You’re viewing a text-only version of this website that uses less data. View the main version of the website including all images and videos.
ਕੁਲਦੀਪ ਧਾਲੀਵਾਲ ਨੂੰ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਹੁਣ ਪੰਜਾਬ ਕੈਬਨਿਟ ਵਿੱਚ ਕਿਸ ਕੋਲ ਕਿਹੜਾ ਮਹਿਕਮਾ, ਕਿਸ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕੈਬਨਿਟ ਵਿੱਚ ਇੱਕ ਵਾਰ ਮੁੜ ਤੋਂ ਫ਼ੇਰਬਦਲ ਕੀਤਾ ਹੈ।
ਇਸ ਦੌਰਾਨ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।
ਪਰਵਾਸੀ ਭਾਰਤੀ ਮਾਮਲੇ ਅਤੇ ਉਦਯੋਗ ਮਹਿਕਮੇ ਦੇ ਮੰਤਰੀ ਬਣੇ ਸੰਜੀਵ ਅਰੋੜਾ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਹੁੰ ਚੁਕਵਾਈ।
ਕੈਬਨਿਟ ਦੇ ਫੇਰਬਦਲ ਵਿੱਚ ਕਰੀਬ ਸਾਢੇ ਤਿੰਨ ਸਾਲ ਮੰਤਰੀ ਰਹੇ ਅਜਨਾਲਾ ਹਲਕੇ ਤੋਂ ਵਿਧਾਇਕ ਕੁਲਦੀਪ ਧਾਲੀਵਾਲ ਦੀ ਕੈਬਿਨਟ ਮੰਤਰੀ ਵਜੋਂ ਛੁੱਟੀ ਹੋ ਗਈ ਹੈ।
ਕੁਲਦੀਪ ਧਾਲੀਵਾਲ ਕੋਲ ਪਰਵਾਸੀ ਭਾਰਤੀ ਮਹਿਕਮਾ ਸੀ ਜਿਸ ਦੀ ਜ਼ਿੰਮੇਵਾਰੀ ਹੁਣ ਸੰਜੀਵ ਅਰੋੜਾ ਨੂੰ ਦੇ ਦਿੱਤੀ ਗਈ ਹੈ।
ਉਦਯੋਗ ਵਿਭਾਗ ਅਰੋੜਾ ਤੋਂ ਪਹਿਲਾਂ ਤਰੁਨਪ੍ਰੀਤ ਸਿੰਘ ਸੋਂਧ ਕੋਲ ਸੀ। ਸੋਂਧ ਨੂੰ ਸਤੰਬਰ 2024 ਵਿੱਚ ਮੰਤਰੀ ਬਣਾਇਆ ਗਿਆ ਸੀ।
ਪੰਜਾਬ ਸਰਕਾਰ ਵੱਲੋਂ ਇਹ ਕੈਬਨਿਟ ਫੇਰਬਦਲ ਸੱਤਵੀਂ ਵਾਰ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਸੰਜੀਵ ਅਰੋੜਾ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, "ਅੱਜ ਪੰਜਾਬ ਰਾਜਭਵਨ, ਚੰਡੀਗੜ੍ਹ ਵਿਖੇ ਸੂਬੇ ਦੇ ਰਾਜਪਾਲ ਮਾਣਯੋਗ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਸੰਜੀਵ ਅਰੋੜਾ ਜੀ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ।"
"ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਦੀਆਂ ਬਹੁਤ-ਬਹੁਤ ਵਧਾਈਆਂ। ਮੈਨੂੰ ਉਮੀਦ ਹੈ ਕਿ ਸੰਜੀਵ ਅਰੋੜਾ ਜੀ ਪੰਜਾਬ ਦੇ ਲੋਕਾਂ ਦੀਆਂ ਆਸਾਂ-ਉਮੀਦਾਂ 'ਤੇ ਖਰੇ ਉਤਰਨਗੇ। ਪੰਜਾਬ ਦੇ ਵਿਕਾਸ ਅਤੇ ਸੂਬੇ ਦੇ 3 ਕਰੋੜ ਲੋਕਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ ਅਤੇ ਬਿਨ੍ਹਾਂ ਕਿਸੇ ਪੱਖਪਾਤ ਦੇ ਕੰਮ ਕਰਨਗੇ।"
ਮੌਜੂਦਾ ਪੰਜਾਬ ਵਜ਼ਾਰਤ ਵਿੱਚ ਮੁੱਖ ਮੰਤਰੀ ਸਮੇਤ 16 ਵਜ਼ੀਰ ਹੋ ਗਏ ਹਨ।
ਕੁਲਦੀਪ ਧਾਲੀਵਾਲ ਨੇ ਕੀ ਕਿਹਾ
ਕੁਲਦੀਪ ਧਾਲੀਵਾਲ ਨੇ ਇਸ ਫ਼ੈਸਲੇ ਤੋਂ ਕੁਝ ਸਮਾਂ ਪਹਿਲਾਂ ਐਕਸ 'ਤੇ ਲਿਖਿਆ,"ਆਪਣੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਹੈ।"
ਅਹੁਦੇ ਤੋਂ ਲਾਹੇ ਜਾਣ ਤੋਂ ਬਾਅਦ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ,"ਮੈਂ ਆਮ ਆਦਮੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ। ਮੈਨੂੰ ਕਈ ਮਹਿਕਮੇ ਦਿੱਤੇ ਗਏ। ਮੈਂ ਸਿਰਫ਼ ਕੰਮ ਵਿੱਚ ਧਿਆਨ ਦਿੰਦਾ ਹਾਂ।"
"ਮੈਂ ਮੰਤਰੀ ਬਣਨ ਨਹੀਂ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਆਇਆਂ ਹਾਂ।"
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਆਪਣੀ ਦੋਸਤੀ ਬਾਰੇ ਕਿਹਾ, "ਮੈਂ ਤੇ ਮਾਨ ਸਾਹਿਬ 1992 ਦੇ ਦੋਸਤ ਹਾਂ। ਅੱਜ ਵੀ ਉਨ੍ਹਾਂ ਨਾਲ ਦੋਸਤੀ ਓਨੀਂ ਹੀ ਹੈ। ਨਾ ਵਧੀ ਹੈ ਨਾ ਘਟੀ ਹੈ।"
ਕਿਹੜੇ ਮੰਤਰੀ ਕੋਲ ਕਿਹੜਾ ਮਹਿਕਮਾ
ਭਗਵੰਤ ਮਾਨ- ਸਿਵਲ ਏਵੀਏਸ਼ਨ, ਜਨਰਲ ਐਡਮਿਨਿਸਟ੍ਰੇਸ਼ਨ, ਗ੍ਰਹਿ ਮਾਮਲੇ ਅਤੇ ਨਿਆਂ, ਪਰਸੋਨਲ, ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਅਤੇ ਖੇਡਾਂ ਅਤੇ ਯੁਵਕ ਸੇਵਾਵਾਂ
ਹਰਪਾਲ ਸਿੰਘ ਚੀਮਾ- ਵਿੱਤ ਮੰਤਰਾਲੇ, ਯੋਜਨਾ, ਪ੍ਰੋਗਰਾਮ ਲਾਗੂ ਕਰਨਾ ਅਤੇ ਆਬਕਾਰੀ ਅਤੇ ਕਰ
ਅਮਨ ਅਰੋੜਾ- ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰਾਲੇ, ਪ੍ਰਿੰਟਿੰਗ ਤੇ ਸਟੇਸ਼ਨਰੀ, ਪ੍ਰਸ਼ਾਸਨ ਸੁਧਾਰ ਅਤੇ ਸ਼ਿਕਾਇਤਾਂ ਨੂੰ ਦੂਰ ਕਰਨਾ ਸਬੰਧ ਮਾਮਲੇ ਅਤੇ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਮੰਤਰਾਲੇ
ਡਾ. ਬਲਜੀਤ ਕੌਰ- ਸਮਾਜਿਕ ਨਿਆਂ ਸ਼ਕਤੀਕਰਨ ਤੇ ਘੱਟ ਗਿਣਤੀਆਂ ਅਤੇ ਸਮਾਜਿਕ ਸੁਰੱਖਿਆ, ਔਰਤਾਂ ਤੇ ਬਾਲ ਵਿਕਾਸ ਮੰਤਰਾਲੇ
ਸੰਜੀਵ ਅਰੋੜਾ - ਐੱਨਆਰਆਈ ਮਾਮਲੇ ਅਤੇ ਪ੍ਰਬੰਧਕੀ ਸੁਧਾਰ, ਨਿਵੇਸ਼ ਪ੍ਰਮੋਸ਼ਨ, ਉਦਯੋਗ ਤੇ ਵਣਜ
ਡਾ. ਬਲਬੀਰ ਸਿੰਘ- ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ
ਹਰਦੀਪ ਸਿੰਘ ਮੁੰਡੀਆਂ-ਮਾਲੀਆ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਪਾਣੀ ਦੀ ਸਪਲਾਈ ਤੇ ਸੈਨੀਟੇਸ਼ਨ ਅਤੇ ਰਿਹਾਇਸ਼ ਤੇ ਸ਼ਹਿਰੀ ਵਿਕਾਸ
ਲਾਲ ਸਿੰਘ ਕਟਾਰੂਚੱਕ- ਭੋਜਨ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਮਹਿਕਮਾ ਅਤੇ ਜੰਗਲੀ ਜੀਵ
ਲਾਲਜੀਤ ਸਿੰਘ ਭੁੱਲਰ- ਟ੍ਰਾਂਸਪੋਰਟ ਅਤੇ ਜੇਲ੍ਹ
ਹਰਜੋਤ ਸਿੰਘ ਬੈਂਸ- ਉੱਚ ਸਿੱਖਿਆ ਮੰਤਰਾਲੇ, ਸਕੂਲ ਸਿੱਖਿਆ ਮੰਤਰਾਲੇ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰਾਲੇ ਅਤੇ ਸੂਚਨਾ ਅਤੇ ਲੋਕ ਸੰਪਰਕ
ਹਰਭਜਨ ਸਿੰਘ- ਪਬਲਿਕ ਵਰਕਸ ਅਤੇ ਪਾਵਰ ਮੰਤਰਾਲੇ
ਬਰਿੰਦਰ ਕੁਮਾਰ ਗੋਇਲ- ਖਾਣਾਂ ਅਤੇ ਭੂ-ਵਿਗਿਆਨ, ਪਾਣੀ ਦੇ ਸਰੋਤ ਅਤੇ ਜ਼ਮੀਨ ਅਤੇ ਪਾਣੀ ਦੀ ਸੰਭਾਲ
ਤਰੁਨਪ੍ਰੀਤ ਸਿੰਘ ਸੋਂਦ- ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਸਬੰਧੀ ਮਹਿਕਮਾ, ਲੇਬਰ ਮੰਤਰਾਲੇ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ
ਡਾ. ਰਵਜੋਤ ਸਿੰਘ- ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲੇ
ਗੁਰਮੀਤ ਖੁੱਡੀਆਂ- ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰਾਲੇ ਅਤੇ ਫੂਡ ਪ੍ਰੋਸੈਸਿੰਗ
ਮੋਹਿੰਦਰ ਭਗਤ- ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਏ ਅਤੇ ਬਾਗ਼ਬਾਨੀ
ਪਹਿਲਾਂ ਕਦੋਂ ਹੋਇਆ ਕੈਬਨਿਟ ਵਿੱਚ ਫ਼ੇਰਬਦਲ
ਪੰਜਾਬ ਵਜ਼ਾਰਤ ਵਿੱਚ ਹੁਣ ਤੱਕ 7 ਵਾਰ ਫੇਰਬਦਲ ਹੋ ਚੁੱਕਿਆ ਹੈ।
ਪੰਜਾਬ ਵਿੱਚ ਸਾਲ 2022 ਵਿੱਚ 'ਆਪ' ਸਰਕਾਰ ਬਣਨ ਤੋਂ ਬਾਅਦ ਮਾਰਚ ਵਿੱਚ ਪਹਿਲਾਂ 10 ਮੰਤਰੀ ਚੁਣੇ ਗਏ ਸਨ।
ਇਨ੍ਹਾਂ ਵਿੱਚੋਂ ਬਾਅਦ ਵਿੱਚ ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਲੱਗੇ ਇਲਜ਼ਾਮਾਂ ਕਾਰਨ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਜੁਲਾਈ, 2022 ਵਿੱਚ ਕੁੱਲ ਪੰਜ ਵਿਧਾਇਕਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਸੀ।
ਜਿਨ੍ਹਾਂ ਵਿੱਚ ਡਾਕਟਰ ਇੰਦਰਬੀਰ ਸਿੰਘ ਨਿੱਜਰ, ਅਨਮੋਲ ਗਗਨ ਮਾਨ, ਅਮਨ ਅਰੋੜਾ, ਚੇਤਨ ਸਿੰਘ ਜੌੜਾ ਮਾਜਰਾ ਅਤੇ ਫੌਜਾ ਸਿੰਘ ਸਰਾਰੀ ਸ਼ਾਮਲ ਸਨ।
ਫਿਰ ਮਈ 2023 ਬਦਲ ਦੌਰਾਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲਜੀਤ ਸਿੰਘ ਭੁੱਲਰ ਦੇ ਮੰਤਰਾਲਿਆਂ ਵਿੱਚ ਬਦਲਾਅ ਹੋਇਆ ਸੀ।
ਇਸ ਤੋਂ ਇਲਾਵਾ ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਮੰਤਰਾਲੇ ਸੌਂਪੇ ਗਏ ਸਨ।
ਪਿਛਲੀ ਵਾਰ ਸਤੰਬਰ, 2024 ਨੂੰ ਪੰਜਾਬ ਵਜ਼ਾਰਤ ਵਿੱਚ ਫੇਰਬਦਲ ਕੀਤਾ ਗਿਆ ਸੀ। ਜਿਸ ਦੌਰਾਨ 5 ਨਵੇਂ ਚਿਹਰਿਆਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਸ ਵਿੱਚ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਸ਼ਾਮ ਚੁਰਾਸੀ ਤੋਂ ਵਿਧਾਇਕ ਡਾਕਟਰ ਰਵੀਜੋਤ ਸਿੰਘ, ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਜਲੰਧਰ ਪੱਛਮੀ ਤੋਂ ਮਹਿੰਦਰ ਭਗਤ ਅਤੇ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੂੰ ਕੈਬਨਿਟ ਵਿੱਚ ਥਾਂ ਮਿਲੀ ਸੀ।
ਇਹ ਪੰਜ ਨਵੇਂ ਚਿਹਰੇ ਪਹਿਲੀ ਵਾਰ ਦੇ ਵਿਧਾਇਕ ਹਨ।
ਜਦਕਿ ਕੁਝ ਮੰਤਰੀਆਂ ਦੀ ਛੁੱਟੀ ਕੀਤੀ ਗਈ ਸੀ ਜਿਨ੍ਹਾਂ ਵਿੱਚ ਚੇਤਨ ਸਿੰਘ ਜੌੜਾਮਾਜਰਾ, ਅਨਮੋਲ ਗਗਨ ਮਾਨ, ਬ੍ਰਹਮ ਸ਼ੰਕਰ ਜਿੰਪਾ, ਬਲਕਾਰ ਸਿੰਘ ਦਾ ਨਾਮ ਸ਼ਾਮਲ ਹੈ।
ਸਤੰਬਰ 2024 ਵਿੱਚ ਮੰਤਰੀ ਬਣੇ ਨਵੇਂ ਚਿਹਰੇ ਕੌਣ ਸਨ
ਤਰਨਪ੍ਰੀਤ ਸਿੰਘ ਸੌਂਦ: ਤਰਨਪ੍ਰੀਤ ਸਿੰਘ ਸੌਂਦ 2022 ਵਿੱਚ ਖੰਨਾ ਤੋਂ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਦੇ ਨਾਲ ਜ਼ਿਲ੍ਹਾ ਲੁਧਿਆਣਾ ਨੂੰ ਪਹਿਲੀ ਵਾਰ ਕੈਬਨਿਟ ਵਿੱਚ ਨੁਮਾਇੰਦਗੀ ਮਿਲੀ।
ਹਰਦੀਪ ਸਿੰਘ ਮੁੰਡੀਆਂ: ਹਰਦੀਪ ਸਿੰਘ ਮੁੰਡੀਆਂ ਦਾ ਸਬੰਧ ਸਾਹਨੇਵਾਲ ਵਿਧਾਨ ਸਭਾ ਹਲਕੇ ਤੋਂ ਹੈ। ਹਰਦੀਪ ਸਿੰਘ ਮੁੰਡੀਆਂ ਹਲਕਾ ਸਾਹਨੇਵਾਲ ਤੋਂ 2022 ਵਿੱਚ ਵਿਧਾਇਕ ਚੁਣੇ ਗਏ।
ਮੋਹਿੰਦਰ ਪਾਲ ਭਗਤ: ਮੋਹਿੰਦਰ ਪਾਲ ਭਗਤ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਭਗਤ ਚੂੰਨੀ ਲਾਲ ਦੇ ਪੁੱਤਰ ਹਨ। ਭਗਤ ਚੂੰਨੀ ਭਾਜਪਾ ਦੇ ਸੀਨੀਅਰ ਆਗੂ ਰਹੇ ਹਨ। ਦਸਵੀਂ ਪਾਸ ਮੋਹਿੰਦਰ ਭਗਤ ਬਚਪਨ ਤੋਂ ਹੀ ਆਰਐੱਸਐੱਸ ਨਾਲ ਜੁੜੇ ਹੋਏ ਸਨ ਅਤੇ ਉਹ 1997 ਤੋਂ 1999 ਤੱਕ ਭਾਰਤੀ ਜਨਤਾ ਪਾਰਟੀ ਐੱਸਸੀਮੋਰਚਾ ਦੇ ਜਨਰਲ ਸਕੱਤਰ ਵੀ ਰਹੇ ਹਨ ਅਤੇ ਪੇਸ਼ੇ ਵਜੋਂ ਉਹ ਖੇਡਾਂ ਦਾ ਸਮਾਨ ਤਿਆਰ ਕਰਦੇ ਹਨ।
ਬਰਿੰਦਰ ਕੁਮਾਰ ਗੋਇਲ: ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਹਨ। ਬਰਿੰਦਰ ਕੁਮਾਰ ਗੋਇਲ ਪੇਸ਼ੇ ਤੋਂ ਵਕੀਲ ਅਤੇ ਕਾਰੋਬਾਰੀ ਹਨ।
ਬਰਿੰਦਰ ਕੁਮਾਰ ਗੋਇਲ ਬਾਰ ਐਸੋਸੀਏਸ਼ਨ ਸੁਨਾਮ ਦੇ 2 ਵਾਰ ਪ੍ਰਧਾਨ ਰਹੇ ਹਨ ਅਤੇ 1992 ਵਿੱਚ ਉਨ੍ਹਾਂ ਪਹਿਲੀ ਵਾਰ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਲਹਿਰਾਗਾਗਾ ਵਿਧਾਨ ਸਭਾ ਦੀ ਚੋਣ ਲੜੀ ਸੀ ਪਰ ਸਫ਼ਲਤਾ ਨਹੀਂ ਮਿਲੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ