ਝਾਂਸੀ ਮੈਡੀਕਲ ਕਾਲਜ 'ਚ ਅੱਗ ਲੱਗਣ ਨਾਲ 10 ਨਵਜੰਮੇ ਬੱਚਿਆਂ ਦੀ ਮੌਤ, 20 ਦੀ ਜਾਨ ਬਚਾਉਣ ਦਾ ਦਾਅਵਾ ਕਰਨ ਵਾਲੇ ਨੇ ਕੀ ਦੱਸਿਆ

ਝਾਂਸੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਝਾਂਸੀ ਦੇ ਜ਼ਿਲ੍ਹਾ ਮੈਜਿਸਟਰੇਟ ਅਵਿਨਾਸ਼ ਕੁਮਾਰ ਨੇ 10 ਨਵਜੰਮੇ ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਵਿੱਚ ਸ਼ੁੱਕਰਵਾਰ ਰਾਤ ਨੂੰ ਭਿਆਨਕ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ।

ਇਹ ਅੱਗ ਹਸਪਤਾਲ ਦੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ (ਐਨਆਈਸੀਯੂ) ਵਿੱਚ ਅੱਗ ਲੱਗ ਸੀ।

ਝਾਂਸੀ ਦੇ ਜ਼ਿਲ੍ਹਾ ਮੈਜਿਸਟਰੇਟ ਅਵਿਨਾਸ਼ ਕੁਮਾਰ ਨੇ 10 ਨਵਜੰਮੇ ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਉਥੇ ਹੀ ਯੂਪੀ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਸ਼ਨੀਵਾਰ ਸਵੇਰੇ ਮੌਕੇ 'ਤੇ ਪਹੁੰਚੇ।

ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ ਉਹ ਪਤਾ ਲਗਵਾਉਣਗੇ ਕਿ ਘਟਨਾ ਕਿਵੇਂ ਵਾਪਰੀ, ਇਸ ਦੇ ਕੀ ਕਾਰਨ ਸਨ ਅਤੇ ਜੇਕਰ ਕਿਸੇ ਵੀ ਪੱਧਰ 'ਤੇ ਲਾਪਰਵਾਹੀ ਪਾਈ ਜਾਂਦੀ ਹੈ, ਤਾਂ ਉਹ ਇਸ ਦੀ ਜ਼ਿੰਮੇਵਾਰੀ ਤੈਅ ਕਰਕੇ ਸਖ਼ਤ ਕਾਰਵਾਈ ਕਰਨਗੇ ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਘਟਨਾ ਕਦੋਂ ਅਤੇ ਕਿਵੇਂ ਵਾਪਰੀ?

ਝਾਂਸੀ ਦੇ ਚੀਫ ਮੈਡੀਕਲ ਸੁਪਰਡੈਂਟ ਸਚਿਨ ਮੋਹਰ ਦਾ ਕਹਿਣਾ ਹੈ ਕਿ ਅੱਗ ਸਭ ਤੋਂ ਪਹਿਲਾਂ ਆਕਸੀਜਨ ਕੰਸੈਂਟਰੇਟਰ 'ਚ ਲੱਗੀ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਝਾਂਸੀ ਦੇ ਚੀਫ ਮੈਡੀਕਲ ਸੁਪਰਡੈਂਟ ਸਚਿਨ ਮੋਹਰ ਦਾ ਕਹਿਣਾ ਹੈ ਕਿ ਅੱਗ ਸਭ ਤੋਂ ਪਹਿਲਾਂ ਆਕਸੀਜਨ ਕੰਸੈਂਟਰੇਟਰ 'ਚ ਲੱਗੀ।

ਝਾਂਸੀ ਦੇ ਚੀਫ ਮੈਡੀਕਲ ਸੁਪਰਡੈਂਟ ਸਚਿਨ ਮੋਹਰ ਨੇ ਕਿਹਾ ਹੈ ਕਿ ਆਕਸੀਜਨ ਕੰਸੈਂਟਰੇਟਰ ਵਿੱਚ ਅੱਗ ਲੱਗਣ ਕਾਰਨ ਇਹ ਘਟਨਾ ਵਾਪਰੀ ਹੈ।

ਉਨ੍ਹਾਂ ਨੇ ਦੱਸਿਆ, “54 ਬੱਚੇ ਐਨਆਈਸੀਯੂ ਵਾਰਡ ਵਿੱਚ ਦਾਖਲ ਸਨ ਅਤੇ ਅਚਾਨਕ ਆਕਸੀਜਨ ਕੰਸੈਂਟਰੇਟਰ ਵਿੱਚ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਮਰੇ 'ਚ ਬਹੁਤ ਜ਼ਿਆਦਾ ਆਕਸੀਜਨ ਹੋਣ ਕਰਕੇ ਅੱਗ ਤੁਰੰਤ ਫੈਲ ਗਈ। ਇਸ ਲਈ ਅਸੀਂ ਜਿੰਨੇ ਬੱਚੇ ਹੋ ਸਕੇ ਬਾਹਰ ਕੱਢੇ। ਜ਼ਿਆਦਾਤਰ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ 10 ਬੱਚਿਆਂ ਦੀ ਮੌਤ ਹੋ ਚੁੱਕੀ ਹੈ।"

ਜ਼ਿਲੇ ਦੇ ਡੀਐੱਮ ਅਵਿਨਾਸ਼ ਕੁਮਾਰ ਨੇ ਬੀਤੀ ਦੇਰ ਰਾਤ ਦੱਸਿਆ, ''ਮੌਕੇ 'ਤੇ ਮੌਜੂਦ ਸਟਾਫ਼ ਤੋਂ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਰਾਤ 10:30 ਅਤੇ 10:45 ਦੇ ਵਿਚਕਾਰ ਐਨਆਈਸੀਯੂ ਦੇ ਅੰਦਰ ਸ਼ਾਰਟ ਸਰਕਟ ਹੋਇਆ ਸੀ। ਸੰਭਵ ਤੌਰ 'ਤੇ ਇੱਕ ਸ਼ਾਰਟ ਸਰਕਟ ਕਾਰਨ ਯੂਨਿਟ 'ਚ ਅੱਗ ਲੱਗ ਗਈ।"

ਉਹਨਾਂ ਕਿਹਾ, “10 ਬੱਚਿਆਂ ਦੀ ਮੌਤ ਦੀ ਸੂਚਨਾ ਮਿਲੀ ਹੈ। ਟੀਮ ਸਮੇਂ ਸਿਰ ਪਹੁੰਚ ਗਈ ਅਤੇ ਕਈ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਕਮਿਸ਼ਨਰ ਅਤੇ ਡੀਆਈਜੀ ਦੀ ਨਿਗਰਾਨੀ ਹੇਠ ਇੱਕ ਜਾਂਚ ਕਮੇਟੀ ਬਣਾਈ ਗਈ ਹੈ, ਜਿਸ ਦੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਜਾਵੇਗੀ।"

ਚਸ਼ਮਦੀਦਾਂ ਨੇ ਕੀ ਕਿਹਾ?

ਕ੍ਰਿਪਾਲ ਸਿੰਘ
ਤਸਵੀਰ ਕੈਪਸ਼ਨ, ਕ੍ਰਿਪਾਲ ਸਿੰਘ ਰਾਜਪੂਤ ਨੇ ਦੱਸਿਆ ਕਿ ਉਹਨਾਂ ਨੇ ਕਰੀਬ 20 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ

ਇਕ ਚਸ਼ਮਦੀਦ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਜਾਲੀ ਨੂੰ ਤੋੜ ਕੇ ਨਵਜੰਮੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਹਨਾਂ ਦਾ ਬੱਚਾ ਨਹੀਂ ਮਿਲ ਰਿਹਾ।

ਇਕ ਹੋਰ ਚਸ਼ਮਦੀਦ ਕ੍ਰਿਪਾਲ ਸਿੰਘ ਰਾਜਪੂਤ ਨੇ ਦੱਸਿਆ, “ ਮੈਂ ਅੰਦਰ ਸੀ ਜਦੋਂ ਇਕ ਮੈਡਮ ਦੌੜਦੀ ਆਈ ਅਤੇ ਉਨ੍ਹਾਂ ਦੇ ਪੈਰ ਨੂੰ ਅੱਗ ਲੱਗੀ ਹੋਈ ਸੀ। ਉਹ ਚੀਕ ਰਹੇ ਸਨ। ਅਸੀਂ ਕਰੀਬ 20 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਮੈਡਮਾਂ ਦੇ ਹਵਾਲੇ ਕਰ ਦਿੱਤਾ।"

ਉਹਨਾਂ ਕਿਹਾ, “ਕੁਝ ਬੱਚੇ ਆਕਸੀਜਨ 'ਤੇ ਸਨ ਅਤੇ ਕੁਝ ਦੀ ਹਾਲਤ ਗੰਭੀਰ ਸੀ। ਅਸੀਂ ਬੱਚਿਆਂ ਨੂੰ ਚੁੱਕ ਕੇ ਸਹੀ ਸਲਾਮਤ ਹਸਪਤਾਲ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ। ਅਸੀਂ ਜਿੰਨੇ ਬੱਚੇ ਬਚਾ ਸਕੇ, ਉਨ੍ਹਾਂ ਨੂੰ ਸੁਰੱਖਿਅਤ ਹਸਪਤਾਲ ਦੇ ਹਵਾਲੇ ਕੀਤਾ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਮਸ਼ੀਨਾਂ ਜ਼ਿਆਦਾ ਗਰਮ ਹੋ ਚੁੱਕੀਆਂ ਸਨ, ਜਿਸ ਕਾਰਨ ਬੱਚਿਆਂ ਦੀ ਮੌਤ ਹੋ ਗਈ।"

ਰਿਸ਼ਭ ਯਾਦਵ ਨਾਂ ਦੇ ਹੋਰ ਇਕ ਚਸ਼ਮਦੀਦ ਨੇ ਦੱਸਿਆ ਕਿ ਘਟਨਾ ਦੌਰਾਨ ਇੱਥੇ ਕਾਫੀ ਹਫੜਾ-ਦਫੜੀ ਮੱਚੀ ਹੋਈ ਸੀ, ਜਦੋਂ ਅੱਗ ਲੱਗੀ ਤਾਂ 50 ਦੇ ਕਰੀਬ ਬੱਚੇ ਮੌਜੂਦ ਹੋਣਗੇ ਅਤੇ ਲੋਕ ਆਪਣੇ ਬੱਚਿਆਂ ਨਾਲ ਐਮਰਜੈਂਸੀ ਵੱਲ ਭੱਜੇ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਕੁਝ ਪਰਿਵਾਰਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਬੱਚੇ ਕਿੱਥੇ ਹਨ, ਪ੍ਰਸ਼ਾਸਨ ਨੂੰ ਇਹ ਜਾਣਕਾਰੀ ਦੇਣੀ ਚਾਹੀਦੀ ਹੈ।

ਸੀਐਮ ਆਦਿਤਿਆਨਾਥ ਨੇ ਕੀ ਕਿਹਾ?

ਸੂਬੇ ਦੇ ਮੁੱਖ ਮੰਤਰੀ ਆਦਿਤਿਆਨਾਥ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ 'ਤੇ ਇਕ ਪੋਸਟ ਲਿਖ ਕੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।

ਉਨ੍ਹਾਂ ਲਿਖਿਆ, “ਝਾਂਸੀ ਜ਼ਿਲ੍ਹੇ ਦੇ ਮੈਡੀਕਲ ਕਾਲਜ ਦੇ ਐਨਆਈਸੀਯੂ ਵਿੱਚ ਵਾਪਰੇ ਹਾਦਸੇ ਵਿੱਚ ਬੱਚਿਆਂ ਦੀ ਮੌਤ ਬੇਹੱਦ ਦੁਖਦ ਅਤੇ ਦਿਲ ਕੰਬਾਊ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਭਗਵਾਨ ਸ਼੍ਰੀ ਰਾਮ ਅੱਗੇ ਅਰਦਾਸ ਹੈ ਕਿ ਉਹ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖਸ਼ਣ ਅਤੇ ਜ਼ਖਮੀ ਬੱਚੇ ਜਲਦੀ ਸਿਹਤਯਾਬ ਹੋਣ।"

ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ ਇਸ ਘਟਨਾ ਵਿੱਚ ਸਮੇਂ ਤੋਂ ਪਹਿਲਾਂ ਪੈਦਾ ਹੋਏ ਨਵਜੰਮੇ ਬੱਚਿਆਂ ਦੇ ਮਾਪਿਆਂ ਨੂੰ 5 ਲੱਖ ਰੁਪਏ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਝਾਂਸੀ ਦੇ ਡਿਵੀਜ਼ਨਲ ਕਮਿਸ਼ਨਰ ਅਤੇ ਡੀਆਈਜੀ ਨੂੰ ਘਟਨਾ ਸਬੰਧੀ 12 ਘੰਟਿਆਂ ਵਿੱਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ।

ਪੀਐੱਮ ਤੇ ਰਾਸ਼ਟਰਪਤੀ ਨੇ ਕੀ ਕਿਹਾ?

ਰਾਸ਼ਟਰਪਤੀ ਦ੍ਰੋਪਦੀ ਮੁਰਮੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਦਿਲ ਦਹਿਲਾਉਣ ਵਾਲੀ ਦੱਸਿਆ।

ਪੀਐਮ ਮੋਦੀ ਨੇ ਐਕਸ 'ਤੇ ਕੀਤੀ ਪੋਸਟ 'ਚ ਲਿਖਿਆ " ਦਿਲ ਕੰਬਾਊ! ਉੱਤਰ ਪ੍ਰਦੇਸ਼ ਦੇ ਝਾਂਸੀ ਦੇ ਮੈਡੀਕਲ ਕਾਲਜ ਵਿੱਚ ਅੱਗ ਲੱਗਣ ਦੀ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ, ਜਿਨ੍ਹਾਂ ਨੇ ਆਪਣੇ ਮਾਸੂਮ ਬੱਚਿਆਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਉਨ੍ਹਾਂ ਨੂੰ ਇਸ ਦੁੱਖ ਨੂੰ ਸਹਿਣ ਦਾ ਬਲ ਬਖਸ਼ਣ। ਸੂਬਾ ਸਰਕਾਰ ਦੀ ਨਿਗਰਾਨੀ ਹੇਠ ਸਥਾਨਕ ਪ੍ਰਸ਼ਾਸਨ ਰਾਹਤ ਅਤੇ ਬਚਾਅ ਲਈ ਹਰ ਸੰਭਵ ਯਤਨ ਕਰ ਰਿਹਾ ਹੈ।"

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।

ਐਕਸ 'ਤੇ ਕੀਤੀ ਆਪਣੀ ਪੋਸਟ 'ਚ ਰਾਸ਼ਟਰਪਤੀ ਲਿਖਦੇ ਹਨ, "ਉੱਤਰ ਪ੍ਰਦੇਸ਼ ਦੇ ਝਾਂਸੀ ਦੇ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਵਿੱਚ ਇੱਕ ਹਾਦਸੇ 'ਚ ਕਈ ਨਵਜੰਮੇ ਬੱਚਿਆਂ ਦੀ ਮੌਤ ਦੀ ਖ਼ਬਰ ਬੇਹੱਦ ਦਿਲ ਦਹਿਲਾ ਦੇਣ ਵਾਲੀ ਹੈ। ਪ੍ਰਮਾਤਮਾ ਦੁਖੀ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਬੇਰਹਿਮ ਸਦਮੇ ਨੂੰ ਸਹਿਣ ਦਾ ਬਲ ਬਖਸ਼ੇ। ਮੈਂ ਜ਼ਖਮੀ ਬੱਚਿਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦੀ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)