ਉਸਮਾਨੀਆ ਸਲਤਨਤ ਦਾ ਤੋਪਖ਼ਾਨਾ ਜਿਸ ਨੇ ਉਸ ਨੂੰ ਇੱਕ ਵੱਡੀ ਸ਼ਕਤੀ ਬਣਾ ਦਿੱਤਾ

ਤਸਵੀਰ ਸਰੋਤ, FAUSTO ZONARO
- ਲੇਖਕ, ਅਸਦ ਅਲੀ
- ਰੋਲ, ਬੀਬੀਸੀ ਉਰਦੂ ਡਾਟ ਕਾਮ, ਲੰਡਨ
ਸੰਨ 1453 ਦਾ ਅਪ੍ਰੈਲ ਦਾ ਮਹੀਨਾ। ਉਸਮਾਨੀਆ ਸਲਤਨਤ ਦੇ 21 ਸਾਲਾ ਸੁਲਤਾਨ ਮੇਹਮਦ ਦੂਜੇ ਨੇ ਆਪਣੀ ਫੌਜ ਦੇ ਨਾਲ ਹਜ਼ਾਰ ਸਾਲ ਪੁਰਾਣੀ ਬਾਇਜੈਂਟਾਇਨ ਸਲਤਨਤ ਦੀ ਰਾਜਧਾਨੀ ਕੁਸਤੁਨਤੁਨੀਆ (ਅਜੋਕਾ ਇਸਤਾਂਬੁਲ) ਨੂੰ ਘੇਰਾ ਪਾ ਲਿਆ ਹੈ।
ਉਹ ਗੋਲੇ ਵਰਸਾਉਂਦੀਆਂ ਤੋਪਾਂ ਨਾਲ ਆਪਣੀ ਫੌਜ ਦੇ ਨਾਲ ਸ਼ਹਿਰ ਦੀਆਂ ਕੰਧਾਂ ਦੇ ਸਾਹਮਣੇ ਖੜੇ ਹੋ ਕੇ 10 ਸਾਲ ਪਹਿਲਾਂ ਆਪਣੇ ਪਿਤਾ ਸੁਲਤਾਨ ਮੁਰਾਦ ਦੂਜੇ ਨਾਲ ਹੋਈ ਗੱਲਬਾਤ ਨੂੰ ਯਾਦ ਕਰਦੇ ਹਨ।
ਇਹ ‘ਨੈੱਟਫਲਿਕਸ’ ’ਤੇ ਕੁਸਤੁਨਤੁਨੀਆ ਦੀ ਜਿੱਤ ’ਤੇ ਬਣਨ ਵਾਲੀ ਫਿਲਮ ‘ਓਟੋਮਨ’ ਦੇ ਖਾਸ ਦ੍ਰਿਸ਼ ਹਨ।
ਸੁਲਤਾਨ ਮੇਹਮਦ ਯਾਦ ਕਰਦੇ ਹਨ ਕਿ ਕਿਵੇਂ ਸਾਲ 1443 ’ਚ ਸੁਲਤਾਨ ਮੁਰਾਦ ਦੂਜੇ ਨੇ ਉਨ੍ਹਾਂ ਨੂੰ ਇਸ ਇਤਿਹਾਸਿਕ ਸ਼ਹਿਰ ਅਤੇ ਇਸ ਦੀਆਂ ਮਜ਼ਬੂਤ ਕੰਧਾਂ ਦੇ ਸਾਹਮਣੇ ਇਸੇ ਤਰ੍ਹਾਂ ਖੜ੍ਹੇ ਹੋ ਕੇ ਕਿਹਾ ਸੀ ਕਿ ਕੁਸਤੁਨਤੁਨੀਆ ਬ੍ਰਹਿਮੰਡ ਦਾ ਦਿਲ ਹੈ, ਉਹ ਜ਼ਮੀਨ ਜਿਸ ਬਾਰੇ ਵਾਅਦਾ ਕੀਤਾ ਗਿਆ ਹੈ ਅਤੇ ਜੋ ਕੋਈ ਵੀ ਉਸ ’ਤੇ ਜਿੱਤ ਦਰਜ ਕਰੇਗਾ, ਦੁਨੀਆ ਉਸੇ ਦੀ ਹੋਵੇਗੀ।
ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਨ੍ਹਾਂ ਕੰਧਾਂ ਨੂੰ ਵੇਖੋ, ਜੋ ਕਿ ਹਰ ਉਸ ਫੌਜ ਦੇ ਰਸਤੇ ਦੀ ਰੁਕਾਵਟ ਬਣੀਆਂ ਹਨ, ਜਿਨ੍ਹਾਂ ਨੇ ਵੀ ਇਸ ਸ਼ਹਿਰ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ।
ਕੁਸਤੁਨਤੁਨੀਆ ਦੀ ਜਿੱਤ , ਜੋ ਯੂਰਪ ਅੱਜ ਤੱਕ ਨਹੀਂ ਭੁੱਲਿਆ

ਤਸਵੀਰ ਸਰੋਤ, FAUSTO ZONARO
ਸੁਲਤਾਨ ਮੇਹਮਦ ਦੂਜੇ ਨੇ ਆਪਣੇ ਪਿਤਾ ਦੀਆਂ ਗੱਲਾਂ ਸੁਣ ਕੇ ਉਸ ਸਮੇਂ ਉਨ੍ਹਾਂ ਤੋਂ ਪੁੱਛਿਆ ਸੀ ਕਿ ਇਨ੍ਹਾਂ ਨੂੰ (ਕੁਸਤੁਨਤੁਨੀਆ ਦੀਆਂ ਕੰਧਾਂ) ਢਾਹ ਕਿਉਂ ਨਹੀਂ ਦਿੰਦੇ?
ਉਨ੍ਹਾਂ ਦੇ ਪਿਤਾ ਨੇ ਜਵਾਬ ਦਿੱਤਾ ਕਿ ਅਜੇ ਤੱਕ ਇੰਨ੍ਹਾਂ ਤਾਕਤਵਰ ਹਥਿਆਰ ਨਹੀਂ ਬਣਿਆ ਹੈ ਜੋ ਕਿ ਇਨ੍ਹਾਂ ਮਜ਼ਬੂਤ ਕੰਧਾਂ ਨੂੰ ਢਾਹ ਸਕੇ ਤਾਂ ਸ਼ਹਿਜ਼ਾਦੇ ਮੇਹਮਦ ਨੇ ਪੂਰੇ ਆਤਮ ਵਿਸ਼ਵਾਸ ਨਾਲ ਕਿਹਾ ਸੀ ਕਿ “ਪਿਤਾ ਜੀ ਮੈਂ ਇਨ੍ਹਾਂ ਕੰਧਾਂ ਨੂੰ ਢਾਹਾਂਗਾ ਅਤੇ ਜਦੋਂ ਸੁਲਤਾਨ ਬਣਾਗਾ ਤਾਂ ਕੁਸਤੁਨਤੁਨੀਆ ਨੂੰ ਮੈਂ ਜਿੱਤਾਂਗਾ।”
ਇੱਥੇ ਇੱਕ ਅਹਿਮ ਸਵਾਲ ਇਹ ਹੈ ਕਿ ਫਿਲਮ ਵਿੱਚ ਵਿਖਾਏ ਗਏ ਸਾਲ 1443 ਅਤੇ 1453 ਦੇ ਦ੍ਰਿਸ਼ ’ਚ ਬਹੁਤ ਵੱਡਾ ਅੰਤਰ ਹੈ।
ਸੁਲਤਾਨ ਮੁਰਾਦ ਦੂਜੇ ਜਦੋਂ ਕੁਸਤੁਨਤੁਨੀਆ ਦੇ ਸਾਹਮਣੇ ਖੜ੍ਹੇ ਵਿਖਾਈ ਦਿੰਦੇ ਹਨ ਤਾਂ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਤਾਕਤ ਉਨ੍ਹਾਂ ਦੀ ਫੌਜ ਦੇ ਘੋੜ ਸਵਾਰ ਵਿਖਾਈ ਦਿੰਦੇ ਹਨ, ਪਰ 1453 ਵਿੱਚ ਜਦੋਂ ਸੁਲਤਾਨ ਮੇਹਮਦ ਦੂਜਾ ਕੁਸਤੁਨਤੁਨੀਆ ਆਉਂਦੇ ਹਨ ਤਾਂ ਉਹ ਅਜਿਹੀ ਗਰਜ ਨਾਲ ਆਉਂਦੇ ਹਨ, ਜੋ ਸ਼ਾਇਦ ਦੁਨੀਆ ਵਿੱਚ ਕਿਸੇ ਦੁਸ਼ਮਣ ਨੇ ਪਹਿਲਾਂ ਕਦੇ ਨਹੀਂ ਸੁਣੀ ਸੀ।
ਫਿਲਮ ਵਿੱਚ ਇੱਕ ਇਤਿਹਾਸਕਾਰ ਦੱਸਦੇ ਹਨ, “ਦੁਨੀਆ ਨੇ ਪਹਿਲਾਂ ਕਦੇ ਵੀ ਇੰਨੀ ਵੱਡੀ ਗਿਣਤੀ ਵਿੱਚ ਤੋਪਾਂ, 69 ਜਾਂ 70 ਇਕੱਠੀਆਂ ਨਹੀਂ ਵੇਖੀਆਂ ਸਨ।”
ਸਹਿਜ਼ਾਦੇ ਮੇਹਮਦ ਨੇ ਸੁਲਤਾਨ ਮਹਿਮਦ ਦੂਜਾ ਬਣਨ ਤੋਂ ਬਾਅਦ ਆਪਣੇ ਪਿਤਾ ਨਾਲ ਕੀਤੇ ਵਾਅਦੇ ਦੇ ਅਨੁਸਾਰ 1453 ’ਚ ਕੁਸਤੁਨਤੁਨੀਆ ਦੀਆਂ ਮਜ਼ਬੂਤ ਕੰਧਾਂ ਨੂੰ ਵੀ ਮਾਤ ਦਿੱਤੀ ਅਤੇ ‘ਬ੍ਰਹਿੰਮਡ ਦਾ ਦਿਲ’ ਸਮਝੇ ਜਾਣ ਵਾਲੇ ਇਸ ਸ਼ਹਿਰ ਨੂੰ ਉਸਮਾਨੀਆ/ਓਟੋਮਨ ਸਲਤਨਤ ਦੀ ਨਵੀਂ ਰਾਜਧਾਨੀ ਵੀ ਬਣਾਇਆ।
ਇਤਿਹਾਸਕਾਰ ਗੈਬੋਰ ਆਗਸਟਨ ਨੇ ਆਪਣੀ ਕਿਤਾਬ ‘ਗੰਨਜ਼ ਫਾਰ ਦਿ ਸੁਲਤਾਨ: ਮਿਲਟਰੀ ਪਾਵਰ ਐਂਡ ਦਿ ਵੈਪਨਜ਼ ਇੰਡਸਟਰੀ ਇਨ ਦਿ ਓਟੋਮਨ ਐਮਪਾਇਰ’ ਵਿੱਚ ਲਿਖਿਆ ਹੈ ਕਿ ਓਟੋਮਨ ਵੱਲੋਂ ਕੁਸਤੁਨਤੁਨੀਆ ਉੱਤੇ ਜਿੱਤ ਦਰਜ ਕਰਨਾ ਇੱਕ ਮਿਸਾਲ ਹੈ ਕਿ 1450 ਤੱਕ ਤੋਪਾਂ ਘੇਰਾਬੰਦੀ ਵਾਲੀਆਂ ਜੰਗਾਂ ਦੇ ਲਈ ਫੈਸਲਾਕੁੰਨ ਹਥਿਆਰ ਬਣ ਗਈਆਂ ਸਨ।
ਇਸ ਦੇ ਨਾਲ ਹੀ ਮਹੱਤਵਪੂਰਨ ਗੱਲ ਇਹ ਵੀ ਸੀ ਕਿ ਉਸ ਜ਼ਮਾਨੇ ਦੀ ਨਵੀਂ ਤਕਨੀਕ ਅਪਣਾਉਣ ਦੇ ਨਾਲ-ਨਾਲ ਓਟੋਮਨ ਸਲਤਨਤ ਕੋਲ ਵੱਡੀ ਗਿਣਤੀ ਵਿੱਚ ਹਥਿਆਰ ਬਣਾਉਣ ਦੇ ਲਈ ਸਾਧਨ ਅਤੇ ਸਹੂਲਤਾਂ ਵੀ ਸਨ, ਜਿਸ ਕਾਰਨ ਉਹ ਆਪਣੇ ਯੂਰਪੀ ਵਿਰੋਧੀਆਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੋ ਗਏ ਸਨ।
ਫਿਲਮ ‘ਓਟੋਮਨ’ ਵਿੱਚ ਓਰਬਾਨ ਨਾਮ ਦਾ ਇੱਕ ਕਾਰੀਗਰ ਸੁਲਤਾਨ ਮੇਹਮਦ ਦੂਜਾ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਇੱਕ ਤੋਪ ਦਾ ਡਿਜ਼ਾਇਨ ਵਿਖਾਉਂਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਇਸ ਤੋਪ ਜ਼ਰੀਏ ਦਾਗੇ ਗਏ ਗੋਲੇ ਸ਼ਹਿਰ ਦੀਆਂ ਇਤਿਹਾਸਿਕ ਕੰਧਾਂ ਨੂੰ ਢਾਹ-ਢੇਰੀ ਕਰ ਦੇਣਗੇ।
ਉਸ ਨੇ ਕਿਹਾ ਕਿ ਇਹ ਤੋਪ ਅੱਠ ਮੀਟਰ ਲੰਮੀ ਹੋਵੇਗੀ ਅਤੇ ਇਸ ਦੀ ਕੀਮਤ 10 ਹਜ਼ਾਰ ਡੁਕੇਟ ਹੋਵੇਗੀ।
ਇਸ ਦ੍ਰਿਸ਼ ਵਿੱਚ ਸੁਲਤਾਨ ਮੇਹਮਦ ਦੂਜਾ ਨੇ ਕਾਰੀਗਰ ਨੂੰ ਜਵਾਬ ਦਿੱਤਾ ਕਿ ਜੇਕਰ ਇਸ ਤੋਪ ਨੇ ਕੁਸਤੁਨਤੁਨੀਆ ਦੀਆਂ ਮਜ਼ਬੂਤ ਕੰਧਾਂ ਨੂੰ ਢਾਹ ਦਿੱਤਾ ਤਾਂ ਉਸ ਨੂੰ ਚਾਰ ਗੁਣਾ ਜ਼ਿਆਦਾ ਕੀਮਤ ਮਿਲੇਗੀ, ਬਾਸ਼ਰਤੇ ਕਿ ਇਹ ਤੋਪ ਤਿੰਨ ਮਹੀਨਿਆਂ ਵਿੱਚ ਤਿਆਰ ਹੋਣੀ ਚਾਹੀਦੀ ਹੈ।

ਤਸਵੀਰ ਸਰੋਤ, NETFLIX
ਇਤਿਹਾਸਕਾਰ ਆਗਸਟੋਨ ਨੇ ਆਨਲਾਈਨ ਮੈਗਜ਼ੀਨ ‘ਜੇ ਸਟੋਰ’ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਉਸਤਾਦ ਓਰਬਾਨ ਹੰਗਰੀ ਦਾ ਰਹਿਣ ਵਾਲਾ ਸੀ ਅਤੇ ਉਹ ਬਹੁਤ ਹੀ ਮਾਹਰ ਕਾਰੀਗਰ ਸੀ।
ਉਨ੍ਹਾਂ ਨੇ ਦੱਸਿਆ ਕਿ ਓਰਬਾਨ ਨੇ ਪਹਿਲਾਂ ਕੁਸਤੁਨਤੁਨੀਆ ਵਿੱਚ ਬਾਇਜੈਂਟਾਇਨ ਸਲਤਨਤ ਨੂੰ ਇਸ ਤੋਪ ਦੀ ਪੇਸ਼ਕਸ਼ ਕੀਤੀ ਸੀ ਪਰ ਉਹ ਇਸ ਦੀ ਕੀਮਤ ਨਾ ਚੁਕਾ ਸਕੇ ਅਤੇ ਨਾ ਹੀ ਉਨ੍ਹਾਂ ਕੋਲ ਇੰਨੀ ਵੱਡੀ ਤੋਪ ਬਣਾਉਣ ਲਈ ਲੋੜੀਂਦੇ ਸਾਧਨ ਹੀ ਸਨ।
ਓਰਬਾਨ ਇਸ ਸਥਿਤੀ ਨੂੰ ਵੇਖਦੇ ਹੋਏ ਆਪਣੀ ਪੇਸ਼ਕਸ਼ ਲੈ ਕੇ ਉਸਮਾਨੀਆ ਸਲਤਨਤ ਦੇ ਕੋਲ ਗਏ ਸਨ।
ਇਤਿਹਾਸ ਦੱਸਦਾ ਹੈ ਕਿ ਸੁਲਤਾਨ ਮੇਹਮਦ ਦੂਜਾ ਨੇ ਓਰਬਾਨ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਸੀ।
ਅੱਗੇ ਵਧਣ ਤੋਂ ਪਹਿਲਾਂ, ਇੱਥੇ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਕੁਸਤੁਨਤੁਨੀਆ ਦੀ ਘੇਰਾਬੰਦੀ ਵਿੱਚ ਤੁਰਕੀ ਦੇ ਕਾਰੀਗਰਾਂ ਵੱਲੋਂ ਬਣਾਈਆਂ ਤੋਪਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਸਮਾਨੀਆ ਦੀ ਨਿਰਭਰਤਾ ਸਿਰਫ ਬੰਬ ਸੁੱਟਣ ਵਾਲੀਆਂ ਵੱਡੀਆਂ ਤੋਪਾਂ ਉੱਤੇ ਹੀ ਨਹੀਂ ਸੀ, ਜਿਨ੍ਹਾਂ ਬਾਰੇ ਅਸੀਂ ਅੱਗੇ ਵੇਰਵੇ ਸਹਿਤ ਚਰਚਾ ਕਰਾਂਗੇ।
ਆਗਸਟੋਨ ਲਿਖਦੇ ਹਨ ਕਿ ਤੁਰਕ ਪੁਰਾਲੇਖ ਅਜਿਹੇ ਦਸਤਾਵੇਜ਼ਾਂ ਅਤੇ ਸਬੂਤਾਂ ਦੇ ਭੰਡਾਰ ਨਾਲ ਭਰਿਆ ਪਿਆ ਹੈ, ਜਿਨ੍ਹਾਂ ਤੋਂ ਉਸਮਾਨੀਆ ਦੇ ਤੋਪਾਂ ਬਣਾਉਣ ਦਾ ਹੁਨਰ, ਜਹਾਜ਼ ਨਿਰਮਾਣ, ਨਾਈਟਰਸ ਐਸਿਡ ਅਤੇ ਬਾਰੂਦ ਬਣਾਉਣ ਦੀ ਯੋਗਤਾ ਦੀ ਭਰਪੂਰ ਝਲਕ ਮਿਲਦੀ ਹੈ।
ਓਰਬਾਨ ਦੀ ਤੋਪ ਤਿਆਰ ਹੋ ਗਈ ਅਤੇ ਇਸ ਨੂੰ ਕੁਸਤੁਨਤੁਨੀਆ ਪਹੁੰਚਉਣ ਦਾ ਕੰਮ ਸ਼ੁਰੂ ਹੋ ਗਿਆ।
ਆਗਸਟੋਨ ਨੇ ਮੈਗਜ਼ੀਨ ਜੇ ਸਟੋਰ ਵਿੱਚ ਆਪਣੇ ਲੇਖ (15ਵੀਂ ਅਤੇ 17ਵੀਂ ਸਦੀ ਵਿੱਚ ਉਸਮਾਨੀ ਤੋਪਖ਼ਾਨਾ ਅਤੇ ਯੁਰਪੀ ਮਿਲਟਰੀ ਤਕਨਾਲੋਜੀ) ਵਿੱਚ ਵੱਖ-ਵੱਖ ਇਤਿਹਾਸਿਕ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਇਸ ਦੇਵਹੇਕਲ ਤੋਪ ਨੂੰ ਉਸਮਾਨੀਆ ਸਲਤਨਤ ਦੀ ਰਾਜਧਾਨੀ ਐਡਿਰਨੇ ਤੋਂ ਕੁਸਤੁਨਤੁਨੀਆ ਲਿਜਾਣ ਦੀ ਪ੍ਰਕਿਰਿਆ ਦੇ ਬਾਰੇ ਤਫ਼ਸੀਲ ਵਿੱਚ ਦੱਸਿਆ ਹੈ।
ਉਨ੍ਹਾਂ ਨੇ ਲਿਖਿਆ ਹੈ ਕਿ ਇਸ ਕੰਮ ਦੇ ਲਈ 30 ਵੈਗਨ/ਗੱਡੀਆਂ ਜੋੜੀਆਂ ਗਈਆਂ ਸਨ, ਜਿਨ੍ਹਾਂ ਨੂੰ ਖਿੱਚਣ ਲਈ 60 ਬਲਵਾਨ ਬਲਦਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਇਹ ਯਕੀਨੀ ਬਣਾਉਣ ਦੇ ਲਈ ਕਿ ਵੈਗਨ ਦਾ ਸੰਤੁਲਨ ਨਾ ਵਿਗੜੇ ਅਤੇ ਤੋਪ ਡਿੱਗ ਨਾ ਜਾਵੇ, ਇਸ ਲਈ ਵੈਗਨ ਦੇ ਦੋਵੇਂ ਪਾਸੇ 200 ਸਿਪਾਹੀ ਤਾਇਨਾਤ ਕੀਤੇ ਗਏ ਸਨ।
ਤੋਪ ਦਾ ਰਸਤਾ ਸਾਫ਼ ਕਰਨ ਦੇ ਲਈ ਉਸ ਦੇ ਅੱਗੇ 50 ਕਾਰੀਗਰ ਅਤੇ ਉਨ੍ਹਾਂ ਦੇ 200 ਸਹਾਇਕ ਚੱਲ ਰਹੇ ਸਨ।
ਉਨ੍ਹਾਂ ਦਾ ਕੰਮ ਰਸਤੇ ਵਿੱਚ ਸੜਕ ਦੇ ਖਰਾਬ ਹਿੱਸਿਆਂ ਉੱਤੇ ਪੁਲ ਬਣਾਉਣਾ ਸੀ। ਐਡਿਰਨੇ ਤੋਂ ਕੁਸਤੁਨਤੁਨੀਆ ਤੱਕ ਦੀ ਇਸ ਯਾਤਰਾ ਵਿੱਚ ਤਕਰੀਬਨ ਦੋ ਮਹੀਨੇ ਲੱਗੇ ਅਤੇ ਫਰਵਰੀ ਅਤੇ ਮਾਰਚ ਬੀਤ ਜਾਣ ਤੋਂ ਬਾਅਦ ਇਸ ਤੋਪ ਨੂੰ ਕੁਸਤੁਨਤੁਨੀਆ ਤੋਂ ਪੰਜ ਮੀਲ ਦੂਰ ਸਹੀ ਥਾਂ ਵੇਖ ਕੇ ਲਗਾ ਦਿੱਤਾ ਗਿਆ ਸੀ।
ਆਗਸਟੋਨ ਅੱਗੇ ਲਿਖਦੇ ਹਨ ਕਿ ਕੁਸਤੁਨਤੁਨੀਆ ਦੀ ਘੇਰਾਬੰਦੀ ਦੇ ਦੌਰਾਨ ਇਹ ਤੋਪ ਦਿਨ ਵਿੱਚ ਸਿਰਫ ਸੱਤ ਵਾਰ ਹੀ ਫਾਇਰ ਕਰ ਸਕਦੀ ਸੀ ਅਤੇ ਮਈ ਮਹੀਨੇ ਇਸ ਦੀ ਮੁਰੰਮਤ ਵੀ ਕਰਨੀ ਪਈ। ਇਸ ਦੇ ਭਾਰੀ-ਭਰਕਮ ਗੋਲਿਆਂ ਨੇ ਕੁਸਤੁਨਤੁਨੀਆ ਦੀਆਂ ਕੰਧਾਂ ਦਾ ਬਹੁਤ ਨੁਕਸਾਨ ਕੀਤਾ ਤੇ ਉਸਮਾਨੀਆ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।
ਉਸਮਾਨੀਆ ਸਲਤਨਤ ਦੇ ਵਿਲੱਖਣ ਯੋਗਤਾਵਾਂ ਵਾਲੇ ਸੁਲਤਾਨ
ਜਿਵੇਂ ਕਿ ਇਤਿਹਾਸ ਦੀ ਕਿਸੇ ਵੀ ਵੱਡੀ ਅਤੇ ਕਾਮਯਾਬ ਸਲਤਨਤ ਨਾਲ ਹੋਇਆ, ਉਸੇ ਤਰ੍ਹਾਂ 15ਵੀਂ ਅਤੇ 16ਵੀਂ ਸਦੀ ਦੀ ਉਸਾਮਨੀਆ ਸਲਤਨਤ ਵੀ ਉਹ ਥਾਂ ਸੀ ਜਿਸ ਦੇ ਵੱਲ ਹਰ ਹੁਨਰਮੰਦ ਅਤੇ ਏਜੰਡਾ ਰੱਖਣ ਵਾਲਾ ਇਨਸਾਨ ਖਿੱਚਿਆ ਚਲਿਆ ਜਾਂਦਾ ਸੀ।
ਹੋਰ ਖੂਬੀਆਂ ਤੋਂ ਇਲਾਵਾ ਇੱਥੇ ‘ਸਮਾਜਿਕ ਵਿਕਾਸ ਦੇ ਮੌਕੇ ਸਨ। ਜਿਸ ਸਮੇਂ ਯੂਰਪ ਵਿੱਚ ਸਪੇਨ ਅਤੇ ਪੁਰਤਗਾਲ ਵਿੱਚ ਮੁਸਲਮਾਨਾਂ ਅਤੇ ਯਹੂਦੀਆਂ ਨੂੰ ਧਰਮ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ, ਉਦੋਂ ਉਨ੍ਹਾਂ ਕੋਲ ਦੇਸ ਛੱਡ ਕੇ ਜਾਣ ਤੋਂ ਇਲਾਵਾ ਹੋਰ ਕੋਈ ਰਾਹ ਮੌਜੂਦ ਨਹੀਂ ਸੀ।
ਧਾਰਮਿਕ ਅਸਹਿਣਸ਼ੀਲਤਾ ਸੀ। ਸਰਕਾਰੀ ਧਰਮ ਨੂੰ ਨਾ ਮੰਨਣ ਦੀ ਸੂਰਤ ’ਚ ਲੋਕਾਂ ਨੂੰ ਤਸੀਹੇ ਦਿੱਤੇ ਜਾ ਰਹੇ ਸਨ ਅਤੇ ਮਾਰਿਆ ਵੀ ਜਾ ਰਿਹਾ ਸੀ। ਦੂਜੇ ਪਾਸੇ ਉਸੇ ਦੌਰ ਵਿੱਚ ਉਸਮਾਨੀਆ ਸਲਤਨਤ ਵਿੱਚ ਧਾਰਮਿਕ ਖੁੱਲ੍ਹ ਦਾ ਮਾਹੌਲ ਸੀ।”
ਇਤਿਹਾਸਕਾਰ ਲਿਖਦੇ ਹਨ ਕਿ ਉਸਮਾਨੀਆ ਸਲਤਨਤ ਦੇ ਸੁਲਤਾਨਾਂ ਦਾ ਦਬਦਬਾ ਆਪਣਾ ਥਾਂ ਪਰ ਉਨ੍ਹਾਂ ਦੇ ਬਾਰੇ ਮਸ਼ਹੂਰ ਸੀ ਕਿ ਉਹ ਗਿਆਨ ਅਤੇ ਹੁਨਰ ਦੇ ਕਦਰਦਾਨ ਸਨ ਅਤੇ ਖਾਸ ਕਰ ਜੇ ਇਨ੍ਹਾਂ ਦੋਵੇਂ ਚੀਜ਼ਾਂ ਦਾ ਸਬੰਧ ਫੌਜੀ ਖੇਤਰ ਨਾਲ ਹੋਵੇ।
ਆਗਸਟੋਨ ਲਿਖਦੇ ਹਨ, “ਸਲਤਨਤ ਅਸਾਧਰਨ ਰੂਪ ਨਾਲ ਸਮਰੱਥ ਸ਼ਾਸਕਾਂ ਨਾਲ ਸਨਮਾਨਿਤ ਸੀ।”
ਉਨ੍ਹਾਂ ਨੇ ਦੱਸਿਆ ਕਿ ਸੁਲਤਾਨ ਮੇਹਮਦ ਦੂਜਾ ਦੀ ਫੌਜੀ ਮਾਮਲਿਆਂ ਵਿੱਚ ਦਿਲਚਸਪੀ ਦੀ ਇੰਨੀ ਚਰਚਾ ਸੀ ਕਿ ਯੂਰਪ ਦੇ ਮਾਹਰਾਂ ਨੇ ਫੌਜ ਦੇ ਸਬੰਧ ਵਿੱਚ ਲਿਖੇ ਆਪਣੇ ਦਸਤਾਵੇਜ਼ਾਂ ਨੂੰ ਉਨ੍ਹਾਂ ਦੇ ਨਾਮ ਨਾਲ ਹੀ ਜੋੜ ਦਿੱਤਾ।

ਤਸਵੀਰ ਸਰੋਤ, THOMAS ALLOM
ਆਗਸਟੋਨ ਲਿਖਦੇ ਹਨ ਕਿ ਯੂਰਪ ਦੇ ਕਈ ਸ਼ਾਸਕ ਤਾਂ ਉਨ੍ਹਾਂ ਦੇ ਨਜ਼ਦੀਕ ਹੋਣ ਦੇ ਲਈ ਆਪਣੇ ਫੌਜੀ ਮਾਹਰਾਂ ਨੂੰ ਖੁਦ ਉਨ੍ਹਾਂ ਦੇ ਕੋਲ ਭੇਜਦੇ ਸਨ। ਇਹ ਸਭ ਉਦੋਂ ਹੋ ਰਿਹਾ ਜਦੋਂ ਰੋਮ ਦੇ ਪੋਪ ਨੇ ਉਸ ਗੈਰ-ਈਸਾਈ ਰਾਜ ਨੂੰ ਕਿਸੇ ਵੀ ਤਰ੍ਹਾਂ ਦੀ ਫੌਜੀ ਜਾਣਕਾਰੀ ਦੇਣ ਤੋਂ ਸਖ਼ਤ ਮਨਾ ਕੀਤਾ ਹੋਇਆ ਸੀ।
ਉਸਮਾਨੀਆ ਸਲਤਨਤ ਵੱਲੋਂ ਜਿੱਤੇ ਹੋਏ ਖੇਤਰਾਂ ਦੇ ਕਾਰੀਗਰਾਂ ਅਤੇ ਹੁਨਰਵਾਨ ਲੋਕਾਂ ਨੂੰ ਨਾ ਸਿਰਫ ਆਪਣੇ ਪੁਰਾਣੇ ਪੇਸ਼ੇ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ ਸਗੋਂ ਉਨ੍ਹਾਂ ਕੋਲ ਤਰੱਕੀ ਕਰਨ ਦੇ ਹੋਰ ਮੌਕੇ ਵੀ ਹੁੰਦੇ ਸਨ। ਇਹੀ ਸਥਿਤੀ ਕੈਦੀ ਬਣਨ ਵਾਲੇ ਕਾਰੀਗਰਾਂ ਦੀ ਵੀ ਸੀ।
ਇਸ ਤੋਂ ਇਲਾਵਾ ਨਵੇਂ ਸਿਰੇ ਤੋਂ ਨੌਕਰੀ ਦੇਣ ਦੀਆਂ ਯੋਜਨਾਵਾਂ ਦੇ ਤਹਿਤ ਵੀ ਵੱਡੀ ਗਿਣਤੀ ਵਿੱਚ ਕਾਰੀਗਰ ਸਲਤਨਤ ਵਿੱਚ ਆ ਕੇ ਵਸੇ।
ਇਤਿਹਾਸਕਾਰ ਦੱਸਦੇ ਹਨ ਕਿ ਸੁਲਤਾਨ ਸਲੀਮ ਪਹਿਲੇ ਦੇ ਬਾਰੇ ਕਿਹਾ ਜਾਂਦਾ ਸੀ ਕਿ ਉਨ੍ਹਾਂ ਨੇ ਤਬਰੇਜ਼ ਤੋਂ ਸਾਰੇ ਕਾਰੀਗਰਾ ਨੂੰ ਕਾਰੀਗਰਾਂਲ ਲਿਆ ਕੇ ਵਸਾਇਆ ਸੀ।
ਇਹ ਸਪੱਸ਼ਟ ਨਹੀਂ ਹੈ ਕਿ ਨਿਯਮਤ ਫੁਲ ਟਾਈਮ ਉਸਮਾਨੀਆ ਆਰਟਿਲਰੀ ਕੋਰ ਕਦੋਂ ਬਣਾਈ ਗਈ ਸੀ, ਪਰ ਸੰਭਵ ਹੈ ਕਿ ਯੂਰਪ ਦੇ ਇਸ ਤਰ੍ਹਾਂ ਦੇ ਆਰਟਿਲਰੀ ਯੂਨਿਟ ਬਣਨ ਤੋਂ ਬਹੁਤ ਪਹਿਲਾਂ ਸੁਲਤਾਨ ਮੁਰਾਦ ਦੂਜਾ (1421-1451) ਦੇ ਸ਼ਾਸਨਕਾਲ ਦੌਰਾਨ ਅਜਿਹਾ ਹੋਇਆ ਸੀ।
ਉਸਮਾਨੀਆ ਸਲਤਨਤ ਅਤੇ ਯਹੂਦੀ ਤੇ ਈਸਾਈ ਕਾਰੀਗਰ
ਇਨ੍ਹਾਂ ਸਦੀਆਂ ਵਿੱਚ ਇਸਤਾਂਬੁਲ ਆਉਣ ਵਾਲੇ ਯੂਰਪੀਅਨ ਉੱਥੇ ਸ਼ਾਹੀ ਫਾਊਂਡਰੀਆਂ ਅਤੇ ਸ਼ਸਤਰਖਾਨਿਆਂ ਵਿੱਚ ਵੱਡੀ ਗਿਣਤੀ ’ਚ ਈਸਾਈਆਂ ਨੂੰ ਕੰਮ ਕਰਦਾ ਵੇਖ ਕੇ ਹੈਰਾਨ ਰਹਿ ਜਾਂਦੇ ਸਨ ਅਤੇ ਇਸ ਤੋਂ ਇਲਾਵਾ ਯਹੂਦੀ ਵੀ ਉੱਥੇ ਵੇਖੇ ਜਾਂ ਸਕਦੇ ਸਨ।
ਆਗਸਟੋਨ ਨੇ 1556 ਵਿੱਚ ਛਪੀ ਇੱਕ ਕਿਤਾਬ ਵਿੱਚ ਕੀਤੇ ਗਏ ਦਾਅਵੇ ਦਾ ਜ਼ਿਕਰ ਕੀਤਾ ਹੈ ਕਿ ਸਪੇਨ ਤੋਂ ਕੱਢੇ ਗਏ ਯਹੂਦੀਆਂ ਨੇ ਉਸਮਾਨੀਆ ਨੂੰ ਫੌਜੀ ਕੰਮਾਂ ਦਾ ਗਿਆਨ ਦਿੱਤਾ ਅਤੇ ਉਨ੍ਹਾਂ ਨੂੰ ਕਾਂਸੀ ਦੇ ਫੌਜੀ ਹਥਿਆਰ ਅਤੇ ‘ਫਾਇਰ ਲਾਕ’ ਦੇ ਬਾਰੇ ’ਚ ਬਹੁਤ ਕੁਝ ਦੱਸਿਆ।

ਤਸਵੀਰ ਸਰੋਤ, Getty Images
ਆਗਸਟੋਨ ਲਿਖਦੇ ਹਨ ਕਿ ਯਹੂਦੀਆਂ ਵੱਲੋਂ ਉਸਮਾਨੀਆ ਸਲਤਨਤ ਦੇ ਲਈ ਫੌਜੀ ਸੇਵਾਵਾਂ ਨੂੰ ਜ਼ਰੂਰਤ ਤੋਂ ਵੱਧ ਅਹਿਮੀਅਤ ਦੇਣ ਤੋਂ ਬਚਣਾ ਚਾਹੀਦਾ ਹੈ ਪਰ ਇਸ ਦੇ ਨਾਲ ਉਸਮਾਨੀ ਅਤੇ ਯਹੂਦੀ ਦਸਤਾਵੇਜ਼ਾਂ ਦੇ ਅਧਾਰ ’ਤੇ ਉਨ੍ਹਾਂ ਦੀ ਮਦਦ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ।
ਇਸਤਾਂਬੁਲ ਦੇ ਸ਼ਾਹੀ ਤੋਪਖ਼ਾਨਿਆਂ ਦੇ ਸਾਲ 1517-18 ਦੇ ਖਾਤਿਆਂ ਵਿੱਚ ਯਹੂਦੀ ਕਾਰੀਗਰਾਂ (ਅਹਿੰਗਾਰਨ ਯਹੂਦੀਆਂ) ਦਾ ਜ਼ਿਕਰ ਹੈ।
ਹਾਲਾਂਕਿ ਉਸ ਸਮੇਂ ਦੌਰਾਨ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧ ਰੱਖਣ ਵਾਲੇ ਮਾਹਿਰਾਂ ਦਾ ਵੱਖ-ਵੱਖ ਸ਼ਾਸਕਾਂ ਅਤੇ ਸਲਤਨਤਾਂ ਦੇ ਲਈ ਕੰਮ ਕਰਨਾ ਕੋਈ ਨਵੀਂ ਗੱਲ ਨਹੀਂ ਸੀ।
ਸੇਵਿਲੇ ਦੇ ਇੱਕ ਯਾਤਰੀ ਜੇਰੋਮ ਮੋਰੰਡ ਨੇ 1544 ਵਿੱਚ ਲਿਖਿਆ ਕਿ ਉਨ੍ਹਾਂ ਨੇ ਇਸਤਾਂਬੁਲ ਦੀ ਫਾਊਂਡਰੀ ਵਿੱਚ 40-50 ਜਰਮਨ ਵੇਖੇ ਸਨ ਜੋ ਕਿ ਸੁਲਤਾਨ ਦੇ ਲਈ ਤੋਪਾਂ ਬਣਾ ਰਹੇ ਸਨ।
ਇਸ ਤਰ੍ਹਾਂ ਇਸਤਾਂਬੁਲ ’ਚ ਫਰਾਂਸ ਦੇ ਰਾਜਦੂਤ ਨੇ 1547-48 ਵਿੱਚ ਲਿਖਿਆ ਕਿ ਉੱਥੇ ਬਹੁਤ ਸਾਰੇ ਫਰਾਂਸ, ਸਪੇਨ, ਵੈਨਿਸ, ਜਿਨੇਵਾ ਅਤੇ ਸਿਸਲੀ ਦੇ ਮਾਹਰ ਕੰਮ ਕਰ ਰਹੇ ਸਨ।
ਹਾਲਾਂਕਿ ਇੱਥੇ ਵੀ ਇਤਿਹਾਸਕਾਰ ਵਿਦੇਸ਼ੀਆਂ ਦੀ ਅਹਿਮੀਅਤ ਦੇ ਬਾਰੇ ਵਧਾ-ਚੜਾਅ ਕੇ ਦੱਸਣ ਤੋਂ ਸਾਵਧਾਨੀ ਵਰਤਣ ਲਈ ਕਹਿੰਦੇ ਹਨ।
ਆਗਸਟੋਨ ਦੱਸਦੇ ਹਨ ਕਿ 15ਵੀਂ ਸਦੀ ਦੇ ਮੱਧ ਵਿੱਚ ਉਸਮਾਨੀਆ ਸਲਤਨਤ ਦੇ ਯੂਰਪੀ ਕਿਲ੍ਹਿਆਂ ਵਿੱਚ ਈਸਾਈਆਂ ਦੇ ਨਾਲ-ਨਾਲ ਤੁਰਕ ‘ਤਫੰਚੀ’ ਅਤੇ ‘ਤੋਪਚੋਂ’ (ਤੋਪਚੀ) ਵੀ ਕੰਮ ਕਰਦੇ ਸਨ ਅਤੇ 16ਵੀਂ ਸਦੀ ਤੱਕ ਉਨ੍ਹਾਂ ਦੀ ਗਿਣਤੀ ਈਸਾਈ ਕਾਰੀਗਰਾਂ ਤੋਂ ਕਿਤੇ ਜ਼ਿਆਦਾ ਹੋ ਗਈ ਸੀ।
ਕਾਰੀਗਰਾਂ ਦੀ ਘਾਟ ਕਰਕੇ ਸਪੇਨ ਦੀਆਂ ਤੋਪ ਫੈਕਟਰੀਆਂ ਵਿੱਚ ਕੰਮ ਠੱਪ ਹੋ ਗਿਆ, ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ ਉਸਮਾਨੀਆ ਸਲਤਨਤ ਹੀ ਵਿਦੇਸ਼ੀ ਕਾਰੀਗਰਾਂ ਦਾ ਫਾਇਦਾ ਨਹੀਂ ਚੁੱਕ ਰਹੀ ਸੀ।
ਆਗਸਟੋਨ ਨੇ ਆਪਣੀ ਕਿਤਾਬ ਵਿੱਚ ਇਸ ਸਬੰਧੀ ਕਈ ਉਦਾਹਰਣਾਂ ਦਿੱਤੀਆਂ ਹਨ। ਜਿਵੇਂ ਕਿ ਹੰਗਰੀ ਦੇ ਤੋਪਖ਼ਾਨੇ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਕਾਰੀਗਰ ਜਰਮਨੀ ਤੋਂ ਸਨ ਅਤੇ ਇਸ ਤੋਂ ਇਲਾਵਾ ਕੁਝ ਇਤਲਾਵੀ ਵੀ ਉੱਥੇ ਕੰਮ ਕਰ ਰਹੇ ਸਨ।
ਇਸੇ ਤਰ੍ਹਾਂ ਉਨ੍ਹਾਂ ਨੇ ਵੇਨਿਸ ਦੀ ਮਿਸਾਲ ਦਿੱਤੀ ਹੈ ਕਿ ਉੱਥੇ 16ਵੀਂ ਸਦੀ ਦੇ ਪਹਿਲੇ ਦਹਾਕੇ ਤੱਕ ਜਰਮਨ ਲੋਕ ਤੋਪਾਂ ਤਿਆਰ ਕਰਨ ਦਾ ਕੰਮ ਕਰਦੇ ਸਨ ਅਤੇ ਇਹ ਸਥਿਤੀ ਉਸ ਸਦੀ ਦੇ ਮੱਧ ਤੱਕ ਕਾਇਮ ਰਹੀ ਜਦੋਂ ਵੇਨਿਸ ਨੇ ਆਪਣਾ ‘ਗਨਰਸ ਸਕੂਲ’ ਬਣਾ ਲਿਆ।
ਇਸ ਸਬੰਧ ’ਚ ਇੱਕ ਦਿਲਚਸਪ ਉਦਾਹਰਣ ਸਪੇਨ ਦੀ ਹੈ, ਜਿਸ ਦੇ ਬਾਰੇ ਆਗਸਟੋਨ ਨੇ ਦੱਸਿਆ ਕਿ ਸਪੇਨ ਕੋਲ 16ਵੀਂ ਸਦੀ ’ਚ ਤੋਪਾਂ ਬਣਾਉਣ ਦੇ ਲਈ ਆਪਣੇ ਕਾਰੀਗਰ ਨਹੀਂ ਸਨ ਅਤੇ ਬਾਦਸ਼ਾਹਾਂ ਨੂੰ ਵਾਰ-ਵਾਰ ਜਰਮਨੀ, ਇਤਲਾਵੀ ਅਤੇ ਫਲੇਮਿਸ਼ ਕਾਰੀਗਰ ਭਰਤੀ ਕਰਨੇ ਪਏ ਸਨ।
ਇੱਕ ਵਾਰ ਤਾਂ ਸੰਨ 1575 ’ਚ ਕਾਰੀਗਰਾਂ ਦੇ ਨਾ ਮਿਲਣ ਦੇ ਕਾਰਨ ਸਥਿਤੀ ਇੰਨੀ ਖ਼ਰਾਬ ਹੋ ਗਈ ਕਿ ਮਾਲਾਗਾ ਦੀ ਫਾਊਂਡਰੀ ਨੂੰ ਬੰਦ ਤੱਕ ਕਰਨਾ ਪਿਆ ਸੀ।
ਇਸ ਘਟਨਾ ਦਾ ਇੱਕ ਹੋਰ ਅਹਿਮ ਪਹਿਲੂ ਇਹ ਵੀ ਹੈ ਕਿ ਜਦੋਂ ਜਰਮਨੀ ਤੋਂ ਕਾਰੀਗਰਾਂ ਨੂੰ ਮੰਗਵਾਇਆ ਗਿਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਦਾ ਸੰਬੰਧ ਪ੍ਰਟੈਸਟੈਂਟ ਭਾਈਚਾਰੇ ਨਾਲ ਹੈ ਜਦਕਿ ਸਪੇਨ ਸਰਕਾਰੀ ਤੌਰ ’ਤੇ ਕੈਥੋਲਿਕ ਦੇਸ ਸੀ।
ਕਾਰੀਗਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ‘ਫਾਊਂਡਰੀ ਵਿੱਚ ਕੰਮ ਇੰਜ਼ਬਰਕ ਤੋਂ ਕੈਥੋਲਿਕ ਕਾਰੀਗਰਾਂ ਦੇ ਆਉਣ ਤੋਂ ਬਾਅਦ ਹੀ ਸ਼ੁਰੂ ਹੋ ਸਕਿਆ’।
ਇਹ ਘਟਨਾ ਉਸਮਾਨੀਆ ਸਲਤਨਤ ਅਤੇ ਉਸ ਦੀਆਂ ਸਮਕਾਲੀ ਯੂਰਪੀ ਸ਼ਕਤੀਆਂ ਦੀ ਧਾਰਮਿਕ ਨੀਤੀ ਵਿੱਚ ਵੱਡੇ ਫਰਕ ਦੀ ਵੀ ਇੱਕ ਮਿਸਾਲ ਹੈ।
ਆਗਸਟੋਨ ਦੱਸਦੇ ਹਨ ਕਿ ਇਹ ਸਥਿਤੀ ਪੁਰਤਗਾਲ ਦੀ ਵੀ ਸੀ, ਜੋ ਕਿ ਉਸ ਸਮੇਂ ਵਿੱਚ ਇੱਕ ਵੱਡੀ ਆਲਮੀ ਤਾਕਤ ਸੀ ਅਤੇ ਨਵੇਂ ਹਥਿਆਰਾਂ ਨੂੰ ਅਫਰੀਕਾ ਅਤੇ ਏਸ਼ੀਆ ਤੱਕ ਪਹੁੰਚਾਉਣ ਵਿੱਚ ਇਸ ਦੀ ਅਹਿਮ ਭੂਮਿਕਾ ਸਮਝੀ ਜਾਂਦੀ ਸੀ।
ਪੁਰਤਗਾਲ ਖੁਦ ਵਿਦੇਸ਼ੀ ਤਕਨੀਕ ਅਤੇ ਉੱਥੋਂ ਆਉਣ ਵਾਲੇ ਹਥਿਆਰਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਸੀ।
ਰੂਸ ਨੂੰ ਤੋਪਾਂ ਬਣਾਉਣੀਆਂ ਕਿਸ ਨੇ ਸਿਖਾਈਆਂ?
ਇਸ ਤਰ੍ਹਾਂ ਦੀਆਂ ਉਦਾਹਰਣਾਂ ਇਤਿਹਾਸ ਵਿੱਚ ਰੂਸ ਅਤੇ ਫਰਾਂਸ ਬਾਰੇ ਵੀ ਮਿਲਦੀਆਂ ਹਨ।
ਆਗਸਟੋਨ ਲਿਖਦੇ ਹਨ ਕਿ ਰੂਸ ਵਿੱਚ ਹਥਿਆਰਾਂ ਦੀ ਮਸ਼ਹੂਰ ਤਲਾ ਫੈਕਟਰੀ ਹਾਂਲੈਂਡ ਦੇ ਇੱਕ ਨਾਗਰਿਕ ਆਂਦਰੇਸ ਵੇਨੇਸ ਨੇ ਸਥਾਪਿਤ ਕੀਤੀ ਸੀ ਅਤੇ 1647 ਤੱਕ ਉਹ ਹੀ ਇਸ ਦੇ ਜ਼ਿੰਮੇਵਾਰ ਰਹੇ। ਉਨ੍ਹਾਂ ਨੇ ਸਮਝੌਤੇ ਅਨੁਸਾਰ ਇਸ ਦੌਰਾਨ ਰੂਸੀ ਕਾਰੀਗਰਾਂ ਨੂੰ ਸਿਖਲਾਈ ਵੀ ਦਿੱਤੀ।
ਉਨ੍ਹਾਂ ਦਾ ਇਕਰਾਰਨਾਮਾ ਖ਼ਤਮ ਹੋਣ ਤੋਂ ਬਾਅਦ, ਰੂਸ ਨੇ ਖੁਦ ਇਸ ਨੂੰ ਚਲਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਅਤੇ 1648 ਵਿੱਚ ਆਂਦਰੇਸ ਨੂੰ 20 ਸਾਲਾਂ ਦੇ ਲਈ ਮੁੜ ਬੁਲਾਉਣਾ ਪਿਆ।
ਆਗਸਟੋਨ ਲਿਖਦੇ ਹਨ ਕਿ ਨਵੀਂ ਤਕਨੀਕ ਦੇ ਮਾਮਲੇ ਵਿੱਚ ਉਸ ਸਮੇਂ ਦੂਜੇ ਦੇਸਾਂ ਤੋਂ ਵੱਧ ਵਿਕਸਤ ਦੇਸ ਇੰਗਲੈਂਡ ਨੂੰ ਵੀ ਬਾਹਰੀ ਮਦਦ ਦੀ ਜ਼ਰੂਰਤ ਹੁੰਦੀ ਸੀ ਅਤੇ ਉਸ ਦੇ ਪ੍ਰਭੂਤਵ ਵਿੱਚ ਫਰਾਂਸੀਸੀ ਲੋਹਾਰ ਅਤੇ ਤੋਪਚੀਆਂ ਦੀ ਅਹਿਮ ਭੂਮਿਕਾ ਸੀ।

ਤਸਵੀਰ ਸਰੋਤ, Getty Images
ਤੁਰਕ ਬੰਬਾਰਡ ਤੋਪਾਂ
ਉਸਤਾਦ ਓਰਬਾਨ ਦੀ ਤੋਪ ਉਨ੍ਹਾਂ ਤੋਪਾਂ ਦੀ ਸ਼੍ਰੇਣੀ ਵਿੱਚ ਆਉਂਦੀ ਹੈ ਜਿਨ੍ਹਾਂ ਨੂੰ ਬੰਬਾਰਡ ਕਿਹਾ ਜਾਂਦਾ ਸੀ।
ਕਿਤਾਬ ‘ਗਨਜ਼ ਫਾਰ ਦਿ ਸੁਲਤਾਨ’ ਤਫ਼ਸੀਲ ਨਾਲ ਦੱਸਿਆ ਗਿਆ ਹੈ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡੀਆਂ ਤੋਪਾਂ ਦਾ ਵਿਆਸ 50 ਤੋਂ 80 ਸੈਂਟੀਮੀਟਰ ਅਤੇ ਭਾਰ 6 ਹਜ਼ਾਰ ਤੋਂ 16 ਹਜ਼ਾਰ ਕਿਲੋਗ੍ਰਾਮ ਸੀ ਅਤੇ ਉਨ੍ਹਾਂ ਵਿੱਚੋਂ ਦਾਗੇ ਜਾਣ ਵਾਲੇ ਗੋਲਿਆਂ ਦਾ ਭਾਰ 150 ਤੋਂ 700 ਕਿਲੋਗ੍ਰਾਮ ਤੱਕ ਦਾ ਹੁੰਦਾ ਸੀ।
ਯੂਰਪ ਵਿੱਚ ਉਨ੍ਹਾਂ ਤੋਪਾਂ ਨੂੰ 16ਵੀਂ ਸਦੀ ਦੇ ਸ਼ੁਰੂ ਵਿੱਚ ਛੱਡ ਦਿੱਤਾ ਗਿਆ ਸੀ, ਪਰ ਉਸਮਾਨੀਆ ਸਲਤਨਤ ਵਿੱਚ ਕੁਝ ਅਜਿਹੀਆਂ ਤੋਪਾਂ 1510 ਅਤੇ ਉਸ ਤੋਂ ਬਾਅਦ ਵੀ ਬਣਦੀਆਂ ਰਹੀਆਂ।
ਉਨ੍ਹਾਂ ਤੋਪਾਂ ਨੂੰ ਤਿਆਰ ਕਰਨ ਲਈ ‘ਜਮਾਤ ਤੋਪਚੀਆਨ ਆਹਿਨਗਰਾਨ’ ਦੇ ਨਾਮ ਨਾਲ ਲੋਹਾਰਾਂ ਦਾ ਇੱਕ ਵਿਸ਼ੇਸ਼ ਸਮੂਹ ਕੰਮ ਕਰਦਾ ਸੀ ਅਤੇ 1490 ਤੋਂ 1527 ਤੱਕ ਉਨ੍ਹਾਂ ਦੀ ਗਿਣਤੀ 8 ਤੋਂ 29 ਦੇ ਦਰਮਿਆਨ ਸੀ।
ਆਗਸਟੋਨ ਨੇ ਦੱਸਿਆ ਕਿ 1517-18 ਵਿੱਚ ਮੁਸਲਮਾਨ ਅਤੇ ਯਹੂਦੀ ਲੁਹਾਰਾਂ ਨੇ ਢਲੇ ਹੋਏ ਲੋਹੇ ਦੀਆਂ 22 ਤੋਪਾਂ ਤਿਆਰ ਕੀਤੀਆਂ, ਜਿਨ੍ਹਾਂ ’ਚੋਂ 4 ਵੱਡੀਆਂ ਤੋਪਾਂ ਦੀ ਲੰਬਾਈ 558 ਸੈਂਟੀਮੀਟਰ ਅਤੇ 9 ਛੋਟੀਆਂ ਤੋਪਾਂ ਦੀ ਔਸਤਨ ਲੰਬਾਈ 491 ਸੈਂਟੀਮੀਟਰ ਸੀ।
ਇਹ ਤੋਪਾਂ 6210 ਕਿਲੋਗ੍ਰਾਮ ਔਸਤਨ ਭਾਰ ਦੇ ਨਾਲ ਯੂਰਪ ਦੀਆਂ ਸਭ ਤੋਂ ਭਾਰੀ ਤੋਪਾਂ ਵਿੱਚ ਸ਼ਾਮਲ ਸਨ। ਹਾਪਸਬਰਗ ਸਾਮਰਾਜ ਦੇ ਸ਼ਾਸਕ ਮੈਕਸਮਿਲੀਅਨ ਪਹਿਲੇ (1493-1519) ਦੀ ਸਭ ਤੋਂ ਵੱਡੀ ਬੰਬਾਰਡ ਤੋਪ ਦਾ ਭਾਰ 5600 ਤੋਂ 7280 ਕਿਲੋਗ੍ਰਾਮ ਸੀ।
ਹਾਲਾਂਕਿ ਉਸਤਾਦ ਓਰਬਰਾਨ ਦੀ ਤਰਜ਼ ’ਤੇ ਉਸਮਾਨੀ ਮਾਹਰਾਂ ਨੇ 15ਵੀਂ ਸਦੀ ’ਚ 2 ਦੇਵਹੇਕਲ ਤੋਪਾਂ ਤਿਆਰ ਕੀਤੀਆਂ। ਸੁਲਤਾਨ ਮੇਹਮਦ ਦੂਜਾ ਦੇ ਲਈ 1467 ਵਿੱਚ ਤਿਆਰ ਹੋਣ ਵਾਲੀ ਇੱਕ ਕਾਂਸੀ ਦੀ ਤੋਪ ਦਾ ਭਾਰ 17500 ਕਿਲੋਗ੍ਰਾਮ ਸੀ।
ਇਸੇ ਤਰ੍ਹਾਂ ਦੀ 15ਵੀਂ ਸਦੀ ਵਿੱਚ ਬਣੀ ਇੱਕ 18 ਟਨ ਤੋਂ ਵੀ ਜ਼ਿਆਦਾ ਭਾਰੀ ਤੋਪ 1867 ਵਿੱਚ ਸੁਲਤਾਨ ਅਬਦੁੱਲ ਅਜ਼ੀਜ਼ ਨੇ ਮਹਾਰਾਣੀ ਵਿਕਟੋਰੀਆ ਨੂੰ ਤੋਹਫ਼ੇ ਵੱਜੋਂ ਦਿੱਤੀ ਸੀ।
ਆਗਸਟੋਨ ਲਿਖਦੇ ਹਨ ਕਿ ਉਨ੍ਹਾਂ ਤੋਪਾਂ ਦੇ ਆਕਾਰ ਦੇ ਕਾਰਨ ਉਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਸੀ। ਇਸ ਪਰੇਸ਼ਾਨੀ ਦਾ ਹੱਲ ਇਹ ਸੀ ਕਿ ਉਨ੍ਹਾਂ ਤੋਪਾਂ ਦੇ ਵੱਖ-ਵੱਖ ਹਿੱਸਿਆਂ ਨੂੰ ਅਤੇ ਹੋਰ ਜਾਨਵਰਾਂ ਉੱਤੇ ਲੱਦ ਕੇ ਘੇਰਾ ਬੰਦੀ ਵਾਲੀ ਥਾਂ ’ਤੇ ਲਿਜਾਇਆ ਜਾਂਦਾ ਸੀ ਅਤੇ ਉੱਥੇ ਹੀ ਤੋਪ ਦੇ ਹਿੱਸੇ ਜੋੜ ਲਏ ਜਾਂਦੇ ਸਨ।
ਇਹਨਾਂ ਵੱਡੀਆਂ ਬੰਬਾਰ ਤੋਪਾਂ ਨੇ ਬਾਇਜੈਂਟਾਇਨ, ਬਲਕਾਨ ਅਤੇ ਹੰਗਰੀ ਦੇ ਕਈ ਕਿਲ੍ਹਿਆਂ ਨੂੰ ਜਿੱਤਣ ਵਿੱਚ ਉਸਮਾਨੀਆ ਦੀ ਮਦਦ ਕੀਤੀ।
ਹਾਲਾਂਕਿ ਇਤਿਹਾਸਕਾਰ ਜ਼ੋਰ ਦੇ ਕੇ ਕਹਿੰਦੇ ਹਨ ਕਿ ਸਿਰਫ ਇਨ੍ਹਾਂ ਤੋਪਾਂ ਦੇ ਭਰੋਸੇ ਉੱਤੇ ਜੰਗ ਨਹੀਂ ਜਿੱਤੀ ਜਾ ਸਕਦੀ ਸੀ ਅਤੇ ਉਸਮਾਨੀ ਇਤਿਹਾਸ ਤੋਂ ਇਸ ਦੀ ਇੱਕ ਵੱਡੀ ਮਿਸਾਲ ਕੁਸਤੁਨਤੁਨੀਆ ਦੀ ਜਿੱਤ ਤੋਂ 13 ਸਾਲ ਬਾਅਦ ਸੁਲਤਾਨ ਮੇਹਮਦ ਦੂਜਾ ਵੱਲੋਂ 1456 ਵਿੱਚ ਬੁਲਗਰਾਦ ਦੀ ਘੇਰਾਬੰਦੀ ਸੀ।
ਇੱਕ ਚਸ਼ਮਦੀਦ ਗਵਾਹ ਮੁਤਾਬਕ ਸੁਲਤਾਨ ਮੇਹਮਦ ਦੀਆਂ ਬੰਬਾਰੀ ਕਰਨ ਵਾਲੀਆਂ 22 ਤੋਪਾਂ ਨੇ ਕਿਲ੍ਹੇ ਨੂੰ ਤਬਾਹ ਕਰ ਦਿੱਤਾ ਸੀ ਪਰ ਫਿਰ ਵੀ ਕਿਲ੍ਹੇ ਦਾ ਬਚਾਅ ਕਰਨ ਵਾਲਿਆਂ ਨੂੰ ਤੁਰੰਤ ਅਤੇ ਪ੍ਰਭਾਵੀ ਮਦਦ ਮਿਲਣ ਕਰਕੇ ਉਸਮਾਨੀ ਉਸ ਸਮੇਂ ਬੁਲਗਰਾਦ ਨਹੀਂ ਜਿੱਤ ਸਕੇ ਸਨ।
ਆਗਸਟੋਨ ਲਿਖਦੇ ਹਨ ਕਿ ਉਸਮਾਨੀ ਤੋਪਚੀਆਂ ਦਾ ਯੂਰਪੀਆਂ ’ਤੇ ਪ੍ਰਭੂਤਵ ਦਾ ਸਬੂਤ ਉਹ ਗਤੀ ਹੈ, ਜਿਸ ਨਾਲ ਯੂਰਪ ਦੇ ਇੱਕ ਤੋਂ ਬਾਅਦ ਇੱਕ ਕਿਲ੍ਹੇ ਉਨ੍ਹਾਂ ਦੇ ਕਬਜ਼ੇ ਹੇਠ ਆਏ। ਮਿਸਾਲ ਵਜੋਂ 1521 ਅਤੇ 1566 ਦਰਮਿਅਨ ਹੰਗਰੀ ਦੀ ਸਿਰਫ 13 ਗੈਰਿਨਸ 10 ਦਿਨ ਤੱਕ ਅਤੇ ਸਿਰਫ 9 ਕਿਲ੍ਹੇ 20 ਦਿਨਾਂ ਤੋਂ ਵੱਧ ਸਮੇਂ ਤੱਕ ਉਸਮਾਨੀਆ ਦੀ ਘੇਰਾਬੰਦੀ ਦੇ ਸਾਹਮਣੇ ਖੜ੍ਹੇ ਰਹਿ ਸਕੇ ਸਨ।
ਉਨ੍ਹਾਂ ਨੇ ਉਸ ਸਮੇਂ ਦੇ ਉਸਮਾਨੀ ਇਤਿਹਾਸਕਾਰ ਇਬਰਾਹਿਮ ਪੈਜਵੀ (ਜਿਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਹੰਗਰੀ ਦੇ ਸਰਹੱਦੀ ਖੇਤਰ ’ਚ ਬਿਤਾਇਆ) ਦਾ ਹਵਾਲਾ ਦਿੰਦੇ ਹੋਏ ਇੱਕ ਘੇਰਾਬੰਦੀ ਦਾ ਬਾਤਫ਼ਸੀਲ ਵਰਣਨ ਕੀਤਾ ਹੈ।
“ਪਹਿਲਾਂ ਉਨ੍ਹਾਂ ਨੇ (ਮੇਹਮਦ ਪਾਸ਼ਾ) ਸਾਰੀਆਂ ਤੋਪਾ ਨੂੰ ਇਕੱਠੇ ਇੱਕੋ ਥਾਂ ’ਤੇ ਨਿਸ਼ਾਨਾ ਲਗਾਉਣ ਦਾ ਹੁਕਮ ਦਿੱਤਾ। ਫਿਰ ਇੱਕ-ਇੱਕ ਕਰਕੇ ਉਸੇ ਥਾਂ ਨੂੰ ਨਿਸ਼ਾਨਾ ਬਣਾਇਆ ਗਿਆ।”
ਪੈਜਵੀ ਲਿਖਦੇ ਹਨ ਕਿ ਮੇਹਮਦ ਪਾਸ਼ਾ ਨੇ ਇਹ ਤਕਨੀਕ 1595 ’ਚ ਐਸਤੇਰਗਾਨ ਦੀ ਘੇਰਾਬੰਦੀ ਦੌਰਾਨ ਈਸਾਈਆਂ ਤੋਂ ਸਿੱਖੀ ਸੀ।
ਬਾਰੂਦ ਅਤੇ ਬਾਰੂਦੀ ਹਥਿਆਰਾਂ ਦੇ ਯੁੱਗ ਵਿੱਚ ਬਹਾਦਰਾਂ ਦਾ ਕੀ ਕੰਮ?
ਬਾਰੂਦੀ ਹਥਿਆਰਾਂ ਦੀ ਸ਼ੁਰੂਆਤ ਦੇ ਰਾਹ ਵਿੱਚ ਸਿਰਫ ਸਾਧਨ ਜਾਂ ਸਰੋਤ ਹੀ ਰੁਕਾਵਟ ਨਹੀਂ ਸਨ।
ਇਸ ਦੀ ਇੱਕ ਮਹੱਤਵਪੂਰਣ ਉਦਾਹਰਣ ਉਸ ਜੰਗ ਦਾ ਹੈ, ਜਿਸ ’ਚ 500 ਈਸਾਈ ਫੌਜੀਆਂ ਨੇ 2500 ਉਸਮਾਨੀ ਫੌਜੀਆਂ ਨੂੰ ਹਰਾਇਆ ਸੀ।
ਜਦੋਂ ਉਸਮਾਨੀ ਕਮਾਂਡਰ ਤੋਂ ਜਵਾਬ ਮੰਗਿਆ ਗਿਆ ਤਾਂ ਉਨ੍ਹਾਂ ਨੇ ਸਲਤਨਤ ਦੇ ਪ੍ਰਧਾਨ ਮੰਤਰੀ ਰੁਸਤਮ ਪਾਸ਼ਾ ਨੂੰ ਜਵਾਬ ਦਿੱਤਾ, “ਤੁਸੀਂ ਮਾਮਲੇ ਨੂੰ ਸਮਝ ਨਹੀਂ ਪਾ ਰਹੇ ਹੋ। ਤੁਸੀਂ ਸੁਣਿਆ ਨਹੀਂ ਕਿ ਅਸੀਂ ਬਾਰੂਦੀ ਹਥਿਆਰਾਂ ਤੋਂ ਹਾਰੇ ਹਾਂ, ਨਾ ਕਿ ਬਹਾਦੁਰੀ ਦੀ ਕਮੀ ਕਰਕੇ। ਜੇਕਰ ਉਹ ਸਾਡੇ ਨਾਲ ਬਹਾਦਰ ਮਰਦਾਂ ਵਾਂਗ ਲੜਦੇ ਤਾਂ ਨਤੀਜਾ ਬਹੁਤ ਹੀ ਵੱਖਰਾ ਹੁੰਦਾ।”
ਉਸਮਾਨੀਆ ਸਲਤਨਤ ਦੇ ਇਸ ਕਮਾਂਡਰ ਦਾ ਜਵਾਬ ਉਸ ਸਮੇਂ ਦੀਆ ਵੱਡੀਆ ਤਾਕਤਾਂ ਸਪੇਨ, ਇਟਲੀ, ਸਫ਼ਵੀ ਸਾਮਰਾਜ, ਫਰਾਂਸ, ਜਰਮਨੀ ਅਤੇ ਇੰਗਲੈਂਡ ਦੇ ਫੌਜੀ ਕੁਲੀਨ ਖਾਸ ਤੌਰ ’ਤੇ ‘ਨਾਈਟਸ’ ਦੀਆਂ ਭਾਵਨਾਵਾਂ ਨੂੰ ਵੀ ਪ੍ਰਗਟ ਕਰਦਾ ਹੈ।

ਤਸਵੀਰ ਸਰੋਤ, HULTON ARCHIVE / GETTY IMAGES
ਬਾਰੂਦ ਯੂਰਪ ਅਤੇ ਫਿਰ ਉਸਮਾਨੀਆ ਸਲਤਨਤ ਤੱਕ ਕਿਵੇਂ ਪਹੁੰਚਿਆ?
ਆਗਸਟੋਨ ਲਿਖਦੇ ਹਨ ਕਿ ਬਾਰੂਦ ਪਹਿਲੀ ਵਾਰ 7ਵੀਂ ਜਾਂ 8ਵੀਂ ਸਦੀ ਵਿੱਚ ਚੀਨ ਵਿੱਚ ਬਣਾਇਆ ਗਿਆ ਸੀ ਅਤੇ ਰਸਮੀ ਤੌਰ ’ਤੇ 1280 ਤੋਂ ਬਾਅਦ ਹੀ ਬਾਰੂਦੀ ਹਥਿਆਰ ਉੱਥੇ ਬਣਨੇ ਸ਼ੁਰੂ ਹੋਏ ਸਨ। 14ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਇਸ ਹਥਿਆਰ ਦੀ ਵਰਤੋਂ ਯੂਰਪ ਦੇ ਜੰਗੀ ਮੈਦਾਨਾਂ ਅਤੇ ਘੇਰਾ ਬੰਦੀਆਂ ਲਈ ਹੋਣ ਲੱਗੀ ਸੀ।
ਇੱਥੇ ਯਾਦ ਰਹੇ ਕਿ 14ਵੀਂ ਸਦੀ ਦੇ ਸ਼ੁਰੂ ਵਿੱਚ ਅਜੇ ਉਸਮਾਨੀਆ ਸਲਤਨਤ ਹੋਂਦ ਵਿੱਚ ਵੀ ਨਹੀਂ ਆਈ ਸੀ ਅਤੇ ਉਨ੍ਹਾਂ ਦਾ ਰਾਜ ਅਜੇ ਖੇਤਰੀ ਸ਼ਕਤੀ ਹੀ ਸੀ।
ਇਤਿਹਾਸਕਾਰ ਲਿਖਦੇ ਹਨ ਕਿ ਇਸ ਸਦੀ ਦੇ ਮੱਧ ਤੱਕ ਇਹ ਹਥਿਆਰ ਹੰਗਰੀ ਅਤੇ ਬੁਲਕਾਨ ਦੇ ਇਲਾਕਿਆਂ ਵਿੱਚ ਪਹੁੰਚ ਗਏ ਸਨ ਅਤੇ 1380 ਦੇ ਦਹਾਕੇ ਵਿੱਚ ਉਸਮਾਨੀ ਵੀ ਇਸ ਤੋਂ ਜਾਣੂ ਹੋ ਚੁੱਕੇ ਸਨ।
ਉਨ੍ਹਾਂ ਨੇ ਦੋ ਤੁਰਕੀ ਇਤਿਹਾਸਕਾਰਾਂ ਦਾ ਹਵਾਲਾ ਦਿੱਤਾ ਹੈ, ਜਿਨ੍ਹਾਂ ’ਚੋਂ ਇੱਕ ਦੇ ਅਨੁਸਾਰ ਉਸਮਾਨੀਆ ਨੇ ਪਹਿਲੀ ਵਾਰ 1389 ਵਿੱਚ ਕੋਸਵੋ ਦੀ ਜੰਗ ਵਿੱਚ ਤੋਪਾਂ ਦੀ ਵਰਤੋਂ ਕੀਤੀ ਸੀ ਅਤੇ ਉਨ੍ਹਾਂ ਨੇ ਹੈਦਰ ਨਾਮਕ ਤੋਪਚੀ ਦਾ ਵੀ ਜ਼ਿਕਰ ਕੀਤਾ ਹੈ।
ਜਦਕਿ ਦੂਜੀ ਥਾਂ ’ਤੇ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ 1364 ਤੋਂ ਹੀ ਤੋਪਾਂ ਤਿਆਰ ਕਰਨੀਆਂ ਆਉਂਦੀਆਂ ਸਨ, ਜਿਨ੍ਹਾਂ ਦੀ ਉਨ੍ਹਾਂ ਨੇ ਪਹਿਲੀ ਵਾਰ ਵਰਤੋਂ 1386 ’ਚ ਕੀਤੀ ਸੀ।
ਆਗਸਟੋਨ ਲਿਖਦੇ ਹਨ ਕਿ ਅਸਲ ਸਵਾਲ ਇਹ ਨਹੀਂ ਹੈ ਕਿ ਪਹਿਲਾ ਬਾਰੂਦੀ ਹਥਿਆਰ ਕਦੋਂ ਤਿਆਰ ਹੋਇਆ, ਸਗੋਂ ਇਹ ਹੈ ਕਿ ਉਸ ਦੀ ਪ੍ਰਭਾਵੀ ਢੰਗ ਨਾਲ ਵਰਤੋਂ ਕਦੋਂ ਸ਼ੁਰੂ ਹੋਈ ।
ਇਹ ਪ੍ਰਕਿਰਿਆ 15ਵੀਂ ਸਦੀ ਦੇ ਮੱਧ ਵਿੱਚ ਸ਼ੁਰੂ ਹੋਈ ।
ਉਹ ਲਿਖਦੇ ਹਨ ਕਿ ਨਵੇਂ ਹਥਿਆਰਾਂ ਦੀ ਵਰਤੋਂ ਹੌਲੀ-ਹੌਲੀ ਸ਼ੁਰੂ ਹੋਈ। ਬਾਰੂਦੀ ਹਥਿਆਰਾਂ ਦੀ ਪ੍ਰਾਪਤੀ, ਉਸ ਦੇ ਲਈ ਬਾਰੂਦ ਦੀ ਉਪਲਬਧਤਾ ਅਤੇ ਉਸ ਦੀ ਵਰਤੋਂ ਦੇ ਲਈ ਇੱਕ ਵਿਸ਼ੇਸ਼ ਕਿਸਮ ਦੇ ਦਸਤਿਆਂ ਦੀ ਸਥਾਪਨਾ ਕਰਨਾ ਇੱਕ ਵੱਡੀ ਚੁਣੌਤੀ ਸੀ, ਜਿਸ ਦੇ ਲਈ ਰਾਜ ਅਜੇ ਤਿਆਰ ਨਹੀਂ ਸਨ। ਹਾਲਾਂਕਿ ਉਸਮਾਨੀਆ ਨੇ ਆਪਣੀ ਵਿਹਾਰਕਤਾ ਅਤੇ ਸਮਾਜਿਕ ਢਾਂਚੇ ਦੇ ਲਚਕੀਲੇਪਨ ਦੇ ਕਾਰਨ ਇਸ ਵਿੱਚ ਬਹੁਤ ਕੁਸ਼ਲਤਾ ਵਿਖਾਈ।
ਉਸਮਾਨੀਆ ਵੱਲੋਂ ਸਭ ਤੋਂ ਅਹਿਮ ਕੰਮ ਤਨਖਾਹਦਾਰ ਇਨਫੈਂਟਰੀ ਵਜੋਂ ਜਨੇਸਰੀ ਦਸਤਿਆਂ ਅਤੇ ਬਾਰੂਦੀ ਹਥਿਆਰਾਂ ਦੀ ਤਿਆਰੀ ਅਤੇ ਵਰਤੋਂ ਦੇ ਲਈ ਵਿਸ਼ੇਸ਼ ਦਸਤੇ ਕਾਇਮ ਕਰਨਾ ਸੀ।
ਆਗਸਟੋਨ ਲਿਖਦੇ ਹਨ ਕਿ ਏਸ਼ੀਆ ਵਿੱਚ ਬਾਰੂਦ ਸਬੰਧੀ ਜਾਣਕਾਰੀ ਚੀਨੀਆਂ ਨਾਲ ਵਪਾਰ ਜਾਂ ਸਿੱਧੇ ਸੰਪਰਕ ਰਾਹੀਂ ਪਹੁੰਚੀ।
“ਮੰਗੋਲ 1230 ਦੇ ਦਹਾਕੇ ਤੋਂ ਹੀ ਬਾਰੂਦ ਅਤੇ ਇਸ ਨਾਲ ਸਬੰਧਿਤ ਹਥਿਆਰਾਂ ਬਾਰੇ ਜਾਣਦੇ ਸੀ ਅਤੇ 13ਵੀਂ ਸਦੀ ਦੇ ਮੱਧ ਵਿੱਚ ਉਨ੍ਹਾਂ ਦੇ ਜ਼ਰੀਏ ਇਹ ਜਾਣਕਾਰੀ ਮੱਧ ਏਸ਼ੀਆ, ਇਰਾਨ, ਇਰਾਕ ਅਤੇ ਸ਼ਾਮ (ਅਜੋਕਾ ਸੀਰੀਆ) ਤੱਕ ਪਹੁੰਚੀ।”
ਉਹ ਅੱਗੇ ਲਿਖਦੇ ਹਨ ਕਿ ਤੈਮੂਰ ਲੰਗ ਦੇ ਪੁੱਤਰ ਸ਼ਾਹਰੁਖ਼ ਦੇ ਦੌਰ ’ਚ (1405-1447) ਉਨ੍ਹਾਂ ਦੀ ਸਲਤਨਤ ਵਿੱਚ (ਜੋ ਕਿ ਇਰਾਨ ਦੇ ਕੁਝ ਹਿੱਸਿਆਂ, ਅਕਸਸ ਨਦੀ ਦੇ ਖੇਤਰ, ਅਜ਼ਰਬੈਜਾਨ ਅਤੇ ਅਫ਼ਗਾਨਿਸਤਾਨ ਦੇ ਕੁਝ ਇਲਾਕਿਆਂ ਤੱਕ ਫੈਲੀ ਸੀ) ਲੋਕ ਨਾ ਸਿਰਫ ਬਾਰੂਦ ਬਾਰੇ ਜਾਣਦੇ ਸਨ ਸਗੋਂ ਉੱਥੇ ਬਾਰੂਦੀ ਹਥਿਆਰ ਬਣ ਵੀ ਰਹੇ ਸਨ।
ਇਸ ਦੇ ਨਾਲ ਹੀ 1434 ਤੋਂ 1435 ਵਿੱਚ ਫ਼ਾਰੁਖ਼ ਨਾਮਕ ਇੱਕ ਮਿਸਤਰੀ ਨੇ ਇੱਕ ਤੋਪ ਤਿਆਰ ਕੀਤੀ ਸੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨਾਲ ਘੱਟ ਤੋਂ ਘੱਟ 320 ਕਿਲੋਗ੍ਰਾਮ ਭਾਰ ਦੇ ਗੋਲੇ ਦਾਗੇ ਜਾਂਦੇ ਸਨ।
ਬਾਰੂਦੀ ਹਥਿਆਰਾਂ ਅਤੇ ਬਾਰੂਦ ਨੇ ਕਿਵੇਂ ਬਦਲੀ ਸਾਰੀ ਦੁਨੀਆਂ?
ਆਗਸਟੋਨ ਲਿਖਦੇ ਹਨ ਕਿ ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਬਾਰੂਦੀ ਹਥਿਆਰਾਂ ਦੀ ਮਹੱਤਤਾ ਦਾ ਸਭ ਤੋਂ ਜ਼ਿਆਦਾ ਯੂਰਪ ਨੂੰ ਪਤਾ ਸੀ। ਇੱਥੇ ਹੀ ਉਸ ਹਥਿਆਰ ਨੂੰ ਜ਼ਿੰਦਗੀ ਮਿਲੀ ਜਿਸ ਨਾਲ ਉਸ ਨੇ ਆਉਣ ਵਾਲੀਆਂ "ਸਦੀਆਂ ਵਿੱਚ ਸੰਗਠਿਤ ਹਿੰਸਾ ਦਾ ਰੂਪ ਹੀ ਬਦਲ ਦਿੱਤਾ"।
"ਬਾਰੂਦੀ ਹਥਿਆਰ ਦੀ ਹੋਂਦ ਅਤੇ ਉਸ ਦੀ ਵੱਡੇ ਪੱਧਰ ’ਤੇ ਵਰਤੋਂ ਨੇ ਰਾਜਾਂ ਅਤੇ ਵੱਡੇ ਸਾਮਰਾਜਾਂ ਦੇ ਯੁੱਧ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤੇ।"
"ਹੁਣ ਫੌਜੀ ਪੱਧਰ ਉੱਤੇ ਮੁਕਾਬਲੇ ਵਿੱਚ ਰਹਿਣ ਦੇ ਲਈ ਰਾਜਾਂ ਦੇ ਲਈ ਤੋਪਾਂ, ਤੋਪਾਂ ਦਾ ਮੁਕਾਬਲਾ ਕਰਨ ਵਾਲੇ ਕਿਲ੍ਹੇ, ਬੰਦੂਕਾਂ ਨਾਲ ਲੈਸ ਇਨਫੈਂਟਰੀ ਅਤੇ ਤੋਪਾਂ ਨਾਲ ਲੈਸ ਜਹਾਜ਼ਾਂ ਵਾਲੀ ਨੇਵੀ ਜ਼ਰੂਰੀ ਹੋ ਗਈ ਸੀ।
"ਬਾਰੂਦ ਦਾ ਦੌਰ ਘੱਟ ਤੋਂ ਘੱਟ ਯੂਰਪ ਵਿੱਚ ਉਹ ਦੌਰ ਸੀ, ਜਿੱਥੇ ਕਿ ਜੰਗ ਮੈਦਾਨਾਂ ਦੀ ਬਜਾਏ ਜ਼ਿਆਦਾਤਰ ਘੇਰਾ ਬੰਦੀ ਦਾ ਨਾਮ ਸੀ। ਤੋਪਖ਼ਾਨਾ ਅਤੇ ਬਾਰੂਦ ਘੇਰਾਬੰਦੀ ਵਿੱਚ ਕਾਮਯਾਬੀ ਦੇ ਲਈ ਅਤੇ ਨਾਲ ਹੀ ਹੰਗਰੀ, ਹੈਪਸਬਰਗ, ਵੇਨਿਸ ਅਤੇ ਸਾਫ਼ਵੀਆਂ ਵਰਗੇ ਵਿਰੋਧੀਆਂ ਦੇ ਸਾਹਮਣੇ ਸਲਤਨਤ ਦੇ ਬਚਾਅ ਦੇ ਲਈ ਬਹੁਤ ਹੀ ਜ਼ਰੂਰੀ ਹੋ ਗਈਆਂ ਸੀ।"
ਉਹ ਲਿਖਦੇ ਹਨ ਕਿ ਕਈ ਯੂਰਪੀ ਇਤਿਹਾਸਕਾਰਾਂ ਦੇ ਅਨੁਸਾਰ ਮੱਧ ਯੁੱਗ ਦੀਆਂ ਦੋ ਵੱਡੀਆ ਕਾਢਾਂ ਬਾਰੂਦ ਅਤੇ ਛਪਾਈ ਸੀ।
ਉਨ੍ਹਾਂ ਨੇ ਲਿਖਿਆ ਕਿ ਕਿਉਂਕਿ ਤੋਪਖ਼ਾਨਾ ਰੱਖਣ ਅਤੇ ਤੋਪਾਂ ਤੋਂ ਸੁਰੱਖਿਅਤ ਰਹਿਣ ਵਾਲੇ ਕਿਲ੍ਹੇ ਬਣਾਉਣ ਦੀ ਤਾਕਤ ਸਿਰਫ ਬਾਦਸ਼ਾਹ ਹੀ ਰੱਖਦੇ ਸਨ, ਇਸ ਲਈ ਇਸ ਕਾਢ ਤੋਂ ਬਾਅਦ ਤਾਕਤ ਦੇ ਛੋਟੇ-ਛੋਟੇ ਕੇਂਦਰਾਂ ਦਾ ਬਚਾਅ ਮੁਸ਼ਕਲ ਹੀ ਸੀ।
ਹਾਲਾਂਕਿ ਅਜਿਹੇ ਇਤਿਹਾਸਕਾਰ ਵੀ ਹਨ ਜਿਨ੍ਹਾਂ ਦੇ ਅਨੁਸਾਰ ਉਸ ਸਮੇਂ ਦੇ ਬਦਲਾਵ ਸਿਰਫ ਬਾਰੂਦ ਦੇ ਕਾਰਨ ਨਹੀਂ ਸਨ ਅਤੇ ਬਾਰੂਦ ਦੀ ਅਹਿਮੀਅਤ ਦੇ ਬਾਰੇ ਵਿੱਚ ਬਹਿਸ ਅੱਜ ਵੀ ਜਾਰੀ ਹੈ।
ਉਹ ਲਿਖਦੇ ਹਨ ਕਿ 14ਵੀਂ ਅਤੇ 15ਵੀਂ ਸਦੀ ਦੇ ਉਸਮਾਨੀ ਸੁਲਤਾਨਾਂ ਦੀ ਵਿਹਾਰਕਤਾ ਨੇ ਨਵੀਂ ਤਕਨੀਕ ਨੂੰ ਅਪਣਾਉਣ ਅਤੇ ਬਾਰੂਦੀ ਹਥਿਆਰ ਦੇ ਸਥਾਈ ਉਤਪਾਦਨ ਦੇ ਲਈ ਪ੍ਰਸ਼ਾਸਕੀ ਢਾਂਚਾ ਬਣਾਉਣਾ ਸੌਖਾ ਕਰ ਦਿੱਤਾ ਸੀ।
ਭੂ-ਮੱਧ ਸਾਗਰ, ਹੰਗਰੀ ਅਤੇ ਬਾਇਜੈਂਟਾਇਨ ਸਲਤਨਤ ਦੇ ਮਜ਼ਬੂਤ ਕਿਲ੍ਹਿਆਂ ਨੇ ਉਨ੍ਹਾਂ ਨੂੰ ਮਜਬੂਰ ਕੀਤਾ ਕਿ ਉਹ ਆਪਣੀ ਯੁੱਧ ਨੀਤੀ ਭਾਵ ਜੰਗੀ ਰਣਨੀਤੀ ਵਿੱਚ ਬਦਲਾਅ ਲਿਆਉਣ ਅਤੇ ਨਵੇਂ ਹਥਿਆਰਾਂ ਨੂੰ ਅਪਣਾਉਣ।
“ਯੂਰਪ ਵਿੱਚ ਬਾਰੂਦੀ ਹਥਿਆਰ ਦੀ ਤਕਨੀਕ ਵਿੱਚ 18ਵੀਂ ਸਦੀ ਤੱਕ ਕੋਈ ਵੱਡੀ ਤਬਦੀਲੀ ਨਹੀਂ ਆਈ ਸੀ ਅਤੇ ਇਸ ਸਮੇਂ ਦੌਰਾਨ ਯੂਰਪੀਅਨ ਤਕਨੀਕ ਦੀ ਪ੍ਰਾਪਤੀ ਅਤੇ ਉਸਮਾਨੀਆ ਦੇ ਲੌਜਿਸਟਿਕ ਦਬਦਬੇ ਦੀ ਮਦਦ ਨਾਲ ਉਨ੍ਹਾਂ ਦੇ ਲਈ ਯੂਰਪ ਦਾ ਮੁਕਾਬਲਾ ਕਰਨਾ ਮੁਸ਼ਕਲ ਨਹੀਂ ਸੀ।”

ਤਸਵੀਰ ਸਰੋਤ, THEOPHILOS HATZIMIHAIL
ਉਸਮਾਨੀ ਤੋਪਖਾਨੇ ਅਤੇ ਸਲਤਨਤ ਵਿੱਚ ਖਣਿਜ ਭੰਡਾਰ
ਉਨ੍ਹਾਂ ਨੇ ਲਿਖਿਆ ਹੈ ਕਿ 16ਵੀਂ ਤੋਂ 18ਵੀਂ ਸਦੀ ਤੱਕ ਉਸਮਾਨੀਆ ਨੇ ਹਰ ਆਕਾਰ ਦੀ ਤੋਪ ਦੀ ਵਰਤੋਂ ਕੀਤੀ, ਜਿਸ ਵਿੱਚ 30 ਤੋਂ 500 ਗ੍ਰਾਮ ਦੇ ਗੋਲੇ ਸੁੱਟਣ ਵਾਲੀਆ ਤੋਪਾਂ ਤੋਂ ਲੈ ਕੇ 31 ਤੋਂ 74 ਕਿਲਗ੍ਰਾਮ ਦੇ ਗੋਲੇ ਦਾਗਣ ਵਾਲੀਆ ਤੋਪਾਂ ਸ਼ਾਮਲ ਸਨ।
ਹਾਲਾਂਕਿ 15ਵੀਂ ਅਤੇ 16ਵੀਂ ਸਦੀ ਵਿੱਚ 100 ਕਿਲੋਗ੍ਰਾਮ ਤੋਂ ਵੀ ਵੱਧ ਭਾਰ ਵਾਲੇ ਗੋਲੇ ਸੁੱਟਣ ਵਾਲੀਆਂ ‘ਬੰਬਾਰਡ’ ਤੋਪਾਂ ਵੀ ਉਨ੍ਹਾਂ ਦੇ ਤੋਪਖਾਨੇ ਦਾ ਹਿੱਸਾ ਸਨ।
ਉਸਮਾਨੀ ਦਸਤਾਵੇਜ਼ਾਂ ਵਿੱਚ 15 ਤੋਂ 20 ਕਿਲੋਗ੍ਰਾਮ ਦੇ ਗੋਲੇ ਦਾਗਣ ਵਾਲੀਆ ਤੋਪਾਂ ਦੇ ਲਈ ‘ਕਿਲ੍ਹਾ ਕੂਬ’ ਦਾ ਸ਼ਬਦ ਵਰਤਿਆ ਗਿਆ ਹੈ।
ਉਸਮਾਨੀ ਹਥਿਆਰਾਂ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਤੋਪ ‘ਦਰਬਜ਼ੀਨ’ ਦੇ ਗੋਲਿਆਂ ਦਾ ਭਾਰ .15 ਤੋਂ 2.5 ਕਿਲੋਗ੍ਰਾਮ ਤੱਕ ਦਾ ਸੀ।
ਆਗਸਟੋਨ ਲਿਖਦੇ ਹਨ ਕਿ ਉਸਮਾਨੀ ਅਤੇ ਉਨ੍ਹਾਂ ਦੀਆਂ ਵਿਰੋਧੀ ਸਲਤਨਤਾਂ ਦੇ ਹਥਿਆਰਾਂ ’ਚ ਬਹੁਤਾ ਅੰਤਰ ਨਹੀਂ ਸੀ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ 16ਵੀਂ ਅਤੇ 17ਵੀਂ ਸਦੀ ’ਚ ਉਸਮਾਨੀ ਆਪਣੀਆਂ ਵੱਡੀਆਂ ਅਤੇ ਦਰਮਿਆਨੀਆਂ ਤੋਪਾਂ ਦਾ ਨਿਰਮਾਣ ਕਾਂਸੇ ਨਾਲ ਕਰ ਰਹੇ ਸਨ, ਜੋ ਕਿ ਆਸਟ੍ਰੀਆ, ਸਪੇਨ ਅਤੇ ਇੰਗਲਿਸ਼ ਤੋਪਾਂ ਦੇ ਮੁਕਾਬਲੇ ਵਿੱਚ ਹਲਕੀਆਂ ਅਤੇ ਜ਼ਿਆਦਾ ਮਹਿਫੂਜ਼ ਸਨ।
ਉਸਮਾਨੀ ਸਲਤਨਤ ਦੀ ਸਰਹੱਦ ਵਿੱਚ ਤਾਂਬਾ ਵੱਡੀ ਮਾਤਰਾ ਵਿੱਚ ਮੌਜੂਦ ਸੀ। 16ਵੀਂ ਅਤੇ 17ਵੀਂ ਸਦੀ ਵਿੱਚ ਸਲਤਨਤ ਪਿੱਤਲ, ਲੋਹੇ ਅਤੇ ਸੀਸਾ ਦੇ ਉਤਪਾਦਨ ਵਿੱਚ ਆਤਮ ਨਿਰਭਰ ਸੀ ਅਤੇ ਉਸ ਨੂੰ ਸਿਰਫ ਟੀਨ ਹੀ ਬਾਹਰੋਂ ਮੰਗਾਉਣਾ ਪੈਂਦਾ ਸੀ।
“16ਵੀਂ , 17ਵੀਂ ਅਤੇ 18ਵੀਂ ਸਦੀ ਵਿੱਚ ਜਦੋਂ ਉਸਮਾਨੀਆ ਸਲਤਨਤ ਦਾ ਸ਼ਾਸਨ ਯੂਰਪ ਵਿੱਚ ਬਿਦਾ (ਹੰਗਰੀ) ਤੋਂ ਏਸ਼ੀਆ ਵਿੱਚ ਬਸਰਾ ਤੱਕ ਫੈਲਿਆ ਸੀ ਤਾਂ ਲਗਭਗ ਹਰ ਵੱਡੇ ਰਾਜ ਵਿੱਚ ਬਾਰੂਦ ਤਿਆਰ ਕੀਤਾ ਜਾਂਦਾ ਸੀ।”
ਹਾਲਾਂਕਿ 18ਵੀਂ ਸਦੀ ਦੇ ਮੱਧ ਤੋਂ ਇਸ ਦੇ ਉਤਪਾਦਨ ਵਿੱਚ ਕਮੀ ਦਰਜ ਹੋਣ ਲੱਗੀ ਅਤੇ ਇਸ ਤੋਂ ਬਾਅਦ ਸਲਤਨਤ ਵਿੱਚ ਯੂਰਪ ਤੋਂ ਬਾਰੂਦ ਦੇ ਆਯਾਤ ਵਿੱਚ ਵਾਧਾ ਹੋਇਆ।
ਹਾਲਾਂਕਿ ਪ੍ਰਸ਼ਾਸਕੀ ਪੁਨਰਗਠਨ ਨੇ ਕੁਝ ਸਮੇਂ ਬਾਅਦ ਇਸ ਨੂੰ ਮੁੜ ਸਵੈ ਨਿਰਭਰ ਬਣਾ ਦਿੱਤਾ ਸੀ।
ਮੱਧ ਯੁੱਗ ਅਤੇ ਬਾਰੂਦ ਦੀ ਅਹਿਮੀਅਤ
ਕਿਤਾਬ ‘ਗੰਨਜ਼ ਫਾਰ ਦਿ ਸੁਲਤਾਨ’ ਕਿਤਾਬ ਵਿੱਚ 1603 ਵਿੱਚ ਪ੍ਰਧਾਨ ਮੰਤਰੀ ਹਸਨ ਪਾਸ਼ਾ ਦੀ ਸੁਲਤਾਨ ਦੇ ਨਾਮ ਅਰਜ਼ੀ ਦਰਜ ਹੈ।
ਇਸਦਾ ਮਜਮੂਨ ਕੁਝ ਇਸ ਤਰ੍ਹਾਂ ਹੈ- “ ਮੇਰੇ ਸਤਿਕਾਰਯੋਗ ਬਾਦਸ਼ਾਹ, ਜਿਵੇਂ ਕਿ ਮਾਣਯੋਗ ਆਕਾ ਨੂੰ ਪਤਾ ਹੈ ਕਿ ਸੁਲਤਾਨਾਂ ਦੀਆਂ ਮੁਹਿੰਮਾਂ ਦੀ ਅਸਲ ਤਾਕਤ ਬਾਰੂਦ ਹੈ। ਬਾਰੂਦ ਤੋਂ ਬਿਨ੍ਹਾਂ ਜੰਗ ਅਸੰਭਵ ਹੈ। ਬਾਰੂਦ ਦੂਜੀਆਂ ਚੀਜ਼ਾਂ ਦੀ ਤਰ੍ਹਾਂ ਨਹੀਂ ਹੈ… ਜਿੱਥੇ ਬਾਰੂਦ ਦੀ ਕਮੀ ਹੁੰਦੀ ਹੈ, ਉੱਥੇ ਸੋਨੇ ਦੇ ਸਿੱਕਿਆਂ ਦਾ ਸਮੁੰਦਰ ਵੀ ਬਾਰੂਦ ਦੀ ਥਾਂ ਨਹੀਂ ਲੈ ਸਕਦਾ ਹੈ। ਕਿਲ੍ਹਿਆਂ ਦੀ ਸੁਰੱਖਿਆ ਅਤੇ ਜੰਗੀ ਮੁਹਿੰਮਾਂ ਬਾਰੂਦ ਦੀ ਮਦਦ ਨਾਲ ਹੀ ਹੁੰਦੀਆਂ ਹਨ।”
ਆਗਸਟੋਨ ਨੇ ਵੱਖ-ਵੱਖ ਇਤਿਹਾਸਿਕ ਹਵਾਲਿਆਂ ਦੀ ਘੋਖ ਕਰਕੇ ਦੱਸਿਆ ਹੈ ਕਿ ਵੇਨਿਸ ਦੀ ਸੈਨੇਟ ਦੇ 16 ਜੂਨ , 1489 ਦੇ ਮਿੰਟਾਂ ਵਿੱਚ ਦਰਜ ਹੈ ਕਿ “ਇਸ ਹਥਿਆਰ ਅਤੇ ਤੋਪਖਾਨੇ ਦੇ ਬਿਨਾਂ ਕਿਸੇ ਵੀ ਰਾਜ ਨੂੰ ਬਚਾਇਆ ਨਹੀਂ ਜਾ ਸਕਦਾ ਹੈ ਅਤੇ ਨਾ ਹੀ ਇਸ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਦੁਸ਼ਮਣ ਉੱਤੇ ਹਮਲਾ।”
ਉਸਮਾਨੀਆ ਸਲਤਨਤ ’ਚ ਨਾਈਟਰਸ ਐਸਿਡ ਅਤੇ ਬਾਰੂਦ ਦਾ ਉਤਪਾਦਨ
ਨਾਈਟਰਸ ਐਸਿਡ ਉਨ੍ਹਾਂ ਚੀਜ਼ਾਂ ’ਚੋਂ ਇੱਕ ਹੈ, ਜਿਸ ਦੀ ਵਰਤੋਂ ਬਾਰੂਦ ਦੇ ਉਤਪਾਦਨ ’ਚ ਹੁੰਦੀ ਹੈ। ਬਾਰੂਦੀ ਹਥਿਆਰਾਂ ਦੇ ਯੁੱਗ ਵਿੱਚ ਕਿਸੇ ਵੀ ਵੱਡੀ ਸਲਤਨਤ ਦੇ ਲਈ ਬਾਰੂਦ ਦੇ ਉਤਪਾਦਨ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਦੀ ਉਪਲਬਧਤਾ ਆਪਣੀ ਫੌਜ ਦੇ ਦਬਦਬੇ ਨੂੰ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੁੰਦੀ ਸੀ।
ਆਗਸਟੋਨ ਲਿਖਦੇ ਹਨ ਕਿ ਉਸਮਾਨੀਆ ਸਲਤਨਤ ਆਪਣੇ ਵਿਰੋਧੀਆਂ ਦੇ ਮੁਕਾਬਲੇ ਨਾਈਟਰਸ ਐਸਿਡ ਦੇ ਉਤਪਾਦਨ ਵਿੱਚ ਸਵੈ-ਨਿਰਭਰ ਸੀ। ਸਲਤਨਤ ਨੇ ਵੱਖ-ਵੱਖ ਇਲਾਕਿਆਂ ਵਿੱਚ ਇਸ ਦੇ ਲਈ ਪਲਾਂਟ ਲਾਏ ਹੋਏ ਸਨ, ਜਿਨ੍ਹਾਂ ਦਾ ਪ੍ਰਬੰਧਨ ਕੁਲੀਨ ਵਰਗ ਦੇ ਕੁਝ ਲੋਕਾਂ ਜਾਂ ਫਿਰ ਸਰਕਾਰੀ ਸਿਪਾਹੀਆਂ ਦੇ ਹੱਥਾਂ ਵਿੱਚ ਸੀ।
ਕੁਝ ਇਲਾਕਿਆ ਵਿੱਚ ਨਾਈਟਰਸ ਐਸਿਡ ਦਾ ਉਤਪਾਦਨ ਸੈਂਕੜਿਆਂ ਦੀ ਗਿਣਤੀ ਵਿੱਚ ਪੇਂਡੂ ਖੇਤਰਾਂ ਨੂੰ ਸੌਂਪਿਆ ਗਿਆ ਸੀ। ਜਿਨ੍ਹਾਂ ਨੂੰ ਇਸ ਕੰਮ ਦੇ ਲਈ ਕਰ ਵਿੱਚ ਛੂਟ ਮਿਲਦੀ ਸੀ। ਯੂਰਪ ਦੀਆਂ ਸਲਤਨਤਾਂ ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਸੀ।
“ਸਲਤਨਤ ਨਾਈਟਰਸ ਐਸਿਡ ਅਤੇ ਬਾਰੂਦ ਦੇ ਉਤਪਾਦਨ ਵਿੱਚ 17ਵੀਂ ਸਦੀ ਦੇ ਅੰਤ ਤੱਕ ਸਵੈ-ਨਿਰਭਰ ਸੀ। ਉਸ ਸਮੇਂ ਬਾਰੂਦ ਦੀ ਸਾਲਾਨਾ ਜ਼ਰੂਰਤ 540 ਮੀਟ੍ਰਿਕ ਟਨ ਦੇ ਕਰੀਬ ਸੀ। ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਨਾਈਟਰਸ ਐਸਿਡ ਵਿੱਚ ਸਵੈ-ਨਿਰਭਰਤਾ ਬਾਰੂਦ ਦੇ ਉਤਪਾਦਨ ਦਾ ਸਿਰਫ ਇੱਕ ਹਿੱਸਾ ਸੀ ਅਤੇ ਇਸ ਦਾ ਫੌਜ ਦੀ ਜ਼ਰੂਰਤ ਦੇ ਅਨੁਸਾਰ ਉਤਪਾਨ ਇੱਕ ਵੱਖਰੀ ਚੁਣੌਤੀ ਸੀ।”
ਜਦੋਂ ਉਸਮਾਨੀਆ ਸਲਤਨਤ ਨੂੰ ਸਵੀਡਨ, ਇੰਗਲੈਂਡ ਅਤੇ ਸਪੇਨ ਤੋਂ ਬਾਰੂਦ ਖਰੀਦਣਾ ਪਿਆ
ਇਤਿਹਾਸਿਕ ਦਸਤਾਵੇਜ਼ ਸਾਬਤ ਕਰਦੇ ਹਨ ਕਿ 18ਵੀਂ ਸਦੀ ਵਿੱਚ ਉਸਮਾਨੀ ਕਾਫੀ ਸਮੇਂ ਤੱਕ ਬਾਰੂਦ ਦੇ ਉਤਪਾਦਨ ਵਿੱਚ ਆਤਮ ਨਿਰਭਰ ਸਨ। ਉਨ੍ਹਾਂ ਨੂੰ ਰੂਸ ਦੇ ਨਾਲ 1768-74 ਦੀ ਜੰਗ ਦੌਰਾਨ ਪਹਿਲੀ ਵਾਰ ਬਾਰੂਦ ਦੀ ਕਮੀ ਕਰਕੇ ਸੰਚਾਲਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
“17ਵੀਂ ਸਦੀ ’ਚ ਉਸਮਾਨੀ 761-1037 ਮੀਟ੍ਰਿਕ ਟਨ ਬਾਰੂਦ ਤਿਆਰ ਕਰ ਸਕਦੇ ਸਨ, ਪਰ 18ਵੀਂ ਸਦੀ ਦੇ ਦੂਜੇ ਅੱਧ ’ਚ ਇਹ ਮਾਤਰਾ ਘਟ ਕੇ 169 ਮੀਟ੍ਰਿਕ ਟਨ ਰਹਿ ਗਈ ਸੀ।”
ਆਗਸਟੋਨ ਵੱਖ-ਵੱਖ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਦੱਸਦੇ ਹਨ ਕਿ 1,770 ਦੇ ਦਹਾਕੇ ’ਚ ਸਲਤਨਤ ਨੂੰ ਅਖੀਰ ਵਿੱਚ ਆਪਣੀ ਬਾਰੂਦ ਦੀ ਜ਼ਰੂਰਤ ਦਾ 50 ਫੀਸਦੀ ਹਿੱਸਾ ਯੂਰਪ ਤੋਂ ਲੈਣਾ ਪਿਆ ਸੀ।
ਸੰਨ1778 ’ਚ 84,600 ਕਿਲੋਗ੍ਰਾਮ ਬਾਰੂਦ ਸਵੀਡਨ ਤੋਂ ਲਿਆ ਗਿਆ ਸੀ। ਫਿਰ 1782 ’ਚ 95,485 ਕਿਲੋਗ੍ਰਾਮ ਬਾਰੂਦ ਇਸੇ ਜ਼ਰੀਏ ਤੋਂ ਆਇਆ ਸੀ। 1783 ’ਚ 39,198 ਕਿਲੋਗ੍ਰਾਮ ਬਾਰੂਦ ਇੰਗਲੈਂਡ ਤੋਂ ਆਇਆ ਸੀ। ਇਸੇ ਸਾਲ ਬਾਹਰੋਂ ਮੰਗਵਾਏ ਗਏ ਬਾਰੂਦ ਦੀ ਸਭ ਤੋਂ ਵੱਡੀ ਖੇਪ ਜੋ ਕਿ13,3386 ਕਿਲੋਗ੍ਰਾਮ ਦੀ ਸੀ, ਸਪੇਨ ਤੋਂ ਆਈ ਸੀ।”
ਇਹ ਮਾਮਲੇ ਸੁਲਤਾਨ ਸਲੀਮ ਤੀਜੇ (1789-1807) ਤੱਕ ਪਹੁੰਚੇ ਅਤੇ ਉਨ੍ਹਾਂ ਨੇ ਇਸ ਸਥਿਤੀ ਨੂੰ ਸੁਧਾਰਨ ਲਈ ਕਈ ਉਪਾਵਾਂ ਦਾ ਐਲਾਨ ਕੀਤਾ। ਇਨ੍ਹਾਂ ਉਪਾਵਾਂ ’ਚ ਜਲ ਸ਼ਕਤੀ ਨਾਲ ਚੱਲਣ ਵਾਲੀਆਂ ਫੈਕਟਰੀਆਂ ਦੀ ਸਥਾਪਨਾ ਵੀ ਸ਼ਾਮਲ ਸੀ। ਬਾਰੂਦ ਦੀ ਫੈਕਟਰੀ ਦੇ ਨਾਲ ਪਾਣੀ ਦੇ ਤਾਲਾਬ ਵੀ ਬਣਾਏ ਗਏ ਤਾਂ ਜੋ ਅੱਗ ਲੱਗਣ ਦੀ ਸੂਰਤ ਵਿੱਚ ਉਸ ’ਤੇ ਤੁਰੰਤ ਕਾਬੂ ਪਾਇਆ ਜਾ ਸਕੇ।
18ਵੀਂ ਸਦੀ ਦੇ ਅੰਤ ਵਿੱਚ ਇੱਕ ਉਸਮਾਨੀ ਸਿਪਾਹੀ ਮਹਿਮੂਦ ਆਫੰਦੀ ਨੇ ਕਿਹਾ, “ਵਿਦੇਸ਼ੀ ਬਾਰੂਦ ’ਤੇ ਸਾਡੀ ਨਿਰਭਰਤਾ ਹੁਣ ਖ਼ਤਮ ਹੋ ਗਈ ਹੈ, ਸਾਡੇ ਗੋਦਾਮ ਭਰੇ ਹੋਏ ਹਨ ਅਤੇ ਫੌਜੀ ਮੁਹਿੰਮਾਂ ਦੇ ਲਈ ਸਾਡੇ ਕੋਲ ਲੋੜੀਂਦਾ ਬਾਰੂਦ ਹੈ। ਅਸੀਂ ਤਾਂ ਇਸ ਨੂੰ ਨਿਰਯਾਤ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।”
ਉਸਮਾਨੀਆ ਸਲਤਨਤ ਅਤੇ ਬਾਰੂਦ
“ ਆਮ ਤੌਰ ’ਤੇ ਉਸਮਾਨੀਆ ਨੇ ਆਪਣੇ ਯੂਰਪੀ ਅਤੇ ਮੱਧ ਪੂਰਬੀ ਵਿਰੋਧੀਆਂ ਤੋਂ ਪਹਿਲਾਂ ਹੀ ਬਾਰੂਦੀ ਹਥਿਆਰ ਬਣਾਉਣ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੇ ਲਈ ਪੂਰੇ ਸਮੇਂ ਦੇ ਲਈ ਅਤੇ ਕੇਂਦਰ ਤੋਂ ਕੰਟਰੋਲ ਹੋਣ ਵਾਲੇ ਵਿਸ਼ੇਸ਼ ਦਸਤੇ ਬਣਾ ਲਏ ਸੀ।”
ਆਗਸਟੋਨ ਨੇ ਇਹ ਧਾਰਨਾ ਦਿੱਤੀ ਕਿ ਉਸਮਾਨੀ ਹਥਿਆਰਾਂ ਦੀ ਨਵੀਂ ਤਕਨੀਕ ਦੇ ਲਈ ਯੂਰਪੀਅਨ ਮਾਹਰਾਂ ’ਤੇ ਨਿਰਭਰ ਸਨ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਵਿਦਵਾਨਾਂ ਦੇ ਲਈ ਉਸ ਸਮੇਂ ਵੱਖ-ਵੱਖ ਸਲਤਨਤਾਂ ਦਾ ਦੌਰਾ ਕਰਨਾ ਆਮ ਗੱਲ ਸੀ ਅਤੇ ਮੁਸਲਿਮ-ਈਸਾਈ ਮਤਭੇਦ ਨੂੰ ਜ਼ਿਆਦਾ ਮਹੱਤਤਾ ਨਹੀਂ ਦੇਣੀ ਚਾਹੀਦੀ ਹੈ।
“ਸੱਭਿਆਤਾਵਾਂ ਦੇ ਟਕਰਾਅ ਦਾ ਸਿਧਾਂਤ ਜੋ ਕਿ ਅੱਜ ਕੱਲ ਫੈਸ਼ਨ ਵਿੱਚ ਹੈ, 15ਵੀਂ ਸਦੀ ਤੋਂ 18ਵੀਂ ਸਦੀ ਤੱਕ ਯੂਰਪ ਅਤੇ ਉਸਮਾਨੀਆ ਸਲਤਨਤ ਇੰਟਰਕਲਚਰ ਕਨੈਕਸ਼ਨ ਨੂੰ ਸਮਝਣ ਵਿੱਚ ਜ਼ਿਆਦਾ ਮਦਦਗਾਰ ਨਹੀਂ ਹੋ ਸਕਦਾ ਹੈ।
ਫਿਰ ਉਸਮਾਨੀਆ ਸਲਤਨਤ ਦੀ ਸਮੱਸਿਆ ਕਿੱਥੋਂ ਸ਼ੁਰੂ ਹੋਈ ?
ਸਦੀਆਂ ਤੱਕ ਲੱਖਾਂ ਵਰਗ ਕਿਲੋਮੀਟਰ ਤੱਕ ਫੈਲੀਆਂ ਸਰਹੱਦਾਂ ਅਤੇ ਹਰ ਪਾਸੇ ਜੰਗੀ ਮੈਦਾਨਾਂ ’ਚ ਆਪਣਾ ਦਬਦਬਾ ਕਾਇਮ ਕਰਨ ਤੋਂ ਬਾਅਦ ਉਸਮਾਨੀਆ ਸਲਤਨਤ ਦੀ ਅਸਲ ਸਮੱਸਿਆ ਕਿੱਥੋਂ ਸ਼ੁਰੂ ਹੋਈ?
ਇਸ ਦਾ ਨਾ ਤਾਂ ਕੋਈ ਸਿੱਧਾ ਅਤੇ ਸਰਲ ਜਵਾਬ ਹੋ ਸਕਦਾ ਹੈ ਅਤੇ ਨਾ ਹੀ ਕੋਈ ਇੱਕ ਇਤਿਹਾਸਕਾਰ ਇਸ ਨੂੰ ਸਪੱਸ਼ਟ ਕਰ ਸਕਦਾ ਹੈ।
‘ਗੰਨਜ਼ ਫਾਰ ਦਿ ਸੁਲਤਾਨ’ ਕਿਤਾਬ ’ਚ ਵਖ-ਵੱਖ ਇਤਿਹਾਸਕਾਰਾਂ ਦੇ ਬਿਆਨ ਸ਼ਾਮਿਲ ਕੀਤੇ ਗਏ ਹਨ।
ਆਗਸਟੋਨ ਦੇ ਅਨੁਸਾਰ ਇਸ ਦਾ ਵਧੇਰੇ ਮਹੱਤਵਪੂਰਣ ਕਾਰਨ ਆਰਥਿਕ ਸਥਿਤੀਆਂ ’ਚ ਤਬਦੀਲੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਭੂ-ਮੱਧ ਸਾਗਰ ਖੇਤਰ ’ਚ ਆਮ ਤੌਰ ’ਤੇ ਖਰਾਬ ਆਰਥਿਕ ਸਥਿਤੀ ਦੇ ਕਾਰਨ ਇੰਨੇ ਵੱਡੇ ਉਤਪਾਦਨ ਸੈਕਟਰ ਨੂੰ ਕਾਇਮ ਰੱਖਣਾ ਮੁਸ਼ਕਲ ਹੋ ਗਿਆ ਸੀ।
ਇਸ ਸਮੇਂ ਦੌਰਾਨ ਯੂਰਪ ’ਚ ਵੱਡੇ ਪੱਧਰ ’ਤੇ ਆਰਥਿਕ ਅਤੇ ਪ੍ਰਬੰਧਕੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਅਤੇ ਇਹ ਵਿਗਿਆਨ ਅਤੇ ਵਿੱਤ ਦੇ ਖੇਤਰ ’ਚ ਬਹੁਤ ਅੱਗੇ ਨਿਕਲ ਗਿਆ ਸੀ।
“ਉਸਮਾਨੀਆ ਅਤੇ ਯੂਰਪ ਦੀ ਜੰਗ ਨੇ ਜਦੋਂ ਰੂਪ ਬਦਲਿਆ ਤਾਂ ਇਹ ਤਬਦੀਲੀਆਂ ਬਹੁਤ ਅਹਿਮ ਹੋ ਗਈਆਂ ਸਨ। 1526 ਤੋਂ 1683 ਤੱਕ ਯੂਰਪ ਵਿੱਚ ਸਿਰਫ 2 ਵੱਡੀਆਂ ਲੜਾਈਆਂ ਹੀ ਮੈਦਾਨ ਵਿੱਚ ਲੜੀਆਂ ਗਈਆਂ ਸਨ। ਸੁਲਤਾਨ ਦੀ ਫੌਜ ਜ਼ਿਆਦਾਤਰ ਘੇਰਾ ਬੰਦੀਆਂ ਵਿੱਚ ਹੀ ਰੁੱਝੀ ਰਹੀ।”
18ਵੀਂ ਸਦੀ ਵਿੱਚ ਔਖੀ ਜਾਂ ਮਾੜੀ ਆਰਥਿਕ ਸਥਿਤੀ ਵਿੱਚ ਰੂਸ ਨਾਲ ਜੰਗਾਂ ਵੀ ਸਲਤਨਤ ਲਈ ਮਹਿੰਗੀਆਂ ਸਾਬਤ ਹੋਈਆਂ, ਜੋ ਕਿ ਉਸ ਸਮੇਂ ਉਨ੍ਹਾਂ ਦਾ ਸਭ ਤੋਂ ਵੱਡਾ ਵਿਰੋਧੀ ਬਣ ਗਿਆ ਸੀ।
ਇਸ ਦੌਰਾਨ ਇਸਤਾਂਬੁਲ ਦੀ ਸ਼ਾਹੀ ਫਾਊਂਡਰੀ (ਤੋਪਾਂ ਦਾ ਕਾਰਖਾਨਾ) ਵਿੱਚ ਕੀ ਸਥਿਤੀ ਸੀ?
‘ਗੰਨਜ਼ ਫਾਰ ਦਿ ਸੁਲਤਾਨ’ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ 18ਵੀਂ ਸਦੀ ਦੇ ਅੰਤ ਤੱਕ ਵੀ ਉਹ ਕਈ ਮੌਕਿਆਂ ਉੱਤੇ ਸੈਂਕੜੇ ਤੋਪਾਂ ਬਣਾਉਣ ਦੀ ਤਾਕਤ ਰੱਖਦੀ ਸੀ, ਜਿਨ੍ਹਾਂ ਦਾ ਕੁੱਲ ਭਾਰ 2 ਲੱਖ ਕਿਲੋਗ੍ਰਾਮ ਤੱਕ ਵੀ ਹੋ ਜਾਂਦਾ ਸੀ।
ਦੱਸਿਆ ਜਾਂਦਾ ਹੈ ਕਿ ਅਸਲ ਸਮੱਸਿਆ ਬਾਰੂਦ ਦੇ ਉਤਪਾਦਨ ਦੀ ਸੀ। ਜਿਸ ਦਾ ਉਤਪਾਦਨ 16ਵੀਂ ਅਤੇ 17ਵੀਂ ਸਦੀ ਦੇ ਮੁਕਾਬਲੇ ਵਿਚ 15-30 ਫੀਸਦੀ ਘੱਟ ਗਿਆ ਸੀ।
ਆਗਸਟੋਨ ਇਸ ਦੌਰ ਦੇ ਯੂਰਪੀ ਅਤੇ ਉਸਮਾਨੀ ਨਿਰੀਖਕਾਂ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਉਸਮਾਨੀ ਫੌਜ ’ਚ ਅਨੁਸ਼ਾਸਨ ਅਤੇ ਤਕਨੀਕ ਦੀ ਵੀ ਘਾਟ ਹੋ ਗਈ ਸੀ। ਕੀ ਸਲਤਨਤ ਨੂੰ ਉਨ੍ਹਾਂ ਕਮਜ਼ੋਰੀਆਂ ਦਾ ਪਤਾ ਨਹੀਂ ਸੀ ਅਤੇ ਉਨਹਾ ਨੂੰ ਦੂਰ ਕਰਨ ਲਈ ਯਤਨ ਕਿਉਂ ਨਹੀਂ ਕੀਤੇ ਗਏ ?
ਇਸ ਸਬੰਧ ’ਚ ਕਿਤਾਬ ਵਿਚ 1734 ਦੇ ਇੱਕ ਤੁਰਕੀ ਦਸਤਾਵੇਜ਼ ਦਾ ਜ਼ਿਕਰ ਹੈ, ਜਿਸ ’ਚ ‘ਨਵੀਂ ਪ੍ਰਣਾਲੀ’ ਦੇ ਲਈ ਸ਼ਬਦਾਵਲੀ ’ਤੇ ਜ਼ੋਰ ਦਿੱਤਾ ਗਿਆ ਸੀ।
ਆਗਸਟੋਨ ਦੱਸਦੇ ਹਨ ਕਿ ਉਸਮਾਨੀ ਲੀਡਰਸ਼ਿਪ ਇਸ ਦੇ ਲਈ ਤਿਆਰ ਨਹੀਂ ਸੀ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ‘ਸਮਾਜਿਕ ਢਾਂਚਾ’ ਖਤਰੇ ’ਚ ਪੈ ਜਾਵੇਗਾ ਅਤੇ ਜਦੋਂ ਉਨ੍ਹਾਂ ਨੇ 1787-92 ਦੇ ਰੂਸ ਨਾਲ ਹੋਏ ਯੁੱਧ ’ਚ ਮਿਲੀ ਅਸਫਲਤਾ ਤੋਂ ਬਾਅਦ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ।
ਉਸਮਾਨੀਆ ਸਲਤਨਤ ਦੇ 28ਵੇਂ ਸੁਲਤਾਨ ਸਲੀਮ ਤੀਜੇ (1789-1807) ਨੂੰ ਇਸ ਕੋਸ਼ਿਸ਼ ਦੀ ਕੀਮਤ, ਜਿਸ ’ਚ ਉਹ ਇੱਕ ‘ਨਵੀਂ ਮਾਡਲ ਆਰਮੀ’ ਬਣਾਉਣਾ ਚਾਹੁੰਦੇ ਸਨ, ਆਪਣੀ ਜਾਨ ਦੇ ਕੇ ਚੁਕਾਉਣੀ ਪਈ ਸੀ।












