ਹਮਾਸ ਅਮਰੀਕਾ ਦੀ ਕਿਹੜੀ ਸ਼ਾਂਤੀ ਯੋਜਨਾ ਲਈ ਸਹਿਮਤ ਹੋਇਆ, ਕਿਹੜੀਆਂ ਚੁਣੌਤੀਆਂ ਅਜੇ ਵੀ ਬਾਕੀ ਹਨ

    • ਲੇਖਕ, ਜੌਨ ਸਡਵਰਥ
    • ਰੋਲ, ਯਰੂਸ਼ਲਮ

ਹਮਾਸ ਨੇ ਕਿਹਾ ਹੈ ਕਿ ਉਹ ਬਾਕੀ ਬੰਧਕਾਂ ਨੂੰ ਰਿਹਾਅ ਕਰਨ ਲਈ ਤਿਆਰ ਹੈ, ਜਦੋਂ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਜ਼ਰਾਈਲ ਨੂੰ ਗਾਜ਼ਾ 'ਤੇ ਬੰਬਾਰੀ ਬੰਦ ਕਰਨ ਲਈ ਕਿਹਾ ਹੈ।

ਹਮਾਸ ਨੇ ਕਿਹਾ ਹੈ ਕਿ ਉਹ ਅਮਰੀਕਾ ਦੀ ਗਾਜ਼ਾ ਸ਼ਾਂਤੀ ਯੋਜਨਾ ਦੀਆਂ ਕੁਝ ਸ਼ਰਤਾਂ 'ਤੇ ਗੱਲਬਾਤ ਕਰਨਾ ਚਾਹੁੰਦਾ ਹੈ।

ਹਮਾਸ ਦਾ ਬੰਧਕਾਂ ਨੂੰ ਰਿਹਾਅ ਕਰਨ ਦਾ ਸਮਝੌਤਾ ਗੱਲਬਾਤ ਅਤੇ ਕੁਝ ਸ਼ਰਤਾਂ 'ਤੇ ਅਧਾਰਿਤ ਹੋ ਸਕਦਾ ਹੈ, ਪਰ ਇਹ ਉਨ੍ਹਾਂ ਪਰਿਵਾਰਾਂ ਨੂੰ ਨਵੀਂ ਉਮੀਦ ਦੇਵੇਗਾ ਜੋ ਲੰਬੇ ਸਮੇਂ ਤੋਂ ਅਜਿਹੀ ਖ਼ਬਰ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।

ਅਮਰੀਕੀ ਸ਼ਾਂਤੀ ਯੋਜਨਾ ਦੇ ਜਵਾਬ ਵਿੱਚ, ਹਮਾਸ ਨੇ ਕਿਹਾ ਕਿ ਉਹ "ਰਾਸ਼ਟਰਪਤੀ ਡੌਨਲਡ ਟਰੰਪ ਦੁਆਰਾ ਪ੍ਰਸਤਾਵਿਤ ਐਕਸਚੇਂਜ ਫਾਰਮੂਲੇ ਦੇ ਤਹਿਤ ਸਾਰੇ ਇਜ਼ਰਾਈਲੀ ਕੈਦੀਆਂ, ਮਰੇ ਹੋਏ ਅਤੇ ਜ਼ਿੰਦਾ ਬੰਧਕਾਂ ਨੂੰ ਰਿਹਾਅ ਕਰਨ ਲਈ ਸਹਿਮਤ ਹੋਏ ਹਨ, ਬਸ਼ਰਤੇ ਜ਼ਮੀਨੀ ਹਾਲਾਤ ਐਕਸਚੇਂਜ ਲਈ ਅਨੁਕੂਲ ਹੋਣ।"

ਇਸ ਹਫ਼ਤੇ ਵ੍ਹਾਈਟ ਹਾਊਸ ਵਿਖੇ ਟਰੰਪ ਦੁਆਰਾ ਦੱਸੇ ਗਏ ਇਸ ਫਾਰਮੂਲੇ ਵਿੱਚ ਦੁਸ਼ਮਣੀ ਨੂੰ ਤੁਰੰਤ ਖਤਮ ਕਰਨ ਅਤੇ ਹਮਾਸ ਦੁਆਰਾ ਬੰਦੀ ਬਣਾਏ ਗਏ ਜ਼ਿੰਦਾ ਇਜ਼ਰਾਈਲੀ ਬੰਧਕਾਂ ਨੂੰ 72 ਘੰਟਿਆਂ ਦੇ ਅੰਦਰ ਰਿਹਾਅ ਕਰਨ ਅਤੇ ਸੈਂਕੜੇ ਫਲਸਤੀਨੀ ਕੈਦੀਆਂ ਦੇ ਬਦਲੇ ਮ੍ਰਿਤਕ ਮੰਨੇ ਗਏ ਲੋਕਾਂ ਦੀਆਂ ਲਾਸ਼ਾਂ ਦੇਣ ਦਾ ਪ੍ਰਸਤਾਵ ਹੈ।

ਮੰਨਿਆ ਜਾਂਦਾ ਹੈ ਕਿ ਹਮਾਸ ਕੋਲ ਅਜੇ ਵੀ ਫਲਸਤੀਨੀ ਇਲਾਕਿਆਂ ਵਿੱਚ 48 ਬੰਧਕ ਹਨ, ਜਿਨ੍ਹਾਂ ਵਿੱਚੋਂ ਸਿਰਫ਼ 20 ਦੇ ਜ਼ਿੰਦਾ ਹੋਣ ਦੀ ਸੰਭਾਵਨਾ ਹੈ।

ਇਜ਼ਰਾਈਲ ਨੂੰ ਇਸ ਨੂੰ ਕਿਵੇਂ ਵੇਖਣਾ ਚਾਹੀਦਾ ਹੈ?

ਹਮਾਸ ਲਈ ਅਮਰੀਕੀ ਸ਼ਾਂਤੀ ਯੋਜਨਾ ਦੇ ਇੱਕ ਹੋਰ ਮਹੱਤਵਪੂਰਨ ਹਿੱਸੇ ਨੂੰ ਸਵੀਕਾਰ ਕਰਨਾ ਵੀ ਅਹਿਮ ਹੈ।

ਸ਼ਾਂਤੀ ਯੋਜਨਾ ਵਿੱਚ ਕਿਹਾ ਗਿਆ ਹੈ ਕਿ ਗਾਜ਼ਾ ਵਿੱਚ ਸ਼ਾਸਨ ਫਲਸਤੀਨੀ ਟੈਕਨੋਕਰੇਟਸ (ਤਕਨੀਕੀ ਮਾਹਿਰਾਂ) ਨੂੰ ਸੌਂਪਿਆ ਜਾਵੇਗਾ।

ਪਰ ਅਮਰੀਕਾ ਦੀ 20-ਨੁਕਾਤੀ ਲੰਬੀ ਸ਼ਾਂਤੀ ਯੋਜਨਾ ਤੋਂ ਕਈ ਹੋਰ ਪਹਿਲੂ ਸਪਸ਼ਟ ਤੌਰ 'ਤੇ ਗਾਇਬ ਹਨ।

ਹੁਣ ਇਜ਼ਰਾਇਲੀ ਸਰਕਾਰ ਹਮਾਸ ਦੇ ਅਸਲ ਇਰਾਦਿਆਂ ਨੂੰ ਸਮਝਣ ਲਈ ਉਸਦੇ ਬਿਆਨ ਦੀ ਭਾਸ਼ਾ ਦੀ ਬਾਰੀਕੀ ਨਾਲ ਜਾਂਚ ਕਰੇਗੀ।

ਹੁਣ ਇਸਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਸਮਝੌਤੇ ਦੇ ਕੁਝ ਮੁੱਖ ਨੁਕਤਿਆਂ ਨੂੰ ਪੂਰੇ ਦਿਲ ਨਾਲ ਸਵੀਕਾਰ ਕਰਨਾ ਹੈ ਜਾਂ ਇਸਨੂੰ ਹਮਾਸ ਦੁਆਰਾ ਗੱਲਬਾਤ ਮੁੜ ਸ਼ੁਰੂ ਕਰਨ ਲਈ ਹੋਰ ਸਮਾਂ ਖਰੀਦਣ ਦੀ ਸ਼ੁਰੂਆਤ ਵਜੋਂ ਦੇਖਣਾ ਹੈ।

ਕਿਉਂਕਿ ਹਮਾਸ ਦਾ ਇਹ ਬਿਆਨ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਆਖਰੀ ਅਲਟੀਮੇਟਮ ਦੇਣ ਤੋਂ ਬਾਅਦ ਆਇਆ ਹੈ, ਇਸ ਲਈ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਮੰਤਰੀ ਮੰਡਲ ਦੇ ਕੁਝ ਮੈਂਬਰ ਇਸ ਬਾਰੇ ਡੂੰਘਾ ਸ਼ੱਕ ਰੱਖਣਗੇ।

ਟਰੰਪ ਨੇ ਹਮਾਸ ਨੂੰ ਐਤਵਾਰ ਸ਼ਾਮ ਤੱਕ ਦੁਸ਼ਮਣੀ ਰੋਕਣ ਦਾ ਹੁਕਮ ਦਿੱਤਾ ਸੀ, ਅਤੇ ਧਮਕੀ ਦਿੱਤੀ ਸੀ ਕਿ ਜੇਕਰ ਉਹ ਸਮਾਂ ਸੀਮਾ ਤੱਕ ਅਜਿਹਾ ਕਰਨ ਵਿੱਚ ਅਸਫਲ ਰਿਹਾ ਤਾਂ "ਗੰਭੀਰ ਨਤੀਜੇ" ਭੁਗਤਣੇ ਪੈਣਗੇ।

ਹਮਾਸ ਦੇ ਬਿਆਨ ਦਾ ਅਰਥ

ਹਮਾਸ ਦਾ ਇਹ ਬਿਆਨ ਖਾਸ ਤੌਰ 'ਤੇ ਮਹੱਤਵਪੂਰਨ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਈਲ ਨੂੰ ਗਾਜ਼ਾ 'ਤੇ ਤੁਰੰਤ ਬੰਬਾਰੀ ਬੰਦ ਕਰਨ ਲਈ ਕਿਹਾ ਹੈ।

ਹਮਾਸ ਦਾ ਬਿਆਨ ਜਾਰੀ ਹੋਣ ਤੋਂ ਤੁਰੰਤ ਬਾਅਦ ਟਰੰਪ ਨੇ ਕਿਹਾ, "ਇਸ ਬਿਆਨ ਤੋਂ ਬਾਅਦ, ਮੇਰਾ ਮੰਨਣਾ ਹੈ ਕਿ ਉਹ ਸਥਾਈ ਸ਼ਾਂਤੀ ਲਈ ਤਿਆਰ ਹਨ।"

ਉਨ੍ਹਾਂ ਅੱਗੇ ਕਿਹਾ, "ਇਜ਼ਰਾਈਲ ਨੂੰ ਤੁਰੰਤ ਗਾਜ਼ਾ 'ਤੇ ਬੰਬਾਰੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਬੰਧਕਾਂ ਨੂੰ ਸੁਰੱਖਿਅਤ ਅਤੇ ਜਲਦੀ ਬਾਹਰ ਕੱਢ ਸਕੀਏ। ਇਸ ਸਮੇਂ ਅਜਿਹਾ ਕਰਨਾ ਬਹੁਤ ਖ਼ਤਰਨਾਕ ਹੈ।"

ਇਜ਼ਰਾਈਲ ਟਰੰਪ ਦੇ ਬਿਆਨ ਦੇ ਆਖਰੀ ਹਿੱਸੇ ਤੋਂ ਨਾਖੁਸ਼ ਹੋਵੇਗਾ, ਜਿਸ ਨੇ ਸੰਕੇਤ ਦਿੱਤਾ ਸੀ ਕਿ ਗਾਜ਼ਾ ਦੇ ਭਵਿੱਖ 'ਤੇ ਲੰਬੀ ਗੱਲਬਾਤ ਵਿੱਚ ਹਮਾਸ ਦੀ ਭੂਮਿਕਾ ਜਾਰੀ ਰਹੇਗੀ।

ਫਿਰ ਵੀ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਮਾਸ ਦਾ ਬਿਆਨ ਮਹੱਤਵਪੂਰਨ ਹੈ।

ਸ਼ੁੱਕਰਵਾਰ ਨੂੰ ਬਾਅਦ ਵਿੱਚ ਜਾਰੀ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ ਟਰੰਪ ਨੇ ਇਸ ਨੂੰ "ਮਹਾਨ ਦਿਨ" ਕਿਹਾ ਅਤੇ ਮਤੇ ਦਾ ਖਰੜਾ ਤਿਆਰ ਕਰਨ ਵਿੱਚ ਮਦਦ ਕਰਨ ਵਾਲੇ ਬਹੁਤ ਸਾਰੇ ਦੇਸ਼ਾਂ ਦਾ ਧੰਨਵਾਦ ਕੀਤਾ।

ਪਰ ਇਸ ਤੋਂ ਪਹਿਲਾਂ ਕਿ ਇਸ ਖੇਤਰ ਵਿੱਚ ਸ਼ਾਂਤੀ ਹਕੀਕਤ ਬਣ ਸਕੇ, ਬਹੁਤ ਸਾਰੇ ਵੇਰਵਿਆਂ 'ਤੇ ਕੰਮ ਕੀਤਾ ਜਾਣਾ ਚਾਹੀਦਾ ਹੈ। ਟਰੰਪ ਇਹ ਵੀ ਮੰਨਦੇ ਜਾਪਦੇ ਹਨ ਕਿ ਇਹ ਅਜੇ ਅੰਤਿਮ ਸਮਝੌਤਾ ਨਹੀਂ ਹੈ।

ਉਨ੍ਹਾਂ ਕਿਹਾ, "ਆਓ ਦੇਖਦੇ ਹਾਂ ਕਿ ਇਹ ਸਭ ਕਿਵੇਂ ਅੱਗੇ ਵਧਦਾ ਹੈ। ਸਾਨੂੰ ਅੰਤਿਮ ਸ਼ਬਦ ਅਤੇ ਇੱਕ ਠੋਸ ਰੂਪਰੇਖਾ 'ਤੇ ਪਹੁੰਚਣਾ ਪਵੇਗਾ।"

ਟਰੰਪ ਨੇ ਕਿਹਾ "ਆਖਰੀ ਮੌਕਾ"

ਟਰੰਪ ਨੇ ਗਾਜ਼ਾ ਵਿੱਚ ਜੰਗ ਖਤਮ ਕਰਨ ਲਈ ਸ਼ੁੱਕਰਵਾਰ ਨੂੰ ਹਮਾਸ ਨੂੰ ਸਮਾਂ ਸੀਮਾ ਦਿੱਤੀ ਸੀ।

ਟਰੰਪ ਨੇ ਆਪਣੀ 20-ਨੁਕਾਤੀ ਸ਼ਾਂਤੀ ਯੋਜਨਾ ਦੇ ਆਧਾਰ 'ਤੇ ਹਮਾਸ ਨੂੰ ਸ਼ਾਂਤੀ ਲਈ ਅੱਗੇ ਆਉਣ ਲਈ ਕਿਹਾ ਸੀ।

ਗਾਜ਼ਾ ਲਈ ਟਰੰਪ ਦੀ ਯੋਜਨਾ ਇਜ਼ਰਾਈਲ-ਹਮਾਸ ਯੁੱਧ ਨੂੰ ਤੁਰੰਤ ਖਤਮ ਕਰਨ ਦੀ ਮੰਗ ਕਰਦੀ ਹੈ।

ਇਹ 72 ਘੰਟਿਆਂ ਦੇ ਅੰਦਰ-ਅੰਦਰ ਨਜ਼ਰਬੰਦ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਦੇ ਬਦਲੇ ਇਜ਼ਰਾਈਲੀ ਬੰਧਕਾਂ ਦੀ ਰਿਹਾਈ 'ਤੇ ਨਿਰਭਰ ਹੈ।

ਮੰਨਿਆ ਜਾ ਰਿਹਾ ਹੈ ਕਿ ਅਰਬ ਦੇਸ਼ ਅਤੇ ਤੁਰਕੀ ਹਮਾਸ 'ਤੇ ਇਸ ਪ੍ਰਸਤਾਵ ਨੂੰ ਸਵੀਕਾਰ ਕਰਨ ਲਈ ਦਬਾਅ ਪਾ ਰਹੇ ਸਨ, ਪਰ ਹਮਾਸ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਸੀ ਕਿ ਹਮਾਸ ਇਸਨੂੰ ਰੱਦ ਵੀ ਕਰ ਸਕਦਾ ਹੈ।

ਇਸ ਦੌਰਾਨ, ਟਰੰਪ ਨੇ ਆਪਣੀ ਪੋਸਟ ਵਿੱਚ ਇਸ ਪ੍ਰਸਤਾਵ ਨੂੰ ਆਪਣਾ "ਆਖਰੀ ਮੌਕਾ" ਦੱਸਿਆ, "ਜੇਕਰ ਇਹ ਸਮਝੌਤਾ ਨਹੀਂ ਹੁੰਦਾ ਹੈ, ਤਾਂ ਹਮਾਸ ਇੱਕ ਅਜਿਹੀ ਤਬਾਹੀ ਦਾ ਸ਼ਿਕਾਰ ਹੋ ਜਾਵੇਗਾ ਜੋ ਪਹਿਲਾਂ ਕਦੇ ਨਹੀਂ ਹੋਈ। ਪੱਛਮ ਏਸ਼ੀਆ ਵਿੱਚ ਸ਼ਾਂਤੀ ਕਿਸੇ ਨਾ ਕਿਸੇ ਤਰੀਕੇ ਨਾਲ ਸਥਾਪਿਤ ਹੋਵੇਗੀ।"

ਇਜ਼ਰਾਈਲ ਨੇ ਟਰੰਪ ਦੇ ਸ਼ਾਂਤੀ ਪ੍ਰਸਤਾਵ ਦਾ ਸਮਰਥਨ ਕੀਤਾ ਹੈ ਅਤੇ ਕਈ ਹੋਰ ਦੇਸ਼ਾਂ ਨੇ ਵੀ ਇਸਦਾ ਸਵਾਗਤ ਕੀਤਾ ਹੈ।

ਗਾਜ਼ਾ ਸ਼ਾਂਤੀ ਪ੍ਰਸਤਾਵ ਵਿੱਚ ਕੀ ਹੈ?

20 ਨੁਕਤਿਆਂ ਦੇ ਇਸ ਪ੍ਰਸਤਾਵ ਵਿੱਚ ਗਾਜ਼ਾ ਵਿੱਚ ਫੌਜੀ ਕਾਰਵਾਈਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਗਈ ਹੈ।

ਪ੍ਰਸਤਾਵ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਉਂਦੇ ਅਤੇ ਮਰੇ ਹੋਏ ਬੰਧਕਾਂ ਦੀਆਂ ਲਾਸ਼ਾਂ ਦੀ ਪੜਾਅਵਾਰ ਵਾਪਸੀ ਤੱਕ ਸਥਿਤੀ ਜਿਉਂ ਦੀ ਤਿਉਂ ਲਾਗੂ ਰਹੇਗੀ।

ਇਸ ਯੋਜਨਾ ਦੇ ਅਨੁਸਾਰ, ਹਮਾਸ ਆਪਣੇ ਹਥਿਆਰ ਸਮਰਪਣ ਕਰ ਦੇਵੇਗਾ ਅਤੇ ਇਸਦੀਆਂ ਸੁਰੰਗਾਂ ਅਤੇ ਹਥਿਆਰ ਬਣਾਉਣ ਦੀਆਂ ਸਹੂਲਤਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਰਿਹਾਅ ਕੀਤੇ ਗਏ ਹਰੇਕ ਇਜ਼ਰਾਈਲੀ ਬੰਧਕ ਲਈ, ਇਜ਼ਰਾਈਲ 15 ਗਾਜ਼ਾ ਵਾਸੀਆਂ ਦੀਆਂ ਲਾਸ਼ਾਂ ਵਾਪਸ ਕਰੇਗਾ।

ਯੋਜਨਾ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਵੇਂ ਹੀ ਦੋਵੇਂ ਧਿਰਾਂ ਪ੍ਰਸਤਾਵ 'ਤੇ ਸਹਿਮਤ ਹੁੰਦੀਆਂ ਹਨ, "ਗਾਜ਼ਾ ਪੱਟੀ ਨੂੰ ਤੁਰੰਤ ਪੂਰੀ ਸਹਾਇਤਾ ਭੇਜੀ ਜਾਵੇਗੀ।"

ਸ਼ਾਂਤੀ ਯੋਜਨਾ ਵਿੱਚ ਗਾਜ਼ਾ ਵਿੱਚ ਤੁਰੰਤ ਜੰਗਬੰਦੀ, ਇਜ਼ਰਾਈਲੀ ਫੌਜਾਂ ਦੀ ਵਾਪਸੀ, ਬਾਕੀ ਬਚੇ ਸਾਰੇ ਬੰਧਕਾਂ ਦੀ ਰਿਹਾਈ, ਹਮਾਸ ਦਾ ਆਤਮ ਸਮਰਪਣ ਅਤੇ ਫਲਸਤੀਨੀ ਖੇਤਰਾਂ ਵਿੱਚ ਇੱਕ ਨਵੀਂ ਸਰਕਾਰ ਵੱਲ ਇੱਕ ਰੋਡਮੈਪ ਸ਼ਾਮਲ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)