You’re viewing a text-only version of this website that uses less data. View the main version of the website including all images and videos.
ਫੀਫਾ ਵਿਸ਼ਵ ਕੱਪ ਨੂੰ ਕਤਰ ਨੇ ਕਿਸ ਤਰ੍ਹਾਂ ਇਸਲਾਮਿਕ ਰੂਪ ਦੇਣ ਦੀ ਕੋਸ਼ਿਸ਼ ਕੀਤੀ, ਜਿਸਦੀ ਚਰਚਾ ਹੋ ਰਹੀ ਹੈ
ਕਤਰ ਵਿੱਚ ਕਰਵਾਇਆ ਗਿਆ ਫੀਫਾ ਵਿਸ਼ਵ ਕੱਪ ਅਰਜਨਟੀਨਾ ਦੀ ਜਿੱਤ ਦੇ ਨਾਲ ਹੀ ਖ਼ਤਮ ਹੋ ਗਿਆ।
ਅਰਜਨਟੀਨਾ ਤੀਜੀ ਵਾਰ ਚੈਂਪੀਅਨ ਬਣਿਆ ਅਤੇ ਇਸ ਜਿੱਤ ਵਿੱਚ ਲਿਓਨਲ ਮੈਸੀ ਦੀ ਸਭ ਤੋਂ ਵੱਡੀ ਭੂਮਿਕਾ ਰਹੀ।
ਅਰਜਨਟੀਨਾ ਨੇ ਇਸ ਤੋਂ ਪਹਿਲਾਂ 1978 ਅਤੇ 1986 ਵਿੱਚ ਫੀਫਾ ਵਿਸ਼ਵ ਕੱਪ ਜਿੱਤਿਆ ਸੀ। ਇਸ ਵਾਰ ਦਾ ਵਿਸ਼ਵ ਕੱਪ ਜਿਸ ਤਰ੍ਹਾਂ ਦਾ ਹੋਇਆ, ਉਸ ਤਰ੍ਹਾਂ ਦਾ ਪਹਿਲਾਂ ਕਦੇ ਨਹੀਂ ਹੋਇਆ, ਅਜਿਹਾ ਜਾਣਕਾਰ ਮੰਨਦੇ ਹਨ।
ਇਹ ਪਹਿਲੀ ਵਾਰੀ ਸੀ ਕਿ ਵਿਸ਼ਵ ਕੱਪ ਇੱਕ ਮੁਸਲਿਮ ਦੇਸ਼ ਵਿੱਚ ਹੋਇਆ।
ਕਤਰ ਵਿੱਚ ਇਸ ਈਵੈਂਟ ਨੂੰ ਅਰਬ ਅਤੇ ਇਸਲਾਮਿਕ ਛੋਹ ਦੇਣ ਲਈ ਲੰਬਾ ਸਫ਼ਰ ਤੈਅ ਕੀਤਾ ਗਿਆ। ਕਤਰ ਨੇ ਫੀਫਾ ਦੇ ਪ੍ਰਬੰਧ ਲਈ 220 ਅਰਬ ਡਾਲਰ ਦਾ ਨਿਵੇਸ਼ ਕੀਤਾ।
ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਜਦੋਂ ਵਿਸ਼ਵ ਕੱਪ ਚੁੱਕਣ ਜਾ ਰਹੇ ਸੀ ਤਾਂ ਕਤਰ ਦੇ ਸ਼ਾਸਕ ਸ਼ੇਖ ਤਾਮਿਨ ਬਿਨ ਹਮਾਦ ਅਲ-ਥਾਨੀ ਨੇ ਉਨ੍ਹਾਂ ਦੇ ਮੋਢਿਆਂ ‘ਤੇ ਇੱਕ ਕਾਲਾ ਕੱਪੜਾ ਪਾ ਦਿੱਤਾ। ਇਹ ਅਰਬ ਦੇ ਪੁਰਸ਼ਾਂ ਦਾ ਰਵਾਇਤੀ ਚੋਗਾ ਹੁੰਦਾ ਹੈ।
ਇਸ ਚੋਗੇ ਨਾਲ ਮੈਸੀ ਦੀ ਸ਼ਰਟ ਢਕੀ ਗਈ ਸੀ। ਇੱਥੋਂ ਤੱਕ ਕਿ ਉਨ੍ਹਾਂ ਦਾ ਨੈਸ਼ਨਲ ਬੈਜ ਵੀ ਢਕਿਆ ਗਿਆ ਸੀ। ਇਸ ਦੌਰਾਨ ਫੀਫਾ ਪ੍ਰਮੁੱਖ ਮੁਸਕਰਾਉਂਦੇ ਦਿਸੇ।
ਅਰਬ ਦੇ ਲੋਕ ਇਸ ਪਰੰਪਰਾ ਦੇ ਸਨਮਾਨ ਲਈ ਤਾਰੀਫ਼ ਕਰ ਰਹੇ ਹਨ, ਪਰ ਪੱਛਮ ਦੇ ਟਵਿੱਟਰ ਯੂਜ਼ਰ ਇਸ ਦੀ ਅਲੋਚਨਾ ਕਰ ਰਹੇ ਹਨ।
ਅਰਜਨਟੀਨਾ ਦੇ ਸਾਬਕਾ ਫੁੱਟਬਾਲ ਖਿਡਾਰੀ ਪਾਬਲੋ ਜਾਬਲੇਟਾ ਨੇ ਪੁੱਛਿਆ ਹੈ, “ਇਹ ਚੋਗਾ ਕਿਉਂ? ਇਸ ਦੀ ਕੋਈ ਜ਼ਰੂਰਤ ਨਹੀਂ ਸੀ।”
20 ਨਵੰਬਰ ਨੂੰ ਕਤਰ ਵਿੱਚ ਫੀਫਾ ਵਿਸ਼ਵ ਕੱਪ ਦਾ ਆਗਾਜ਼ ਹੋਇਆ ਤਾਂ ਇੱਕ ਮਹਿਲਾ ਗਾਇਕ ਰਵਾਇਤੀ ਬੁਰਕੇ ਵਿੱਚ ਸੀ। ਇਸ ਤਰ੍ਹਾਂ ਚਿਹਰਾ ਢਕਣਾ 'ਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਮਨਾਹੀ ਹੈ।
ਮੁੱਖ ਬਿੰਦੂ
- ਮੇਜ਼ਬਾਨੀ ਅਤੇ ਕਾਮਿਆਂ ਦੇ ਹੱਕਾਂ ਤੇ ਸੁਰੱਖਿਆ ਨਾਲ ਜੁੜੇ ਵਿਵਾਦਾਂ ਦੇ ਨਾਲ ਨਾਲ ਕਤਰ ਵਿਸ਼ਵ ਕੱਪ ਰੋਚਕ ਮੁਕਾਬਲਿਆਂ ਨੂੰ ਲੈ ਕੇ ਵੀ ਚਰਚਾ ’ਚ ਰਿਹਾ।
- ਮੇਜ਼ਬਾਨ ਟੀਮ ਸ਼ੁਰੂਆਤੀ ਮੈਚ ਹਾਰ ਗਈ ਤੇ ਕ੍ਰੋਏਸ਼ੀਆ ਤੇ ਮੋਰੱਕੋ ਦੀਆਂ ਟੀਮਾਂ ਨੇ ਇਤਿਹਾਸ ਲਿਖਿਆ।
- ਕਤਰ ਦੇ ਲੂਸੈਲ ਸਟੇਡੀਅਮ ਵਿੱਚ ਫ਼ਰਾਂਸ ਦੇ ਅਰਜਨਟੀਨਾ ਦੀਆਂ ਟੀਮਾਂ ਨੇ ਦਿਖਾਇਆ ਕਿ ਫ਼ੁੱਟਬਾਲ ’ਚ ਜਿੱਤ ਕਿੰਨੀ ਔਖੀ ਤੇ ਰੋਚਕ ਹੋ ਸਕਦੀ ਹੈ।
- ਮਿੱਥੇ ਸਮੇਂ ਤੋਂ ਅੱਧਾ ਘੰਟਾ ਵੱਧ ਚਲੇ ਮੈਚ ਵਿੱਚ ਦੋਵਾਂ ਟੀਮਾਂ ਨੇ 3-3 ਗੋਲ ਦਾਗ਼ੇ ਤੇ ਨਤੀਜਾ ਪਨੈਲਟੀ ਸ਼ੂਟ-ਆਉਟ ਰਾਹੀਂ ਤੈਅ ਹੋਇਆ।
- ਅਰਜਨਟੀਨਾ ਦੇ ਗੋਲਕੀਪਰ ਐਮਿਲਿਆਨੋ ਮਾਰਟੀਨੇਜ਼ ਦਾ ਜਾਦੂ ਸਭ ਨੂੰ ਕੀਲ ਗਿਆ ਉਨ੍ਹਾਂ ਫ਼ਰਾਂਸ ਦਾ ਹੌਸਲਾ ਤੋੜਿਆ ਤੇ ਆਪਣੀ ਟੀਮ ਨੂੰ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਈ।
ਇਸਲਾਮਿਕ ਛੋਹ
ਇਸ ਤੋਂ ਇਲਾਵਾ ਕੁਰਾਨ ਦੀ ਇੱਕ ਆਇਤ ਵੀ ਪੜ੍ਹੀ ਗਈ ਸੀ। ਸੋਸ਼ਲ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਤਰ ਦੇ ਕੁਝ ਹੋਟਲਾਂ ਵਿੱਚ ਮਹਿਮਾਨਾਂ ਨੂੰ ਇਸਲਾਮ ਬਾਰੇ ਸਮਝ ਵਧਾਉਣ ਲਈ ਕਿਊਆਰ (QR) ਕੋਡ ਦੀ ਪੇਸ਼ਕਸ਼ ਕੀਤੀ ਗਈ।
ਇਸ ਤੋਂ ਇਲਾਵਾ ਮੁਸਲਮਾਨ ਵਲੰਟੀਅਰ ਮਹਿਮਾਨਾਂ ਨੂੰ ਇਸਲਾਮਿਕ ਫ਼ੈਸ਼ਨ ਬਾਰੇ ਦੱਸਦੇ ਦਿਸੇ।
ਅਮਰੀਕੀ ਕੇਬਲ ਨਿਊਜ਼ ਚੈਨਲ ਸੀਐੱਨਐੱਨ ਨੇ ਕਤਰ ਵਿੱਚ ਵਿਸ਼ਵ ਕੱਪ ਦੇ ਪ੍ਰਬੰਧ ਅਤੇ ਉਸ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਦੇਖਣ ਵਾਲੀ ਸੁਪਰੀਮ ਕਮੇਟੀ ਫੀਫਾ ਨੂੰ ਇਸਲਾਮਿਕ ਛੋਹ ਦੇਣ ਨੂੰ ਲੈ ਕੇ ਸਵਾਲ ਪੁੱਛਿਆ ਸੀ।
ਪਰ ਕੋਈ ਜਵਾਬ ਨਹੀਂ ਮਿਲਿਆ ਸੀ, ਪਰ ਇਸ ਸਵਾਲ ਤੋਂ ਪਹਿਲਾਂ ਸੀਐਨਐਨ ਨੂੰ ਕਤਰ ਦੀ ਸੁਪਰੀਮ ਕਮੇਟੀ ਨੇ ਇੱਕ ਬਿਆਨ ਦਿੱਤਾ ਸੀ।
ਇਸ ਬਿਆਨ ਵਿੱਚ ਕਿਹਾ ਸੀ, “ਅਸੀਂ ਸੰਮਲਿਤ ਅਤੇ ਭੇਦ-ਭਾਵ ਰਹਿਤ ਵਿਸ਼ਵ ਕੱਪ ਲਈ ਵਚਨਬੱਧ ਹਾਂ। ਸਾਰਿਆਂ ਦਾ ਕਤਰ ਵਿੱਚ ਸਵਾਗਤ ਹੈ।"
"ਪਰ ਅਸੀਂ ਇੱਕ ਰੂੜ੍ਹੀਵਾਦੀ ਮੁਲਕ ਹਾਂ ਅਤੇ ਇੱਥੇ ਜਨਤਕ ਤੌਰ ’ਤੇ ਪਿਆਰ ਮੁਹੱਬਤ ਨਾਲ ਜੁੜੀਆਂ ਗਤੀਵਿਧੀਆਂ ਨਹੀਂ ਕਰ ਸਕਦੇ। ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਉਹ ਸਾਡੇ ਸੱਭਿਆਚਾਰ ਦਾ ਸਨਮਾਨ ਕਰਨ।”
ਕਤਰ ਵਿੱਚ ਫੀਫਾ ਵਿਸ਼ਵ ਕੱਪ ਕਵਰ ਕਰਨ ਆਏ ਪੱਛਮ ਦੇ ਪੱਤਰਕਾਰਾਂ ’ਤੇ ਇਹ ਇਲਜ਼ਾਮ ਲੱਗਿਆ ਕਿ ਉਹ ਅਰਬ ਅਤੇ ਮੁਸਲਮਾਨਾਂ ਬਾਰੇ ਪੱਖਪਾਤ ਫੈਲਾ ਰਹੇ ਹਨ।
ਟਾਈਮਜ਼ ਆਫ ਲੰਡਨ ਨੇ ਇੱਕ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ ਸੀ ਕਿ ਕਤਰ ਦੇ ਲੋਕ ਬੀਬੀਆਂ ਨੂੰ ਪੱਛਮੀ ਪਹਿਰਾਵੇ ਵਿੱਚ ਦੇਖਣ ਦੇ ਆਦੀ ਨਹੀਂ ਹਨ।
ਸੋਸ਼ਲ ਮੀਡੀਆ ਉੱਤੇ ਇਸ ਨੂੰ ਲੈ ਕੇ ਵਿਵਾਦ ਹੋਇਆ ਤਾਂ ਇਹ ਕੈਪਸ਼ਨ ਡਿਲੀਟ ਕਰਨਾ ਪਿਆ।
ਕਤਰ ਦੀ 29 ਲੱਖ ਦੀ ਅਬਾਦੀ ਵਿੱਚ ਕਰੀਬ 87 ਫੀਸਦੀ ਪਰਵਾਸੀ ਹਨ ਅਤੇ ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪੱਛਮੀ ਦੇਸ਼ਾਂ ਤੋਂ ਹਨ।
ਕਤਰ ਵਿੱਚ ਫੀਫਾ ਵਿਸ਼ਵ ਕੱਪ ਦੇ ਪ੍ਰਬੰਧ ਨੂੰ ਲੈ ਕੇ ਪੱਛਮੀ ਮੀਡੀਆ ਵਿੱਚ ਜੋ ਅਲੋਚਨਾ ਹੋ ਰਹੀ ਸੀ, ਉਸ ਨੂੰ ਫੀਫਾ ਮੁਖੀ ਜਯਾਨੀ ਇਨਫੈਂਟੀਨੋ ਨੇ ਖ਼ਾਰਜ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਕਤਰ ਨਾਲ ਹਮਦਰਦੀ ਜਤਾਈ ਸੀ।
ਫੀਫਾ ਮੁਖੀ ਨੇ ਕੀ ਕਿਹਾ?
ਫੀਫਾ ਮੁਖੀ ਨੇ ਕਤਰ ਵਿੱਚ ਵਰਲਡ ਕੱਪ ਦੇ ਉਦਘਾਟਨ ਤੋਂ ਪਹਿਲਾਂ ਕਿਹਾ ਸੀ, “ਅੱਜ ਲੱਗ ਰਿਹਾ ਹੈ ਕਿ ਮੈਂ ਕਤਰ ਦਾ ਹਾਂ। ਅੱਜ ਮੈਂ ਖੁਦ ਨੂੰ ਅਰਬ ਦਾ ਮਹਿਸੂਸ ਕਰ ਰਿਹਾ ਹਾਂ। ਅੱਜ ਮੈਂ ਖੁਦ ਨੂੰ ਅਫ਼ਰੀਕੀ ਵਜੋਂ ਦੇਖ ਰਿਹਾ ਹਾਂ।"
"ਅੱਜ ਮੈਂ ਖੁਦ ਨੂੰ ਸਮਲਿੰਗੀ ਮਹਿਸੂਸ ਕਰ ਰਿਹਾ ਹਾਂ। ਅੱਜ ਮੈਂ ਖੁਦ ਨੂੰ ਵਿਕਲਾਂਗ ਦੀ ਤਰ੍ਹਾਂ ਮਹਿਸੂਸ ਕਰ ਰਿਹਾ ਹਾਂ। ਅੱਜ ਮੈਂ ਖੁਦ ਨੂੰ ਪਰਵਾਸੀ ਕਾਮੇ ਵਜੋਂ ਦੇਖ ਰਿਹਾ ਹਾਂ। ਪੱਛਮ ਆਪਣੇ ਪਖੰਡਾਂ ਨਾਲ ਘਿਰਿਆ ਹੋਇਆ ਹੈ ਅਤੇ ਦੂਜਿਆਂ ਨੂੰ ਨੈਤਿਕਤਾ ਦਾ ਸੰਦੇਸ਼ ਦੇ ਰਿਹਾ ਹੈ।”
ਸਮਾਚਾਰ ਏਜੰਸੀ ਏਪੀ ਮੁਤਾਬਕ, ਵਿਸ਼ਵ ਕੱਪ ਦੌਰਾਨ ਬਾਹਰੋਂ ਆਏ ਫੁੱਟਬਾਲ ਪ੍ਰੇਮੀਆਂ ਨੂੰ ਕਤਰ ਇਸਲਾਮ ਬਾਰੇ ਦੱਸਣ ਲਈ ਬੇਕਰਾਰ ਦਿਸਿਆ।
ਇਸਲਾਮਿਕ ਮਾਮਲਿਆਂ ਦੇ ਵਿਭਾਗ ਨੇ ਵਿਸ਼ਵ ਕੱਪ ਵਿੱਚ ਆਏ ਮਹਿਮਾਨਾਂ ਲਈ ਕਟਾਰਾ ਕਲਚਰ ਵਿਲੇਜ ਮਸਜਿਦ ਵਿੱਚ ਇੱਕ ਪੂਰਾ ਪਵੇਲੀਅਨ ਬਣਾ ਰੱਖਿਆ ਸੀ।
ਇਸ ਪਵੇਲੀਅਨ ਵਿੱਚ ਇਸਲਾਮਿਕ ਚਿੰਨ੍ਹ 30 ਬੋਲੀਆਂ ਵਿੱਚ ਸੀ। ਇਸ ਤੋਂ ਇਲਾਵਾ ਬੁਕਲੇਟਸ ਅਤੇ ਕੁਰਾਨ ਮਹਿਮਾਨਾਂ ਨੂੰ ਵੰਡੇ ਜਾ ਰਹੇ ਸੀ।
ਜੋ ਬੱਸਾਂ ਵਿਸ਼ਵ ਕੱਪ ਦੇ ਸਟੇਡੀਅਮ ਤੱਕ ਜਾ ਰਹੀਆਂ ਸੀ, ਉਨ੍ਹਾਂ ਵਿੱਚ ਕਿਊਆਰ ਕੋਡ ਸੀ ਅਤੇ ਉਨ੍ਹਾਂ ਨੂੰ ਸਕੈਨ ਕਰਨ ਬਾਅਦ ਕੁਰਾਨ ਅਤੇ ਇਸਲਾਮ ਬਾਰੇ ਪੜ੍ਹਿਆ ਜਾ ਸਕਦਾ ਸੀ।
ਤੁਰਕੀ ਦੀ ਨਿਊਜ਼ ਏਜੰਸੀ ਅਨਾਦੇਲੁ ਨੇ ਲਿਖਿਆ ਹੈ ਕਿ ਕਤਰ ਦੀ ਰਾਜਧਾਨੀ ਦੋਹਾ ਸਥਿਤ ਕਟਾਰਾ ਕਲਚਰ ਵਿਲੇਜ ਮਸਜਿਦ ਖਿੱਚ ਦਾ ਕੇਂਦਰ ਰਹੀ।
ਖ਼ਾਸ ਕਰਕੇ ਉਨ੍ਹਾਂ ਲਈ ਜੋ ਇਸਲਾਮ ਨੂੰ ਜਾਨਣਾ ਅਤੇ ਸਮਝਣਾ ਚਾਹੁੰਦੇ ਸੀ। ਅਨਾਦੇਲੁ ਨੇ ਲਿਖਿਆ ਹੈ ਕਿ ਇੱਥੇ ਕਈ ਭਾਸ਼ਾਵਾਂ ਜਾਨਣ ਵਾਲੇ ਪੁਰਸ਼ ਅਤੇ ਮਹਿਲਾਵਾਂ ਸੀ ਜੋ ਸੈਲਾਨੀਆਂ ਨੂੰ ਦੱਸ ਰਹੇ ਸੀ ਕਿ ਇਸਲਾਮ ਇੱਕ ਸਹਿਣਸ਼ੀਲ ਮਜ਼੍ਹਬ ਹੈ।
ਕਤਰ ਵਿੱਚ ਇਸਲਾਮ ਨੂੰ ਲੈ ਵੀ ਹੋਇਆ ਵਿਵਾਦ
ਪਿਛਲੇ ਮਹੀਨੇ ਫੀਫਾ ਨੇ ਐਲਾਨ ਕੀਤਾ ਸੀ ਕਿ 2022 ਦੇ ਵਿਸ਼ਵ ਕੱਪ ਦੌਰਾਨ ਇਜ਼ਰਾਈਲ ਦੇ ਤੇਲ ਅਵੀਵ ਤੋਂ ਦੋਹਾ ਲਈ ਸਿੱਧੀਆਂ ਉਡਾਣਾਂ ਆਉਣਗੀਆਂ।
ਇਹ ਵਿਵਸਥਾ ਇਜ਼ਰਾਈਲੀ ਅਤੇ ਫ਼ਲਸਤੀਨੀ ਪ੍ਰਸ਼ੰਸਕਾਂ ਲਈ ਕੀਤੀ ਗਈ ਸੀ।
ਕਤਰ ਅਤੇ ਇਜ਼ਰਾਈਲ ਦੇ ਵਿਚਕਾਰ ਕੋਈ ਸਿਆਸੀ ਸਬੰਧ ਨਹੀਂ ਹੈ ਅਤੇ ਦੋਹਾਂ ਦੇਸ਼ਾਂ ਵਿਚਕਾਰ ਕਦੇ ਵੀ ਹਵਾਈ ਸੇਵਾ ਨਹੀਂ ਰਹੀ ਹੈ।
ਇਜ਼ਰਾਈਲ ਇਸ ਵਿਸ਼ਵ ਕੱਪ ਦੌਰਾਨ ਦੋਹਾ ਅਤੇ ਤਲ ਅਵੀਵ ਵਿਚਕਾਰ ਉਡਾਣ ਸ਼ੁਰੂ ਹੋਣ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸੀ।
ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਇਤਿਹਾਸਕ ਦੱਸਿਆ ਸੀ। ਕਈ ਲੋਕਾਂ ਨੇ ਇਸ ਨੂੰ ਇਸ ਰੂਪ ਵਿੱਚ ਵੀ ਦੇਖਿਆ ਕਿ ‘ਅਰਬ ਵਰਲਡ’ ਇਜ਼ਰਾਈਲ ਨੂੰ ਸਵੀਕਾਰ ਕਰਨ ਵੱਲ ਵੱਧ ਰਿਹਾ ਹੈ।
ਪਰ ਇਜ਼ਰਾਈਲ ਦੇ ਇਸ ਉਤਸ਼ਾਹ ਨੂੰ ਅਰਬ ਦੇ ਫ਼ੁੱਟਬਾਲ ਪ੍ਰੇਮੀਆਂ ਨੇ ਬਹੁਤ ਲੰਮੇ ਸਮੇਂ ਤੱਕ ਜਿਉਂਦਾ ਨਹੀਂ ਰਹਿਣ ਦਿੱਤਾ। ਟੂਰਨਾਮੈਂਟ ਕਵਰ ਕਰਨ ਆਏ ਇਜ਼ਰਾਈਲੀ ਮੀਡੀਆ ਨੂੰ ਅਰਬ ਦੇਸ਼ਾਂ ਦੇ ਫ਼ੁਟਬਾਲ ਪ੍ਰੇਮੀਆਂ ਨੇ ਛੇਕਣਾ ਸ਼ੁਰੂ ਕਰ ਦਿੱਤਾ।
ਫ਼ਲਸਤੀਨੀਆਂ ਲਈ ਸਮਰਥਨ
ਦੂਜੇ ਪਾਸੇ ਕਤਰ ਦੀਆਂ ਜਨਤਕ ਥਾਂਵਾਂ ’ਤੇ ਫ਼ਲਸਤੀਨੀਆਂ ਦੇ ਸਮਰਥਨ ਵਿੱਚ ਪੋਸਟਰ ਲਗਾਏ ਗਏ ਸੀ।
ਸਟੇਡੀਅਮ ਬਾਹਰ ਇਜ਼ਰਾਈਲੀ ਪੱਤਰਕਾਰਾਂ ਦੇ ਸਾਹਮਣੇ ਫ਼ਲਸਤੀਨ ਦੇ ਸਮਰਥਨ ਵਿੱਚ ਨਾਅਰੇ ਲਗਾਏ ਗਏ ਅਤੇ ਫ਼ਲਸਤੀਨੀ ਪ੍ਰਸ਼ਾਸਨ ਦੇ ਝੰਡੇ ਵੀ ਲਹਿਰਾਏ ਗਏ।
ਇਰਾਕ ਅਤੇ ਅਰਬ ਵਰਲਡ ਨੂੰ ਕਵਰ ਕਰਨ ਵਾਲੇ ਅਮਵਾਜ ਮੀਡੀਆ ਨੇ ਲਿਖਿਆ ਹੈ, “ਫੀਫਾ ਵਰਲਡ ਕੱਪ ਵਿੱਚ ਫ਼ਲਸਤੀਨੀਆਂ ਦੇ ਸਮਰਥਨ ਵਿੱਚ ਜੋ ਭਾਵਨਾ ਨਜ਼ਰ ਆਈ, ਉਹ ਦੇਖਣ ਵਾਲਿਆਂ ਨੂੰ ਹੈਰਾਨ ਕਰਨ ਵਾਲੀ ਹੈ।"
"ਇਹ ਇਜ਼ਰਾਈਲ ਅਤੇ ਅਮਰੀਕਾ ਲਈ ਵੀ ਹੈਰਾਨ ਕਰਨ ਵਾਲਾ ਰਿਹਾ।”
ਕਈ ਲੋਕ ‘ਅਬਰਾਹਮ ਐਕੌਰਡਜ਼’ ਦੀ ਸੀਮਾ ਸਮਝਣ ਵਿੱਚ ਨਾਕਾਮ ਰਹੇ ਸੀ। ਕਿਹਾ ਜਾ ਰਿਹਾ ਸੀ ਕਿ ਅਰਬ ਵਿੱਚ ਇਜ਼ਰਾਈਲ ਦੀ ਸਵੀਕਾਰਤਾ ਵਧ ਰਹੀ ਹੈ।
ਪਰ ਫੀਫਾ ਵਿਸ਼ਵ ਕੱਪ ਵਿੱਚ ਅਰਬ ਦੇਸ਼ਾਂ ਦੇ ਆਮ ਲੋਕਾਂ ਵਿੱਚ ਬਿਲਕੁਲ ਉਲਟ ਭਾਵਨਾ ਸੀ।
2020 ਵਿੱਚ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਮਦਦ ਨਾਲ ਇਜ਼ਰਾਈਲ ਨੇ ਬਹਿਰੀਨ, ਮੌਰਾਕੋ, ਸੁਡਾਨ ਅਤੇ ਯੂਏਈ ਦੇ ਨਾਲ ਉਪਚਾਰਿਕ ਰਿਸ਼ਤਾ ਕਾਇਮ ਕਰਨ ਲਈ ਸਮਝੌਤੇ ’ਤੇ ਦਸਤਖ਼ਤ ਕੀਤੇ ਸੀ।
ਅਮਵਾਜ ਮੀਡੀਆ ਨੇ ਲਿਖਿਆ ਹੈ ਕਿ ਇਨ੍ਹਾਂ ਚਾਰਾਂ ਦੇਸ਼ਾਂ ਨੇ ਸਰਕਾਰ ਦੇ ਪੱਧਰ ’ਤੇ ਇਜ਼ਰਾਈਲ ਨਾਲ ਉਪਚਾਰਿਕ ਰਿਸ਼ਤੇ ਭਾਵੇਂ ਕਾਇਮ ਕਰ ਲਏ ਹਨ, ਪਰ ਉੱਥੋਂ ਦੇ ਆਮ ਲੋਕਾਂ ਦੀ ਪ੍ਰਤੀਕਿਰਿਆ ਕੁਝ ਹੋਰ ਹੀ ਹੈ।
ਅਰਬ ਦੇ ਬਾਕੀ ਦੇਸ਼ਾਂ ਵਿੱਚ ਵੀ ਇਜ਼ਰਾਈਲ ਨੂੰ ਲੈ ਕੇ ਨਰਾਜ਼ਗੀ ਘੱਟ ਨਹੀਂ ਹੋਈ ਹੈ।
ਅਰਬ ਦੇ ਆਮ ਲੋਕ ਨਰਾਜ਼
ਅਮਵਾਜ ਮੀਡੀਆ ਨੇ ਲਿਖਿਆ ਹੈ, “ਇਜ਼ਰਾਈਲ ਅਰਬ ਦੀਆਂ ਸਰਕਾਰਾਂ ਨਾਲ ਸ਼ਾਂਤੀ ਕਾਇਮ ਕਰ ਰਿਹਾ ਹੈ।"
"ਇਹ ਵੱਖਰੀ ਚੀਜ਼ ਹੈ, ਪਰ ਅਰਬ ਦੇ ਆਮ ਲੋਕਾਂ ਵਿਚਕਾਰ ਇਜ਼ਰਾਈਲ ਨੂੰ ਲੈ ਕੇ ਕੀ ਰਾਏ ਹੈ, ਇਹ ਦੂਜੀ ਗੱਲ ਹੈ। ਇਹ ਗੱਲ ਸਪਸ਼ਟ ਹੋ ਗਈ ਹੈ ਕਿ ਅਰਬ ਦੇ ਜਿਨ੍ਹਾਂ ਦੇਸ਼ਾਂ ਨੇ ਇਜ਼ਰਾਈਲ ਨਾਲ ਰਿਸ਼ਤੇ ਸੁਧਾਰੇ ਹਨ, ਉਸ ਨਾਲ ਉੱਥੋਂ ਦੇ ਆਮ ਲੋਕ ਸਹਿਮਤ ਨਹੀਂ ਹਨ।”
ਪੂਰੇ ਮਾਮਲੇ ਵਿੱਚ ਅਮਵਾਜ ਮੀਡੀਆ ਤੋਂ ਯੂਨੀਵਰਸਿਟੀ ਆਫ ਡੈਨਵਰ ਵਿੱਚ ਸੈਂਟਰ ਫਾਰ ਮਿਡਲ ਈਸਟ ਸਟੱਡੀਜ਼ ਦੇ ਨਿਰਦੇਸ਼ਕ ਡਾਕਟਰ ਨਾਦੇਰ ਹਾਸ਼ਮੀ ਨੇ ਕਿਹਾ ਹੈ, “ਵਿਸ਼ਵ ਕੱਪ ਵਿੱਚ ਅਰਬ ਲੋਕਾਂ ਅਤੇ ਖਿਡਾਰੀਆਂ ਦੇ ਵਿਚਕਾਰ ਫ਼ਲਸਤੀਨੀਆਂ ਪ੍ਰਤੀ ਹਮਦਰਦੀ ਦੱਸਦੀ ਹੈ ਕਿ ਅਰਬ ਦੀਆਂ ਸਰਕਾਰਾਂ ਅਤੇ ਆਮ ਲੋਕਾਂ ਵਿਚਕਾਰ ਇਜ਼ਰਾਈਲ ਨੂੰ ਲੈ ਕੇ ਵੱਖੋ-ਵੱਖਰੀ ਰਾਏ ਹੈ।”
ਅਬਰਾਹਮ ਐਕੌਰਡ ਆਮ ਲੋਕਾਂ ਵਿਚਕਾਰ ਬੁਰੀ ਤਰ੍ਹਾਂ ਨਾਪਸੰਦ ਹੋ ਰਿਹਾ ਹੈ।
ਅਰਬ ਦੇਸ਼ਾਂ ਵਿੱਚ ਜਿਵੇਂ ਜਿਵੇਂ ਖੁੱਲ੍ਹਾਪਣ ਵਧੇਗਾ ਅਤੇ ਲੋਕਤੰਤਰ ਆਵੇਗਾ ਓਵੇਂ ਓਵੇਂ ਅਬਰਾਹਮ ਐਕੌਰਡ ਹੋਰ ਕਮਜ਼ੋਰ ਪਵੇਗਾ। ਅਰਬ ਦੇ ਆਮ ਲੋਕ ਚਾਹੁੰਦੇ ਹਨ ਕਿ ਫ਼ਲਸਤੀਨੀਆਂ ਨੂੰ ਬਰਾਬਰ ਦਾ ਹੱਕ ਮਿਲੇ।
ਮੱਧ-ਪੂਰਬ ਦੇ ਮੀਡੀਆ ਵਿੱਚ ਕਿਹਾ ਜਾ ਰਿਹਾ ਹੈ ਕਿ ਕਤਰ ਵਿੱਚ ਵਿਸ਼ਵ ਕੱਪ ਦਾ ਪ੍ਰਬੰਧ ਅਰਬ ਦੇ ਪ੍ਰਸ਼ੰਸਕਾਂ ਲਈ ਮੌਕਾ ਸੀ ਕਿ ਉਹ ਇਜ਼ਰਾਈਲ ਨਾਲ ਰਿਸ਼ਤੇ ਸੁਧਾਰਨ ਦੇ ਮਾਮਲੇ ਵਿੱਚ ਖੁੱਲ੍ਹ ਕੇ ਬੋਲਣ। ਫ਼ਲਸਤੀਨੀਆਂ ਦੀ ਤਰ੍ਹਾਂ ਅਰਬ ਦੇ ਬਾਕੀ ਦੇਸ਼ਾਂ ਦੇ ਲੋਕਾਂ ਦਾ ਇਜ਼ਰਾਈਲੀਆਂ ਨਾਲ ਆਹਮਣਾ-ਸਾਹਮਣਾ ਨਹੀਂ ਹੁੰਦਾ ਹੈ।
ਅਜਿਹੇ ਵਿੱਚ ਵਿਸ਼ਵ ਕੱਪ ਉਨ੍ਹਾਂ ਲਈ ਇੱਕ ਮੌਕਾ ਸੀ ਕਿ ਇਜ਼ਰਾਈਲੀਆਂ ਦੇ ਮੂੰਹ ’ਤੇ ਆਪਣਾ ਵਿਰੋਧ ਦਰਜ ਕਰਾਉਣ।
ਅਰਬ ਦੇ ਆਮ ਲੋਕਾਂ ਦੇ ਮਨ ਵਿੱਚ ਇਹ ਗੱਲ ਵੀ ਸੀ ਕਿ ਜੇ ਉਹ ਅਜਿਹਾ ਕਰਨਗੇ ਤਾਂ ਗਲੋਬਲ ਮੀਡੀਆ ਰਾਹੀਂ ਪੂਰੀ ਦੁਨੀਆਂ ਸਾਹਮਣੇ ਉਹ ਆਪਣਾ ਵਿਰੋਧ ਦਿਖਾ ਸਕਣਗੇ।
ਅਰਬ ਨਿਊਜ਼ ਨੇ ਲਿਖਿਆ ਹੈ ਕਿ ਇਜ਼ਰਾਈਲੀ ਮੀਡੀਆ ਦੇ ਸਾਹਮਣੇ ਅਰਬ ਦੇ ਲੋਕਾਂ ਦਾ ਜਵਾਬ ਕਾਫ਼ੀ ਵਾਇਰਲ ਹੋਇਆ ਹੈ।
18 ਨਵੰਬਰ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਕਤਰ ਦੇ ਇੱਕ ਸ਼ਖ਼ਸ ਨੇ ਇਜ਼ਰਾਈਲੀ ਟੀਵੀ ਚੈਨਲ ਦੇ ਰਿਪੋਰਟਰ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਦੋ ਦਿਨ ਬਾਅਦ ਇੱਕ ਹੋਰ ਵੀਡੀਓ ਚਰਚਾ ਵਿੱਚ ਆਈ ਜਿਸ ਵਿੱਚ ਲੇਬਨਾਨ ਦੇ ਲੋਕਾਂ ਨੇ ਇਜ਼ਰਾਈਲੀ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਇੱਕ ਸ਼ਖਸ ਨੇ ਚੈਨਲ 12 ਦੇ ਰਿਪੋਰਟਰ ਨੂੰ ਕਿਹਾ, “ਇਜ਼ਰਾਈਲ ਲਈ ਕੋਈ ਥਾਂ ਨਹੀਂ ਹੈ। ਸਾਰਾ ਫ਼ਲਸਤੀਨ ਹੈ।”
ਇਜ਼ਰਾਈਲੀਆਂ ਤੋਂ ਨਫ਼ਰਤ ?
ਕਤਰ ਵਿੱਚ ਅਰਬ ਪ੍ਰਸ਼ੰਸਕਾਂ ਵਿਚਕਾਰ ਇਜ਼ਰਾਈਲ ਨੂੰ ਛੇਕਿਆ ਜਾਣਾ ਕਾਫ਼ੀ ਵਿਵਾਦਾਂ ਵਿੱਚ ਰਿਹਾ।
ਇਜ਼ਰਾਈਲ ਦੇ ਪੱਤਰਕਾਰਾਂ ਨੇ ਸੋਸ਼ਲ ਮੀਡੀਆ ’ਤੇ ਇਸ ਨੂੰ ਲੈ ਕੇ ਸਖ਼ਤ ਪ੍ਰਤੀਕਿਰਿਆ ਵੀ ਦਿੱਤੀ।
ਇਜ਼ਰਾਈਲ ਦੇ ਪੱਤਰਕਾਰ ਰਾਜ ਸ਼ੇਚਿੰਕ ਨੇ 26 ਨਵੰਬਰ ਨੂੰ ਟਵਿੱਟਰ ’ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ।
ਇਸ ਵੀਡੀਓ ਵਿੱਚ ਅਰਬ ਦੇ ਲੋਕਾਂ ਨੇ ਫ਼ਲਸਤੀਨ ਦਾ ਝੰਡਾ ਫੜਿਆ ਹੋਇਆ ਹੈ ਅਤੇ ਇਜ਼ਰਾਈਲੀ ਪੱਤਰਕਾਰ ਦਾ ਵਿਰੋਧ ਕਰ ਰਹੇ ਹਨ।
ਇਸ ਵਿੱਚ ਮਹਿਲਾਵਾਂ ਅਤੇ ਪੁਰਸ਼ ਦੋਨੋਂ ਹਨ। ਲੋਕ ਕਹਿ ਰਹੇ ਹਨ ਕਿ ਇਜ਼ਰਾਈਲ ਕਿਤੇ ਨਹੀਂ ਹੈ, ਸਾਰਾ ਇਲਾਕਾ ਫ਼ਲਸਤੀਨ ਹੈ।
ਇਸ ਵੀਡੀਓ ਵਿੱਚ ਇੱਕ ਨੌਜਵਾਨ ਪੱਤਰਕਾਰ ਤੋਂ ਪੁੱਛ ਰਿਹਾ ਹੈ, ਤੁਸੀਂ ਕਿੱਥੋਂ ਹੋ? ਪੱਤਰਕਾਰ ਨੇ ਕਿਹਾ ਇਜ਼ਰਾਈਲ ਤੋਂ।
ਇੰਨਾਂ ਸੁਣਦੇ ਹੀ ਉਹ ਨੌਜਵਾਨ ਫ਼ਲਸਤੀਨੀ ਝੰਡਾ ਲੈ ਕੇ ਅੱਗੇ ਵਧ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਇਜ਼ਰਾਈਲ ਨੂੰ ਦੇਸ਼ ਨਹੀਂ ਮੰਨਦਾ। ਕੇਵਲ ਫ਼ਲਸਤੀਨ ਹੈ।
ਇਸੇ ਦੌਰਾਨ ਬੁਰਕੇ ਵਿੱਚ ਦੋ ਕੁੜੀਆਂ ਆਉਂਦੀਆਂ ਹਨ ਅਤੇ ਉਹ ਵੀ ਇਹੀ ਗੱਲ ਦੁਹਰਾਉਂਦੀਆਂ ਹਨ।
ਫਿਰ ਮੌਰੱਕੋ ਦੇ ਪ੍ਰਸ਼ੰਸਕ ਆਉਂਦੇ ਹਨ ਅਤੇ ਉਹ ਵੀ ਇਜ਼ਰਾਈਲੀ ਪੱਤਰਕਾਰ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੰਦੇ ਹਨ।
ਮੌਰੱਕੋ ਦੇ ਪ੍ਰਸ਼ੰਸਕ ਨੂੰ ਇਜ਼ਰਾਈਲੀ ਪੱਤਰਕਾਰ ਕਹਿੰਦਾ ਹੈ ਕਿ ਤੁਹਾਡੇ ਦੇਸ਼ ਨੇ ਤਾਂ ਇਜ਼ਰਾਈਲ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਸ ’ਤੇ ਮੌਰੱਕੋ ਦੇ ਪ੍ਰਸ਼ੰਸਕ ਕਹਿੰਦੇ ਹਨ, ਕੋਈ ਇਜ਼ਰਾਈਲ ਨਹੀਂ ਹੈ, ਸਿਰਫ਼ ਫ਼ਲਸਤੀਨ ਹੈ।
ਇਜ਼ਰਾਈਲੀ ਪੱਤਰਕਾਰ ਇਸੇ ਦੌਰਾਨ ਇੱਕ ਇਜ਼ਰਾਈਲੀ ਨਾਗਰਿਕ ਨਾਲ ਗੱਲ ਕਰਦਾ ਹਾਂ ਤਾਂ ਪਿਛਿਓਂ ਆ ਕੇ ਲੋਕ ਫ਼ਲਸਤੀਨ ਦਾ ਨਾਅਰਾ ਲਾਉਣ ਲਗਦੇ ਹਨ। ਨਾਅਰੇ ਵਿੱਚ ਲੋਕ ਕਹਿੰਦੇ ਹਨ- ਕੋਈ ਇਜ਼ਰਾਈਲ ਨਹੀਂ ਹੈ। ਸਿਰਫ਼ ਫ਼ਲਸਤੀਨ ਹੈ।
ਇਜ਼ਰਾਈਲ ਦੇ ਪੱਤਰਕਾਰ ਰਾਜ਼ ਸ਼ੇਚਿੰਕ ਨੇ ਟਵਿੱਟਰ ’ਤੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਲਿਖਿਆ ਹੈ, “ਮੈਂ ਕੁਝ ਲਿਖਣਾ ਨਹੀਂ ਚਾਹੁੰਦਾ ਹਾਂ। ਤੁਸੀਂ ਖ਼ੁਦ ਹੀ ਸੁਣ ਲਓ। ਅਸੀਂ ਹਮੇਸ਼ਾ ਇੱਕ ਪੱਤਰਕਾਰ ਦੇ ਰੂਪ ਵਿੱਚ ਰਹਿੰਦੇ ਹਾਂ।"
"ਇਹ ਇੱਕ ਖੇਡ ਦਾ ਮਹਾ-ਪ੍ਰਬੰਧ ਹੈ, ਪਰ ਇੱਥੇ ਜੋ ਕੁਝ ਵੀ ਚੱਲ ਰਿਹਾ ਹੈ ਉਸ ਨੂੰ ਮੈਂ ਸ਼ੇਅਰ ਨਹੀਂ ਕਰ ਸਕਦਾ। ਸਾਨੂੰ ਲੈ ਕੇ ਇੱਥੇ ਕਾਫ਼ੀ ਨਫ਼ਰਤ ਹੈ।”
ਇਸ ਵਰਲਡ ਕੱਪ ਵਿੱਚ ਮੌਰੱਕੋ ਦੇ ਸੈਮੀਫਾਈਨਲ ਵਿੱਚ ਪਹੁੰਚਣ ਨੂੰ ਅਰਬ ਅਤੇ ਇਸਲਾਮ ਦੇ ਮਾਣ ਨਾਲ ਜੋੜਿਆ ਗਿਆ।
ਇਸਲਾਮਿਕ ਦੇਸ਼ਾਂ ਦੇ ਸੰਗਠਨ ਓਆਈਸੀ ਨੇ ਮੌਰਾਕੋ ਨੂੰ ਵਧਾਈ ਦੇਣ ਲਈ ਵੱਖਰਾ ਬਿਆਨ ਜਾਰੀ ਕੀਤਾ ਤਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਮੌਰਾਕੋ ਟੀਮ ਨੂੰ ਮੁਸਲਿਮ ਟੀਮ ਦੱਸਿਆ।
ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਨੇ ਵੀ ਮੌਰੱਕੋ ਦੇ ਕਿੰਗ ਨੂੰ ਫ਼ੋਨ ’ਤੇ ਵਧਾਈ ਦਿੱਤੀ।