'ਮੈਨੂੰ ਹਰ ਰਾਤ 10 ਤੋਂ 18 ਮਰਦਾਂ ਨਾਲ ਸੌਣਾ ਪੈਂਦਾ ਸੀ' - ਕੁੜੀ, ਜਿਸ ਨੂੰ ਬੰਗਲਾਦੇਸ਼ ਤੋਂ ਲਿਆ ਕੇ ਭਾਰਤ 'ਚ ਵੇਚ ਦਿੱਤਾ

ਤਸਵੀਰ ਸਰੋਤ, Getty Images
- ਲੇਖਕ, ਭਾਰਗਵ ਪਾਰਿਖ
- ਰੋਲ, ਬੀਬੀਸੀ ਗੁਜਰਾਤੀ
‘‘ਬੰਗਲਾਦੇਸ਼ ਵਿੱਚ ਸਾਡੇ ਘਰ ਵਿੱਚ ਖਾਣ-ਪੀਣ ਦੇ ਸਟਾਲ ਸਨ। ਇੱਕ ਵਾਰ ਮੇਰੀ ਆਂਟੀ ਈਦ ਮੌਕੇ ਬੰਗਲਾਦੇਸ਼ ਤੋਂ ਭਾਰਤ ਆਈ ਅਤੇ ਉਸ ਨੇ ਮੇਰੀ ਮਾਂ ਨੂੰ ਕਿਹਾ ਕਿ ਉਹ ਮੈਨੂੰ ਭਾਰਤ ਲੈ ਕੇ ਜਾਵੇਗੀ ਅਤੇ ਮੈਨੂੰ ਨੌਕਰੀ ਦੁਆਵੇਗੀ, ਤਾਂ ਜੋ ਸਾਡੀ ਗਰੀਬੀ ਦੂਰ ਹੋ ਜਾਵੇ। ਪਰ ਮੈਨੂੰ ਇੱਥੇ ਲਿਆ ਕੇ ਵੇਚਿਆ ਗਿਆ। ਹਰ ਰੋਜ਼ ਦਸ ਲੋਕ ਮੇਰਾ ਸਰੀਰ ਨੋਚਦੇ ਸਨ।’’
ਇਹ ਸ਼ਬਦ ਸਨ, ਗੁਜਰਾਤ ਤੋਂ ਬੰਗਲਾਦੇਸ਼ ਭੇਜੀ ਗਈ ਇੱਕ ਨਾਬਾਲਗ ਕੁੜੀ ਦੇ। ਨਾਬਾਲਗ ਹੋਣ ਕਾਰਨ ਅਸੀਂ ਇੱਥੇ ਉਨ੍ਹਾਂ ਦੀ ਪਛਾਣ ਨਹੀਂ ਦੱਸੀ ਜਾ ਰਹੀ ਅਤੇ ਰਿਪੋਰਟ ਵਿੱਚ ਉਨ੍ਹਾਂ ਨੂੰ ਸਲਮਾ ਦਾ ਨਾਂ ਦਿੱਤਾ ਗਿਆ ਹੈ।
ਸਲਮਾ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਜ਼ਿੰਦਗੀ ਦਾ ਕੌੜਾ ਅਨੁਭਵ ਝੱਲਣਾ ਪਿਆ।
ਸਲਮਾ, ਗੁਜਰਾਤ ਦੇ ਆਨੰਦ ਵਿੱਚ ‘ਜਾਗਰੂਤ ਮਹਿਲਾ ਸੰਗਠਨ’ ਵਿੱਚ ਦੋ ਸਾਲਾਂ ਤੱਕ ਇੱਕ ਲਾਪਤਾ ਨਾਂ ਨਾਲ ਰਹੇ ਅਤੇ ਇਸ ਸੰਸਥਾ ਨੇ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਸਿਖਾਇਆ।
ਨੌਕਰੀ ਕਰਨ ਅਤੇ ਪੈਸੇ ਕਮਾਉਣ ਦੇ ਲਾਲਚ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਏ ਸਲਮਾ ਨੂੰ ਇਸ ਸੰਸਥਾ ਵਿੱਚ ਕਾਊਂਸਲਿੰਗ ਅਤੇ ਇਲਾਜ ਵੀ ਮਿਲਿਆ। ਸੰਸਥਾ ਨੇ ਸਲਮਾ ਦੀ ਮਾਂ ਨਾਲ ਵੀ ਮੁਲਾਕਾਤ ਕੀਤੀ।
ਹੁਣ ਸਲਮਾ ਗੁਜਰਾਤ ਛੱਡ ਕੇ ਬੰਗਲਾਦੇਸ਼ ਚਲੀ ਗਏ ਹਨ, ਪਰ ਉਨ੍ਹਾਂ ਉੱਤੇ ਛੋਟੀ ਉਮਰ ਵਿੱਚ ਹੋਏ ਸਰੀਰਕ ਅਤੇ ਮਾਨਸਿਕ ਹਮਲਿਆਂ ਦੇ ਜ਼ਖ਼ਮ ਭਰਨ ਨੂੰ ਹਾਲੇ ਸਮਾਂ ਲੱਗੇਗਾ।
ਘਰ ਜਾਣ ਤੋਂ ਪਹਿਲਾਂ ਉਨ੍ਹਾਂ ਬੀਬੀਸੀ ਗੁਜਰਾਤੀ ਨੂੰ ਜੋ ਆਪਣੀ ਕਹਾਣੀ ਦੱਸੀ, ਉਸ ਨੂੰ ਸੁਣ ਕੇ ਦਿਲ ਕੰਬ ਜਾਂਦਾ ਹੈ।

ਤਸਵੀਰ ਸਰੋਤ, Getty Images
ਆਂਟੀ ਨੇ ਨੌਕਰੀ ਦਾ ਲਾਲਚ ਦੇ ਕੇ ਲਿਆਈ
ਆਨੰਦ ਵਿੱਚ ਜਾਗਰੂਤ ਮਹਿਲਾ ਸੰਗਠਨ ਦੇ ਪ੍ਰਧਾਨ ਆਸ਼ਾਬੇਨ ਦਲਾਲ ਅਨੁਸਾਰ, ਸਲਮਾ ਨੂੰ ਢਾਈ ਸਾਲ ਪਹਿਲਾਂ ਸਥਾਨਕ ਪੁਲਿਸ ਵੱਲੋਂ ਸੰਗਠਨ ਵਿੱਚ ਲਿਆਂਦਾ ਗਿਆ ਸੀ। ਪੁਲਿਸ ਨੂੰ ਉਹ ਬੱਸ ਸਟੈਂਡ ਨੇੜੇ ਇਕੱਲੀ ਅਤੇ ਬਦਹਵਾਸ ਜਿਹੀ ਹਾਲਤ ਵਿੱਚ ਮਿਲੀ ਸੀ।
ਆਸ਼ਾਬੇਨ ਦੱਸਦੇ ਹਨ, ‘‘ਜਦੋਂ ਉਹ ਸੰਸਥਾ ਵਿੱਚ ਆਈ ਤਾਂ ਉਸ ਨੇ ਕੁਝ ਨਹੀਂ ਕਿਹਾ। ਉਹ ਇੱਕ ਕੋਨੇ ਵਿੱਚ ਚੁੱਪਚਾਪ ਬੈਠੀ ਰਹਿੰਦੀ ਸੀ। ਅਸੀਂ ਉਸ ਦਾ ਇਲਾਜ ਕੀਤਾ, ਸਾਡੇ ਕਾਊਂਸਲਰ ਉਸ ਨਾਲ ਗੱਲਬਾਤ ਕਰਦੇ ਸਨ। ਹੌਲੀ-ਹੌਲੀ ਉਸ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਸਾਨੂੰ ਆਪਣੇ ਬਾਰੇ ਦੱਸਿਆ, ਅਸੀਂ ਵੀ ਉਸ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਏ।’’
"ਸਲਮਾ ਆਪਣੀ ਮਾਂ ਦੀ ਮਦਦ ਕਰਨ ਲਈ ਬੰਗਲਾਦੇਸ਼ ਤੋਂ ਆਈ ਸੀ। ਪਰ ਹਾਲਾਤ ਬਦਤਰ ਹੋ ਗਏ। ਜਦੋਂ ਉਸ ਦੀ ਮਾਂ ਮਿਲਣ ਆਈ ਤਾਂ ਸਲਮਾ ਉਨ੍ਹਾਂ ਨੂੰ ਮਿਲ ਕੇ ਇੰਨੀ ਖੁਸ਼ ਹੋਈ ਕਿ ਢਾਈ ਸਾਲਾਂ ਦਾ ਸਾਰਾ ਦੁੱਖ ਪਲ ਭਰ ਲਈ ਭੁੱਲ ਗਈ।’’
ਉਹ ਅੱਗੇ ਕਹਿੰਦੇ ਹਨ, ‘‘ਉਸ ਦੀ ਮਾਂ ਸਾਡੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਸੀ, ਪਰ ਸਲਮਾ ਨੇ ਕੰਬਦੇ ਹੋਏ, ਆਪਣੀ ਦਰਦ ਭਰੀ ਕਹਾਣੀ ਸੁਣਾਈ। ਕਹਾਣੀ ਸੁਣਾਉਂਦੇ ਸਮੇਂ ਉਸ ਦਾ ਮਾਸੂਮ ਚਿਹਰਾ ਦੁੱਖ ਨਾਲ ਭਰ ਗਿਆ।’’

ਤਸਵੀਰ ਸਰੋਤ, Getty Images
ਸਲਮਾ ਦੀ ਇਹ ਕਹਾਣੀ ਬੰਗਲਾਦੇਸ਼ ਤੋਂ ਸ਼ੁਰੂ ਹੁੰਦੀ ਹੈ। ਬਹੁਤ ਗਰੀਬੀ ਵਿੱਚ ਰਹਿ ਰਹੇ ਸਲਮਾ ਨੂੰ ਭਾਰਤ ਵਿੱਚ ਰਹਿਣ ਵਾਲੀ ਉਸ ਦੀ ਇੱਕ ਆਂਟੀ ਨੇ ਜ਼ਬਰਦਸਤੀ ਉਸ ਨੂੰ ਵੇਸਵਾਪੁਣੇ ਵਿੱਚ ਧੱਕ ਦਿੱਤਾ।
ਸਲਮਾ ਨੇ ਦੱਸਿਆ, ‘‘ਜਦੋਂ ਮੇਰੀ ਆਂਟੀ ਈਦ ’ਤੇ ਘਰ ਆਈ ਤਾਂ ਉਸ ਨੇ ਮੇਰੀ ਮਾਂ ਨੂੰ ਕਈ ਤੋਹਫ਼ੇ ਦਿੱਤੇ। ਮੈਂ ਅਤੇ ਮੇਰੀ ਮਾਂ ਉਨ੍ਹਾਂ ਤੋਂ ਬਹੁਤ ਖੁਸ਼ ਸੀ। ਉਸ ਨੇ ਮੇਰੀ ਮਾਂ ਨੂੰ ਕਿਹਾ ਕਿ ਜੇਕਰ ਮੈਂ ਉਸ ਦੇ ਨਾਲ ਭਾਰਤ ਜਾਵਾਂ ਤਾਂ ਮੈਨੂੰ ਨੌਕਰੀ ਮਿਲ ਜਾਵੇਗੀ।’’
‘‘ਆਂਟੀ ਨੇ ਇਹ ਵੀ ਦਿਖਾਵਾ ਕੀਤਾ ਕਿ ਉਸ ਨੂੰ ਭਾਰਤ ਵਿੱਚ ਬਹੁਤ ਪੈਸਾ ਮਿਲ ਰਿਹਾ ਹੈ। ਉਸ ਨੇ ਮੇਰੀ ਮਾਂ ਨੂੰ ਦੱਸਿਆ ਕਿ ਇੱਥੇ ਲੋਕ ਘਰ ਦਾ ਕੰਮ ਕਰਕੇ ਬਹੁਤ ਪੈਸਾ ਕਮਾਉਂਦੇ ਹਨ।’’
‘‘ਅਸੀਂ ਸੋਚਿਆ ਕਿ ਕੰਮ ਮਿਲਣ ਨਾਲ ਸਾਨੂੰ ਗਰੀਬੀ ਤੋਂ ਬਾਹਰ ਨਿਕਲਣ ਵਿੱਚ ਮਦਦ ਮਿਲੇਗੀ ਅਤੇ ਇਸ ਲਈ ਅਸੀਂ ਹਾਂ ਕਹਿ ਦਿੱਤੀ।’’
ਸਲਮਾ ਉਸ ਸਮੇਂ 15 ਸਾਲ ਦੇ ਸਨ। ਉਸ ਦੀ ਆਂਟੀ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਲੈ ਆਈ ਸੀ। ਸਲਮਾ ਦਾ ਕਹਿਣਾ ਹੈ ਕਿ ਭਾਰਤ ਆਉਣ ਤੋਂ ਬਾਅਦ ਉਸ ਦੀ ਆਂਟੀ ਦਾ ਵਿਵਹਾਰ ਬਦਲ ਗਿਆ।

ਆਂਟੀ ਨੇ ਸਲਮਾ ਨੂੰ ਵੇਚ ਦਿੱਤਾ

ਤਸਵੀਰ ਸਰੋਤ, Getty Images
ਸਲਮਾ ਆਪਣੀ ਆਂਟੀ ਤੋਂ ਮਿਲੀਆਂ ਧਮਕੀਆਂ ਬਾਰੇ ਵੀ ਦੱਸਦੇ ਹਨ। ਜਦੋਂ ਉਹ ਇੱਥੇ ਪਹੁੰਚੇ ਤਾਂ ਉਸ ਦੀ ਆਂਟੀ ਨੇ ਉਸ ਨੂੰ ਝਿੜਕਿਆ, ‘‘ਤੇਰੇ ਕੋਲ ਪਾਸਪੋਰਟ ਨਹੀਂ ਹੈ। ਤੂੰ ਇੱਥੇ ਗੈਰ-ਕਾਨੂੰਨੀ ਢੰਗ ਨਾਲ ਆਈ ਹੈਂ। ਮੈਂ ਤੈਨੂੰ ਜਿੱਥੇ ਵੀ ਕੰਮ ਦਿਵਾਵਾਂਗੀ, ਤੈਨੂੰ ਉੱਥੇ ਜਾਣਾ ਪਵੇਗਾ।’’
‘‘ਉਸ ਜਗ੍ਹਾ ਨੂੰ ਨਾ ਛੱਡਣਾ, ਨਹੀਂ ਤਾਂ ਪੁਲਿਸ ਤੈਨੂੰ ਜੇਲ੍ਹ ਵਿੱਚ ਸੁੱਟ ਦੇਵੇਗੀ। ਤੂੰ ਆਪਣੀ ਮਾਂ ਨੂੰ ਪੈਸੇ ਭੇਜ ਸਕਦੀ ਹੈਂ। ਨਹੀਂ ਤਾਂ ਤੇਰੀ ਮਾਂ ਗਰੀਬੀ ਤੋਂ ਬਾਹਰ ਨਹੀਂ ਨਿਕਲ ਸਕਦੀ।’’
ਸਲਮਾ ਨੂੰ ਪਤਾ ਨਹੀਂ ਸੀ ਕਿ ਉਸ ਦੀ ਆਂਟੀ ਉਸ ਨੂੰ ਕਿੱਥੇ ਲੈ ਕੇ ਆਈ, ਪਰ ਕਿਉਂਕਿ ਉੱਥੇ ਟੁੱਟੀ-ਫੁੱਟੀ ਹਿੰਦੀ ਬੋਲੀ ਜਾਂਦੀ ਸੀ, ਇਸ ਲਈ ਉਸ ਨੇ ਅੰਦਾਜ਼ਾ ਲਗਾਇਆ ਕਿ ਅਸੀਂ ਤਾਂ ਮਰਨ ਵਾਲੇ ਹਾਂ।
ਸਲਮਾ ਦੱਸਦੇ ਹਨ, ‘‘ਇੱਕ ਦਿਨ ਮੇਰੀ ਆਂਟੀ ਮੈਨੂੰ ਇੱਕ ਹੋਟਲ ਵਿੱਚ ਲੈ ਗਈ ਅਤੇ ਇੱਕ ਆਦਮੀ ਨਾਲ ਮਿਲਵਾਇਆ।’’
‘‘ਮੈਨੂੰ ਨਹੀਂ ਪਤਾ ਕਿ ਉਨ੍ਹਾਂ ਵਿਚਕਾਰ ਕੀ ਗੱਲਬਾਤ ਹੋਈ, ਪਰ ਆਂਟੀ ਨੇ ਕਿਹਾ ਕਿ ਮੈਨੂੰ ਭਾਰਤ ਵਿੱਚ ਰਹਿਣ ਲਈ ਉਸ ਆਦਮੀ ਨੂੰ ਭੁਗਤਾਨ ਕਰਨਾ ਪਵੇਗਾ। ਸਭ ਕੁਝ ਗੈਰ-ਕਾਨੂੰਨੀ ਢੰਗ ਨਾਲ ਹੋਣ ਵਾਲਾ ਸੀ। ਮੇਰੇ ਕੋਲ ਕੋਈ ਬੈਂਕ ਖਾਤਾ ਵੀ ਨਹੀਂ ਸੀ।’’
ਸਲਮਾ ਨੂੰ ਚਿੰਤਾ ਹੋਣ ਲੱਗੀ ਕਿ ਜੇਕਰ ਉਸ ਨੂੰ ਤਨਖਾਹ ਨਹੀਂ ਮਿਲੇਗੀ ਤਾਂ ਉਹ ਆਪਣੀ ਮਾਂ ਨੂੰ ਪੈਸੇ ਕਿਵੇਂ ਭੇਜੇਗੀ?
‘ਕਦੇ-ਕਦੇ ਮੈਨੂੰ 18 ਮਰਦਾਂ ਨਾਲ ਰਾਤ ਗੁਜ਼ਾਰਨੀ ਪੈਂਦੀ ਸੀ’

ਤਸਵੀਰ ਸਰੋਤ, Getty Images
ਸਲਮਾ ਦੀਆਂ ਮੁਸੀਬਤਾਂ ਇੱਥੋਂ ਹੀ ਸ਼ੁਰੂ ਹੋਈਆਂ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਵੇਚ ਦਿੱਤਾ ਗਿਆ ਹੈ। ਹਰ ਰਾਤ ਉਨ੍ਹਾਂ ਦਾ ਲੈਣ-ਦੇਣ ਹੁੰਦਾ ਸੀ।
ਉਨ੍ਹਾਂ ਭਿਆਨਕ ਦਿਨਾਂ ਨੂੰ ਯਾਦ ਕਰਦੇ ਹੋਏ ਸਲਮਾ ਕਹਿੰਦੇ ਹਨ, ‘‘ਉਹ ਲੋਕ ਹਰ ਰੋਜ਼ ਮੇਰਾ ਸਰੀਰ ਨੋਚਦੇ ਸਨ। ਕਦੇ-ਕਦੇ ਮੈਨੂੰ 10, ਕਦੇ-ਕਦੇ 18 ਮਰਦਾਂ ਨਾਲ ਸੌਣਾ ਪੈਂਦਾ ਸੀ।’’
‘‘ਬਦਲੇ ਵਿੱਚ ਮੈਨੂੰ ਸਿਰਫ਼ ਸੌਣ ਲਈ ਜਗ੍ਹਾ ਅਤੇ ਭੋਜਨ ਮਿਲਦਾ ਸੀ। ਕਦੇ-ਕਦੇ ਗਾਹਕ ਮੈਨੂੰ ਟਿਪ ਦਿੰਦੇ ਸਨ ਅਤੇ ਮੇਰੇ ਕੋਲ ਇਹੀ ਪੈਸੇ ਹੁੰਦੇ ਸਨ।’’
ਉਹ ਅੱਗੇ ਦੱਸਦੇ ਹਨ, ‘‘ਇੱਕ ਮਹੀਨੇ ਬਾਅਦ ਮੈਨੂੰ ਨਵਸਾਰੀ ਅਤੇ ਫਿਰ ਵਡੋਦਰਾ ਲੈ ਕੇ ਜਾਇਆ ਗਿਆ। ਮੇਰਾ ਮਾਲਕ ਮੈਨੂੰ ਦੱਸਦਾ ਸੀ ਕਿ ਪੈਸੇ ਮੇਰੀ ਮਾਂ ਨੂੰ ਭੇਜ ਦਿੱਤੇ ਗਏ ਹਨ।’’
ਪਰ ਸਲਮਾ ਨੂੰ ਬਹੁਤ ਦੇਰ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਦੀ ਮਾਂ ਨੂੰ ਕਦੇ ਕੋਈ ਪੈਸਾ ਨਹੀਂ ਮਿਲਿਆ। ਸਲਮਾ ਹਮੇਸ਼ਾ ਲੁਕ ਕੇ ਰਹਿੰਦੇ ਸਨ ਤਾਂ ਜੋ ਪੁਲਿਸ ਉਨ੍ਹਾਂ ਨੂੰ ਨਾ ਫੜ੍ਹ ਲਵੇ।
ਇੱਕ ਦਿਨ ਸਲਮਾ ਭੱਜ ਨਿਕਲੀ

ਤਸਵੀਰ ਸਰੋਤ, Getty Images
ਦੇਹ ਵਪਾਰ ਦੇ ਧੰਦੇ ਵਿੱਚ ਉਨ੍ਹਾਂ ਦੀ ਜ਼ਿੰਦਗੀ ਘੁਟ ਰਹੀ ਸੀ। ਉਹ ਭੱਜਣਾ ਚਾਹੁੰਦੇ ਸਨ, ਪਰ ਉਹ ਅਜਿਹੇ ਜਾਲ ਵਿੱਚ ਫਸ ਚੁੱਕੇ ਸਨ ਕਿ ਉਨ੍ਹਾਂ ਲਈ ਬਚਣਾ ਅਸੰਭਵ ਸੀ।
ਉਹ ਇੱਕ ਮੌਕੇ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਇੱਕ ਦਿਨ ਸਲਮਾ ਨੂੰ ਉਹ ਮੌਕਾ ਮਿਲ ਹੀ ਗਿਆ।
ਉਹ ਦੱਸਦੇ ਹਨ, ‘‘ਇੱਕ ਦਿਨ ਹੋਟਲ ਵਿੱਚ ਕੋਈ ਗਾਹਕ ਨਹੀਂ ਆਇਆ। ਮੈਂ ਉਸ ਮੌਕੇ ਦਾ ਫਾਇਦਾ ਉਠਾਇਆ ਅਤੇ ਹੋਟਲ ਤੋਂ ਭੱਜ ਗਈ। ਮੈਂ ਛੁਪਦੇ-ਛੁਪਾਉਂਦੇ ਆਨੰਦ ਦੇ ਬੱਸ ਸਟੈਂਡ ’ਤੇ ਪਹੁੰਚ ਗਈ।’’
‘‘ਮੈਂ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ ਛੁਪ ਗਈ, ਪਰ ਇਸ ਨਾਲ ਲੋਕਾਂ ਨੂੰ ਲੱਗਿਆ ਕਿ ਮੈਂ ਚੋਰ ਹਾਂ। ਉਨ੍ਹਾਂ ਨੇ ਮੈਨੂੰ ਫੜ੍ਹ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।’’
ਪੁਲਿਸ ਨੇ ਸਲਮਾ ਨੂੰ ਫੜ੍ਹ ਲਿਆ, ਪਰ ਉਨ੍ਹਾਂ ਨੇ ਆਪਣਾ ਨਾਂ ਨਹੀਂ ਦੱਸਿਆ। ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਪੁਲਿਸ ਉਨ੍ਹਾਂ ਨੂੰ ਉੱਥੋਂ ਦੇ ਜਾਗਰੂਕ ਮਹਿਲਾ ਆਸ਼ਰਮ ਲੈ ਗਈ।
ਇਸ ਸੰਸਥਾ ਵਿੱਚ ਕਈ ਦੁਖੀ ਔਰਤਾਂ ਰਹਿੰਦੀਆਂ ਹਨ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਮਦਦ ਕੀਤੀ ਜਾਂਦੀ ਹੈ।
ਇਸ ਸੰਸਥਾ ਵਿੱਚ ਆਪਣਾ ਅਨੁਭਵ ਦੱਸਦੇ ਹੋਏ ਸਲਮਾ ਕਹਿੰਦੇ ਹਨ, “ਇੱਥੇ ਆ ਕੇ ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਮੈਂ ਘਰ ਆ ਗਈ ਹਾਂ, ਪਰ ਫਿਰ ਵੀ ਮੈਂ ਪੁਲਿਸ ਤੋਂ ਲਗਾਤਾਰ ਡਰਦੀ ਰਹਿੰਦੀ ਸੀ।’’
‘‘ਪਰ ਇੱਥੋਂ ਦੇ ਪ੍ਰਬੰਧਕਾਂ ਦਾ ਪਿਆਰ ਭਰਿਆ ਸੁਭਾਅ ਦੇਖ ਕੇ ਮੈਂ ਹੌਲੀ-ਹੌਲੀ ਉਨ੍ਹਾਂ ਨੂੰ ਆਪਣੇ ਬਾਰੇ ਦੱਸਿਆ। ਆਪਣਾ ਦਰਦਨਾਕ ਅਨੁਭਵ ਦੱਸਿਆ। ਮੈਂ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਮੈਂ ਗੂੰਗੀ ਨਹੀਂ, ਮੈਂ ਪੁਲਿਸ ਦੇ ਡਰ ਕਾਰਨ ਕੁਝ ਨਹੀਂ ਕਹਿ ਰਹੀ ਸੀ।’’
ਹਨ੍ਹੇਰੇ ਵਿੱਚ ਉਮੀਦ ਦੀ ਕਿਰਨ

ਤਸਵੀਰ ਸਰੋਤ, Getty Images
ਇਸ ਸੰਸਥਾ ਦੇ ਪ੍ਰਬੰਧਕਾਂ ਨੇ ਸਲਮਾ ਨੂੰ ਉਨ੍ਹਾਂ ਦੀ ਹਨ੍ਹੇਰੀ ਜ਼ਿੰਦਗੀ ਵਿੱਚ ਉਮੀਦ ਦੀ ਕਿਰਨ ਦਿਖਾਉਣ ਦੀ ਕੋਸ਼ਿਸ਼ ਕੀਤੀ। ਇੱਥੇ ਇੱਕ ਮਨੋਵਿਗਿਆਨੀ ਨੇ ਉਨ੍ਹਾਂ ਦੀ ਕਾਊਂਸਲਿੰਗ ਅਤੇ ਇਲਾਜ ਕੀਤਾ।
ਸੰਸਥਾ ਦੀ ਮੈਨੇਜਰ ਆਸ਼ਾਬੇਨ ਦਲਾਲ ਨੇ ਦੱਸਿਆ, ‘‘ਸਲਮਾ ਦੀ ਅਸਲ ਸਥਿਤੀ ਜਾਣਨ ਤੋਂ ਬਾਅਦ, ਅਸੀਂ ਪੁਲਿਸ, ਸਰਕਾਰ ਅਤੇ ਬੰਗਲਾਦੇਸ਼ ਦੇ ਦੂਤਾਵਾਸ ਨੂੰ ਸੂਚਿਤ ਕੀਤਾ। ਉਸ ਨੂੰ ਘਰ ਭੇਜਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ।’’
‘‘ਉਨ੍ਹਾਂ ਦੀ ਮਦਦ ਨਾਲ ਅਸੀਂ ਉਸ ਦੀ ਮਾਂ ਨਾਲ ਸੰਪਰਕ ਕਰ ਸਕੇ। ਮਾਂ ਨੂੰ ਆਪਣੀ ਧੀ ਦੀ ਦੁਖਦ ਸਥਿਤੀ ਬਾਰੇ ਪਤਾ ਲੱਗਿਆ। ਉਨ੍ਹਾਂ ਨੇ ਆਪਣੀ ਧੀ ਨੂੰ ਮਿਲਣ ਲਈ ਜ਼ਿੰਦਗੀ ਵਿੱਚ ਪਹਿਲੀ ਵਾਰ ਆਪਣਾ ਪਾਸਪੋਰਟ ਬਣਵਾਇਆ।’’
ਸਲਮਾ ਇਸ ਸੰਸਥਾ ਵਿੱਚ ਦੋ ਸਾਲਾਂ ਤੱਕ ਰਹੇ। ਇੱਥੇ ਰਹਿ ਕੇ ਉਨ੍ਹਾਂ ਨੇ ਕਢਾਈ, ਸਿਲਾਈ ਅਤੇ ਨਕਲੀ ਗਹਿਣੇ ਬਣਾਉਣ ਦੀ ਸਿਖਲਾਈ ਲਈ।
ਤਿਆਰ ਕੀਤੇ ਸਾਮਾਨ ਦੀ ਵਿਕਰੀ ਤੋਂ ਸਲਮਾ ਨੂੰ ਦੋ ਲੱਖ ਰੁਪਏ ਦੀ ਆਮਦਨ ਹੋਈ। ਜਦੋਂ ਸਲਮਾ ਆਪਣੀ ਮਾਂ ਨਾਲ ਬੰਗਲਾਦੇਸ਼ ਲਈ ਰਵਾਨਾ ਹੋਏ ਤਾਂ ਸੰਸਥਾ ਨੇ ਸਲਮਾ ਨੂੰ ਉਨ੍ਹਾਂ ਦੀ ਕਮਾਈ ਦੇ ਦੋ ਲੱਖ ਰੁਪਏ ਵੀ ਦਿੱਤੇ।
ਇਸ ਦੌਰਾਨ ਸਲਮਾ ਦੀ ਆਂਟੀ ਨੂੰ ਗ੍ਰਿਫ਼ਤਾਰ ਕਰ ਕੇ ਬੰਗਲਾਦੇਸ਼ ਲੈ ਕੇ ਜਾਇਆ ਗਿਆ ਹੈ।
ਅੱਜ ਸਲਮਾ ਆਪਣੇ ਪਿੰਡ ਪਹੁੰਚ ਗਏ ਹਨ। ਗੁਜਰਾਤ ਦੀਆਂ ਉਨ੍ਹਾਂ ਦੀਆਂ ਕੌੜੀਆਂ ਯਾਦਾਂ ਉਨ੍ਹਾਂ ਨੂੰ ਇੱਥੇ ਮਿਲੇ ਪਿਆਰ, ਸਨੇਹ ਅਤੇ ਮਦਦ ਨਾਲ ਫਿੱਕੀਆਂ ਪੈ ਗਈਆਂ ਹਨ।













