You’re viewing a text-only version of this website that uses less data. View the main version of the website including all images and videos.
ਜਗਦੀਪ ਧਨਖੜ ਦੇ ਅਸਤੀਫ਼ੇ ’ਤੋਂ ਬਾਅਦ ਕਿਆਸਰਾਈਆਂ ਦੇ ਨਾਲ-ਨਾਲ ਕਿਹੜੇ ਸਵਾਲ ਖੜੇ ਹੋਏ, ਨਵੇਂ ਉੱਪ-ਰਾਸ਼ਟਰਪਤੀ ਦੀ ਚੋਣ ਕਿਵੇਂ ਹੋਵੇਗੀ
- ਲੇਖਕ, ਚੰਦਨ ਕੁਮਾਰ ਜਾਜਵਾਰੇ
- ਰੋਲ, ਬੀਬੀਸੀ ਪੱਤਰਕਾਰ
ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਜਗਦੀਪ ਧਨਖੜ ਇੱਕ ਵਾਰ ਫਿਰ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਣ ਗਏ ਹਨ।
ਜਨਤਾ ਦਲ ਤੋਂ ਕਾਂਗਰਸ ਅਤੇ ਫਿਰ ਭਾਜਪਾ ਤੱਕ ਦੇ ਆਪਣੇ ਸਫ਼ਰ ਵਿੱਚ ਉਨ੍ਹਾਂ ਨੇ ਕਈ ਅਹਿਮ ਭੂਮਿਕਾਵਾਂ ਨਿਭਾਈਆਂ। ਪਰ ਇਸ ਸਮੇਂ ਦੌਰਾਨ ਧਨਖੜ ਅਕਸਰ ਆਪਣੇ ਬਿਆਨਾਂ ਅਤੇ ਫ਼ੈਸਲਿਆਂ ਨੂੰ ਲੈ ਕੇ ਵਿਵਾਦਾਂ ਵਿੱਚ ਵੀ ਘਿਰੇ ਰਹਿੰਦੇ ਸਨ।
ਅਸਤੀਫ਼ੇ ਪਿੱਛੇ ਉਨ੍ਹਾਂ ਨੇ ਆਪਣੀ ਸਿਹਤ ਸੰਬੰਧੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਦਾ ਕਾਰਜਕਾਲ ਅਗਸਤ 2027 ਵਿੱਚ ਖ਼ਤਮ ਹੋਣਾ ਸੀ।
ਉਨ੍ਹਾਂ ਦੇ ਅਸਤੀਫ਼ੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਅਤੇ ਕਈ ਸਵਾਲ ਉਠਾਏ ਜਾ ਰਹੇ ਹਨ।
ਉਪ-ਰਾਸ਼ਟਰਪਤੀ ਦੇ ਅਚਾਨਕ ਅਸਤੀਫ਼ਾ ਦੇਣ ਨਾਲ ਜੁੜੇ ਹੋਏ ਸਿਆਸੀ ਸਵਾਲਾਂ ਤੋਂ ਇਲਾਵਾ ਕੁਝ ਸੰਵਿਧਾਨਿਕ ਨਿਯਮਾਂ ਨਾਲ ਜੁੜੇ ਹੋਏ ਸਵਾਲ ਵੀ ਹਨ।
ਅਸਤੀਫ਼ੇ ਤੋਂ ਬਾਅਦ ਭਾਜਪਾ ਦੀ ਸਿਆਸਤ ਬਾਰੇ ਉੱਠੇ ਸਵਾਲ
ਵਿਰੋਧੀ ਧਿਰ ਲਗਾਤਾਰ ਇਲਜ਼ਾਮ ਲਗਾ ਰਹੀ ਸੀ ਕਿ ਜਗਦੀਪ ਧਨਖੜ ਰਾਜ ਸਭਾ ਨੂੰ ਪੱਖਪਾਤੀ ਢੰਗ ਨਾਲ ਚਲਾ ਰਹੇ ਹਨ।
ਇਸ ਕਾਰਨ, ਸਰਦ ਰੁੱਤ ਸੈਸ਼ਨ ਦੌਰਾਨ ਇੰਡੀਆ ਬਲਾਕ ਵੱਲੋਂ ਧਨਖੜ ਵਿਰੁੱਧ ਅਵਿਸ਼ਵਾਸ ਦਾ ਨੋਟਿਸ ਵੀ ਦਿੱਤਾ ਗਿਆ ਸੀ।
ਸੋਮਵਾਰ ਨੂੰ ਸੰਸਦ ਵਿੱਚ ਬਹਿਸ ਦੌਰਾਨ ਇੱਕ ਦਿਲਚਸਪ ਘਟਨਾ ਵਾਪਰੀ।
ਕਾਰਵਾਈ ਦੌਰਾਨ ਵਿਰੋਧੀ ਧਿਰ ਵੱਲੋਂ ਕੀਤੇ ਗਏ ਰੌਲੇ-ਰੱਪੇ 'ਤੇ, ਜੇਪੀ ਨੱਡਾ ਨੇ ਵਿਰੋਧੀ ਆਗੂਆਂ ਨੂੰ ਕਿਹਾ, "ਕੁਝ ਵੀ ਰਿਕਾਰਡ 'ਤੇ ਨਹੀਂ ਜਾਵੇਗਾ। ਮੈਂ ਜੋ ਕਹਿ ਰਿਹਾ ਹਾਂ ਉਹ ਰਿਕਾਰਡ 'ਤੇ ਰਹੇਗਾ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ।"
ਅਜਿਹੀਆਂ ਗੱਲਾਂ ਆਮ ਤੌਰ 'ਤੇ ਸਦਨ ਦੇ ਚੇਅਰਮੈਨ ਜਾਂ ਸਪੀਕਰ ਵੱਲੋਂ ਕਹੀਆਂ ਜਾਂਦੀਆਂ ਹਨ।
ਸੀਨੀਅਰ ਪੱਤਰਕਾਰ ਰਾਸ਼ਿਦ ਕਿਦਵਈ ਕਹਿੰਦੇ ਹਨ, "ਧਨਖੜ ਸਾਹਿਬ ਬਿਮਾਰ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।"
"ਪਰ ਸਿਆਸਤ ਵਿੱਚ ਅਜਿਹੇ ਮੁੱਦਿਆਂ 'ਤੇ ਅਟਕਲਾਂ ਲਗਾਈਆਂ ਜਾਂਦੀਆਂ ਹਨ। ਭਾਜਪਾ ਵਿੱਚ ਲੰਬੇ ਸਮੇਂ ਤੋਂ ਕੋਈ ਨਵਾਂ ਪ੍ਰਧਾਨ ਨਹੀਂ ਆਇਆ ਹੈ। ਅਜਿਹੀ ਸਥਿਤੀ ਵਿੱਚ ਕੀ ਉਨ੍ਹਾਂ ਦੇ ਅਸਤੀਫ਼ੇ ਦਾ ਇਸ ਨਾਲ ਕੋਈ ਸਬੰਧ ਹੋ ਸਕਦਾ ਹੈ?"
ਰਾਸ਼ਿਦ ਕਿਦਵਈ ਕਹਿੰਦੇ ਹਨ, "ਕੀ ਇਹ ਕਿਸੇ ਨੂੰ ਉਪ-ਰਾਸ਼ਟਰਪਤੀ ਬਣਾ ਕੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਇਹ ਇੱਕ ਵੱਡਾ ਅਹੁਦਾ ਹੈ।"
"ਹਾਲਾਂਕਿ ਇਹ ਸਭ ਜੇਪੀ ਨੱਡਾ ਲਈ ਨਹੀਂ ਕੀਤਾ ਗਿਆ ਹੋ ਸਕਦਾ ਹੈ। ਪਰ ਜਿਸ ਗਤੀ ਨਾਲ ਘਟਨਾਵਾਂ ਬਦਲੀਆਂ ਹਨ, ਉਸ ਨਾਲ ਜ਼ਰੂਰ ਕੁਝ ਨਾ ਕੁਝ ਹੋ ਰਿਹਾ ਹੋਵੇਗਾ।"
ਰਾਸ਼ਿਦ ਕਿਦਵਈ ਦਾ ਮੰਨਣਾ ਹੈ ਕਿ ਜੇਕਰ ਅਸਤੀਫ਼ਾ ਸਿਰਫ਼ ਸਿਹਤ ਕਾਰਨਾਂ ਕਰਕੇ ਦੇਣਾ ਪੈਂਦਾ, ਤਾਂ ਇਹ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਦਿੱਤਾ ਜਾਣਾ ਸੀ।
ਉਹ ਇਸ ਅਚਾਨਕ ਅਸਤੀਫ਼ੇ ਨੂੰ ਆਰਐੱਸਐੱਸ ਅਤੇ ਭਾਜਪਾ ਵਿਚਾਲੇ ਸਬੰਧਾਂ ਅਤੇ ਨਵੇਂ ਰਾਸ਼ਟਰਪਤੀ ਸੰਬੰਧੀ ਚੱਲ ਰਹੇ ਘਟਨਾਕ੍ਰਮ ਨਾਲ ਜੋੜਦੇ ਹਨ।
ਵਿਰੋਧੀ ਧਿਰ ਨੇ ਕਿਹੜੇ ਖ਼ਦਸ਼ੇ ਜ਼ਾਹਰ ਕੀਤੇ ਗਏ
ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਉਪ-ਰਾਸ਼ਟਰਪਤੀ ਦਾ ਅਚਾਨਕ ਅਸਤੀਫ਼ਾ ਓਨਾ ਹੀ ਹੈਰਾਨ ਕਰਨ ਵਾਲਾ ਹੈ ਜਿੰਨਾ ਇਹ ਸਮਝ ਤੋਂ ਬਾਹਰ ਹੈ।"
"ਮੈਂ ਅੱਜ ਸ਼ਾਮ 5 ਵਜੇ ਤੱਕ ਕਈ ਹੋਰ ਸੰਸਦ ਮੈਂਬਰਾਂ ਦੇ ਨਾਲ ਉਨ੍ਹਾਂ ਦੇ ਨਾਲ ਸੀ। ਮੈਂ ਉਨ੍ਹਾਂ ਨਾਲ ਸ਼ਾਮ 7:30 ਵਜੇ ਫ਼ੋਨ 'ਤੇ ਵੀ ਗੱਲ ਕੀਤੀ।"
"ਬੇਸ਼ੱਕ, ਧਨਖੜ ਨੂੰ ਆਪਣੀ ਸਿਹਤ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ। ਪਰ ਇਹ ਵੀ ਸਪੱਸ਼ਟ ਹੈ ਕਿ ਉਨ੍ਹਾਂ ਦੇ ਅਚਾਨਕ ਅਸਤੀਫ਼ੇ ਪਿੱਛੇ ਹੋਰ ਵੀ ਬਹੁਤ ਕਾਰਕ ਹਨ, ਜੋ ਕਿ ਅਜੇ ਤੱਕ ਸਾਹਮਣੇ ਨਹੀਂ ਆਏ ਹਨ। ਹਾਲਾਂਕਿ, ਇਹ ਅੰਦਾਜ਼ੇ ਲਗਾਉਣ ਦਾ ਸਮਾਂ ਨਹੀਂ ਹੈ।"
ਬੀਬੀਸੀ ਪੱਤਰਕਾਰ ਚੰਦਨ ਕੁਮਾਰ ਜਜਵਾੜੇ ਦੀ ਰਿਪੋਰਟ ਮੁਤਬਾਕ ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਦਾ ਕਹਿਣਾ ਹੈ ਕਿ ਜਗਦੀਪ ਧਨਖੜ ਨੇ ਸਿਹਤ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ ਹੋਵੇਗਾ, ਕਿਉਂਕਿ ਉਹ ਬਿਮਾਰ ਸਨ ਅਤੇ ਹਸਪਤਾਲ ਵਿੱਚ ਵੀ ਦਾਖਲ ਸਨ।
ਚੌਧਰੀ ਕਹਿੰਦੇ ਹਨ, "ਇਸ ਤੋਂ ਇਲਾਵਾ ਸੰਸਦ ਚਲਾਉਣਾ ਵੀ ਸੌਖਾ ਨਹੀਂ ਹੈ।"
ਉਹ ਕਹਿੰਦੇ ਹਨ, "ਹਾਲਾਂਕਿ ਇਹ ਵੀ ਸੱਚ ਹੈ ਕਿ ਉਹ ਇੱਕ ਧਰੁਵੀਕਰਨ ਵਾਲੀ ਸ਼ਖਸੀਅਤ ਬਣ ਗਏ ਸਨ ਅਤੇ ਸਨਾਤਨ ਅਤੇ ਸੰਵਿਧਾਨ ਬਾਰੇ ਖੁੱਲ੍ਹ ਕੇ ਬੋਲਦੇ ਸਨ।"
"ਉਪ-ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਕਾਰਜਕਾਲ ਵਿਰੋਧੀ ਧਿਰ ਨਾਲ ਬਹੁਤ ਵਧੀਆ ਨਹੀਂ ਰਿਹਾ। ਇਹ ਸੰਭਵ ਹੈ ਕਿ ਮੌਜੂਦਾ ਸਥਿਤੀ ਵਿੱਚ ਸਦਨ ਨੂੰ ਚਲਾਉਣ ਦੇ ਤਰੀਕੇ ਨੂੰ ਲੈ ਕੇ ਉਨ੍ਹਾਂ ਦੇ ਸੱਤਾਧਾਰੀ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨਾਲ ਮਤਭੇਦ ਹੋਏ ਹੋਣ।"
ਜਗਦੀਪ ਧਨਖੜ ਨੇ 11 ਅਗਸਤ 2022 ਨੂੰ ਉਪ-ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ ਜੁਲਾਈ 2019 ਵਿੱਚ ਉਨ੍ਹਾਂ ਨੂੰ ਪੱਛਮੀ ਬੰਗਾਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ।
ਰਾਜ ਸਭਾ ਦੇ ਚੇਅਰਮੈਨ ਹੋਣ ਦੇ ਨਾਤੇ ਵਿਰੋਧੀ ਪਾਰਟੀਆਂ ਨਾਲ ਉਨ੍ਹਾਂ ਦੀਆਂ ਬਹਿਸਾਂ ਅਕਸਰ ਸੁਰਖੀਆਂ ਵਿੱਚ ਰਹਿੰਦੀਆਂ ਸਨ। ਇਸ ਸਾਲ ਅਪ੍ਰੈਲ ਵਿੱਚ ਸੁਪਰੀਮ ਕੋਰਟ 'ਤੇ ਉਨ੍ਹਾਂ ਦੀਆਂ ਸਖ਼ਤ ਟਿੱਪਣੀਆਂ ਵੀ ਚਰਚਾ ਦਾ ਵਿਸ਼ਾ ਬਣੀਆਂ।
ਸੁਪਰੀਮ ਕੋਰਟ ਦੇ ਇੱਕ ਫ਼ੈਸਲੇ ਬਾਰੇ ਉਨ੍ਹਾਂ ਕਿਹਾ ਸੀ ਕਿ ਅਦਾਲਤਾਂ ਰਾਸ਼ਟਰਪਤੀ ਨੂੰ ਹੁਕਮ ਨਹੀਂ ਦੇ ਸਕਦੀਆਂ।
ਦਰਅਸਲ, ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਰਾਸ਼ਟਰਪਤੀ ਅਤੇ ਰਾਜਪਾਲਾਂ ਲਈ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ ਇੱਕ ਸਮਾਂ ਸੀਮਾ ਨਿਰਧਾਰਤ ਕਰਨ ਦੀ ਗੱਲ ਕੀਤੀ ਸੀ।
ਇਸ 'ਤੇ ਉਪ-ਰਾਸ਼ਟਰਪਤੀ ਨੇ ਕਿਹਾ ਸੀ ਕਿ ਸੰਵਿਧਾਨ ਦੀ ਧਾਰਾ 142 ਇੱਕ ਪਰਮਾਣੂ ਮਿਜ਼ਾਈਲ ਬਣ ਗਈ ਹੈ ਜੋ ਲੋਕਤੰਤਰੀ ਤਾਕਤਾਂ ਦੇ ਵਿਰੁੱਧ 24 ਘੰਟੇ ਨਿਆਂਪਾਲਿਕਾ ਕੋਲ ਉਪੱਲਬਧ ਹੈ।
ਨੀਰਜਾ ਚੌਧਰੀ ਸਵਾਲ ਉਠਾਉਂਦੇ ਹਨ, "ਮੌਜੂਦਾ ਸਮੇਂ ਵਿੱਚ ਜਦੋਂ ਦੁਨੀਆ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਭਾਰਤ ਸਰਕਾਰ ਸਾਰੀਆਂ ਧਿਰਾਂ ਨੂੰ ਇਕੱਠੇ ਰੱਖਣਾ ਚਾਹੇਗੀ।"
"ਤਾਂ ਅਜਿਹੇ ਸਮੇਂ ਵਿੱਚ ਕੀ ਧਨਖੜ ਦੇ ਮਾਮਲੇ ਵਿੱਚ ਕੁਝ ਗ਼ਲਤ ਹੋਇਆ? ਕੀ ਹੁਣ ਹਾਲਾਤ ਬਦਲ ਗਏ ਹਨ?"
ਸਿਆਸੀ ਸਫ਼ਰ ਦੌਰਾਨ ਕਿਹੜੇ ਵਿਵਾਦਾਂ ਵਿੱਚ ਰਹੇ?
ਧਨਖੜ ਨੇ ਪਾਰਟੀਆਂ ਚਾਹੇ ਬਦਲੀਆਂ ਪਰ ਉਨ੍ਹਾਂ ਦਾ ਸਿਆਸੀ ਅਕਸ ਹਮੇਸ਼ਾਂ ਭਾਰੂ ਰਿਹਾ। ਉਹ ਬੇਬਾਕੀ ਨਾਲ ਆਪਣਾ ਪੱਖ ਰੱਖਣ ਵਾਲੇ ਆਗੂ ਵੱਜੋਂ ਜਾਣੇ ਜਾਂਦੇ ਹਨ।
ਵੱਖ-ਵੱਖ ਪਾਰਟੀਆਂ ਵਿੱਚ ਉਨ੍ਹਾਂ ਨੇ ਕਈ ਅਹਿਮ ਅਹੁਦਿਆਂ ਉੱਤੇ ਭੂਮਿਕਾ ਨਿਭਾਈ। ਇਸ ਦੌਰਾਨ ਉਨ੍ਹਾਂ ਨੂੰ ਕਈ ਮੌਕਿਆਂ ਉੱਤੇ ਵਿਰੋਧੀ ਧਿਰ ਦੀ ਅਲੋਚਣਾ ਦਾ ਵੀ ਸਾਹਮਣਾ ਕਰਨਾ ਪਿਆ।
ਜੁਲਾਈ 2019 ਵਿੱਚ ਪੱਛਮੀ ਬੰਗਾਲ ਦੇ ਰਾਜਪਾਲ ਬਣਨ ਤੋਂ ਬਾਅਦ, ਉਹ ਲਗਾਤਾਰ ਸਿਆਸੀ ਸੁਰਖੀਆਂ ਵਿੱਚ ਰਹੇ ਹਨ। ਸੂਬੇ ਵਿੱਚ ਕਈ ਮੁੱਦਿਆਂ 'ਤੇ ਉਨ੍ਹਾਂ ਦਾ ਮਮਤਾ ਸਰਕਾਰ ਨਾਲ ਟਕਰਾਅ ਰਿਹਾ।
ਉਪ-ਰਾਸ਼ਟਰਪਤੀ ਰਾਜ ਸਭਾ ਦੇ ਚੇਅਰਮੈਨ ਵੀ ਹੁੰਦੇ ਹਨ ਅਤੇ ਇਸ ਅਹੁਦੇ ਨੂੰ ਲੈ ਕੇ ਉਨ੍ਹਾਂ ਦਾ ਵਿਰੋਧੀ ਧਿਰ ਨਾਲ ਟਕਰਾਅ ਰਿਹਾ ਹੈ। ਪਿਛਲੇ ਸਾਲ ਦਸੰਬਰ ਵਿੱਚ ਵਿਰੋਧੀ ਪਾਰਟੀਆਂ ਦੇ ਗਠਜੋੜ 'ਇੰਡੀਆ' ਨੇ ਉਨ੍ਹਾਂ ਖ਼ਿਲਾਫ਼ ਅਵਿਸ਼ਵਾਸ ਮਤੇ ਦਾ ਨੋਟਿਸ ਦਿੱਤਾ ਸੀ।
ਪੇਸ਼ੇ ਤੋਂ ਵਕੀਲ ਅਤੇ ਕਾਨੂੰਨੀ ਮਾਹਰ ਜਗਦੀਪ ਧਨਖੜ ਹਾਲ ਹੀ ਦੇ ਸਮੇਂ ਵਿੱਚ ਨਿਆਂਪਾਲਿਕਾ ਅਤੇ ਸੰਸਦ ਦੇ ਅਧਿਕਾਰਾਂ 'ਤੇ ਆਪਣੀਆਂ ਟਿੱਪਣੀਆਂ ਕਾਰਨ ਸੁਰਖੀਆਂ ਵਿੱਚ ਰਹੇ ਹਨ।
ਸੰਵਿਧਾਨ ਕੀ ਕਹਿੰਦਾ ਹੈ?
ਭਾਰਤ ਵਿੱਚ ਉਪ-ਰਾਸ਼ਟਰਪਤੀ ਦਾ ਅਹੁਦਾ ਰਾਸ਼ਟਰਪਤੀ ਦੇ ਅਹੁਦੇ ਤੋਂ ਬਾਅਦ ਸਭ ਤੋਂ ਉੱਚਾ ਸੰਵਿਧਾਨਕ ਅਹੁਦਾ ਹੈ।
ਸੰਵਿਧਾਨ ਮੁਤਾਬਕ, ਉਪ-ਰਾਸ਼ਟਰਪਤੀ ਦੀ ਚੋਣ ਸੰਵਿਧਾਨ ਦੇ ਅਨੁਛੇਦ 63 ਤੋਂ 71 ਅਤੇ ਉਪ-ਰਾਸ਼ਟਰਪਤੀ (ਚੋਣ) ਨਿਯਮਾਂ 1974 ਦੇ ਤਹਿਤ ਹੁੰਦੀ ਹੈ।
ਹੁਣ ਜਦੋਂ ਉਪ-ਰਾਸ਼ਟਰਪਤੀ ਦਾ ਅਹੁਦਾ ਖਾਲੀ ਹੈ, ਚੋਣ ਕਮਿਸ਼ਨ ਨੂੰ ਨਵੇਂ ਉਪ-ਰਾਸ਼ਟਰਪਤੀ ਦੀ ਚੋਣ ਲਈ ਪ੍ਰਬੰਧ ਕਰਨੇ ਪੈਣਗੇ।
ਉਪ ਰਾਸ਼ਟਰਪਤੀ ਦੀ ਚੋਣ ਕਿੰਨੇ ਦਿਨਾਂ ਦੇ ਅੰਦਰ ਹੋਣੀ ਚਾਹੀਦੀ ਹੈ?
ਸੰਵਿਧਾਨ ਵਿੱਚ ਇਹ ਲਿਖਿਆ ਹੈ ਕਿ ਉਪ ਰਾਸ਼ਟਰਪਤੀ ਦਾ ਅਹੁਦਾ ਜਿੰਨੀ ਜਲਦੀ ਹੋ ਸਕੇ ਭਰਿਆ ਜਾਣਾ ਚਾਹੀਦਾ ਹੈ। ਇਸਦਾ ਮਤਲਬ ਹੈ ਕਿ ਇਸ ਅਹੁਦੇ ਲਈ ਚੋਣ ਲਈ ਪ੍ਰਬੰਧ ਜਿੰਨੀ ਜਲਦੀ ਹੋ ਸਕੇ, ਕੀਤੇ ਜਾਣੇ ਚਾਹੀਦੇ ਹਨ।
ਸੰਵਿਧਾਨ ਦੇ ਅਨੁਛੇਦ 68 ਦੀ ਧਾਰਾ 2 ਮੁਤਾਬਕ ਉਪ-ਰਾਸ਼ਟਰਪਤੀ ਦੀ ਮੌਤ, ਅਸਤੀਫ਼ਾ ਜਾਂ ਹਟਾਏ ਜਾਣ ਜਾਂ ਕਿਸੇ ਹੋਰ ਕਾਰਨ ਕਰਕੇ ਖਾਲੀ ਪਈ ਜਗ੍ਹਾ ਨੂੰ ਭਰਨ ਲਈ ਜਲਦੀ ਤੋਂ ਜਲਦੀ ਚੋਣਾਂ ਕਰਵਾਉਣ ਦਾ ਉਪਬੰਧ ਹੈ।
ਚੋਣ ਕਮਿਸ਼ਨ ਦੀ ਵੈੱਬਸਾਈਟ ਦੇ ਮੁਤਾਬਕ ਆਮ ਹਾਲਾਤ ਵਿੱਚ ਅਗਲੇ ਉਪ-ਰਾਸ਼ਟਰਪਤੀ ਦੀ ਚੋਣ ਬਾਹਰ ਜਾਣ ਵਾਲੇ ਉਪ-ਰਾਸ਼ਟਰਪਤੀ ਦੇ ਕਾਰਜਕਾਲ ਦੀ ਸਮਾਪਤੀ ਦੇ 60 ਦਿਨਾਂ ਦੇ ਅੰਦਰ ਹੋਣੀ ਚਾਹੀਦੀ ਹੈ।
ਇਹ ਚੋਣ ਪ੍ਰਕਿਰਿਆ ਉਪ-ਰਾਸ਼ਟਰਪਤੀ ਦੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਪੂਰੀ ਹੋ ਜਾਂਦੀ ਹੈ।
ਪਰ ਜੇਕਰ ਇਹ ਅਹੁਦਾ ਉਪ-ਰਾਸ਼ਟਰਪਤੀ ਦੀ ਮੌਤ, ਅਸਤੀਫ਼ਾ ਜਾਂ ਅਹੁਦੇ ਤੋਂ ਹਟਾਏ ਜਾਣ ਜਾਂ ਕਿਸੇ ਹੋਰ ਕਾਰਨ ਕਰਕੇ ਖਾਲੀ ਹੋ ਜਾਂਦਾ ਹੈ, ਤਾਂ ਇਸਨੂੰ ਭਰਨ ਲਈ ਜਲਦੀ ਤੋਂ ਜਲਦੀ ਚੋਣਾਂ ਕਰਵਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਉਪ-ਰਾਸ਼ਟਰਪਤੀ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ?
ਸੰਵਿਧਾਨ ਦੇ ਅਨੁਛੇਦ 66 ਦੇ ਅਨੁਸਾਰ, ਸੰਸਦ ਦੇ ਦੋਵਾਂ ਸਦਨਾਂ (ਲੋਕ ਸਭਾ ਅਤੇ ਰਾਜ ਸਭਾ) ਦੇ ਮੈਂਬਰਾਂ ਤੋਂ ਬਣਿਆ ਇਲੈਕਟੋਰਲ ਕਾਲਜ ਉਪ-ਰਾਸ਼ਟਰਪਤੀ ਦੀ ਚੋਣ ਕਰਦਾ ਹੈ।
ਅਨੁਪਾਤਕ ਪ੍ਰਤੀਨਿਧਤਾ ਮੁਤਾਬਕ ਚੋਣਾਂ ਸਿੰਗਲ ਟ੍ਰਾਂਸਫ਼ਰੇਬਲ ਵੋਟ ਰਾਹੀਂ ਹੁੰਦੀਆਂ ਹਨ। ਇਹ ਵੋਟਿੰਗ ਗੁਪਤ ਵੋਟਿੰਗ ਰਾਹੀਂ ਕੀਤੀ ਜਾਂਦੀ ਹੈ।
ਉਪ-ਰਾਸ਼ਟਰਪਤੀ ਚੁਣੇ ਜਾਣ ਲਈ ਕਿਹੜੀਆਂ ਯੋਗਤਾਵਾਂ ਜ਼ਰੂਰੀ ਹਨ?
ਕੋਈ ਵਿਅਕਤੀ ਉਪ-ਰਾਸ਼ਟਰਪਤੀ ਤਾਂ ਹੀ ਚੁਣਿਆ ਜਾ ਸਕਦਾ ਹੈ ਜੇਕਰ ਉਹ
1. ਭਾਰਤ ਦਾ ਨਾਗਰਿਕ ਹੋਵੇ
2. 35 ਸਾਲ ਦੀ ਉਮਰ ਪੂਰੀ ਕਰ ਲਈ ਹੋਵੇ।
3. ਰਾਜ ਸਭਾ ਦੇ ਮੈਂਬਰ ਵਜੋਂ ਚੁਣੇ ਜਾਣ ਦੇ ਯੋਗ ਹੋਣੇ।
ਭਾਰਤ ਸਰਕਾਰ ਜਾਂ ਕਿਸੇ ਸੂਬਾ ਸਰਕਾਰ ਜਾਂ ਕਿਸੇ ਅਧੀਨ ਸਥਾਨਕ ਅਥਾਰਟੀ ਅਧੀਨ ਕੋਈ ਵੀ ਲਾਭ ਦਾ ਅਹੁਦਾ ਰੱਖਣ ਵਾਲਾ ਕੋਈ ਵੀ ਵਿਅਕਤੀ ਯੋਗ ਨਹੀਂ ਹੋਵੇਗਾ।
ਧਨਖੜ ਦੀ ਗ਼ੈਰਹਾਜ਼ਰੀ ਵਿੱਚ ਉਨ੍ਹਾਂ ਦਾ ਕੰਮ ਕੌਣ ਸੰਭਾਲੇਗਾ?
ਸੰਵਿਧਾਨ ਵਿੱਚ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਕਿ ਉਪ-ਰਾਸ਼ਟਰਪਤੀ ਦੀ ਮੌਤ ਜਾਂ ਅਸਤੀਫ਼ਾ ਦੇਣ ਦੀ ਸੂਰਤ ਵਿੱਚ, ਜਾਂ ਜੇਕਰ ਉਪ-ਰਾਸ਼ਟਰਪਤੀ ਰਾਸ਼ਟਰਪਤੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ, ਤਾਂ ਉਨ੍ਹਾਂ ਦਾ ਉੱਤਰਾਧਿਕਾਰੀ ਕੌਣ ਹੋਵੇਗਾ।
ਭਾਰਤ ਦੇ ਸੰਵਿਧਾਨ ਦੇ ਤਹਿਤ ਉਪ ਰਾਸ਼ਟਰਪਤੀ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ।
ਸੰਵਿਧਾਨ ਵਿੱਚ ਉਪ ਰਾਸ਼ਟਰਪਤੀ ਨਾਲ ਸਬੰਧਤ ਸਿਰਫ਼ ਇੱਕ ਹੀ ਉਪਬੰਧ ਹੈ, ਜੋ ਰਾਜ ਸਭਾ ਦੇ ਚੇਅਰਮੈਨ ਵਜੋਂ ਉਨ੍ਹਾਂ ਦੇ ਕਾਰਜਕਾਲ ਨਾਲ ਸਬੰਧਿਤ ਹੈ।
ਜੇਕਰ ਅਹੁਦਾ ਖਾਲੀ ਹੋ ਜਾਂਦਾ ਹੈ, ਤਾਂ ਇਹ ਕਾਰਜ ਰਾਜ ਸਭਾ ਦੇ ਉਪ-ਸਭਾਪਤੀ ਜਾਂ ਭਾਰਤ ਦੇ ਰਾਸ਼ਟਰਪਤੀ ਦੁਆਰਾ ਅਧਿਕਾਰਤ ਰਾਜ ਸਭਾ ਦੇ ਕਿਸੇ ਹੋਰ ਮੈਂਬਰ ਦੁਆਰਾ ਕੀਤਾ ਜਾਂਦਾ ਹੈ।
ਧਨਖੜ ਦਾ ਰਾਜਨੀਤਿਕ ਸਫ਼ਰ
ਧਨਖੜ ਦਾ ਜਨਮ 18 ਮਈ 1951 ਨੂੰ ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਦੇ ਕਿਥਾਨਾ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੀ ਪੜ੍ਹਾਈ ਕੀਤੀ ਅਤੇ ਫ਼ਿਰ ਘਰਧਾਨਾ ਸਰਕਾਰੀ ਮਿਡਲ ਸਕੂਲ ਵਿੱਚ ਦਾਖਲਾ ਲਿਆ।
ਸਾਲ 1962 ਵਿੱਚ, ਉਸਨੇ ਸਕਾਲਰਸ਼ਿਪ 'ਤੇ ਚਿਤੌੜਗੜ੍ਹ ਸੈਨਿਕ ਸਕੂਲ ਵਿੱਚ ਦਾਖਲਾ ਲਿਆ।
ਉਨ੍ਹਾਂ ਨੇ ਮਹਾਰਾਜਾ ਕਾਲਜ, ਜੈਪੁਰ ਤੋਂ ਬੀਐੱਸਸੀ (ਭੌਤਿਕ ਵਿਗਿਆਨ ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਰਾਜਸਥਾਨ ਯੂਨੀਵਰਸਿਟੀ ਤੋਂ ਐੱਲਐੱਲਬੀ (1978-79) ਪੂਰੀ ਕੀਤੀ।
ਧਨਖੜ ਨੇ ਨਵੰਬਰ 1979 ਤੋਂ ਰਾਜਸਥਾਨ ਬਾਰ ਕੌਂਸਲ ਦੇ ਮੈਂਬਰ ਵਜੋਂ ਕਾਨੂੰਨ ਦਾ ਅਭਿਆਸ ਸ਼ੁਰੂ ਕੀਤਾ।
ਮਾਰਚ 1990 ਵਿੱਚ ਉਨ੍ਹਾਂ ਨੂੰ ਰਾਜਸਥਾਨ ਹਾਈ ਕੋਰਟ ਨੇ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਸੀ। ਧਨਖੜ 1990 ਤੋਂ ਸੁਪਰੀਮ ਕੋਰਟ ਵਿੱਚ ਵੀ ਪ੍ਰੈਕਟਿਸ ਕਰ ਰਹੇ ਹਨ।
ਉਨ੍ਹਾਂ ਦਾ ਸਿਆਸੀ ਸਫ਼ਰ 1989 ਵਿੱਚ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਜਨਤਾ ਦਲ ਦੀ ਟਿਕਟ (ਭਾਜਪਾ ਦੁਆਰਾ ਸਮਰਥਨ ਪ੍ਰਾਪਤ) 'ਤੇ ਝੁੰਝੁਨੂ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ।
ਉਹ 1990-91 ਦੌਰਾਨ ਕੇਂਦਰੀ ਰਾਜ ਮੰਤਰੀ (ਸੰਸਦੀ ਮਾਮਲਿਆਂ ਦਾ ਮੰਤਰਾਲਾ) ਵੀ ਰਹੇ।
ਜਨਤਾ ਦਲ ਨਾਲ ਮਨ-ਮਿਟਾਵ ਹੋਣ ਤੋਂ ਬਾਅਦ ਧਨਖੜ 1991 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਅਜਮੇਰ ਤੋਂ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਪਰ ਹਾਰ ਗਏ।
ਧਨਖੜ 2003 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ।
ਉਹ 1993-98 ਵਿਚਕਾਰ ਕਿਸ਼ਨਗੜ੍ਹ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹੇ। ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਆਪਣੇ ਕਾਰਜਕਾਲ ਦੌਰਾਨ ਉਹ ਕਈ ਅਹਿਮ ਸੰਸਦੀ ਕਮੇਟੀਆਂ ਦੇ ਮੈਂਬਰ ਰਹੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ