ ਹੈ। ''ਮੈਨੂੰ ਯਾਦ ਹੈ ਕਿ ਜਦੋਂ 2012 ਵਿੱਚ ਫਾਸੀ ਦੀ ਸਜ਼ਾ ਦਾ ਹੁਕਮ ਆਇਆ ਸੀ ਉਦੋਂ ਸੂਬੇ 'ਚ ਬਹੁਤ ਤਣਾਅ ਪੈਦਾ ਹੋ ਗਿਆ ਸੀ।''

ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਭਰਾ ਨੇ 24 ਸਾਲ ਸਜ਼ਾ ਕੱਟੀ ਹੈ ਤੇ ਲੰਬੇ ਸਮੇਂ ਤੋਂ ਉਹ ਉਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ।

''2012 ਵਿੱਚ ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਸੀ ਕਿ ਰਾਜੋਆਣਾ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਵੇ। ਹੁਣ ਰਾਹਤ ਵਾਲੀ ਗੱਲ ਹੈ। ਜਿਸ ਦਿਨ ਉਹ ਰਿਹਾਅ ਹੋ ਕੇ ਘਰ ਆਉਣਗੇ, ਉਹ ਦਿਨ ਸਾਡੇ ਲਈ ਸਭ ਤੋਂ ਵੱਡਾ ਦਿਨ ਹੋਵੇਗਾ।''

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)