ਕਸਰਤ ਅਤੇ ਖਾਣ ਨੂੰ ਛੱਡ ਕੇ ਇਨ੍ਹਾਂ 6 ਤਰੀਕਿਆਂ ਨਾਲ ਰੱਖੋ ਆਪਣਾ ਮੂਡ ਠੀਕ

ਕਸਰਤ ਅਤੇ ਚੰਗੀ ਖੁਰਾਕ ਮੂਡ ਠੀਕ ਕਰਨ ਦੇ ਮੰਨੇ-ਪ੍ਰਮੰਨੇ ਤਰੀਕਿਆਂ ਵਿੱਚੋਂ ਹਨ। ਹਾਲਾਂਕਿ ਇਨ੍ਹਾਂ ਤੋਂ ਇਲਾਵਾ ਵੀ ਕਈ ਢੰਗ ਹਨ ਜਿਨ੍ਹਾਂ ਨਾਲ ਤੁਸੀਂ ਆਪਣੇ-ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖ ਸਕਦੇ ਹੋ।

ਬੀਬੀਸੀ ਪੱਤਰਕਾਰ ਅਤੇ ਡਾਕਟਰ ਮਾਈਕਲ ਮੋਸਲੇ ਨੇ ਬੀਬੀਸੀ ਰੇਡੀਓ 4 ਦੇ ਪ੍ਰੋਗਰਾਮ ਵਿੱਚ ਅਜਿਹੇ ਕੁਝ ਢੰਗਾਂ ਦਾ ਜ਼ਿਕਰ ਕੀਤਾ।

1. ਕੁਝ ਲਿਖੋ

ਜੇ ਤੁਹਾਡੇ ਦਿਮਾਗ ਵਿੱਚ ਬਹੁਤ ਸਾਰੇ ਵਿਚਾਰ ਘੁੰਮ ਰਹੇ ਹਨ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਲਿਖਣਾ ਇਨ੍ਹਾਂ ਵਿਚਾਰਾਂ ਉੱਤੇ ਕਾਬੂ ਕਰਨ ਵਿੱਚ ਤੁਹਾਡਾ ਕਿੰਨਾ ਸਹਾਈ ਸਾਬਤ ਹੋ ਸਕਦਾ ਹੈ।

ਦਿਨ ਵਿੱਚ 15 ਮਿੰਟ ਬੈਠ ਕੇ, ਖੁੱਲ੍ਹ ਕੇ ਲਿਖਣ ਨਾਲ ਤੁਸੀਂ ਨਾਂਹਮੁਖੀ ਵਿਚਾਰਾਂ ਉੱਪਰ ਕੰਟਰੋਲ ਕਰ ਸਕਦੇ ਹੋ, ਤੁਹਾਡਾ ਮੂਡ ਠੀਕ ਹੋ ਸਕਦਾ ਹੈ, ਨੀਂਦ ਵਿੱਚ ਸੁਧਾਰ ਆ ਸਕਦਾ ਹੈ, ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਬਿਹਤਰ ਹੋ ਸਕਦੀ ਹੈ। ਇੱਥੋਂ ਤੱਕ ਕਿ ਤੁਹਾਡੀ ਯਾਦਾਸ਼ਤ ਵਿੱਚ ਵੀ ਸੁਧਾਰ ਹੋਵੇਗਾ।

ਇਸ ਆਦਤ ਦੇ ਫਾਇਦੇ ਤੁਹਾਨੂੰ ਇੱਕ ਹਫ਼ਤੇ ਦੇ ਅੰਦਰ ਹੀ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ।

ਪ੍ਰੋਫੈਸਰ ਜੇਮਜ਼ ਪੈਨੇਬੇਕਰ ਇੱਕ ਸਮਾਜਿਕ ਮਨੋਵਿਗਿਆਨੀ ਹਨ। ਉਨ੍ਹਾਂ ਨੇ ਇਸ ਵਿੱਚ ਕਈ ਅਧਿਐਨ ਕੀਤੇ ਹਨ।

ਉਨ੍ਹਾਂ ਦਾ ਕਹਿਣਾ ਹੈ, “ਲਿਖਣ ਦੇ ਸ਼ਕਤੀਸ਼ਾਲੀ ਸਾਬਤ ਹੋਣ ਦੀ ਇੱਕ ਵਜ੍ਹਾ ਇਹ ਹੋ ਸਕਦੀ ਹੈ ਕਿ ਤੁਸੀਂ ਪਰੇਸ਼ਾਨ ਕਰਨ ਵਾਲੇ ਅਨੁਭਵਾਂ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਦਿੰਦੇ ਹੋ ਅਤੇ ਤੁਸੀਂ ਦੂਜੇ ਲੋਕਾਂ ਨਾਲ ਬਿਹਤਰ ਜੁੜ ਪਾਉਂਦੇ ਹੋ।”

2. ਆਪਣੇ ਫ਼ੋਨ ਤੋਂ ਦੂਰ ਹੋ ਜਾਓ

ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਮੋਬਾਈਲ ਫੋਨ ਦੀ ਅਤਿ ਜ਼ਿਆਦਾ ਵਰਤੋਂ ਤੁਹਾਡੀ ਮਾਨਸਿਕ ਸਿਹਤ ਨੂੰ ਨੁਕਸਾਨ ਕਰ ਸਕਦੀ ਹੈ।

ਬਿਨਾਂ ਸ਼ੱਕ ਇਨ੍ਹਾਂ ਉਪਕਰਣਾਂ ਦੀਆਂ ਖੂਬੀਆਂ ਕਾਰਨ ਇਨ੍ਹਾਂ ਉੱਪਰ ਨਿਰਭਰ ਰਹਿਣ ਤੋਂ ਇਕਦਮ ਜਾਂ ਬਿਲਕੁਲ ਹੀ ਹਟ ਜਾਣਾ ਮੁਸ਼ਕਿਲ ਹੈ।

ਖ਼ੁਸ਼ਖ਼ਬਰੀ ਇਹ ਹੈ ਕਿ ਤੁਹਾਨੂੰ ਮੋਬਾਈਲ ਫੋਨ ਦੀ ਵਰਤੋਂ ਬਿਲਕੁਲ ਬੰਦ ਕਰਨ ਦੀ ਲੋੜ ਨਹੀਂ ਹੈ।

ਜਰਮਨੀ ਵਿੱਚ ਕੀਤੇ ਗਏ ਇੱਕ ਅਧਿਐਨ ਦੇ ਨਤੀਜਿਆਂ ਮੁਤਾਬਕ ਜਿਹੜੇ ਲੋਕਾਂ ਨੇ ਦਿਨ ਵਿੱਚ ਇੱਕ ਘੰਟੇ ਲਈ ਵੀ ਫੋਨ ਦੀ ਵਰਤੋਂ ਨੂੰ ਘਟਾਇਆ ਉਨ੍ਹਾਂ ਨੇ ਘੱਟ ਤਣਾਅ ਅਤੇ ਜ਼ਿੰਦਗੀ ਤੋਂ ਵਧੇਰੇ ਸੰਤੁਸ਼ਟ ਮਹਿਸੂਸ ਕੀਤਾ।

ਜੇ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਉੱਪਰ ਆਪਣੀ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਨੂੰ ਦੂਜੇ ਕਮਰੇ ਵਿੱਚ ਰੱਖਣਾ ਕਾਫੀ ਉਪਯੋਗੀ ਸਿੱਧ ਹੋ ਸਕਦਾ ਹੈ।

3. ਆਪਣੇ ਘਰ ਲਈ ਕੁਝ ਬੂਟੇ ਲੈ ਆਓ

ਘਰ ਵਿੱਚ ਪਏ ਬੂਟੇ ਘਰ ਦਾ ਸ਼ਿੰਗਾਰ ਹੀ ਨਹੀਂ ਬਣਦੇ ਸਗੋਂ ਉਹ ਕਮਰੇ ਦੀ ਹਵਾ ਦੀ ਗੁਣਵੱਤਾ ਨੂੰ ਵੀ ਵਧੀਆ ਬਣਾਉਂਦੇ ਹਨ।

ਇਸ ਤੋਂ ਇਲਾਵਾ ਉਹ ਤੁਹਾਡਾ ਤੰਦਰੁਸਤੀ, ਚੇਤੇ, ਉਤਪਾਦਕਤਾ ਨੂੰ ਵੀ ਬਿਹਤਰ ਬਣਾ ਸਕਦੇ ਹਨ।

ਲੋਕਾਂ ਦੇ ਦੱਸੇ ਮੁਤਾਬਕ ਬੂਟੇ ਉਨ੍ਹਾਂ ਨੂੰ ਜ਼ਿਆਦਾ ਡੂੰਘੇ ਸਾਹ ਲੈਣ ਵਿੱਚ ਮਦਦ ਕਰਦੇ ਹਨ। ਨਤੀਜੇ ਵਜੋਂ ਉਹ ਜ਼ਿਆਦਾ ਸਹਿਜ ਅਤੇ ਸ਼ਾਂਤ ਮਹਿਸੂਸ ਕਰਦੇ ਹਨ।

ਇੱਕ ਅਧਿਐਨ ਲਈ ਕਿਸੇ ਦਫ਼ਤਰ ਵਿੱਚੋਂ ਸਾਰੇ ਬੂਟੇ ਹਟਾ ਦਿੱਤੇ ਗਏ। ਦਫ਼ਤਰ ਦੇ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਿਆਦਾ ਤਣਾਅ ਰਹਿਣ ਲੱਗਿਆ ਹੈ, ਉਨ੍ਹਾਂ ਦੀ ਕੰਮ ਵਿੱਚ ਕੁਸ਼ਲਤਾ ਪ੍ਰਭਾਵਿਤ ਹੋਈ ਹੈ ਅਤੇ ਉਹ ਧਿਆਨ ਘੱਟ ਇਕਾਗਰ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ।

ਇਸੇ ਦੌਰਾਨ ਜਿਹੜੇ ਮੁਲਾਜ਼ਮ ਆਪਣੇ ਡੈਸਕ ਤੋਂ ਬੂਟੇ ਦੇਖ ਸਕਦੇ ਸਨ ਉਹ ਨੇ ਧਿਆਨ ਟਿਕਾਉਣ ਦੇ ਇੱਕ ਵਿਗਿਆਨਕ ਪ੍ਰੀਖਿਆ ਵਿੱਚ ਦੂਜਿਆਂ ਦੇ ਮੁਕਾਬਲੇ 19% ਵਧੀਆ ਪ੍ਰਦਰਸ਼ਨ ਕੀਤਾ।

4. ਗਾਓ

ਤੁਹਾਨੂੰ ਗੁਸਲਖਾਨੇ ਦੇ ਫੁਹਾਰੇ ਥੱਲੇ, ਕਾਰ ਵਿੱਚ ਚਲਦੇ ਰੇਡੀਓ ਨਾਲ ਗਾਉਣਾ ਵਧੀਆ ਲੱਗ ਸਕਦਾ ਹੈ। ਹਾਲਾਂਕਿ ਤੁਸੀਂ ਜਾਣਦੇ ਹੋ ਕਿ ਗਾਉਣ ਨਾਲ ਸਾਡੇ ਸਰੀਰ ਵਿੱਚ ਸਾਨੂੰ ਪ੍ਰਸੰਨਤਾ ਦੇਣ ਵਾਲੇ ਰਸ (ਹਾਰਮੋਨ) ਰਿਸਦੇ ਹਨ।

ਇਨ੍ਹਾਂ ਰਸਾਂ ਵਿੱਚ— ਬੀਟਾ-ਐਂਡੋਰਫਿਨ, ਡੋਪਾਮੀਨ, ਸੈਰੋਟੋਨਿਨ ਅਤੇ ਓਕਸੀਟੋਸਿਨ ਸ਼ਾਮਲ ਹਨ। ਇਸ ਤੋਂ ਇਲਾਵਾ ਗਾਉਣ ਨਾਲ ਤੁਹਾਨੂੰ ਭੰਗ ਵਰਗਾ ਸਰੂਰ ਹੁੰਦਾ ਹੈ ਕਿਉਂਕਿ ਇਸ ਨਾਲ ਸਰੀਰ ਵਿੱਚੋਂ ਐਂਡੋਕੈਨਾਬੀਨੋਇਡ ਸ਼੍ਰੇਣੀ ਦੇ ਰਸਾਇਣਕ ਯੋਗਿਕ ਵੀ ਰਿਸਦੇ ਹਨ।

ਨਤੀਜੇ ਵਜੋਂ ਗਾਉਣ ਨਾਲ ਕਈ ਕਿਸਮ ਦੇ ਮਨੋਵਿਗਿਆਨਕ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਇਸ ਨਾਲ ਆਤਮ-ਵਿਸ਼ਵਾਸ ਵਧਾਉਣ, ਇਕੱਲਤਾ ਅਤੇ ਤਣਾਅ ਘਟਾਉਣ ਵਿੱਚ ਮਦਦ ਮਿਲਦੀ ਹੈ।

5. ਕੋਈ ਨਵਾਂ ਹੁਨਰ ਸਿੱਖੋ

ਤੁਹਾਨੂੰ ਲੱਗ ਸਕਦਾ ਹੈ ਕਿ ਪਹਿਲਾਂ ਤੋਂ ਹੀ ਤਣਾਅਪੂਰਨ ਜ਼ਿੰਦਗੀ ਵਿੱਚ ਇੱਕ ਹੋਰ ਰੁਝੇਵਾਂ ਸ਼ਾਮਲ ਕਰਨ ਨਾਲ ਕੀ ਭਲਾ ਹੋਵੇਗਾ।

ਹਾਲਾਂਕਿ ਇਸ ਗੱਲ ਦੇ ਸਬੂਤ ਹਨ ਕਿ ਕੁਝ ਨਵਾਂ ਸਿੱਖਣਾ ਤਣਾਅ ਨੂੰ ਕੰਟਰੋਲ ਕਰਨ ਅਤੇ ਤੁਹਾਡੇ ਸਰੀਰ ਨੂੰ ਸਹਿਜ ਕਰਨ ਦਾ ਸਭ ਤੋਂ ਕਾਰਗਰ ਤਰੀਕਾ ਸਾਬਤ ਹੋ ਸਕਦਾ ਹੈ।

ਜਦੋਂ ਤੁਸੀਂ ਆਪਣੇ ਹੱਥ ਵਿਚਲੇ ਕੰਮ ਉੱਪਰ ਧਿਆਨ ਲਾਉਂਦੇ ਹੋ ਤਾਂ ਤੁਸੀਂ ਉਸ ਵਿੱਚ ਪੂਰੀ ਤਰ੍ਹਾਂ ਖੁੱਭ ਜਾਂਦੇ ਹੋ।

ਇਸ ਨਾਲ ਤੁਹਾਡੇ ਦਿਮਾਗ ਦਾ ਮੂਹਰੀ ਹਿੱਸਾ ਸ਼ਾਂਤ ਹੁੰਦਾ ਹੈ। ਦਿਮਾਗ ਦੇ ਇਸ ਹਿੱਸੇ ਨਾਲ ਤੁਸੀਂ ਆਪਣੇ ਵਰਤਾਅ ਬਾਰੇ ਖ਼ੁਦ ਨੂੰ ਸਵਾਲ ਕਰਦੇ ਹੋ, ਆਪਣੇ ਕਾਰਜਾਂ ਦਾ ਵਿਸ਼ਲੇਸ਼ਣ ਕਰਦੇ ਹੋ। ਆਪਣੇ ਕੀਤੇ ਬਾਰੇ ਫੈਸਲੇਬਾਜ਼ੀ ਵਿੱਚ ਪੈਣ ਤੋਂ ਬਚਦੇ ਹੋ।

6. ਧੰਨਵਾਦੀ ਬਣੋ

ਇਹ ਪੁਰਾਣੇ ਰਿਵਾਜ਼ ਦੀ ਗੱਲ ਲੱਗ ਸਕਦੀ ਹੈ ਪਰ ਇਸ ਪਿੱਛੇ ਪੁਖਤਾ ਵਿਗਿਆਨ ਹੈ। ਧੰਨਵਾਦ ਪਰਗਟ ਕਰਨ ਨਾਲ ਤੁਸੀਂ ਨਾ ਸਿਰਫ਼ ਵਧੀਆ ਮਹਿਸੂਸ ਕਰਦੇ ਹੋ ਸਗੋਂ ਇਸ ਨਾਲ ਤੁਹਾਡੇ ਦਿਮਾਗ ਦੇ ਨਜ਼ਰੀਏ ਵਿੱਚ ਵੀ ਬਦਲਾਅ ਆਉਂਦਾ ਹੈ।

ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਜਦੋਂ ਲੋਕਾਂ ਨੂੰ ਆਪਣੇ ਵਿੱਚ ਧੰਨਵਾਦ ਦੀ ਭਾਵਨਾ ਪੈਦਾ ਕਰਨ ਲਈ ਕਿਹਾ ਗਿਆ ਤਾਂ ਖੋਜੀਆਂ ਨੇ ਦੇਖਿਆ ਕਿ ਉਨ੍ਹਾਂ ਦੇ ਦਿਮਾਗ ਦੇ ਮੱਥੇ ਦੇ ਪਿਛਲੇ ਹਿੱਸੇ ਵਿੱਚ ਸਰਗਰਮੀ ਤੇਜ਼ ਹੋ ਗਈ।

ਦਿਮਾਗ ਦਾ ਇਹ ਹਿੱਸਾ ਫੈਸਲੇ ਲੈਣ ਅਤੇ ਵਿਸ਼ਲੇਣ ਨਾਲ ਜੁੜਿਆ ਹੋਇਆ ਹੈ।

ਲਾਭ ਮਹਿਸੂਸ ਕਰਨ ਅਤੇ ਆਪਣੀ ਸੋਚ ਪ੍ਰਕਿਰਿਆ ਵਿੱਚ ਨਾਂਹ ਮੁਖੀ ਤੋਂ ਹਾਂ ਮੁਖੀ ਵੱਲ ਨੂੰ ਅੰਤਰ ਦੇਖਣ ਲਈ ਇੱਕ ਦਿਨ ਵਿੱਚ ਉਨ੍ਹਾਂ ਤਿੰਨ ਚੀਜ਼ਾਂ ਦੀ ਕਲਪਨਾ ਕਰੋ ਜਿਸ ਬਾਰੇ ਤੁਸੀਂ ਧੰਨਵਾਦੀ ਹੋ।

ਇਸ ਵਿੱਚ ਕਿਸੇ ਨਾਲ ਹਾਂਮੁਖੀ ਢੰਗ ਨਾਲ ਹੋਈ ਗੱਲਬਾਤ ਵੀ ਸ਼ਾਮਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)