You’re viewing a text-only version of this website that uses less data. View the main version of the website including all images and videos.
ਕੌਣ ਹਨ ਰੀਨਾ ਗੁਪਤਾ ਤੇ ਦੀਪਕ ਚੌਹਾਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਅਹਿਮ ਅਹੁਦਿਆਂ 'ਤੇ ਨਿਯੁਕਤ ਕੀਤਾ
ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ ਕਈ ਵਿਭਾਗਾਂ, ਕਾਰਪੋਰੇਸ਼ਨਾਂ ਅਤੇ ਬੋਰਡਾਂ ਦੇ ਚੇਅਰਮੈਨ, ਡਾਇਰੈਕਟਰ ਅਤੇ ਮੈਂਬਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਪੰਜਾਬ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਉੱਤੇ ਆ ਗਈ ਹੈ।
ਵਿਰੋਧੀ ਪਾਰਟੀਆਂ ਦਾ ਇਲਜ਼ਾਮ ਹੈ ਕਿ ਨਿਯੁਕਤ ਕੀਤੇ ਗਏ ਵਿਅਕਤੀਆਂ ਵਿੱਚੋਂ ਕਈ ਗ਼ੈਰ ਪੰਜਾਬੀ ਹਨ, ਜੋ ਪਹਿਲਾਂ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਪੰਜਾਬ ਵਿੱਚ ਅਹਿਮ ਅਹੁਦਿਆਂ ਉੱਤੇ ਨਿਯੁਕਤ ਕੀਤਾ ਗਿਆ ਹੈ।
ਵਿਰੋਧ ਧਿਰਾਂ ਵੱਲੋਂ ਖ਼ਾਸ ਤੌਰ ਉੱਤੇ ਦੋ ਨਾਵਾਂ ਦੀ ਨਿਯੁਕਤੀ ਉੱਤੇ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਇੱਕ ਨਾਮ ਹੈ ਰੀਨਾ ਗੁਪਤਾ ਦਾ ਜਿਨ੍ਹਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਲਾਇਆ ਗਿਆ ਹੈ ਅਤੇ ਦੂਜਾ ਨਾਮ ਹੈ ਦੀਪਕ ਚੌਹਾਨ ਦਾ ਜਿਨ੍ਹਾਂ ਨੂੰ ਪੰਜਾਬ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਨਿੱਜੀ ਸੋਸ਼ਲ ਮੀਡੀਆ ਖ਼ਾਤੇ ਉੱਤੇ ਜਾਰੀ ਕੀਤੀ ਗਈ ਸੂਚੀ ਦੇ ਮੁਤਾਬਕ 31 ਵਿਅਕਤੀਆਂ ਦੀ ਵੱਖ-ਵੱਖ ਵਿਭਾਗਾਂ ਵਿੱਚ ਨਿਯੁਕਤੀ ਕੀਤੀ ਗਈ ਹੈ।
ਹਾਲਾਂਕਿ ਇਸ ਸੂਚੀ ਵਿੱਚ ਰੀਨਾ ਗੁਪਤਾ ਦਾ ਨਾਮ ਨਹੀਂ ਸੀ, ਉਨ੍ਹਾਂ ਦੀ ਨਿਯੁਕਤੀ ਲਈ ਇੱਕ ਵੱਖਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ।
ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਨਵ-ਨਿਯੁਕਤ ਕੀਤੇ ਗਏ ਸਾਰੇ ਅਹੁਦੇਦਾਰਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਮਾਨ ਨੇ ਟਵੀਟ ਵਿੱਚ ਲਿਖਿਆ, "'ਰੰਗਲਾ ਪੰਜਾਬ' ਟੀਮ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਸਾਰੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਆਉਣ ਵਾਲੇ ਦਿਨਾਂ 'ਚ ਹੋਰ ਵਲੰਟੀਅਰਾਂ ਨੂੰ ਵੀ ਜ਼ਿੰਮੇਵਾਰੀਆਂ ਮਿਲਣਗੀਆਂ। ਪਿਆਰ ਅਤੇ ਵਿਸ਼ਵਾਸ ਬਣਾਈ ਰੱਖਿਓ।"
ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਪੋਸਟ ਤੋਂ ਬਾਅਦ ਵਿਰੋਧੀ ਧਿਰਾਂ ਅਤੇ ਕੁਝ ਕਾਰਕੁੰਨਾਂ ਵੱਲੋਂ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਗਿਆ।
ਕੌਣ ਹਨ ਰੀਨਾ ਗੁਪਤਾ ਅਤੇ ਦੀਪਕ ਚੌਹਾਨ
ਰੀਨਾ ਗੁਪਤਾ ਆਮ ਆਦਮੀ ਪਾਰਟੀ ਦੇ ਆਗੂ ਹਨ ਅਤੇ ਦਿੱਲੀ ਵਿੱਚ ਪਾਰਟੀ ਦੇ ਬੁਲਾਰੇ ਵੱਜੋਂ ਕੰਮ ਕਰਦੇ ਰਹੇ ਹਨ।
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀਆਂ ਪ੍ਰੈੱਸ ਕਾਨਫਰੰਸਾਂ ਨੂੰ ਸੰਬੋਧਨ ਕਰਦੇ ਰਹੇ ਹਨ। ਮੀਡੀਆ ਨੂੰ ਦਿੱਤੀਆਂ ਜਾਣ ਵਾਲੀਆਂ ਇੰਟਰਵਿਊਆਂ ਵਿੱਚ ਰੀਨਾ ਗੁਪਤਾ ਕੇਂਦਰ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਰਹੇ ਹਨ।
ਉਹ ਦਿੱਲੀ ਵਿੱਚ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਗੋਪਾਲ ਰਾਏ ਸਮੇਤ ਹੋਰ ਕਈ ਆਪ ਆਗੂਆਂ ਦੇ ਸਲਾਹਕਾਰ ਵਜੋਂ ਕੰਮ ਕਰਦੇ ਰਹੇ ਹਨ। ਉਹ ਦਿੱਲੀ ਦੇ ਰਾਜ ਪੱਧਰੀ ਵਾਤਾਵਰਣ ਪ੍ਰਭਾਵ ਮੁਲਾਂਕਣ ਅਥਾਰਟੀ (ਐੱਸਈਆਈਏਏ) ਦੇ ਮੈਂਬਰ ਵੀ ਹਨ।
ਰੀਨਾ ਗੁਪਤਾ ਦੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਰੀਨਾ ਗੁਪਤਾ ਨੇ 2013 ਵਿੱਚ ਵਿਸ਼ਵ ਬੈਂਕ ਦਾ ਅਹੁਦਾ ਛੱਡ ਕੇ ਸਰਗਰਮ ਰਾਜਨੀਤੀ ਵਿੱਚ ਕਦਮ ਰੱਖਿਆ।
2011 ਵਿੱਚ ਦਿੱਲੀ ਵਿੱਚ ਰੀਨਾ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਰੀਨਾ ਗੁਪਤਾ ਦਿੱਲੀ ਵਿੱਚ ਪ੍ਰਦੂਸ਼ਣ ਨਿਯੰਤਰਣ ਕਰਨ ਲਈ ਥਿੰਕ ਟੈਂਕ ਵੱਜੋਂ ਕੰਮ ਕਰਦੇ ਰਹੇ ਹਨ।
ਪੰਜਾਬ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਦੀਪਕ ਚੌਹਾਨ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਨਾਲ ਦੇਖਿਆ ਜਾਂਦਾ ਰਿਹਾ ਹੈ।
ਆਪਣਾ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਲੰਟੀਅਰ ਰਹਿ ਚੁੱਕੇ ਇੱਕ ਆਗੂ ਨੇ ਦੱਸਿਆ, "ਦੀਪਕ ਚੌਹਾਨ ਯੂਪੀ ਤੋਂ ਹੈ ਅਤੇ ਉਹ ਸੰਦੀਪ ਪਾਠਕ ਦੇ ਅਣਐਲਾਨੇ ਪੀਏ ਵੱਜੋਂ ਕੰਮ ਕਰਦੇ ਹਨ ਅਤੇ ਹਰ ਥਾਂ ਉੱਤੇ ਸੰਦੀਪ ਪਾਠਕ ਦੇ ਨਾਲ ਹੁੰਦੇ ਹਨ। ਇਸ ਕਰਕੇ ਉਨ੍ਹਾਂ ਨੂੰ ਪੰਜਾਬ ਵਿੱਚ ਅਹੁਦੇ ਬਖਸ਼ੇ ਗਏ ਹਨ।"
ਹਾਲਾਂਕਿ ਇਨ੍ਹਾਂ ਨਿਯੁਕਤੀਆਂ ਉੱਤੇ ਉੱਠੇ ਸਵਾਲਾਂ ਬਾਰੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।
ਆਮ ਆਦਮੀ ਪਾਰਟੀ ਦਾ ਕੀ ਪ੍ਰਤੀਕਰਮ?
ਵਿਰੋਧੀ ਧਿਰਾਂ ਵੱਲੋਂ ਲਗਾਤਾਰ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਇਸ ਮਾਮਲੇ ਤੋਂ ਜਾਣੂ ਨਹੀਂ ਹਨ ਇਸ ਕਰਕੇ ਉਹ ਮਾਮਲੇ ਉੱਤੇ ਕੋਈ ਪ੍ਰਤੀਕਰਮ ਨਹੀਂ ਦੇ ਸਕਦੇ।
ਫਿਰ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀ ਇਸ ਮਾਮਲੇ ਵਿੱਚ ਕੋਈ ਪ੍ਰਤੀਕਰਮ ਦੇਣ ਤੋਂ ਇਨਕਾਰ ਕਰ ਦਿੱਤਾ।
'ਪੰਜਾਬ ਦੇ ਲੋਕਾਂ ਨਾਲ ਹੋ ਰਿਹਾ ਧੋਖਾ'
"ਪੰਜਾਬ ਦੇ ਲੋਕਾਂ ਵੱਲੋਂ ਚੁਣੀ ਗਈ ਸਰਕਾਰ, ਪੰਜਾਬ ਦੇ ਅਹਿਮ ਵਿਭਾਗਾਂ ਉੱਤੇ ਬਾਹਰੋਂ ਚੇਅਰਮੈਨ ਲਗਾ ਰਹੀ ਹੈ, ਇਹ ਲੋਕਤੰਤਰਿਕ ਢੰਗ ਨਹੀਂ ਹੈ।"
ਇਹ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਰਾਜਨੀਤਕ ਵਿਭਾਗ ਦੇ ਹੈੱਡ ਸਤਨਾਮ ਸਿੰਘ ਦਾ। ਸਤਨਾਮ ਸਿੰਘ ਪੰਜਾਬ ਦੀ ਰਾਜਨੀਤੀ ਬਾਰੇ ਡੂੰਘੀ ਸਮਝ ਰੱਖਦੇ ਹਨ।
ਉਹ ਕਹਿੰਦੇ ਹਨ, "ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ, ਜਦੋਂ ਆਮ ਆਦਮੀ ਪਾਰਟੀ ਦੇ ਆਗੂ ਇਹ ਦਲੀਲ ਦਿੰਦੇ ਹਨ ਕਿ ਅਸੀਂ ਯੋਗਤਾ ਦੇ ਅਨੁਸਾਰ ਬਾਹਰੀ ਸੂਬਿਆਂ ਦੇ ਲੋਕਾਂ ਦੀਆਂ ਨਿਯੁਕਤੀਆਂ ਕਰ ਰਹੇ ਹਾਂ ਤਾਂ ਇਹ ਹੋਰ ਜ਼ਿਆਦਾ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਪੰਜਾਬ ਤੋਂ ਯੋਗ ਉਮੀਦਵਾਰ ਨਹੀਂ ਮਿਲ ਰਹੇ।"
"ਪੰਜਾਬ ਨੇ ਚੰਗੇ ਸੂਝਵਾਨ ਲੀਡਰ, ਰਣਨੀਤੀਘਾੜੇ ਪੈਦਾ ਕੀਤੇ ਹਨ। ਹੁਣ ਕਿਵੇਂ ਹੋ ਸਕਦਾ ਕਿ ਪੰਜਾਬ ਵਿੱਚ ਯੋਗ ਉਮੀਦਵਾਰ ਨਾ ਹੋਣ।"
ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਿਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ʼਤੇ ਇਤਰਾਜ਼ ਜਤਾਇਆ।
ਉਨ੍ਹਾਂ ਨੇ ਐਕਸ 'ਤੇ ਪੋਸਟ ਕਰਕੇ ਲਿਖਿਆ, "ਭਗਵੰਤ ਮਾਨ ਨੇ ਦੋ ਹੋਰ ਮੁੱਖ ਅਹੁਦੇ - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਅਤੇ ਪੰਜਾਬ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਕੇਜਰੀਵਾਲ ਦੀ ਸਕੱਤਰ ਰੀਨਾ ਗੁਪਤਾ (ਦਿੱਲੀ 'ਆਪ' ਯੂਨਿਟ ਦੀ ਸਲਾਹਕਾਰ) ਅਤੇ ਦੀਪਕ ਚੌਹਾਨ (ਸੰਦੀਪ ਪਾਠਕ ਦੇ ਯੂਪੀ ਤੋਂ ਕਰੀਬੀ ਸਾਥੀ ) ਨੂੰ ਸੌਂਪ ਦਿੱਤੇ ਹਨ।"
ਸੁਖਬੀਰ ਬਾਦਲ ਨੇ ਅੱਗੇ ਲਿਖਿਆ, "ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਬਾਹਰੀ ਲੋਕਾਂ ਨੂੰ ਸਾਰੇ ਮਹੱਤਵਪੂਰਨ ਅਹੁਦੇ ਨਹੀਂ ਸੌਂਪੇ ਗਏ। ਇਨ੍ਹਾਂ ਦਾ ਇਰਾਦਾ ਸਾਫ਼ ਹੈ ਇਹ ਦਿੱਲੀ ਦੀ ਆਪ ਲੀਡਰਸ਼ਿਪ ਪੰਜਾਬ ਦੇ ਉਦਯੋਗ ਨੂੰ ਲੁੱਟ ਕੇ ਆਪਣੇ ਖਜ਼ਾਨੇ ਭਰਨਾ ਚਾਹੁੰਦੀ ਹੈ। ਭਗਵੰਤ ਮਾਨ ਲੁੱਟ ਦੀ ਇਸ ਯੋਜਨਾਬੱਧ ਸਾਜਿਸ਼ ਵਿੱਚ ਸਹਿਯੋਗੀ ਬਣ ਗਏ ਹਨ।"
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ, "ਦੀਪਕ ਚੌਹਾਨ, ਆਮ ਆਦਮੀ ਪਾਰਟੀ ਦੇ ਸਾਬਕਾ ਬੌਸ ਸੰਦੀਪ ਪਾਠਕ ਦਾ ਪੀਏ, ਜੋ ਉੱਤਰ ਪ੍ਰਦੇਸ਼ ਤੋਂ ਹੈ, ਹੁਣ ਪੰਜਾਬ ਦੇ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਹਨ।"
"ਕੋਈ ਉਦਯੋਗਿਕ ਤਜਰਬਾ ਨਹੀਂ? ਪੰਜਾਬੀ ਨਹੀਂ? ਯੋਗਤਾ ਤੋਂ ਵੱਧ ਵਫ਼ਾਦਾਰੀ? ਅਤੇ ਹਾਂ, ਸਾਰੀਆਂ ਸਹੂਲਤਾਂ ਪੰਜਾਬੀਆਂ ਦੇ ਮਿਹਨਤ ਨਾਲ ਕਮਾਏ ਟੈਕਸਾਂ ਤੋਂ ਆਉਂਦੀਆਂ ਹਨ। ਇਸ ਦੌਰਾਨ, ਰੀਨਾ ਗੁਪਤਾ, ਇੱਕ ਹੋਰ ਗ਼ੈਰ-ਪੰਜਾਬੀ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ