ਮਿਆਂਮਾਰ 'ਚ ਗੁਰਦਿਆਂ ਦੀ ਕਿਵੇਂ ਹੋ ਰਹੀ ਹੈ ਗੈਰ-ਕਾਨੂੰਨੀ ਵਿਕਰੀ, ਇਸ ਦਾ ਭਾਰਤ ਨਾਲ ਕੀ ਸਬੰਧ ਹੈ

ਜ਼ੀਆ
ਤਸਵੀਰ ਕੈਪਸ਼ਨ, ਜ਼ੀਆ ਮੁਤਾਬਕ ਉਨ੍ਹਾਂ ਨੂੰ ਜੋ ਪੈਸਾ ਮਿਲਿਆ ਉਹ ਕਰਜ਼ਾ ਚੁਕਾਉਣ ਅਤੇ ਕੁਝ ਜ਼ਮੀਨ ਖਰੀਦਣ ਲਈ ਕਾਫ਼ੀ ਸੀ।
    • ਲੇਖਕ, ਬੀਬੀਸੀ ਬਰਮੀਜ਼

"ਮੈਂ ਆਪਣਾ ਘਰ ਖਰੀਦਣਾ ਚਾਹੁੰਦਾ ਸੀ ਅਤੇ ਆਪਣੇ ਕਰਜ਼ੇ ਦੇ ਭਾਰ ਨੂੰ ਚੁਕਾਉਣਾ ਚਾਹੁੰਦਾ ਸੀ, ਇਸੇ ਲਈ ਮੈਂ ਆਪਣਾ ਗੁਰਦਾ ਵੇਚਣ ਦਾ ਫੈਸਲਾ ਕੀਤਾ।"

ਇਹ ਸ਼ਬਦ ਮਿਆਂਮਾਰ ਵਿੱਚ ਇੱਕ ਖੇਤ ਮਜ਼ਦੂਰ ਜ਼ੀਆ ਦੇ ਹਨ।

ਮਿਆਂਮਾਰ ਵਿੱਚ 2021 ਵਿੱਚ ਤਖ਼ਤਾਪਲਟ ਮਗਰੋਂ ਗ੍ਰਹਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਦੇਸ਼ ਵਿੱਚ ਮਹਿੰਗਾਈ ਸਿਖ਼ਰਾਂ ਛੂਹ ਗਈ ਹੈ।

ਜ਼ੀਆ ਨੂੰ ਆਪਣੇ ਛੋਟੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ ਅਤੇ ਉਹ ਕਰਜ਼ੇ ਦੇ ਭਾਰ ਹੇਠ ਹਨ।

ਜ਼ੀਆ ਪਰਿਵਾਰ ਸਮੇਤ ਆਪਣੇ ਸੱਸ ਦੇ ਘਰ ਵਿੱਚ ਰਹਿੰਦੇ ਹਨ।

ਜ਼ੀਆ ਕਈ ਸਥਾਨਕ ਲੋਕਾਂ ਨੂੰ ਜਾਣਦੇ ਸਨ, ਜਿਨ੍ਹਾਂ ਨੇ ਆਪਣਾ ਇੱਕ ਗੁਰਦਾ ਵੇਚਿਆ ਸੀ।

"ਉਹ ਮੈਨੂੰ ਸਿਹਤਮੰਦ ਲੱਗ ਰਹੇ ਸਨ, ਇਸ ਲਈ ਮੈਂ ਹੋਰਨਾ ਤੋਂ ਪੁੱਛ-ਪਛਤਾਲ ਸ਼ੁਰੂ ਕੀਤੀ।"

ਜ਼ੀਆ ਦਾ ਨਾਮ ਪਛਾਣ ਗੁਪਤ ਰੱਖਣ ਲਈ ਬਦਲਿਆ ਗਿਆ ਹੈ।

ਜ਼ੀਆ, ਉਨ੍ਹਾਂ ਅੱਠ ਲੋਕਾਂ ਵਿੱਚੋਂ ਹਨ, ਜਿਨ੍ਹਾਂ ਨੇ ਬੀਬੀਸੀ ਬਰਮੀਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਗੁਰਦਾ ਵੇਚਣ ਮਗਰੋਂ ਭਾਰਤ ਵਿੱਚ ਟ੍ਰਾਸਪਲਾਂਟ ਕਰਵਾਇਆ ਸੀ।

ਗੈਰ-ਕਾਨੂੰਨੀ ਤੌਰ ਉੱਤੇ ਅੰਗਾਂ ਦਾ ਵਪਾਰ ਪੂਰੇ ਏਸ਼ੀਆ ਵਿੱਚ ਵੱਡੀ ਸਮੱਸਿਆ ਹੈ ਅਤੇ ਜ਼ੀਆ ਦੇ ਗੁਰਦਾ ਵੇਚਣ ਦੀ ਕਹਾਣੀ ਇਸ ਵਪਾਰ ਦੀ ਬੇਰਹਿਮੀ ਨੂੰ ਬਿਆਨ ਕਰਦੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗੁਰਦਿਆਂ ਦੀ ਖ਼ਰੀਦ ਲਈ ਕਿਵੇਂ ਕਰਦੇ ਸਨ ਸੌਦਾ

ਭਾਰਤ ਅਤੇ ਮਿਆਂਮਾਰ ਦੋਵੇਂ ਹੀ ਦੇਸ਼ਾਂ ਵਿੱਚ ਮਨੁੱਖੀ ਅੰਗਾਂ ਦੀ ਖਰੀਦ-ਵੇਚ ਕਾਨੂੰਨੀ ਅਪਰਾਧ ਹੈ।

ਪਰ ਜ਼ੀਆ ਕਹਿੰਦੇ ਹਨ ਕਿ ਉਨ੍ਹਾਂ ਨੂੰ ਜਲਦੀ ਹੀ ਇੱਕ ਵਿਅਕਤੀ ਮਿਲਿਆ, ਜਿਸਨੂੰ ਉਨ੍ਹਾਂ ਨੇ "ਦਲਾਲ" ਦੱਸਿਆ।

ਜ਼ੀਆ ਕਹਿੰਦੇ ਹਨ ਕਿ ਉਸ ਦਲਾਲ ਵੱਲੋਂ ਉਨ੍ਹਾਂ ਦੇ ਡਾਕਟਰੀ ਟੈਸਟ ਕਰਵਾਏ ਗਏ ਅਤੇ ਕੁਝ ਹਫ਼ਤਿਆਂ ਬਾਅਦ, ਜ਼ੀਆ ਨੂੰ ਦੱਸਿਆ ਕਿ ਸਰਜਰੀ ਲਈ ਭਾਰਤ ਜਾਣਾ ਹੈ।

ਭਾਰਤ ਵਿੱਚ ਅੰਗ ਦੇ ਟ੍ਰਾਸਪਲਾਂਟ ਲਈ ਨਜ਼ਦੀਕੀ ਰਿਸ਼ਤੇਦਾਰ ਹੋਣਾ ਜ਼ਰੂਰੀ ਹੈ।

ਜ਼ੀਆ ਕਹਿੰਦੇ ਹਨ ਕਿ ਦਲਾਲ ਨੇ ਜਾਅਲੀ ਦਸਤਾਵੇਜ਼ ਬਣਾਏ।

ਮਿਆਂਮਾਰ ਵਿੱਚ ਪਰਿਵਾਰਕ ਮੈਂਬਰਾਂ ਦਾ ਸਰਕਾਰੀ ਦਸਤਾਵੇਜ਼ ਬਣਦਾ ਹੈ।

ਜ਼ੀਆ ਮੁਤਾਬਕ ਦਲਾਲ ਵੱਲੋਂ ਇਨ੍ਹਾਂ ਦਸਤਾਵੇਜ਼ ਨੂੰ ਜਾਅਲੀ ਤੌਰ 'ਤੇ ਬਣਾ ਕੇ ਜ਼ੀਆ ਨੂੰ ਖਰੀਦਦਾਰ ਦੇ ਪਰਿਵਾਰਕ ਮੈਂਬਰ ਦਰਸਾਇਆ ਗਿਆ ਸੀ।

ਉਹ ਕਹਿੰਦੇ ਹਨ ਕਿ ਵਿਅਕਤੀ ਨੇ ਦਸਤਾਵੇਜ਼ਾਂ ਵਿੱਚ ਇਓਂ ਦਿਖਾਇਆ ਕਿ ਉਹ ਗੁਰਦਾ ਦੇ ਰਹੇ ਔਰਤ ਨਾਲ ਵਿਆਹ ਕਰਕੇ ਸਬੰਧਤ ਹਨ

"ਕੋਈ ਅਜਿਹਾ ਵਿਅਕਤੀ ਜੋ ਖੂਨ ਦਾ ਰਿਸ਼ਤੇਦਾਰ ਨਹੀਂ ਹੈ, ਸਗੋਂ ਦੂਰ ਦਾ ਰਿਸ਼ਤੇਦਾਰ ਹੈ।"

ਗੈਟੀ ਦੀ ਰਿਪੋਰਟ ਅਨੁਸਾਰ, ਇਹ ਤਸਵੀਰ 2022 ਵਿੱਚ ਅਫਗਾਨਿਸਤਾਨ ਵਿੱਚ ਖਿੱਚੀ ਗਈ ਸੀ, ਇਸ ਵਿਅਕਤੀ ਵੱਲੋਂ ਆਪਣੇ ਪਰਿਵਾਰ ਨੂੰ ਭੁੱਖਮਰੀ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣਾ ਗੁਰਦਾ ਵੇਚ ਦਿੱਤਾ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਰੀਬੀ ਵਿੱਚ ਰਹਿ ਰਹੇ ਲੋਕਾਂ ਦੁਆਰਾ ਗੁਰਦੇ ਵੇਚਣ ਦੇ ਮਾਮਲੇ ਕਈ ਏਸ਼ੀਆਈ ਦੇਸ਼ਾਂ ਵਿੱਚ ਦੇਖੇ ਗਏ ਹਨ

ਜ਼ੀਆ ਕਹਿੰਦੇ ਹਨ ਕਿ ਵਿਅਕਤੀ, ਉਨ੍ਹਾਂ ਨੂੰ ਯਾਂਗੂਨ ਵਿੱਚ ਖਰੀਦਦਾਰ ਨੂੰ ਮਿਲਣ ਲਈ ਲੈ ਕੇ ਗਿਆ।

ਉਹ ਦੱਸਦੇ ਹਨ, "ਇੱਕ ਵਿਅਕਤੀ ਜਿਸਨੇ ਆਪਣੇ ਆਪ ਨੂੰ ਡਾਕਟਰ ਦੱਸਿਆ, ਉਸ ਨੇ ਹੋਰ ਕਾਗਜ਼ੀ ਕਾਰਵਾਈ ਪੂਰੀ ਕੀਤੀ ਅਤੇ ਜ਼ੀਆ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਪਿੱਛੇ ਹੱਟਦੇ ਹਨ, ਤਾਂ ਉਨ੍ਹਾਂ ਨੂੰ ਵੱਡਾ ਹਰਜ਼ਾਨਾ ਭੁਗਤਣਾ ਪਵੇਗਾ।

ਬੀਬੀਸੀ ਨੇ ਬਾਅਦ ਵਿੱਚ ਉਸ ਵਿਅਕਤੀ ਨਾਲ ਸੰਪਰਕ ਕੀਤਾ, ਉਸ ਵਿਅਕਤੀ ਦਾ ਕੰਮ ਇਹ ਜਾਂਚ ਕਰਨਾ ਸੀ ਕਿ ਕੀ ਮਰੀਜ਼ ਸਰਜਰੀ ਕਰਵਾਉਣ ਲਈ ਸਰੀਰਕ ਤੌਰ 'ਤੇ ਯੋਗ ਹੈ।

ਜ਼ੀਆ ਕਹਿੰਦੇ ਹਨ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ 7.5 ਮਿਲੀਅਨ ਮਿਆਂਮਾਰ ਕਯਾਤ ਮਿਲਣਗੇ। ਪਿਛਲੇ ਕੁਝ ਸਾਲਾਂ ਤੋਂ ਇਹ ਕੀਮਤ 1,700-2,700 ਡਾਲਰ ਦੇ ਵਿਚਕਾਰ ਰਹੀ ਹੈ, ਹਾਲਾਂਕਿ ਤਖ਼ਤਾਪਲਟ ਤੋਂ ਬਾਅਦ ਮੁਦਰਾ ਵਿੱਚ ਕਾਫੀ ਉਤਰਾਅ-ਚੜ੍ਹਾਅ ਦੇਖਿਆ ਗਿਆ ਹੈ।

ਉਹ ਕਹਿੰਦੇ ਹਨ ਕਿ ਉਹ ਆਪ੍ਰੇਸ਼ਨ ਲਈ ਉੱਤਰੀ ਭਾਰਤ ਦੇ ਇੱਕ ਵੱਡੇ ਹਸਪਤਾਲ ਵਿੱਚ ਗਏ ਸੀ।

ਭਾਰਤ ਵਿੱਚ ਵਿਦੇਸ਼ੀ ਨਾਗਰਿਕਾਂ ਨਾਲ ਸਬੰਧਤ ਸਾਰੇ ਟ੍ਰਾਂਸਪਲਾਂਟਜ਼ ਨੂੰ ਇੱਕ ਅਧਿਕਾਰਤ ਪੈਨਲ ਦੁਆਰਾ ਮਨਜ਼ੂਰੀ ਦਿੱਤੀ ਜਾਂਦੀ ਹੈ, ਇਸਨੂੰ ਅਧਿਕਾਰ ਕਮੇਟੀ ਕਿਹਾ ਜਾਂਦਾ ਹੈ। ਇਹ ਕਮੇਟੀ ਹਸਪਤਾਲ ਜਾਂ ਸਥਾਨਕ ਸਰਕਾਰ ਦੁਆਰਾ ਬਣਾਈ ਜਾਂਦੀ ਹੈ।

ਜ਼ੀਆ ਕਹਿੰਦੇ ਹਨ ਕਿ ਉਨ੍ਹਾਂ ਦਾ ਇੰਟਰਵਿਊ ਅਨੁਵਾਦਕ ਰਾਹੀਂ ਲਗਭਗ ਚਾਰ ਲੋਕਾਂ ਨੇ ਲਿਆ ਸੀ।

ਉਹ ਕਹਿੰਦੇ ਹਨ, "ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਆਪਣਾ ਗੁਰਦਾ ਆਪਣੀ ਮਰਜ਼ੀ ਨਾਲ ਦਾਨ ਕਰ ਰਿਹਾ ਹਾਂ, ਜ਼ਬਰਦਸਤੀ ਤਾਂ ਨਹੀਂ।"

ਉਹ ਕਹਿੰਦੇ ਹਨ ਕਿ ਮੈਂ ਕਮੇਟੀ ਨੂੰ ਦੱਸਿਆ ਕਿ ਗੁਰਦਾ ਲੈਣ ਵਾਲਾ ਮੇਰਾ ਰਿਸ਼ਤੇਦਾਰ ਹੈ ਅਤੇ ਕਮੇਟੀ ਵੱਲੋਂ ਟ੍ਰਾਂਸਪਲਾਂਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।

ਜ਼ੀਆ ਨੂੰ ਯਾਦ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਬੇਹੋਸ਼ ਕਰਨ ਵਾਲੀ ਦਵਾਈ ਦਿੱਤੀ ਸੀ।

"ਸਰਜਰੀ ਤੋਂ ਬਾਅਦ ਕੋਈ ਵੱਡੀ ਦਿੱਕਤ ਨਹੀਂ ਸੀ, ਸਿਵਾਏ ਕਿ ਮੈਂ ਦਰਦ ਤੋਂ ਬਿਨਾਂ ਹਿੱਲ ਨਹੀਂ ਸਕਦਾ ਸੀ।"

ਉਹ ਕਹਿੰਦੇ ਹਨ ਕਿ ਮੈਂ ਇੱਕ ਹਫ਼ਤੇ ਤੱਕ ਹਸਪਤਾਲ ਵਿੱਚ ਰਿਹਾ।

ਫਰਜ਼ੀ ਰਿਸ਼ਤੇਦਾਰਾਂ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ

ਇੱਕ ਹੋਰ ਡੋਨਰ ਮਾਇਓ ਵਿਨ (ਅਸਲੀ ਨਾਮ ਨਹੀਂ ਹੈ) ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਵੀ ਇੱਕ ਅਜਨਬੀ ਨਾਲ ਰਿਸ਼ੇਤਦਾਰ ਵਜੋਂ ਸਬੰਧਤ ਹੋਣ ਦਾ ਦਿਖਾਵਾ ਕੀਤਾ ਸੀ।

"ਦਲਾਲ ਨੇ ਮੈਨੂੰ ਇੱਕ ਕਾਗਜ਼ ਦਿੱਤਾ ਅਤੇ ਮੈਨੂੰ ਉਸ ਉੱਤੇ ਲਿਖਿਆ ਯਾਦ ਰੱਖਣਾ ਸੀ।"

ਉਹ ਕਹਿੰਦੇ ਹਨ, "ਉਨ੍ਹਾਂ ਨੂੰ ਇਹ ਦੱਸਣ ਲਈ ਕਿਹਾ ਗਿਆ ਸੀ ਕਿ ਗੁਰਦਾ ਲੈਣ ਵਾਲਾ, ਉਨ੍ਹਾਂ ਦੇ ਰਿਸ਼ਤੇਦਾਰ ਨਾਲ ਵਿਆਹਿਆ ਹੋਇਆ ਹੈ।

ਉਹ ਕਹਿੰਦੇ ਹਨ, "ਮੇਰੇ ਕੇਸ ਦਾ ਮੁਲਾਂਕਣ ਕਰਨ ਵਾਲੇ ਵਿਅਕਤੀ ਨੇ ਮੇਰੀ ਮਾਤਾ ਨੂੰ ਵੀ ਫ਼ੋਨ ਕੀਤਾ, ਪਰ ਦਲਾਲ ਨੇ ਫ਼ੋਨ ਉੱਤੇ ਗੱਲ ਕਰਨ ਲਈ ਇੱਕ ਔਰਤ ਦੀ ਜ਼ਿੰਮੇਵਾਰੀ ਲਾਈ।"

ਉਹ ਕਹਿੰਦੇ ਹਨ ਕਿ ਜਿਸ ਵਿਅਕਤੀ ਨੇ ਫ਼ੋਨ 'ਤੇ ਗੱਲ ਕੀਤੀ, ਉਸ ਨੇ ਪੁਸ਼ਟੀ ਕੀਤੀ ਕਿ ਮਾਇਓ ਆਪਣਾ ਗੁਰਦਾ ਸਹਿਮਤੀ ਨਾਲ ਰਿਸ਼ਤੇਦਾਰ ਨੂੰ ਦਾਨ ਕਰ ਰਿਹਾ ਹੈ।

ਮਾਇਓ ਕਹਿੰਦੇ ਹਨ ਕਿ ਉਨ੍ਹਾਂ ਨੂੰ ਜ਼ੀਆ ਦੇ ਬਰਾਬਰ ਹੀ ਪੈਸੇ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਇਸ ਦਾ ਲਗਭਗ 10% ਦਲਾਲ ਨੂੰ ਦੇਣਾ ਪਿਆ ਸੀ।

ਦੋਵੇਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਪੈਸੇ ਦਾ ਤੀਜਾ ਹਿੱਸਾ ਦੇ ਦਿੱਤਾ ਗਿਆ ਸੀ।

ਮਾਇਓ ਵਿਨ ਕਹਿੰਦੇ ਹਨ ਕਿ ਜਦੋਂ ਉਹ ਆਪਰੇਸ਼ਨ ਥੀਏਟਰ ਵਿੱਚ ਦਾਖ਼ਲ ਹੋਏ ਤਾਂ ਉਨ੍ਹਾਂ ਦੇ ਮਨ ਵਿੱਚ ਸੀ, "ਮੈਂ ਆਪਣਾ ਮਨ ਬਣਾ ਲਿਆ ਕਿ ਮੈਨੂੰ ਇਹ ਕਰਨਾ ਪਵੇਗਾ ਕਿਉਂਕਿ ਮੈਂ ਪਹਿਲਾਂ ਹੀ ਪੈਸੇ ਲੈ ਲਏ ਹਨ।"

ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਨੇ "ਇਹ ਰਸਤਾ ਚੁਣਿਆ" ਕਿਉਂਕਿ ਉਹ ਆਪਣੇ ਕਰਜ਼ੇ ਅਤੇ ਆਪਣੀ ਪਤਨੀ ਦੇ ਮੈਡੀਕਲ ਖਰਚਿਆਂ ਨਾਲ ਜੂਝ ਰਹੇ ਸਨ।

ਮਿਆਂਮਾਰ ਵਿੱਚ ਤਖ਼ਤਾਪਲਟ ਮਗਰੋਂ ਬੇਰੁਜ਼ਗਾਰੀ ਬਹੁਤ ਵੱਧ ਗਈ ਹੈ। 2017 ਦੇ ਅੰਕੜਿਆਂ ਅਨੁਸਾਰ ਆਬਾਦੀ ਦਾ ਇੱਕ ਚੌਥਾਈ ਹਿੱਸਾ ਗਰੀਬੀ ਵਿੱਚ ਰਹਿ ਰਿਹਾ ਸੀ।

ਹਾਲਾਂਕਿ ਸੰਯੁਕਤ ਰਾਸ਼ਟਰ ਦੀ ਵਿਕਾਸ ਏਜੰਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ 2023 ਤੱਕ ਦੇਸ਼ ਦੀ ਅੱਧ ਦੇ ਕਰੀਬ ਆਬਾਦੀ ਗਰੀਬੀ ਹੇਠ ਹੈ।

ਮਾਇਓ ਵਿਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਗੁਰਦਾ ਵੇਚਣਾ ਗੈਰ-ਕਾਨੂੰਨੀ ਹੈ।

"ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਅਜਿਹਾ ਨਾ ਕਰਦਾ, ਮੈਨੂੰ ਜੇਲ੍ਹ ਜਾਣ ਦਾ ਡਰ ਹੋਣਾ ਸੀ।"

ਇੰਟਰਵਿਊ ਲੈਣ ਵਾਲਿਆਂ ਦੀ ਪਛਾਣ ਗੁਪਤ ਰੱਖਣ ਅਤੇ ਸੁਰੱਖਿਆ ਲਈ ਬੀਬੀਸੀ ਕਿਸੇ ਵੀ ਸੰਗਠਨ ਜਾਂ ਵਿਅਕਤੀ ਦਾ ਨਾਮ ਨਹੀਂ ਲੈ ਰਿਹਾ ਹੈ।

ਹਾਲਾਂਕਿ, ਮਿਆਂਮਾਰ ਦੇ ਇੱਕ ਹੋਰ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਭਾਰਤ ਵਿੱਚ ਸਰਜਰੀ ਰਾਹੀਂ ਲਗਭਗ 10 ਲੋਕਾਂ ਦੀ ਗੁਰਦੇ ਖਰੀਦਣ ਜਾਂ ਵੇਚਣ ਵਿੱਚ ਮਦਦ ਕੀਤੀ ਹੈ।

ਉਨ੍ਹਾਂ ਨੇ ਕਿਹਾ, "ਪਰ ਗੁਰਦਾ ਦੇਣ ਵਾਲਿਆਂ ਬਾਰੇ ਚਿੰਤਾ ਨਾ ਕਰੋ, ਸਾਡੇ ਕੋਲ ਲੋਕ ਵੱਡੀ ਕਤਾਰ ਵਿੱਚ ਹਨ, ਜੋ ਗੁਰਦਾ ਵੇਚਣਾ ਚਾਹੁੰਦੇ ਹਨ।"

ਉਨ੍ਹਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਅਜਨਬੀਆਂ ਨੂੰ ਵਿਆਹ ਰਾਹੀਂ ਸਬੰਧਤ ਦਰਸਾਉਣ ਲਈ ਜਾਅਲੀ ਦਸਤਾਵੇਜ਼ਾਂ ਨੂੰ ਬਣਾਇਆ ਜਾਂਦਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਵੱਲੋਂ ਕੀਤੀ ਮਦਦ ਲਈ ਪੈਸੇ ਮਿਲਦੇ ਹਨ, ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਭਾਰਤ ਵਿੱਚ ਗ੍ਰਿਫ਼ਤਾਰੀਆਂ

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, 2010 ਤੋਂ ਬਾਅਦ ਦੁਨੀਆ ਭਰ ਵਿੱਚ ਅੰਗ ਟ੍ਰਾਂਸਪਲਾਂਟਜ਼ ਵਿੱਚ 50% ਤੋਂ ਵੱਧ ਦਾ ਵਾਧਾ ਹੋਇਆ ਹੈ, ਹਰ ਸਾਲ ਲਗਭਗ 150,000 ਅੰਗ ਟ੍ਰਾਂਸਪਲਾਂਟ ਕੀਤੇ ਜਾਂਦੇ ਹਨ। ਪਰ ਰਿਪੋਰਟ ਮੁਤਾਬਕ ਅੰਗਾਂ ਦੀ ਸਪਲਾਈ ਵਿਸ਼ਵਵਿਆਪੀ ਜ਼ਰੂਰਤ ਦਾ ਸਿਰਫ 10% ਹੀ ਪੂਰਾ ਕਰਦੀ ਹੈ।

ਮਨੁੱਖੀ ਸਰੀਰ ਦੇ ਅੰਗਾਂ ਦਾ ਵਪਾਰ ਲਗਭਗ ਸਾਰੇ ਦੇਸ਼ਾਂ ਵਿੱਚ ਗੈਰ-ਕਾਨੂੰਨੀ ਹੈ ਅਤੇ ਇਸਨੂੰ ਮਾਪਣਾ ਔਖਾ ਹੈ। 2007 ਵਿੱਚ, ਵਿਸ਼ਵ ਸਿਹਤ ਸੰਗਠਨ ਨੇ ਅੰਦਾਜ਼ਾ ਲਗਾਇਆ ਸੀ ਕਿ ਟ੍ਰਾਂਸਪਲਾਂਟ ਕੀਤੇ ਗਏ ਅੰਗਾਂ ਦਾ 5-10% ਕਾਲਾ ਬਾਜ਼ਾਰੀ ਤੋਂ ਆਇਆ ਸੀ, ਹਾਲਾਂਕਿ ਇਹ ਅੰਕੜਾ ਵੱਧ ਹੋ ਸਕਦਾ ਹੈ।

ਹਾਲ ਹੀ ਦੇ ਸਾਲਾਂ ਵਿੱਚ ਏਸ਼ੀਆ ਭਰ ਵਿੱਚ ਗਰੀਬੀ ਕਾਰਨ ਗੈਰ-ਕਾਨੂੰਨੀ ਤੌਰ ਉੱਤੇ ਗੁਰਦੇ ਦੀ ਵਿਕਰੀ ਦਰਜ ਕੀਤੀ ਗਈ ਹੈ। ਇਸ ਵਿੱਚ ਨੇਪਾਲ, ਪਾਕਿਸਤਾਨ, ਇੰਡੋਨੇਸ਼ੀਆ, ਅਫਗਾਨਿਸਤਾਨ, ਭਾਰਤ ਅਤੇ ਬੰਗਲਾਦੇਸ਼ ਵਗਗੇ ਦੇਸ਼ ਵਿਆਪਕ ਤੌਰ 'ਤੇ ਸ਼ਾਮਲ ਹਨ।

WHO ਦੇ ਅਨੁਸਾਰ, ਦਾਨ ਕੀਤੇ ਅੰਗਾਂ ਦੀ ਸਪਲਾਈ ਵਿਸ਼ਵਵਿਆਪੀ ਮੰਗ ਦੇ ਲਗਭਗ 10% ਨੂੰ ਹੀ ਪੂਰਾ ਕਰਦੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, WHO ਦੇ ਅਨੁਸਾਰ, ਦਾਨ ਕੀਤੇ ਅੰਗਾਂ ਦੀ ਸਪਲਾਈ ਵਿਸ਼ਵਵਿਆਪੀ ਮੰਗ ਦੇ ਲਗਭਗ 10% ਨੂੰ ਹੀ ਪੂਰਾ ਕਰਦੀ ਹੈ

ਮੀਡੀਆ ਰਿਪੋਰਟਾਂ ਅਤੇ ਹਾਲ ਹੀ ਵਿੱਚ ਹੋਈ ਪੁਲਿਸ ਜਾਂਚ ਦੇ ਅਨੁਸਾਰ, ਭਾਰਤ ਲੰਬੇ ਸਮੇਂ ਤੋਂ ਮੈਡੀਕਲ ਟੂਰਿਜ਼ਮ ਦਾ ਕੇਂਦਰ ਰਿਹਾ ਹੈ ਅਤੇ ਗੁਰਦਿਆਂ ਦੀ ਵਿਕਰੀ ਬਾਰੇ ਚਿੰਤਾਵਾਂ ਵਧ ਰਹੀਆਂ ਹਨ।

ਪਿਛਲੇ ਸਾਲ ਜੁਲਾਈ ਵਿੱਚ, ਭਾਰਤੀ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਇੱਕ ਕਥਿਤ ਗੁਰਦਾ ਰੈਕੇਟ ਦੇ ਸਬੰਧ ਵਿੱਚ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਭਾਰਤੀ ਡਾਕਟਰ ਅਤੇ ਉਨ੍ਹਾਂ ਦਾ ਸਹਾਇਕ ਵੀ ਸ਼ਾਮਲ ਸੀ।

ਪੁਲਿਸ ਮੁਤਾਬਕ ਸਮੂਹ ਵੱਲੋਂ ਗਰੀਬ ਬੰਗਲਾਦੇਸ਼ੀਆਂ ਨੂੰ ਆਪਣੇ ਗੁਰਦੇ ਵੇਚਣ ਲਈ ਭਾਰਤ ਲਿਆਂਦਾ ਗਿਆ ਸੀ ਅਤੇ ਟ੍ਰਾਂਸਪਲਾਂਟ ਲਈ ਪ੍ਰਵਾਨਗੀ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਸੀ।

ਅਪੋਲੋ ਹਸਪਤਾਲ ਦਿੱਲੀ ਦੇ ਡਾ. ਵਿਜਯਾ ਰਾਜਕੁਮਾਰੀ 'ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਕੁਝ ਕਿਲੋਮੀਟਰ ਦੂਰ ਯਥਾਰਥ ਨਾਮਕ ਇੱਕ ਵੱਖਰੇ ਹਸਪਤਾਲ ਵਿੱਚ ਵਿਜ਼ਿਟਿੰਗ ਕੰਸਲਟੈਂਟ ਵਜੋਂ ਆਪ੍ਰੇਸ਼ਨ ਕੀਤੇ ਸਨ।

ਉਨ੍ਹਾਂ ਦੇ ਵਕੀਲ ਨੇ ਬੀਬੀਸੀ ਨੂੰ ਦੱਸਿਆ ਕਿ ਇਲਜ਼ਾਮ "ਪੂਰੀ ਤਰ੍ਹਾਂ ਬੇਬੁਨਿਆਦ ਅਤੇ ਸਬੂਤਾਂ ਤੋਂ ਬਿਨਾਂ ਹਨ"।

। ਸਭ ਆਪ੍ਰੇਸ਼ਨ ਹਮੇਸ਼ਾ ਕਾਨੂੰਨ ਅਨੁਸਾਰ ਕੀਤੇ ਗਏ ਸਨ। ਉਨ੍ਹਾਂ ਦੇ ਜ਼ਮਾਨਤ ਦੇ ਹੁਕਮ ਅਨੁਸਾਰ, ਉਨ੍ਹਾਂ 'ਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦਾ ਇਲਜ਼ਾਮ ਨਹੀਂ ਹੈ।

ਯਥਾਰਥ ਹਸਪਤਾਲ ਨੇ ਬੀਬੀਸੀ ਨੂੰ ਦੱਸਿਆ ਕਿ ਸਾਰੇ ਕੇਸ, ਜਿਨ੍ਹਾਂ ਵਿੱਚ ਵਿਜ਼ਟਿੰਗ ਸਲਾਹਕਾਰਾਂ ਸ਼ਾਮਲ ਹਨ, "ਕਾਨੂੰਨੀ ਅਤੇ ਨੈਤਿਕ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਾਡੇ ਮਜ਼ਬੂਤ ਪ੍ਰੋਟੋਕੋਲ ਦੇ ਅਧੀਨ ਹਨ"।

ਹਸਪਤਾਲ ਨੇ ਕਿਹਾ, "ਅਸੀਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੀਆਂ ਪ੍ਰਕਿਰਿਆਵਾਂ ਨੂੰ ਹੋਰ ਸਖ਼ਤ ਕੀਤਾ ਹੈ।"

ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਅਪੋਲੋ ਹਸਪਤਾਲਾਂ ਨੇ ਕਿਹਾ ਕਿ ਡਾ. ਰਾਜਕੁਮਾਰੀ ਇੱਕ ਫ੍ਰੀਲਾਂਸ ਸਲਾਹਕਾਰ ਸੀ ਜੋ ਫੀਸ-ਫਾਰ-ਸਰਵਿਸ ਦੇ ਆਧਾਰ 'ਤੇ ਕੰਮ ਕਰਦੇ ਸਨ ਅਤੇ ਹਸਪਤਾਲ ਨੇ ਉਨ੍ਹਾਂ ਨਾਲ ਸਾਰੇ ਕਲੀਨਿਕਲ ਕੰਟ੍ਰੈਕਟ ਰੱਦ ਕਰ ਦਿੱਤੇ ਸਨ।

ਡਾ. ਰਾਜਕੁਮਾਰੀ 'ਤੇ ਅਦਾਲਤ ਵਿੱਚ ਦੋਸ਼ ਸਾਬਤ ਨਹੀਂ ਹੋਏ ਹਨ।

'ਕੋਈ ਪਛਤਾਵਾ ਨਹੀਂ'

ਅਪ੍ਰੈਲ 2024 ਵਿੱਚ, ਸਿਹਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਾਰੇ ਸੂਬਿਆਂ ਨੂੰ ਪੱਤਰ ਜਾਰੀ ਕਰਦਿਆਂ ਅੰਗਾਂ ਦੇ ਟ੍ਰਾਂਸਪਲਾਂਟ ਵਿੱਚ ਵਿਦੇਸ਼ੀ ਲੋਕਾਂ ਦੀ ਸ਼ਮੂਲੀਅਤ ਦੇ ਵਾਧੇ ਦੀ ਚੇਤਾਵਨੀ ਦਿੱਤੀ ਸੀ ਅਤੇ ਬਿਹਤਰ ਨਿਗਰਾਨੀ ਲਈ ਹਦਾਇਤਾਂ ਜਾਰੀ ਕੀਤੀਆਂ ਸਨ।

ਭਾਰਤੀ ਕਾਨੂੰਨ ਦੇ ਤਹਿਤ, ਵਿਦੇਸ਼ੀ ਨਾਗਰਿਕ ਜੋ ਅੰਗ ਦਾਨ ਕਰਨਾ ਜਾਂ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਦਸਤਾਵੇਜ਼ ਭਾਰਤ ਵਿੱਚ ਸੰਬੰਧਤ ਦੇਸ਼ ਦੇ ਦੂਤਾਵਾਸ ਦੁਆਰਾ ਤਸਦੀਕ ਕੀਤੇ ਜਾਣੇ ਚਾਹੀਦੇ ਹਨ।

ਬੀਬੀਸੀ ਨੇ ਭਾਰਤ ਦੇ ਸਿਹਤ ਮੰਤਰਾਲੇ ਅਤੇ ਰਾਸ਼ਟਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ ਦੇ ਨਾਲ-ਨਾਲ ਮਿਆਂਮਾਰ ਦੀ ਫੌਜੀ ਸਰਕਾਰ ਨਾਲ ਟਿੱਪਣੀ ਲਈ ਸੰਪਰਕ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ।

ਮਿਆਂਮਾਰ ਵਿੱਚ ਇੱਕ ਜਨਤਕ ਸਿਹਤ ਮੁਹਿੰਮਕਾਰ, ਡਾ. ਥੂਰੀਨ ਹਲੇਂਗ ਵਿਨ ਨੇ ਕਿਹਾ, "ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਸੰਭਾਵੀ ਦਾਨੀਆਂ ਨੂੰ ਸਰਜਰੀ ਦੌਰਾਨ ਖੂਨ ਵਹਿਣ ਅਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਣ ਸਮੇਤ ਜੋਖ਼ਮਾਂ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ, ਅਤੇ ਇਹ ਵੀ ਕਿਹਾ ਕਿ ਮਗਰੋਂ ਸਹੀ ਦੇਖਭਾਲ ਦੀ ਲੋੜ ਹੈ।

ਤਖ਼ਤਾਪਲਟ ਵਿਰੁੱਧ ਪ੍ਰਦਰਸ਼ਨਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਆਂਮਾਰ ਦੇ 2021 ਦੇ ਤਖ਼ਤਾਪਲਟ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਨੂੰ ਦਬਾ ਦਿੱਤਾ ਗਿਆ ਅਤੇ ਉਸ ਮਗਰੋਂ ਗ੍ਰਹਿ ਯੁੱਧ ਸ਼ੁਰੂ ਹੋ ਗਿਆ ਸੀ

ਬੀਬੀਸੀ ਨੇ ਜ਼ੀਆ ਨਾਲ ਆਖ਼ਰੀ ਵਾਰ ਉਨ੍ਹਾਂ ਦੀ ਸਰਜਰੀ ਤੋਂ ਕਈ ਮਹੀਨਿਆਂ ਬਾਅਦ ਗੱਲ ਕੀਤੀ ਸੀ।

ਉਨ੍ਹਾਂ ਨੇ ਕਿਹਾ, "ਮੈਂ ਆਪਣੇ ਕਰਜ਼ੇ ਲਾਹੁਣ ਦੇ ਕਾਬਲ ਹੋ ਗਿਆ ਹਾਂ ਅਤੇ ਮੈਂ ਇੱਕ ਪਲਾਟ ਵੀ ਖਰੀਦ ਲਿਆ ਹੈ।"

ਪਰ ਉਨ੍ਹਾਂ ਨੇ ਕਿਹਾ ਕਿ ਉਹ ਘਰ ਬਣਾਉਣ ਦਾ ਖ਼ਰਚਾ ਨਹੀਂ ਸਹਾਰ ਸਕਦੇ ਸੀ ਅਤੇ ਸਰਜਰੀ ਮਗਰੋਂ ਉਹ ਘਰ ਨਹੀਂ ਬਣਾ ਸਕੇ। ਉਨ੍ਹਾਂ ਨੇ ਕਿਹਾ ਕਿ ਉਹ ਪਿੱਠ ਦਰਦ ਤੋਂ ਪੀੜਤ ਹਨ।

"ਮੈਨੂੰ ਜਲਦੀ ਹੀ ਕੰਮ ਕਰਨਾ ਸ਼ੁਰੂ ਕਰਨਾ ਪਵੇਗਾ। ਜੇਕਰ ਮਾੜੇ ਪ੍ਰਭਾਵ ਦੁਬਾਰਾ ਆਉਂਦੇ ਹਨ ਤਾਂ ਮੈਨੂੰ ਇਸ ਨਾਲ ਨਜਿੱਠਣਾ ਪਵੇਗਾ। ਮੈਨੂੰ ਇਸ ਬਾਰੇ ਕੋਈ ਪਛਤਾਵਾ ਨਹੀਂ ਹੈ।"

ਉਨ੍ਹਾਂ ਨੇ ਕਿਹਾ ਕਿ ਉਹ ਕੁਝ ਸਮੇਂ ਲਈ ਖਰੀਦਦਾਰ ਦੇ ਸੰਪਰਕ ਵਿੱਚ ਰਹੇ ਅਤੇ ਉਨ੍ਹਾਂ ਨੇ ਦੱਸਿਆ ਸੀ ਕਿ ਗੁਰਦੇ ਦੀ ਸਿਹਤ ਠੀਕ ਹੈ।

ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੋਲਦਿਆਂ, ਖਰੀਦਦਾਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਕੁੱਲ 100 ਮਿਲੀਅਨ ਕਯਾਤ (ਹਾਲ ਹੀ ਦੇ ਸਾਲਾਂ ਵਿੱਚ ਲਗਭਗ 22,000-35,000 ਡਾਲਰ ਦੇ ਵਿਚਕਾਰ) ਅਦਾ ਕੀਤੇ ਸਨ। ਹਾਲਾਂਕਿ ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਦਸਤਾਵੇਜ਼ ਜਾਅਲੀ ਸਨ, ਉਨ੍ਹਾਂ ਕਿਹਾ ਕਿ ਜ਼ੀਆ ਮੇਰੇ ਰਿਸ਼ਤੇਦਾਰ ਹਨ।

ਆਪਣੀ ਸਰਜਰੀ ਤੋਂ ਛੇ ਮਹੀਨੇ ਬਾਅਦ, ਮਾਇਓ ਵਿਨ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਕਰਜ਼ਾ ਮੋੜ ਦਿੱਤਾ ਹੈ, ਪਰ ਅਜੇ ਵੀ ਥੋੜਾ ਬਾਕੀ ਹੈ।

ਉਨ੍ਹਾਂ ਨੇ ਕਿਹਾ, "ਮੇਰੇ ਕੋਲ ਕੋਈ ਨੌਕਰੀ ਨਹੀਂ ਹੈ ਅਤੇ ਇੱਕ ਪੈਸਾ ਵੀ ਨਹੀਂ ਬਚਿਆ।"

ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਢਿੱਡ ਵਿੱਚ ਕੁਝ ਸਮੱਸਿਆਵਾਂ ਹੋ ਰਹੀਆਂ ਸਨ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਕੋਈ ਪਛਤਾਵਾ ਨਹੀਂ ਹੈ।

ਪਰ ਫਿਰ ਅੱਗੇ ਕਿਹਾ, "ਮੈਂ ਦੂਜੇ ਲੋਕਾਂ ਨੂੰ ਅਜਿਹਾ ਨਾ ਕਰਨ ਲਈ ਕਹਾਂਗਾ, ਇਹ ਸਹੀਂ ਨਹੀਂ ਹੈ"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)