ਅਸੀਂ ਕਿਵੇਂ ਕੋਈ ਗੱਲ, ਰਸਤਾ, ਜਾਂ ਕਿਸੇ ਦਾ ਨਾਮ ਭੁੱਲ ਜਾਂਦੇ ਹਾਂ, ਕਦੋਂ ਇਸ ਬਾਰੇ ਫ਼ਿਕਰ ਕਰਨ ਦੀ ਲੋੜ ਹੈ

    • ਲੇਖਕ, ਅਲੈਗਜ਼ੈਂਡਰ ਈਸਟਨ
    • ਰੋਲ, ਦਿ ਕਨਵਰਸੇਸ਼ਨ*

ਹਰ ਰੋਜ਼ ਹੀ ਭੁੱਲਣ ਦੀ ਆਦਤ ਪਰੇਸ਼ਾਨ ਕਰ ਸਕਦੀ ਹੈ। ਉਮਰ ਦੇ ਵਧਣ ਨਾਲ ਇਹ ਡਰਾਉਣਾ ਵੀ ਬਣ ਜਾਂਦਾ ਹੈ। ਹਾਲਾਂਕਿ ਭੁੱਲਣਾ ਸਾਡੇ ਚੇਤੇ ਦਾ ਇੱਕ ਸਧਾਰਨ ਹਿੱਸਾ ਹੈ।

ਇਸ ਨਾਲ ਸਾਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਅਤੇ ਨਵੀਂ ਜਾਣਕਾਰੀ ਨੂੰ ਸਾਂਭਣ ਲਈ ਦਿਮਾਗ ਵਿੱਚ ਥਾਂ ਬਣਾਉਣ ਵਿੱਚ ਮਦਦ ਮਿਲਦੀ ਹੈ।

ਅਸਲ ਵਿੱਚ ਸਾਡੀਆਂ ਯਾਦਾਂ ਇੰਨੀਆਂ ਭਰੋਸੇਯੋਗ ਨਹੀਂ ਹੁੰਦੀਆਂ ਜਿੰਨਾ ਅਸੀਂ ਸੋਚਦੇ ਹਾਂ। ਪਰ ਕਿੰਨਾ ਕੁ ਭੁੱਲਣਾ ਆਮ ਹੈ? ਕੀ ਦੇਸ਼ ਦੇ ਨਾਵਾਂ ਬਾਰੇ ਭੰਬਲਭੂਸੇ ਵਿੱਚ ਪੈ ਜਾਣਾ ਆਮ ਗੱਲ ਹੈ।

ਜਿਵੇਂ ਕਿ ਹਾਲ ਹੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਹੋਇਆ ਸੀ? ਆਓ, ਦੇਖਦੇ ਹਾਂ ਇਸ ਬਾਰੇ ਸਬੂਤ ਕੀ ਕਹਿੰਦੇ ਹਨ—

ਜਦੋਂ ਅਸੀਂ ਕੁਝ ਯਾਦ ਕਰਦੇ ਹਾਂ, ਸਾਡੇ ਦਿਮਾਗ ਨੂੰ ਇਹ ਸਿੱਖਣਾ (ਐਨਕੋਡ ਕਰਨਾ) ਪੈਂਦਾ ਹੈ, ਇਸ ਨੂੰ ਸੰਭਾਲਣਾ (ਸਟੋਰ ਕਰਨ) ਪੈਂਦਾ ਹੈ ਅਤੇ ਲੋੜ ਪੈਣ 'ਤੇ ਇਸ ਨੂੰ ਦੁਬਾਰਾ ਪ੍ਰਾਪਤ ਕਰਨਾ ਹੁੰਦਾ ਹੈ। ਇਸ ਸਾਰੀ ਪ੍ਰਕਿਰਿਆ ਦੌਰਾਨ ਅਸੀਂ ਕਦੇ ਵੀ ਭੁੱਲ ਸਕਦੇ ਹਾਂ।

ਜਦੋਂ ਗਿਆਨ ਇੰਦਰੀਆਂ ਤੋਂ ਪ੍ਰਾਪਤ ਜਾਣਕਾਰੀ ਸਭ ਤੋਂ ਪਹਿਲਾਂ ਦਿਮਾਗ ਤੱਕ ਪਹੁੰਚਦੀ ਹੈ, ਤਾਂ ਅਸੀਂ ਇਸ ਨੂੰ ਸਮਝ ਨਹੀਂ ਸਕਦੇ। ਇਸ ਦੀ ਬਜਾਏ, ਅਸੀਂ ਆਪਣਾ ਧਿਆਨ ਜਾਣਕਾਰੀ ਦੀ ਪੁਣ-ਛਾਣ (ਫਿਲਟਰ) ਕਰਨ ਵਿੱਚ ਲਗਾਉਂਦੇ ਹਾਂ ਤਾਂ ਕਿ ਅਸੀਂ ਇਸ ਵਿੱਚੋਂ ਮਹੱਤਵਪੂਰਨ ਟੁਕੜਿਆਂ ਦੀ ਪਛਾਣ ਸਕੀਏ ਅਤੇ ਉਸ ਉੱਤੇ ਅਮਲ ਕਰ ਸਕੀਏ।

ਇਸ ਲਈ ਜਦੋਂ ਅਸੀਂ ਆਪਣਾ ਕੋਈ ਅਨੁਭਵ ਇਨਕੋਡ ਕਰਦੇ ਹਾਂ ਤਾਂ ਇਹ ਮੁੱਖ ਰੂਪ ਵਿੱਚ ਉਸੇ ਗੱਲ ਬਾਰੇ ਹੁੰਦਾ ਹੈ ਜਿਸ ਉੱਤੇ ਅਸੀਂ ਧਿਆਨ ਦਿੰਦੇ ਹਾਂ।

ਦੱਸ ਦੇਈਏ ਕਿ ਇਨਕੋਡਿੰਗ ਅਤੇ ਡੀਕੋਡਿੰਗ ਦੋ ਪ੍ਰਕਿਰਿਆਵਾਂ ਹਨ। ਇਨਕੋਡ ਮਤਲਬ ਕੋਡ ਵਿੱਚ ਬੰਨ੍ਹਣਾ ਅਤੇ ਡੀਕੋਡ ਮਤਲਬ ਕਿਸੇ ਬਣੇ ਕੋਡ ਨੂ੍ੰ ਖੋਲ੍ਹਣਾ।

ਮੰਨ ਲਓ ਕਿਸੇ ਡਿਨਰ ਪਾਰਟੀ ਮੌਕੇ ਤੁਸੀਂ ਤੁਹਾਡਾ ਧਿਆਨ ਕਿਤੇ ਹੋਰ ਸੀ, ਉਸ ਦੌਰਾਨ ਜੇ ਕੋਈ ਨਵਾਂ ਵਿਅਕਤੀ ਆ ਜਾਂਦਾ ਹੈ ਤਾਂ ਅਸੀਂ ਉਸ ਦੇ ਨਾਮ ਨੂੰ ਕਦੇ ਇਨਕੋਡ ਨਹੀਂ ਕਰਾਂਗੇ।

ਇਹ ਚੇਤੇ ਦੀ ਅਸਫਲਤਾ (ਭੁੱਲਕੜਪੁਣਾ) ਹੈ, ਪਰ ਇਹ ਇੱਕ ਆਮ ਗੱਲ ਹੈ ਜੋ ਅਕਸਰ ਹੁੰਦੀ ਹੈ।

ਅਭਿਆਸ ਦਾ ਮਹੱਤਵ

ਆਦਤਾਂ ਅਤੇ ਢਾਂਚਾ, ਜਿਵੇਂ ਕਿ ਆਪਣੀਆਂ ਚਾਬੀਆਂ ਹਮੇਸ਼ਾ ਇੱਕੋ ਥਾਂ ਉੱਤੇ ਰੱਖਣਾ ਤਾਂ ਕਿ ਸਾਨੂੰ ਉਨ੍ਹਾਂ ਦੀ ਥਾਂ ਇਨਕੋਡ ਨਾ ਕਰਨੀ ਪਵੇ। ਇਹ ਸਾਨੂੰ ਇਸ ਸਮੱਸਿਆ ਤੋਂ ਬਚਣ ਵਿੱਚ ਮਦਦ ਕਰ ਸਕਦਾ ਹੈ।

ਚੇਤੇ ਦੀ ਤੰਦਰੁਸਤੀ ਲਈ ਅਭਿਆਸ ਵੀ ਜ਼ਰੂਰੀ ਹੈ। ਜੇਕਰ ਅਸੀਂ ਇਸ ਨੂੰ ਵਰਤਾਂਗੇ ਨਹੀਂ ਤਾਂ ਅਸੀਂ ਇਸ ਨੂੰ ਗੁਆ ਦਿੰਦੇ ਹਾਂ।

ਸਾਨੂੰ ਉਹ ਯਾਦਾਂ ਸਭ ਤੋਂ ਲੰਬਾ ਸਮਾਂ ਯਾਦ ਰਹਿੰਦੀਆਂ ਹਨ ਜਿਨ੍ਹਾਂ ਦਾ ਅਸੀਂ ਅਭਿਆਸ ਕੀਤਾ ਹੋਵੇ ਜਾਂ ਜਿਨ੍ਹਾਂ ਨੂੰ ਵਾਰ-ਵਾਰ ਦੁਹਰਾਇਆ ਹੋਵੇ। (ਹਾਲਾਂਕਿ ਅਸੀਂ ਅਕਸਰ ਹਰੇਕ ਦੁਹਰਾਓ ਨਾਲ ਚੇਤੇ ਵਿੱਚ ਬਦਲਾਅ ਕਰਦੇ ਹਾਂ ਅਤੇ ਸਾਨੂੰ ਅਕਸਰ ਕੋਈ ਚੀਜ਼ ਉਵੇਂ ਹੀ ਯਾਦ ਰਹਿੰਦੀ ਹੈ ਜਿਵੇਂ ਆਖਰੀ ਵਾਰ ਉਸ ਨੂੰ ਯਾਦ ਕੀਤਾ ਹੋਵੇ।)

ਮਤਲਬ ਸਾਨੂੰ ਘਟਨਾ ਭੁੱਲ ਸਕਦੀ ਹੈ ਪਰ ਉਹ ਆਖਰੀ ਵਾਰ ਕਿਵੇਂ ਯਾਦ ਕੀਤੀ ਸੀ ਉਹ ਯਾਦ ਰਹਿ ਜਾਂਦਾ ਹੈ।

1880 ਦੇ ਦਹਾਕੇ ਵਿੱਚ ਜਰਮਨ ਮਨੋਵਿਗਿਆਨੀ ਹਰਮਨ ਐਬਿੰਨਗੌਸ ਨੇ ਲੋਕਾਂ ਨੂੰ ਕੁਝ ਬੇਮਤਲਬ ਸ਼ਬਦਅੰਸ਼ ਯਾਦ ਕਰਵਾਏ ਜੋ ਉਨ੍ਹਾਂ ਨੇ ਪਹਿਲਾਂ ਕਦੇ ਦੇਖੇ-ਸੁਣੇ ਨਹੀਂ ਸਨ। ਫਿਰ ਇਹ ਦੇਖਿਆ ਕਿ ਸਮੇਂ ਦੇ ਨਾਲ ਉਨ੍ਹਾਂ ਨੂੰ ਇਹ ਕਿੰਨੇ ਯਾਦ ਹਨ।

ਹਰਮਨ ਨੇ ਦਰਸਾਇਆ ਕਿ ਅਭਿਆਸ ਤੋਂ ਬਿਨਾਂ, ਸਾਡਾ ਜ਼ਿਆਦਾਤਰ ਚੇਤਾ ਇੱਕ ਜਾਂ ਦੋ ਦਿਨਾਂ ਵਿੱਚ ਫਿੱਕਾ ਪੈ ਜਾਂਦਾ ਹੈ।

ਹਾਲਾਂਕਿ, ਜੇਕਰ ਲੋਕ ਨਿਯਮਿਤ ਰੂਪ ਵਿੱਚ ਸ਼ਬਦਾਂ ਨੂੰ ਦੁਹਰਾ ਕੇ ਅਭਿਆਸ ਕਰਦੇ ਹਨ, ਤਾਂ ਉਨ੍ਹਾਂ ਦੀ ਇੱਕ ਦਿਨ ਤੋਂ ਵੱਧ ਸਮੇਂ ਲਈ ਯਾਦ ਕੀਤੇ ਜਾ ਸਕਣ ਵਾਲੇ ਸ਼ਬਦਾਂ ਦੀ ਸੰਖਿਆ ਹੈਰਾਨੀਜਨਕ ਢੰਗ ਨਾਲ ਵਧ ਜਾਂਦੀ ਹੈ।

ਅਭਿਆਸ ਕਰਨ ਦੀ ਇਹ ਜ਼ਰੂਰਤ ਰੋਜ਼ਾਨਾ ਦੇ ਭੁੱਲਕੜਪੁਣੇ ਦਾ ਇੱਕ ਹੋਰ ਕਾਰਨ ਹੋ ਸਕਦੀ ਹੈ।

ਜਦੋਂ ਅਸੀਂ ਸੁਪਰ ਮਾਰਕਿਟ ਜਾਂਦੇ ਹਾਂ, ਤਾਂ ਅਸੀਂ ਇਨਕੋਡ ਕਰਦੇ ਹਾਂ ਕਿ ਅਸੀਂ ਕਾਰ ਕਿੱਥੇ ਖੜ੍ਹੀ ਕੀਤੀ ਹੈ, ਪਰ ਜਦੋਂ ਅਸੀਂ ਸਟੋਰ ਦੇ ਅੰਦਰ ਚਲੇ ਜਾਂਦੇ ਹਾਂ ਤਾਂ ਅਸੀਂ ਹੋਰ ਚੀਜ਼ਾਂ (ਖਰੀਦੇ ਜਾਣ ਵਾਲੇ ਸਾਮਾਨ ਦੀ ਸੂਚੀ) ਨੂੰ ਯਾਦ ਕਰਨ ਵਿੱਚ ਰੁੱਝ ਜਾਂਦੇ ਹਾਂ।

ਨਤੀਜੇ ਵਜੋਂ, ਕਾਰ ਖੜ੍ਹੀ ਕਰਨ ਵਾਲੀ ਥਾਂ ਸਾਨੂੰ ਵਿਸਰ ਸਕਦੀ ਹੈ।

ਇਹ ਸਾਡੇ ਭੁੱਲਣ ਦੀ ਇੱਕ ਹੋਰ ਵਿਸ਼ੇਸ਼ਤਾ ਵੱਲ ਸੰਕੇਤ ਕਰਦਾ ਹੈ। ਅਸੀਂ ਵਿਸ਼ੇਸ਼ ਜਾਣਕਾਰੀ (ਵੇਰਵੇ) ਨੂੰ ਭੁੱਲ ਸਕਦੇ ਹਾਂ, ਪਰ ਤੱਤ ਸਾਰ ਯਾਦ ਰਹਿ ਜਾਂਦਾ ਹੈ।

ਜਦੋਂ ਅਸੀਂ ਸਟੋਰ ਤੋਂ ਪਰਤਦੇ ਹਾਂ ਤਾਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਯਾਦ ਹੀ ਨਹੀਂ ਹੈ ਕਿ ਅਸੀਂ ਆਪਣੀ ਕਾਰ ਕਿੱਥੇ ਖੜ੍ਹੀ ਕੀਤੀ ਸੀ। ਫਿਰ ਸਾਨੂੰ ਸ਼ਾਇਦ ਯਾਦ ਆਵੇਗਾ ਕਿ ਇਹ ਸਟੋਰ ਦੇ ਦਰਵਾਜ਼ੇ ਦੇ ਖੱਬੇ ਜਾਂ ਸੱਜੇ ਪਾਸੇ, ਵਾਹਨ ਸਥਾਨ ਦੇ ਅਖੀਰ ਵਿੱਚ ਜਾਂ ਵਿਚਕਾਰ ਕਿਤੇ ਖੜ੍ਹੀ ਕੀਤੀ ਸੀ।

ਇਸ ਤਰ੍ਹਾਂ, ਕਾਰ ਨੂੰ ਲੱਭਣ ਲਈ ਪੂਰੀ ਪਾਰਕਿੰਗ ਵਿੱਚ ਘੁੰਮਣ ਨਾਲੋਂ, ਅਸੀਂ ਇੱਕ ਸੀਮਤ ਘੇਰੇ ਵਿੱਚ ਹੀ ਕਾਰ ਦੀ ਭਾਲ ਕਰ ਸਕਦੇ ਹਾਂ।

ਉਮਰ ਵਧਣ ਦਾ ਪ੍ਰਭਾਵ

ਉਮਰ ਦੇ ਵਧਣ ਨਾਲ ਲੋਕਾਂ ਨੂੰ ਆਪਣੀ ਯਾਦਦਾਸ਼ਤ ਨੂੰ ਲੈ ਕੇ ਫਿਕਰ ਵੀ ਵਧਣ ਲਗਦੀ ਹੈ। ਇਹ ਸੱਚ ਹੈ ਕਿ ਉਮਰ ਨਾਲ ਭੁਲੱਕੜਪੁਣਾ ਵੀ ਵਧਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਕੋਈ ਸਮੱਸਿਆ ਹੈ।

ਅਸੀਂ ਜਿੰਨੀ ਜ਼ਿਆਦਾ ਲੰਬੀ ਉਮਰ ਜਿਊਂਦੇ ਹਾਂ, ਓਨੇ ਹੀ ਜ਼ਿਆਦਾ ਸਾਡੇ ਕੋਲ ਤਜ਼ਰਬੇ ਹੋਣਗੇ ਅਤੇ ਯਾਦ ਰੱਖਣ ਲਈ ਓਨੀਆਂ ਹੀ ਜ਼ਿਆਦਾ ਗੱਲਾਂ ਹੋਣਗੀਆਂ।

ਸਿਰਫ਼ ਇੰਨਾ ਹੀ ਨਹੀਂ, ਬਲਕਿ ਤਜ਼ਰਬਿਆਂ ਵਿੱਚ ਬਹੁਤ ਕੁਝ ਸਾਂਝਾ ਹੈ, ਜਿਸ ਦਾ ਅਰਥ ਹੈ ਕਿ ਸਾਡੇ ਚੇਤੇ ਲਈ ਇਨ੍ਹਾਂ ਘਟਨਾਵਾਂ ਨੂੰ ਵੱਖ-ਵੱਖ ਕਰਨਾ ਮੁਸ਼ਕਿਲ ਹੋ ਸਕਦਾ ਹੈ।

ਜੇਕਰ ਤੁਸੀਂ ਸਿਰਫ਼ ਇੱਕ ਵਾਰ ਕਿਸੇ ਸਮੁੰਦਰੀ ਕੰਢੇ ਉੱਤੇ ਛੁੱਟੀ ਮਨਾਉਣ ਗਏ ਹੋ, ਤਾਂ ਤੁਹਾਨੂੰ ਇਹ ਬਹੁਤ ਸਪੱਸ਼ਟ ਯਾਦ ਹੋਵੇਗਾ। ਮੰਨ ਲਓ ਸਪੇਨ।

ਹਾਲਾਂਕਿ, ਜੇ ਤੁਸੀਂ ਸਪੇਨ ਵਿੱਚ ਕਈ ਵਾਰ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਅਤੇ ਵੱਖ-ਵੱਖ ਸਮਿਆਂ ਉੱਤੇ ਛੁੱਟੀਆਂ ਮਨਾਉਣ ਗਏ ਹੋ, ਤਾਂ ਇਹ ਯਾਦ ਰੱਖਣਾ ਮੁਸ਼ਕਿਲ ਹੈ ਕਿ ਬਾਰਸੀਲੋਨਾ ਵਿੱਚ ਪਹਿਲੀ ਜਾਂ ਦੂਜੀ ਛੁੱਟੀ ਦੌਰਾਨ ਕੀ ਕੁਝ ਹੋਇਆ ਸੀ।

ਜਾਂ ਕੀ ਤੁਹਾਡਾ ਭਰਾ ਤੁਹਾਡੇ ਨਾਲ ਕਿਹੜੇ ਸ਼ਹਿਰ ਗਿਆ ਸੀ, ਤਾਂ ਇਹ ਯਾਦ ਰੱਖਣਾ ਜ਼ਿਆਦਾ ਮੁਸ਼ਕਿਲ ਹੈ।

ਯਾਦਾਂ ਦਾ ਉੱਪਰ-ਥੱਲੇ ਜਾਂ ਆਪਸ ਵਿੱਚ ਰਲਗੱਡ ਹੋ ਜਾਣਾ, ਜਾਣਕਾਰੀ ਨੂੰ ਮੁੜ ਯਾਦ ਕਰਨਾ ਮੁਸ਼ਕਿਲ ਬਣਾ ਦਿੰਦਾ ਹੈ।

ਕਲਪਨਾ ਕਰੋ ਕਿ ਤੁਸੀਂ ਆਪਣੇ ਕੰਪਿਊਟਰ ਵਿੱਚ ਫਾਈਲਾਂ ਸੰਭਾਲ ਕੇ ਰੱਖਦੇ ਹੋ। ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰਦੇ ਹੋ, ਤਾਂ ਤੁਹਾਡੇ ਕੋਲ ਫਾਈਲਾਂ ਨੂੰ ਟਿਕਾਉਣ ਦਾ ਇੱਕ ਸਪਸ਼ਟ ਸਿਸਟਮ ਹੁੰਦਾ ਹੈ ਜਿਸ ਵਿੱਚ ਤੁਸੀਂ ਹਰੇਕ ਫਾਈਲ ਨੂੰ ਸੰਭਾਲ ਸਕਦੇ ਹੋ ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਇਸ ਨੂੰ ਕਿੱਥੋਂ ਲੱਭਣਾ ਹੈ।

ਫਿਰ ਜਿਵੇਂ-ਜਿਵੇਂ ਵੱਧ ਤੋਂ ਵੱਧ ਫਾਈਲਾਂ ਇਕੱਠੀਆਂ ਹੁੰਦੀਆਂ ਜਾਂਦੀਆਂ ਹਨ, ਤਾਂ ਇਹ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਕਿਸ ਫੋਲਡਰ ਦੀਆਂ ਹਨ।

ਤੁਸੀਂ ਇੱਕ ਫੋਲਡਰ ਵਿੱਚ ਬਹੁਤ ਸਾਰੀਆਂ ਫਾਈਲਾਂ ਸੰਭਾਲਣੀਆਂ ਸ਼ੁਰੂ ਕਰ ਸਕਦੇ ਹੋ ਕਿਉਂਕਿ ਉਹ ਸਾਰੀਆਂ ਉਸ ਵਿਸ਼ੇ ਨਾਲ ਸਬੰਧਤ ਹੁੰਦੀਆਂ ਹਨ।

ਇਸ ਦਾ ਮਤਲਬ ਹੈ ਕਿ ਸਮੇਂ ਦੇ ਨਾਲ ਸਹੀ ਫਾਈਲ ਲੱਭਣੀ ਮੁਸ਼ਕਿਲ ਹੋ ਜਾਂਦੀ ਹੈ। ਜਦੋਂ ਤੁਹਾਨੂੰ ਇਸ ਦੀ ਲੋੜ ਹੁੰਦੀ ਹੈ ਤਾਂ ਤੁਸੀਂ ਨਹੀਂ ਜਾਣਦੇ ਕਿ ਇਹ ਕਿੱਥੇ ਹੈ।

ਇਸਦਾ ਕਾਰਨ ਹੋ ਸਕਦਾ ਹੈ ਕਿ ਤੁਹਾਨੂੰ ਨਹੀਂ ਪਤਾ ਕਿ ਇਹ ਕਿੱਥੇ ਹੋਣੀ ਚਾਹੀਦੀ ਹੈ ਜਾਂ ਇਸ ਨੂੰ ਲੱਭਣ ਲਈ ਹੋਰ ਬਹੁਤ ਕੁਝ ਕਰਨਾ ਪੈਂਦਾ ਹੈ।

ਕਿਸੇ ਗੱਲ ਨੂੰ ਨਾ ਭੁੱਲਣਾ ਵੀ ਪਰੇਸ਼ਾਨੀ ਦਾ ਕਾਰਨ ਹੋ ਸਕਦਾ ਹੈ। ਪੋਸਟ-ਟਰਾਮੈਟਿਕ ਸਟਰੈੱਸ ਡਿਸਆਰਡਰ (ਕਿਸੇ ਸਦਮੇ ਤੋਂ ਬਾਅਦ ਦਾ ਤਣਾਅ) ਅਜਿਹੀ ਸਥਿਤੀ ਦੀ ਇੱਕ ਮਿਸਾਲ ਹੈ ਜਿਸ ਵਿੱਚ ਲੋਕਾਂ ਤੋਂ ਉਸ ਸਦਮੇ (ਘਟਨਾ) ਨੂੰ ਭੁੱਲਿਆ ਹੀ ਨਹੀਂ ਜਾਂਦਾ।

ਉਸ ਸਦਮੇ ਘਟਨਾ) ਦਾ ਚੇਤਾ ਲਗਾਤਾਰ ਬਣਿਆ ਰਹਿੰਦਾ ਹੈ, ਇਹ ਫਿੱਕਾ ਨਹੀਂ ਪੈਂਦਾ ਅਤੇ ਅਕਸਰ ਰੋਜ਼ਾਨਾ ਜੀਵਨ ਵਿੱਚ ਰੁਕਾਵਟ ਪੈਦਾ ਕਰਦਾ ਹੈ।

ਦੁੱਖ ਜਾਂ ਡਿਪਰੈਸ਼ਨ ਵਿੱਚ ਦੇ ਸਮੇਂ ਦੌਰਾਨ ਵੀ ਕੁਝ ਯਾਦਾਂ ਸਾਨੂੰ ਵਾਰ-ਵਾਰ ਯਾਦ ਆਉਂਦੀਆਂ ਹਨ ਅਤੇ ਜੋ ਨਕਾਰਾਤਮਕ ਜਾਣਕਾਰੀ ਨੂੰ ਭੁੱਲਣਾ ਹੋਰ ਮੁਸ਼ਕਿਲ ਕਰ ਸਕਦੀਆਂ ਹਨ। ਇੱਥੇ ਭੁੱਲਣ ਦੀ ਆਦਤ ਇੱਕ ਵਰਦਾਨ ਬਣ ਕੇ ਕੰਮ ਆਉਂਦੀ ਹੈ।

ਭੁੱਲਣਾ ਹਮੇਸ਼ਾ ਫੈਸਲੇ ਲੈਣ ਨੂੰ ਪ੍ਰਭਾਵਿਤ ਨਹੀਂ ਕਰਦਾ

ਭੁੱਲਣਾ ਇੱਕ ਆਮ ਗੱਲ ਹੈ ਅਤੇ ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਇਹ ਹੋਰ ਵੀ ਆਮ ਹੋ ਜਾਂਦਾ ਹੈ। ਪਰ ਨਾਮ ਜਾਂ ਤਾਰੀਕਾਂ ਨੂੰ ਭੁੱਲਣਾ, ਜਿਵੇਂ ਕਿ ਜੋਅ ਬਾਇਡਨ ਨਾਲ ਹੋਇਆ ਹੈ, ਉਸ ਦਾ ਅਸਰ ਫੈਸਲੇ ਲੈਣ ’ਤੇ ਨਹੀਂ ਪੈਂਦਾ ਹੈ।

ਬਜ਼ੁਰਗਾਂ ਕੋਲ ਡੂੰਘਾ ਗਿਆਨ ਅਤੇ ਚੰਗੀ ਸੂਝ ਹੋ ਸਕਦੀ ਹੈ, ਜੋ ਚੇਤੇ ਦੀਆਂ ਇਨ੍ਹਾਂ ਕਮੀਆਂ ਦਾ ਮੁਕਾਬਲਾ ਕਰਨ ਵਿੱਚ ਮਦਦ ਕਰ ਸਕਦੀ ਹੈ।

ਬੇਸ਼ੱਕ, ਕਈ ਵਾਰ ਭੁੱਲਣ ਦੀ ਬਿਮਾਰੀ ਕਿਸੇ ਵੱਡੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ ਅਤੇ ਅਜਿਹੇ ਵਿੱਚ ਡਾਕਟਰੀ ਸਲਾਹ ਦੀ ਲੋੜ ਪੈਦਾ ਹੋ ਜਾਂਦੀ ਹੈ।

ਆਪਣੇ ਆਪ ਨੂੰ ਵਾਰ-ਵਾਰ ਉਹੀ ਸਵਾਲ ਪੁੱਛਣਾ ਇਸ ਗੱਲ ਦਾ ਸੰਕੇਤ ਹੈ ਕਿ ਭੁੱਲਣਾ ਸਿਰਫ਼ ਧਿਆਨ ਭਟਕਾਉਣ ਦੀ ਸਮੱਸਿਆ ਤੋਂ ਕਿਧਰੇ ਜ਼ਿਆਦਾ ਹੈ।

ਇਸੇ ਤਰ੍ਹਾਂ, ਬਹੁਤ ਹੀ ਜਾਣੇ-ਪਛਾਣੇ ਖੇਤਰਾਂ ਵਿੱਚ ਭਟਕ ਜਾਣਾ ਇੱਕ ਹੋਰ ਸੰਕੇਤ ਹੈ ਕਿ ਤੁਹਾਨੂੰ ਆਪਣੇ ਵਾਤਾਵਰਨ ਵਿੱਚੋਂ ਮਿਲੇ ਸੰਕੇਤਾਂ ਦੀ ਵਰਤੋਂ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ ਜੋ ਤੁਹਾਨੂੰ ਇਹ ਚੇਤਾ ਕਰਾਉਂਦੇ ਹਨ ਕਿ ਤੁਸੀਂ ਜਾਣਾ ਕਿਵੇਂ ਹੈ।

ਡਿਨਰ ’ਤੇ ਕਿਸੇ ਦਾ ਨਾਮ ਭੁੱਲ ਜਾਣਾ ਆਮ ਗੱਲ ਹੈ, ਪਰ ਆਪਣੇ ਕਾਂਟੇ ਅਤੇ ਛੁਰੀ ਦੀ ਵਰਤੋਂ ਕਿਵੇਂ ਕਰਨੀ ਹੈ ਇਹ ਭੁੱਲਣਾ ਆਮ ਗੱਲ ਨਹੀਂ ਹੈ।

ਅਖੀਰ ਵਿੱਚ, ਨਾ ਤਾਂ ਖ਼ੁਦ ਅਤੇ ਨਾ ਹੀ ਦੂਜਿਆਂ ਦੇ ਭੁੱਲਣ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਇਹ ਆਮ ਤੌਰ 'ਤੇ ਉਦੋਂ ਆਪਣੇ ਸਿਖਰ ਉੱਤੇ ਹੁੰਦਾ ਹੈ ਜਦੋਂ ਇਹ ਲਗਦਾ ਹੈ ਕਿ ਚੀਜ਼ਾਂ ਵਿਗੜ ਰਹੀਆਂ ਹਨ।

* ਅਲੈਗਜ਼ੈਂਡਰ ਈਸਟਨ ਯੂਕੇ ਦੀ ਡਰਹਮ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਹਨ।

ਇਹ ਲੇਖ The Conversation 'ਤੇ ਪ੍ਰਕਾਸ਼ਿਤ ਹੋਇਆ ਸੀ ਅਤੇ ਕ੍ਰਿਏਟਿਵ ਕਾਮਨਜ਼ ਲਾਇਸੈਂਸ ਤਹਿਤ ਇੱਥੇ ਦੁਬਾਰਾ ਪੇਸ਼ ਕੀਤਾ ਗਿਆ। ਇਸ ਦਾ ਮੂਲ ਐਡੀਸ਼ਨ ਪੜ੍ਹਨ ਅਤੇ ਲਿੰਕ ਦੇਖਣ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)