ਹਾਥਰਸ ਹਾਦਸਾ: ਕਿਵੇਂ ਮੱਚੀ ਭਗਦੜ, ਕੌਣ ਸਨ ਮਰਨ ਵਾਲੇ, ਚਸ਼ਮਦੀਦਾਂ ਨੇ ਕੀ ਦੱਸਿਆ - ਗਰਾਊਂਡ ਰਿਪੋਰਟ

ਹਾਥਰਸ ਹਾਦਸੇ ਤੋਂ ਬਾਅਦ ਹਸਪਤਾਲ ਦੇ ਬਾਹਰ ਪਰਿਵਾਰਕ ਜੀਆਂ ਦਾ ਹਾਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਹਾਥਰਸ ਹਾਦਸੇ ਤੋਂ ਬਾਅਦ ਹਸਪਤਾਲ ਦੇ ਬਾਹਰ ਪਰਿਵਾਰਕ ਜੀਆਂ ਦਾ ਹਾਲ
    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ, ਹਾਥਰਸ ਤੋਂ

ਐਂਬੂਲੈਂਸਾਂ ਦੀ ਕਤਾਰ, ਤੇਜ਼ੀ ਨਾਲ ਬੱਸਾਂ ਤੋਂ ਉਤਰਦੇ ਐੱਸਡੀਆਰਐੱਫ ਦੇ ਜਵਾਨ, ਪਿੱਛੇ ਰਹਿ ਗਏ ਜੁੱਤੀਆਂ ਚੱਪਲਾਂ ਦੇ ਢੇਰ, ਲਾਈਵ ਰਿਪੋਰਟਿੰਗ ਕਰਦੇ ਮੀਡੀਆ ਦੇ ਪੱਤਰਕਾਰ ਅਤੇ ਲਾਪਤਾ ਹੋਏ ਆਪਣਿਆਂ ਨੂੰ ਲੱਭਦੇ ਲੋਕ।

ਇਹ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਸਿਕੰਦਰਾਊ ਕਸਬੇ ਦੇ ਨਜ਼ਦੀਕ ਸਤਸੰਗ ਸਮਾਗਮ ਵਿੱਚ ਹੋਈ ਭਗਦੜ ਤੋਂ ਬਾਅਦ ਦਾ ਮੰਜ਼ਰ ਹੈ, ਜੋ ਇਸ ਹਾਦਸੇ ਦੀ ਪੂਰੀ ਦਾਸਤਾਂ ਬਿਆਨ ਕਰਨ ਲਈ ਕਾਫੀ ਨਹੀਂ ਹੈ।

ਦੋ ਜੁਲਾਈ ਦੀ ਦੇਰ ਸ਼ਾਮ, ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਸਕੱਤਰ ਮਨੋਜ ਕੁਮਾਰ ਨੇ ਇਸ ਹਾਦਸੇ ਵਿੱਚ ਘੱਟੋ-ਘੱਟ 122 ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਐੱਫਆਈਆਰ ਆਈ ਦਰਜ ਹੋਵੇਗੀ ਅਤੇ ਘਟਨਾ ਦੀ ਪੂਰੀ ਜਾਂਚ ਹੋਵੇਗੀ। ਇਸ ਹਾਦਸੇ ਵਿੱਚ ਜ਼ਿਆਦਾਤਰ ਔਰਤਾਂ ਦੀ ਮੌਤ ਹੋਈ ਹੈ।

ਇਸ ਸਤਿਸੰਗ ਦੀ ਤਿਆਰੀ ਕਈ ਦਿਨਾਂ ਤੋਂ ਚੱਲ ਰਹੀ ਸੀ। ਟੈਂਟ ਦਾ ਕੰਮ ਅੱਠ ਦਿਨਾਂ ਵਿੱਚ ਲੱਗ ਕੇ ਪੂਰਾ ਹੋਇਆ ਸੀ।

ਪ੍ਰਬੰਧਕਾਂ ਨੇ ਆਗਿਆ ਮੰਗਦੇ ਹੋਏ ਪ੍ਰਸ਼ਾਸਨ ਨੂੰ ਦੱਸਿਆ ਸੀ ਕਿ ਕਰੀਬ 80 ਹਜ਼ਾਰ ਲੋਕ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਲੇਕਿਨ ਉੱਥੇ ਪਹੁੰਚਣ ਵਾਲਿਆਂ ਦੀ ਅਸਲੀ ਸੰਖਿਆ ਇਸ ਤੋਂ ਕਿਤੇ ਜ਼ਿਆਦਾ ਰਹੀ।

ਚਸ਼ਮਦੀਦ ਅਤੇ ਭਗਤਾਂ ਦੇ ਮੁਤਾਬਕ, ਸਤਿਸੰਗ ਮੁੱਕਣ ਤੋਂ ਬਾਅਦ ਇੱਥੇ ਆਏ ਸ਼ਰਧਾਲੂਆਂ ਵਿੱਚ ਬਾਬੇ ਦੇ ਪੈਰਾਂ ਦੀ ਧੂੜ ਇਕੱਠਾ ਕਰਨ ਦੀ ਹੋੜ ਮੱਚ ਗਈ ਅਤੇ ਭਗਦੜ ਦਾ ਕਾਰਨ ਬਣੀ।

ਹਾਥਰਸ ਭਗਦੜ— ਅਹਿਮ ਗੱਲਾਂ

  • ਯੂਪੀ ਦੇ ਹਾਥਰਸ ਵਿੱਚ ਦੋ ਜੁਲਾਈ ਨੂੰ ਨਾਰਾਇਣ ਸਕਾਰ ਦੇ ਸਤਿਸੰਗ ਵਿੱਚ ਭਗਦੜ
  • 122 ਤੋਂ ਜ਼ਿਆਦਾ ਮੌਤਾਂ, ਵਧ ਰਹੀ ਹੈ ਸੰਖਿਆ
  • ਪ੍ਰਸ਼ਾਸਨ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ - 9259189726, 9084382490
  • ਪੀਐੱਮ ਮੋਦੀ, ਸੀਐੱਮ ਯੋਗੀ ਦੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਮਦਦ ਦਾ ਐਲਾਨ ਕੀਤਾ ਹੈ

ਜੋ ਡਿੱਗ ਗਿਆ ਉਹ ਉੱਠ ਨਹੀਂ ਸਕਿਆ

ਸਮਾਗਮ ਵਾਲੀ ਥਾਂ ਅਲੀਗੜ੍ਹ ਤੋਂ ਏਟਾ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ 34 ਉੱਤੇ ਸਿਕੰਦਰਾਊ ਕਸਬੇ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਫੁਲਰਾਈ ਪਿੰਡ ਵਿੱਚ ਹੈ।

ਇੱਥੇ ਸੈਂਕੜੇ ਵਿੱਘੇ ਜ਼ਮੀਨ ਵਿੱਚ ਲਾਇਆ ਟੈਂਟ ਹੁਣ ਕਾਹਲੀ ਵਿੱਚ ਪੁੱਟਿਆ ਜਾ ਰਿਹਾ ਹੈ।

ਜ਼ਿਆਦਾਤਰ ਲੋਕਾਂ ਦੀ ਮੌਤ ਸਮਾਗਮ ਵਾਲੀ ਥਾਂ ਉੱਤੇ ਹਾਈਵੇ ਦੇ ਦੂਜੇ ਪਾਸੇ ਹੋਈ ਹੈ। ਮੀਂਹ ਕਾਰਨ ਹਾਈਵੇ ਦੀ ਇਸ ਢਲਾਨ ਉੱਤੇ ਤਿਲਕਣ ਹੈ।

ਚਸ਼ਮਦੀਦਾਂ ਦੇ ਮੁਤਾਬਕ, ਜੋ ਇਸ ਭਗਦੜ ਵਿੱਚ ਡਿੱਗਿਆ ਉਹ ਉੱਠ ਨਹੀਂ ਸਕਿਆ। ਦਿਨ ਵਿੱਚ ਪਏ ਮੀਂਹ ਕਾਰਨ ਮਿੱਟੀ ਗਿੱਲੀ ਸੀ ਅਤੇ ਤਿਲਕਣ ਸੀ, ਇਸ ਕਾਰਨ ਹਾਲਾਤਾ ਹੋਰ ਮੁਸ਼ਕਲ ਹੋ ਗਏ।

ਹਾਥਰਸ ਹਾਦਸੇ ਤੋਂ ਬਾਅਦ ਹਸਪਤਾਲ ਦੇ ਬਾਹਰ ਖੜ੍ਹੀ ਐਂਬੂਲੈਂਸ

ਨਾਰਾਇਣ ਸਾਕਾਰ ਵਿਸ਼ਵ ਹਰੀ ਉਰਫ਼ 'ਭੋਲੇ ਬਾਬਾ' ਦੇ ਨਿਕਲਣ ਲਈ ਵੱਖਰਾ ਰਾਹ ਬਣਾਇਆ ਗਿਆ ਸੀ। ਬਹੁਤ ਸਾਰੀਆਂ ਔਰਤਾਂ ਬਾਬਾ ਦੇ ਨੇੜਿਉਂ ਦਰਸ਼ਨ ਕਰਨ ਲਈ ਖੜ੍ਹੀਆਂ ਸਨ।

ਜਿਵੇਂ ਹੀ ਸਤਿਸੰਗ ਖ਼ਤਮ ਹੋਇਆ। ਹਾਈਵੇ ਉੱਤੇ ਭੀੜ ਵਧ ਗਈ। ਨਾਰਾਇਣ ਸਾਕਾਰ ਜਦੋਂ ਆਪਣੀ ਗੱਡੀ ਵੱਲ ਜਾ ਰਹੇ ਸਨ, ਉਸੇ ਸਮੇਂ ਭਗਦੜ ਮੱਚ ਗਈ।

ਨਾਰਾਇਣ ਸਾਕਾਰ ਦੇ ਭਗਤ ਜਦੋਂ ਉੱਥੇ ਫ਼ਸੇ ਸਨ, ਉਹ ਬਿਨਾਂ ਰੁਕੇ ਅੱਗੇ ਵਧ ਗਏ। ਇਸ ਘਟਨਾ ਤੋਂ ਬਾਅਦ ਬਾਬਾ ਜਾਂ ਸਤਿਸੰਗ ਨਾਲ ਜੁੜੇ ਲੋਕਾਂ ਵੱਲੋਂ ਕੋਈ ਅਧਿਕਾਰਿਤ ਬਿਆਨ ਨਹੀਂ ਆਇਆ ਹੈ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਭਗਤਾਂ ਦੀ ਸ਼ਰਧਾ

ਬਹਰਾਈਚ ਜ਼ਿਲ੍ਹੇ ਤੋਂ ਆਈ ਗੋਮਤੀ ਦੇਵੀ ਦੇ ਗਲੇ ਵਿੱਚ ਨਾਰਾਇਣ ਸਾਕਾਰ ਦਾ ਲਾਕੇਟ ਹੈ। ਜੋ ਉਨ੍ਹਾਂ ਨੇ ਪੂਰੀ ਸ਼ਰਧਾ ਨਾਲ ਧਾਰਨ ਕੀਤਾ ਹੋਇਆ ਹੈ।

ਜਿਸ ਬੱਸ ਵਿੱਚ ਉਹ ਆਏ ਸਨ, ਉਸਦੀਆਂ ਦੋ ਸਵਾਰੀਆਂ ਲਾਪਤਾ ਹਨ।

ਇਸ ਹਾਦਸੇ ਤੋਂ ਬਾਅਦ ਵੀ ਗੋਮਤੀ ਦੇਵੀ ਦੇ ਮਨ ਵਿੱਚ ਨਾਰਾਇਣ ਸਾਕਾਰ ਲਈ ਜੋ ਸ਼ਰਧਾ ਸੀ, ਉਹ ਵਿੱਚ ਕੋਈ ਕਮੀ ਨਹੀਂ ਆਈ ਹੈ।

ਕੁਝ ਘੰਟੇ ਪਹਿਲਾਂ ਤਲਾਸ਼ ਅਤੇ ਲਾਪਤਾ ਲੋਕਾਂ ਨੂੰ ਖੋਜਣ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਬਹਰਾਈਚ ਤੋਂ ਆਈ ਬੱਸ ਬਾਕੀ ਬਚੇ ਸ਼ਰਧਾਲੂਆਂ ਨੂੰ ਲੈ ਕੇ ਵਾਪਸ ਮੁੜ ਗਈ।

ਇਸ ਗੰਭੀਰ ਹਾਦਸੇ ਤੋਂ ਬਾਅਦ ਵੀ, ਇਸ ਸਮੂਹ ਦੇ ਸ਼ਰਧਾਲੂਆਂ ਦਾ ਵਿਸ਼ਵਾਸ ਨਾਰਾਇਣ ਸਾਕਾਰ ਵਿੱਚ ਘੱਟ ਨਹੀਂ ਹੋਇਆ ਹੈ।

ਹਾਥਰਸ ਹਾਦਸੇ ਤੋਂ ਬਾਅਦ ਸਾਰੇ ਪਾਸੇ ਲੋਕਾਂ ਦੇ ਪਿੱਛੇ ਰਹਿ ਗਏ ਜੁੱਤੇ ਅਤੇ ਚੱਪਲਾਂ ਫੈਲੀਆਂ ਹੋਈਆਂ ਹਨ
ਤਸਵੀਰ ਕੈਪਸ਼ਨ, ਹਾਥਰਸ ਹਾਦਸੇ ਤੋਂ ਬਾਅਦ ਸਾਰੇ ਪਾਸੇ ਲੋਕਾਂ ਦੇ ਪਿੱਛੇ ਰਹਿ ਗਏ ਜੁੱਤੇ ਅਤੇ ਚੱਪਲਾਂ ਫੈਲੀਆਂ ਹੋਈਆਂ ਹਨ

ਕਰੀਬ ਚਾਰ ਸਾਲ ਪਹਿਲਾਂ, ਬਾਬਾ ਦੇ ਸਤਿਸੰਗੀਆਂ ਦੇ ਸੰਪਰਕ ਵਿੱਚ ਆਉਣ ਵਾਲੀ ਗੋਮਤੀ ਦੇਵੀ ਦੇ ਗਲੇ ਵਿੱਚ ਲਟਕੀ ਤਸਵੀਰ ਦਿਖਾਉਂਦੇ ਹੋਏ ਉਹ ਦਾਅਵਾ ਕਰਦੇ ਹਨ, “ਇਸ ਨੂੰ ਗਲੇ ਵਿੱਚ ਪਾਉਣ ਨਾਲ ਲਾਭ ਮਿਲਦਾ ਹੈ, ਸਕੂਨ ਮਿਲਦਾ ਹੈ, ਬੀਮਾਰੀ ਠੀਕ ਹੁੰਦੀ ਹੈ, ਘਰ ਦਾ ਕਲੇਸ਼ ਕੱਟਿਆ ਜਾਂਦਾ ਹੈ, ਰੋਜ਼ਗਾਰ ਮਿਲਦਾ ਹੈ।”

ਬਹਰਾਈਚ ਤੋਂ ਹੀ ਆਏ ਦਿਨੇਸ਼ ਯਾਦਵ ਕਹਿੰਦੇ ਹਨ, “ਸਾਡੇ ਪਾਸੇ ਦੇ ਲੋਕ ਬਾਬਾ ਦੀ ਤਸਵੀਰ ਰੱਖ ਕੇ ਪੂਜਾ ਕਰਦੇ ਹਨ। ਉਨ੍ਹਾਂ ਨੂੰ ਦੇਖ ਕੇ ਅਸੀਂ ਵੀ ਪੂਜਾ ਕਰਨ ਲੱਗੇ, ਅਸੀਂ ਇੱਕ ਸਾਲ ਤੋਂ ਸੰਗਤ ਵਿੱਚ ਹਾਂ। ਅਜੇ ਸਾਨੂੰ ਕੋਈ ਅਨੁਭਵ ਨਹੀਂ ਹੋਇਆ ਪਰ ਪਰਮਾਤਮਾ (ਬਾਬਾ) ਉੱਤੇ ਸਾਨੂੰ ਭਰੋਸਾ ਹੈ। ਜੋ ਮੰਨਤ ਮੰਗਦੇ ਹਾਂ, ਪੂਰੀ ਹੁੰਦੀ ਹੈ।”

ਦਿਨੇਸ਼ ਇਸ ਹਾਦਸੇ ਲਈ ਨਾਰਾਇਣ ਸਾਕਾਰ ਨੂੰ ਜ਼ਿੰਮੇਵਾਰ ਨਹੀਂ ਮੰਨਦੇ ਸਨ।

ਭਗਦੜ ਤੋਂ ਬਾਅਦ ਦਾ ਹਾਲ

ਭਗਦੜ ਕਰੀਬ ਦਿਨ ਵਿੱਚ ਢਾਈ ਵਜੇ ਮੱਚੀ। ਜ਼ਖਮੀਆਂ ਨੇ ਫਟਾਫਟ ਸਿੰਕਦਰਾਊ ਸੀਐੱਚਸੀ ਲਿਜਾਇਆ ਗਿਆ। ਜਿੱਥੇ ਪਹੁੰਚਣ ਵਾਲੇ ਪੱਤਰਕਾਰ ਦੱਸਦੇ ਹਨ ਕਿ ਸੀਐੱਚਸੀ ਦੇ ਟਰਾਮਾ ਸੈਂਟਰ ਦੇ ਵਿਹੜੇ ਵਿੱਚ ਲਾਸ਼ਾਂ ਦਾ ਢੇਰ ਲੱਗਿਆ ਹੋਇਆ ਸੀ।

ਹਾਥਰਸ ਵਿੱਚ ਇੱਕ ਦਹਾਕੇ ਤੋਂ ਜ਼ਿਆਦਾ ਪੱਤਰਕਾਰੀ ਕਰ ਰਹੇ ਬੀਐੱਨ ਸ਼ਰਮਾ ਦੱਸਦੇ ਹਨ, “ਮੈਂ ਚਾਰ ਵਜੇ ਇੱਥੇ ਪਹੁੰਚਿਆ। ਹਰ ਥਾਂ ਲਾਸ਼ਾਂ ਪਈਆਂ ਸਨ। ਇੱਕ ਕੁੜੀ ਦੀ ਸਾਹ ਚੱਲ ਰਹੀ ਸੀ। ਉਸ ਨੂੰ ਇਲਾਜ ਨਹੀਂ ਮਿਲ ਸਕਿਆ ਅਤੇ ਮੇਰੇ ਸਾਹਮਣੇ ਹੀ ਦਮ ਤੋੜ ਗਈ।”

ਵੈਸੇ ਤਾਂ ਇਹ ਸਿੰਕਦਰਾਊ ਦਾ ਸਭ ਤੋਂ ਵੱਡਾ ਹਸਪਤਾਲ ਹੈ ਪਰ ਇੰਨੀ ਵੱਡੀ ਸੰਖਿਆ ਵਿੱਚ ਜ਼ਖਮੀਆਂ ਨੂੰ ਸੰਭਾਲਣ ਦੀ ਇਸਦੀ ਸਮਰੱਥਾ ਨਹੀਂ ਹੈ।

ਹਾਥਰਸ ਸਤਿਸੰਗ ਵਾਲੀ ਥਾਂ

ਇਸ ਹਾਦਸੇ ਬਾਰੇ ਸ਼ੁਰੂਆਤੀ ਜਾਣਕਾਰੀ 10-15 ਲੋਕਾਂ ਦੇ ਜ਼ਖਮੀ ਹੋਣ ਦੀ ਸੀ। ਪ੍ਰਸ਼ਾਸਨ ਦੇ ਅਧਿਕਾਰੀ ਵੀ ਕਰੀਬ ਚਾਰ ਵਜੇ ਹਸਪਤਾਲ ਪਹੁੰਚ ਸਕੇ।

ਸ਼ਾਮ ਕਰੀਬ ਛੇ ਵਜੇ ਬੀਬੀਸੀ ਨਾਲ ਗੱਲ ਕਰਦੇ ਹੋਏ ਹਾਥਰਸ ਦੇ ਪੁਲਿਸ ਸੁਪਰੀਟੈਂਨਡੈਂਟ ਨੇ ਨਿਪੁਣ ਅੱਗਰਵਾਲ 60 ਜਣਿਆਂ ਦੀਆਂ ਲਾਸ਼ਾਂ ਗਿਣੇ ਜਾਣ ਦੀ ਪੁਸ਼ਟੀ ਕੀਤੀ ਸੀ। ਹਰ ਲੰਘਦੇ ਜਾ ਰਹੇ ਘੰਟੇ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਗਈ।

ਪ੍ਰਸ਼ਾਸਨ ਨੇ ਲਾਸ਼ਾਂ ਆਸ-ਪਾਸ ਦੇ ਜ਼ਿਲ੍ਹਿਆਂ ਏਟਾ, ਕਾਸਗੰਜ, ਆਗਰਾ ਅਤੇ ਅਲੀਗੜ੍ਹ ਭੇਜ ਦਿੱਤਾ। ਇਸ ਕਾਰਨ ਜਿਨ੍ਹਾਂ ਦੇ ਕਰੀਬੀ ਲਾਪਤਾ ਸਨ ਉਨ੍ਹਾਂ ਲਈ ਪ੍ਰੇਸ਼ਾਨੀ ਪੈਦਾ ਹੋ ਗਈ।

ਆਪਣਿਆਂ ਨੂੰ ਭਾਲਦੇ ਲੋਕ

ਗੁਰੂਗ੍ਰਾਮ ਵਿੱਚ ਪਲੰਬਰ ਦਾ ਕੰਮ ਕਰ ਰਹੇ ਵਿਪੁਲ ਆਪਣੀ ਮਾਂ ਨੂੰ ਖੋਜਣ ਲਈ ਕੁਝ ਦੋਸਤਾਂ ਦੇ ਨਾਲ ਕਿਰਾਏ ਦੀ ਟੈਕਸੀ ਕਰਕੇ ਰਾਤ 11 ਵਜੇ ਸਿੰਕਦਰਾਊ ਪਹੁੰਚੇ।

ਉਨ੍ਹਾਂ ਨੇ ਆਪਣੀ ਮਾਂ ਦਾ ਪਤਾ ਕਰਨ ਲਈ ਹੈਲਪਲਾਈਨ ਨੰਬਰਾਂ, ਕੰਟਰੋਲ ਰੂਮ ਅਤੇ ਹਸਪਤਾਲਾਂ ਵਿੱਚ ਫੋਨ ਕੀਤਾ ਪਰ ਕੋਈ ਜਾਣਕਾਰੀ ਨਹੀਂ ਮਿਲੀ।

ਵਿਪੁਲ ਹਾਥਰਸ ਦੇ ਜ਼ਿਲ੍ਹਾ ਹਸਪਤਾਲ ਪਹੁੰਚੇ, ਜਿੱਥੇ ਕਰੀਬ 30 ਲਾਸ਼ਾਂ ਪਹੁੰਚਾਈਆਂ ਗਈਆਂ ਸਨ, ਉਨ੍ਹਾਂ ਨੂੰ ਆਪਣੀ ਮਾਂ ਨਹੀਂ ਮਿਲੀ।

ਕਰੀਬ ਦੋ ਵਜੇ ਉਹ ਅਲੀਗੜ੍ਹ ਦੇ ਜੇਐੱਨ ਮੈਡੀਕਲ ਕਾਲਜ ਪਹੁੰਚੇ। ਉੱਥੇ ਵੀ ਉਨ੍ਹਾਂ ਦੀ ਭਾਲ ਜਾਰੀ ਸੀ।

ਹਾਥਰਸ ਸਮਾਗਮ ਵਾਲੀ ਥਾਂ

ਵਿਪੁਲ ਦੱਸਦੇ ਹਨ, “ਮੇਰੀ ਮਾਂ ਸੋਮਵਤੀ ਕਰੀਬ ਇੱਕ ਦਹਾਕੇ ਤੋਂ ਬਾਬਾ ਦੇ ਸਤਿਸੰਗ ਨਾਲ ਜੁੜੀ ਸੀ। ਉਨ੍ਹਾਂ ਦੀ ਬਾਬਾ ਵਿੱਚ ਡੂੰਘੀ ਸ਼ਰਧਾ ਸੀ। ਉਨ੍ਹਾਂ ਦੇ ਨਾਲ ਆਈਆਂ ਔਰਤਾਂ ਨੇ ਦੱਸਿਆ ਕਿ ਉਹ ਲਾਪਤਾ ਹੋ ਗਏ ਹਨ ਤਾਂ ਮੈਂ ਤੁਰੰਤ ਗੁਰੂਗ੍ਰਾਮ ਤੋਂ ਇੱਥੇ ਆਇਆ ਹਾਂ।”

ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕਈ ਹੋਰ ਲੋਕ ਵੀ ਆਪਣੇ ਨਜ਼ਦੀਕੀਆਂ ਨੂੰ ਲੱਭਣ ਲਈ ਮਿਹਨਤ ਕਰਦੇ ਨਜ਼ਰ ਆਏ।

ਕਾਸਗੰਜ ਤੋਂ ਆਏ ਸ਼ਿਵਮ ਕੁਮਾਰ ਦੀ ਮਾਂ ਲਾਪਤਾ ਹਨ। ਜਦੋਂ ਉਹ ਸੀਐੱਚਸੀ ਪਹੁੰਚੇ ਤਾਂ ਲਾਸ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜਿਆ ਜਾ ਚੁੱਕਿਆ ਸੀ। ਉਹ ਆਪਣੀ ਮਾਂ ਦਾ ਅਧਾਰ ਕਾਰਡ ਲੈ ਕੇ ਭਟਕ ਰਹੇ ਸਨ।

ਅਲੀਗੜ੍ਹ ਤੋਂ ਆਏ ਬੰਟੀ ਦੇ ਕੋਲ ਸੀਐੱਚਸੀ ਦੇ ਬਾਹਰ ਦੀ ਇੱਕ ਤਸਵੀਰ ਸੀ। ਤਸਵੀਰ ਵਿੱਚ ਉਨ੍ਹਾਂ ਦੀ ਮਾਂ ਕਈ ਹੋਰ ਔਰਤਾਂ ਦੇ ਨਾਲ ਪਈ ਸੀ। ਉਨ੍ਹਾਂ ਨੇ ਮੀਡੀਆ ਵਿੱਚ ਚਲਾਏ ਜਾ ਰਹੇ ਵੀਡੀਓ ਵਿੱਚ ਆਪਣੀ ਮਾਂ ਨੂੰ ਪਹਿਚਾਣਿਆ ਹੈ।

ਬੰਟੀ ਜਾਣਦੇ ਹਨ ਉਨ੍ਹਾਂ ਦੀ ਬਜ਼ੁਰਗ ਮਾਂ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ, ਉਹ ਬੱਸ ਛੇਤੀ ਤੋਂ ਛੇਤੀ ਆਪਣੀ ਮਾਂ ਦੀ ਲਾਸ਼ ਲੱਭ ਲੈਣਾ ਚਾਹੁੰਦੇ ਹਨ।

ਬੰਟੀ ਕਹਿੰਦੇ ਹਨ, “ਸਿੱਧਾ ਇੱਥੇ ਪਹੁੰਚਿਆ ਹਾਂ। ਸਮਝ ਨਹੀਂ ਆ ਰਿਹਾ ਕਿ ਕਾਸਗੰਜ ਜਾਵਾਂ, ਏਟਾ ਜਾਵਾਂ, ਅਲੀਗੜ੍ਹ ਜਾਵਾਂ ਜਾਂ ਫਿਰ ਹਾਥਰਸ।” ਬੰਟੀ ਕੰਟਰੋਲ ਸੈਂਟਰ ਦੇ ਕਈ ਨੰਬਰਾਂ ਉੱਤੇ ਫੋਨ ਕਰਦੇ ਹਨ। ਕਿਤੋਂ ਕਈ ਪੱਕੀ ਜਾਣਕਾਰੀ ਨਹੀਂ ਮਿਲਦੀ। ਇੱਕ ਅਪਰੇਟਰ ਉਨ੍ਹਾਂ ਨੂੰ ਸਾਰੇ ਹਸਪਤਾਲਾਂ ਵਿੱਚ ਜਾ ਕੇ ਦੇਖਣ ਦੀ ਸਲਾਹ ਦਿੰਦਾ ਹੈ।

ਸਿੰਕਦਰਾਊ ਸੀਐੱਚਸੀ ਦਾ ਟਰੌਮਾ ਸੈਂਟਰ

ਤਸਵੀਰ ਸਰੋਤ, DHARMENDRA CHAUDHARY

ਪਛਾਣ ਕਿਵੇਂ ਕੀਤੀ ਜਾਵੇ

ਘਟਨਾ ਵਿੱਚ ਮਾਰੇ ਗਏ ਕਈ ਲੋਕਾਂ ਦੀ ਪਛਾਣ ਰਾਤ 12 ਵਜੇ ਤੱਕ ਵੀ ਨਹੀਂ ਹੋ ਸਕੀ। ਜਿਨ੍ਹਾਂ ਦੀ ਪਛਾਣ ਹੋਈ ਹੈ, ਪ੍ਰਸ਼ਾਸਨ ਨੇ ਉਨ੍ਹਾਂ ਦੀ ਸੂਚੀ ਜਾਰੀ ਕੀਤੀ ਹੈ। ਲੇਕਿਨ ਲਾਵਾਰਿਸ ਲੋਕਾਂ ਦੇ ਸੰਬੰਧੀਆਂ ਦੇ ਸਾਹਮਣੇ ਉਨ੍ਹਾਂ ਨੂੰ ਖੋਜਣ ਦੀ ਚੁਣੌਤੀ ਹੈ।

ਨਾਰਾਇਣ ਸਾਕਾਰ ਦੇ ਸਤਿਸੰਗ ਵਿੱਚ ਆਉਣ ਵਾਲੇ ਜ਼ਿਆਦਾਤਰ ਲੋਕ ਕਮਜ਼ੋਰ ਆਰਥਿਕ ਵਰਗ ਅਤੇ ਪਿਛੜੀਆਂ ਜਾਤੀਆਂ ਨਾਲ ਸੰਬੰਧਿਤ ਹਨ।

ਇੱਕ ਦੂਜੇ ਜੇ ਸੰਪਰਕ ਵਿੱਚ ਆਉਣ ਕਾਰਨ ਇਹ ਆਪਣੇ-ਆਪ ਨੂੰ ਦੂਜੇ ਸਤਿਸੰਗੀਆਂ ਦੇ ਨਜ਼ਦੀਕ ਮਹਿਸੂਸ ਕਰਦੇ ਹਨ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਦੇ ਹੱਲ ਲਈ ਨਾਰਾਇਣ ਸਾਕਾਰ ਦਾ ਸਹਾਰਾ ਲੈਂਦੇ ਹਨ।

ਹਾਥਰਸ ਪੀੜਤ ਪਰਿਵਾਰ ਪੁਲਿਸ ਨੂੰ ਵੇਰਵੇ ਲਿਖਾਉਂਦੇ ਹੋਏ

ਤਸਵੀਰ ਸਰੋਤ, ANI

ਸਥਾਨਕ ਪੱਤਰਕਾਰਾਂ ਦੇ ਮੁਤਾਬਕ, ਨਾਰਾਇਣ ਸਾਕਾਰ ਹਾਥਰਸ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਕਈ ਵਾਰ ਸਤਿਸੰਗ ਕਰ ਚੁੱਕੇ ਹਨ ਅਤੇ ਹਰ ਵਾਰ ਪਿਛਲੀ ਵਾਰ ਤੋਂ ਜ਼ਿਆਦਾ ਇੱਕਠ ਹੁੰਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸਤਿਸੰਗ ਨਾਲ ਜੁੜਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਪੱਤਰਕਾਰ ਬੀਐੱਨ ਸ਼ਰਮਾ ਦੱਸਦੇ ਹਨ, “ਬਾਬਾ ਦੇ ਸਤਿਸੰਗ ਵਿੱਚ ਮੀਡੀਆ ਦੀ ਐਂਟਰੀ ਨਹੀਂ ਹੁੰਦੀ ਹੈ। ਵੀਡੀਓ ਬਣਾਉਣ ਉੱਤੇ ਰੋਕ ਰਹਿੰਦੀ ਹੈ। ਬਾਬਾ ਮੀਡੀਆ ਵਿੱਚ ਜ਼ਿਆਦਾ ਪ੍ਰਚਾਰ ਨਹੀਂ ਕਰਦੇ ਹਨ।”

ਬੀਐੱਨ ਸ਼ਰਮਾ ਕਈ ਵਾਰ ਬਾਬਾ ਦੇ ਸਤਿਸੰਗ ਨੂੰ ਬਾਹਰੋਂ ਦੇਖ ਚੁੱਕੇ ਹਨ। ਉਨ੍ਹਾਂ ਦੇ ਮੁਤਾਬਕ—

ਸਤਿਸੰਗੀ ਬੇਹੱਦ ਅਨੁਸ਼ਾਸਨ ਵਿੱਚ ਹੁੰਦੇ ਹਨ। ਸਤਿਸੰਗ ਵਾਲੀ ਥਾਂ ਦੀ ਸਾਫ-ਸਫਾਈ ਆਪ ਕਰਦੇ ਹਨ ਅਤੇ ਬਾਕੀ ਜ਼ਿੰਮੇਵਾਰੀਆਂ ਵੀ ਆਪ ਹੀ ਸੰਭਾਲਦੇ ਹਨ। ਭੀੜ ਦੇ ਪ੍ਰਬੰਧ ਤੋਂ ਲੈ ਕੇ ਟਰੈਫ਼ਿਕ ਦੇ ਪ੍ਰਬੰਧ ਤੱਕ ਦਾ ਕੰਮ ਸਤਿਸੰਗੀਆਂ ਦੇ ਜ਼ਿੰਮੇ ਹੁੰਦਾ ਹੈ।

ਨਾਰਾਇਣ ਸਾਕਾਰ ਦੀ ਸੁਰੱਖਿਆ ਵਿੱਚ ਸਤਿਸੰਗੀਆਂ ਦਾ ਭਾਰੀ ਦਸਤਾ ਰਹਿੰਦਾ ਹੈ ਜੋ ਉਨ੍ਹਾਂ ਦੇ ਆਲੇ-ਦੁਆਲੇ ਚਲਦਾ ਹੈ। ਇਸ ਵਜ੍ਹਾ ਤੋਂ ਨਾਰਾਇਣ ਸਾਕਾਰ ਦੇ ਕੋਲ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ।

ਸਤਿਸੰਗ ਦੇ ਦੌਰਾਨ ਬਾਬਾ ਦੇ ਪੈਰਾਂ ਅਤੇ ਸਰੀਰ ਨੂੰ ਧੋਣ ਵਾਲੇ ਜਲ ਜਿਸ ਨੂੰ ਚਰਣ-ਅੰਮ੍ਰਿਤ ਕਿਹਾ ਜਾਂਦਾ ਹੈ, ਲੈਣ ਲਈ ਭਗਤਾਂ ਵਿੱਚ ਹੋੜ ਲੱਗੀ ਰਹਿੰਦੀ ਹੈ।

ਬੀਐੱਨ ਸ਼ਰਮਾ ਕਹਿੰਦੇ ਹਨ, “ਭਗਤ ਬਾਬਾ ਦੇ ਚਰਣਾਂ ਦੀ ਧੂੜ ਨੂੰ ਅਸ਼ੀਰਵਾਦ ਸਮਝਦੇ ਹਨ। ਬਾਬਾ ਜਿੱਥੋਂ ਲੰਘਦੇ ਹਨ ਉੱਥੋਂ ਦੀ ਮਿੱਟੀ ਚੁੱਕ ਕੇ ਲੈਂ ਜਾਂਦੇ ਹਨ। ਮੰਗਲਵਾਰ ਨੂੰ ਜਦੋਂ ਭਗਦੜ ਮੱਚੀ, ਬਹੁਤ ਸਾਰੀਆਂ ਔਰਤਾਂ, ਇਸੇ ਧੂੜ ਨੂੰ ਚੁੱਕਣ ਲਈ ਥੱਲੇ ਝੁਕੀਆਂ ਸਨ। ਇਸੇ ਕਾਰਨ ਜਦੋਂ ਭਗਦੜ ਮੱਚੀ, ਬਹੁਤ ਸਾਰੇ ਲੋਕਾਂ ਨੂੰ ਉੱਠਣ ਦਾ ਮੌਕਾ ਹੀ ਨਹੀਂ ਮਿਲ ਸਕਿਆ।”