ਹਰਮੀਤ ਕੌਰ ਢਿੱਲੋਂ ਕੌਣ ਹਨ, ਜਿਨ੍ਹਾਂ ਨੇ ਕਦੇ ਟਰੰਪ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਸੀ, ਹੁਣ ਵੱਡੇ ਅਹੁਦੇ ਲਈ ਨਾਮਜ਼ਦ ਹੋਏ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਨੇ ਪੰਜਾਬੀ ਮੂਲ ਦੀ ਵਕੀਲ ਹਰਮੀਤ ਕੌਰ ਢਿੱਲੋਂ ਨੂੰ ਸਿਵਿਲ ਰਾਈਟਸ ਦੀ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ।

ਦਰਅਸਲ, ਇਹ ਉਹੀ ਹਰਮੀਤ ਕੌਰ ਢਿੱਲੋਂ ਹਨ, ਜਿਨ੍ਹਾਂ ਨੇ ਜੁਲਾਈ 2024 ਵਿੱਚ ਡੌਨਲਡ ਟਰੰਪ ਉੱਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਰਿਪਬਲੀਕਨ ਪਾਰਟੀ ਦੀ ਰੈਲੀ ਵਿੱਚ ਟਰੰਪ ਲਈ ਸਿੱਖੀ ਰਵਾਇਤਾਂ ਨਾਲ ਅਰਦਾਸ ਕੀਤੀ ਸੀ।

ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਡੌਨਲਡ ਟਰੰਪ ਨੇ ਅਧਿਕਾਰਤ ਨਿਯੁਕਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।

ਇਸ ਤੋਂ ਪਹਿਲਾਂ ਟਰੰਪ ਨੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੂੰ ਵੀ ਇਲੋਨ ਮਸਕ ਦੇ ਨਾਲ ਡਿਪਾਰਟ ਆਫ ਗਰਵਰਨਮੈਂਟ ਐਫੀਸ਼ੀਐਂਸੀ ਦੀ ਜ਼ਿੰਮੇਵਾਰੀ ਸੌਂਪੀ ਸੀ ਅਤੇ ਕਾਸ਼ ਪਟੇਲ ਨੂੰ ਐੱਫਬੀਆਈ ਦੇ ਡਾਇਰੈਕਟਰ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ।

ਡੌਨਲਡ ਟਰੰਪ ਨੇ ਆਪਣੇ ਅਧਿਕਾਰਤ ਟਰੁੱਥ ਹੈਂਡਲ ਉੱਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਲਿਖਿਆ, "ਮੈਨੂੰ ਯੂਐੱਸ ਨਿਆਂ ਵਿਭਾਗ ਵਿੱਚ ਨਾਗਰਿਕ ਅਧਿਕਾਰਾਂ ਲਈ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਹਰਮੀਤ ਕੌਰ ਢਿੱਲੋਂ ਨੂੰ ਨਾਮਜ਼ਦ ਕਰਦੇ ਹੋਏ ਖੁਸ਼ੀ ਹੋ ਰਹੀ ਹੈ।"

"ਆਪਣੇ ਪੂਰੇ ਕਰੀਅਰ ਦੌਰਾਨ ਹਰਮੀਤ ਨੇ ਸਾਡੀ ਨਾਗਰਿਕ ਆਜ਼ਾਦੀ ਦੀ ਰੱਖਿਆ ਲਈ ਲਗਾਤਾਰ ਅਵਾਜ਼ ਚੁੱਕੀ ਹੈ, ਜਿਸ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਸੈਂਸਰ ਕਰਨ ਵਾਲੀਆਂ 'ਬਿਗ ਟੈਕ' ਦਾ ਸਾਹਮਣਾ ਕਰਨਾ, ਉਨ੍ਹਾਂ ਇਸਾਈਆਂ ਦੀ ਨੁਮਾਇੰਦਗੀ ਕਰਨੀ, ਜਿਨ੍ਹਾਂ ਨੂੰ ਕੋਵਿਡ ਦੌਰਾਨ ਇਕੱਠੇ ਪ੍ਰਾਰਥਨਾ ਕਰਨਾ ਤੋਂ ਰੋਕਿਆ ਗਿਆ ਸੀ। ਉਨ੍ਹਾਂ ਨਿਗਮਾਂ (ਕਾਰਪੋਰੇਸ਼ਨਾਂ) ʼਤੇ ਕੇਸ ਕਰਨਾ ਸ਼ਾਮਿਲ ਹੈ ਜੋ ਨੀਤੀਆਂ ਦੀ ਵਰਤੋਂ ਮੁਲਾਜ਼ਮਾਂ ਨਾਲ ਵਿਤਕਰਾ ਕਰਨ ਲਈ ਕਰਦੀਆਂ ਹਨ।"

ਉਨ੍ਹਾਂ ਨੇ ਅੱਗੇ ਲਿਖਿਆ, "ਹਰਮੀਤ ਮੋਹਰੀ ਚੁਣਾਵੀਂ ਵਕੀਲਾਂ ਵਿੱਚੋਂ ਇੱਕ ਹੈ, ਜੋ ਇਹ ਯਕੀਨੀ ਬਣਾਉਣ ਲਈ ਲੜੇ ਕਿ ਸਾਰੀਆਂ ਅਤੇ ਵੈਧ ਵੋਟਾਂ ਦੀ ਗਿਣਤੀ ਹੋਵੇ। ਉਹ ਡਾਰਮਾਊਥ ਕਾਲਜ ਅਤੇ ਵਰਜੀਨੀਆ ਲਾਅ ਸਕੂਲ ਯੂਨੀਵਰਸਿਟੀ ਤੋਂ ਗ੍ਰੇਜੂਏਟ ਹਨ ਅਤੇ ਯੂਐੱਸ ਫੌਰਥ ਸਰਕਟ ਕੋਰਟ ਆਫ ਅਪੀਲਜ਼ ਵਿੱਚ ਕਲਰਕ ਹਨ।"

"ਹਰਮੀਤ ਸਿੱਖ ਭਾਈਚਾਰੇ ਵਿੱਚ ਸਨਮਾਨਿਤ ਮੈਂਬਰ ਹਨ। ਨਿਆਂ ਵਿਭਾਗ ਵਿੱਚ ਆਪਣੀ ਨਵੀਂ ਭੂਮਿਕਾ ਲਈ ਹਰਮੀਤ ਸਾਡੇ ਸੰਵਿਧਾਨਿਕ ਅਧਿਕਾਰਾਂ ਦੇ ਅਣਥੱਕ ਰੱਖਿਅਕ ਰਹਿਣਗੇ ਅਤੇ ਸਾਡੇ ਨਾਗਰਿਕ ਅਧਿਕਾਰਾਂ ,ਚੋਣ ਸਬੰਧੀ ਅਧਿਕਾਰਾਂ ਅਤੇ ਚੋਣ ਕਾਨੂੰਨਾਂ ਨੂੰ ਨਿਰਪੱਖਤਾ ਅਤੇ ਦ੍ਰਿੜਤਾ ਨਾਲ ਲਾਗੂ ਕਰਨਗੇ।"

ਇਸ ਦੇ ਜਵਾਬ ਵਿੱਚ ਹਰਮੀਤ ਕੌਰ ਢਿੱਲੋਂ ਨੇ ਡੌਨਲਡ ਟਰੰਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬੇਹੱਦ ਸਨਮਾਨਿਤ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਨੇ ਆਪਣੇ ਐਕਸ ਹੈਂਡਲ ʼਤੇ ਲਿਖਿਆ, "ਸਾਡੇ ਮਹਾਨ ਦੇਸ਼ ਦੀ ਸੇਵਾ ਕਰਨ ਦੇ ਯੋਗ ਹੋਣਾ ਮੇਰਾ ਸੁਪਨਾ ਰਿਹਾ ਹੈ ਅਤੇ ਮੈਂ ਪੈਮ ਬੋਂਡੀ ਦੀ ਅਗਵਾਈ ਵਾਲੇ ਵਕੀਲਾਂ ਦੀ ਇੱਕ ਸ਼ਾਨਦਾਰ ਟੀਮ ਦਾ ਹਿੱਸਾ ਬਣਨ ਲਈ ਬੇਹੱਦ ਉਤਸ਼ਾਹਿਤ ਹਾਂ।"

"ਮੈਂ ਇੰਤਜ਼ਾਰ ਕਰ ਰਹੀ ਹਾਂ ਕਦੋਂ ਮੈਂ ਕੰਮ ʼਤੇ ਜਾਵਾਂ। ਆਪਣੀ ਮਾਂ, ਭਰਾ ਅਤੇ ਮੇਰੇ ਪਿਤਾ ਤੇਜਪਾਲ ਅਤੇ ਪਤੀ ਸਰਵ (ਸਰਵਜੀਤ ਸਿੰਘ ਰੰਧਾਵਾ) ਦੇ ਸਹਿਯੋਗ ਤੋਂ ਬਿਨਾਂ ਮੈਂ ਅੱਜ ਇੱਥੇ ਨਹੀਂ ਹੁੰਦੀ। ਭਾਵੇਂ ਅੱਜ ਉਹ ਮੇਰੇ ਨਾਲ ਨਹੀਂ ਹਨ ਪਰ ਮੈਂ ਉਮੀਦ ਕਰਦੀ ਹਾਂ ਕਿ ਮੈਂ ਪ੍ਰਮਾਤਮਾ ਦੀ ਮਿਹਰ ਨਾਲ, ਉਨ੍ਹਾਂ ਦੀਆਂ ਯਾਦਾਂ ਦਾ ਸਨਮਾਨ ਕਰਾਂ।"

ਹਰਮੀਤ ਕੌਰ ਢਿੱਲੋਂ ਕੌਣ ਹਨ

ਹਰਮੀਤ ਕੌਰ ਢਿੱਲੋਂ, ਢਿੱਲੋਂ ਲਾਅ ਗਰੁੱਪ ਇੰਕ. ਦੀ ਸੰਸਥਾਪਕ ਅਤੇ ਸੀਨੀਅਰ ਪਾਰਟਨਰ ਹਨ।

1969 ਵਿੱਚ ਚੰਡੀਗੜ੍ਹ ਵਿੱਚ ਪੈਦਾ ਹੋਏ ਹਰਮੀਤ ਕੌਰ ਢਿੱਲੋਂ 2 ਸਾਲਾਂ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਅਮਰੀਕਾ ਜਾ ਵਸੇ ਸਨ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲ ਕਰਦਿਆਂ ਹਰਮੀਤ ਕੌਰ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ।

ਉਨ੍ਹਾਂ ਨੇ ਕਿਹਾ, "ਮੇਰੇ ਮਾਪਿਆਂ ਦਾ ਜਨਮ ਪਾਕਿਸਤਾਨ ਵਾਲੇ ਬ੍ਰਿਟਿਸ਼ ਭਾਰਤ ਵਿੱਚ ਹੋਇਆ ਸੀ। ਮੇਰੇ ਮਾਤਾ ਉਸ ਵੇਲੇ ਛੋਟੇ ਸਨ ਅਤੇ ਵੰਡ ਦੇ ਸ਼ਰਨਾਰਥੀ ਸਨ।"

"ਮੇਰੇ ਨਾਨਾ ਜੀ ਨੇ ਕਿੰਗ ਐਡਵਰਡ ਮੈਡੀਕਲ ਕਾਲਜ ਤੋਂ ਮੈਡੀਕਲ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਉਸ ਨੂੰ ਨੇਪਰੇ ਚਾੜਿਆ।"

ਹਰਮੀਤ ਨੇ ਅੱਗੇ ਦੱਸਿਆ, "ਉਨ੍ਹਾਂ ਦੇ ਦਾਦਾ ਜੀ ਨੇ ਸਿਵਿਲ ਸਰਵਿਸ ਵਿੱਚ ਡਾਕਟਰ ਵਜੋਂ ਸੇਵਾਵਾਂ ਨਿਭਾਈਆਂ ਹਨ ਅਤੇ ਬਰਮਾ ਵਿੱਚ ਦੂਜੀ ਵਿਸ਼ਵ ਜੰਗ ਵਿੱਚ ਹਿੱਸਾ ਲਿਆ। ਮੇਰੇ ਨਾਨਾ ਜੀ ਪੀਵੀਐੱਸਐੱਮ ਪੂਰਨ ਸਿੰਘ ਬਾਜਵਾ (ਏਅਰ ਮਾਰਸ਼ਲ) ਭਾਰਤੀ ਫੌਜ ਵਿੱਚ ਮੈਡੀਕਲ ਅਫ਼ਸਰ ਵੀ ਰਹੇ ਸਨ।"

"ਮੈਂ ਦਿੱਲੀ ਵਿੱਚ ਕਈਆਂ ਗਰਮੀਆਂ ਬਿਤਾਈਆਂ ਹਨ। ਉੱਥੇ ਮੈਂ ਆਪਣੇ ਭਰਾ ਨਾਲ ਪੰਜਾਬੀ ਪੜ੍ਹਨ, ਕੀਰਤਨ, ਤਬਲਾ, ਹਾਰਮੋਨੀਅਨ ਸਿੱਖਦੀ ਹੁੰਦੀ ਸੀ। ਮੇਰੇ ਮਾਪੇ ਅੰਮ੍ਰਿਤਧਾਰੀ ਹਨ। ਮੇਰੇ ਪਤੀ ਦਾ ਪਰਿਵਾਰ ਵੀ ਪੰਜਾਬ ਨਾਲ ਸਬੰਧਤ ਹੈ।"

ਅਮਰੀਕਾ ਦੇ ਇੱਕ ਅਖ਼ਬਾਰ ਮੁਤਾਬਕ, ਉਨ੍ਹਾਂ ਦੇ ਪਿਤਾ ਆਰਥੋਪੀਡਿਕ ਸਰਜਨ ਸਨ ਅਤੇ ਉਹ ਪਰਿਵਾਰ ਨਾਲ ਪਹਿਲਾਂ ਨਿਊਯਾਰਕ ਅਤੇ ਫਿਰ ਕੈਰੋਲੀਨਾ ਵਿੱਚ ਜਾ ਵਸੇ।

ਇਸੇ ਹੀ ਅਖ਼ਬਾਰ ਨਾਲ ਗੱਲ ਕਰਦਿਆਂ ਢਿੱਲੋਂ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ।

ਉਨ੍ਹਾਂ ਨੇ ਅਖ਼ਬਾਰ ਨੂੰ ਦੱਸਿਆ, "ਮੇਰੀਆਂ ਦੋ ਲੰਬੀਆਂ ਗੁੱਤਾਂ ਹੁੰਦੀਆਂ ਸਨ, ਮੇਰਾ ਨਾਮ ਵੀ ਅਜੀਬ ਜਿਹਾ ਸੀ ਅਤੇ ਮੇਰੀ ਮਾਂ ਮੈਨੂੰ ਕਦੇ ਫੈਸ਼ਨੇਬਲ ਕੱਪੜੇ ਨਹੀਂ ਪਹਿਨਾਉਂਦੇ ਸਨ। ਮੈਂ ਬਿਲਕੁਲ ਵੀ ਹਰਮਨ ਪਿਆਰੀ ਨਹੀਂ ਸੀ।"

ਉਨ੍ਹਾਂ ਦਾ ਪਾਲਣ-ਪੋਸ਼ਣ ਸਿੱਖ ਧਾਰਮਿਕ ਰਹੁ-ਰੀਤਾਂ ਵਿਚਾਲੇ ਹੋਇਆ। ਉਨ੍ਹਾਂ ਨੇ ਦੱਸਿਆ, "ਮੇਰੇ ਘਰ ਵਿੱਚ ਕਾਫੀ ਧਾਰਮਿਕ ਮਾਹੌਲ ਸੀ ਅਤੇ ਇਹ ਮੇਰੇ ਜੀਵਨ ਦੇ ਪਹਿਲੇ ਦਿਨ ਤੋਂ ਹੀ ਕਾਫੀ ਅਹਿਮ ਹਿੱਸਾ ਸੀ।"

ਹਰਮੀਤ ਕੌਰ ਦੇ ਪਤੀ ਸਰਵਜੀਤ ਰੰਧਾਵਾ ਅਤੇ ਪਿਤਾ ਤੇਜਪਾਲ ਸਿੰਘ ਢਿੱਲੋਂ ਦਾ ਸਾਲ 2024 ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਤੀ ਨੂੰ ਪਾਰਕਿਨਸਨ ਬਿਮਾਰੀ ਅਤੇ ਕੈਂਸਰ ਸੀ।

ਇੱਕ ਲੇਖ ਮੁਤਾਬਕ ਸਰਵਜੀਤ ਰੰਧਾਵਾ ਉਨ੍ਹਾਂ ਦੇ ਤੀਜੇ ਪਤੀ ਸੀ, ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਤਲਾਕ ਹੋਏ ਸਨ।

ਇਸ ਵਿਚਾਲੇ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਮਾਂ ਨੂੰ ਛਾਤੀ ਦਾ ਕੈਂਸਰ ਹੋ ਗਿਆ ਸੀ ਅਤੇ ਉਨ੍ਹਾਂ ਦੇ ਆਪਣੀ ਮਾਂ ਦੀ ਦੇਖਭਾਲ ਲਈ ਸਭ ਛੱਡ ਕੇ ਉਨ੍ਹਾਂ ਦੇ ਰਹਿਣਾ ਸ਼ੁਰੂ ਕਰ ਦਿੱਤਾ ਸੀ।

ਵਕੀਲ ਵਜੋਂ ਕਰੀਅਰ ਦੀ ਸ਼ੁਰੂਆਤ

ਹਰਮੀਤ ਕੌਰ ਢਿੱਲੋਂ ਨੇ ਸਾਲ 2006 ਵਿੱਚ ਆਪਣੇ ਲਾਅ ਫਾਰਮ, ਢਿੱਲੋਂ ਲਾਅ ਗਰੁੱਪ ਇੰਕ ਦੀ ਸ਼ੁਰੂਆਤ ਕੀਤੀ।

ਉਨ੍ਹਾਂ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ, ਉਨ੍ਹਾਂ ਨੇ ਸੰਵਿਧਾਨਕ ਮੁਕੱਦਮੇਬਾਜ਼ੀ ਤੋਂ ਆਪਣੇ ਕਰੀਅਰ ਸ਼ੁਰੂ ਕੀਤਾ। ਇਸ ਤੋਂ ਬਾਅਦ ਫੈਡਰਲ ਅਪੀਲ ਕੋਰਟ ਵਿੱਚ ਕਲਰਕੀ ਕੀਤੀ। ਉਨ੍ਹਾਂ ਨੇ ਵੱਕਾਰੀ ਕੌਮਾਂਤਰੀ ਲਾਅ ਫਰਮਾਂ ਵਿੱਚ ਇੱਕ ਦਹਾਕੇ ਤੱਕ ਅਭਿਆਸ ਕੀਤਾ ਹੈ।

ਹਰਮੀਤ ਨੇ ਨਾਗਰਿਕ ਅਧਿਕਾਰ ਗ਼ੈਰ-ਲਾਭਕਾਰੀ ਸੰਸਥਾ ਸੈਂਟਰ ਫਾਰ ਅਮਰੀਕਨ ਲਿਬਰਿਟੀ ਦੀ ਸਥਾਪਨਾ ਕੀਤੀ।

ਇਹ ਸੰਸਥਾ ਪੂਰੇ ਦੇਸ਼ ਵਿੱਚ ਭਾਸ਼ਣ ਅਤੇ ਹੋਰਨਾਂ ਆਜ਼ਾਦੀ ਦੇ ਹਿੱਤਾਂ ਨਾਲ ਜੁੜੇ ਨਾਗਰਿਕ ਅਧਿਕਾਰ ਮਾਮਲਿਆਂ ਦੀ ਦੇਖਰੇਖ ਕਰਦੀ ਹੈ।

ਹਰਮੀਤ ਰਿਪਬਲੀਕਨ ਨੈਸ਼ਨਲ ਲਾਅਰਜ਼ ਐਸੋਸੀਏਸ਼ਨ ਦੀ ਕੌਮੀ ਸਹਿ-ਪ੍ਰਧਾਨ ਹਨ ਅਤੇ ਕੈਲੀਫੋਰੀਆ ਤੋਂ ਰਿਪਬਲੀਕਰਨ ਨੈਸ਼ਨਲ ਕਮੇਟੀਵੂਮੈਨ ਹਨ।

ਉਹ ਤਕਨੀਕੀ ਸੈਂਸਰਸ਼ਿਪ ਮੁੱਦਿਆਂ ਸਣੇ ਹਾਈ ਪ੍ਰੋਫਾਈਲ ਕੇਸਾਂ ਅਤੇ ਨੀਤੀਗਤ ਮੁੱਦਿਆਂ ʼਤੇ ਅਕਸਰ ਕਾਨੂੰਨੀ ਅਤੇ ਮੀਡੀਆ ਟਿੱਪਣੀਕਾਰ ਵੀ ਹਨ।

ਬੁਣਾਈ ਅਤੇ ਕਰੋਸ਼ੀਏ ਦਾ ਸ਼ੌਂਕ

ਪੇਸ਼ੇ ਵਕੀਲ ਹੋਣ ਦੇ ਨਾਲ-ਨਾਲ ਹਰਮੀਤ ਕੌਰ ਦੇ ਕੁਝ ਵੀ ਸ਼ੌਂਕ ਹਨ।

ਦਰਅਸਲ, ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ, ਖ਼ਾਸ ਕਰ ਕੇ ਇੰਸਟਾਗ੍ਰਾਮ ʼਤੇ ਉਨ੍ਹਾਂ ਦੇ ਸਿਲਾਈਆਂ ਨਾਲ ਬੁਣਾਈ ਕਰਨ ਅਤੇ ਕਰੋਸ਼ੀਏ ਦਾ ਸ਼ੌਂਕ ਸਾਫ਼ ਝਲਕਦਾ ਹੈ।

ਸੋਸ਼ਲ ਮੀਡੀਆ ਪਲੇਟਫਾਰਮਾਂ ʼਤੇ ਜਿੱਥੇ ਹਰਮੀਤ ਨੇ ਸਵੈਟਰਾਂ-ਟੋਪੀਆਂ ਨੂੰ ਬਣਾ ਕੇ ਸਾਂਝਾ ਕੀਤਾ ਹੈ, ਉੱਥੇ ਹੀ ਉਨ੍ਹਾਂ ਨੇ ਇੱਕ ਪੋਸਟ ਵਿੱਚ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੇ ਕਰੋਸ਼ੀਆ ਚਲਾਉਣਾ ਆਪਣਾ ਦਾਦੀ ਕੋਲੋਂ ਸਿੱਖਿਆ ਸੀ।

ਪੁਰਾਣੀਆਂ ਪ੍ਰਤੀਕਿਰਿਆਵਾਂ ਕਰ ਕੇ ਛਿੱੜੀ ਚਰਚਾ

ਹਾਲਾਂਕਿ, ਇਸ ਵਿਚਾਲੇ ਹਰਮੀਤ ਕੌਰ ਢਿੱਲੋਂ ਵੱਲੋਂ ਕੀਤੇ ਗਏ ਕੁਝ ਪੁਰਾਣੇ ਟਵੀਟਾਂ ਕਰ ਕੇ ਸੋਸ਼ਲ ਮੀਡੀਆ ਉੱਤੇ ਚਰਚਾ ਵੀ ਸ਼ੁਰੂ ਹੋ ਗਈ ਹੈ।

ਇਨ੍ਹਾਂ ਵਿੱਚ ਹਰਮੀਤ ਕੌਰ ਨੇ ਕਿਸਾਨ ਅੰਦੋਲਨ, ਹਰਦੀਪ ਸਿੰਘ ਨਿੱਝਰ, ਗੁਰਪਤਵੰਤ ਸਿੰਘ ਪੰਨੂੰ ਉੱਤੇ ਕੀਤੇ ਗਏ ਟਵੀਟ ਚਰਚਾ ਵਿੱਚ ਹਨ।

ਸਾਲ 2023 ਵਿੱਚ ਸਿੱਖ ਵੱਖਵਾਦੀ ʼਤੇ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਅਮਰੀਕਾ ਨੇ ਦਾਅਵਾ ਕੀਤਾ ਕਿ ਇਸ ਹਮਲੇ ਵਿੱਚ ਭਾਰਤੀ ਨਾਗਰਿਕ ਦਾ ਹੱਥ ਸੀ।

ਇਸ ਆਪਣੀ ਉਸ ਵੇਲੇ ਟਵੀਟ ਕਰਦਿਆਂ ਹਰਮੀਤ ਕੌਰ ਨੇ ਲਿਖਿਆ, "ਅਮਰੀਕਾ ਦੇ ਸਿੱਖ ਜਵਾਬ ਚਾਹੁੰਦੇ ਹਨ, ਹੋਰ ਕੌਣ ਖ਼ਤਰੇ ਵਿੱਚ ਹੈ ਅਤੇ ਅਮਰੀਕਾ ਸਰਕਾਰ ਕੀ ਕਰ ਰਹੀ ਹੈ? ਕਾਂਗਰਸ ਵਿੱਚ ਭਾਰਤੀ ਅਮਰੀਕੀ ਡੈਮੋਕ੍ਰੇਟ ਅਜੀਬ ਚੁੱਪੀ ਸਾਧੇ ਹੋਏ ਹਨ।"

ਇਸ ਤੋਂ ਇਲਾਵਾ ਕੈਨੇਡਾ ਵਿੱਚ ਹੋਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਵੀ ਉਨ੍ਹਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।

ਉਨ੍ਹਾਂ ਨੇ ਲਿਖਿਆ ਸੀ, "ਕੈਨੇਡਾ ਦੇ ਕੰਜ਼ਰਵੈਟਿਕ ਆਗੂ ਨੇ ਹੋਰਨਾਂ ਕੈਨੇਡਾ ਦੇ ਅਧਿਕਾਰੀਆਂ ਨਾਲ ਰਲ ਕੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਗ਼ੈਰ-ਨਿਆਂਇਕ ਕਤਲ ਦੀ ਨਿੰਦਾ ਕੀਤੀ ਹੈ। ਇਸ ਹੈਰਾਨ ਕਰ ਦੇਣ ਵਾਲੀ ਘਟਨੇ ਦੇ ਖ਼ਿਲਾਫ਼ ਉਨ੍ਹਾਂ ਦਾ ਇੱਕਜੁਠ ਹੋਣਾ ਚੰਗਾ ਲੱਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)