ਸਟਾਰਲਿੰਕ: ਕੀ ਈਲੋਨ ਮਸਕ ਦੀ ਕੰਪਨੀ ਦੇ ਆਉਣ ਨਾਲ ਭਾਰਤ ਵਿੱਚ ਇੰਟਰਨੈੱਟ ਦੀ ਸਪੀਡ ਵਧੇਗੀ, ਕੀ ਸਸਤਾ ਹੋਵੇਗਾ ਇੰਟਰਨੈੱਟ?

ਏਅਰਟੈੱਲ ਤੋਂ ਬਾਅਦ, ਹੁਣ ਰਿਲਾਇੰਸ ਜੀਓ ਨੇ ਵੀ ਈਲੋਨ ਮਸਕ ਦੀ ਕੰਪਨੀ ਸਟਾਰਲਿੰਕ ਨਾਲ ਇੰਟਰਨੈੱਟ ਸੇਵਾਵਾਂ ਨੂੰ ਭਾਰਤ ਵਿੱਚ ਲਿਆਉਣ ਲਈ ਸਮਝੌਤਾ ਕੀਤਾ ਹੈ।

ਸਟਾਰਲਿੰਕ ਕੰਪਨੀ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਮੁਹੱਈਆ ਕਰਦੀ ਹੈ। ਸੈਟੇਲਾਈਟ ਬ੍ਰਾਡਬੈਂਡ ਨਾਲ ਸੈਟੇਲਾਈਟ ਕਵਰੇਜ ਦੇ ਅੰਦਰ ਕਿਤੇ ਵੀ ਇੰਟਰਨੈਟ ਆਸਾਨੀ ਨਾਲ ਮੁਹੱਈਆ ਕਰਵਾਇਆ ਜਾ ਸਕਦਾ ਹੈ।

ਈਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਉਹ ਸਪੇਸਐਕਸ, ਟੈਸਲਾ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਮਾਲਕ ਹਨ। ਈਲੋਨ ਅਮਰੀਕੀ ਪ੍ਰਸ਼ਾਸਨ ਵਿੱਚ ਵੀ ਅਹਿਮ ਅਹੁਦਾ ਸੰਭਾਲੇ ਹੋਏ ਹਨ।

ਸਟਾਰਲਿੰਕ ਹਾਈ-ਸਪੀਡ ਇੰਟਰਨੈੱਟ ਸੇਵਾ ਪ੍ਰਦਾਨ ਕਰਦੀ ਹੈ ਅਤੇ ਇਸ ਨਾਲ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਵੀ ਇੰਟਰਨੈੱਟ ਸੇਵਾ ਪ੍ਰਦਾਨ ਕੀਤੀ ਜਾ ਸਕਦੀ ਹੈ। ਉਨ੍ਹਾਂ ਜਗਾਵਾਂ 'ਤੇ ਵੀ ਜਿੱਥੇ ਰਵਾਇਤੀ ਇੰਟਰਨੈੱਟ ਸੇਵਾਵਾਂ ਪਹੁੰਚਾਉਣ ਵਿੱਚ ਮੁਸ਼ਕਲ ਆਉਂਦੀ ਹੈ।

ਸਟਾਰਲਿੰਕ ਕਿਹੜੇ ਦੇਸ਼ਾ ਵਿੱਚ ਉਪਲੱਬਧ

ਵਰਤਮਾਨ ਵਿੱਚ, ਸਟਾਰਲਿੰਕ 100 ਤੋਂ ਵਧੇਰੇ ਦੇਸ਼ਾਂ ਵਿੱਚ ਉਪਲਬਧ ਹੈ। ਇਹ ਭਾਰਤ ਦੇ ਗੁਆਂਢੀ ਦੇਸ਼ ਭੂਟਾਨ ਵਿੱਚ ਵੀ ਕਾਰਜਸ਼ੀਲ ਹੈ।

ਹਾਲਾਂਕਿ, ਸਟਾਰਲਿੰਕ ਨੂੰ ਅਜੇ ਤੱਕ ਭਾਰਤ ਵਿੱਚ ਲੋੜੀਦੀ ਰੈਗੂਲੇਟਰੀ ਪ੍ਰਵਾਨਗੀ ਨਹੀਂ ਮਿਲੀ ਹੈ।

ਪਰ ਮਨਜ਼ੂਰੀ ਮਿਲਣ ਦੀ ਸੂਰਤ ਵਿੱਚ ਇਹ ਭਾਰਤ ਵਿੱਚ ਇੰਟਰਨੈੱਟ ਸੇਵਾਵਾਂ ਦਾ ਖਾਕਾ ਬਦਲ ਸਕਦੀ ਹੈ।

ਮੁਕੇਸ਼ ਅੰਬਾਨੀ ਅਤੇ ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਪ੍ਰਸ਼ਾਸਕੀ ਪ੍ਰਕਿਰਿਆ ਦੇ ਤਰੀਕੇ ਦੀ ਬਜਾਏ ਨਿਲਾਮੀ ਰਾਹੀਂ ਸੈਟੇਲਾਈਟ ਸਪੈਕਟ੍ਰਮ ਵੰਡਣ ਦੇ ਹੱਕ ਵਿੱਚ ਰਹੇ ਹਨ।

ਪਰ ਈਲੋਨ ਮਸਕ ਨਿਲਾਮੀ ਰਾਹੀ ਸਪੈਕਟ੍ਰਮ ਵਿਕਰੀ ਦੇ ਆਲੋਚਕ ਹਨ।

ਸੁਨੀਲ ਮਿੱਤਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਇੰਟਰਨੈੱਟ ਸੇਵਾ ਪ੍ਰਦਾਨ ਵਾਲੀਆਂ ਕੰਪਨੀਆਂ ਨੂੰ ਦੂਜੀਆਂ ਕੰਪਨੀਆਂ ਵਾਂਗ ਟੈਲੀਕਾਮ ਲਾਇਸੈਂਸ ਲੈਣਾ ਚਾਹੀਦਾ ਹੈ ਅਤੇ ਸਪੈਕਟ੍ਰਮ ਖਰੀਦਣਾ ਚਾਹੀਦਾ ਹੈ।

ਮਿੱਤਲ ਭਾਰਤ ਦੇ ਦੂਜੇ ਸਭ ਤੋਂ ਵੱਡੇ ਵਾਇਰਲੈੱਸ ਆਪਰੇਟਰ ਹਨ। ਅੰਬਾਨੀ ਦੇ ਨਾਲ, ਉਹ ਟੈਲੀਕਾਮ ਮਾਰਕੀਟ ਦੇ 80 ਪ੍ਰਤੀਸ਼ਤ ਹਿੱਸੇ ਨੂੰ ਕੰਟਰੋਲ ਕਰਦੇ ਹਨ।

ਸਟਾਰਲਿੰਕ ਕਿਵੇਂ ਕੰਮ ਕਰਦਾ ਹੈ

ਰਵਾਇਤੀ ਤੌਰ 'ਤੇ ਬ੍ਰਾਡਬੈਂਡ ਇੰਟਰਨੈੱਟ ਸੇਵਾਵਾਂ ਜ਼ਮੀਨਦੋਜ ਫਾਈਬਰ ਕੇਬਲਾਂ ਅਤੇ ਟਾਵਰਾਂ 'ਤੇ ਨਿਰਭਰ ਕਰਦੀਆਂ ਹਨ। ਇਸ ਦੇ ਬਜਾਏ ਸਟਾਰਲਿੰਕ 'ਲੋਅਰ ਅਰਥ ਔਰਬਿਟ' ਸੈਟੇਲਾਈਟਾਂ ਰਾਹੀਂ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਦੀ ਹੈ।

ਸੈਟੇਲਾਈਟ ਸਿਗਨਲ ਜ਼ਮੀਨ 'ਤੇ ਰਿਸੀਵਰਾਂ ਤੱਕ ਪਹੁੰਚਦੇ ਹਨ ਅਤੇ ਇੰਟਰਨੈੱਟ ਡੇਟਾ ਸੇਵਾ ਦਿੰਦੇ ਹਨ।

ਮਸਕ ਦੀ ਕੰਪਨੀ ਸਟਾਰਲਿੰਕ ਕੋਲ ਇਸ ਸਮੇਂ ਲਗਭਗ 7,000 ਸੈਟੇਲਾਈਟ ਕਾਰਜਸ਼ੀਲ ਹਨ। ਇਸਦੇ 100 ਦੇਸ਼ਾਂ ਵਿੱਚ 40 ਲੱਖ ਤੋਂ ਵਧੇਰੇ ਗਾਹਕ ਹਨ।

ਮਸਕ ਨੇ ਕਿਹਾ ਹੈ ਕਿ ਉਹ ਹਰ ਪੰਜ ਸਾਲਾਂ ਬਾਅਦ ਨਵੀਂ ਤਕਨਾਲੋਜੀ ਨਾਲ ਆਪਣੇ ਨੈੱਟਵਰਕ ਨੂੰ ਅਪਗ੍ਰੇਡ ਕਰਨਾ ਜਾਰੀ ਰੱਖਣਗੇ।

ਮਸਕ 2021 ਵਿੱਚ ਹੀ ਭਾਰਤ ਵਿੱਚ ਸੇਵਾਵਾਂ ਸ਼ੁਰੂ ਕਰਨਾ ਚਾਹੁੰਦੇ ਸੀ, ਪਰ ਰੈਗੂਲੇਟਰੀ ਮਨਜ਼ੂਰੀਆਂ ਕਾਰਨ ਦੇਰੀ ਹੋ ਗਈ।

ਸਟਾਰਲਿੰਕ ਰਾਹੀ ਇੰਟਰਨੈੱਟ ਦੀ ਵਰਤੋਂ ਲਈ ਉਪਭੋਗਤਾ ਨੂੰ ਇੱਕ ਸਟਾਰਲਿੰਕ ਡਿਸ਼ ਅਤੇ ਰਾਊਟਰ ਦੀ ਜ਼ਰੂਰਤ ਹੋਵੇਗੀ। ਇਹ ਧਰਤੀ ਦੇ ਦੁਆਲੇ ਘੁੰਮ ਰਹੇ ਸੈਟੇਲਾਈਟ ਨਾਲ ਜੁੜਦਿਆਂ ਸੰਚਾਰ ਕਰੇਗਾ।

ਇਹ ਡਿਸ਼ ਆਪਣੇ ਆਪ ਹੀ ਨਜ਼ਦੀਕੀ ਸਟਾਰਲਿੰਕ ਸੈਟੇਲਾਈਟ ਕਲੱਸਟਰ ਨਾਲ ਜੁੜ ਜਾਵੇਗੀ।

ਸਟਾਰਲਿੰਕ ਨੂੰ ਨਿਸ਼ਚਿਤ ਥਾਵਾਂ 'ਤੇ ਵਰਤਣ ਲਈ ਤਿਆਰ ਕੀਤਾ ਗਿਆ ਹੈ, ਪਰ ਵਾਧੂ ਹਾਰਡਵੇਅਰ ਦੇ ਨਾਲ ਇਹ ਚਲਦੇ ਵਾਹਨਾਂ, ਕਿਸ਼ਤੀਆਂ ਅਤੇ ਜਹਾਜ਼ਾਂ ਵਿੱਚ ਵੀ ਇੰਟਰਨੈਟ ਸੇਵਾ ਪ੍ਰਦਾਨ ਕਰ ਸਕਦਾ ਹੈ।

ਸਟਾਰਲਿੰਕ ਦੀ ਸਪੀਡ ਕਿੰਨੀ ਹੋਵੇਗੀ?

ਇੰਟਰਨੈੱਟ ਐਲਈਓ (ਲੋਅਰ ਅਰਥ ਔਰਬਿਟ) ਸੈਟੇਲਾਈਟ ਘੱਟ ਲੇਟੈਂਸੀ (25 ਤੋਂ 60 ਮਿਲੀਸਕਿੰਟ) ਨਾਲ ਕੰਮ ਕਰਦੇ ਹਨ। ਜਦੋਂ ਕਿ ਰਵਾਇਤੀ ਇੰਟਰਨੈੱਟ 600 ਮਿਲੀਸਕਿੰਟਾਂ ਤੋਂ ਵੱਧ ਸਪੀਡ ਨਾਲ ਕੰਮ ਕਰਦੇ ਹਨ।

ਇਸ ਸਪੀਡ ਦੇ ਕਾਰਨ ਸਟਾਰਲਿੰਕ ਸੇਵਾਵਾਂ ਨੂੰ ਵੀਡੀਓ ਕਾਨਫਰੰਸਿੰਗ, ਆਨਲਾਈਨ ਗੇਮਿੰਗ ਅਤੇ ਵੀਡੀਓ ਸਟ੍ਰੀਮਿੰਗ ਲਈ ਵਧੇਰੇ ਕਾਰਗਰ ਮੰਨਿਆ ਜਾਂਦਾ ਹੈ। ਹਾਲਾਂਕਿ, ਜਿਓਫਾਇਬਰ ਅਤੇ ਏਅਰਟੈਲ ਐਕਸਟ੍ਰੀਮ ਵਰਗੀਆਂ ਰਵਾਇਤੀ ਫਾਈਬਰ ਅਧਾਰਤ ਬ੍ਰਾਡਬੈਂਡ ਸੇਵਾਵਾਂ ਸ਼ਹਿਰੀ ਖੇਤਰਾਂ ਵਿੱਚ ਕਾਫ਼ੀ ਚੰਗੀ ਇੰਟਰਨੈੱਟ ਸਪੀਡ ਦਿੰਦੀਆਂ ਹਨ।

ਸਟਾਰਲਿੰਕ ਭਾਰਤ ਦੇ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਲਾਭਕਾਰੀ ਹੋ ਸਕਦਾ ਹੈ, ਜਿੱਥੇ ਫਾਈਬਰ ਕਨੈਕਟੀਵਿਟੀ ਬਿਲਕੁਲ ਨਹੀਂ ਹੈ ਜਾਂ ਫਿਰ ਸਪੀਡ ਵਧੀਆ ਨਹੀਂ ਹੈ।

ਸਟਾਰਲਿੰਕ ਦੇ ਆਉਣ ਤੋਂ ਬਾਅਦ, ਭਾਰਤ ਦੇ ਪੇਂਡੂ ਖੇਤਰਾਂ ਵਿੱਚ ਇੰਟਰਨੈੱਟ ਕਨੈਕਟੀਵਿਟੀ ਕਾਫ਼ੀ ਮਜ਼ਬੂਤ ਹੋ ਸਕਦੀ ਹੈ।

ਹਾਲਾਂਕਿ, ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਸਟਾਰਲਿੰਕ ਦੀਆਂ ਸੇਵਾਵਾਂ ਮੌਜੂਦਾ ਸੇਵਾਵਾਂ ਦੇ ਮੁਕਾਬਲੇ ਕਿੰਨੀਆਂ ਸਸਤੀਆਂ ਹੋਣਗੀਆਂ।

ਸਟਾਰਲਿੰਕ ਇੰਟਰਨੈੱਟ ਸੇਵਾ ਦੀ ਕੀਮਤ ਕੀ ਹੋਵੇਗੀ?

ਸਟਾਰਲਿੰਕ ਦੇ ਇੰਟਰਨੈੱਟ ਪਲਾਨ ਅਜੇ ਭਾਰਤ ਵਿੱਚ ਲਾਂਚ ਨਹੀਂ ਕੀਤੇ ਗਏ ਹਨ। ਪਰ ਭੂਟਾਨ ਵਿੱਚ ਸਟਾਰਲਿੰਕ ਸੇਵਾਵਾਂ ਦੀਆਂ ਕੀਮਤਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤ ਵਿੱਚ ਇਸਦੀ ਕੀਮਤ ਕੀ ਹੋ ਸਕਦੀ ਹੈ।

ਭੂਟਾਨ ਵਿੱਚ ਰੈਸੀਡੈਸ਼ੀਅਲ ਲਾਈਟ ਪਲਾਨ ਪ੍ਰਤੀ ਮਹੀਨੇ 3000 ਰੁਪਏ ਨਗੋਂਗਟ੍ਰਮ ਯਾਨੀ ਭੂਟਾਨੀ ਮੁਦਰਾ ਵਿੱਚ ਉਪਲਬਧ ਹੈ। ਭਾਰਤ ਅਤੇ ਭੂਟਾਨ ਦੀਆਂ ਮੁਦਰਾਵਾਂ ਦਾ ਮੁੱਲ ਇੱਕੋ ਜਿਹਾ ਹੈ ਇਸ ਲਈ ਇਹ ਕੀਮਤ ਭਾਰਤੀ ਮੁਦਰਾ ਵਿੱਚ ਵੀ ਬਰਾਬਰ ਹੀ ਮੰਨੀ ਜਾ ਸਕਦੀ ਹੈ।

ਭੂਟਾਨ ਵਿੱਚ ਇਸਦੀ ਇੰਟਰਨੈੱਟ ਸਪੀਡ 23 ਐਮਬੀਪੀਐੱਸ ਤੋਂ 100 ਐਮਬੀਪੀਐੱਸ ਦੇ ਵਿਚਕਾਰ ਹੈ। ਇਹ ਬ੍ਰਾਊਜ਼ਿੰਗ, ਸੋਸ਼ਲ ਮੀਡੀਆ ਅਤੇ ਵੀਡੀਓ ਸਟ੍ਰੀਮਿੰਗ ਲਈ ਸਹੀਂ ਹੈ।

25 ਐਮਬੀਪੀਐੱਸ ਤੋਂ 110 ਐਮਬੀਪੀਐੱਸ ਤੱਕ ਦੇ ਪਲਾਨ ਦੀ ਕੀਮਤ 4200 ਨਗੋਂਗਟ੍ਰਮ ਹੈ ਭਾਵ ਕਿ 4200 ਰੁਪਏ ਦੇ ਬਰਾਬਰ ਹੈ।

ਟੈਲੀਕਾਮ ਮਾਹਰਾਂ ਦਾ ਅੰਦਾਜ਼ਾ ਹੈ ਕਿ ਭਾਰਤ ਵਿੱਚ ਸਟਾਰਲਿੰਕ ਸੇਵਾ ਦੀ ਕੀਮਤ 3500 ਤੋਂ 4500 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਹਾਲਾਂਕਿ, ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਨਾਲ ਹੋਏ ਸਮਝੌਤੇ ਕਾਰਨ ਇਹ ਸਸਤਾ ਹੋ ਸਕਦਾ ਹੈ।

ਮਾਹਰ ਕੀ ਕਹਿੰਦੇ ਹਨ?

ਸਲਾਹਕਾਰ ਕੰਪਨੀ ਈਵਾਈ ਪਾਰਥੇਨਨ ਦੇ ਅਨੁਸਾਰ, ਭਾਰਤ ਦੇ 1.4 ਬਿਲੀਅਨ ਲੋਕਾਂ ਵਿੱਚੋਂ ਲਗਭਗ 40 ਪ੍ਰਤੀਸ਼ਤ ਲੋਕਾਂ ਕੋਲ ਅਜੇ ਵੀ ਇੰਟਰਨੈੱਟ ਦੀ ਪਹੁੰਚ ਨਹੀਂ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੇਂਡੂ ਖੇਤਰਾਂ ਤੋਂ ਹਨ।

ਚੀਨ ਦੀ ਗੱਲ ਕਰੀਏ ਤਾਂ, ਦੁਨੀਆ ਭਰ ਦੇ ਆਨਲਾਈਨ ਰੁਝਾਨਾਂ ਦੀ ਨਿਗਰਾਨੀ ਕਰਨ ਵਾਲੀ ਡੇਟਾ ਰਿਪੋਰਟ ਦੇ ਅਨੁਸਾਰ ਚੀਨ ਵਿੱਚ ਲਗਭਗ 1.09 ਬਿਲੀਅਨ ਇੰਟਰਨੈੱਟ ਉਪਭੋਗਤਾ ਹਨ, ਜਦੋਂ ਕਿ ਭਾਰਤ ਵਿੱਚ 750 ਮਿਲੀਅਨ ਤੋਂ ਵੱਧ ਇੰਟਰਨੈਟ ਉਪਭੋਗਤਾ ਹਨ।

ਭਾਰਤ ਵਿੱਚ ਇੰਟਰਨੈੱਟ ਅਪਣਾਉਣ ਦੀ ਦਰ ਅਜੇ ਵੀ ਵਿਸ਼ਵ ਔਸਤ ਤੋਂ ਪਿੱਛੇ ਹੈ। ਇਸ ਵੇਲੇ ਇਹ 66.2 ਪ੍ਰਤੀਸ਼ਤ ਹੈ। ਪਰ ਹਾਲੀਆ ਅਧਿਐਨ ਦਰਸਾਉਂਦੇ ਹਨ ਕਿ ਦੇਸ਼ ਇਸ ਪਾੜੇ ਨੂੰ ਘਟਾ ਰਿਹਾ ਹੈ।

ਜੇਕਰ ਕੀਮਤ ਸਹੀ ਢੰਗ ਨਾਲ ਰੱਖੀ ਜਾਵੇ, ਤਾਂ ਸੈਟੇਲਾਈਟ ਬ੍ਰਾਡਬੈਂਡ ਇਸ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦਾ ਹੈ।

ਇਹ ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ) ਵਿੱਚ ਵੀ ਮਦਦਗਾਰ ਹੋ ਸਕਦਾ ਹੈ, ਇੱਕ ਅਜਿਹਾ ਨੈੱਟਵਰਕ ਜੋ ਰੋਜ਼ਾਨਾ ਦੀਆਂ ਵਸਤੂਆਂ ਨੂੰ ਇੰਟਰਨੈੱਟ ਨਾਲ ਜੋੜਦਾ ਹੈ ਅਤੇ ਉਨ੍ਹਾਂ ਨੂੰ ਇੱਕ ਦੂਜੇ ਨਾਲ ਸੰਚਾਰ ਵਿੱਚ ਰੱਖਦਾ ਹੈ।

ਤਕਨਾਲੋਜੀ ਵਿਸ਼ਲੇਸ਼ਕ ਪ੍ਰਸੰਤੋ ਕੇ ਰਾਏ ਨੇ ਬੀਬੀਸੀ ਪੱਤਰਕਾਰ ਸੌਤਿਕ ਬਿਸਵਾਸ ਨੂੰ ਦੱਸਿਆ ਕਿ ਭਾਰਤੀ ਆਪਰੇਟਰਾਂ ਨਾਲ ਇਸ 'ਪ੍ਰਾਇਸ ਵਾਰ' ਨੂੰ ਕੋਈ ਨਹੀਂ ਰੋਕ ਸਕਦਾ। ਮਸਕ ਕੋਲ ਬਹੁਤ ਪੈਸਾ ਹੈ। ਉਹ ਭਾਰਤੀ ਬਾਜ਼ਾਰ ਵਿੱਚ ਪੈਰ ਜਮਾਉਣ ਲਈ ਕੁਝ ਖੇਤਰਾਂ ਵਿੱਚ ਮੁਫਤ ਸੇਵਾਵਾਂ ਵੀ ਪ੍ਰਦਾਨ ਕਰ ਸਕਦੇ ਹਨ।

ਸਟਾਰਲਿੰਕ ਪਹਿਲਾਂ ਹੀ ਕੀਨੀਆ ਅਤੇ ਦੱਖਣੀ ਅਫਰੀਕਾ ਵਿੱਚ ਕੀਮਤਾਂ ਘਟਾ ਚੁੱਕਾ ਹੈ।

ਹਾਲਾਂਕਿ, ਇਹ ਸੌਖਾ ਨਹੀਂ ਹੋ ਸਕਦਾ। 2023 ਦੀ ਇੱਕ ਰਿਪੋਰਟ ਵਿੱਚ, ਈਵਾਈ ਪਾਰਥੇਨਨ ਨੇ ਦੱਸਿਆ ਕਿ ਸਟਾਰਲਿੰਕ ਦੀ ਉੱਚ ਕੀਮਤ ਸਰਕਾਰੀ ਸਬਸਿਡੀਆਂ ਤੋਂ ਬਿਨਾਂ ਮੁਕਾਬਲਾ ਕਰਨਾ ਮੁਸ਼ਕਲ ਬਣਾ ਸਕਦੀ ਹੈ, ਕਿਉਂਕਿ ਸਟਾਰਲਿੰਕ ਦੀ ਲਾਗਤ ਪ੍ਰਮੁੱਖ ਭਾਰਤੀ ਬ੍ਰਾਡਬੈਂਡ ਕੰਪਨੀਆਂ ਨਾਲੋਂ ਲਗਭਗ 10 ਗੁਣਾ ਵੱਧ ਹੈ।

ਗਲੋਬਲ ਕਵਰੇਜ ਪ੍ਰਦਾਨ ਕਰਨ ਲਈ, ਐਮਈਓ ਸੈਟੇਲਾਈਟਾਂ ਨਾਲੋਂ ਬਹੁਤ ਸਾਰੇ ਈਐੱਲਓਐੱਸ ਸੈਟੇਲਾਈਟਾਂ (ਸਟਾਰਲਿੰਕ ਲਈ ਵਰਤੇ ਜਾਂਦੇ) ਦੀ ਲੋੜ ਹੁੰਦੀ ਹੈ, ਜੋ ਲਾਂਚ ਅਤੇ ਰੱਖ-ਰਖਾਅ ਦੀ ਲਾਗਤ ਨੂੰ ਵਧਾਉਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)