ਹੂਤੀ ਬਾਗੀ ਕੌਣ ਹਨ ਜਿਨ੍ਹਾਂ 'ਤੇ ਅਮਰੀਕਾ ਕਰ ਰਿਹਾ ਹਮਲੇ, ਟਰੰਪ ਨੇ ਦਿੱਤੀ 'ਤਬਾਹੀ' ਦੀ ਚੇਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਯਮਨ ਵਿੱਚ ਹੂਤੀ ਬਾਗੀਆਂ 'ਤੇ "ਫੈਸਲਾਕੁੰਨ ਅਤੇ ਸ਼ਕਤੀਸ਼ਾਲੀ" ਹਵਾਈ ਹਮਲੇ ਕੀਤੇ ਹਨ। ਟਰੰਪ ਨੇ ਇਸ ਹਮਲੇ ਦਾ ਕਾਰਨ, ਲਾਲ ਸਾਗਰ ਵਿੱਚ ਜਹਾਜ਼ਾਂ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਨੂੰ ਦੱਸਿਆ ਹੈ।

ਟਰੰਪ ਨੇ ਆਪਣੇ ਸੋਸ਼ਲ ਪਲੇਟਫਾਰਮ ਟਰੂਥ 'ਤੇ ਲਿਖਿਆ, "ਈਰਾਨ ਤੋਂ ਆਰਥਿਕ ਸਮਰਥਨ ਪ੍ਰਾਪਤ ਵਾਲੇ ਹੂਤੀਆਂ ਨੇ ਅਮਰੀਕੀ ਜਹਾਜ਼ਾਂ 'ਤੇ ਮਿਜ਼ਾਈਲਾਂ ਦਾਗੀਆਂ ਹਨ ਅਤੇ ਸਾਡੇ ਸੈਨਿਕਾਂ ਅਤੇ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਇਆ ਹੈ।"

ਉਨ੍ਹਾਂ ਕਿਹਾ ਕਿ ਉਨ੍ਹਾਂ (ਹੂਤੀ ਬਾਗ਼ੀਆਂ) ਦੀ "ਸਮੁੰਦਰੀ ਡਕੈਤੀ, ਹਿੰਸਾ ਅਤੇ ਦਹਿਸ਼ਤ" ਕਾਰਨ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ ਅਤੇ ਲੋਕਾਂ ਦੀਆਂ ਜਾਨ ਖਤਰੇ 'ਚ ਪਈ ਹੈ।

ਹੂਤੀ ਬਾਗੀਆਂ ਨੇ ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਯੁੱਧ ਦੇ ਜਵਾਬ ਵਿੱਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ।

ਦੂਜੇ ਪਾਸੇ, ਹੂਤੀ ਵਿਦਰੋਹੀਆਂ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਹਮਲਿਆਂ ਵਿੱਚ ਘੱਟੋ-ਘੱਟ 15 ਲੋਕ ਮਾਰੇ ਗਏ ਅਤੇ ਨੌਂ ਜ਼ਖਮੀ ਹੋਏ।

'ਧੂੰਏਂ ਦੇ ਗੁਬਾਰ ਦੇਖੇ ਗਏ'

ਹੂਤੀ ਬਾਗ਼ੀਆਂ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਫੌਜਾਂ ਅਮਰੀਕੀ ਹਮਲਿਆਂ ਦਾ ਜਵਾਬ ਦੇਣਗੀਆਂ।

ਹੂਤੀਆਂ ਨੇ ਸ਼ਨੀਵਾਰ ਸ਼ਾਮ ਨੂੰ ਸਨਾ ਅਤੇ ਉੱਤਰੀ ਸੂਬੇ ਸਾਦਾ ਵਿੱਚ ਲੜੀਵਾਰ ਹੋਏ ਧਮਾਕਿਆਂ ਦੀ ਰਿਪੋਰਟ ਦਿੱਤੀ। ਇਹ ਸਾਊਦੀ ਅਰਬ ਦੀ ਸਰਹੱਦ 'ਤੇ ਹੂਤੀ ਬਾਗੀਆਂ ਦਾ ਗੜ੍ਹ ਹੈ।

ਇਸ ਬਾਗੀ ਸਮੂਹ ਨੂੰ ਈਰਾਨ ਦਾ ਸਮਰਥਨ ਪ੍ਰਾਪਤ ਹੈ ਅਤੇ ਇਹ ਇਜ਼ਰਾਈਲ ਨੂੰ ਆਪਣਾ ਦੁਸ਼ਮਣ ਮੰਨਦਾ ਹੈ। ਹੂਤੀਆਂ ਦਾ ਸਨਾ ਅਤੇ ਯਮਨ ਦੇ ਉੱਤਰ-ਪੱਛਮੀ ਹਿੱਸੇ 'ਤੇ ਕੰਟਰੋਲ ਹੈ, ਪਰ ਇਹ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਨਹੀਂ ਹੈ।

ਕਈ ਤਸਵੀਰਾਂ ਵਿੱਚ ਸਨਾ ਹਵਾਈ ਅੱਡੇ ਦੇ ਖੇਤਰ ਉੱਤੇ ਕਾਲੇ ਧੂੰਏਂ ਦੇ ਗੁਬਾਰ ਦਿਖਾਈ ਦਿੱਤੇ ਹਨ, ਜਿਸ ਵਿੱਚ ਇੱਕ ਫੌਜੀ ਅੱਡਾ ਵੀ ਹੈ। ਹਾਲਾਂਕਿ, ਇਨ੍ਹਾਂ ਤਸਵੀਰਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

ਇੱਕ ਬਿਆਨ ਵਿੱਚ, ਹੂਤੀ ਬਾਗ਼ੀਆਂ ਨੇ ਯਮਨ ਦੀ ਰਾਜਧਾਨੀ ਸਨਾ ਵਿੱਚ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ "ਸ਼ੈਤਾਨੀ" ਹਮਲੇ ਲਈ ਅਮਰੀਕਾ ਅਤੇ ਬ੍ਰਿਟੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਹਾਲਾਂਕਿ ਇਹ ਪੱਕਾ ਹੈ ਕਿ ਬ੍ਰਿਟੇਨ ਨੇ ਸ਼ਨੀਵਾਰ ਨੂੰ ਹੂਤੀ ਟਿਕਾਣਿਆਂ 'ਤੇ ਅਮਰੀਕੀ ਹਮਲਿਆਂ ਵਿੱਚ ਹਿੱਸਾ ਨਹੀਂ ਲਿਆ ਸੀ, ਪਰ ਉਸਨੇ ਅਮਰੀਕਾ ਲਈ ਨਿਯਮਤ ਇੰਧਨ ਭਰਨ ਵਿੱਚ ਸਹਾਇਤਾ ਕੀਤੀ।

ਟਰੰਪ ਨੇ ਕਿਹਾ- 'ਜੇਕਰ ਤੁਸੀਂ ਨਹੀਂ ਰੁਕੇ ਤਾਂ ਤੁਹਾਡੇ 'ਤੇ ਤਬਾਹੀ ਵਰ੍ਹੇਗੀ'

ਨਵੰਬਰ 2023 ਤੋਂ, ਹੂਤੀ ਬਾਗੀਆਂ ਨੇ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਦਰਜਨਾਂ ਵਪਾਰਕ ਜਹਾਜ਼ਾਂ ਨੂੰ ਮਿਜ਼ਾਈਲਾਂ, ਡਰੋਨਾਂ ਅਤੇ ਛੋਟੀਆਂ ਕਿਸ਼ਤੀਆਂ ਨਾਲ ਨਿਸ਼ਾਨਾ ਬਣਾਇਆ ਹੈ।

ਉਨ੍ਹਾਂ ਨੇ ਦੋ ਜਹਾਜ਼ ਵੀ ਡੁਬੋ ਦਿੱਤੇ ਹਨ, ਇੱਕ ਜਹਾਜ਼ ਨੂੰ ਜ਼ਬਤ ਕਰ ਲਿਆ ਹੈ ਅਤੇ ਚਾਲਕ ਦਲ ਦੇ ਚਾਰ ਮੈਂਬਰਾਂ ਨੂੰ ਮਾਰ ਦਿੱਤਾ ਹੈ।

ਟਰੰਪ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਨੂੰ "ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਤੱਕ ਅਸੀਂ ਆਪਣਾ ਮਕਸਦ ਹਾਸਿਲ ਨਹੀਂ ਕਰ ਲੈਂਦੇ, ਉਦੋਂ ਤੱਕ ਅਸੀਂ ਬਹੁਤ ਜ਼ਿਆਦਾ ਘਾਤਕ ਬਲ ਦਾ ਪ੍ਰਯੋਗ ਕਰਾਂਗੇ।''

ਸਿੱਧੇ ਤੌਰ 'ਤੇ ਹੂਤੀ ਬਾਗ਼ੀਆਂ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਲਿਖਿਆ ਕਿ ਜੇਕਰ ਉਹ ਨਹੀਂ ਰੁਕੇ, ਤਾਂ "ਤੁਹਾਡੇ 'ਤੇ ਅਜਿਹੀ ਤਬਾਹੀ ਵਰ੍ਹੇਗੀ, ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ।"

ਪਰ ਹੂਤੀਆਂ ਨੇ ਆਪਣੀ ਪ੍ਰਤੀਕਿਰਿਆ 'ਚ ਕੋਈ ਬਦਲਾਅ ਨਹੀਂ ਕੀਤਾ ਅਤੇ ਕਿਹਾ ਕਿ ਇਸ ਹਮਲੇ ਨਾਲ ਫਲਸਤੀਨੀਆਂ ਪ੍ਰਤੀ ਉਨ੍ਹਾਂ ਦਾ ਸਮਰਥਨ ਘੱਟ ਨਹੀਂ ਹੋਵੇਗਾ।

ਉਨ੍ਹਾਂ ਕਿਹਾ, "ਇਸ ਹਮਲੇ ਦਾ ਜਵਾਬ ਦਿੱਤਾ ਜਾਵੇਗਾ ਅਤੇ ਯਮਨ ਵਿੱਚ ਸਾਡੀਆਂ ਹਥਿਆਰਬੰਦ ਫੌਜਾਂ ਇਸ ਹਮਲੇ ਦਾ ਜਵਾਬ ਦੇਣ ਲਈ ਤਿਆਰ ਹਨ।"

ਇਸ ਦੌਰਾਨ, ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਕਿਹਾ ਕਿ ਈਰਾਨ, ਜੋ ਕਿ ਹੂਤੀ ਬਾਗ਼ੀਆਂ ਨੂੰ "ਵਿੱਤੀ ਸਹਾਇਤਾ" ਪ੍ਰਦਾਨ ਕਰ ਰਿਹਾ ਹੈ, ਨੂੰ ਵੀ "ਚੇਤਾਵਨੀ" ਦਿੱਤੀ ਗਈ ਹੈ।

ਹੂਤੀ ਕੌਣ ਹਨ ਅਤੇ ਉਨ੍ਹਾਂ ਦਾ ਉਦੇਸ਼ ਕੀ ਹੈ?

ਹੂਤੀ, ਯਮਨ ਦੇ ਘੱਟ ਗਿਣਤੀ ਸ਼ੀਆ 'ਜ਼ੈਦੀ' ਭਾਈਚਾਰੇ ਦਾ ਇੱਕ ਹਥਿਆਰਬੰਦ ਸਮੂਹ ਹੈ।

ਇਸ ਭਾਈਚਾਰੇ ਨੇ 1990 ਦੇ ਦਹਾਕੇ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਦੇ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਲੜਨ ਲਈ ਇਹ ਸਮੂਹ ਬਣਾਇਆ ਸੀ।

ਇਨ੍ਹਾਂ ਦਾ ਨਾਮ ਇਨ੍ਹਾਂ ਦੇ ਅੰਦੋਲਨ ਦੇ ਸੰਸਥਾਪਕ ਹੁਸੈਨ ਅਲ-ਹੂਤੀ ਦੇ ਨਾਮ 'ਤੇ ਪਿਆ। ਉਹ ਆਪਣੇ ਆਪ ਨੂੰ 'ਅੰਸਾਰ ਅੱਲ੍ਹਾ' ਭਾਵ ਰੱਬ ਦੇ ਸਾਥੀ ਵੀ ਕਹਿੰਦੇ ਹਨ।

2003 ਵਿੱਚ ਇਰਾਕ ਉੱਤੇ ਅਮਰੀਕਾ ਦੀ ਅਗਵਾਈ ਵਾਲੇ ਹਮਲੇ ਦੌਰਾਨ, ਹੂਤੀ ਬਾਗੀਆਂ ਨੇ ਨਾਅਰਾ ਲਗਾਇਆ ਸੀ- "ਰੱਬ ਮਹਾਨ ਹੈ। ਅਮਰੀਕਾ ਦਾ ਖਤਮ ਹੋਵੇ, ਇਜ਼ਰਾਇਲ ਦਾ ਖਤਮ ਹੋਵੇ। ਯਹੂਦੀ ਤਬਾਹ ਹੋ ਜਾਣ ਅਤੇ ਇਸਲਾਮ ਦੀ ਜਿੱਤ ਹੋਵੇ।"

ਉਨ੍ਹਾਂ ਨੇ ਆਪਣੇ ਆਪ ਨੂੰ ਹਮਾਸ ਅਤੇ ਹਿਜ਼ਬੁੱਲਾ ਦੇ ਨਾਲ ਮਿਲ ਕੇ ਇਜ਼ਰਾਈਲ, ਅਮਰੀਕਾ ਅਤੇ ਪੱਛਮ ਦੇ ਵਿਰੁੱਧ ਈਰਾਨ ਦੀ ਅਗਵਾਈ ਵਾਲੇ "ਵਿਰੋਧ ਦੇ ਧੁਰੇ" ਦਾ ਹਿੱਸਾ ਦੱਸਿਆ ਸੀ।

ਹੂਤੀਆਂ ਨੇ ਯਮਨ ਦੇ ਵੱਡੇ ਇਲਾਕੇ 'ਤੇ ਕੰਟਰੋਲ ਕਿਵੇਂ ਕੀਤਾ?

2014 ਦੇ ਸ਼ੁਰੂ ਵਿੱਚ ਯਮਨ ਵਿੱਚ ਹੂਤੀ ਸਿਆਸੀ ਤੌਰ 'ਤੇ ਉਸ ਵੇਲੇ ਸ਼ਕਤੀਸ਼ਾਲੀ ਬਣ ਗਏ, ਜਦੋਂ ਉਹ ਅਬਦਰੱਬੂ ਮਨਸੂਰ ਹਾਦੀ ਦੇ ਵਿਰੁੱਧ ਉੱਠ ਖੜ੍ਹੇ ਹੋਏ। ਮਨਸੂਰ ਹਾਦੀ, ਅਲੀ ਅਬਦੁੱਲਾ ਸਾਲੇਹ ਤੋਂ ਬਾਅਦ ਰਾਸ਼ਟਰਪਤੀ ਅਹੁਦੇ ਦੇ ਉਤਰਾਧਿਕਾਰੀ ਸਨ।

ਉਨ੍ਹਾਂ ਨੇ ਆਪਣੇ ਦੁਸ਼ਮਣ ਰਹੇ ਸਾਲੇਹ ਨਾਲ ਇੱਕ ਸਮਝੌਤਾ ਕੀਤਾ ਅਤੇ ਸਾਲੇਹ ਨੂੰ ਮੁੜ ਸੱਤਾ ਵਿੱਚ ਲਿਆਉਣਾ ਚਾਹਿਆ।

ਯਮਨ ਦੇ ਉੱਤਰ ਵਿੱਚ ਹੂਤੀ ਸਾਦਾ ਸੂਬੇ 'ਤੇ ਕਬਜ਼ਾ ਕਰਨ ਵਿੱਚ ਕਾਮਯਾਬ ਰਹੇ ਅਤੇ 2015 ਦੇ ਸ਼ੁਰੂ ਵਿੱਚ ਉਨ੍ਹਾਂ ਨੇ ਰਾਜਧਾਨੀ ਸਨਾ 'ਤੇ ਵੀ ਕਬਜ਼ਾ ਕਰ ਲਿਆ। ਅਜਿਹੀ ਸਥਿਤੀ ਵਿੱਚ, ਰਾਸ਼ਟਰਪਤੀ ਹਾਦੀ ਯਮਨ ਛੱਡ ਕੇ ਵਿਦੇਸ਼ ਭੱਜ ਗਏ।

ਯਮਨ ਦੇ ਗੁਆਂਢੀ ਦੇਸ਼ ਸਾਊਦੀ ਅਰਬ ਨੇ ਫੌਜੀ ਦਖਲਅੰਦਾਜ਼ੀ ਕੀਤੀ ਅਤੇ ਹੂਤੀ ਬਾਗੀਆਂ ਨੂੰ ਹਟਾਉਣ ਅਤੇ ਹਾਦੀ ਨੂੰ ਸੱਤਾ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਕੰਮ ਵਿੱਚ ਸਾਊਦੀ ਨੂੰ ਯੂਏਈ ਅਤੇ ਬਹਿਰੀਨ ਦਾ ਵੀ ਸਾਥ ਮਿਲਿਆ।

ਹੂਤੀ ਬਾਗ਼ੀਆਂ ਨੇ ਇਨ੍ਹਾਂ ਹਮਲਿਆਂ ਦਾ ਮੁਕਾਬਲਾ ਕੀਤਾ ਅਤੇ ਯਮਨ ਦੇ ਵੱਡੇ ਹਿੱਸਿਆਂ 'ਤੇ ਆਪਣਾ ਕੰਟਰੋਲ ਬਣਾਈ ਰੱਖਿਆ।

ਜਦੋਂ ਬਾਅਦ ਵਿੱਚ ਅਲੀ ਅਬਦੁੱਲਾ ਸਾਲੇਹ ਨੇ ਆਪਣਾ ਪੱਖ ਬਦਲਣ ਅਤੇ ਸਾਊਦੀ ਅਰਬ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਤਾਂ 1017 ਵਿੱਚ ਹੂਤੀਆਂ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।

ਇਨ੍ਹਾਂ ਬਾਗ਼ੀਆਂ ਦੀ ਮਦਦ ਕੌਣ ਕਰਦਾ ਹੈ?

ਹੂਤੀ ਬਾਗ਼ੀ ਲੇਬਨਾਨ ਦੇ ਹਥਿਆਰਬੰਦ ਸ਼ੀਆ ਸਮੂਹ ਹਿਜ਼ਬੁੱਲਾ ਦੇ ਮਾਡਲ ਤੋਂ ਪ੍ਰੇਰਨਾ ਲੈਂਦੇ ਹਨ।

ਅਮਰੀਕਾ ਦੀ ਖੋਜ ਸੰਸਥਾ 'ਕਾਂਬੇਟਿੰਗ ਟੈਰੇਰਿਜ਼ਮ ਸੈਂਟਰ' ਦੇ ਅਨੁਸਾਰ, ਹਿਜ਼ਬੁੱਲਾ 2014 ਤੋਂ ਉਨ੍ਹਾਂ ਨੂੰ ਵੱਡੇ ਪੱਧਰ 'ਤੇ ਫੌਜੀ ਮੁਹਾਰਤ ਅਤੇ ਸਿਖਲਾਈ ਪ੍ਰਦਾਨ ਕਰ ਰਿਹਾ ਹੈ।

ਹੂਤੀ ਆਪਣੇ ਆਪ ਨੂੰ ਈਰਾਨ ਦੇ ਸਹਿਯੋਗੀ ਵੀ ਕਹਿੰਦੇ ਹਨ ਕਿਉਂਕਿ ਉਨ੍ਹਾਂ ਦਾ ਸਾਂਝਾ ਦੁਸ਼ਮਣ ਸਾਊਦੀ ਅਰਬ ਹੈ।

ਇਹ ਖਦਸ਼ਾ ਵੀ ਜਤਾਇਆ ਜਾਂਦਾ ਹੈ ਕਿ ਈਰਾਨ ਹੂਤੀ ਬਾਗੀਆਂ ਨੂੰ ਹਥਿਆਰ ਵੀ ਮੁਹੱਈਆ ਕਰਵਾ ਰਿਹਾ ਹੈ।

ਅਮਰੀਕਾ ਅਤੇ ਸਾਊਦੀ ਅਰਬ ਕਹਿੰਦੇ ਹਨ ਕਿ ਈਰਾਨ ਨੇ ਹੂਤੀ ਬਾਗੀਆਂ ਨੂੰ ਬੈਲਿਸਟਿਕ ਮਿਜ਼ਾਈਲਾਂ ਨਾਲ ਲੈਸ ਕੀਤਾ ਸੀ, ਜਿਨ੍ਹਾਂ ਦੀ ਵਰਤੋਂ 2017 ਵਿੱਚ ਅਰਬ ਦੀ ਰਾਜਧਾਨੀ ਰਿਆਦ 'ਤੇ ਹਮਲਾ ਕਰਨ ਲਈ ਕੀਤੀ ਗਈ ਸੀ। ਇਨ੍ਹਾਂ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਮਾਰ ਦਿੱਤਾ ਗਿਆ ਸੀ।

ਹੂਤੀ ਬਾਗ਼ੀ ਸਾਊਦੀ ਅਰਬ 'ਤੇ ਛੋਟੀ ਦੂਰੀ ਦੀਆਂ ਹਜ਼ਾਰਾਂ ਮਿਜ਼ਾਈਲਾਂ ਦਾਗ ਚੁੱਕੇ ਹਨ ਅਤੇ ਉਨ੍ਹਾਂ ਨੇ ਯੂਏਈ ਨੂੰ ਵੀ ਨਿਸ਼ਾਨਾ ਬਣਾਇਆ ਹੈ।

ਅਜਿਹੇ ਹਥਿਆਰਾਂ ਦੀ ਸਪਲਾਈ ਕਰਨ ਦਾ ਮਤਲਬ ਸੰਯੁਕਤ ਰਾਸ਼ਟਰ ਵੱਲੋਂ ਹਥਿਆਰਾਂ 'ਤੇ ਲਗਾਏ ਗਈ ਪਾਬੰਦੀ ਦੀ ਉਲੰਘਣਾ ਕਰਨਾ ਹੈ। ਪਰ ਈਰਾਨ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਖਾਰਿਜ ਕਰਦਾ ਹੈ।

ਹੂਤੀ ਕਿੰਨੇ ਤਾਕਤਵਰ ਅਤੇ ਯਮਨ ਦੇ ਕਿੰਨੇ ਹਿੱਸੇ 'ਤੇ ਕੰਟਰੋਲ?

ਅਪ੍ਰੈਲ 2022 ਵਿੱਚ, ਅਬਦਰੱਬੂ ਮਨਸੂਰ ਹਾਦੀ ਨੇ ਰਾਸ਼ਟਰਪਤੀ ਲੀਡਰਸ਼ਿਪ ਕੌਂਸਲ ਨੂੰ ਆਪਣੀਆਂ ਸ਼ਕਤੀਆਂ ਸੌਂਪ ਦਿੱਤੀਆਂ ਸਨ। ਇਹ ਕੌਂਸਲ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਤੋਂ ਕੰਮ ਕਰਦੀ ਹੈ। ਇਸਨੂੰ ਹੀ ਯਮਨ ਦੀ ਅਧਿਕਾਰਤ ਸਰਕਾਰ ਮੰਨਿਆ ਜਾਂਦਾ ਹੈ।

ਹਾਲਾਂਕਿ, ਯਮਨ ਦੀ ਜ਼ਿਆਦਾਤਰ ਆਬਾਦੀ ਹੂਤੀ ਬਾਗੀਆਂ ਦੇ ਕੰਟਰੋਲ ਹੇਠ ਰਹਿੰਦੀ ਹੈ। ਉਨ੍ਹਾਂ ਦਾ ਸੰਗਠਨ ਦੇਸ਼ ਦੇ ਉੱਤਰੀ ਹਿੱਸੇ ਵਿੱਚ ਟੈਕਸ ਵਸੂਲਦਾ ਹੈ ਅਤੇ ਆਪਣੀ ਮੁਦਰਾ ਵੀ ਛਾਪਦਾ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਹੂਤੀ ਅੰਦੋਲਨ ਦੇ ਮਾਹਰ ਅਹਿਮਦ ਅਲ-ਬਹਿਰੀ ਦੇ ਹਵਾਲੇ ਨਾਲ ਕਿਹਾ ਸੀ ਕਿ 2010 ਤੱਕ ਹੂਤੀ ਬਾਗੀਆਂ ਕੋਲ 100,000 ਤੋਂ 120,000 ਸਮਰਥਕ ਸਨ। ਇਨ੍ਹਾਂ ਵਿੱਚ ਹਥਿਆਰਬੰਦ ਲੜਾਕੂ ਅਤੇ ਨਿਹੱਥੇ ਸਮਰਥਕ ਸ਼ਾਮਲ ਵੀ ਸਨ।

ਸੰਯੁਕਤ ਰਾਸ਼ਟਰ ਦਾ ਇਹ ਵੀ ਕਹਿਣਾ ਹੈ ਕਿ ਹੂਤੀ ਬਾਗੀਆਂ ਨੇ ਬੱਚਿਆਂ ਨੂੰ ਵੀ ਭਰਤੀ ਕੀਤਾ ਸੀ, ਜਿਨ੍ਹਾਂ ਵਿੱਚੋਂ 1,500 ਬੱਚੇ 2020 ਵਿੱਚ ਲੜਾਈ ਵਿੱਚ ਮਾਰੇ ਗਏ ਸਨ ਅਤੇ ਅਗਲੇ ਸਾਲ ਕੁਝ ਸੌ ਹੋਰ ਬੱਚੇ ਮਾਰੇ ਗਏ ਸਨ।

ਹੂਤੀ ਲਾਲ ਸਾਗਰ ਦੇ ਇੱਕ ਵੱਡੇ ਤੱਟਵਰਤੀ ਖੇਤਰ ਨੂੰ ਕੰਟਰੋਲ ਕਰਦੇ ਹਨ। ਅਤੇ ਇੱਥੋਂ ਹੀ ਉਹ ਸਮੁੰਦਰੀ ਜਹਾਜ਼ਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ।

ਯੂਰਪੀਅਨ ਇੰਸਟੀਚਿਊਟ ਆਫ਼ ਪੀਸ ਦੇ ਮਾਹਰ ਹਿਸ਼ਾਮ ਅਲ-ਓਮੇਸੀ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਨਾਲ ਉਨ੍ਹਾਂ ਨੂੰ ਸਾਊਦੀ ਅਰਬ ਨਾਲ ਚੱਲ ਰਹੀ ਸ਼ਾਂਤੀ ਵਾਰਤਾ ਵਿੱਚ ਆਪਣਾ ਪੱਲੜਾ ਭਾਰੀ ਕਰਨ 'ਚ ਮਦਦ ਮਿਲੀ ਹੈ।

ਉਹ ਕਹਿੰਦੇ ਹਨ, "ਇਹ ਦਿਖਾ ਕੇ ਕਿ ਬਾਬ-ਅਲ-ਮੰਦਬ ਭਾਵ ਲਾਲ ਸਾਗਰ ਨੂੰ ਜਾਣ ਵਾਲੇ ਤੰਗ ਸਮੁੰਦਰੀ ਰਸਤੇ ਨੂੰ ਬੰਦ ਕਰ ਸਕਦੇ ਹਨ, ਉਨ੍ਹਾਂ ਨੇ ਸਾਊਦੀ ਅਰਬ 'ਤੇ ਰਿਆਇਤਾਂ ਦੇਣ ਲਈ ਦਬਾਅ ਵਧਾ ਦਿੱਤਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)