You’re viewing a text-only version of this website that uses less data. View the main version of the website including all images and videos.
ਸੁਖਵਿੰਦਰ ਚਾਹਲ : ਜਦੋਂ ਉੱਲੀ ਲੱਗੀ ਬਰੈੱਡ ਨੂੰ ਧੋ ਕੇ ਖਾਣਾ ਪਿਆ…ਬਗ਼ਾਵਤ, ਸੰਘਰਸ਼ ਤੇ ਕਾਮਯਾਬੀ ਦੀ ਕਹਾਣੀ
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਫ਼ਿਲਮੀ ਦੁਨੀਆਂ ਵਿੱਚ ਕਿਸਮਤ ਅਜ਼ਮਾਉਣ ਲਈ ਮੁੰਬਈ ਜਾਂਦੇ ਉਨ੍ਹਾਂ ਕਾਲਕਾਰਾਂ ਵਿੱਚ ਸੁਖਵਿੰਦਰ ਚਾਹਲ ਵੀ ਸ਼ਾਮਲ ਹਨ ਜਿਨ੍ਹਾਂ ਨੇ ਸੰਘਰਸ਼ ਦੇ ਦੌਰ ਵਿੱਚ ਫੁੱਟਪਾਥ ’ਤੇ ਸੌਣ ਤੋਂ ਲੈ ਕੇ ਕਈ-ਕਈ ਦਿਨਾਂ ਤੱਕ ਭੁੱਖ ਸਹਿਣ ਵਰਗੀਆਂ ਔਕੜਾਂ ਦਾ ਸਾਹਮਣਾ ਕੀਤਾ।
ਸੁਖਵਿੰਦਰ ਚਾਹਲ ਅੱਜ ਭਾਵੇਂ ਪੰਜਾਬੀ ਸਿਨੇਮਾ ਦਾ ਜਾਣਿਆ-ਪਛਾਣਿਆ ਚਿਹਰਾ ਹਨ, ਪਰ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੀ ਦਹਾਕਿਆਂ ਦੀ ਮਿਹਨਤ, ਸਬਰ ਅਤੇ ਲੰਮਾ ਸੰਘਰਸ਼ ਹੈ।
ਸੁਖਵਿੰਦਰ ਚਾਹਲ ਨੇ ‘ਸਪੈਸ਼ਲ 26’ ਤੇ ‘ਕਮਾਂਡੋ’ ਵਰਗੀਆਂ ਹਿੰਦੀ ਫ਼ਿਲਮਾਂ ਵਿੱਚ ਭੂਮਿਕਾਵਾਂ ਨਿਭਾਉਣ ਤੋਂ ਬਾਅਦ 2015 ਵਿੱਚ ‘ਅੰਗਰੇਜ’ ਅਤੇ ਸ਼ਰੀਕ’ ਫਿਲਮ ਜ਼ਰੀਏ ਪਹਿਲੀ ਵਾਰ ਪੰਜਾਬੀ ਸਿਨੇਮਾ ਵਿੱਚ ਪੈਰ ਧਰਿਆ।
ਇਸ ਤੋਂ ਬਾਅਦ ‘ਨਿੱਕਾ ਜ਼ੈਲਦਾਰ’ ਫ਼ਿਲਮ ਵਿੱਚ ਨਿਭਾਏ ਕਿਰਦਾਰ ਨੇ ਦਰਸ਼ਕਾਂ ਵਿੱਚ ਉਨ੍ਹਾਂ ਦੀ ਪਛਾਣ ਬਣਾਈ ਅਤੇ ਉਹ ਫ਼ਿਲਮ ਨਿਰਮਾਤਾਵਾਂ ਦੀ ਪਸੰਦ ਬਣ ਗਏ। ਹੁਣ ਉਹ ਵੱਖ-ਵੱਖ ਓਟੀਟੀ ਪਲੇਟਫ਼ਾਰਮਜ਼ ’ਤੇ ਵੀ ਚੰਗਾ ਨਾਮਣਾ ਖੱਟ ਚੁੱਕੇ ਹਨ।
ਪਰਿਵਾਰ ਤੋਂ ਬਾਗ਼ੀ ਹੋਣਾ
ਸੁਖਵਿੰਦਰ ਚਾਹਲ ਦਾ ਸਬੰਧ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਾਨੋਚਾਹਲ ਨਾਲ ਹੈ। ਉਨ੍ਹਾਂ ਦੇ ਪਿਤਾ ਕੋਆਪਰੇਟਿਵ ਸੁਸਾਇਟੀ ਵਿੱਚ ਇੰਸਪੈਕਟਰ ਸਨ। ਸੁਖਵਿੰਦਰ ਚਾਹਲ ਦੀਆਂ ਚਾਰ ਭੈਣਾਂ ਅਤੇ ਇੱਕ ਭਰਾ ਹੈ।
ਬਚਪਨ ਵਿੱਚ ਸੁਖਵਿੰਦਰ ਦੀ ਰੁਚੀ ਖੇਡਾਂ ਵਿੱਚ ਸੀ। ਉਹ 1500 ਮੀਟਰ ਦੌੜ ਦੇ ਅਥਲੀਟ ਵੀ ਰਹੇ ਅਤੇ ਪੰਜਾਬ ਲਈ ਖੇਡਣਾ ਉਨ੍ਹਾਂ ਦਾ ਸੁਫ਼ਨਾ ਸੀ।
ਸੁਖ਼ਵਿੰਦਰ ਪਿੰਡ ਵਿੱਚ ਸਹੂਲਤਾਂ ਦੀ ਘਾਟ ਕਾਰਨ ਖੇਡਾਂ ਵਿੱਚ ਅੱਗੇ ਨਹੀਂ ਜਾ ਸਕੇ। ਫਿਰ ਫ਼ਿਲਮਾਂ ਦੇਖਦੇ-ਦੇਖਦੇ ਉਨ੍ਹਾਂ ਦੀ ਦਿਲਚਸਪੀ ਫ਼ਿਲਮੀ ਦੁਨੀਆਂ ਵਿੱਚ ਪੈ ਗਈ।
ਸੁਖਵਿੰਦਰ ਚਾਹਲ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਸਫ਼ਰ ਵਿੱਚ ਪਰਿਵਾਰ ਦਾ ਸਾਥ ਨਹੀਂ ਮਿਲਿਆ।
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਪਰਿਵਾਰ ਤੋਂ ਬਾਗ਼ੀ ਹੋ ਕੇ ਆਪਣਾ ਕਰੀਅਰ ਚੁਣਿਆ ਸੀ। ਜਿਸ ਤੋਂ ਬਾਅਦ ਨਾਰਾਜ਼ ਪਰਿਵਾਰ ਨੇ ਉਨ੍ਹਾਂ ਦਾ ਭਾਵਨਾਤਮਕ ਜਾਂ ਆਰਥਿਕ ਤੌਰ ਉਪਰ ਕਿਸੇ ਵੀ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਕੀਤਾ।
ਉਨ੍ਹਾਂ ਦੱਸਿਆ ਕਿ ਸੁਖਬੀਰ ਬਾਠ ਜ਼ਰੀਏ ਉਹ ਥੀਏਟਰ ਵਿੱਚ ਆਏ।
ਪਿੰਡ-ਪਿੰਡ ਜਾ ਕੇ ਥੀਏਟਰ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਸਰਦਾਰਜੀਤ ਬਾਵਾ ਨਾਲ ਜਲੰਧਰ ਦੂਰਦਰਸ਼ਨ ’ਤੇ ਕੰਮ ਸ਼ੁਰੂ ਕੀਤਾ। ਫਿਰ ਉਹ ਕੁਝ ਸਮਾਂ ਦਿੱਲੀ ਰਹਿਣ ਤੋਂ ਬਾਅਦ 1991 ਵਿੱਚ ਮੁੰਬਈ ਚਲੇ ਗਏ ਸਨ।
‘ਉੱਲੀ ਲੱਗੀ ਬਰੈੱਡ ਨੂੰ ਧੋ ਕੇ ਖਾਣਾ’
ਸੁਖਵਿੰਦਰ ਚਾਹਲ ਕਈ ਕਿੱਸੇ ਸੁਣਾਉਂਦੇ ਹਨ ਕਿ ਬਿਨ੍ਹਾਂ ਕਿਸੇ ਵਿੱਤੀ ਸਹਾਰੇ ਉਨ੍ਹਾਂ ਨੇ ਆਪਣਾ ਔਖਾ ਦੌਰ ਕਿਵੇਂ ਕੱਟਿਆ।
ਉਹ ਕਹਿੰਦੇ ਹਨ, “ਕਈ ਵਾਰ ਤਾਂ ਲੱਗਦਾ ਹੈ ਕਿ ਬਾਬਾ ਨਾਨਕ ਨੇ ਹੀ ਸਭ ਕੀਤਾ ਹੈ। ਜਦੋਂ ਲੱਗਦਾ ਸੀ ਅੱਜ ਰੋਟੀ ਨਹੀਂ ਮਿਲਣੀ, ਕਿਤੋ ਨਾ ਕਿਤੋ ਮਿਲ ਜਾਂਦੀ ਸੀ।”
ਉਹ ਆਪਣੀ ਜ਼ਿੰਦਗੀ ਵਿੱਚ ਐਕਟਰ ਅਤੇ ਇੱਕ ਐਡ ਏਜੰਸੀ ਚਲਾਉਣ ਵਾਲੇ ਮਹਿੰਦਰ ਬੱਗਾ ਦਾ ਬਹੁਤ ਅਹਿਮ ਯੋਗਦਾਨ ਮੰਨਦੇ ਹਨ ਅਤੇ ਉਨ੍ਹਾਂ ਨੂੰ ‘ਗੌਡਫਾਦਰ’ ਦੱਸਦੇ ਹਨ।
ਔਖੇ ਦਿਨਾਂ ਨੂੰ ਯਾਦ ਕਰਦਿਆਂ ਉਹ ਦੱਸਦੇ ਹਨ ਕਿ ਕਿਵੇਂ ਮਹਿੰਦਰ ਬੱਗਾ ਨੇ ਉਨ੍ਹਾਂ ਦਾ ਸਾਥ ਦਿੱਤਾ।
ਸੁਖਵਿੰਦਰ ਕਹਿੰਦੇ ਹਨ,” ਮੈਂ ਦਿੱਲੀ ਰਹਿ ਰਿਹਾ ਸੀ। ਉਨ੍ਹਾਂ ਨੇ ਰਾਤ ਨੂੰ ਮੇਰੇ ਕੋਲ ਰਹਿਣਾ। ਸਵੇਰੇ ਮੇਰੇ ਸਰਾਹਣੇ ਥੱਲੇ ਪੈਸੇ ਰੱਖ ਕੇ ਪਟਿਆਲੇ ਦੀ ਬੱਸ ਚੜ੍ਹ ਕੇ ਚਲੇ ਜਾਣਾ।”
ਚਾਹਲ ਨੇ ਦੱਸਿਆ ਕਿ ਉਹ ਐਕਟਿੰਗ ਦੇ ਨਾਲ-ਨਾਲ ਪ੍ਰੋਡਕਸ਼ਨ ਦਾ ਕੰਮ ਵੀ ਕਰਦੇ ਸਨ ਜਿਸ ਦੇ ਜ਼ਰੀਏ ਉਨ੍ਹਾਂ ਦਾ ਘਰ ਚਲਦਾ ਸੀ।
ਸਾਲ 1991 ਵਿੱਚ ਜਦੋਂ ਸੁਖਵਿੰਦਰ ਮੁੰਬਈ ਗਏ ਤਾਂ ਉਨ੍ਹਾਂ ਨੂੰ ਹੋਰ ਵੀ ਔਕੜਾਂ ਝੱਲਣੀਆਂ ਪਈਆਂ।
ਉਹ ਕਹਿੰਦੇ ਹਨ ਕਿ ਹਰ ਬੰਦਾ ਬੰਬੇ ਵਿੱਚ ਸੜਕ ’ਤੇ ਸੌਣ ਅਤੇ ਭੁੱਖੇ ਰਹਿਣ ਦੀ ਕਹਾਣੀ ਸੁਣਾਉਂਦਾ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਕਹਾਣੀ ਦੱਸਦਿਆਂ ਬਹੁਤ ਅਜੀਬ ਲੱਗਦਾ ਹੈ।
ਸੁਖਵਿੰਦਰ ਚਾਹਲ ਮੁਤਾਬਕ ਫ਼ਿਲਮੀ ਦੁਨੀਆਂ ਵਿੱਚ ਨਾਮ ਕਮਾਉਣ ਲਈ ਬੰਬੇ ਜਾਂਦੇ ਬਹੁਤ ਲੋਕਾਂ ਨਾਲ ਅਜਿਹਾ ਹੁੰਦਾ ਹੀ ਹੈ ਅਤੇ ਉਨ੍ਹਾਂ ਨਾਲ ਵੀ ਹੋਇਆ। ਉਨ੍ਹਾਂ ਨੂੰ ਵੀ ਅਜਿਹੇ ਗ਼ੁਰਬਤ ਭਰੇ ਦਿਨ ਹੰਢਾਉਣੇ ਪਏ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਹੋਰ ਦੋਸਤ ਸਨ ਜੋ ਬੜੌਦਾ ਦੇ ਸਾਗਰ ਆਰਟਸ ਵਿੱਚ ਕੰਮ ਕਰਦੇ ਸਨ। ਸ਼ਨੀਵਾਰ ਨੂੰ ਉਨ੍ਹਾਂ ਦੋਵਾਂ ਵਿੱਚੋਂ ਕੋਈ ਇੱਕ ਜਣਾ ਬੰਬੇ ਪਰਤਦਾ ਸੀ।
ਸੁਖਵਿੰਦਰ ਕਹਿੰਦੇ ਹਨ, “ਸਾਰਾ ਹਫ਼ਤਾ ਇਹੀ ਉਡੀਕ ਰਹਿੰਦੀ ਸੀ ਕਿ ਸ਼ਨੀਵਾਰ ਨੂੰ ਕੋਈ ਆਏਗਾ ਅਤੇ ਚੰਗਾ ਖਾਣਾ ਮਿਲ ਸਕੇਗਾ। ਸੋਮਵਾਰ ਨੂੰ ਜਾਣ ਵੇਲੇ ਉਹ ਮੈਨੂੰ ਇੱਕ ਬਰੈੱਡ ਦਾ ਪੈਕਟ ਲੈ ਕੇ ਦਿੰਦੇ ਸੀ। ਫ਼ਰਿੱਜ ਹੈ ਨਹੀਂ ਸੀ। ਦੋ-ਤਿੰਨ ਦਿਨ ਬਾਅਦ ਬਰੈੱਡ ਨੂੰ ਉੱਲੀ ਲੱਗ ਜਾਂਦੀ ਸੀ। ਫਿਰ ਉਹੀ ਬਰੈੱਡ ਨੂੰ ਧੋ ਕੇ ਖਾਣਾ ਪੈਂਦਾ ਸੀ।”
ਫਿਰ ਪੰਕਜ ਕਪੂਰ ਦੇ ਸੀਰੀਅਲ ਮੋਹਨਦਾਸ ਬੀ.ਏ. ਐੱਲ.ਐੱਲ.ਬੀ ਵਿੱਚ ਉਨ੍ਹਾਂ ਨੂੰ ਕੰਮ ਮਿਲਿਆ।
ਜਿਸ ਵਿੱਚ ਉਨ੍ਹਾਂ ਨੇ ਐਕਟਿੰਗ ਵੀ ਕੀਤੀ ਅਤੇ ਪ੍ਰੋਡਕਸ਼ਨ ਦਾ ਕੰਮ ਵੀ ਕੀਤਾ। ਇਸ ਲੜੀਵਾਰ ਦੀ ਆਮਦਨ ਨਾਲ ਉਨ੍ਹਾਂ ਨੇ ਦੋ-ਤਿੰਨ ਸਾਲ ਗੁਜ਼ਾਰਾ ਕੀਤਾ।
‘ਮੈਂ ਯੇ ਨਾ ਸੁਣੂ ਕਿ ਇਸ ਗਰ ਮੇਂ ਆਜ ਖਾਣਾ ਨਹੀਂ ਬਣਾ’
ਸੁਖਵਿੰਦਰ ਚਾਹਲ ਦੱਸਦੇ ਹਨ ਕਿ 2002 ਵਿੱਚ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਤਾਂ ਜ਼ਿੰਮੇਵਾਰੀ ਹੋਰ ਵਧ ਗਈ ਸੀ ਪਰ ਉਨ੍ਹਾਂ ਨੂੰ ਲੋਕਾਂ ਦਾ ਸਾਥ ਕਿਸੇ ਨਾ ਕਿਸੇ ਤਰੀਕੇ ਮਿਲਦਾ ਰਿਹਾ।
ਉਹ ਦੱਸਦੇ ਹਨ ਕਿ ਉਦੋਂ ਉਨ੍ਹਾਂ ਦੇ ਘਰ ਦੇ ਹੇਠਾਂ ਇੱਕ ਦੱਖਣ ਭਾਰਤ ਨਾਲ ਸਬੰਧਤ ਸਖ਼ਸ ਦੀ ਦੁਕਾਨ ਸੀ ਜਿਸ ਨੂੰ ਉਹ ਅੰਨਾ (ਯਾਨੀ ਵੱਡਾ ਭਰਾ) ਕਹਿ ਕੇ ਬੁਲਾਉਂਦੇ ਸੀ।
ਅੰਨਾ ਉਨ੍ਹਾਂ ਦੇ ਘਰ ਹਰ ਮਹੀਨੇ ਰਾਸ਼ਨ ਛੱਡ ਜਾਂਦਾ ਸੀ ਅਤੇ ਉਨ੍ਹਾਂ ਦੀ ਪਤਨੀ ਨੂੰ ਕਹਿੰਦਾ ਸੀ, ‘ਭਾਬੀ ਜੀ, ਭਾਈ ਸਾਹਬ ਕੋ ਕਹਿਨਾ ਜਬ ਪੈਸੇ ਹੋਂਗੇ ਦੇ ਦੇਣਾ, ਪਰ ਮੈਂ ਯੇ ਨਾ ਸੁਣੂ ਕਿ ਇਸ ਗਰ ਮੇਂ ਰੋਟੀ ਨਹੀਂ ਬਣੀ ਆਜ’
ਸੁਖਵਿੰਦਰ ਚਾਹਲ ਉਸ ਦਿਆਲੂ ਆਦਮੀ ਨੂੰ ਬੜੇ ਸਤਿਕਾਰ ਨਾਲ ਯਾਦ ਕਰਦਿਆਂ ਕਹਿੰਦੇ ਹਨ ਕਿ ਉਸ ਬਾਰੇ ਸੋਚ ਕੇ ਅੱਜ ਵੀ ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ।
ਉਨ੍ਹਾਂ ਦੱਸਿਆ, “ਮੇਰੇ ਕੋਲ ਜਦੋਂ ਪੈਸੇ ਹੁੰਦੇ ਸਨ ਮੈਂ ਦੇ ਦਿੰਦਾ ਸੀ। ਉਸ ਦੀ ਦੁਕਾਨ ਕੋਲ਼ੋਂ ਲੰਘਣਾ, ਤਾਂ ਉਸ ਨੇ ਮੇਰੇ ਨਾਲ ਅੱਖਾਂ ਵੀ ਨਾ ਮਿਲਾਉਣੀਆਂ ਕਿ ਮੈਨੂੰ ਮਹਿਸੂਸ ਨਾ ਹੋਵੇ।”
ਆਪਣੀ ਪਤਨੀ ਦੇ ਸਾਥ ਬਾਰੇ ਵੀ ਸੁਖਵਿੰਦਰ ਚਾਹਲ ਨੇ ਜ਼ਿਕਰ ਕੀਤਾ ਕਿ ਕਿਵੇਂ ਹਰ ਹਾਲ ਵਿੱਚ ਉਨ੍ਹਾਂ ਦਾ ਸਾਥ ਨਿਭਾਇਆ। ਉਨ੍ਹਾਂ ਕਿਹਾ, “ਉਹਦੀ ਕਦੇ ਕੋਈ ਮੰਗ ਨਹੀਂ ਰਹੀ। ਅੱਧੀ ਮਿਲ ਗਈ ਅੱਧੀ ਖਾ ਲਈ, ਪੂਰੀ ਮਿਲ ਗਈ ਪੂਰੀ ਖਾ ਲਈ।”
ਹਾਲਾਤ ਹੀ ਬਣੇ ਤਾਕਤ
ਇੰਨੀਆਂ ਔਕੜਾਂ ਝੱਲਣ ਤੋਂ ਬਾਅਦ ਵੀ ਉਹ ਆਪਣੇ ਰਾਹ ’ਤੇ ਕਿਵੇਂ ਡਟੇ ਰਹੇ, ਇਸ ਬਾਰੇ ਵੀ ਸੁਖਵਿੰਦਰ ਚਾਹਲ ਨੇ ਬੜੀ ਦਿਲਚਸਪ ਗੱਲ ਆਖੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹੋਰ ਬਦਲ ਹੈ ਹੀ ਨਹੀਂ ਸੀ ਕਿ ਜੇ ਇਹ ਨਹੀਂ ਤਾਂ ਉਹ ਕਰ ਲਵਾਂਗੇ।
ਉਹ ਕਹਿੰਦੇ ਹਨ, “ਕਈ ਵਾਰੀ ਸਾਨੂੰ ਦੂਜਾ ਬਦਲ ਵੀ ਕਮਜ਼ੋਰ ਕਰ ਦਿੰਦਾ ਹੈ। ਘਰ-ਬਾਰ, ਜਾਇਦਾਦ…ਮੈਂ ਸਭ ਕੁਝ ਛੱਡ ਚੁੱਕਿਆ ਸੀ। ਮੇਰੇ ਕੋਲ ਹੋਰ ਕੋਈ ਰਾਹ ਹੈ ਵੀ ਨਹੀਂ ਸੀ।”
ਦੂਜਾ ਪਹਿਲੂ ਉਹ ਮੁਕੱਦਰ ਨੂੰ ਮੰਨਦੇ ਹਨ। ਨਾਲ ਹੀ ਕਹਿੰਦੇ ਹਨ ਉਨ੍ਹਾਂ ਦੀ ਇਮਾਨਦਾਰੀ ਵੀ ਉਨ੍ਹਾਂ ਦੀ ਤਾਕਤ ਰਹੀ ਹੈ।
ਉਹ ਕਹਿੰਦੇ ਹਨ, “ਇੱਕ ਚੀਜ਼ ਮੈਂ ਜ਼ਰੂਰ ਧਾਰੀ ਸੀ ਕਿ ਜੋ ਵੀ ਕੰਮ ਕਰਨਾ ਹੈ ਇਮਾਨਦਾਰੀ ਨਾਲ ਕਰਨਾ ਹੈ। ਮੈਨੂੰ ਹੋਰ ਕਿਸੇ ਗੱਲ ਦਾ ਮਾਣ ਨਹੀਂ ਹੈ, ਇਸ ਗੱਲ ਦਾ ਜ਼ਰੂਰ ਹੈ ਕਿ ਮੈਂ ਇਨਸਾਨ ਚੰਗਾ ਹਾਂ।”
“ਮੈਂ ਐਕਟਰ ਕਿਹੋ ਜਿਹਾ ਹਾਂ, ਕਿੰਨਾ ਕ੍ਰੀਏਟਿਵ ਹਾਂ, ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ, ਪਰ ਮੈਂ ਇਨਸਾਨ ਚੰਗਾ ਹਾਂ। ਸ਼ਾਇਦ ਉਸੇ ਚੰਗਿਆਈ ਨੇ ਹੀ ਮੈਨੂੰ ਭਾਗ ਲਾਏ ਹਨ।”
ਇਰਸ਼ਾਦ ਕਾਮਿਲ ਕੋਲ ਵਹੇ ਅੱਥਰੂ
ਸੁਖਵਿੰਦਰ ਚਾਹਲ ਮਸ਼ਹੂਰ ਲੇਖਕ ਇਰਸ਼ਾਦ ਕਾਮਿਲ ਦੀ ਵੀ ਆਪਣੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਮੰਨਦੇ ਹਨ।
ਉਹ ਦੱਸਦੇ ਹਨ ਕਿ ਭਾਵੇਂ ਸਪੈਸ਼ਲ 26 ਜਿਹੀ ਫ਼ਿਲਮ ਵਿੱਚ ਕੰਮ ਕੀਤਾ ਸੀ, ਪਰ ਉਨ੍ਹਾਂ ਨੂੰ ਅੱਗੇ ਕੰਮ ਨਹੀਂ ਮਿਲ ਰਿਹਾ ਸੀ।
ਉਨ੍ਹਾਂ ਨੇ ਇੱਕ ਕਿੱਸਾ ਸੁਣਾਇਆ ਕਿ ਇੱਕ ਵਾਰ ਮੁੰਬਈ ਕਿਸੇ ਹੋਟਲ ਦੇ ਬਾਹਰ ਖੜ੍ਹਿਆਂ ਉਹ ਇਰਸ਼ਾਦ ਕਾਮਿਲ ਕੋਲ ਰੋ ਪਏ ਅਤੇ ਕਿਹਾ ਕਿ ਉਹ ਇੱਥੋਂ ਸਭ ਕੁਝ ਛੱਡ ਕੇ ਚਲੇ ਜਾਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਕੋਲ ਕੰਮ ਨਹੀਂ ਹੈ।
ਸੁਖਵਿੰਦਰ ਚਾਹਲ ਮੁਤਾਬਕ ਉਨ੍ਹਾਂ ਨੂੰ ਦੇਖ ਕੇ ਕਾਮਿਲ ਵੀ ਭਾਵੁਕ ਹੋ ਗਏ।
ਫਿਰ ਉਨ੍ਹਾਂ ਨੇ ਦੋ ਨਿਰਦੇਸ਼ਕਾਂ ਰੁਪਿੰਦਰ ਚਾਹਲ ਅਤੇ ਸਿਮਰਜੀਤ ਸਿੰਘ ਨੂੰ ਫ਼ੋਨ ਕਰਕੇ ਸੁਖਵਿੰਦਰ ਚਾਹਲ ਬਾਰੇ ਦੱਸਿਆ ਅਤੇ ਉਨ੍ਹਾਂ ਨੇ ਕੰਮ ਦੇਣ ਦਾ ਭਰੋਸਾ ਦਿਵਾਇਆ।
ਇਸੇ ਦੌਰਾਨ ਉਨ੍ਹਾਂ ਨੂੰ ਨਵਨੀਤ ਸਿੰਘ ਵੱਲੋਂ ਡਾਇਰੈਕਟ ਜ਼ਿੰਮੀ ਸ਼ੇਰਗਿੱਲ ਦੀ ਮੁੱਖ ਭੂਮਿਕਾ ਵਾਲੀ ‘ਸ਼ਰੀਕ’ ਫ਼ਿਲਮ ਵਿੱਚ ਕੰਮ ਮਿਲ ਗਿਆ ਸੀ।
ਜਦੋਂ ਸੁਖਵਿੰਦਰ ਨੂੰ ਪਤਾ ਲੱਗਿਆ ਕਿ ਸਿਮਰਜੀਤ ਸਿੰਘ ‘ਅੰਗਰੇਜ਼’ ਫ਼ਿਲਮ ਬਣਾ ਰਹੇ ਹਨ ਤਾਂ ਉਨ੍ਹਾਂ ਨੇ ਸਿਮਰਜੀਤ ਸਿੰਘ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਫ਼ਿਲਮ ਮਿਲ ਗਈ।
ਇਸ ਤੋਂ ਬਾਅਦ ਸਿਮਰਜੀਤ ਨੇ ਨਿੱਕਾ ਜ਼ੈਲਦਾਰ ਵਿੱਚ ਵੀ ਉਨ੍ਹਾਂ ਨੂੰ ਲਿਆ ਅਤੇ ਇੱਥੋਂ ਮਿਲੀ ਪਛਾਣ ਨੇ ਉਨ੍ਹਾਂ ਨੂੰ ਅੱਗੇ ਕੰਮ ਦਿਵਾਇਆ।
ਲੋਕਾਂ ਦੇ ਪਿਆਰ ਨੂੰ ਕਿਵੇਂ ਮਹਿਸੂਸ ਕਰਦੇ ਹਨ
ਸੁਖਵਿੰਦਰ ਚਾਹਲ ਕਹਿੰਦੇ ਹਨ ਕਿ ਹੁਣ ਜਦੋਂ ਲੋਕ ਉਨ੍ਹਾਂ ਨੂੰ ਪਛਾਣਦੇ ਹਨ ਅਤੇ ਪਿਆਰ ਦਿੰਦੇ ਹਨ ਤਾਂ ਉਹ ਭਾਵੁਕ ਹੋ ਜਾਂਦੇ ਹਨ।
ਉਹ ਕਹਿੰਦੇ ਹਨ, “ਕਿਉਂਕਿ ਮੈਂ ਬਹੁਤਾ ਲੰਬਾ ਸਮਾਂ ਇਸ ਪਿਆਰ ਦੀ ਉਡੀਕ ਕੀਤੀ। ਮੈਂ ਨਵਾਜ਼ੁਦੀਨ ਸਿਦਿੱਕੀ, ਆਸ਼ੂਤੋਸ਼ ਰਾਣਾ ਵਰਗੇ ਆਪਣੇ ਸਾਥੀਆਂ ਨੂੰ ਦੇਖਦਾ ਸੀ ਜੋ ਕਾਮਯਾਬ ਹੋ ਗਏ ਸਨ, ਉਨ੍ਹਾਂ ਨੂੰ ਦੇਖ ਕੇ ਖੁਸ਼ੀ ਹੁੰਦੀ ਸੀਅਤੇ ਜਦੋਂ ਮੈਨੂੰ ਇਹ ਮੌਕਾ ਮਿਲਿਆ ਹੈ ਤਾਂ ਮੇਰੀਆਂ ਅੱਖਾਂ ਭਰ ਜਾਂਦੀਆਂ ਹਨ।”
ਉਹ ਦੱਸਦੇ ਹਨ ਕਿ ਕਰੀਅਰ ਵਿੱਚ ਮਿਲੀ ਕਾਮਯਾਬੀ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਬਦਲੀ, ਕਈ ਪੁਰਾਣੇ ਵਿਸਰੇ ਦੋਸਤ ਅਤੇ ਰਿਸ਼ਤੇ ਜ਼ਿੰਦਗੀ ਵਿੱਚ ਪਰਤ ਆਏ।
ਅੱਖੀਂ ਦੇਖੀਆਂ ਘਟਨਾਵਾਂ ’ਤੇ ਅਧਾਰਿਤ ਕਹਾਣੀਆਂ 'ਚ ਕੰਮ ਕਰਨ ਦਾ ਤਜ਼ਰਬਾ
ਪੰਜਾਬੀ ਫ਼ਿਲਮਾਂ ਤੋਂ ਇਲਾਵਾ, ਓਟੀਟੀ ਪਲੇਟਫ਼ਾਰਮ ’ਤੇ ਵੀ ਸੁਖਵਿੰਦਰ ਚਾਹਲ ਦੀਆਂ ਪੇਸ਼ਕਾਰੀਆਂ ਬੇਹੱਦ ਪਸੰਦ ਕੀਤੀਆਂ ਗਈਆਂ ਹਨ।
ਇਨ੍ਹਾਂ ਵਿੱਚੋਂ ਡਿਜ਼ਨੀ ਹੌਟਸਟਾਰ ਦੀ ਵੈੱਬ ਸੀਰੀਜ਼ ‘ਗ੍ਰਹਿਣ’ ਅਤੇ ਨੈੱਟਫਲਿਕਸ ਦੀ ‘ਕੈਟ’ ਦੀ ਖ਼ਾਸ ਭੂਮਿਕਾ।
ਸੁਖਵਿੰਦਰ ਚਾਹਲ ਕਹਿੰਦੇ ਹਨ, “ਜਿਨ੍ਹਾਂ ਘਟਨਾਵਾਂ ’ਤੇ ਅਧਾਰਤ ‘ਗ੍ਰਹਿਣ’ ਸੀ, ਉਹ ਉਨ੍ਹਾਂ ਨੇ ਦਿੱਲੀ ਵਿੱਚ ਅੱਖੀਂ ਦੇਖੀਆਂ ਸਨ ਤੇ ਕੈਟ ਜਿਨ੍ਹਾਂ ਘਟਨਾਵਾਂ ਦੀ ਗੱਲ ਕਰਦਾ ਸੀ ਉਹ ਪੰਜਾਬ ਵਿੱਚ ਦੇਖੀਆਂ ਸਨ।
ਉਹ ਕਹਿੰਦੇ ਹਨ ਕਿ 1984 ਦੀਆਂ ਘਟਨਾਵਾਂ ਵੇਲੇ ਉਹ ਦਿੱਲੀ ਸਨ ਤੇ ਉਨ੍ਹਾਂ ਨੇ ਆਪਣੇ ਅੱਖੀਂ ਉਹ ਮੰਜ਼ਰ ਦੇਖਿਆ ਸੀ। ਉਹ ਕਹਿੰਦੇ ਹਨ ਕਿ ਉਹ ਘਟਨਾਵਾਂ ਉਨ੍ਹਾਂ ਦੇ ਜ਼ਿਹਨ ਵਿੱਚੋਂ ਨਹੀਂ ਜਾਂਦੀਆਂ। ਇਸੇ ਤਰ੍ਹਾਂ ਉਨ੍ਹਾਂ ਨੇ ਉਸ ਦੌਰ ਵਿੱਚ ਪੰਜਾਬ ਦਾ ਮਾਹੌਲ ਵੀ ਦੇਖਿਆ ਸੀ।
ਨਾਲ ਹੀ ਉਹ ਕਹਿੰਦੇ ਹਨ ਕਿ ਕੁਝ ਸਮੇਂ ਲਈ ਫ਼ਿਲਮਾਂ ਦੀਆਂ ਕਹਾਣੀਆਂ ਮਨ ਵਿੱਚ ਰਹਿੰਦੀਆਂ ਹਨ, ਪਰ ਅਦਾਕਾਰ ਵਜੋਂ ਤੁਹਾਡੀ ਪ੍ਰੈਕਟਿਸ ਹੋ ਜਾਂਦੀ ਹੈ ਕਿ ਤੁਸੀਂ ਕੰਮ ਤੋਂ ਆ ਕੇ ਉਸ ਕਹਾਣੀ ਤੋਂ ਵੀ ਬਾਹਰ ਕਿਵੇਂ ਆਉਣਾ ਹੈ।
‘ਡੀਅਰ ਜੱਸੀ’ ਵਰਗੀਆਂ ਫ਼ਿਲਮਾਂ ਦੀ ਅਹਿਮੀਅਤ
ਸੁਖਵਿੰਦਰ ਚਾਹਲ ਨੇ ‘ਡੀਅਰ ਜੱਸੀ’ ਨਾਮ ਦੀ ਇੱਕ ਕੌਮਾਂਤਰੀ ਫ਼ਿਲਮ ਵਿੱਚ ਕੰਮ ਕੀਤਾ, ਜਿਸ ਨੂੰ ਕਿ ਹਾਲੀਵੁੱਡ ਦੇ ਡਾਇਰੈਕਟਰ ਤਰਸੇਮ ਸਿੰਘ ਨੇ ਡਾਇਰੈਕਟ ਕੀਤਾ ਸੀ।
ਤਰਸੇਮ ਸਿੰਘ ਜਲੰਧਰ ਦੇ ਜੰਮ-ਪਲ ਹਨ ਅਤੇ ਹਾਲੀਵੁੱਡ ਦੀਆਂ ਕਈ ਫ਼ਿਲਮਾਂ ਤੋਂ ਇਲਾਵਾ, ਮਿਊਜ਼ਿਕ ਵੀਡੀਓਜ਼ ਤੇ ਵੱਡੀਆਂ ਕੰਪਨੀਆਂ ਦੇ ਕਮਰਸ਼ੀਅਲ ਵੀ ਉਨ੍ਹਾਂ ਨੇ ਬਣਾਏ ਹਨ।
ਫ਼ਿਲਮ ‘ਡੀਅਰ ਜੱਸੀ’ ਨੱਬਿਵਿਆਂ ਦੀ ਸ਼ੁਰੂਆਤ ਵਿੱਚ ਇੱਕ ਕੈਨੇਡੀਅਨ ਪੰਜਾਬਣ ਜੱਸੀ ਅਤੇ ਪੰਜਾਬ ਰਹਿੰਦੇ ਨੌਜਵਾਨ ਮਿੱਠੂ ਦੀ ਪ੍ਰੇਮ ਕਹਾਣੀ ’ਤੇ ਅਧਾਰਿਤ ਹੈ।
ਇਹ ਫ਼ਿਲਮ 2023 ਵਿੱਚ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਦਿਖਾਈ ਗਈ ਸੀ ਅਤੇ ਇਸ ਨੇ ਪਲੇਟਫ਼ਾਰਮ ਇਨਾਮ ਜਿੱਤਿਆ ਸੀ।
ਸੁਖਵਿੰਦਰ ਚਾਹਲ ਦੱਸਦੇ ਹਨ ਕਿ ਇਸ ਫ਼ਿਲਮ ਵਿੱਚ ਕੰਮ ਕਰਨ ਦਾ ਉਨ੍ਹਾਂ ਦਾ ਤਜ਼ਰਬਾ ਬੇਹੱਦ ਖ਼ਾਸ ਰਿਹਾ ਅਤੇ ਫ਼ਿਲਮ ਕਰਦਿਆਂ ਉਨ੍ਹਾਂ ਨੂੰ ਇਹੀ ਲੱਗ ਰਿਹਾ ਸੀ ਕਿ ਉਹ ਉਸੇ ਦੌਰ ਵਿੱਚ ਚਲੇ ਗਏ ਹਨ।
ਨਾਲ ਹੀ ਉਹ ਕਹਿੰਦੇ ਹਨ ਕਿ ਕਮਰਸ਼ੀਅਲ ਫ਼ਿਲਮਾਂ ਰੋਜ਼ੀ ਰੋਟੀ ਲਈ ਜ਼ਰੂਰੀ ਹਨ, ਪਰ ‘ਡੀਅਰ ਜੱਸੀ’ ਵਰਗੀਆਂ ਫ਼ਿਲਮਾਂ ਰੂਹ ਲਈ ਜ਼ਰੂਰੀ ਹਨ ਕਿਉਂਕਿ ਇਨ੍ਹਾਂ ਫ਼ਿਲਮਾਂ ਵਿੱਚ ਤੁਹਾਨੂੰ ਆਪਣਾ ਆਪ ਜ਼ਿੰਦਾ ਮਹਿਸੂਸ ਹੁੰਦਾ ਹੈ।
ਉਹ ਮਹਿਸੂਸ ਕਰਦੇ ਹਨ ਕਿ ਦੱਖਣ ਦੇ ਸਿਨੇਮਾ ਤੋਂ ਬਾਅਦ ਦੂਜਾ ਨਾਮ ਪੰਜਾਬੀ ਸਿਨੇਮਾ ਦਾ ਲਿਆ ਜਾਣ ਲੱਗਿਆ ਹੈ ਯਾਨੀ ਪੰਜਾਬੀ ਸਿਨੇਮਾ ਤਰੱਕੀ ਕਰ ਰਿਹਾ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਭਵਿੱਖ ਵਿੱਚ ਕਮਰਸ਼ੀਅਲ ਫ਼ਿਲਮਾਂ ਦੇ ਨਾਲ ਅਜਿਹਾ ਸਮਾਂਤਰ ਸਿਨੇਮਾ ਵੀ ਦੇਖਣ ਨੂੰ ਮਿਲੇਗਾ ਜਿਸ ਵਿਚ ‘ਡੀਅਰ ਜੱਸੀ’ ਵਰਗੀਆਂ ਫ਼ਿਲਮਾਂ ਹੋਣਗੀਆਂ।
ਕਰੈਕਟਰ ਐਕਟਰਜ਼ ਦੇ ਹਾਲਾਤ
ਫ਼ਿਲਮਾਂ ਵਿੱਚ ਲੀਡ ਹੀਰੋ-ਹੀਰੋਇਨ ਤੋਂ ਇਲਾਵਾ ਸਪੋਰਟਿੰਗ ਕਾਸਟ ਵਿੱਚ ਕੰਮ ਕਰਨ ਵਾਲੇ ਕਲਾਕਾਰ ਨੂੰ ‘ਕਰੈਕਟਰ ਐਕਟਰਜ਼’ ਵੀ ਕਹਿ ਦਿੱਤਾ ਜਾਂਦਾ ਹੈ। ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਇਨ੍ਹਾਂ ਕਲਾਕਾਰਾਂ ਨੇ ਖ਼ਾਸ ਪਛਾਣ ਬਣਾਈ ਹੈ।
ਸੁਖਵਿੰਦਰ ਚਾਹਲ ਕਹਿੰਦੇ ਹਨ ਕਿ ਭਾਵੇਂ ਦਰਸ਼ਕ ਪਿਆਰ ਦਿੰਦੇ ਹਨ, ਪਰ ਫ਼ਿਲਮਾਂ ਬਣਾਉਣ ਵਾਲਿਆਂ ਵੱਲੋਂ ਕਰੈਕਟਰ ਐਕਟਰਜ਼ ਨੂੰ ਉਨੀਂ ਇੱਜ਼ਤ ਨਹੀਂ ਦਿੱਤੀ ਜਾਂਦੀ।
ਉਨ੍ਹਾਂ ਦੱਸਿਆ ਕਿ ਮਾੜੇ ਰਵੱਈਰੇ ਕਾਰਨ ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਫ਼ਿਲਮ ਛੱਡੀ ਹੈ, ਜਿਸ ਵਿੱਚ ਬਹੁਤ ਵੱਡੇ ਕਲਾਕਾਰ ਕੰਮ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਇੱਕ ਵਾਰ ਕਰੈਕਟਰ ਐਕਟਰਜ਼ ਨਾਲ ਹੁੰਦੇ ਵਿਵਾਹਰ ਬਾਰੇ ਉਨ੍ਹਾਂ ਦੀ ਬੀ.ਐੱਨ.ਸ਼ਰਮਾ ਨਾਲ ਗੱਲ ਹੋਈ, “ਮੈਂ ਕਿਹਾ ਭਾਅ ਜੀ ਸੈਲਫ ਰਿਸਪੈਕਟ? ਸ਼ਰਮਾ ਜੀ ਕਹਿੰਦੇ, ਜੋ ਇੱਥੇ ਕੰਮ ਕਰਾਂਗੇ ਉਹ ਦਰਸ਼ਕਾਂ ਤੱਕ ਪਹੁੰਚਣਾ ਹੈ। ਦਰਸ਼ਕਾਂ ਦੇ ਪਿਆਰ ਲਈ ਕੁਝ ਤਿਆਗਣਾ ਵੀ ਪੈਂਦਾ ਹੈ। ਜੋ ਇੱਥੇ ਹੋ ਰਿਹਾ ਹੈ, ਉਹ ਸਿਰਫ਼ ਆਪਾਂ ਨੂੰ ਹੀ ਪਤਾ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ