You’re viewing a text-only version of this website that uses less data. View the main version of the website including all images and videos.
ਅਨਮੋਲ ਗਗਨ ਮਾਨ ਦਾ ਅਸਤੀਫ਼ਾ ਨਾਮਨਜ਼ੂਰ, ਸਿਆਸਤ ਤੋਂ ਕਿਨਾਰਾ ਕਰਨ ਦਾ ਕੀਤਾ ਸੀ ਐਲਾਨ
ਅਨਮੋਲ ਗਗਨ ਮਾਨ ਦਾ ਵਿਧਾਇਕ ਵਜੋਂ ਦਿੱਤਾ ਅਸਤੀਫ਼ਾ ਪਾਰਟੀ ਨੇ ਨਾਮਨਜ਼ੂਰ ਕਰਨ ਦਾ ਫ਼ੈਸਲਾ ਲਿਆ ਹੈ।
ਇਸ ਬਾਰੇ ਜਾਣਕਾਰੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੱਲੋਂ ਆਪਣੇ ਐਕਸ ਹੈਂਡਲ ਉੱਤੇ ਸਾਂਝੀ ਕੀਤੀ ਗਈ ਹੈ।
ਉਨ੍ਹਾਂ ਨੇ ਲਿਖਿਆ, "ਅੱਜ ਅਨਮੋਲ ਗਗਨ ਮਾਨ ਨਾਲ ਪਰਿਵਾਰਕ ਮਾਹੌਲ ਵਿੱਚ ਮੁਲਾਕਾਤ ਹੋਈ। ਵਿਧਾਇਕਾ ਵੱਜੋਂ ਉਨ੍ਹਾਂ ਦੇ ਅਸਤੀਫ਼ੇ ਨੂੰ ਪਾਰਟੀ ਵੱਲੋਂ ਨਾਮਨਜ਼ੂਰ ਕਰਨ ਦਾ ਫ਼ੈਸਲਾ ਸੁਣਾਇਆ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮਿਲ ਕੇ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣ।"
"ਅਨਮੋਲ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਸੀ, ਹਨ ਅਤੇ ਬਣੇ ਰਹਿਣਗੇ।"
ਦਰਅਸਲ, ਆਮ ਆਦਮੀ ਪਾਰਟੀ ਦੇ ਖਰੜ ਸੀਟ ਤੋਂ ਵਿਧਾਇਕ ਅਤੇ ਗਾਇਕਾ ਅਨਮੋਲ ਗਗਨ ਮਾਨ ਨੇ 19 ਜੁਲਾਈ ਨੂੰ ਸਿਆਸਤ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਸੀ।
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫ਼ੇਸਬੁੱਕ ਉੱਤੇ ਇੱਕ ਪੋਸਟ ਵਿੱਚ ਲਿਖਿਆ ਕਿ ਉਹ ਭਰੇ ਦਿਲ ਨਾਲ ਸਿਆਸਤ ਛੱਡ ਰਹੇ ਹਨ।
ਅਨਮੋਲ ਗਗਨ ਮਾਨ ਨੇ ਲਿਖਿਆ ਸੀ, "ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫ਼ੈਸਲਾ ਲਿਆ ਹੈ। ਮੇਰਾ ਐੱਮਐੱਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫ਼ਾ ਸਵੀਕਾਰ ਕੀਤਾ ਜਾਵੇ।"
ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਦੇ ਭਵਿੱਖ ਬਾਰੇ ਲਿਖਿਆ, "ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ। ਮੈਨੂੰ ਉਮੀਦ ਹੈ, ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ |"
ਜ਼ਿਕਰਯੋਗ ਹੈ ਕਿ ਅਨਮੋਲ ਗਗਨ ਮਾਨ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਖਰੜ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ 37000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਵਿਧਾਇਕ ਬਣੇ ਸਨ।
ਪੇਸ਼ੇ ਤੋਂ ਗਾਇਕਾ ਅਨਮੋਲ ਦਾ ਸਿਆਸੀ ਸਫ਼ਰ
35 ਸਾਲਾ ਅਨਮੋਲ ਗਗਨ ਮਾਨ ਨੇ ਬਾਰ੍ਹਵੀਂ ਤੱਕ ਹੀ ਪੜ੍ਹਾਈ ਕੀਤੀ ਹੋਈ ਹੈ। ਉਹ ਪੇਸ਼ੇ ਤੋਂ ਇੱਕ ਪੰਜਾਬੀ ਗਾਇਕਾ ਹਨ।
ਉਨ੍ਹਾਂ ਨੇ ਸਾਲ 2020 ਵਿਚ ਆਪਣੀ ਮਾਂ ਸਣੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਜਿਸ ਤੋਂ ਬਾਅਦ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਸੀ।
ਅਨਮੋਲ ਗਗਨ ਮਾਨ ਨੇ 2022 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਤੇ ਜਿੱਤੀ ਸੀ।
ਅਨਮੋਲ ਗਗਨ ਨੇ ਕਈ ਗਾਣੇ ਗਾਏ ਹਨ ਪਰ 'ਕਾਲਾ ਸ਼ੇਰ' ਗਾਣੇ ਨਾਲ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ।
ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਦੀਆਂ ਉਨ੍ਹਾਂ 11 ਮਹਿਲਾ ਵਿਧਾਇਕਾਂ ਵਿੱਚੋਂ ਨੌਂ ਵਿੱਚ ਸ਼ਾਮਲ ਹਨ ਜੋ ਪਹਿਲੀ ਵਾਰ ਵਿਧਾਨ ਸਭਾ ਵਿੱਚ ਪਹੁੰਚੀਆਂ ਸਨ।
ਜੁਲਾਈ 2022 ਵਿੱਚ ਜਦੋਂ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸਥਾਰ ਕੀਤਾ ਗਿਆ ਸੀ ਉਸ ਸਮੇਂ ਅਨਮੋਲ ਗਗਨ ਮਾਨ ਨੂੰ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ ਤੇ ਨਿਵੇਸ਼ ਪ੍ਰੋਤਸਾਹਨ ਮੰਤਰਾਲੇ ਦਾ ਮੰਤਰੀ ਬਣਾਇਆ ਗਿਆ ਸੀ।
ਹਾਲਾਂਕਿ ਉਹ ਇਸ ਅਹੁਦੇ ਉੱਤੇ ਲੰਬਾ ਸਮਾਂ ਨਹੀਂ ਰਹੇ ਸਨ, ਸਤੰਬਰ 2024 ਵਿੱਚ ਕੈਬਿਨਟ ਵਿੱਚ ਹੋਏ ਫ਼ੇਰਬਦਲ ਦੌਰਾਨ ਉਨ੍ਹਾਂ ਤੋਂ ਮੰਤਰੀ ਦਾ ਅਹੁਦਾ ਵਾਪਸ ਲੈ ਲਿਆ ਗਿਆ ਸੀ।
ਕੇਜਰੀਵਾਲ ਐਨਥਮ ਗਾਉਣ ਵਾਲੀ ਗਾਇਕਾ
‘ਬਾਜ਼’ ਅਤੇ ‘ਸ਼ੇਰਨੀ’ ਵਰਗੇ ਪੰਜਾਬ ਗਾਣਿਆਂ ਨਾਲ ਮਸ਼ਹੂਰ ਹੋਈ ਗਾਇਕਾ ਅਨਮੋਲ ਗਗਨ ਮਾਨ ਨੇ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਗੀਤ ਗਾਇਆ ਸੀ।
ਜਿਸ ਨੂੰ 'ਕੇਜਰੀਵਾਲ ਐਨਥਮ' ਕਿਹਾ ਗਿਆ ਅਤੇ ਪੰਜਾਬ ਵਿਧਾਨ ਚੋਣਾਂ ਦੌਰਾਨ ਚੋਣ ਪ੍ਰਚਾਰ ਵਿੱਚ ਇਸ ਗੀਤ ਨੂੰ ਚਲਾਇਆ ਗਿਆ।
ਅਸਤੀਫ਼ੇ ਦਾ ਐਲਾਨ ਕਰਨ ਤੋਂ ਕੁਝ ਦਿਨ ਪਹਿਲਾਂ ਹੀ ਅਨਮੋਲ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ।
ਇਸ ਸਬੰਧੀ ਉਨ੍ਹਾਂ ਨੇ ਫ਼ੇਸਬੁੱਕ ਉੱਤੇ ਇੱਕ ਪੋਸਟ ਵਿੱਚ ਲਿਖਿਆ ਸੀ,“ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੱਖ-ਵੱਖ ਮਸਲਿਆਂ 'ਤੇ ਵਿਸਥਾਰ ਨਾਲ ਚਰਚਾ ਹੋਈ।”
“ਸਮਾਜ ਨੂੰ ਉੱਪਰ ਚੁੱਕਣ ਦਾ ਉਨ੍ਹਾਂ ਦਾ ਸੁਪਨਾ ਸਾਨੂੰ ਹਮੇਸ਼ਾਂ ਹੀ ਹੌਂਸਲੇ ਅਤੇ ਪ੍ਰੇਰਣਾ ਨਾਲ ਭਰ ਦਿੰਦਾ ਹੈ।”
ਜਦੋਂ ਕਿਹਾ ਸੀ, ‘5 ਮਿੰਟ ਚ ਐੱਮਐੱਸਪੀ ਦਿਆਂਗੇ’
ਅਨਮੋਲ ਗਗਨ ਮਾਨ ਐੱਮਐੱਸਪੀ ਬਾਰੇ ਆਪਣੇ ਬਿਆਨ ਨੂੰ ਲੈ ਕੇ ਕਾਫੀ ਚਰਚਾ ਵਿੱਚ ਆਏ ਸਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਨਮੋਲ ਗਗਨ ਮਾਨ ਨੇ ਕਿਹਾ ਸੀ, “ਤੁਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਓ, ਅਸੀਂ ਸਾਰੀਆਂ ਫਸਲਾਂ ਉੱਤੇ ਪੰਜ ਮਿੰਟ ਵਿੱਚ ਐੱਮਐੱਸਪੀ ਦੇਵਾਂਗੇ।”
ਹਾਲਾਂਕਿ ਬਾਅਦ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਅਨਮੋਲ ਗਗਨ ਮਾਨ ਨੂੰ ਐੱਮਐੱਸਪੀ ਬਾਰੇ ਦਿੱਤੇ ਉਨ੍ਹਾਂ ਦੇ ਬਿਆਨ ਉੱਤੇ ਵਿਰੋਧੀਆਂ ਨੇ ਘੇਰਿਆ ਸੀ।
ਫਿਰ ਅਨਮੋਲ ਗਗਨ ਮਾਨ ਨੇ ਇਸ ਬਾਰੇ ਸਫ਼ਾਈ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ, “ਮੈਂ ਕਿਸਾਨ ਪਰਿਵਾਰ ਦੀ ਧੀ ਹਾਂ ਤੇ ਮੈਂ ਚਾਹੁੰਦੀ ਹਾਂ ਕਿ ਕਿਸਾਨਾਂ ਨੂੰ ਐੱਮਐੱਸਪੀ ਮਿਲੇ। ਉਸ ਵੇਲੇ ਮੈਂ ਐੱਮਐੱਸਪੀ ਬਾਰੇ ਜਜ਼ਬਾਤੀ ਹੋ ਕੇ ਬਿਆਨ ਦੇ ਦਿੱਤਾ ਸੀ। ਸਿਸਟਮ ਦਾ ਹਿੱਸਾ ਬਣ ਕੇ ਮੈਨੂੰ ਸਮਝ ਆਈ ਹੈ ਕਿ ਪੰਜਾਬ ਸਰਕਾਰ ਇਸ ਮਸਲੇ ਬਾਰੇ ਹੌਲੀ-ਹੌਲੀ ਕੰਮ ਕਰ ਰਹੀ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ