ਜਗਤਾਰ ਸਿੰਘ ਹਵਾਰਾ: ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਅਤੇ ਮੁਤਵਾਜ਼ੀ ਜਥੇਦਾਰ ਦਾ ਪਰਿਵਾਰ ਹੁਣ ਕਿੱਥੇ ਹੈ

ਹਵਾਰਾ

ਤਸਵੀਰ ਸਰੋਤ, gurminder grewal/bbc

ਤਸਵੀਰ ਕੈਪਸ਼ਨ, ਹਵਾਰਾ ਪਿੰਡ ਵਿੱਚ ਜਗਤਾਰ ਸਿੰਘ ਹਵਾਰਾ ਦੇ ਘਰ ਅੱਗੇ ਲੱਗਾ ਬੋਰਡ।
    • ਲੇਖਕ, ਅਵਤਾਰ ਸਿੰਘ ਅਤੇ ਗੁਰਮਿੰਦਰ ਗਰੇਵਾਲ
    • ਰੋਲ, ਬੀਬੀਸੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਕੇਸ ਵਿੱਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਦਿੱਲੀ ਦੀ ਤਿਹਾੜ ਜੇਲ ਵਿੱਚ ਲੰਮੇ ਸਮੇਂ ਤੋਂ ਬੰਦ ਹਨ ਪਰ ਉਹਨਾਂ ਦੀ 17 ਦਸੰਬਰ ਨੂੰ ਮੁਹਾਲੀ ਦੀ ਇੱਕ ਅਦਾਲਤ ਵਿੱਚ ਪੇਸ਼ੀ ਨੂੰ ਲੈ ਕੇ ਹਵਾਰਾ ਇੱਕ ਵਾਰ ਫ਼ਿਰ ਚਰਚਾ ਵਿੱਚ ਆ ਗਏ ਹਨ।

ਇਹ ਪੇਸ਼ੀ ਕਰੀਬ 24 ਸਾਲ ਪੁਰਾਣੇ ਇੱਕ ਕਥਿਤ ਦੇਸ਼ ਧਰੋਹ ਦੇ ਕੇਸ ਵਿੱਚ ਹੋਣੀ ਹੈ ਜਿਸ ਲਈ ਹਵਾਰਾ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।

ਪਰ ਅੱਤਵਾਦ ਵਿਰੋਧੀ ਫ਼ਰੰਟ ਨੇ ਮੰਗ ਕੀਤੀ ਹੈ ਕਿ ਹਵਾਰਾ ਨੂੰ ਦਿੱਲੀ ਤੋਂ ਚੰਡੀਗੜ੍ਹ ਨਾ ਲਿਆਇਆ ਜਾਵੇ ਅਤੇ ਉਹਨਾਂ ਦੀ ਪੇਸ਼ੀ ਵੀ ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾਵੇ।

ਜਗਤਾਰ ਸਿੰਘ ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਦਾ ਕਹਿਣਾ ਹੈ ਕਿ ਹਵਾਰਾ ਉਪਰ ਦੋ ਕੇਸ ਚੰਡੀਗੜ੍ਹ, ਦੋ ਮੁਹਾਲੀ ਅਤੇ ਇੱਕ ਕੇਸ ਖਰੜ ਵਿੱਚ ਚੱਲ ਰਹੇ ਹਨ।

ਕੌਣ ਹਨ ਜਗਤਾਰ ਸਿੰਘ ਹਵਾਰਾ ?

31 ਅਗਸਤ 1995 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੰਜਾਬ ਅਤੇ ਹਰਿਆਣਾ ਸਕੱਤਰੇਤ ਅੱਗੇ ਇੱਕ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ।

ਇਸ ਧਮਾਕੇ ਵਿੱਚ ਪੰਜਾਬ ਪੁਲਿਸ ਦੇ ਕਾਂਸਟੇਬਲ ਦਿਲਾਵਰ ਸਿੰਘ ਸਮੇਤ 17 ਲੋਕਾਂ ਦੀ ਮੌਤ ਹੋਈ ਸੀ। ਦਿਲਾਵਰ ਸਿੰਘ ਮਨੁੱਖੀ ਬੰਬ ਬਣਿਆ ਸੀ।

ਇਸ ਕੇਸ ਵਿੱਚ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਸਾਜ਼ਿਸ਼ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਹਵਾਰਾ ਨੇ ਇਸ ਸਜ਼ਾ ਦੇ ਖਿਲਾਫ਼ ਅਪੀਲ ਪਾਈ ਸੀ ਪਰ ਰਾਜੋਆਣਾ ਨੇ ਅਪੀਲ ਪਾਉਣ ਤੋਂ ਮਨਾ ਕਰ ਦਿੱਤਾ ਸੀ।

ਗਰਮ ਖਿਆਲੀ ਜਥੇਬੰਦੀ ਬੱਬਰ ਖਾਲਸਾ ਦੇ ਆਗੂ ਰਹੇ ਜਗਤਾਰ ਸਿੰਘ ਹਵਾਰਾ ਨੂੰ 10 ਨਵੰਬਰ 2015 ਵਿੱਚ ਸਿੱਖ ਕਾਰਕੁੰਨਾ ਵੱਲੋਂ ਸਰਬੱਤ ਖਾਲਸਾ ਸਮਾਗਮ ਦੌਰਾਨ ਅਕਾਲ ਤਖ਼ਤ ਦਾ ਮੁਤਵਾਜ਼ੀ ਜਥੇਦਾਰ ਐਲਾਨ ਦਿੱਤਾ ਗਿਆ ਸੀ।

ਇਹ ਸਰਬੱਤ ਖਾਲਸਾ ਪਿੰਡ ਚੱਬਾ ਵਿੱਚ ਕੀਤੀ ਗਿਆ ਸੀ।

ਇਹ ਐਲਾਨ ਗਰਮ ਖਿਆਲੀ ਸਿੱਖ ਜੱਥੇਬੰਦੀਆਂ ਦੀ ਉਸ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੀ ਸੱਤਾ ਖਿਲਾਫ਼ ਨਰਾਜ਼ਗੀ ਦੇ ਪ੍ਰਤੀਤ ਵੱਜੋਂ ਦੇਖਿਆ ਜਾ ਰਿਹਾ ਸੀ।

ਹਵਾਰਾ

ਜਗਤਾਰ ਸਿੰਘ ਹਵਾਰਾ ਬਾਰੇ ਖਾਸ ਗੱਲਾਂ

  • ਜਗਤਾਰ ਸਿੰਘ ਹਵਾਰਾ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ ’ਚ ਬੰਦ ਹਨ।
  • ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
  • ਹਵਾਰਾ ਨੂੰ 10 ਨਵੰਬਰ 2015 ਵਿੱਚ ਸਿੱਖ ਕਾਰਕੁੰਨਾ ਵੱਲੋਂ ਅਕਾਲ ਤਖ਼ਤ ਦਾ ਮੁਤਵਾਜ਼ੀ ਜਥੇਦਾਰ ਐਲਾਨਿਆ ਗਿਆ।
  • 2004 ਵਿੱਚ ਬੁੜੈਲ ਜੇਲ੍ਹ ਵਿੱਚੋਂ ਸੁਰੰਗ ਪੁੱਟ ਕੇ ਭੱਜੇ ਹਵਾਰਾ ਪਹਿਲੀ ਵਾਰ ਚਰਚਾ ਵਿੱਚ ਆਏ ਸਨ।
  • ਹਵਾਰਾ ਨੂੰ ਜੂਨ 2005 ਵਿੱਚ ਦੁਬਾਰਾ ਫੜ ਲਿਆ ਗਿਆ ਸੀ।
ਹਵਾਰਾ

ਸਾਲ 2004 ਵਿੱਚ ਬੁੜੈਲ ਜੇਲ੍ਹ ਵਿੱਚੋਂ ਸੁਰੰਗ ਪੁੱਟ ਕੇ ਭੱਜੇ ਹਵਾਰਾ ਮੁੜ ਚਰਚਾ ਵਿੱਚ ਆਏ ਸਨ। ਪਰ ਹਵਾਰਾ ਨੂੰ ਜੂਨ 2005 ਵਿੱਚ ਦੁਬਾਰਾ ਫੜ ਲਿਆ ਗਿਆ ਸੀ।

ਸਾਲ 2017 ਵਿੱਚ ਜਗਤਾਰ ਸਿੰਘ ਹਵਾਰਾ ਨੂੰ 24 ਸਾਲ ਪੁਰਾਣੇ ਕਤਲ ਕੇਸ ਵਿੱਚ ਰੋਪੜ ਦੀ ਅਦਾਲਤ ਨੇ ਬਰੀ ਕਰ ਦਿੱਤਾ ਸੀ।

ਹਵਾਰਾ ਖਿਲਾਫ਼ ਸਪੈਸ਼ਲ ਪੁਲਿਸ ਅਫ਼ਸਰ ਸੁਨੀਲ ਕੁਮਾਰ ਦੇ ਕਤਲ ਦਾ ਮਾਮਲਾ ਦਰਜ ਸੀ ਜੋ ਕਿ ਸ਼ਹੀਦੀ ਜੋੜ ਮੇਲ ਵਿੱਚ ਚਮਕੌਰ ਸਾਹਿਬ ਵਿੱਚ 21 ਦਸੰਬਰ 1992 ਨੂੰ ਮਾਰਿਆ ਗਿਆ ਸੀ।

ਹਵਾਰਾ
ਹਵਾਰਾ

ਹਵਾਰਾ ਪਿੰਡ ਨਾਲ ਹੈ ਸਬੰਧ

ਜਗਤਾਰ ਸਿੰਘ ਹਵਾਰਾ ਦਾ ਜਨਮ 16 ਮਈ 1973 ਨੂੰ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਹਵਾਰਾ ਵਿੱਚ ਹੋਇਆ ਸੀ।

ਉਹ ਦੋ ਭਰਾ-ਅਵਤਾਰ ਸਿੰਘ ਅਤੇ ਜਗਤਾਰ ਸਿੰਘ ਹਨ।

ਹਵਾਰਾ ਦੇ ਪਿਤਾ ਸ਼ੇਰ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਨਰਿੰਦਰ ਕੌਰ ਵਿਦੇਸ਼ ਵਿੱਚ ਰਹਿੰਦੇ ਹਨ।

ਹਵਾਰਾ ਪਿੰਡ ਦੇ ਵਸਨੀਕਾਂ ਮੁਤਾਬਕ ਜਗਤਾਰ ਸਿੰਘ ਹਵਾਰਾ ਦੇ ਪਰਿਵਾਰ ਵਿੱਚੋਂ ਅੱਜਕੱਲ੍ਹ ਪਿੰਡ ਵਿੱਚ ਕੋਈ ਨਹੀਂ ਰਹਿੰਦਾ ਹੈ।

ਸੇਵਾਮੁਕਤ ਅਧਿਆਪਕ ਰਣਜੀਤ ਸਿੰਘ ਨੇ ਦੱਸਿਆ, “ਜਗਤਾਰ ਸਿੰਘ ਹਵਾਰਾ ਮੇਰਾ ਵਿਦਿਆਰਥੀ ਸੀ। ਉਹ 1988 ਤੋਂ ਲੈ ਕੇ 1990 ਤੱਕ ਮੇਰੇ ਕੋਲ ਪੜ੍ਹਿਆ ਹੈ। ਜਗਤਾਰ ਬਹੁਤ ਹੀ ਨਰਮ ਸੁਭਾਅ ਵਾਲਾ, ਇਮਾਨਦਾਰ ਅਤੇ ਨਰੋਈ ਸਿਹਤ ਮਾਲਕ ਸੀ।”

ਹਵਾਰਾ

ਤਸਵੀਰ ਸਰੋਤ, BBC/ Gurminder Grewal

ਤਸਵੀਰ ਕੈਪਸ਼ਨ, ਜਗਤਾਰ ਹਵਾਰਾ ਦਾ ਘਰ

ਰਣਜੀਤ ਸਿੰਘ ਕਹਿੰਦੇ ਹਨ, “ਹਵਾਰਾ ਬਾਲੀਬਾਲ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਸੀ। ਮੇਰੀ ਜਾਣਕਾਰੀ ਮੁਤਾਬਕ ਉਹ ਗਿਆਰਵੀਂ ਜਮਾਤ ਵਿੱਚ ਫ਼ਰੀਦਕੋਟ ਬਰਜਿੰਦਰਾ ਕਾਲਜ ਵਿੱਚ ਚਲਾ ਗਿਆ ਸੀ ਜਿੱਥੇ ਉਸ ਦੀ ਰੀ-ਅਪੀਆਰ ਆ ਗਈ ਸੀ।”

“ਉਸ ਦੀ ਕੋਈ ਖਾੜਕੂਆਂ ਵਾਲੀ ਸੋਚ ਨਹੀਂ ਸੀ ਪਰ ਸਮੇਂ ਅਤੇ ਹਲਾਤਾਂ ਦੇ ਚੱਲਦਿਆਂ ਕੁਝ ਲੋਕਾਂ ਨੇ ਕੁਰਾਹੇ ਪਾ ਦਿੱਤਾ।”

ਪਿੰਡ ਦੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੱਘਰ ਸਿੰਘ ਦਾ ਕਹਿਣਾ ਹੈ, “ਜਗਤਾਰ ਸਿੰਘ ਦੇ ਪਰਿਵਾਰ ਵਿੱਚੋਂ ਇਸ ਸਮੇਂ ਪਿੰਡ ਵਿੱਚ ਕੋਈ ਨਹੀਂ ਹੈ। ਉਸ ਦੇ ਚਾਚਾ ਪਾਲ ਸਿੰਘ ਦੀ ਵੀ ਪਿਛਲੇ ਸਾਲ ਮੌਤ ਹੋ ਚੁੱਕੀ ਹੈ ਅਤੇ ਇੱਕ ਚਾਚਾ ਕੁਲਦੀਪ ਸਿੰਘ ਵਿਦੇਸ਼ ਰਹਿੰਦਾ ਹੈ। ਹਵਾਰਾ ਦਾ ਭਰਾ ਅਤੇ ਭਰਜਾਈ ਵੀ ਇਥੇ ਨਹੀਂ ਰਹਿੰਦੇ। ਉਹਨਾਂ ਦਾ ਮਕਾਨ ਬਿਲਕੁਲ ਖਾਲੀ ਪਿਆ ਹੈ।”

“ਜਗਤਾਰ ਨੇ ਬਾਲੀਬਾਲ ਦਾ ਚੰਗਾ ਖਿਡਾਰੀ ਹੋਣ ਕਾਰਨ ਕੁਝ ਸਮਾਂ ਕਪੂਰਥਲੇ ਵੀ ਲਗਾਇਆ। ਉਸ ਤੋਂ ਬਾਅਦ ਜਗਤਾਰ ਨੇ ਘਰ ਛੱਡਿਆ।”

ਮੱਘਰ ਸਿੰਘ ਦੱਸਦੇ ਹਨ, “ਇਹਨਾਂ ਦਾ ਪਰਿਵਾਰ ਆਰਥਿਕ ਤੌਰ ਉਪਰ ਵਧੀਆ ਹਾਲਤ ਵਿੱਚ ਸੀ। ਉਸ ਦੇ ਬਾਬੇ ਚਾਰ ਭਰਾ ਸਨ, ਜਿੰਨ੍ਹਾਂ ਵਿੱਚੋਂ ਦੋ ਇਕੱਠੇ ਰਹਿੰਦੇ ਸਨ। ਉਹਨਾਂ ਕੋਲ 20 ਏਕੜ ਜ਼ਮੀਨ ਸੀ ਅਤੇ ਪਰਿਵਾਰ ਦਾ ਚੰਗਾ ਗੁਜ਼ਾਰਾ ਹੁੰਦਾ ਸੀ। ਉਸ ਦੇ ਦਾਦੇ ਨੂੰ ਪਿੰਡ ਵਿੱਚ ਠੇਕੇਦਾਰ ਕਹਿੰਦੇ ਸਨ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)