ਜਦੋਂ ਇੱਕ ਦਿਨ 'ਚ 21 ਘੰਟੇ ਹੁੰਦੇ ਸਨ, ਹੁਣ ਸੈਕਿੰਡ ਨੂੰ ਮੁੜ ਪ੍ਰਭਾਸ਼ਿਤ ਕਰਨ ਦੀ ਲੋੜ ਕਿਉਂ ਹੈ

    • ਲੇਖਕ, ਕਾਰਲੋਸ ਸੇਰਾਨੋ
    • ਰੋਲ, ਬੀਬੀਸੀ ਪੱਤਰਕਾਰ

ਕੀ ‘ਸੈਕਿੰਡ’ ਬਾਰੇ ਗੱਲ ਕਰਨ ਲਈ ਤੁਹਾਡੇ ਕੋਲ ਇੱਕ ਮਿੰਟ ਹੈ?

ਸਮੇਂ ਦੀ ਬੁਨਿਆਦੀ ਮਾਪ ਇਕਾਈ, ਜਿਸ ’ਤੇ ਸਾਡੇ ਮਾਪ ਸਿਸਟਮ ਦੇ ਕਈ ਹੋਰ ਪਹਿਲੂ ਅਧਾਰਿਤ ਹਨ, 70 ਸਾਲ ਤੋਂ ਨਹੀਂ ਬਦਲੀ ਹੈ।

ਫਰਾਂਸ ਦੇ ਪੈਰਿਸ ਵਿੱਚ ਇੰਟਰਨੈਸ਼ਨਲ ਬਿਓਰੋ ਆਫ ਵੇਟਸ ਐਂਡ ਮੈਜ਼ਰਜ਼ (BIPM) ਦੇ ਖੋਜਾਰਥੀਆਂ ਨੇ ਇਹ ਮੰਨਿਆ ਹੈ।

ਇਹ ਸੰਸਥਾ ਦੁਨੀਆਂ ਭਰ ਵਿੱਚ ਮਾਪ ਇਕਾਈਆਂ ਦੀ ਮਿਆਰਤਾ ਬਰਕਰਾਰ ਰੱਖਣ ਲਈ ਜ਼ਿੰਮੇਵਾਰ ਹੈ।

ਬੀਆਈਪੀਐੱਮ ਦੇ ਵਿਗਿਆਨੀ ਕਈ ਦੇਸ਼ਾਂ ਦੇ ਮਾਹਿਰਾਂ ਨਾਲ ਮਿਲ ਕੇ ਸੈਕਿੰਡ ਨੂੰ ਮਾਪਣ ਦਾ ਤਰੀਕਾ ਬਦਲਣ ਦੀ ਤਿਆਰੀ ਕਰ ਰਹੇ ਹਨ।

ਇਹ ਕਾਫ਼ੀ ਸੰਜੀਦਾ ਕੰਮ ਹੈ, ਜਿਸ ਦਾ ਨਤੀਜਾ ਸਾਡੇ ਬ੍ਰਹਿਮੰਡ ਬਾਰੇ ਸਮਝਣ ਦੇ ਤਰੀਕੇ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਇੱਕ ਸੈਕਿੰਡ ਕੀ ਹੈ ?

ਕੌਮਾਂਤਰੀ ਮਾਪ ਸਿਸਟਮ ਵਿੱਚ ਸੈਕਿੰਡ, ਸਮੇਂ ਨੂੰ ਮਾਪਣ ਵਾਲੀ ਮੁੱਢਲੀ ਇਕਾਈ ਹੈ।

ਅਸਲ ਵਿੱਚ, ਦੂਜੀਆਂ ਮੁੱਢਲੀਆਂ ਇਕਾਈਆਂ ਜਿਵੇਂ ਕਿ ਮੀਟਰ (ਲੰਬਾਈ), ਕਿੱਲੋ(ਭਾਰ), ਐਂਪ (ਕਰੰਟ) ਅਤੇ ਕੈਲਵਿਨ (ਤਾਪਮਾਨ) ਸੈਕਿੰਡ ਦੇ ਰੂਪ ਵਿੱਚ ਪਰਭਾਸ਼ਿਤ ਕੀਤੀਆਂ ਜਾਂਦੀਆਂ ਹਨ।

ਇਸ ਲਈ ਉਦਾਹਰਨ ਵਜੋਂ, ਬੀਪੀਆਈਐੱਮ ਮੈਟਰੋ ਨੂੰ ਇਸ ਤਰ੍ਹਾਂ ਪਰਭਾਸ਼ਿਤ ਕਰਦੇ ਹਨ ਕਿ, 1/299,792,458 ਪ੍ਰਤੀ ਸੈਕੰਡ ਦੇ ਸਮੇਂ ਵਿੱਚ ਰੌਸ਼ਨੀ ਵੱਲੋਂ ਤੈਅ ਕੀਤੀ ਜਾਣ ਵਾਲੀ ਦੂਰੀ।

ਹਜ਼ਾਰਾਂ ਸਾਲ ਤੋਂ, ਮਨੁੱਖਤਾ ਨੇ ਸਮੇਂ ਦੀ ਇਕਾਈ ਦੀ ਪਰਿਭਾਸ਼ਾ ਦੇਣ ਲਈ ਖ਼ਗੋਲ ਵਿਗਿਆਨ ਵਰਤਿਆ ਹੈ।

ਪਰ 1967 ਤੋਂ, ਸੈਕਿੰਡ ਦੀ ਪਰਿਭਾਸ਼ਾ ਐਟਮਜ਼ (ਪਰਮਾਣੂਆਂ) ਦੇ ਨਿਰੀਖਣ ਤੋਂ ਲਈ ਜਾ ਰਹੀ ਹੈ।

ਅਜਿਹਾ ਇਸ ਲਈ ਕਿਉਂਕਿ ਪਰਮਾਣੂ, ਧਰਤੀ ਦੀ ਰੋਟੇਸ਼ਨ(ਘੁੰਮਣ) ਤੋਂ ਵੱਧ ਸਹੀ ਢੰਗ ਨਾਲ ਵਰਤਾਅ ਕਰਦੇ ਹਨ।

ਵਿਗਿਆਨੀਆਂ ਨੇ ਨਿਰੀਖਣ ਕੀਤਾ ਹੈ ਕਿ ਲੱਖਾਂ ਸਾਲਾਂ ਤੋਂ ਧਰਤੀ ਥੋੜ੍ਹਾ ਹੋਰ ਹੌਲੀ ਘੁੰਮਦੀ ਆ ਰਹੀ ਹੈ। ਜਿਸ ਕਾਰਨ ਔਸਤਨ 1.8 ਮਿਲੀ ਸੈਕੰਡ ਪ੍ਰਤੀ ਸੈਂਚਰੀ (ਸੌ ਸਾਲ) ਦੇ ਹਿਸਾਬ ਨਾਲ ਦਿਨ ਵੱਡੇ ਹੋਏ ਹਨ।

ਉਦਾਹਰਨ ਵਜੋਂ, 600 ਮਿਲੀਅਨ ਸਾਲ ਪਹਿਲਾਂ, ਦਿਨ ਸਿਰਫ਼ 21 ਘੰਟੇ ਦਾ ਹੁੰਦਾ ਸੀ।

ਸਾਲ 2020 ਵਿੱਚ ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਪਿਛਲੇ 50 ਸਾਲਾਂ ਦੌਰਾਨ ਸਾਡੇ ਗ੍ਰਹਿ ਨੇ ਵਧੇਰੇ ਤੇਜ਼ ਘੁੰਮਣਾ ਸ਼ੁਰੂ ਕਰ ਦਿੱਤਾ ਹੈ।

ਇਸ ਲਈ ਭਾਵੇਂ ਇਹ ਅਗੋਚਰ (ਆਮ ਨਜ਼ਰ ਤੇ ਸਮਝ ਤੋਂ ਪਰ੍ਹੇ) ਹੈ, ‘ਖਗੋਲੀ ਸੈਕਿੰਡ’ ਹਮੇਸ਼ਾ ਇੱਕੋ ਜਿਹਾ ਨਹੀਂ ਹੁੰਦਾ।

ਦੂਜੇ ਪਾਸੇ ਪਰਮਾਣੂ ਕਣ ਵਧੇਰੇ ਸਹੀ ਢੰਗ ਨਾਲ ਅਤੇ ਅਨੁਮਾਨਤ ਢੰਗ ਨਾਲ ਚਲਦੇ ਹਨ।

ਸੈਕਿੰਡ ਬਾਰੇ ਖਾਸ ਗੱਲਾਂ:

  • ਸਮੇਂ ਦੀ ਬੁਨਿਆਦੀ ਮਾਪ ਇਕਾਈ 70 ਸਾਲ ਤੋਂ ਨਹੀਂ ਬਦਲੀ ਹੈ।
  • ਤਕਨੀਕ ਸੰਕੇਤ ਦਿੰਦੀ ਹੈ ਕਿ ਸੈਕਿੰਡ ਦੀ ਪਰਿਭਾਸ਼ਾ ਅਪਡੇਟ ਕਰਨ ਦੀ ਲੋੜ ਹੈ।
  • ਸੈਕੰਡ ਨੂੰ ਅਪਡੇਟ ਕਰਨ ਦਾ ਮੁੱਖ ਕਾਰਨ ਚੀਜ਼ਾਂ ਤਰਤੀਬ ਵਿੱਚ ਰੱਖਣਾ ਹੈ।
  • ਦੁਨੀਆ ਦੇ ਮਾਪਾਂ ਦਾ ਢਾਂਚਾ ਸੈਕੰਡ ‘ਤੇ ਨਿਰਭਰ ਕਰਦਾ ਹੈ।

ਪਰਮਾਣੂ ਸੈਕਿੰਡ

ਸਾਲ 1967 ਤੋਂ ਸੈਕਿੰਡ ਇੱਕ ਖਾਸ ਮਾਈਕਰੋ ਤਰੰਗਾਂ ਦੇ ਸੰਪਰਕ ਵਿੱਚ ਲਿਆਂਦੇ ਤੱਤ ਸੇਜ਼ੀਅਮ 133 ਪਰਮਾਣੂ ਦੇ ਕਣਾਂ ਦੇ ਝੂਲਣ ‘ਤੇ ਅਧਾਰਿਤ ਪਰਿਭਾਸ਼ਿਤ ਹੋਣ ਲੱਗਾ।

ਇਸ ਨੂੰ ਮਾਪਣ ਲਈ ਵਰਤੇ ਜਾਂਦੇ ਯੰਤਰ ਨੂੰ ਪਰਮਾਣੂ ਘੜੀ (ਐਟਮੀ ਘੜੀ) ਕਿਹਾ ਜਾਂਦਾ ਹੈ।

ਇਨ੍ਹਾਂ ਮਾਈਕਰੋ ਤਰੰਗਾਂ ਹੇਠ, ਸੇਜ਼ੀਅਮ 133 ਇੱਕ ਪੈਂਡੂਲਮ ਦੀ ਤਰ੍ਹਾਂ ਵਰਤਾਅ ਕਰਦਾ ਹੈ ਜੋ ਹਰ ਹਰ ਸੈਕੰਡ 9,192,631,770 ਵਾਰ ਝੂਲਦਾ ਹੈ।

ਉਸ ਸਮੇਂ, ਜਿਹੜੇ ਸੈਕਿੰਡ ਨੂੰ ਝੂਲਣ ਦੀ ਗਿਣਤੀ ਕਰਨ ਲਈ ਹਵਾਲੇ ਵਜੋਂ ਲਿਆ ਗਿਆ ਸੀ, 1957 ਦੇ ਇੱਕ ਦਿਨ ’ਤੇ ਅਧਾਰਿਤ ਸੀ ਜੋ ਕਿ ਧਰਤੀ, ਚੰਦਰਮਾ ਅਤੇ ਤਾਰਿਆਂ ਦੇ ਵਿਹਾਰ ਤੋਂ ਤੈਅ ਕੀਤਾ ਗਿਆ ਸੀ।

ਇਸ ਤਰੀਕੇ ਨਾਲ ਬੀਆਈਪੀਐੱਮ ਨੇ ਸਥਾਪਿਤ ਕੀਤਾ ਕਿ ਸੈਕਿੰਡ ਦਾ ਰਸਮੀ ਮਾਪ ਸੇਜ਼ੀਅਮ 133 ਦੇ ਕਣਾਂ ਦੇ ਝੂਲਣ ਦੀ ਗਿਣਤੀ ਤੋਂ ਪਰਭਾਸ਼ਿਤ ਕੀਤਾ ਜਾਏਗਾ।

ਸੌਖੇ ਸ਼ਬਦਾਂ ਵਿੱਚ, ਅੱਜ ਸੈਕੰਡ ਦੀ ਪਰਿਭਾਸ਼ਾ ਹੈ ਕਿ ਜੋ ਸਮਾਂ ਸੇਜ਼ੀਅਮ 9,192,631,770 ਵਾਰ ਝੂਲਣ ਵਿੱਚ ਲੈਂਦਾ ਹੈ।

ਇਹ ਵੀ ਪੜ੍ਹੋ:

ਨਵਾਂ ਸੈਕਿੰਡ

ਪਰ ਉਸ ਪਰਿਭਾਸ਼ਾ ਦੇ ਗਿਣਵੇਂ ਦਿਨ ਜਾਪਦੇ ਹਨ।

ਪਰਮਾਣੂ ਆਪਟੀਕਲ ਘੜੀਆਂ ਕਰੀਬ ਇੱਕ ਦਹਾਕੇ ਤੱਕ ਹੋਂਦ ਵਿੱਚ ਰਹੀਆਂ ਹਨ, ਜਿਨ੍ਹਾਂ ਕੋਲ ਪਰਮਾਣੂਆਂ ਦੀ ਟਿਕ-ਟਿਕ ਦੇ ਨਿਰੀਖਣ ਦੀ ਯੋਗਤਾ ਹੁੰਦੀ ਹੈ, ਜੋ ਸੇਜ਼ੀਅਮ ਤੋਂ ਵੱਧ ਤੇਜ਼ੀ ਨਾਲ ਝੂਲਦੇ ਹਨ।

ਉਦਾਹਰਨ ਵਜੋਂ ਕੁਝ ਈਟਰਬੀਅਮ, ਸਟ੍ਰੋਬ, ਮਰਕਰੀ ਅਤੇ ਐਲੂਮੀਨੀਅਮ ਦੀਆਂ ਟਿਕ ਗਿਣਦੇ ਹਨ।

ਇਹ ਉਵੇਂ ਹੈ, ਜਿਵੇਂ ਜੇ ਪਰਮਾਣੂ ਘੜੀ ਨੂੰ ਮੈਗਨੀਫਾਇੰਗ ਗਲਾਸ (ਵੱਡਦਰਸ਼ੀ ਸ਼ੀਸ਼ੇ) ਵਿੱਚ ਰੱਖਿਆ ਜਾਵੇ ਜੋ ਵਧੇਰੇ ਔਸੀਲੇਸ਼ਨਜ਼(ਝੂਲਣ) ਦਿਖਾ ਸਕੇ, ਜਿਸ ਨਾਲ ਸੈਕੰਡ ਨੂੰ ਹੋਰ ਸਹੀ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਜਾ ਸਕੇ।

ਅੱਜ ਕਈ ਦੇਸ਼ਾਂ ਵਿੱਚ ਅਜਿਹੀਆਂ ਹਜ਼ਾਰਾਂ ਆਪਟੀਕਲ ਘੜੀਆਂ ਹਨ ਜਿਨ੍ਹਾਂ ਜ਼ਰੀਏ ਉਨ੍ਹਾਂ ਵੱਲੋਂ ਲਏ ਗਏ ਮਾਪਾਂ ਦੀ ਤੁਲਨਾ ਕੀਤੀ ਜਾ ਸਕਦੀ ਹੈ ਤਾਂ ਕਿ ਨਤੀਜੇ ਤਸਦੀਕ ਹੋ ਸਕਣ।

ਬੀਈਪੀਐੱਮ ਪਰਮਾਣੂ ਆਪਟੀਕਲ ਘੜੀਆਂ ਜ਼ਰੀਏ ਸੈਕਿੰਡ ਨੂੰ ਮਾਪਣ ਦੀ ਯੋਜਨਾ ਬਣਾ ਰਿਹਾ ਹੈ, ਪਰ

ਵਰਤੇ ਜਾਣ ਵਾਲੇ ਮਾਪਦੰਡ ’ਤੇ ਫ਼ਿਲਹਾਲ ਕੰਮ ਕੀਤਾ ਜਾ ਰਿਹਾ ਹੈ।

ਬੀਬੀਸੀ ਮੁੰਡੋ ਨੂੰ ਬੀਈਪੀਐੱਮ ਦੀ ਮੌਸਮ ਟੀਮ ਦੇ ਇੱਕ ਖੋਜਾਰਥੀ ਗੇਰਾਡ ਪੇਟਿਟ ਨੇ ਕਿਹਾ ਕਿ ਸਭ ਤੋਂ ਅਹਿਮ ਚੀਜ਼ ਆਪਟੀਕਲ ਘੜੀਆਂ ਦੀ ਸ਼ੁੱਧਤਾ(ਸਹੀ ਹੋਣਾ) ਚੈੱਕ ਕੀਤੇ ਜਾਣਾ ਹੈ।

ਹੁਣ ਤੱਕ ਆਪਟੀਕਲ ਘੜੀਆਂ ਦੀ ਸਭ ਤੋਂ ਬਿਹਤਰ ਤੁਲਨਾ ਇੱਕੋ ਪ੍ਰਯੋਗਸ਼ਾਲਾ ਦੀਆਂ ਘੜੀਆਂ ਵਿਚਕਾਰ ਹੋਈ ਹੈ।

ਪੇਟਿਟ ਮੁਤਾਬਕ ਚੁਣੌਤੀ ਵੱਖਰੀਆਂ ਪ੍ਰਯੋਗਸ਼ਾਲਾਵਾਂ ਦੀਆਂ ਕਈ ਘੜੀਆਂ ਵਿਚਕਾਰ ਤੁਲਨਾ ਕਰਨਾ ਹੈ।

ਇਸ ਦੇ ਨਾਲ ਹੀ, ਤੁਹਾਨੂੰ ਪੀਰੀਆਡਕ ਟੇਬਲ (ਆਵਰਤੀ ਸਾਰਣੀ) ਦਾ ਐਲੀਮੈਂਟ(ਤੱਤ) ਚੁਣਨਾ ਹੁੰਦਾ ਹੈ ਜਿਸ ਦਾ ਪਰਮਾਣੂ ਸੇਜ਼ੀਅਮ ਬਦਲਣ ਲਈ ਹਵਾਲੇ ਵਜੋਂ ਲਿਆ ਜਾਵੇ।

ਇਸ ਦੇ ਨਾਲ ਹੀ, ਪਰਮਾਣੂ ਘੜੀਆਂ ਬਹੁਤ ਜ਼ਿਆਦਾ ਕੰਪਲੈਕਸ ਯੰਤਰ ਹਨ, ਕਈਆਂ ਨੂੰ ਕਾਰਵਾਈ ਲਈ ਪੂਰੀ ਪ੍ਰਯੋਗਸ਼ਾਲਾ ਦੀ ਲੋੜ ਹੁੰਦੀ ਹੈ।

“ਇਨ੍ਹਾਂ ਯੰਤਰਾਂ ਵੱਲੋਂ ਦਰਪੇਸ਼ ਕੁਝ ਚੁਣੌਤੀਆਂ, ਜਿਵੇਂ ਕਿ ਪਰਮਾਣੂਆਂ ਦੇ ਸਹੀ ਢੰਗ ਨਾਲ ਝੂਲਣ ਲਈ ਚਾਹੀਦੀ ਉਸੇ ਤਰ੍ਹਾਂ ਦੀ ਲੇਜ਼ਰ ਲਾਈਟ ਛੱਡਣਾ, ਜਾਂ ਘੱਟੋ-ਘੱਟ ਵਕਫ਼ਿਆਂ ਵਾਲੀ ਅਤਿ-ਤੇਜ਼ ਲੇਜ਼ਰ ਪਲਸ ਹੋਣਾ ਤਾਂ ਕਿ ਲਾਜ਼ਮੀ ਗਿਣੀਆਂ ਜਾਣ ਵਾਲੀਆਂ ਔਸੀਲੇਸ਼ਨਜ਼ ਗਿਣੇ ਬਿਨ੍ਹਾਂ ਰਹਿ ਨਾ ਜਾਣ“, ਨੈਸ਼ਨਲ ਇੰਸਟਿਚਿਊਟ ਆਫ ਸਟੈਂਡਰਡਜ਼ ਐਂਡ ਟੈਕਨਾਲਜੀ ਦੀ ਸਮਾਂ ਅਤੇ ਬਾਰੰਬਾਰਤਾ ਡਵੀਜ਼ਨ ਦੇ ਲਾਈਵ ਸਾਇੰਸ ਪੋਰਟਲ ਖੋਜਾਰਥੀ ਜੈਫਰੀ ਸ਼ਰਮਨ ਨੇ ਕਿਹਾ।

“ਜੇ ਸਭ ਕੁਝ ਯੋਜਨਾ ਮੁਤਾਬਕ ਚਲਦਾ ਹੈ ਤਾਂ ਜੂਨ ਮਹੀਨੇ ਮਾਪਦੰਡ ਪਰਿਭਾਸ਼ਤ ਕਰਨੇ ਸ਼ੁਰੂ ਹੋ ਜਾਣਗੇ ਅਤੇ ਨਵਾਂ ਸੈਕੰਡ 2030 ਤੋਂ ਲਾਗੂ ਹੋ ਜਾਏਗਾ।” ਪੇਟਿਟ ਨੇ ਕਿਹਾ।

ਰਹੱਸ ਬੇਪਰਦਾ ਕਰਨਾ

ਸੈਕੰਡ ਦੀ ਪਰਿਭਾਸ਼ਾ ਬਦਲ ਜਾਣ ਬਾਅਦ ਕੀ ਹੋਏਗਾ ?

“ਕੁਝ ਨਹੀਂ”, ਹੱਸਦਿਆਂ ਪੇਟਿਟ ਨੇ ਕਿਹਾ।

“ਕੁਝ ਸਮੇਂ ਲਈ ਉਸ ਪਰਿਭਾਸ਼ਾ ਨਾਲ ਰਿਹਾ ਜਾ ਸਕਦਾ ਹੈ ਜੋ ਪੂਰੀ ਤਰ੍ਹਾਂ ਸਹੀ ਨਹੀਂ ਹੈ, ਪਰ ਕੁਝ ਸਮੇਂ ਬਾਅਦ ਇਹ ਨਾਸਮਝੀ ਬਣ ਜਾਏਗੀ।”, ਪੇਟਿਟ ਕਹਿੰਦੇ ਹਨ।

“ਰੋਜ਼ਾਨਾ ਜੀਵਨ ਵਿੱਚ ਭਾਵੇਂ ਕੁਝ ਬਦਲਾਅ ਨਾ ਆਵੇ, ਪਰ ਵਿਗਿਆਨ ਵਿੱਚ ਉਹ ਪਰਿਭਾਸ਼ਤ ਕਰਨਾ ਜ਼ਰੂਰੀ ਹੈ ਜੋ ਸੰਭਵ ਤੌਰ ’ਤੇ ਸਭ ਤੋਂ ਵਧੀਆ ਮਾਪ ‘ਤੇ ਅਧਾਰ ਹੈ।”

ਇਸ ਦੇ ਨਾਲ, ਸਮੇਂ ਨੂੰ ਅਤਿ-ਸਹੀ ਤਰੀਕੇ ਨਾਲ ਮਾਪਣ ਨਾਲ ਸਾਨੂੰ ਪਹਿਲਾਂ ਗਲਤ ਸਮਝੇ ਗਏ ਵਰਤਾਰੇ ਨੂੰ ਸਮਝਣ ਵਿੱਚ ਮਦਦ ਮਿਲੇਗੀ।

ਐੱਨਆਈਐੱਸਟੀ ਸਮਝਾਉਂਦਾ ਹੈ, ਕਿ ਉਦਾਹਰਨ ਵਜੋਂ ਆਈਨਸਟਾਈਨ ਦੇ ‘ਸਾਪੇਖਤਾ ਦੇ ਸਿਧਾਂਤ’ ਵੱਲੋਂ ਵਿਆਖਿਅਤ ਸਪੇਸ-ਟਾਈਮ ਡਿਸਟੌਰਸ਼ਨ ਮਾਪਣ ਲਈ ਆਪਟੀਕਲ ਘੜੀਆਂ ਪਹਿਲਾਂ ਹੀ ਵਰਤੀਆਂ ਜਾ ਰਹੀਆਂ ਹਨ।

ਆਪਟੀਕਲ ਘੜੀਆਂ ਇੰਨੀਆਂ ਸਹੀ ਹਨ ਕਿ ਇੱਕ ਸੈਂਟੀਮੀਟਰ ਤੱਕ ਦੀ ਉਚਾਈ ਦੇ ਫ਼ਰਕ ’ਤੇ ਪਈਆਂ ਦੋ ਘੜੀਆਂ ਵਿਚਕਾਰ ਫਰਕ ਵੀ ਦਿਖਾ ਸਕਦੀਆਂ ਹਨ।

ਅਜਿਹਾ ਇਸ ਲਈ ਕਿਉਂਕਿ ਧਰਤੀ ਦੇ ਗੁਰੂਤਾਆਕਰਸ਼ਨ ਕਰਕੇ ਸਮਾਂ ਸਮੁੰਦਰੀ ਤਲ ’ਤੇ ਪਹਾੜਾਂ ਨਾਲ਼ੋਂ ਹੌਲੀ ਚਲਦਾ ਹੈ।

ਇਹ ਅਤਿ-ਸਹੀ ਘੜੀਆਂ ਰਹੱਸਮਈ ‘ਡਾਰਕ ਮੈਟਰ’ ਨੂੰ ਵੀ ਖੋਜ ਸਕਦੀਆਂ ਹਨ, ਅਜਿਹਾ ਘਟਕ ਜਿਸ ਨਾਲ 25 ਫੀਸਦੀ ਬ੍ਰਹਿਮੰਡ ਬਣਿਆ ਹੋਇਆ ਹੈ ਪਰ ਜਿਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।

ਇਸ ਤਕਨੀਕ ਨਾਲ, ਵਿਗਿਆਨੀ ਕੁਝ ਅਜਿਹਾ ਲੱਭ ਸਕਦੇ ਹਨ ਜੋ ਆਮ ਪਦਾਰਥ (ਮੈਟਰ) ਅਤੇ ਸਪੇਸ-ਟਾਈਮ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਉਹ ਮੁਢਲੀਆਂ ਗੁਰੂਤਾਆਕਰਸ਼ਨ ਤਾਰੰਗਾਂ ਸਬੰਧੀ ਸੁਰਾਗ ਦੇ ਸਕਦਾ ਹੈ ਜੋ ਸਪੇਸ-ਟਾਈਮ ਦਾ ਅਕਾਰ ਬਦਲਣ ਵਾਲੇ ਬਿਗ ਬੈਂਗ ਦੀਆਂ ਧੁਨਾਂ ਹਨ ਹੈ, ਝੀਲ ਵਿੱਚ ਸੁੱਟੇ ਪੱਥਰ ਦੀ ਤਰ੍ਹਾਂ ਹੈ।

ਪਰਮਾਣੂ ਘੜੀਆਂ ਉਨ੍ਹਾਂ ਬਦਲਾਵਾਂ ਨੂੰ ਲੱਭ ਸਕਦੀਆਂ ਹਨ ਅਤੇ ਸਾਨੂੰ ਬ੍ਰਹਿਮੰਡ ਦੇ ਮੂਲ(ਸ਼ੁਰੂਆਤ) ਬਾਰੇ ਹੋਰ ਸੁਰਾਗ ਦੇ ਸਕਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)