ਫੀਫਾ ਵਿਸ਼ਵ ਕੱਪ: ਮੈਸੀ ਦੀ ਅਰਜਨਟੀਨਾ ਨੇ ਜਿੱਤ ਲਿਆ ਕੱਪ, ਪਰ ਯਾਦ ਰਹੇਗੀ ਐਮਬਾਪੇ ਦੀ ਜੰਗਜੂ ਖੇਡ

ਵਿਸ਼ਵ ਕੱਪ ਫ਼ਾਈਨਲ ’ਚ ਅਰਜਨਟੀਨਾ ਦੀ ਜਿੱਤ ਲਿਓਨਲ ਮੈਸੀ ਦੇ ਨਾਮ ਰਹੀ।

ਉਨ੍ਹਾਂ ਇਹ ਜਿੱਤ ਐਮਬਾਪੇ ਦੇ ਤਿੰਨ ਗੋਲਾਂ ਦੇ ਫ਼ਰਾਂਸ ਵਲੋਂ ਦਿੱਤੇ ਸਖ਼ਤ ਮੁਕਾਬਲੇ ਨੂੰ ਪਾਰ ਕਰ ਹਾਸਿਲ ਕੀਤੀ।

ਮੈਚ ਦੌਰਾਨ ਮੈਸੀ, ਐਮਬਾਪੇ ਤੇ ਗੋਲਕੀਪਰ ਐਮਿਲਿਆਨੋ ਮਾਰਟੀਨੇਜ਼ ਦਾ ਜਾਦੂ ਸਭ ਨੂੰ ਕੀਲ ਗਿਆ।

ਜਦੋਂ ਵਿਸ਼ਵ ਕੱਪ ਮੈਸੀ ਦੇ ਹੱਥਾਂ ਵਿੱਚ ਆਇਆ ਉਨ੍ਹਾਂ ਕਿਹਾ, “ਮੈਂ ਬਹੁਤ ਸ਼ਿੱਦਤ ਨਾਲ ਇਸ ਨੂੰ ਚਾਹੁੰਦਾ ਹਾਂ। ਮੈਨੂੰ ਲੱਗ ਰਿਹਾ ਸੀ ਰੱਬ ਮੈਨੂੰ ਇਹ ਦੇਵੇਗਾ। ਇਹ ਮੇਰਾ ਪਲ ਹੈ।”

ਐੱਮਬਾਪੇ ਦੇ ਇੱਕ ਹੋਰ ਪੈਨਲਟੀ ਨੂੰ ਗੋਲ ਵਿੱਚ ਤਬਦੀਲ ਕਰਨ ਤੋਂ ਬਾਅਦ ਦੋਵਾਂ ਟੀਮਾਂ ਦੇ ਸਕੋਰ 3-3 ਤੱਕ ਪਹੁੰਚ ਗਿਆ ਤੇ ਇਸ ਨਤੀਜਾ ਸੀ ਪੈਨਲਟੀ ਸ਼ੂਟ ਆਊਟ।

ਦੋਵਾਂ ਟੀਮਾਂ ਵੱਲੋੋਂ ਸ਼ਾਨਦਾਰ ਖੇਡ ਦਿਖਾਈ ਗਈ। ਪਹਿਲਾਂ ਮੈਚ ਇੱਕ ਪਾਸੜ ਲੱਗ ਰਿਹਾ ਸੀ ਪਰ ਫਿਰ ਫਰਾਂਸ ਨੇ ਮੁੜ ਵਾਪਸੀ ਕੀਤੀ ਤੇ ਮੈਚ ਵਿੱਚ ਰੋਮਾਂਚ ਪੈਦਾ ਹੋਇਆ।

ਐੱਮਬਾਪੇ ਨੇ ਫਰਾਂਸ ਵੱਲੋਂ ਸ਼ਾਨਦਾਰ ਖੇਡ ਦਿਖਾਈ ਤੇ ਮੈਚ ਵਿੱਚ ਤਿੰਨ ਗੋਲ ਕੀਤੇ। ਅਰਜਨਟੀਨਾ ਟੀਮ ਦੇ ਹੀਰੋ ਮੈਸੀ ਰਹੇ ਜਿਨ੍ਹਾਂ ਨੇ ਪਹਿਲਾਂ ਤਾਂ ਮੈਚ ਵਿੱਚ ਦੋ ਗੋਲ ਕੀਤੇ ਤੇ ਉਸ ਮਗਰੋਂ ਪੈਨਲਟੀ ਸ਼ੂਟ ਆਊਟ ਵਿੱਚ ਵੀ ਪਹਿਲਾ ਗੋਲ ਕੀਤਾ।

ਪੈਨਲਟੀ ਸ਼ੂਟ ਆਊਟ ਵਿੱਚ ਫਰਾਂਸ ਦੇ ਖਿਡਾਰੀਆਂ ਵੱਲੋਂ ਕਿੱਕਾਂ ਮਿਸ ਕੀਤੀਆਂ ਗਈਆਂ ਪਰ ਮੈਸੀ ਦੇ ਟੀਮ ਦੇ ਖਿਡਾਰੀਆਂ ਨੇ 5 ਵਿੱਚੋਂ 4 ਕਿੱਕਾਂ ਗੋਲ ਪੋਸਟ ਵਿੱਚ ਪਹੁੰਚਾਈਆਂ ਜਿਸ ਤੋਂ ਬਾਅਦ ਅਰਜਨਟੀਨਾ ਦੀ ਜਿੱਤ ਪੱਕੀ ਹੋ ਗਈ।

ਐੱਮਬਾਪੇ ਨੇ ਹੈਟ੍ਰਿਕ ਮਾਰੀ, ਮਿਲਿਆ ਗੋਲਡਨ ਬੂਟ

ਐੱਮਬਾਪੇ ਨੇ ਅਰਜਨਟੀਨਾ ਦੀ ਉਮੀਦ ਕਾਇਮ ਰੱਖੀ ਤੇ ਇਸ ਮੈਚ ਦਾ ਲਗਾਤਾਰ ਤੀਜਾ ਗੋਲ ਕੀਤਾ। ਐੱਮਬਾਪੇ ਤੇ ਮੈਸੀ ਵਿਚਾਲੇ ਗੋਲਡਨ ਬੂਟ ਨੂੰ ਲੈ ਕੇ ਮੁਕਾਬਲਾ ਸੀ ਜੋ ਆਖਿਰਕਾਰ ਐੱਮਬਾਪੇ ਨੇ ਜਿੱਤ ਲਿਆ। ਉਨ੍ਹਾਂ ਨੂੰ ਇਸ ਫੀਫਾ ਵਿਸ਼ਵ ਕੱਪ ਦਾ ਗੋਲਡਨ ਬੂਟ ਮਿਲਿਆ

ਮੈਸੀ ਨੇ ਕੀਤਾ ਇੱਕ ਹੋਰ ਗੋਲ!!!!!

ਜਦੋਂ ਲਗ ਰਿਹਾ ਸੀ ਕਿ ਮੈਚ ਦਾ ਪੈਨਲਟੀ ਸ਼ੂਟ ਆਊਟ ਤੱਕ ਜਾਣਾ ਤੈਅ ਹੋਇਆ। ਉਦੋਂ ਅਰਜਨਟੀਨਾ ਨੇ ਮੁੜ ਵਾਪਸੀ ਕੀਤੀ। ਅਰਜਨਟੀਨਾ ਦੀ ਮੁੜ ਵਾਪਸੀ ਦੇ ਹੀਰੋ ਵੀ ਮੈਸੀ ਹੀ ਰਹੇ ਤੇ ਉਨ੍ਹਾਂ ਨੇ ਇੱਕ ਗੋਲ ਕੀਤਾ।

ਫਰਾਂਸ ਨੇ ਕੀਤੀ ਸ਼ਾਨਦਾਰ ਵਾਪਸੀ

ਚੈਂਪੀਅਨ ਖਿਡਾਰੀ ਪੂਰੀ ਟੀਮ ਦਾ ਹੌਂਸਲਾ ਆਪਣੇ ਪਰਫੌਰਮੈਂਸ ਰਾਹੀਂ ਵਧਾ ਸਕਦੇ ਹਨ, ਇਸ ਐੱਮਬਾਪੇ ਨੇ ਇਹ ਸਾਬਿਤ ਕਰ ਦਿੱਤਾ। ਜਦੋਂ ਉਨ੍ਹਾਂ ਦੀ ਪੂਰੀ ਟੀਮ ਦਾ ਮਨੋਬਲ ਥੱਲੇ ਜਾ ਚੁੱਕਿਆ ਸੀ ਉਸ ਵੇਲੇ ਐਮਬਾਪੇ ਨੇ ਪਹਿਲਾਂ ਪੈਨਲਟੀ ਰਾਹੀਂ ਪਹਿਲਾ ਗੋਲ ਕੀਤਾ ਤੇ ਕੁਝ ਸਕਿੰਟਾਂ ਵਿੱਚ ਹੀ ਦੂਜਾ ਗੋਲ ਕਰ ਦਿੱਤਾ। ਇਨ੍ਹਾਂ ਗੋਲਾਂ ਨੇ ਫਰਾਂਸ ਨੂੰ ਵਾਪਸ ਮੈਚ ਵਿੱਚ ਲਿਆ ਦਿੱਤਾ।

ਸ਼ੁਰੂਆਤ ਵਿੱਚ ਕਿਵੇਂ ਫਰਾਂਸ ਦੀ ਰਹੀ ਮਾੜੀ ਪਰਫੌਰਮੈਂਸ

ਕਤਰ ਦੇ ਲੁਸੇਲ ਆਈਕੋਨਿਟ ਸਟੇਡੀਅਮ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਕ੍ਰਿਸ ਬੇਵਨ ਅਨੁਸਾਰ ਅਰਜਨਟੀਨਾ ਨੇ ਸ਼ਾਨਦਾਰ ਖੇਡ ਖੇਡੀ ਪਰ ਇਹ ਸਮਝ ਨਹੀਂ ਆ ਰਿਹਾ ਕਿ ਫਰਾਂਸ ਨੇ ਇੰਨਾ ਮਾੜਾ ਖੇਡ ਕਿਉਂ ਖੇਡਿਆ।

ਉਹ ਅਰਜਨਟੀਨਾ ਦੇ ਖੇਤਰ ਵਿੱਚ ਦਾਖਿਲ ਹੀ ਨਹੀਂ ਹੋ ਸਕੇ। ਕੇਵਲ ਇੱਕ ਮੌਕਾ ਹੀ ਉਹ ਪੈਦਾ ਕਰ ਸਕੇ ਪਰ ਇਸ ਤੋਂ ਇਲਾਵਾ ਉਹ ਅਰਜਨਟੀਨਾ ਲਈ ਕੋਈ ਖ਼ਤਰਾ ਪੈਦਾ ਨਹੀਂ ਕਰ ਸਕੇ। ਭਾਵੇਂ ਫਰਾਂਸ ਨੇ ਸ਼ੁਰੂਆਤ ਵਿੱਚ ਹੀ ਆਪਣੇ ਸਬਸਟੀਟਿਊਸ਼ਨ ਕੀਤੇ ਪਰ ਉਹ ਵੀ ਕੰਮ ਨਹੀਂ ਆਏ।

ਐਜਲ ਡੀ ਮਾਰਿਆ ਨੇ ਦੂਜਾ ਗੋਲ ਕੀਤਾ

ਅਰਜਨਟੀਨਾ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਬਣਾ ਕੇ ਰੱਖਿਆ ਤੇ ਉਹ ਨਜ਼ਰ ਵੀ ਆਇਆ। ਮੈਸੀ ਨੇ ਆਪਣੇ ਸੱਜੇ ਪਾਸੇ ਜੁਲੀਅਨ ਅਲਵਾਰੇਜ਼ ਨੂੰ ਪਾਸੇ ਦਿੱਤਾ ਜਿਸ ਨੇ ਐਲਿਕਸ ਅਲਿਸਟ ਨੂੰ ਦਿੱਤਾ। ਉਨ੍ਹਾਂ ਦੀ ਲੋਅ ਬੌਲ ਐਂਜਲ ਜੀ ਮਾਰੀਆ ਲਈ ਸ਼ਾਨਦਾਰ ਮੌਕਾ ਬਣੀ ਜਿਨ੍ਹਾਂ ਨੇ ਬੌਲ ਨੂੰ ਗੋਲ ਤੱਕ ਪਹੁੰਚਾਇਆ।

ਮੈਸੀ ਨੇ ਕੀਤਾ ਪਹਿਲਾ ਗੋਲ

ਮੈਸੀ ਨੇ ਪੈਨਲਟੀ ਰਾਹੀਂ ਅਰਜਨਟੀਨਾ ਲਈ ਪਹਿਲਾ ਗੋਲ ਕੀਤਾ। ਗੋਲ ਕਰਦਿਆਂ ਹੀ ਪੂਰਾ ਸਟੇਡੀਅਮ ਸ਼ੋਰ ਨਾਲ ਭਰ ਗਿਆ।

ਅਰਜਨਟੀਨਾ ਨੇ ਕੀਤੇ ਸ਼ੁਰੂਆਤੀ ਹਮਲੇ

ਅਰਜਨਟੀਨਾ ਨੇ ਪਹਿਲੇ 15 ਮਿੰਟਾਂ ਦੀ ਖੇਡ ਵਿੱਚ ਕਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਨੂੰ ਭਾਵੇਂ ਅਰਜਨਟੀਨਾ ਗੋਲ ਵਿੱਚ ਬਦਲਣ ਵਿੱਚ ਨਾਕਾਮ ਰਹੇ।

ਫਰਾਂਸ ਦੇ ਸਟਾਰ ਖਿਡਾਰੀ ਕਿਲੀਅਨ ਐੱਮਬਾਪੇ ਐਕਸ਼ਨ ਵਿੱਚ ਖਾਸੇ ਨਜ਼ਰ ਨਹੀਂ ਆਏ। ਉਹ ਪਹਿਲੇ 15 ਮਿੰਟਾਂ ਵਿੱਚ ਕੇਵਲ ਤਿੰਨ ਵਾਰ ਹੀ ਬਾਲ ਨੂੰ ਛੂਹ ਸਕੇ।

ਫ਼ਰਾਂਸ ਅਤੇ ਅਰਜਨਟੀਨਾ ਵਿਚਕਾਰ ਮੁਕਾਬਲਾ

  • ਫ਼ਰਾਂਸ ਦੀ ਟੀਮ ਪਿਛਲੇ ਸੱਤ ਵਿਸ਼ਵ ਕੱਪਾਂ ਵਿੱਚੋਂ ਚਾਰ ਵਾਰ ਫ਼ਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ
  • ਫ਼ਰਾਂਸ ਦੀ ਟੀਮ 2022 ਤੋਂ ਪਹਿਲਾਂ 1998, 2006 ਤੇ 2018 ਵਿੱਚ ਫ਼ਾਈਨਲ ਖੇਡੀ
  • ਫ਼ਰਾਂਸ ਨੇ 1998 ਤੇ 2018 ਦੇ ਵਿਸ਼ਵ ਕੱਪ ਆਪਣੇ ਨਾਮ ਕੀਤੇ
  • ਅਰਜਨਟੀਨਾ ਇਸ ਵਾਰ ਆਪਣਾ ਛੇਵਾਂ ਵਿਸ਼ਵ ਕੱਪ ਫਾਈਨਲ ਖੇਡਣ ਜਾ ਰਹੀ ਹੈ।
  • ਜੇ ਅਰਜਨਟੀਨਾ ਵਿਸ਼ਵ ਕੱਪ ਜਿੱਤਦਾ ਹੈ ਤਾਂ 2002 ਵਿੱਚ ਬ੍ਰਾਜ਼ੀਲ ਦੇ ਵਿਸ਼ਵ ਜਿੱਤਣ ਤੋਂ ਬਾਅਦ ਇਹ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਦੱਖਣੀ ਅਮਰੀਕੀ ਟੀਮ ਹੋਵੇਗੀ।
  • ਫਰਾਂਸ ਦੀ ਟੀਮ ਨੂੰ ਉਨ੍ਹਾਂ ਦੇ ਪਿਛਲੇ 10 ਵਿਸ਼ਵ ਕੱਪ ਵਿੱਚ ਕੋਈ ਵੀ ਦੱਖਣੀ ਅਮਰੀਕੀ ਟੀਮ ਨਹੀਂ ਹਰਾ ਸਕੀ ਹੈ। 1978 ਵਿੱਚ ਅਰਜਨਟੀਨਾ ਨੇ ਹੀ ਫਰਾਂਸ ਨੂੰ ਹਰਾਇਆ ਸੀ।
  • ਅਰਜਨਟੀਨਾ ਦੀ ਟੀਮ ਨੇ ਕਤਰ ਵਿੱਚ ਹੁਣ ਤੱਕ ਦੇ ਆਪਣੇ ਮੁਕਾਬਲਿਆਂ ਵਿੱਚ ਹਮੇਸ਼ਾ ਪਹਿਲਾ ਗੋਲ ਕੀਤਾ ਹੈ।
  • ਹੁਣ ਤੱਕ ਅਰਜਨਟੀਨਾ ਤੇ ਫਰਾਂਸ ਵਿਚਾਲੇ 12 ਮੁਕਾਬਲੇ ਹੋ ਚੁੱਕੇ ਹਨ ਜਿਨ੍ਹਾਂ ਵਿੱਚ 6 ਮੁਕਾਬਲੇ ਅਰਜਨਟੀਨਾ ਨੇ ਜਿੱਤੇ ਹਨ, 3 ਮੁਕਾਬਲੇ ਫਰਾਂਸ ਨੇ ਜਿੱਤੇ ਹਨ ਤੇ 3 ਮੁਕਾਬਲੇ ਬਰਾਬਰੀ ਉੱਤੇ ਖ਼ਤਮ ਹੋਏ ਹਨ।

ਫੀਫਾ ਵਿਸ਼ਵ ਕੱਪ 2022 ਵਿੱਚ ਹੋਏ ਵੱਡੇ ਉਲਟਫੇਰ

  • ਅਰਜਨਟੀਨਾ ਆਪਣਾ ਪਹਿਲਾ ਮੈਚ ਸਾਊਦੀ ਅਰਬ ਤੋਂ ਹਾਰ ਗਿਆ ਸੀ ਤੇ ਇਸ ਮਗਰੋਂ ਅਰਜਨਟੀਨਾ ਨੇ ਵਾਪਸੀ ਕੀਤੀ ਤੇ ਫਾਇਨਲ ਤੱਕ ਪਹੁੰਚੀ।
  • ਮੋਰੱਕੋ ਫੀਫਾ ਵਿਸ਼ਵ ਕੱਪ ਦੇ ਸੈਮੀਫਾਇਨਲ ਤੱਕ ਪਹੁੰਚਣ ਵਾਲਾ ਪਹਿਲਾ ਅਫਰੀਕੀ ਤੇ ਅਰਬ ਦੇਸ਼ ਬਣਿਆ।
  • ਜਪਾਨ ਨੇ ਜਰਮਨੀ ਨੂੰ 1-0 ਨਾਲ ਮਾਤ ਦਿੱਤੀ ਸੀ।
  • ਦੱਖਣੀ ਕੋਰੀਆ ਨੇ ਪੁਰਤਗਾਲ ਨੂੰ 2-1 ਨਾਲ ਹਰਾਇਆ ਸੀ।
  • ਇਹ ਦੋਵੇਂ ਮੁਲਕ ਏਸ਼ੀਆਈ ਸਨ ਤੇ ਇਨ੍ਹਾਂ ਦੋਵਾਂ ਨੇ ਫੁੱਟਬਾਲ ਦੀਆਂ ਦਿੱਗਜ ਟੀਮਾਂ ਨੂੰ ਹਰਾਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)