You’re viewing a text-only version of this website that uses less data. View the main version of the website including all images and videos.
ਇਨਸਾਨ ਦਾ ਉਹ ਕਿਹੜਾ ਪਹਿਲੂ ਹੈ ਜੋ ਸ਼ਕਲ-ਸੂਰਤ ਨਾਲੋਂ ਜ਼ਿਆਦਾ ਆਕਰਸ਼ਕ ਹੁੰਦਾ ਹੈ
ਅੰਗਰੇਜ਼ੀ ਵਿੱਚ ਇੱਕ ਕਹਾਵਤ ਹੈ, "ਫਰਸਟ ਇੰਪ੍ਰੈਸ਼ਨ ਇਜ਼ ਦਿ ਲਾਸਟ ਇੰਪ੍ਰੈਸ਼ਨ'
ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਪਹਿਲੀ ਵਾਰ ਮਿਲਦੇ ਹੋ ਤਾਂ ਤੁਹਾਡਾ ਉਸ 'ਤੇ ਜੋ ਇੰਪ੍ਰੈਸ਼ਨ ਜਾਂ ਪ੍ਰਭਾਵ ਪੈਂਦਾ ਹੈ, ਉਹ ਲੰਬੇ ਸਮੇਂ ਲਈ ਯਾਦ ਰਹਿ ਜਾਂਦਾ ਹੈ।
ਤੁਸੀਂ ਕਿਵੇਂ ਨਜ਼ਰ ਆਉਂਦੇ ਹੋ, ਹੋ ਸਕਦਾ ਹੈ ਇਹ ਪਹਿਲੀ ਮੁਲਾਕਾਤ ਵਿੱਚ ਮਾਇਨੇ ਰੱਖਦਾ ਹੋਵੇ, ਪਰ ਕਿਸੇ ਦੀ ਸ਼ਖਸੀਅਤ ਦੇ ਉਹ ਹੋਰ ਪਹਿਲੂ ਕੀ ਹਨ ਜੋ ਲੋਕਾਂ ਦੇ ਦਿਲਾਂ ਨੂੰ ਛੂਹ ਲੈਂਦੇ ਹਨ।
ਆਮ ਧਾਰਨਾ ਹੈ ਕਿ ਕਿਸੇ ਵੀ ਰੋਮਾਂਟਿਕ ਰਿਸ਼ਤੇ ਦੀ ਸ਼ੁਰੂਆਤ ਇਸ ਤੋਂ ਹੁੰਦੀ ਹੈ ਕਿ ਤੁਸੀਂ ਪਹਿਲੀ ਨਜ਼ਰ ਵਿੱਚ ਕਿਵੇਂ ਪੇਸ਼ ਆਏ।
ਪਰ ਸਰੀਰਕ ਖਿੱਚ ਮਨੁੱਖ ਦੇ ਹੋਰ ਕਈ ਗੁਣਾਂ ਕਾਰਨ ਵੀ ਹੋ ਸਕਦੀ ਹੈ। ਕੀ ਲੋਕ ਬਿਨਾਂ ਝਿਜਕੇ ਤੁਹਾਡੇ ਕੋਲ ਆ ਸਕਦੇ ਹਨ? ਤੁਸੀਂ ਕਿਵੇਂ ਗੱਲ ਕਰਦੇ ਹੋ? ਤੁਹਾਡਾ ਵਿਹਾਰ ਕਿਹੋ ਜਿਹਾ ਹੈ?
ਅਮਰੀਕਾ ਵਿੱਚ ਕੀਤੇ ਗਏ ਇੱਕ ਸਰਵੇਖਣ ਵਿੱਚ ਜੋੜਿਆਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਲੋਕਾਂ ਦੀ ਦਿੱਖ (ਲੁਕਸ) ਤੋਂ ਇਲਾਵਾ ਹੋਰ ਕਿਹੜੇ ਗੁਣ ਪਸੰਦ ਆਉਂਦੇ ਹਨ।
ਸਰਵੇਖਣ ਦੇ ਸਵਾਲਾਂ ਦੇ ਜਵਾਬ ਵਿੱਚ, ਲੋਕਾਂ ਨੇ ਕਿਹਾ ਕਿ ਭੌਤਿਕ ਸਫ਼ਲਤਾ, ਜਿਵੇਂ ਕਿ ਵਿੱਤੀ ਸੁਰੱਖਿਆ ਅਤੇ ਇੱਕ ਵਧੀਆ ਘਰ ਹੋਣਾ, ਉਨ੍ਹਾਂ ਲਈ ਆਕਰਸ਼ਕ ਗੁਣਾਂ ਵਿੱਚ ਸਭ ਤੋਂ ਹੇਠਲੇ ਪਾਇਦਾਨ 'ਤੇ ਆਉਂਦਾ ਹੈ।
ਦੂਜੇ ਪਾਸੇ, ਆਪਣੇ ਸਾਥੀ ਨਾਲ ਸਹਿਮਤ ਹੋਣਾ, ਅੰਤਰਮੁਖੀ ਜਾਂ ਬਾਹਰਮੁਖੀ ਹੋਣਾ, ਬੁੱਧੀ ਨੂੰ ਸਰੀਰਕ ਖਿੱਚ ਤੋਂ ਬਹੁਤ ਉੱਪਰ ਰੱਖਦੇ ਹਨ।
'ਦਿੱਖ' ਕਿੰਨੀ ਮਹੱਤਵਪੂਰਨ ਹੈ?
ਇਸ ਸਰਵੇਖਣ 'ਤੇ ਅਮਰੀਕਾ ਦੀ ਫਲੋਰਿਡਾ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਗ੍ਰੇਗ ਵੈਬਸਟਰ ਕਹਿੰਦੇ ਹਨ, "ਇਸ ਤਰ੍ਹਾਂ ਦੇ ਸਰਵੇਖਣਾਂ 'ਚ ਲੋਕ ਅਜਿਹੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਨ ਜੋ ਦੂਜਿਆਂ ਦੀਆਂ ਨਜ਼ਰਾਂ 'ਚ ਉਨ੍ਹਾਂ ਨੂੰ ਚੰਗਾ ਬਣਾਏ ਰੱਖਣ।"
"ਜਿਸਦਾ ਮਤਲਬ ਇਹ ਹੋ ਸਕਦਾ ਹੈ ਕਿ ਅਜਿਹੇ ਸਰਵੇਖਣ ਡੇਟਾ ਪੂਰੀ ਤਰ੍ਹਾਂ ਸਪੱਸ਼ਟ ਤਸਵੀਰ ਪੇਸ਼ ਨਾ ਕਰ ਸਕਣ।"
ਪਰ ਸਵਾਲ ਇਹ ਹੈ ਕਿ ਜਦੋਂ ਅਸੀਂ ਅਸਲ ਜ਼ਿੰਦਗੀ ਦੀ ਗੱਲ ਕਰਦੇ ਹਾਂ ਤਾਂ ਕੀ ਕਿਸੇ ਵਿਅਕਤੀ ਦੀ ਸ਼ਖਸੀਅਤ ਨੂੰ ਦਿੱਖ ਨਾਲੋਂ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ?
ਇਸ ਸਵਾਲ 'ਤੇ ਬੀਬੀਸੀ ਪੱਤਰਕਾਰ ਪਾਇਲ ਭੂਯਾਨ ਨਾਲ ਗੱਲ ਕਰਦੇ ਹੋਏ ਮਨੋਵਿਗਿਆਨੀ ਡਾਕਟਰ ਪੂਜਾ ਸ਼ਿਵਮ ਜੇਤਲੀ ਦਾ ਕਹਿਣਾ ਹੈ, "ਸ਼ੁਰੂਆਤੀ ਆਕਰਸ਼ਣ ਸ਼ੁਰੂ 'ਚ ਦਿੱਖ 'ਤੇ ਆਧਾਰਿਤ ਹੁੰਦਾ ਹੈ। ਪਰ ਇਹ ਮਨੁੱਖ-ਮਨੁਖ 'ਤੇ ਵੀ ਨਿਰਭਰ ਕਰਦਾ ਹੈ।"
"ਤੁਸੀਂ ਕਿਵੇਂ ਨਜ਼ਰ ਆਉਂਦੇ ਹੋ ਇਹ ਮਹੱਤਵਪੂਰਨ ਹੈ ਅਤੇ ਕਿਤੇ ਨਾ ਕਿਤੇ ਇਹ ਇੱਕ ਸ਼ੁਰੂਆਤੀ ਬਿੰਦੂ ਵੀ ਹੈ। ਪਰ ਕਿਸੇ ਦੀ ਸੁੰਦਰਤਾ ਜਾਂ ਦਿੱਖ ਲੰਬੇ ਸਮੇਂ ਤੱਕ ਆਕਰਸ਼ਿਤ ਨਹੀਂ ਕਰ ਸਕਦੀ।"
ਡਾ. ਪੂਜਾ ਸ਼ਿਵਮ ਜੇਤਲੀ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਲੰਬੇ ਸਮੇਂ ਤੱਕ ਰਿਸ਼ਤੇ ਨੂੰ ਕਾਇਮ ਰੱਖਣ ਬਾਰੇ ਪੁੱਛਦੇ ਹੋ ਤਾਂ ਤੁਹਾਡੀ ਸ਼ਖਸੀਅਤ, ਤੁਹਾਡੀਆਂ ਜ਼ਰੂਰਤਾਂ ਅਤੇ ਤੁਸੀਂ ਦੁਨੀਆਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ, ਇਹ ਸਭ ਕੁਝ ਵੀ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ।
ਉਨ੍ਹਾਂ ਮੁਤਾਬਕ, "ਜ਼ਿਆਦਾਤਰ ਰਿਸ਼ਤਿਆਂ ਵਿੱਚ, ਜਦੋਂ ਇਨ੍ਹਾਂ ਪਹਿਲੂਆਂ 'ਤੇ ਚਰਚਾ ਨਹੀਂ ਹੁੰਦੀ ਤਾਂ ਅੱਗੇ ਚੱਲ ਕੇ ਮਤਭੇਦ ਪੈਦਾ ਹੋ ਸਕਦੇ ਹਨ। ਆਪਣੇ ਸਾਥੀ ਦੀ ਗੱਲ ਸੁਣਨਾ ਅਤੇ ਆਪਸੀ ਸਹਿਮਤੀ ਬਣਾਈ ਰੱਖਣਾ ਕਿਸੇ ਵੀ ਰਿਸ਼ਤੇ ਲਈ ਬਹੁਤ ਜ਼ਰੂਰੀ ਹੈ।"
ਉਹ ਕਹਿੰਦੀ ਹੈ, "ਕੀ ਕੋਈ ਅਜਿਹੇ ਵਿਅਕਤੀ 'ਤੇ ਭਰੋਸਾ ਕਰ ਸਕਦਾ ਹੈ ਜੋ ਉਨ੍ਹਾਂ ਦੀਆਂ ਗੱਲਾਂ ਨੂੰ ਮਹੱਤਵ ਨਹੀਂ ਦਿੰਦਾ ਹੈ?"
ਕਿਸੇ ਵੀ ਇਨਸਾਨ ਦੀ ਸ਼ਖ਼ਸੀਅਤ ਨੂੰ ਮਾਪਣਾ ਮੁਸ਼ਕਲ ਕੰਮ ਹੁੰਦਾ ਹੈ। ਦਹਾਕਿਆਂ ਤੋਂ ਸਾਈਕ੍ਰੋਮੇਟ੍ਰਿਕ ਟੈਸਟ ਵਿੱਚ ਲੋਕਾਂ ਤੋਂ ਕਈ ਸਾਰੇ ਸਵਾਲ ਪੁੱਛੇ ਜਾਂਦੇ ਹਨ ਤਾਂ ਜੋ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਹੋਰ ਜਾਣਕਾਰੀ ਮਿਲ ਸਕੇ।
ਕਿਸੇ ਦੀ ਸ਼ਖ਼ਸੀਅਤ ਕਿਸ ਤਰ੍ਹਾਂ ਪਰਖੀ ਜਾਵੇ?
ਪਰ ਆਮ ਜੀਵਨ ਵਿੱਚ ਕੀ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਨੂੰ ਪਰਖਿਆ ਜਾ ਸਕਦਾ ਹੈ?
ਇਸ ਸਵਾਲ 'ਤੇ ਬੀਬੀਸੀ ਪੱਤਰਕਾਰ ਪਾਇਲ ਭੂਯਾਨ ਨਾਲ ਗੱਲ ਕਰਦੇ ਹੋਏ ਬਿਹੇਵੀਅਰ ਐਕਸਪਰਟ ਅਤੇ ਲਾਈਫ ਕੋਚ ਆਸਥਾ ਦੀਵਾਨ ਦਾ ਕਹਿਣਾ ਹੈ, "ਇੱਕ ਵਿਅਕਤੀ ਦੀ ਸ਼ਖ਼ਸੀਅਤ ਬਹੁਤ ਸਾਰੀਆਂ ਚੀਜ਼ਾਂ ਨਾਲ ਬਣੀ ਹੁੰਦੀ ਹੈ। ਇਹ ਬਹੁਤ ਮਾਇਨੇ ਰੱਖਦਾ ਹੈ ਕਿ ਤੁਹਾਡੇ ਨਾਲ ਆਸਾਨੀ ਨਾਲ ਗੱਲ ਕੀਤੀ ਜਾ ਸਕਦੀ ਹੈ।"
"ਕੀ ਤੁਸੀਂ ਗੱਲ ਕਰਦੇ ਸਮੇਂ ਦੂਜਿਆਂ ਨੂੰ ਬੋਲਣ ਦਾ ਮੌਕਾ ਦਿੰਦੇ ਹੋ? ਤੁਹਾਡੀ ਪਸੰਦ ਕੀ ਹੈ? ਤੁਹਾਡੇ ਵਿਚਾਰ ਕਿਹੋ-ਜਿਹੇ ਹਨ? ਤੁਹਾਡੇ ਜੀਵਨ ਦੀਆਂ ਕਦਰਾਂ-ਕੀਮਤਾਂ ਕੀ ਹਨ, ਤੁਹਾਡਾ ਆਤਮ-ਵਿਸ਼ਵਾਸ ਕਿਵੇਂ ਹੈ। ਇਹ ਸਾਰੀਆਂ ਚੀਜ਼ਾਂ ਤੁਹਾਡੀ ਸ਼ਖ਼ਸੀਅਤ ਦਾ ਅਹਿਮ ਹਿੱਸਾ ਹਨ।"
ਇਸ ਦੇ ਨਾਲ ਹੀ ਤੁਸੀਂ ਇਹ ਵੀ ਸੁਣਿਆ ਹੋਵੇਗਾ ਕਿ 'ਆਪੋਜ਼ਿਟਸ ਅਟ੍ਰੈਕਟ'। ਇਸ ਦਾ ਅਰਥ ਹੈ ਦੋ ਵਿਅਕਤੀ ਜੋ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਹੁੰਦੇ ਹਨ ਅਤੇ ਇੱਕ ਦੂਜੇ ਵੱਲ ਆਕਰਸ਼ਿਤ ਹੁੰਦੇ ਹਨ ਕਿਉਂਕਿ ਸ਼ਖ਼ਸੀਅਤ ਵਿੱਚ ਅੰਤਰ ਵੀ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ।
ਬੀਬੀਸੀ ਫਿਊਚਰ ਆਰਟੀਕਲ ਵਿੱਚ, ਰੋਚੈਸਟਰ ਯੂਨੀਵਰਸਿਟੀ ਦੇ ਹੈਰੀ ਰੀਡ ਅਤੇ ਮਿਨੇਸੋਟਾ ਯੂਨੀਵਰਸਿਟੀ ਦੇ ਐਲਨ ਬਰਸ਼ਾਰਡ ਦੱਸਦੇ ਹਨ ਕਿ ਇੱਕ ਵਿਅਕਤੀ ਇੱਕ ਅਜਿਹੇ ਸਾਥੀ ਦੀ ਭਾਲ ਕਰਦਾ ਹੈ ਜਿਸਨੂੰ ਉਹ ਪਹਿਲਾਂ ਤੋਂ ਜਾਣਦਾ-ਪਛਾਣਦਾ ਹੋਵੇ, ਜਿਸ ਦੀ ਸ਼ਖਸੀਅਤ, ਜੀਵਨ ਸ਼ੈਲੀ ਅਤੇ ਸਮਾਜਿਕ ਗਰੁੱਪ ਮੇਲ ਖਾਂਦੇ ਹਨ। ਇਹ ਖਿੱਚ ਦਾ ਮੂਲ ਸਿਧਾਂਤ ਹੈ।
ਇਸ 'ਤੇ ਡਾਕਟਰ ਆਸਥਾ ਦੀਵਾਨ ਕਹਿੰਦੀ ਹੈ, "ਕਈ ਵਾਰ ਲੋਕ ਆਪਸ ਵਿੱਚ ਸਮਾਨਤਾ ਤਲਾਸ਼ਦੇ ਹਨ, ਕਈ ਵਾਰ ਆਪਣੇ ਤੋਂ ਵੱਖਰਾ ਇਨਸਾਨ ਵੀ ਚੁਣਦੇ ਹਨ। ਇਹ ਇਨਸਾਨੀ ਪ੍ਰਵਿਰਤੀ ਹੈ ਕਿ ਉਹ ਸਮਾਨਤਾ ਦੀ ਤਲਾਸ਼ ਕਰਦਾ ਹੈ।"
"ਇਹ ਚੀਜ਼ ਬਹੁਤ ਸੁਰੱਖਿਅਤ ਮਹਿਸੂਸ ਕਰਵਾਉਂਦੀ ਹੈ। ਜਦੋਂ ਤੁਹਾਡੇ ਵਿਚਾਰਾਂ ਵਿੱਚ, ਗੁਣਾਂ ਵਿੱਚ ਪਸੰਦਾਂ ਵਿੱਚ ਸਮਾਨਤਾ ਹੁੰਦੀ ਹੈ, ਤਾਂ ਇੱਕ ਤੁਰੰਤ ਚੰਗਿਆੜੀ, ਇੱਕ ਇੰਸਟੈਂਟ ਬੌਂਡਿੰਗ ਆਉਂਦੀ ਹੈ।"
ਉਹ ਕਹਿੰਦੀ ਹੈ, "ਕਿਸੇ ਵੀ ਰਿਸ਼ਤੇ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਕੋਲ ਇਕੱਠੇ ਰਹਿ ਕੇ ਵੀ ਜੀਵਨ ਵਿੱਚ ਵੱਖੋ-ਵੱਖ ਅੱਗੇ ਵਧਣ ਦੀ ਗੁੰਜਾਇਸ਼ ਹੋਵੇ।"
"ਅਜਿਹਾ ਨਹੀਂ ਹੈ ਕਿ ਲੋਕ ਹਮੇਸ਼ਾ ਸਮਾਨਤਾ ਹੀ ਭਾਲਦੇ ਹਨ, ਪਰ ਕਈ ਵਾਰ ਤੁਹਾਡੇ ਤੋਂ ਬਿਲਕੁਲ ਵੱਖਰੇ ਲੋਕ ਵੀ ਪਸੰਦ ਆ ਸਕਦੇ ਹਨ, ਬਸ਼ਰਤੇ ਦੋਵੇਂ ਇੱਕ ਦੂਜੇ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਯੋਗ ਹੋਣ।"
ਡਾ. ਆਸਥਾ ਦੀਵਾਨ ਮੁਤਾਬਕ, ਦੋਸਤੀ ਨਾਲੋਂ ਜ਼ਿਆਦਾ ਜੋ ਅਟ੍ਰੈਕਸ਼ਨ ਹੈ ਉਹ ਜ਼ਿਆਦਾਤਰ ਆਪੋਜ਼ਿਟ ਲੋਕਾਂ ਦੇ ਨਾਲ ਹੀ ਹੁੰਦਾ ਹੈ। ਦੋ ਬਲਿਕੁਲ ਵੱਖਰੇ ਲੋਕਾਂ ਵਿੱਚ ਦੋਸਤੀ ਵੀ ਛੇਤੀ ਹੁੰਦੀ ਹੈ।
ਉਹ ਕਹਿੰਦੀ ਹੈ, "ਕਈ ਵਾਰ ਇਨਸਾਨ ਦੇ ਖ਼ੁਦ ਵਿੱਚ ਜੋ ਕਮੀ ਹੁੰਦੀ ਹੈ ਉਹ ਆਪਣੇ ਸਾਥੀ ਵਿੱਚ ਭਾਲਦਾ ਹੈ ਅਤੇ ਉਹ ਦੋਵੇਂ ਮਿਲ ਕੇ ਇੱਕ-ਦੂਜੇ ਨੂੰ ਪੂਰਾ ਕਰਦੇ ਹਨ।"
ਬੀਬੀਸੀ ਫਿਊਚਰ ਨਾਲ ਗੱਲ ਕਰਦੇ ਹੋਏ, ਗ੍ਰੇਗ ਵੈਬਸਟਰ ਕਹਿੰਦੇ ਹਨ, "ਰਿਸ਼ਤੇ ਵਿੱਚ ਦੂਜੇ ਦੇ ਆਕਰਸ਼ਕ ਗੁਣਾਂ ਦੇ ਨਾਲ ਸਹਿਮਤੀ ਰੱਖਣਾ, ਰਿਸ਼ਤੇ ਵਿੱਚ ਦੋਵਾਂ ਦੀ ਸ਼ਖਸੀਅਤ ਦੇ ਬਿਹਤਰੀਨ ਪਹਿਲੂਆਂ ਨੂੰ ਹੋਰ ਉਭਾਰ ਸਕਦਾ ਹੈ।"
ਗ੍ਰੇਗ ਵੈਬਸਟਰ ਨੇ ਸਮਾਜਿਕ ਮਨੋਵਿਗਿਆਨੀ ਏਂਗੇਲਾ ਬ੍ਰਾਇਨ ਅਤੇ ਅਮੈਂਡਾ ਮਹਾਫੀ ਦੇ ਨਾਲ ਮਿਲ ਕੇ ਕਿਸੇ ਇਨਸਾਨ ਦੇ ਸ਼ਖਸੀਅਤ ਦੇ ਤਿੰਨ ਗੁਣਾਂ 'ਤੇ ਖੋਜ ਕੀਤੀ।
ਇਹ ਤਿੰਨ ਗੁਣ ਸਨ ਵਿਅਕਤੀ ਦਾ ਸਰੀਰਕ ਤੌਰ 'ਤੇ ਆਕਰਸ਼ਕ ਹੋਣਾ, ਆਰਥਿਕ ਤੌਰ 'ਤੇ ਪ੍ਰਭਾਵਸ਼ਾਲੀ ਹੋਣਾ ਅਤੇ ਦੂਜਿਆਂ ਨਾਲ ਸਹਿਮਤੀ ਕਾਇਮ ਰੱਖਣ ਦਾ ਸੁਭਾਵਕ ਹੋਣਾ।
ਇਸ ਅਧਿਐਨ ਵਿੱਚ ਦੇਖਿਆ ਗਿਆ ਕਿ ਇਹ ਤਿੰਨੇਂ ਗੁਣ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ।
ਕਿਉਂਕਿ ਹਰ ਗੁਣ ਕਿਸੇ ਨਾ ਕਿਸੇ ਰੂਪ ਵਿੱਚ ਸੁਰੱਖਿਆ ਅਤੇ ਭੋਜਨ ਤੇ ਆਸਰਾ ਵਰਗੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਦਾ ਹੈ।
ਪਰ ਦਬਦਬਾ ਚੰਗਾ ਵੀ ਹੋ ਸਕਦਾ ਹੈ ਅਤੇ ਬੁਰਾ ਵੀ।
ਵੈਬਸਟਰ ਕਹਿੰਦੇ ਹਨ, "ਜਦੋਂ ਦਬਦਬੇ ਦੀ ਗੱਲ ਆਉਂਦੀ ਹੈ ਤਾਂ ਇਹ ਖ਼ਿਆਲ ਆ ਸਕਦਾ ਹੈ ਕਿ ਉਹ ਰਿਸ਼ਤੇ 'ਚ ਹੋਵੇ ਜਾਂ ਰਿਸ਼ਤੇ ਤੋਂ ਬਾਹਰ ਕਿਉਂਕਿ ਲੋਕ ਯਕੀਨੀ ਤੌਰ 'ਤੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਪਾਰਟਨਰ ਸਮਾਜਿਕ, ਸਰੀਰਕ ਜਾਂ ਵਿੱਤੀ ਤੌਰ 'ਤੇ ਪ੍ਰਭਾਵਸ਼ਾਲੀ ਹੋਵੇ ਪਰ ਜ਼ਿਆਦਾਤਰ ਲੋਕ ਅਜਿਹਾ ਪਸੰਦ ਨਹੀਂ ਕਰਦੇ ਕਿ ਦਬਦਬਾ ਉਨ੍ਹਾਂ ਦੇ ਰਿਸ਼ਤੇ ਨੂੰ ਵੀ ਪਵੇ।"
'ਇੱਕ ਸ਼ਖ਼ਸ ਵਿੱਚ ਜੇਕਰ ਦਬਦਬਾ ਸਥਾਪਿਤ ਕਰਨ ਦੇ ਨਾਲ-ਨਾਲ ਆਪਸੀ ਸਹਿਮਤੀ ਬਣਾਉਣ ਦੇ ਵੀ ਗੁਣ ਹਨ ਤਾਂ ਉਹ ਵਿਅਕਤੀ ਹੋਰ ਆਕਰਸ਼ਕ ਲੱਗਣ ਲੱਗਦਾ ਹੈ।"
ਆਖ਼ਰ ਵਿੱਚ ਵੈਬਸਟਰ ਕਹਿੰਦੇ ਹਨ ਕਿ ਸਭ ਦੇ ਨਾਲ ਸਹਿਮਤੀ ਰੱਖਣ ਦਾ ਸਾਡਾ ਗੁਣ ਸਾਡੀ ਸ਼ਖਸ਼ੀਅਤ ਦੇ ਹੋਰਨਾਂ ਗੁਣਾਂ ਦੀ ਤੁਲਨਾ ਵਿੱਚ ਬਹੁਤ ਅੱਗੇ ਹੈ।