ਪੈਰਿਸ ਓਲੰਪਿਕ 2024: ਕਿਹੜੇ- ਕਿਹੜੇ ਖਿਡਾਰੀ ਭਾਰਤ ਦੀ ਨੁਮਾਇੰਦਗੀ ਕਰਨਗੇ, ਕਦੋਂ-ਕਦੋਂ ਹੋਣਗੇ ਮੁਕਾਬਲੇ

ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ 26 ਜੁਲਾਈ ਤੋਂ ਓਲੰਪਿਕ ਖੇਡਾਂ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਨ੍ਹਾਂ ਖੇਡਾਂ ਦੀ ਸਮਾਪਤੀ 11 ਅਗਸਤ ਨੂੰ ਹੋਵੇਗੀ।

ਇਹ ਖੇਡਾਂ ਪੈਰਿਸ ਤੋਂ ਇਲਾਵਾ ਫਰਾਂਸ ਦੇ 16 ਹੋਰ ਸ਼ਹਿਰਾਂ ਵਿੱਚ ਵੀ ਕਰਵਾਈਆਂ ਜਾ ਰਹੀਆਂ ਹਨ।

ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲਿਆਂ ਦੀ ਗਿਣਤੀ 10,500 ਨਿਰਧਾਰਿਤ ਕੀਤੀ ਗਈ ਹੈ। ਇਨ੍ਹਾਂ ਵਿੱਚ 32 ਖੇਡਾਂ ਦੇ 329 ਮੁਕਾਬਲੇ ਕਰਵਾਏ ਜਾਣਗੇ।

ਇਨ੍ਹਾਂ ਵਿੱਚੋਂ ਭਾਰਤ ਦੇ 120 ਅਥਲੀਟ ਵੱਖ-ਵੱਖ ਖੇਡਾਂ ਵਿੱਚ ਤਗਮਿਆਂ ਲਈ ਜ਼ੋਰ- ਅਜ਼ਮਾਇਸ਼ ਕਰਨਗੇ।

ਭਾਰਤ ਨੂੰ ਜੈਵਲਿਨ, ਕੁਸ਼ਤੀ, ਬੈਡਮਿੰਟਨ, ਸ਼ੂਟਿੰਗ, ਹਾਕੀ ਅਤੇ ਮੁੱਕੇਬਾਜ਼ੀ ਵਿੱਚ ਤਗਮੇ ਮਿਲਣ ਦੀ ਸਭ ਤੋਂ ਵੱਧ ਉਮੀਦ ਹੈ।

ਆਓ ਜਾਣਦੇ ਹਾਂ ਭਾਰਤੀ ਖਿਡਾਰੀਆਂ ਦੇ ਮੁਕਾਬਲੇ ਕਦੋਂ-ਕਦੋਂ ਹਨ ?

ਜੈਵਲਿਨ ਥ੍ਰੋਅ

ਟੋਕੀਓ ਓਲੰਪਿਕ 2021 ਵਿੱਚ ਨੀਰਜ ਚੋਪੜਾ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਉਨ੍ਹਾਂ ਨੇ 87.58 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਸੋਨ ਤਗਮਾ ਹਾਸਲ ਕੀਤਾ।

ਇਹ ਅਥਲੈਟਿਕਸ ਵਿੱਚ ਭਾਰਤ ਦਾ ਪਹਿਲਾ ਓਲੰਪਿਕ ਤਗਮਾ ਸੀ। ਇਸ ਦੇ ਨਾਲ ਹੀ ਵਿਅਕਤੀਗਤ ਮੁਕਾਬਲਿਆਂ ਵਿੱਚ ਇਹ ਭਾਰਤ ਦਾ ਦੂਜਾ ਸੋਨ ਤਗਮਾ ਸੀ।

ਭਾਰਤ ਲਈ ਪਹਿਲਾਂ ਵਿਅਕਤੀਗਤ ਸੋਨ ਤਗਮਾ ਸ਼ੂਟਿੰਗ ਵਿੱਚ ਅਭਿਨਵ ਬਿੰਦਰਾ ਨੇ 2008 ਦੇ ਬੀਜਿੰਗ ਓਲੰਪਿਕ ਵਿੱਚ ਹਾਸਲ ਕੀਤਾ ਸੀ।

ਇਸ ਵਾਰ ਵੀ ਭਾਰਤੀਆਂ ਦੀਆਂ ਨਜ਼ਰਾਂ ਨੀਰਜ ਚੋਪੜਾ 'ਤੇ ਟਿਕੀਆਂ ਹਨ। ਉਨ੍ਹਾਂ ਤੋਂ ਇਲਾਵਾ ਇਸ ਵਾਰ ਕਿਸ਼ੋਰ ਜੇਨਾ ਅਤੇ ਅੰਨੂ ਰਾਣੀ ਵੀ ਜੈਵਲਿਨ ਥ੍ਰੋਅ ਵਿੱਚ ਭਾਗ ਲੈ ਰਹੇ ਹਨ। 6 ਅਗਸਤ ਨੂੰ ਪੁਰਸ਼ਾਂ ਦੇ ਜੈਵਲਿਨ ਥ੍ਰੋ ਦਾ ਕੁਆਲੀਫਾਇੰਗ ਮੁਕਾਬਲਾ ਖੇਡਿਆ ਜਾਵੇਗਾ।

ਉੱਥੇ ਹੀ ਔਰਤਾਂ ਦੇ ਜੈਵਲਿਨ ਥ੍ਰੋਅ ਦਾ ਕੁਆਲੀਫਾਇੰਗ ਮੁਕਾਬਲਾ 7 ਅਗਸਤ ਨੂੰ ਖੇਡਿਆ ਜਾਵੇਗਾ, ਜਿਸ ਵਿੱਚ ਅੰਨੂ ਰਾਣੀ ਹਿੱਸਾ ਲੈਣਗੇ।

ਇਸ ਦੇ ਨਾਲ ਹੀ ਜੈਵਲਿਨ ਥ੍ਰੋਅ ਵਿੱਚ ਮਰਦਾਂ ਦਾ ਫਾਈਨਲ ਮੁਕਾਬਲਾ 8 ਅਗਸਤ ਨੂੰ ਹੋਵੇਗਾ ਅਤੇ ਔਰਤਾਂ ਦਾ ਫਾਈਨਲ ਮੁਕਾਬਲਾ 10 ਅਗਸਤ ਨੂੰ ਖੇਡਿਆ ਜਾਵੇਗਾ।

ਪੈਦਲ ਚਾਲ (ਰੇਸ ਵਾਕ)

ਮਹਿਲਾਵਾਂ ਵਿੱਚ ਪ੍ਰਿਯੰਕਾ ਗੋਸਵਾਮੀ ਅਤੇ ਪੁਰਸ਼ਾਂ ਵਿੱਚ ਅਕਸ਼ਦੀਪ ਸਿੰਘ, ਵਿਕਾਸ ਸਿੰਘ, ਪਰਮਜੀਤ ਬਿਸ਼ਟ ਅਤੇ ਰਾਮ ਬਾਬੂ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਹਿੱਸਾ ਲੈਣਗੇ।

ਇਹ ਮੁਕਾਬਲੇ 1 ਅਗਸਤ ਨੂੰ ਹੋਣਗੇ।

ਰਿਲੇਅ ਰੇਸ

4x400 ਮੀਟਰ ਰਿਲੇਅ ਰੇਸ ਵਿੱਚ ਔਰਤਾਂ ਆਏ ਮਰਦਾਂ ਦੇ ਕੁਆਲੀਫਾਇੰਗ ਮੁਕਾਬਲੇ 9 ਅਗਸਤ ਨੂੰ ਹੋਣਗੇ।

ਮਰਦਾਂ ਟੀਮ ਵਿੱਚ ਮੁਹੰਮਦ ਅਨਸ, ਮੁਹੰਮਦ ਅਜਮਲ, ਰਾਜੀਵ ਅਰੋਕਿਆ ਅਤੇ ਅਮੋਜ ਜੈਕਬ ਹਿੱਸਾ ਲੈ ਰਹੇ ਹਨ।

ਉੱਧਰ ਔਰਤਾਂ ਦੀ ਟੀਮ ਵਿੱਚ ਜੋਤਿਕਾ ਸ਼੍ਰੀ ਦਾਂਡੀ, ਰੁਪਲ ਸੁਭਾ ਵੈਂਕਟੇਸ਼ਨ ਅਤੇ ਪੂਵੱਮਾ ਐੱਮਆਰ ਹਿੱਸਾ ਲੈਣਗੇ।

10 ਅਗਸਤ ਨੂੰ ਰਿਲੇਅ ਰੇਸ ਦਾ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।

ਵੇਟਲਿਫਟਿੰਗ

49 ਕਿੱਲੋਗ੍ਰਾਮ ਭਾਰ ਵਰਗ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਮੀਰਾਬਾਈ ਚਾਨੁ ਤੋਂ ਵਧੇਰੇ ਉਮੀਦ ਹੈ ਕਿ ਉਹ ਭਾਰਤ ਲਈ ਤਗਮਾ ਜਿੱਤਣਗੇ।

ਟੋਕੀਓ ਓਲੰਪਿਕ ਵਿੱਚ ਉਨ੍ਹਾਂ ਨੇ ਕੁੱਲ 201 ਕਿੱਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਸੀ।

ਵੇਟਲਿਫਟਿੰਗ ਦਾ ਮੁਕਾਬਲਾ 7 ਅਗਸਤ ਨੂੰ ਖੇਡਿਆ ਜਾਵੇਗਾ।

ਬੈਡਮਿੰਟਨ

ਬੈਡਮਿੰਟਨ ਦੇ ਔਰਤਾਂ ਦੇ ਸਿੰਗਲਜ਼ ਮੁਕਾਬਲੇ ਵਿੱਚ ਭਾਰਤ ਦੀ ਸਟਾਰ ਖਿਡਾਰਨ ਪੀਵੀ ਸਿੰਧੂ ਤੋਂ ਵੀ ਭਾਰਤ ਲਈ ਤਗਮਾ ਜਿੱਤਣ ਦੀ ਵੱਡੀ ਉਮੀਦ ਹੈ।

ਸਿੰਧੂ ਨੇ 2016 ਵਿੱਚ ਰਿਓ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗਮਾ ਅਤੇ 2021 ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਮਰਦਾਂ ਦੇ ਸਿੰਗਲਜ਼ ਵਿੱਚ ਐੱਸਐੱਸ ਪ੍ਰਣਾਏ ਅਤੇ ਲਕਸ਼ੇ ਸੇਨ ਭਾਰਤ ਵੱਲੋਂ ਮੁਕਾਬਲਾ ਕਰਨਗੇ।

ਕੁਸ਼ਤੀ

ਕੁਸ਼ਤੀ ਵਿੱਚ ਭਾਰਤ ਵੱਲੋਂ ਔਰਤਾਂ ਦੇ ਵਰਗ ਵਿੱਚ ਅੰਤਿਮ ਪੰਘਾਲ (53 ਕਿੱਲੋ), ਵਿਨੇਸ਼ ਫੋਗਾਟ (50 ਕਿੱਲੋ), ਅੰਸ਼ੂ ਮਲਿਕ (57 ਕਿੱਲੋ), ਰੀਤਿਕਾ ਹੁੱਡਾ (76 ਕਿੱਲੋ) ਅਤੇ ਨਿਸ਼ਾ ਦਹੀਆ (68 ਕਿੱਲੋ) ਭਾਗ ਲੈਣਗੀਆਂ।

ਮਰਦਾਂ ਦੇ ਮੁਕਾਬਲਿਆਂ ਵਿੱਚੋਂ ਭਾਰਤ ਵੱਲੋਂ ਅਮਨ ਸਹਿਰਾਵਤ 57 ਕਿੱਲੋ ਫ੍ਰੀਸਟਾਈਲ ਵਰਗ ਵਿੱਚ ਹਿੱਸਾ ਲੈਣਗੇ।

ਕੁਸ਼ਤੀ ਦੇ ਇਹ ਮੁਕਾਬਲੇ 5 ਅਗਸਤ ਤੋਂ 11 ਅਗਸਤ ਦੇ ਵਿਚਕਾਰ ਖੇਡੇ ਜਾਣਗੇ।

ਹਾਕੀ

ਭਾਰਤੀ ਔਰਤਾਂ ਹਾਕੀ ਟੀਮ ਇਸ ਵਾਰ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ। ਪਰ ਮਰਦਾਂ ਦੀ ਹਾਕੀ ਟੀਮ ਓਲੰਪਿਕ ਖੇਡਾਂ 'ਚ ਮੁਕਾਬਲੇ ਲਈ ਤਿਆਰ ਹੈ।

ਭਾਰਤੀ ਮਰਦਾਂ ਦੀ ਹਾਕੀ ਟੀਮ ਪੂਲ ਬੀ ਗਰੁੱਪ ਵਿੱਚ ਹੈ। 27 ਜੁਲਾਈ ਨੂੰ ਭਾਰਤ ਦਾ ਪਹਿਲਾ ਮੁਕਾਬਲਾ ਨਿਊਜ਼ੀਲੈਂਡ ਦੇ ਖ਼ਿਲਾਫ਼ ਹੋਵੇਗਾ।

29 ਜੁਲਾਈ ਨੂੰ ਭਾਰਤ ਅਰਜਨਟੀਨਾ, 30 ਜੁਲਾਈ ਨੂੰ ਆਇਰਲੈਂਡ, 1 ਅਗਸਤ ਨੂੰ ਬੈਲਜੀਅਮ ਅਤੇ 2 ਅਗਸਤ ਨੂੰ ਆਸਟ੍ਰੇਲੀਆ ਖ਼ਿਲਾਫ਼ ਮੁਕਾਬਲਾ ਖੇਡੇਗਾ।

4 ਅਗਸਤ ਨੂੰ ਮਰਦਾਂ ਦੀ ਹਾਕੀ ਦਾ ਕੁਆਟਰਫਾਈਨਲ, 6 ਅਗਸਤ ਨੂੰ ਸੈਮੀਫਾਈਨਲ ਅਤੇ 8 ਅਗਸਤ ਨੂੰ ਫਾਈਨਲ ਮੈਚ ਖੇਡਿਆ ਜਾਵੇਗਾ।

ਮੁੱਕੇਬਾਜ਼ੀ (ਬਾਕਸਿੰਗ)

ਮੁੱਕੇਬਾਜ਼ੀ ਵਿੱਚ ਔਰਤਾਂ ਦੇ ਮੁਕਾਬਲੇ 'ਚ ਭਾਰਤ ਵੱਲੋਂ ਨਿਖਿਤ ਜ਼ਰੀਨ (50 ਕਿੱਲੋ), ਪ੍ਰੀਤੀ ਪਵਾਰ (54 ਕਿੱਲੋ), ਜੈਸਮੀਨ ਲੰਬੋਰੀਆ (57 ਕਿੱਲੋ) ਅਤੇ ਲਵਲੀਨਾ ਬੋਰਘੇਨ (75 ਕਿੱਲੋ) ਭਾਗ ਲੈਣਗੀਆਂ।

ਮਰਦਾਂ ਦੇ ਮੁਕਾਬਲਿਆਂ 'ਚ ਭਾਰਤ ਵੱਲੋਂ ਨਿਸ਼ਾਂਤ ਦੇਵ (71 ਕਿੱਲੋ) ਅਤੇ ਅਮਿਤ ਪੰਘਾਲ (51 ਕਿੱਲੋ) ਭਾਗ ਲੈਣਗੇ।

ਇਹ ਮੁਕਾਬਲੇ 27 ਜੁਲਾਈ ਨੂੰ ਖੇਡੇ ਜਾਣਗੇ।

ਪੈਰਿਸ ਓਲੰਪਿਕ ਨਾਲ ਜੁੜੀਆਂ ਕੁਝ ਖਾਸ ਗੱਲਾਂ:

  • 26 ਜੁਲਾਈ ਤੋਂ 11 ਅਗਸਤ ਤੱਕ ਕਰਵਾਈਆਂ ਜਾਣਗੀਆਂ ਓਲੰਪਿਕ ਖੇਡਾਂ।
  • 32 ਖੇਡਾਂ ਦੇ 329 ਮੁਕਾਬਲੇ ਕਰਵਾਏ ਜਾਣਗੇ।
  • ਭਾਰਤ ਦੇ 120 ਅਥਲੀਟ ਵੱਖ-ਵੱਖ ਖੇਡਾਂ 'ਚ ਹਿੱਸਾ ਲੈਣਗੇ।
  • ਜੈਵਲਿਨ ਥ੍ਰੋਅ, ਕੁਸ਼ਤੀ, ਬੈਡਮਿੰਟਨ, ਸ਼ੂਟਿੰਗ, ਹਾਕੀ ਤੇ ਮੁੱਕੇਬਾਜ਼ੀ 'ਚ ਭਾਰਤ ਨੂੰ ਮੈਡਲ ਦੀ ਸਭ ਤੋਂ ਵੱਧ ਉਮੀਦ।
  • ਭਾਰਤ ਨੇ ਪਿਛਲੇ ਓਲੰਪਿਕ 'ਚ ਇੱਕ ਸੋਨ ਤਗਮੇ ਸਣੇ 7 ਤਗਮੇ ਜਿੱਤੇ ਸਨ।

ਗੌਲਫ਼

ਗੌਲਫ਼ ਦੇ ਔਰਤਾਂ ਦੇ ਮੁਕਾਬਲੇ 'ਚ ਭਾਰਤ ਵੱਲੋਂ ਅਦਿਤੀ ਅਸ਼ੋਕ ਅਤੇ ਦਿਕਸ਼ਾ ਡਾਗਰ ਭਾਗ ਲੈ ਰਹੀਆਂ ਹਨ।

ਮਰਦਾਂ ਵਿੱਚੋਂ ਸ਼ੁਭਾਂਕਰ ਸ਼ਰਮਾ ਅਤੇ ਗਗਨਜੀਤ ਸਿੰਘ ਭੁੱਲਰ ਭਾਗ ਲੈਣਗੇ।

ਪੁਰਸ਼ਾਂ ਦੇ ਮੁਕਾਬਲੇ 1 ਅਗਸਤ ਅਤੇ ਮਹਿਲਾਵਾਂ ਦੇ ਮੁਕਾਬਲੇ 7 ਅਗਸਤ ਤੋਂ ਖੇਡੇ ਜਾਣਗੇ।

ਭਾਰਤ ਦੀਆਂ ਨਜ਼ਰਾਂ ਅਦਿਤੀ ਅਸ਼ੋਕ 'ਤੇ ਹੋਣਗੀਆਂ।

ਤੀਰਅੰਦਾਜ਼ੀ (ਆਰਚਰੀ)

ਤੀਰਅੰਦਾਜ਼ੀ ਵਿੱਚ ਮਰਦਾਂ ਦੇ ਸਿੰਗਲਜ਼ ਮੁਕਾਬਲੇ ਵਿੱਚ ਧੀਰਜ ਬੋਮਾਦੇਵਰਾ, ਤਰੁਣਦੀਪ ਰਾਏ, ਪ੍ਰਵੀਨ ਜਾਧਵ ਭਾਗ ਲੈਣਗੇ।

ਔਰਤਾਂ ਦੇ ਸਿੰਗਲਜ਼ ਮੁਕਾਬਲੇ 'ਚ ਭਜਨ ਕੌਰ, ਦੀਪਿਕਾ ਕੁਮਾਰੀ ਅਤੇ ਅੰਕਿਤਾ ਭਗਤ ਆਪਣੀ ਕਿਸਮਤ ਅਜ਼ਮਾਉਣਗੀਆਂ।

ਇਹ ਮੁਕਾਬਲੇ 25 ਜੁਲਾਈ ਤੋਂ ਖੇਡੇ ਜਾਣਗੇ।

ਨਿਸ਼ਾਨੇਬਾਜ਼ੀ (ਸ਼ੂਟਿੰਗ)

10 ਮੀਟਰ ਏਅਰ ਰਾਇਫਲ ਸ਼ੂਟਿੰਗ ਵਿੱਚ ਭਾਰਤ ਵੱਲੋਂ ਮਰਦਾਂ 'ਚੋਂ ਸੰਦੀਪ ਸਿੰਘ, ਅਰਜੁਨ ਬਬੂਟਾ ਅਤੇ ਔਰਤਾਂ ਵਿੱਚੋਂ ਏਲਵੇਨਿਲ ਵਾਲਾਰਿਵਨ ਅਤੇ ਰਮਿਤਾ ਜਿੰਦਲ ਭਾਗ ਲੈ ਰਹੇ ਹਨ।

ਨਿਸ਼ਾਨੇਬਾਜ਼ੀ ਦੇ ਇਹ ਮੁਕਾਬਲੇ 27, 28 ਅਤੇ 29 ਜੁਲਾਈ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਣਗੇ।

ਟ੍ਰੈਪ ਸ਼ੂਟਿੰਗ ਦੇ ਮਰਦ ਵਰਗ 'ਚ ਪ੍ਰਿਥਵੀਰਾਜ ਤੋਂਡਾਈਮਾਨ ਅਤੇ ਔਰਤ ਵਰਗ 'ਚ ਰਾਜੇਸ਼ਵਰੀ ਕੁਮਾਰੀ ਅਤੇ ਸ਼੍ਰੇਅਸੀ ਸਿੰਘ ਭਾਗ ਲੈਣਗੇ।

ਟ੍ਰੈਪ ਸ਼ੂਟਿੰਗ ਦੇ ਇਹ ਮੁਕਾਬਲੇ 29, 30 ਅਤੇ 31 ਜੁਲਾਈ ਨੂੰ ਹੋਣਗੇ।

10 ਮੀਟਰ ਏਅਰ ਪਿਸਟਲ ਸ਼ੂਟਿੰਗ ਵਿੱਚ ਭਾਰਤ ਦੇ ਸਰਬਜੋਤ ਸਿੰਘ, ਮਨੁ ਭਾਕਰ, ਅਰਜੁਨ ਚੀਮਾ ਅਤੇ ਰਿਧਮ ਸਾਂਗਵਤ ਭਾਗ ਲੈਣਗੇ। ਇਹ ਮੁਕਾਬਲੇ 27, 28 ਅਤੇ 29 ਜੁਲਾਈ ਨੂੰ ਖੇਡੇ ਜਾਣਗੇ।

50 ਮੀਟਰ ਰਾਇਫਲ ਸ਼ੂਟਿੰਗ ਵਿੱਚ ਭਾਰਤ ਦੇ ਸ੍ਵਪਨਿਲ ਕੁਸ਼ਲੇ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਸਿਫ਼ਤ ਕੌਰ ਸਮਰਾ ਅਤੇ ਅੰਜੁਮ ਮੌਦਗਿਲ ਭਾਗ ਲੈਣਗੇ। ਇਸ ਦੇ ਮੁਕਾਬਲੇ 31 ਜੁਲਾਈ, 1 ਅਗਸਤ ਅਤੇ 2 ਅਗਸਤ ਨੂੰ ਸਵੇਰੇ 9 ਵਜੇ ਤੋਂ ਖੇਡੇ ਜਾਣਗੇ।

25 ਮੀਟਰ ਰੈਪਿਡ ਫਾਇਰ ਪਿਸਟਲ ਸ਼ੂਟਿੰਗ ਵਿੱਚ ਭਾਰਤ ਦੇ ਅਨੀਸ਼ ਭਾਨਵਾਲਾ ਅਤੇ ਵਿਜੇਵੀਰ ਸਿੱਧੂ ਭਾਗ ਲੈਣਗੇ। ਇਹ ਮੁਕਾਬਲੇ 4 ਅਤੇ 5 ਅਗਸਤ ਨੂੰ ਸਵੇਰੇ 9 ਵਜੇ ਤੋਂ ਖੇਡੇ ਜਾਣਗੇ।

25 ਮੀਟਰ ਪਿਸਟਲ ਵਿੱਚ ਭਾਰਤ ਵੱਲੋਂ ਈਸ਼ਾ ਸਿੰਘ ਭਾਗ ਲੈਣਗੇ। ਇਹ ਮੁਕਾਬਲੇ ਵੀ 2 ਅਤੇ 3 ਅਗਸਤ ਨੂੰ ਸਵੇਰੇ 9 ਵਜੇ ਤੋਂ ਖੇਡੇ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)