ਦਿਲਵਾਲੇ ਦੁਲਹਨੀਆ ਲੇ ਜਾਏਂਗੇ ਦੇ 30 ਸਾਲ: ਜਦੋਂ ਫ਼ਿਲਮ ਨੇ ਇੱਕ ਅਸਲੀ 'ਰਾਜ' ਨੂੰ ਉਸ ਦੀ ‘ਸਿਮਰਨ’ ਨਾਲ ਮਿਲਾਇਆ

ਡੀਡੀਐੱਲਜੇ

ਤਸਵੀਰ ਸਰੋਤ, YASH RAJ FILMS

ਤਸਵੀਰ ਕੈਪਸ਼ਨ, ਡੀਡੀਐੱਲਜੇ 30 ਸਾਲ ਪਹਿਲਾਂ 20 ਅਕਤੂਬਰ 1995 ਨੂੰ ਰਿਲੀਜ਼ ਹੋਈ ਸੀ
    • ਲੇਖਕ, ਵੰਦਨਾ
    • ਰੋਲ, ਸੀਨੀਅਰ ਨਿਊਜ਼ ਐਡੀਟਰ, ਬੀਬੀਸੀ ਨਿਊਜ਼

"ਮੈਂ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਵਰਗੀਆਂ ਫਿਲਮਾਂ ਦੇਖਦੇ ਹੋਏ ਵੱਡਾ ਹੋਇਆ ਹਾਂ। ਮੈਂ 10-12 ਸਾਲਾਂ ਦਾ ਸੀ ਜਦੋਂ ਮੈਂ ਪਹਿਲੀ ਵਾਰ ਡੀਡੀਐੱਲਜੇ ਦੇਖੀ ਸੀ। ਉਸ ਤੋਂ ਬਾਅਦ ਮੈਂ ਇਸਨੂੰ ਕਈ ਵਾਰ ਦੇਖਿਆ।"

"ਮੇਰੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਸੀ ਕਿ ਇੱਕ ਪ੍ਰੇਮ ਕਹਾਣੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਤਿੰਨ ਸਾਲ ਪਹਿਲਾਂ, ਸ਼ਾਹਰੁਖ ਖ਼ਾਨ ਦੇ ਇੱਕ ਪ੍ਰੋਗਰਾਮ ਵਿੱਚ, ਮੇਰੀ ਨਜ਼ਰ ਇੱਕ ਕੁੜੀ 'ਤੇ ਪਈ ਜਿਸਨੇ ਸਫ਼ੇਦ ਚੂੜੀਦਾਰ ਅਤੇ ਹਰਾ ਦੁਪੱਟਾ ਲਿਆ ਹੋਇਆ ਸੀ। ਉਹ ਮੁਲਾਕਾਤ ਜਲਦੀ ਹੀ ਪਿਆਰ ਵਿੱਚ ਬਦਲ ਗਈ।"

ਹਬੀਬ ਖ਼ਾਨ ਆਪਣੀ ਪ੍ਰੇਮ ਕਹਾਣੀ ਨੂੰ ਬਿਲਕੁਲ ਸ਼ਾਹਰੁਖ ਖ਼ਾਨ ਦੇ "ਰਾਜ" ਵਾਲੇ ਤਰੀਕੇ ਨਾਲ ਬਿਆਨ ਕਰਦੇ ਹਨ।

ਹਬੀਬ ਕਹਿੰਦੇ ਹਨ, "ਮੈਂ ਹੈਦਰਾਬਾਦ ਤੋਂ ਹਾਂ, ਉਹ ਮੁੰਬਈ ਤੋਂ ਹੈ। ਮੇਰੇ ਘਰ ਕੋਈ ਸਮੱਸਿਆ ਨਹੀਂ ਸੀ, ਪਰ ਸਾਡਾ ਧਰਮ, ਸੱਭਿਆਚਾਰ, ਸਭ ਕੁਝ ਵੱਖਰਾ ਹੈ ਅਤੇ ਉਸਦੇ ਪਰਿਵਾਰ ਨੂੰ ਮਨਾਉਣਾ ਸੌਖਾ ਨਹੀਂ ਸੀ।"

"ਪਰ ਡੀਡੀਐੱਲਜੇ ਤੋਂ ਪ੍ਰੇਰਿਤ ਹੋ ਕੇ, ਅਸੀਂ ਫ਼ੈਸਲਾ ਕੀਤਾ ਕਿ ਅਸੀਂ ਉਦੋਂ ਤੱਕ ਵਿਆਹ ਨਹੀਂ ਕਰਾਂਗੇ ਜਦੋਂ ਤੱਕ ਸਾਡੇ ਮਾਪੇ ਸਹਿਮਤ ਨਹੀਂ ਹੁੰਦੇ। ਹੌਲੀ-ਹੌਲੀ, ਮੈਂ ਉਸਦੀ ਭੈਣ ਅਤੇ ਮਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ। ਉਸਦੀ ਭੈਣ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਫਿਰ ਜੀਜਾ ਅਤੇ ਭਰਾ ਨਾਲ ਗੱਲ ਹੋਣ ਲੱਗੀ।"

ਇੰਨੇ ਸਾਲਾਂ ਬਾਅਦ, ਅਸੀਂ ਆਖ਼ਰਕਾਰ ਵਿਆਹ ਦੇ ਨੇੜੇ ਹਾਂ। ਮੈਂ ਸਿਰਫ਼ ਇਹ ਕਲਪਨਾ ਕਰ ਸਕਦਾ ਹਾਂ ਕਿ ਜੇਕਰ ਅਸਲ ਜ਼ਿੰਦਗੀ ਵਿੱਚ ਕੋਈ ਰਾਜ ਹੋਵੇ ਅਤੇ ਸਿਮਰਨ ਦੇ ਮਾਪੇ ਤੁਹਾਨੂੰ ਆਪਣਾ ਹੱਥ ਦੇ ਕੇ ਕਹਿਣ, "ਜਾ, ਸਿਮਰਨ ਜਾ, ਜੀ ਲੈ ਆਪਣੀ ਜ਼ਿੰਦਗੀ" ਤਾਂ ਇਸ ਤੋਂ ਵੱਧ ਖ਼ਾਸ ਕੁਝ ਨਹੀਂ ਹੈ।

ਜਦੋਂ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' 30 ਸਾਲ ਪਹਿਲਾਂ 20 ਅਕਤੂਬਰ ਨੂੰ ਰਿਲੀਜ਼ ਹੋਈ ਸੀ, ਤਾਂ ਇਹ ਰੋਮਾਂਸ ਦਾ ਦੂਜਾ ਨਾਮ ਬਣ ਗਈ ਸੀ।

ਡੀਡੀਐੱਲਜੇ - ਬਗ਼ਾਵਤ ਬਨਾਮ ਇਜਾਜ਼ਤ

ਡੀਡੀਐੱਲਜੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੀਡੀਐੱਲਜੇ, 995 ਵਿੱਚ ਮੁੰਬਈ ਦੇ ਮਰਾਠਾ ਮੰਦਰ ਸਿਨੇਮਾ ਹਾਲ ਵਿੱਚ ਲੱਗੀ ਸੀ ਅਤੇ ਅਜੇ ਵੀ ਉੱਥੇ ਇਹ ਫ਼ਿਲਮ ਲੱਗੀ ਹੋਈ ਹੈ

ਹਬੀਬ ਕਹਿੰਦੇ ਹਨ ਕਿ ਉਨ੍ਹਾਂ ਦੀ ਅਸਲ ਜ਼ਿੰਦਗੀ ਦੀ ਡੀਡੀਐੱਲਜੇ ਵਿੱਚ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਵਿਆਹ ਨਾ ਕਰਨ ਦਾ ਫੈਸਲਾ ਜਿੰਨਾ ਉਨ੍ਹਾਂ ਦਾ ਸੀ, ਓਨਾ ਹੀ ਉਨ੍ਹਾਂ ਦੀ ਸਾਥੀ ਦਾ ਵੀ ਸੀ।

ਪਰ ਜਦੋਂ ਮੈਂ ਬਾਗ਼ੀ ਇਸ਼ਕ ਦੀ ਬਜਾਇ ਕਦਰਾਂ-ਕੀਮਤਾਂ 'ਤੇ ਆਧਾਰਿਤ ਇਸ ਪ੍ਰੇਮ ਕਹਾਣੀ ਬਾਰੇ ਸੋਚਦਾ ਹਾਂ, ਤਾਂ ਮੇਰੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਇਸ ਕਹਾਣੀ ਦਾ ਕਿੰਨਾ ਹਿੱਸਾ ਰਾਜ (ਸ਼ਾਹਰੁਖ) ਦਾ ਸੀ ਅਤੇ ਕਿੰਨਾ ਹਿੱਸਾ ਸਿਮਰਨ (ਕਾਜੋਲ) ਦਾ ਸੀ।

ਜਾਂ ਸਿਮਰਨ ਕੋਲ ਆਪਣੀ ਕੋਈ ਅਧਾਰ ਸੀ ਵੀ ਕਿ ਨਹੀਂ?

ਕੁਝ ਸਾਲ ਪਹਿਲਾਂ, ਲੇਖਿਕਾ ਪਰੋਮਿਤਾ ਬਾਰਦੋਲੋਈ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਿਖੀ ਸੀ ਜਿਸ ਵਿੱਚ ਉਨ੍ਹਾਂ ਨੇ ਫ਼ਿਲਮ ਵਿੱਚ ਵਿਆਹ ਤੋਂ ਕਈ ਸਾਲਾਂ ਬਾਅਦ ਸਿਮਰਨ (ਕਾਜੋਲ) ਦੀ ਜ਼ਿੰਦਗੀ ਦੀ ਕਲਪਨਾ ਕੀਤੀ ਸੀ।

ਉਹ ਲਿਖਦੇ ਹਨ, "ਹੁਣ ਮੈਂ (ਸਿਮਰਨ) ਅਤੇ ਰਾਜ ਵੀ ਮਾਪੇ ਹਾਂ। ਮੈਂ ਰਾਜ ਨੂੰ ਦੱਸਿਆ ਸੀ ਕਿ ਜਦੋਂ ਅਸੀਂ ਪਹਿਲੀ ਵਾਰ ਮਿਲੇ ਸੀ ਅਤੇ ਉਹ ਮੇਰੇ ਫਰਸ਼ 'ਤੇ ਡਿੱਗੀ ਪਈ ਬ੍ਰਾ ਮੇਰੇ ਸਾਹਮਣੇ ਲਹਿਰਾ ਰਿਹਾ ਸੀ, ਤਾਂ ਮੈਂ ਬਹੁਤ ਅਸੁਰੱਖਿਅਤ ਮਹਿਸੂਸ ਕੀਤਾ ਸੀ।"

"ਰਾਜ ਇਹ ਵੀ ਮੰਨਦਾ ਹੈ ਕਿ ਉਹ ਪਹਿਲਾਂ ਸੋਚਦਾ ਸੀ ਕਿ ਕਿਸੇ ਕੁੜੀ ਨੂੰ ਪਸੰਦ ਕਰਨ ਦਾ ਮਤਲਬ ਉਸ ਦੇ ਨੇੜੇ ਹੋਣਾ ਹੈ। ਪਰ 22 ਸਾਲਾ ਰਾਜ ਹੁਣ 46 ਸਾਲ ਦਾ ਹੋ ਗਿਆ ਹੈ ਅਤੇ ਮੈਂ ਇਸ ਤੋਂ ਖੁਸ਼ ਹਾਂ।"

ਇੱਥੇ ਫ਼ਿਲਮ ਦੇ ਉਸ ਦ੍ਰਿਸ਼ ਦਾ ਹਵਾਲਾ ਹੈ ਜਿਸਨੂੰ ਬਹੁਤ ਸਾਰੇ ਲੋਕ ਇਤਰਾਜ਼ਯੋਗ ਸਮਝਦੇ ਹਨ।

ਉਹ ਅੱਗੇ ਲਿਖਦੇ ਹਨ, "ਘਰ ਵਿੱਚ ਸਾਨੂੰ ਸਭ ਕੁਝ ਬਾਊ ਜੀ (ਅਮਰੀਸ਼ ਪੁਰੀ) ਦੇ ਨਿਯਮਾਂ ਮੁਤਾਬਕ ਕਰਨਾ ਪੈਂਦਾ ਸੀ। ਰਾਜ ਨਾਲ ਵਿਆਹ ਕਰਨ ਤੋਂ ਬਾਅਦ, ਮੈਂ ਜੋ ਚਾਹਾਂ ਕਰ ਸਕਦੀ ਹਾਂ। ਇਹ ਅਜੀਬ ਹੈ ਕਿ ਕਿੰਨੀਆਂ ਔਰਤਾਂ ਦੀ ਆਜ਼ਾਦੀ ਅਤੇ ਖੁਸ਼ੀ ਉਨ੍ਹਾਂ ਦੇ ਜੀਵਨ ਵਿੱਚ ਮਰਦ 'ਤੇ ਨਿਰਭਰ ਕਰਦੀ ਹੈ।"

ਡੀਡੀਐੱਲਜੇ ਸਿਮਰਨ ਦੀ ਕਹਾਣੀ ਹੈ ਜਾਂ ਸਿਰਫ਼ ਰਾਜ ਦੀ ਕਹਾਣੀ ਹੈ

ਬਾਲਾਜੀ ਵਿੱਟਲ

ਜੇਕਰ ਤੁਸੀਂ ਫ਼ਿਲਮ ਨੂੰ ਸੀਨ ਦਰ ਸੀਨ ਦੇਖਦੇ ਹੋ, ਤਾਂ ਲੱਗਦਾ ਹੈ ਕਿ ਦਿਲ ਵਾਲਿਆਂ ਦੀ ਇਸ ਦੁਨੀਆਂ ਵਿੱਚ ਔਰਤਾਂ ਨੂੰ ਕੋਈ ਖ਼ਾਸ ਅਧਿਕਾਰ ਨਹੀਂ ਸਨ।

ਇਹ ਗੱਲ ਉਦੋਂ ਤੈਅ ਹੁੰਦੀ ਹੈ ਜਦੋਂ ਸਿਮਰਨ ਆਪਣੇ ਪਿਤਾ ਨੂੰ ਆਪਣੇ ਕਾਲਜ ਦੇ ਦੋਸਤਾਂ ਨਾਲ ਯੂਰਪ ਜਾਣ ਦੀ ਇਜਾਜ਼ਤ ਦੇਣ ਲਈ ਬੇਨਤੀ ਕਰਦੀ ਹੈ, ਇਹ ਕਹਿੰਦੀ ਹੈ, "ਕੀ ਤੁਸੀਂ ਮੈਨੂੰ ਮੇਰੀ ਖੁਸ਼ੀ ਲਈ ਮੇਰੀ ਹੀ ਜ਼ਿੰਦਗੀ ਦਾ ਇੱਕ ਮਹੀਨਾ ਵੀ ਨਹੀਂ ਦੇ ਸਕਦੇ?"

ਫਿਲਮ ਪੱਤਰਕਾਰ ਅਨੁਪਮਾ ਚੋਪੜਾ ਆਪਣੀ ਕਿਤਾਬ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ - ਏ ਮਾਡਰਨ ਕਲਾਸਿਕ' ਵਿੱਚ ਲਿਖਦੇ ਹਨ, "ਡੀਡੀਐੱਲਜੇ ਔਰਤ ਪਾਤਰਾਂ ਦੀਆਂ ਇੱਛਾਵਾਂ ਅਤੇ ਸਮੱਸਿਆਵਾਂ ਦੀ ਬਾਰੀਕੀ ਨਾਲ ਪੜਚੋਲ ਕਰਦੀ ਹੈ, ਪਰ ਫਿਲਮ ਸਿਮਰਨ (ਕਾਜੋਲ) ਨੂੰ ਆਪਣੀ ਕੋਈ ਆਵਾਜ਼ ਨਹੀਂ ਦਿੰਦੀ।"

"ਸ਼ੁਰੂ ਵਿੱਚ, ਉਹ ਭੱਜਣਾ ਚਾਹੁੰਦੀ ਹੈ, ਪਰ ਉਸ ਤੋਂ ਬਾਅਦ, ਉਹ ਚੁੱਪਚਾਪ ਆਪਣੇ ਪਤੀ ਅਤੇ ਪ੍ਰੇਮੀ ਵਿਚਕਾਰ ਟਕਰਾਅ ਦੇ ਨਤੀਜੇ ਦੀ ਉਡੀਕ ਕਰਦੀ ਹੈ।"

"ਅੰਤ ਵਿੱਚ, ਉਹ ਇੱਕ ਆਦਮੀ ਦੀ ਸੁਰੱਖਿਆ 'ਚੋਂ ਦੂਜੇ ਦੀ ਸੁਰੱਖਿਆ ਹੇਠ ਰਹਿਣ ਲੱਗਦੀ ਹੈ, ਇੱਥੇ, ਸਿਰਫ਼ ਸਿਮਰਨ ਦਾ ਪਿਤਾ ਹੀ ਉਸਨੂੰ ਰੇਲਵੇ ਸਟੇਸ਼ਨ 'ਤੇ ਰਾਜ ਕੋਲ ਜਾਣ ਦੀ ਇਜਾਜ਼ਤ ਦੇ ਸਕਦਾ ਹੈ।"

ਭਾਵੇਂ ਨਾਜ਼ੁਕ ਢੰਗ ਨਾਲ ਹੀ ਹੀ ਸਹੀ ਪਰ ਡੀਡੀਐੱਲਜੇ ਦੀ ਕਹਾਣੀ ਤਾਕਤ ਅਤੇ ਇੱਜ਼ਤ ਦੀਆਂ ਮਰਦਾਨਾ ਸੀਮਾਵਾਂ ਅਧੀਨ ਹੀ ਕੰਮ ਕਰਦੀ ਹੈ।

ਡੀਡੀਐੱਲਜੇ ਔਰਤਾਂ ਦੀ ਛੋਟੀ ਜਿਹੀ ਦੁਨੀਆਂ ਨੂੰ ਵੀ ਦਰਸਾਉਂਦਾ ਹੈ

ਪਰ ਵਿਡੰਬਨਾ ਇਹ ਵੀ ਹੈ ਕਿ ਇਸ ਮਰਦਾਨਾ ਦੁਨੀਆਂ ਵਿੱਚ, ਨਿਰਦੇਸ਼ਕ ਆਦਿਤਿਆ ਚੋਪੜਾ ਨੇ ਔਰਤਾਂ ਦੀ ਇੱਕ ਛੋਟੀ ਜਿਹੀ ਦੁਨੀਆਂ ਵੀ ਦਿਖਾਈ ਹੈ ਜਿਸਨੂੰ ਮਰਦ ਨਾ ਤਾਂ ਦੇਖ ਸਕਦੇ ਹਨ ਅਤੇ ਨਾ ਹੀ ਮਹਿਸੂਸ ਕਰ ਸਕਦੇ ਹਨ।

ਜਦੋਂ ਕਾਜੋਲ ਕੁਲਜੀਤ (ਪਰਮੀਤ ਸੇਠੀ) ਨਾਲ ਆਪਣੀ ਮਰਜ਼ੀ ਦੇ ਵਿਰੁੱਧ ਮੰਗਣੀ ਕਰਵਾ ਰਹੀ ਹੈ, ਤਾਂ ਸਿਮਰਨ ਦੀ ਦਾਦੀ (ਜ਼ੋਹਰਾ ਸਹਿਗਲ) ਆਪਣੇ ਪੁੱਤਰ ਨੂੰ ਪੁੱਛਦੀ ਹੈ, "ਪਤਾ ਨਹੀਂ ਕਿਉਂ ਮੈਨੂੰ ਸਿਮਰਨ ਦੀਆਂ ਅੱਖਾਂ ਵਿੱਚ ਉਦਾਸੀ ਜਿਹੀ ਨਜ਼ਰ ਆਉਂਦੀ ਹੈ। ਸਭ ਠੀਕ ਹੈ ਨਾ?"

ਦਾਦੀ ਕਈ ਸਾਲਾਂ ਤੋਂ ਸਿਮਰਨ ਨੂੰ ਕਦੇ ਨਹੀਂ ਮਿਲੀ ਸੀ, ਪਰ ਉਸਨੂੰ ਸਿਮਰਨ ਦੀਆਂ ਅੱਖਾਂ ਵਿੱਚ ਲੁਕੇ ਦਰਦ ਨੂੰ ਪੜ੍ਹਨ ਲਈ ਉਸ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਸੀ।

ਪਿਤਾ ਦੇ ਆਲੇ-ਦੁਆਲੇ ਘੁੰਮਦੇ ਪਰਿਵਾਰ ਵਿੱਚ, ਮਾਂ-ਧੀ ਦੇ ਰਿਸ਼ਤੇ ਵਿੱਚ ਕੁਝ ਹੀ ਪਲ ਸਨ।

ਜਦੋਂ ਮਾਂ (ਫਰੀਦਾ ਜਲਾਲ) ਦੂਰੋਂ ਦੇਖਦੀ ਹੈ ਕਿ ਉਸਦੀ ਧੀ ਸਿਮਰਨ ਅਤੇ ਰਾਜ ਕਰਵਾ ਚੌਥ ਦੀ ਰਾਤ ਛੱਤ 'ਤੇ ਇੱਕ ਦੂਜੇ ਨੂੰ ਪਿਆਰ ਨਾਲ ਖਾਣਾ ਖੁਆਉਂਦੇ ਹਨ, ਤਾਂ ਉਸਨੂੰ ਫ਼ੌਰਨ ਅਹਿਸਾਸ ਹੁੰਦਾ ਹੈ ਕਿ ਇਹ ਮੁੰਡਾ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਹੈ ਅਤੇ ਉਹ ਉਨ੍ਹਾਂ ਨੂੰ ਭੱਜਣ ਲਈ ਕਹਿੰਦੀ ਹੈ।

ਸ਼ਾਹਰੁਖ: ਹੱਥ ਵਿੱਚ ਮੈਂਡੋਲਿਨ, 'ਔਰਤਾਂ ਦੀ' ਰਸੋਈ ਵੀ

ਹਬੀਬ ਖਾਨ

ਤਸਵੀਰ ਸਰੋਤ, HABIB KHAN

ਤਸਵੀਰ ਕੈਪਸ਼ਨ, ਰਾਜ ਬਹੁਤਿਆਂ ਨੂੰ ਤਾਜ਼ੀ ਹਵਾ ਦੇ ਬੁੱਲੇ ਵਾਂਗ ਮਹਿਸੂਸ ਹੋਇਆ ਸੀ

ਔਰਤਾਂ ਦੀ ਇਸ ਦੁਨੀਆਂ ਵਿੱਚ ਜੇਕਰ ਕੋਈ ਮਰਦ ਦਸਤਕ ਦੇ ਸਕਦਾ ਹੈ, ਤਾਂ ਉਹ ਸ਼ਾਹਰੁਖ ਦਾ ਕਿਰਦਾਰ ਰਾਜ ਹੈ।

ਰਾਜ, ਜੋ ਰਸੋਈ ਵਿੱਚ ਬੈਠਾ ਗਾਜਰ ਛਿੱਲ ਰਿਹਾ ਹੈ, ਮਹਿਮਾਨਾਂ ਨੂੰ ਖਾਣਾ ਪਰੋਸ ਰਿਹਾ ਹੈ। ਉਸਨੂੰ ਇਸ ਅਕਸ ਤੋਂ ਕੋਈ ਇਤਰਾਜ਼ ਨਹੀਂ ਹੈ।

ਜਦੋਂ ਪੰਜਾਬ ਦੇ ਸਰ੍ਹੋਂ ਦੇ ਖੇਤਾਂ ਵਿੱਚ, ਲੰਡਨ ਦਾ ਇੱਕ ਮੈਂਡੋਲਿਨਿਸਟ ਰਾਜ, ਸਿਮਰਨ ਲਈ ਗਾਉਂਦਾ ਹੈ, "ਤੁਝੇ ਦੇਖਾ ਤੋ ਯੇ ਜਾਨਾ ਸਨਮ..." ਅਤੇ ਐਲਾਨ ਕਰਦਾ ਹੈ, "ਮੈਂ ਇੱਥੇ ਤੈਨੂੰ ਅਗਵਾ ਕਰਨ ਜਾਂ ਤੈਨੂੰ ਚੋਰੀ ਕਰਨ ਨਹੀਂ ਆਇਆ। ਮੈਂ ਤੈਨੂੰ ਆਪਣੀ ਲਾੜੀ ਬਣਾਉਣ ਆਇਆ ਹਾਂ ਅਤੇ ਮੈਂ ਤੈਨੂੰ ਸਿਰਫ਼ ਉਦੋਂ ਹੀ ਲੈ ਜਾਵਾਂਗਾ ਜਦੋਂ ਤੇਰੇ ਪਿਤਾ ਮੈਨੂੰ ਤੇਰਾ ਹੱਥ ਦੇਣਗੇ..."

ਤਾਂ ਜ਼ਹਿਰੀਲੀ ਮਰਦਾਨਗੀ ਜਾਂ ਮਾਚੋ ਮਰਦਾਂ ਵਾਲੀਆਂ ਫਿਲਮਾਂ ਦੀ ਭਰਮਾਰ ਵਿੱਚ, ਰਾਜ ਬਹੁਤਿਆਂ ਨੂੰ ਤਾਜ਼ੀ ਹਵਾ ਦੇ ਬੁੱਲੇ ਵਾਂਗ ਮਹਿਸੂਸ ਹੋਇਆ ਸੀ।

ਅਤੇ ਇਸ ਫਿਲਮ ਦਾ ਕ੍ਰੇਜ਼ ਅੱਜ ਵੀ ਘੱਟ ਨਹੀਂ ਹੋਇਆ ਹੈ।

ਮੁੰਬਈ ਤੋਂ 600 ਕਿਲੋਮੀਟਰ ਦੂਰ ਅਮਰਾਵਤੀ ਦੇ ਰਹਿਣ ਵਾਲੇ ਆਸ਼ੀਸ਼ ਉਈਕੇ ਸ਼ਾਹਰੁਖ ਲਈ ਇੱਕ ਫੈਨ ਕਲੱਬ ਚਲਾਉਂਦੇ ਹਨ।

ਉਹ ਕਹਿੰਦੇ ਹਨ, "ਮਰਾਠਾ ਮੰਦਰ ਵਿੱਚ ਸਾਲਾਂ ਤੋਂ ਚੱਲ ਰਹੀ ਡੀਡੀਐੱਲਜੇ ਦੇਖਣਾ ਮੇਰਾ ਸੁਫ਼ਨਾ ਸੀ। ਹਾਲ ਨਾ ਸਿਰਫ਼ ਭਾਰਤੀਆਂ ਨਾਲ, ਸਗੋਂ ਅਮਰੀਕਾ, ਰੂਸ ਅਤੇ ਕੋਰੀਆ ਵਰਗੇ ਦੇਸ਼ਾਂ ਦੇ ਪ੍ਰਸ਼ੰਸਕਾਂ ਨਾਲ ਵੀ ਭਰਿਆ ਹੋਇਆ ਸੀ।"

"ਜਿਵੇਂ ਹੀ ਰਾਜ (ਸ਼ਾਹਰੁਖ ਖਾਨ) ਆਏ, ਲੋਕਾਂ ਨੇ ਸੀਟੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਅਮਰੀਸ਼ ਪੁਰੀ ਨੇ ਕਿਹਾ 'ਜਾ ਸਿਮਰਨ ਜਾ...' ਤਾਂ ਪੂਰਾ ਥੀਏਟਰ ਖੜ੍ਹਾ ਹੋ ਗਿਆ ਅਤੇ ਤਾੜੀਆਂ ਵਜਾਉਣ ਲੱਗ ਪਿਆ। ਦਿਲਵਾਲੇ ਦੁਲਹਨੀਆ ਲੇ ਜਾਏਂਗੇ ਸਿਰਫ਼ ਇੱਕ ਫ਼ਿਲਮ ਨਹੀਂ ਹੈ, ਸਗੋਂ ਇੱਕ ਸੰਪੂਰਨ ਭਾਵਨਾ ਹੈ।"

ਹਾਲਾਂਕਿ ਸ਼ੁਰੂ ਵਿੱਚ ਸ਼ਾਹਰੁਖ ਡੀਡੀਐੱਲਜੇ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਇਸ ਵਿੱਚ ਕੋਈ ਐਕਸ਼ਨ ਨਹੀਂ ਸੀ...ਬਸ ਦੋ ਪ੍ਰੇਮੀ ਸਨ ਜੋ ਘਰੋਂ ਨਹੀਂ ਭੱਜਦੇ।

ਡੀਡੀਐੱਲਜੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੀਡੀਐੱਲਜੇ ਦੇਖਣ ਵਾਲੇ ਲੋਕ ਅਕਸਰ ਮਰਾਠਾ ਸਿਨੇਮਾ ਵਿੱਚ ਅਜਿਹੀ ਲਾਈਨ ਵਿੱਚ ਦਿਖਾਈ ਦਿੰਦੇ ਹਨ

ਡੀਡੀਐੱਲਜੇ ਵਿੱਚ ਕੋਈ ਭੱਜਦਾ ਨਹੀਂ, ਇਹ ਫਿਲਮ ਦੀ ਵੱਡੀ ਯੂਐੱਸਪੀ ਸੀ ਜਿਸਨੂੰ ਅਨੁਪਮਾ ਚੋਪੜਾ ਗ੍ਰੈਂਡ ਰਿਬੇਲੀਅਨ ਟਵਿਸਟ ਕਹਿੰਦੇ ਹਨ।

ਤਾਂ ਕੀ ਅੱਜ ਦੇ ਸਮੇਂ ਵਿੱਚ ਡੀਡੀਐੱਲਜੇ ਸਫਲ ਹੁੰਦੀ?

ਬਾਲੀਵੁੱਡ 'ਤੇ ਕਈ ਕਿਤਾਬਾਂ ਲਿਖ ਚੁੱਕੇ ਬਾਲਾਜੀ ਵਿੱਟਲ ਕਹਿੰਦੇ ਹਨ, "ਰਾਜ ਅਤੇ ਸਿਮਰਨ ਦੇ ਮਾਤਾ-ਪਿਤਾ ਭਾਰਤ ਤੋਂ ਲੰਡਨ ਪਰਵਾਸੀਆਂ ਵਜੋਂ ਆਏ ਸਨ। ਪਰ ਰਾਜ ਅਤੇ ਸਿਮਰਨ, ਜੋ ਲੰਡਨ ਵਿੱਚ ਵੱਡੇ ਹੋਏ ਸਨ, ਨੂੰ ਅੱਜ ਕਿਸੇ ਵੀ ਵੱਡੇ ਸੱਭਿਆਚਾਰਕ ਬਦਲਾਅ ਵਿੱਚੋਂ ਨਹੀਂ ਲੰਘਣਾ ਪੈਂਦਾ।"

"ਉਨ੍ਹਾਂ ਨੂੰ ਆਪਣਾ ਜੀਵਨ ਸਾਥੀ ਚੁਣਨ ਵੇਲੇ ਆਪਣੇ ਮਾਪਿਆਂ ਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਕੋਈ ਟਕਰਾਅ ਨਹੀਂ ਹੈ, ਇਸ ਲਈ ਅੱਜ ਡੀਡੀਐੱਲਜੇ ਨਹੀਂ ਬਣ ਸਕਦੀ।"

ਅੱਜ ਵੀ ਹਬੀਬ ਆਪਣੇ ਮੋਬਾਇਲ ਫ਼ੋਨ ਦੇ ਕਵਰ ਦੇ ਪਿੱਛੇ ਡੀਡੀਐੱਲਜੇ ਦੀ ਟਿਕਟ ਰੱਖਦੇ ਹਨ।

ਆਓ ਡੀਡੀਐੱਲਜੇ ਦੇ ਪ੍ਰਸ਼ੰਸਕ ਆਸ਼ੀਸ਼ ਦੀ ਗੱਲ ਨਾਲ ਹੀ ਖ਼ਤਮ ਕਰੀਏ, ਜੋ ਕਹਿੰਦੇ ਹਨ, "ਹਰ ਕਿਸੇ ਨੂੰ ਘੱਟੋ-ਘੱਟ ਇੱਕ ਵਾਰ ਮਰਾਠਾ ਮੰਦਰ ਵਿੱਚ ਡੀਡੀਐੱਲਜੇ ਦੇਖਣੀ ਚਾਹੀਦੀ ਹੈ। ਇਹ ਇੱਕ ਖ਼ੂਬਸੂਰਤ ਅਹਿਸਾਸ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)