ਤਲਾਕ ਦਾ ਕੇਸ ਚੱਲਿਆ ਤਾਂ ਅਦਾਲਤ 'ਚ ਮਹਿਲਾ ਦੇ ਇੱਕ-ਦੋ ਨਹੀਂ ਸਗੋਂ 8 ਪਤੀ ਪੇਸ਼ ਹੋਏ, ਜਾਣੋ ਕੀ ਹੈ ਮਾਮਲਾ

    • ਲੇਖਕ, ਭਾਗਿਆਸ਼੍ਰੀ ਰਾਉਤ
    • ਰੋਲ, ਬੀਬੀਸੀ ਸਹਿਯੋਗੀ, ਨਾਗਪੁਰ ਤੋਂ

ਨਾਗਪੁਰ ਪੁਲਿਸ ਨੇ ਇੱਕ ਅਜਿਹੀ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਉੱਤੇ ਇੱਕ-ਦੋ ਨਹੀਂ ਸਗੋਂ ਅੱਠ ਵਾਰ ਵਿਆਹ ਕਰਨ ਅਤੇ ਪੈਸਿਆਂ ਲਈ ਸਾਰੇ ਅੱਠ ਪਤੀਆਂ ਨਾਲ ਧੋਖਾ ਕਰਨ ਦਾ ਇਲਜ਼ਾਮ ਹੈ।

ਇਸ ਮਹਿਲਾ ਦੇ ਖਿਲਾਫ ਨਾਗਪੁਰ ਦੇ ਤਿੰਨ ਥਾਣਿਆਂ ਦੇ ਨਾਲ-ਨਾਲ ਛਤਰਪਤੀ ਸੰਭਾਜੀ ਨਗਰ, ਮੁੰਬਈ ਅਤੇ ਪਵਨੀ ਪੁਲਿਸ ਥਾਣਿਆਂ ਵਿੱਚ ਮਾਮਲੇ ਦਰਜ ਕੀਤੇ ਗਏ ਹਨ।

ਮਹਿਲਾ ਦੇ ਪਹਿਲੇ ਪਤੀ ਤੋਂ ਲੈ ਕੇ ਉਸਦੇ ਅੱਠਵੇਂ ਪਤੀ ਤੱਕ, ਸਾਰਿਆਂ ਨੇ ਇਕੱਠੇ ਹੋ ਕੇ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕੀਤਾ ਹੈ। ਉਨ੍ਹਾਂ ਨੇ ਅਦਾਲਤ ਵਿੱਚ ਜਾਣਕਾਰੀ ਦਿੱਤੀ ਕਿ ਉਨ੍ਹਾਂ ਨਾਲ ਕਿਵੇਂ ਧੋਖਾ ਹੋਇਆ।

'ਮੈਂ ਤਲਾਕਸ਼ੁਦਾ ਹਾਂ, ਦੁਬਾਰਾ ਵਿਆਹ ਕਰਨ ਦੀ ਸੋਚ ਰਹੀ ਹਾਂ'

ਗਿੱਟੀਖਾਦਨ ਪੁਲਿਸ ਸਟੇਸ਼ਨ ਦੀ ਪੁਲਿਸ ਇੰਸਪੈਕਟਰ ਸ਼ਾਰਦਾ ਭੋਪਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਮਹਿਲਾ ਦਾ ਨਾਮ ਸਮੀਰਾ ਫਾਤਿਮਾ ਹੈ ਅਤੇ ਉਹ ਐਮਏ (ਅੰਗਰੇਜ਼ੀ) ਬੀਐੱਡ ਹੈ। ਉਹ ਮੋਮੀਨਪੁਰਾ ਦੇ ਇੱਕ ਉਰਦੂ ਸਕੂਲ ਵਿੱਚ ਅਧਿਆਪਕਾ ਵੀ ਹੈ। ਉਸਦਾ ਪਹਿਲਾ ਵਿਆਹ ਭਿਵੰਡੀ ਵਿੱਚ ਹੋਇਆ ਸੀ।

2024 ਵਿੱਚ, ਨਾਗਪੁਰ ਦੇ ਗੁਲਾਮ ਗੌਸ ਪਠਾਨ ਨੇ ਗਿੱਟੀਖਾਦਨ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੂੰ ਸਮੀਰਾ ਫਾਤਿਮਾ ਨਾਮ ਦੀ ਇੱਕ ਮਹਿਲਾ ਨੇ ਧੋਖਾ ਦਿੱਤਾ ਹੈ।

ਉਹ ਫੇਸਬੁੱਕ 'ਤੇ ਮਿਲੇ ਸਨ। ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਸਮੀਰਾ ਨੇ ਕਿਹਾ ਸੀ ਕਿ "ਮੈਂ ਤਲਾਕਸ਼ੁਦਾ ਹਾਂ, ਅਤੇ ਦੁਬਾਰਾ ਵਿਆਹ ਕਰਨ ਬਾਰੇ ਸੋਚ ਰਹੀ ਹਾਂ।''

ਇਸ ਤੋਂ ਬਾਅਦ ਦੋਵਾਂ ਦੀਆਂ ਮੁਲਾਕਾਤਾਂ ਵਧ ਗਈਆਂ। ਉਹ ਦਿਨ-ਰਾਤ ਫੋਨ 'ਤੇ ਗੱਲਾਂ ਕਰਦੇ। ਫਿਰ, ਇੱਕ ਮੌਕਾ ਆਇਆ ਜਦੋਂ ਸਮੀਰਾ ਨੇ ਗੁਲਾਮ ਨੂੰ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਅਤੇ ਉਨ੍ਹਾਂ 'ਤੇ ਵਿਆਹ ਲਈ ਦਬਾਅ ਪਾਇਆ।

ਦੋਵਾਂ ਦਾ ਵਿਆਹ ਹੋ ਗਿਆ ਪਰ ਵਿਆਹ ਤੋਂ ਬਾਅਦ ਵੀ ਉਹ ਵੀਡੀਓ ਜਾਰੀ ਕਰਨ ਦੀ ਧਮਕੀ ਦੇ ਕੇ ਗੁਲਾਮ ਤੋਂ ਪੈਸੇ ਮੰਗਦੀ ਰਹੀ।

ਸਮੀਰਾ ਪਹਿਲਾਂ ਵੀ ਕਈ ਵਾਰ ਵਿਆਹੀ ਹੋਈ ਸੀ

ਇਸ ਤੋਂ ਇਲਾਵਾ, ਹੋਰ ਕਾਰਨਾਂ ਦੇ ਨਾਮ 'ਤੇ ਵੀ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਜੇਕਰ ਪੈਸੇ ਨਾ ਦਿੱਤੇ ਜਾਂਦੇ ਤਾਂ ਉਹ ਆਪਣੇ ਲੋਕਾਂ ਨੂੰ ਫ਼ੋਨ ਕਰਕੇ ਗੁਲਾਮ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ। ਇਸ ਸਭ ਤੋਂ ਪਰੇਸ਼ਾਨ ਹੋ ਕੇ ਗੁਲਾਮ ਪਠਾਨ ਨੇ ਸਮੀਰਾ ਤੋਂ ਵੱਖ ਰਹਿਣਾ ਸ਼ੁਰੂ ਕਰ ਦਿੱਤਾ।

ਗੁਲਾਮ ਨੂੰ ਜਲਦ ਹੀ ਪਤਾ ਲੱਗਾ ਕਿ ਸਮੀਰਾ ਪਹਿਲਾਂ ਵੀ ਕਈ ਵਾਰ ਵਿਆਹੀ ਹੋਈ ਸੀ। ਉਸਨੇ ਆਪਣੇ ਪਿਛਲੇ ਪਤੀ ਨੂੰ ਤਲਾਕ ਦੇਣ ਤੋਂ ਪਹਿਲਾਂ ਹੀ ਗੁਲਾਮ ਨਾਲ ਵਿਆਹ ਕਰਵਾ ਲਿਆ ਸੀ।

ਸਮੀਰਾ ਨੇ ਤਲਾਕ ਦਾ ਜੋ ਸਰਟੀਫਿਕੇਟ ਦਿਖਾਇਆ ਸੀ, ਉਹ ਵੀ ਝੂਠਾ ਸੀ। ਉਸਨੇ ਕਈ ਕਾਰਨਾਂ ਕਰਕੇ ਉਸ ਤੋਂ ਲੱਖਾਂ ਰੁਪਏ ਵੀ ਲੈ ਲਏ ਸਨ।

ਗੁਲਾਮ ਦੀ ਸ਼ਿਕਾਇਤ ਅਨੁਸਾਰ, ਗਿੱਟੀਖਾਦਨ ਪੁਲਿਸ ਸਮੀਰਾ ਦੀ ਭਾਲ਼ ਕਰ ਰਹੀ ਸੀ। ਜਦੋਂ ਪੁਲਿਸ ਕੁਝ ਮਹੀਨੇ ਪਹਿਲਾਂ ਉਸਨੂੰ ਗ੍ਰਿਫ਼ਤਾਰ ਕਰਨ ਗਈ ਸੀ ਤਾਂ ਉਹ ਗਰਭਵਤੀ ਸੀ।

ਇਸ ਲਈ, ਪੁਲਿਸ ਨੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ। ਪਰ ਉਹ ਇੱਕ ਨਿੱਜੀ ਹਸਪਤਾਲ ਗਈ। ਪੁਲਿਸ ਵੱਲੋਂ ਨੋਟਿਸ ਦੇਣ ਦੇ ਬਾਵਜੂਦ ਉਹ ਪੇਸ਼ ਨਹੀਂ ਹੋਈ। ਇਸ ਤੋਂ ਬਾਅਦ ਪੁਲਿਸ ਨੇ ਹੁਣ ਜਾਲ ਵਿਛਾ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕਿਵੇਂ ਦਿੰਦੀ ਸੀ ਧੋਖਾ?

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਮੀਰਾ ਨੇ ਨਾ ਸਿਰਫ਼ ਗੁਲਾਮ ਨਾਲ ਵਿਆਹ ਕਰਕੇ ਉਨ੍ਹਾਂ ਨੂੰ ਧੋਖਾ ਦਿੱਤਾ, ਸਗੋਂ ਉਸਨੇ ਚਾਰ ਜਾਂ ਪੰਜ ਹੋਰ ਲੋਕਾਂ ਨਾਲ ਵੀ ਵਿਆਹ ਕਰਵਾਏ ਸਨ।

ਪਰ ਜਦੋਂ ਮਾਮਲਾ ਅਦਾਲਤ ਵਿੱਚ ਗਿਆ ਤਾਂ ਉਸਦੇ ਅੱਠ ਪਤੀ ਸਾਹਮਣੇ ਆਏ। ਉਹ ਅਦਾਲਤ ਵਿੱਚ ਪੇਸ਼ ਹੋਏ ਅਤੇ ਹਲਫ਼ਨਾਮਾ ਦਾਇਰ ਕੀਤਾ। ਇਨ੍ਹਾਂ ਅੱਠ ਪਤੀਆਂ ਨੇ ਆਪਣੇ ਵਕੀਲਾਂ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਬਾਰੇ ਜਾਣਕਾਰੀ ਦਿੱਤੀ।

ਇਸ ਵੇਲੇ ਦਰਜ ਕੀਤੀ ਗਈ ਸ਼ਿਕਾਇਤ ਦੇ ਅਨੁਸਾਰ, ਸਮੀਰਾ ਨੇ 2017 ਵਿੱਚ ਵਿਆਹ ਤੋਂ ਬਾਅਦ ਧੋਖਾਧੜੀ ਸ਼ੁਰੂ ਕਰ ਦਿੱਤੀ ਸੀ। ਆਪਣੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨ੍ਹਾਂ, ਉਹ ਵਿਆਹ ਸਬੰਧੀ ਵੈੱਬਸਾਈਟਾਂ ਜਾਂ ਸੋਸ਼ਲ ਮੀਡੀਆ ਰਾਹੀਂ ਮੁਸਲਿਮ ਭਾਈਚਾਰੇ ਦੇ ਅਮੀਰ ਤਲਾਕਸ਼ੁਦਾ ਪੁਰਸ਼ਾਂ ਦੀ ਭਾਲ਼ ਕਰ ਰਹੀ ਸੀ ਅਤੇ ਉਨ੍ਹਾਂ ਨਾਲ ਜਾਣ-ਪਛਾਣ ਬਣਾਉਂਦੀ ਸੀ।

ਉਹ ਕਹਿੰਦੀ ਸੀ, ''ਮੈਂ ਵੀ ਤਲਾਕਸ਼ੁਦਾ ਹਾਂ ਅਤੇ ਪਤੀ ਦੀ ਭਾਲ਼ ਕਰ ਰਹੀ ਹਾਂ।''

ਫਿਰ ਉਹ ਉਨ੍ਹਾਂ ਨੂੰ ਇੱਕ ਨਕਲੀ ਤਲਾਕ ਸਰਟੀਫਿਕੇਟ ਦਿਖਾ ਕੇ ਉਨ੍ਹਾਂ ਨਾਲ ਵਿਆਹ ਕਰਵਾਉਂਦੀ ਸੀ। ਅਗਲੇ ਦੋ-ਤਿੰਨ ਮਹੀਨਿਆਂ ਵਿੱਚ ਉਹ ਉਨ੍ਹਾਂ ਤੋਂ ਪੈਸੇ ਵਸੂਲਦੀ ਸੀ, ਉਨ੍ਹਾਂ ਨੂੰ ਵੀਡੀਓਜ਼ ਵਾਇਰਲ ਕਰਨ ਅਤੇ ਝੂਠੀਆਂ ਸ਼ਿਕਾਇਤਾਂ ਕਰਨ ਦੀ ਧਮਕੀ ਦਿੰਦੀ ਸੀ ਅਤੇ ਹੋਰ ਪੈਸੇ ਵਸੂਲਦੀ ਸੀ।

ਜੇਕਰ ਉਹ ਪੈਸੇ ਨਹੀਂ ਦਿੰਦੇ ਸਨ, ਤਾਂ ਉਹ ਆਪਣੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਦੀ ਕੁੱਟਮਾਰ ਕਰਦੀ ਸੀ। ਉਹ ਉਨ੍ਹਾਂ ਵਿੱਚ ਦਹਿਸ਼ਤ ਪੈਦਾ ਕਰਦੀ ਸੀ। ਉਨ੍ਹਾਂ ਦੇ ਪੈਸੇ ਲੁੱਟਣ ਅਤੇ ਝਗੜਾ ਕਰਨ ਤੋਂ ਬਾਅਦ ਕਿਸੇ ਹੋਰ ਵਿਅਕਤੀ ਨੂੰ ਲੱਭ ਲੈਂਦੀ ਸੀ ਅਤੇ ਉਸ ਨਾਲ ਵੀ ਅਜਿਹਾ ਹੀ ਕਰਦੀ ਸੀ।

ਹੁਣ ਤੱਕ, ਉਸਨੇ ਇਸ ਤਰ੍ਹਾਂ ਲੱਖਾਂ ਰੁਪਏ ਲੁੱਟੇ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹੀ ਉਸਦੇ ਕੰਮ ਕਰਨ ਦਾ ਤਰੀਕਾ ਹੈ।

ਬਹੁਤ ਸਾਰੇ ਲੋਕ ਸਾਹਮਣੇ ਨਹੀਂ ਆਉਣਾ ਚਾਹੁੰਦੇ

ਇਸ ਸਾਰੇ ਮਾਮਲੇ ਵਿੱਚ ਇੱਕ ਹੋਰ ਪੁਰਸ਼ ਵੀ ਸ਼ਾਮਲ ਹੈ ਜੋ ਇੱਕ ਮਸ਼ਹੂਰ ਬੈਂਕ ਵਿੱਚ ਮੈਨੇਜਰ ਵਜੋਂ ਨੌਕਰੀ ਕਰਦਾ ਹੈ। ਉਹ ਵਿਅਕਤੀ ਮੂਲ ਰੂਪ ਵਿੱਚ ਛਤਰਪਤੀ ਸੰਭਾਜੀਨਗਰ ਦਾ ਰਹਿਣ ਵਾਲਾ ਹੈ ਅਤੇ ਕੰਮ ਲਈ ਨਾਗਪੁਰ ਵਿੱਚ ਰਹਿੰਦਾ ਹੈ। ਸਮੀਰਾ ਉਸਨੂੰ ਵੀ ਫੇਸਬੁੱਕ 'ਤੇ ਮਿਲੀ ਸੀ।

ਪੁਲਿਸ ਨੇ ਦੱਸਿਆ ਕਿ ਇਹ ਅੱਠ ਪਤੀ ਸਿਰਫ਼ ਉਹ ਲੋਕ ਹਨ ਜੋ ਸਾਹਮਣੇ ਆਏ ਹਨ। ਜਦਕਿ ਅਜੇ ਵੀ ਬਹੁਤ ਸਾਰੇ ਲੋਕ ਹਨ ਜੋ ਸਾਹਮਣੇ ਨਹੀਂ ਆਉਣਾ ਚਾਹੁੰਦੇ।

ਫਿਲਹਾਲ ਅਦਾਲਤ ਨੇ ਸਮੀਰਾ ਨੂੰ ਜੇਲ੍ਹ ਭੇਜ ਦਿੱਤਾ ਹੈ ਅਤੇ ਉਸਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਨੇ ਸਿਰਫ਼ ਛੇ ਵਾਰ ਵਿਆਹ ਕੀਤਾ ਹੈ ਕਿਉਂਕਿ ਉਹ ਆਪਣੇ ਹਰ ਪਤੀ ਨਾਲ ਲੜਦੀ ਰਹਿੰਦੀ ਸੀ।

ਅਦਾਲਤ ਨੇ ਉਸ ਤੋਂ ਤਲਾਕ ਦਾ ਸਰਟੀਫਿਕੇਟ ਮੰਗਿਆ, ਪਰ ਉਹ ਇਹ ਨਹੀਂ ਦੇ ਸਕੀ। ਨਾਲ ਹੀ ਵਿਆਹ ਦਾ ਸਰਟੀਫਿਕੇਟ ਵੀ ਉਸਦੇ ਬਿਆਨ ਅਨੁਸਾਰ ਤਿਆਰ ਕੀਤਾ ਗਿਆ ਸੀ।

ਕਿਉਂਕਿ ਇਹ ਸਾਰੇ ਵਿਆਹ ਉਸਦੇ ਹੀ ਘਰ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਕੀਤੇ ਗਏ ਸਨ, ਮੁਲਜ਼ਮ ਮਹਿਲਾ ਨੇ ਬੱਚੇ ਲਈ ਆਪਣੀ ਜ਼ਮਾਨਤ ਦੀ ਮੰਗ ਕੀਤੀ।

ਪਰ ਸ਼ਿਕਾਇਤਕਰਤਾ ਦੇ ਵਕੀਲ, ਐਡਵੋਕੇਟ ਫਾਤਿਮਾ ਪਠਾਨ ਨੇ ਦੱਸਿਆ ਕਿ ਅਦਾਲਤ ਨੇ ਉਸਦੇ ਪੁੱਤਰ ਦੀ ਕਸਟਡੀ ਉਸਦੇ ਆਖਰੀ ਪਤੀ ਨੂੰ ਦੇ ਦਿੱਤੀ ਹੈ ਅਤੇ ਮਹਿਲਾ ਨੂੰ ਜੇਲ੍ਹ ਭੇਜ ਦਿੱਤਾ ਹੈ।

ਇਸ ਦੌਰਾਨ, ਅਸੀਂ ਮੁਲਜ਼ਮ ਮਹਿਲਾ ਸਮੀਰਾ ਦੇ ਵਕੀਲਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਸੰਭਵ ਨਹੀਂ ਹੋ ਸਕਿਆ। ਜੇਕਰ ਸੰਪਰਕ ਹੋ ਜਾਂਦਾ ਹੈ ਤਾਂ ਅਸੀਂ ਉਨ੍ਹਾਂ ਦਾ ਪੱਖ ਇਸ ਰਿਪੋਰਟ ਵਿੱਚ ਸ਼ਾਮਲ ਕਰਾਂਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)