ਪੈਰਿਸ ਓਲੰਪਿਕ 2024 :ਕੈਨੇਡਾ ਦੀ ਨੁਮਾਇੰਦਗੀ ਕਰਨ ਜਾ ਰਹੇ 3 ਪੰਜਾਬੀ ਖਿਡਾਰੀ ਕੌਣ ਹਨ

    • ਲੇਖਕ, ਅਮਨਪ੍ਰੀਤ ਕੌਰ ਪੰਨੂ
    • ਰੋਲ, ਬੀਬੀਸੀ ਪੱਤਰਕਾਰ

ਓਲੰਪਿਕਸ 2024 ਦਾ ਆਗਾਜ਼ ਹੋਣ ਜਾ ਰਿਹਾ ਹੈ। ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਕੁੱਲ 117 ਖਿਡਾਰੀ ਇਸ ਵਿੱਚ ਹਿੱਸਾ ਲੈ ਰਹੇ ਹਨ।

2024 ਦੀਆਂ ਓਲੰਪਿਕ ਖੇਡਾਂ ਦੀ ਸ਼ੁਰੂਆਤ 26 ਜੁਲਾਈ ਤੋਂ ਪੈਰਿਸ ਵਿੱਚ ਹੋ ਰਹੀ ਹੈ ਅਤੇ 11 ਅਗਸਤ ਨੂੰ ਇਹ ਖੇਡ ਮੇਲਾ ਸਮਾਪਤ ਹੋ ਜਾਵੇਗਾ।

ਪੈਰਿਸ ਓਲੰਪਿਕਸ 2024 ਵਿੱਚ 32 ਖੇਡਾਂ ਦੇ 329 ਮੁਕਾਬਲੇ ਕਰਵਾਏ ਜਾਣਗੇ। ਭਾਰਤ ਵੱਲੋਂ ਹਿੱਸਾ ਲੈ ਰਹੇ ਅਥਲੀਟ ਵੱਖ-ਵੱਖ ਖੇਡਾਂ ਵਿਚ ਤਗਮਿਆਂ ਲਈ ਆਪਣੀ ਜ਼ੋਰ-ਅਜ਼ਮਾਇਸ਼ ਕਰਨਗੇ।

ਇਨ੍ਹਾਂ ਵਿੱਚ ਬਹੁਤ ਸਾਰੇ ਖਿਡਾਰੀ ਪੰਜਾਬ ਤੋਂ ਵੀ ਹਨ, ਜਿਨ੍ਹਾਂ ਨੇ ਪਹਿਲਾਂ ਵੀ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ 'ਚ ਤਗਮੇ ਜਿੱਤੇ ਅਤੇ ਹੁਣ ਪੈਰਿਸ ਓਲੰਪਿਕਸ 2024 ਵਿੱਚ ਹਿੱਸਾ ਲੈ ਰਹੇ ਹਨ।

ਭਾਰਤ ਦੇ ਖਿਡਾਰੀਆਂ ਦੇ ਦਲ ਤੋਂ ਇਲਾਵਾ ਪੰਜਾਬੀਆਂ ਦੀ ਮੌਜੂਦਗੀ ਕੈਨੇਡਾ ਦੇ ਵਫਦ ਵਿੱਚ ਵੀ ਹੈ। ਇਸ ਰਿਪੋਰਟ ਵਿੱਚ ਅਸੀਂ ਗੱਲ ਕਰਾਂਗੇ ਪੈਰਿਸ ਓਲੰਪਿਕਸ 2024 'ਚ ਕੈਨੇਡਾ ਦੇ ਉਨ੍ਹਾਂ 3 ਖਿਡਾਰੀਆਂ ਦੀ, ਜਿਹੜੇ ਕੈਨੇਡਾ ਦੇ ਜੰਮਪਲ ਹੋਣ ਨਾਤੇ ਖੇਡ ਤਾਂ ਕੈਨੇਡਾ ਵੱਲੋਂ ਰਹੇ ਹਨ ਪਰ ਉਨ੍ਹਾਂ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ ਹੈ।

ਜੈਸਿਕਾ ਗੌਡਰੌਲਟ

ਜੈਸਿਕਾ ਗੌਡਰੌਲਟ ਦਾ ਜਨਮ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਓਟਵਾ ਵਿੱਚ ਹੋਇਆ। ਪਰ ਉਨ੍ਹਾਂ ਦਾ ਨਾਨਕਾ ਪਿੰਡ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੈਂਦਾ ਹੈ।

ਹਿੰਦੁਸਤਾਨ ਟਾਇਮਸ ਦੀ ਰਿਪੋਰਟ ਮੁਤਾਬਕ ਜੈਸਿਕਾ ਦੇ ਮਾਤਾ ਅਜੀਤ ਕੌਰ ਟਿਵਾਣਾ ਦਾ ਜਨਮ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਚਰਨਾਰਥਲ ਕਲਾਂ ਵਿੱਚ ਹੋਇਆ ਸੀ। ਜੈਸਿਕਾ ਨੇ ਇੰਡੀਆਨਾ ਯੂਨੀਵਰਸਿਟੀ ਤੋਂ ਕੈਮਿਸਟਰੀ ਵਿਸ਼ੇ ਵਿੱਚ ਪੜ੍ਹਾਈ ਪੂਰੀ ਕੀਤੀ।

ਜੈਸਿਕਾ ਗੌਡਰੌਲਟ ਪੈਰਿਸ ਓਲੰਪਿਕਸ ਵਿੱਚ ਕੈਨੇਡਾ ਦੀ ਵਾਟਰ ਪੋਲੋ ਟੀਮ ਲਈ ਖੇਡਣ ਜਾ ਰਹੇ ਹਨ। ਉਹ ਵਾਟਰ ਪੋਲੋ ਟੀਮ ਵਿੱਚ ਗੋਲਚੀ ਹਨ। 2021 ਦੀਆਂ ਟੋਕੀਓ ਓਲੰਪਿਕਸ ਖੇਡਾਂ ਵਿੱਚ ਜੈਸਿਕਾ ਨੂੰ ਰਿਜ਼ਰਵਡ ਖਿਡਾਰਣ ਵਜੋਂ ਸ਼ਾਮਲ ਕੀਤਾ ਗਿਆ ਸੀ।

ਜੈਸਿਕਾ ਨੇ ਵਾਟਰ ਪੋਲੋ ਖੇਡ ਦੀ ਸ਼ੁਰੂਆਤ 2008 ਵਿੱਚ 14 ਸਾਲ ਦੀ ਉਮਰ ਵਿੱਚ ਕੀਤੀ ਸੀ।

ਕੈਨੇਡੀਅਨ ਓਲੰਪਿਕ ਕਮੇਟੀ ਮੁਤਾਬਕ, 2008 ਅਤੇ 2010 ਦੀ ਜੂਨੀਅਰ ਪੈਨ ਅਮੈਰੀਕਨ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਸੋਨ ਤਗਮੇ ਜਿੱਤੇ। 2012 ਵਿੱਚ ਉਨ੍ਹਾਂ ਨੇ ਉਦਘਾਟਨੀ ਫੀਨਾ ਵਿਸ਼ਵ ਯੂਥ ਚੈਂਪੀਅਨਸ਼ਿਪ ਵਿੱਚ ਕੈਨੇਡਾ ਨੂੰ ਪੰਜਵੇਂ ਸਥਾਨ 'ਤੇ ਪਹੁੰਚਾਉਣ ਵਿੱਚ ਮਦਦ ਕੀਤੀ।

ਇੱਕ ਸੀਨੀਅਰ ਪ੍ਰਤੀਯੋਗੀ ਦੇ ਤੌਰ 'ਤੇ, ਜੈਸਿਕਾ ਨੂੰ 2015 ਯੂਏਐੱਨਏ ਕੱਪ ਵਿੱਚ ਸਭ ਤੋਂ ਅਹਿਮ ਗੋਲਚੀ ਵਜੋਂ ਨਾਮਜ਼ਦ ਗਿਆ ਸੀ, ਜਿਸ ਕਰਕੇ ਫੀਨਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੈਨੇਡਾ ਕੁਆਲੀਫਾਈ ਕਰਨ ਦੇ ਯੋਗ ਹੋਇਆ ਸੀ।

ਜੈਸਿਕਾ ਕੈਨੇਡਾ ਦੀ ਉਸ ਟੀਮ ਦਾ ਹਿੱਸਾ ਸੀ ਜਿਸ ਨੇ 2015, 2019 ਅਤੇ 2023 ਦੀਆਂ ਪੈਨ ਅਮਰੀਕਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ 2022 ਵਿੱਚ ਉਹ ਕੋਚ ਵਜੋਂ ਯੂਨੀਵਰਸਿਟੀ ਆਫ਼ ਮਿਸ਼ੀਗਨ ਟੀਮ ਵਿੱਚ ਸ਼ਾਮਲ ਹੋਏ। ਇਸ ਨਾਲ ਉਹ ਐੱਨਸੀਏਏ ਵਿੱਚ ਕੋਚ ਬਣਨ ਵਾਲੀ ਏਸ਼ੀਅਨ-ਭਾਰਤੀ ਮੂਲ ਦੀ ਪਹਿਲੀ ਔਰਤ ਬਣ ਗਈ ਸੀ।

ਹੁਣ ਪੰਜਾਬੀ ਮੂਲ ਦੇ ਜੈਸਿਕਾ ਗੌਡਰੌਲਟ ਦਾ ਕੈਨੇਡਾ ਦੀ ਵਾਟਰ ਪੋਲੋ ਟੀਮ ਦੇ ਗੋਲਚੀ ਵਜੋਂ ਪੈਰਿਸ ਓਲੰਪਿਕਸ 2024 ਵਿੱਚ ਸ਼ਾਮਲ ਹੋਣਾ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।

ਅਮਰ ਢੇਸੀ ਦੇ ਪਿਤਾ ਵੀ ਪਹਿਲਵਾਨੀ ਕਰਦੇ ਸਨ

ਅਮਰ ਢੇਸੀ ਦਾ ਜਨਮ 2 ਸਤੰਬਰ 1995 ਵਿੱਚ ਕੈਨੇਡਾ ਦੇ ਸਰੀ, ਬ੍ਰਿਟਿਸ਼ ਕੋਲੰਬੀਆ ਵਿਖੇ ਹੋਇਆ। ਅਮਰ ਢੇਸੀ ਵੀ ਪੰਜਾਬੀ ਪਿਛੋਕੜ ਦੇ ਹਨ। ਉਨ੍ਹਾਂ ਦਾ ਪੂਰਾ ਨਾਮ ਅਮਰਵੀਰ ਸਿੰਘ ਢੇਸੀ ਹੈ।

ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਅਮਰ ਢੇਸੀ ਦੇ ਪਿਤਾ ਬਲਬੀਰ ਸਿੰਘ ਢੇਸੀ ਨੇ ਦੱਸਿਆ ਸੀ ਕਿ ਉਹ ਜਲੰਧਰ ਦੇ ਪਿੰਡ ਸੰਘਵਾਲ ਤੋਂ ਹਨ ਅਤੇ ਉਹ ਪਹਿਲਾਂ ਪੰਜਾਬ ਵਿੱਚ ਹੀ ਪਹਿਲਵਾਨੀ ਕਰਦੇ ਰਹੇ ਹਨ।

ਅਮਰ ਨੂੰ ਅਤੇ ਉਨ੍ਹਾਂ ਦੇ ਵੱਡੇ ਭਰਾ ਪਰਮ ਨੂੰ ਸ਼ੁਰੂਆਤ ਵਿੱਚ ਪਹਿਲਵਾਨੀ ਦੇ ਗੁਣ ਉਨ੍ਹਾਂ ਦੇ ਪਿਤਾ ਨੇ ਹੀ ਦਿੱਤੇ ਸਨ।

ਗ੍ਰੀਕੋ ਰੋਮਨ ਨੈਸ਼ਨਲ ਚੈਂਪੀਅਨ ਰਹੇ ਅਮਰ ਢੇਸੀ ਦੇ ਪਿਤਾ ਨੇ ਕੈਨੇਡਾ ਆਉਣ ਮਗਰੋਂ ਸਰੀ ਵਿੱਚ ਨੌਜਵਾਨਾਂ ਲਈ ਖਾਲਸਾ ਕੁਸ਼ਤੀ ਕਲੱਬ ਸ਼ੁਰੂ ਕੀਤਾ ਸੀ।

ਅਮਰ ਢੇਸੀ ਨੇ 2021 ਵਿਚ ਓਲੰਪਿਕਸ ਦੀ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਨੇ 124 ਕਿੱਲੋ ਭਰ ਵਰਗ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਓਲੰਪਿਕਸ ਖੇਡਾਂ ਵਿੱਚ ਉਹ ਤੀਜੇ ਸਥਾਨ 'ਤੇ ਰਹੇ ਸਨ।

ਕੈਨੇਡਾ 'ਚ ਕੁਸ਼ਤੀ ਦੀ ਅਧਿਕਾਰਤ ਵੈੱਬਸਾਈਟ, ਰੈਸਲਿੰਗ ਕੈਨੇਡਾ ਲੁਤੇ ਮੁਤਾਬਕ ਅਮਰ ਢੇਸੀ ਦੋ ਵਾਰ ਦੇ ਆਲ-ਅਮਰੀਕਨ ਅਤੇ ਦੋ ਵਾਰ ਦੇ ਪੈਕ-12 ਮੋਸਟ ਆਊਟਸਟੈਂਡਿੰਗ ਰੈਸਲਰ ਰਹੇ ਹਨ।

ਉਨ੍ਹਾਂ ਨੂੰ 2018 ਵਿੱਚ 'ਓਰੇਗਨ ਸਟੇਟ ਮੇਲ ਅਥਲੀਟ ਆਫ ਦਿ ਈਅਰ' ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਇਸ ਦੇ ਨਾਲ ਹੀ 2022 ਦੀਆਂ ਕਾਮਨਵੈਲਥ ਖੇਡਾਂ ਵਿੱਚ ਅਮਰ ਸਿੰਘ ਢੇਸੀ ਨੇ ਸੋਨ ਤਗਮਾ ਜਿੱਤਿਆ ਸੀ। 2020 ਅਤੇ 2022 ਦੀ ਪੈਨ-ਐਮ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਚਾਂਦੀ ਅਤੇ ਸੋਨ ਤਗਮਾ ਜਿੱਤਿਆ ਸੀ।

ਕਾਮਨਵੈਲਥ ਖੇਡਾਂ 'ਚ ਸੋਨ ਤਗਮਾ ਜਿੱਤਣ ਮਗਰੋਂ ਪੰਜਾਬੀ ਭਾਈਚਾਰੇ ਵਿੱਚ ਉਨ੍ਹਾਂ ਦੀ ਖ਼ੂਬ ਚਰਚਾ ਸੀ। ਹੁਣ ਓਲੰਪਿਕ ਖੇਡਾਂ ਵਿੱਚ ਪੰਜਾਬੀ ਮੂਲ ਦੇ ਅਮਰ ਸਿੰਘ ਢੇਸੀ ਦਾ ਇਹ ਦੂਜਾ ਮੌਕਾ ਹੈ।

ਜਸਨੀਤ ਕੌਰ ਨਿੱਝਰ

ਕੈਨੇਡਾ ਵੱਲੋਂ ਪੈਰਿਸ ਓਲੰਪਿਕ 2024 'ਚ ਮੁਕਾਬਲਾ ਕਰਨ ਜਾ ਰਹੀ ਜਸਨੀਤ ਕੌਰ ਨਿੱਝਰ ਮਹਿਲਾ ਰਿਲੇਅ ਟੀਮ ਦਾ ਹਿੱਸਾ ਹਨ। ਜਸਨੀਤ ਕੌਰ ਨਿੱਝਰ ਦਾ ਜਨਮ 12 ਜੂਨ 2001 ਵਿੱਚ ਕੈਨੇਡਾ ਦੇ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਹੋਇਆ ਸੀ।

ਜਨਮ ਭਾਵੇਂ ਉਨ੍ਹਾਂ ਦਾ ਕੈਨੇਡਾ ਵਿੱਚ ਹੋਇਆ, ਪਰ ਉਨ੍ਹਾਂ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹਨ। 23 ਸਾਲ ਦੇ ਜਸਨੀਤ ਕੈਨੇਡਾ ਦੀ 4x400 ਮੀਟਰ ਮਹਿਲਾ ਰਿਲੇਅ ਟੀਮ ਵਿੱਚ ਸ਼ਾਮਲ ਹਨ।

ਕੈਨੇਡਾ ਦੇ ਇਤਿਹਾਸ ਵਿੱਚ ਓਲੰਪਿਕ 'ਚ ਕਿਸੇ ਟ੍ਰੈਕ ਅਤੇ ਫੀਲਡ ਈਵੈਂਟ ਵਿੱਚ ਸ਼ਾਮਲ ਹੋਣ ਵਾਲੀ ਜਸਨੀਤ ਪਹਿਲੀ ਭਾਰਤੀ-ਕੈਨੇਡੀਅਨ ਕੁੜੀ ਹੈ।

ਜਸਨੀਤ ਸੱਤ ਸਾਲ ਦੇ ਸਨ ਜਦੋਂ ਉਹ ਪਹਿਲੀ ਵਾਰ ਆਪਣੇ ਭੈਣ-ਭਰਾਵਾਂ ਨਾਲ ਟਰੈਕ 'ਤੇ ਆਏ ਸਨ।

ਜਸਨੀਤ ਕੌਰ ਨਿੱਝਰ ਨੇ ਆਪਣੀ ਪੜ੍ਹਾਈ ਕੁਈਨ ਐਲਿਜ਼ਾਬੈਥ ਸੈਕੰਡਰੀ ਸਕੂਲ ਤੋਂ ਕੀਤੀ ਹੈ। ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿੱਚ ਉਹ ਹੁਣ ਵਿਦਿਆਰਥੀ ਅਥਲੀਟ ਹਨ।

ਜਸਨੀਤ 5 ਤੋਂ 13 ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ ਟ੍ਰੈਕ ਅਤੇ ਫੀਲਡ ਕੋਚ ਵੀ ਹੈ। ਇਸ ਵਿੱਚ ਉਹ ਬੱਚਿਆਂ ਨੂੰ ਟ੍ਰੈਕ ਅਤੇ ਫੀਲਡ ਵਿੱਚ ਆਮ ਘਟਨਾਵਾਂ ਬਾਰੇ ਬੁਨਿਆਦੀ ਹੁਨਰ ਅਤੇ ਗਿਆਨ ਸਿਖਾਉਂਦੇ ਹਨ।

ਬਿਊਨਸ ਆਇਰਸ ਵਿੱਚ 2018 ਦੀਆਂ ਯੂਥ ਓਲੰਪਿਕ ਖੇਡਾਂ ਵਿੱਚ ਉਨ੍ਹਾਂ ਨੇ ਕੈਨੇਡਾ ਦੀ ਨੁਮਾਇੰਦਗੀ ਕੀਤੀ ਸੀ।

2018 ਵਿੱਚ ਇੱਕ ਨਿੱਜੀ ਚੈਨਲ ਵੱਲੋਂ ਕੀਤੀ ਗਈ ਗੱਲਬਾਤ 'ਚ ਜਸਨੀਤ ਦੇ ਕੋਚ ਨੇ ਦੱਸਿਆ ਸੀ, "ਜਸਨੀਤ ਦੀ ਅਣਥੱਕ ਮਿਹਨਤ ਕਰਕੇ ਹੀ ਉਹ ਇੱਕ ਚੰਗੇ ਅਥਲੀਟ ਹਨ ਅਤੇ ਇੱਕ ਖਿਡਾਰੀ ਅੰਦਰ ਕੁਝ ਹਾਸਲ ਕਰਨ ਦੀ ਜੋ ਭੁੱਖ ਹੋਣੀ ਚਾਹੀਦੀ ਹੈ ਉਹ ਉਸ ਦੇ ਅੰਦਰ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)