ਅਰਵਿੰਦ ਕੇਜਰੀਵਾਲ ਦੋ ਦਿਨ ਬਾਅਦ ਦੇਣਗੇ ਸੀਐੱਮ ਦੇ ਅਹੁਦੇ ਤੋਂ ਅਸਤੀਫ਼ਾ, ਕਿਸ ਨੇ ਕੀ-ਕੀ ਕਿਹਾ

ਤਸਵੀਰ ਸਰੋਤ, Getty Images
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਛੁੱਟਣ ਤੋਂ ਦੋ ਦਿਨ ਬਾਅਦ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਵੱਡਾ ਬਿਆਨ ਦਿੱਤਾ ਹੈ।
ਰਿਹਾਈ ਤੋਂ ਦੋ ਦਿਨਾਂ ਬਾਅਦ ਹੀ ਉਨ੍ਹਾਂ ਨੇ ਦਿੱਲੀ ਦੇ ਸੀਐੱਮ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਪਾਰਟੀ ਦੇ ਦਫ਼ਤਰ ਵਿੱਚ ਅੱਜ ਕਿਹਾ, “ਮੈਂ ਸੀਐੱਮ ਦੀ ਕੁਰਸੀ ਤੋਂ ਅਸਤੀਫ਼ਾ ਦੇਣ ਜਾ ਰਿਹਾ ਹਾਂ ਅਤੇ ਮੈਂ ਉਦੋਂ ਤੱਕ ਸੀਐੱਮ ਦੀ ਕੁਰਸੀ ਉੱਤੇ ਨਹੀਂ ਬੈਠਾਂਗਾ ਜਦੋਂ ਤੱਕ ਕਿ ਜਨਤਾ ਆਪਣਾ ਫੈਸਲਾ ਨਾ ਸੁਣਾ ਦੇਵੇ।”
ਉਨ੍ਹਾਂ ਨੇ ਕਿਹਾ, “ਮੈਂ ਜਨਤਾ ਦੇ ਵਿੱਚ ਜਾਵਾਂਗਾ। ਗਲੀ-ਗਲੀ ਜਾਵਾਂਗਾ। ਘਰ-ਘਰ ਵਿੱਚ ਜਾਵਾਂਗਾ ਅਤੇ ਜਦੋਂ ਤੱਕ ਜਨਤਾ ਆਪਣਾ ਫੈਸਲਾ ਨਾ ਸੁਣਾ ਦੇਵੇ ਕਿ ਕੇਜਰੀਵਾਲ ਈਮਾਨਦਾਰ ਹੈ। ਉਦੋਂ ਤੱਕ ਮੈਂ ਸੀਐੱਮ ਦੀ ਕੁਰਸੀ ਉੱਤੇ ਨਹੀਂ ਬੈਠਾਂਗਾ।”

ਦਿੱਲੀ ਦੇ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਕਿਹਾ, "ਮੈਂ ਉਨ੍ਹਾਂ ਲੱਖਾਂ ਲੋਕਾਂ ਦਾ ਧੰਨਵਾਦ ਕਰਦਾ ਹਾਂ। ਜਿਨ੍ਹਾਂ ਸਾਡੇ ਜੇਲ੍ਹ ਵਿਚ ਰਹਿੰਦੇ ਹੋਏ ਦੁਆਵਾਂ ਦਿੱਤੀਆਂ। ਜੇਲ੍ਹ ਵਿਚ ਮੈਨੂੰ ਪੜ੍ਹਨ ਦਾ ਕਾਫੀ ਸਮਾਂ ਮਿਲਿਆ। ਇਸ ਦੌਰਾਨ ਮੈਂ ਰਮਾਇਣ, ਮਹਾਭਾਰਤ ਤੇ ਗੀਤਾ ਪੜ੍ਹੀ। ਮੈਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਵੀ ਪੜ੍ਹੀ।"
ਉਨ੍ਹਾਂ ਨੇ ਉਪ ਰਾਜਪਾਲ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ, "ਮੈਂ ਐਲ ਜੀ ਨੂੰ ਚਿੱਠੀ ਲਿਖੀ ਕਿ ਮੈਂ ਜੇਲ੍ਹ ਵਿਚ ਹਾਂ, ਮੇਰੀ ਥਾਂ ਆਤਿਸ਼ੀ ਜੀ ਨੂੰ ਝੰਡਾ ਲਹਿਰਾਉਣ ਦਿੱਤਾ ਜਾਵੇ। ਮੈਨੂੰ ਬਦਲੇ ਵਿਚ ਧਮਕੀ ਮਿਲੀ ਕਿ ਜੇਕਰ ਤੁਸੀਂ ਦੁਬਾਰਾ ਚਿੱਠੀ ਲਿਖੀ ਤਾਂ ਤੁਹਾਨੂੰ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ ਜਾਵੇਗਾ।"
ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਜੇਲ੍ਹ ਭੇਜਣ ਪਿੱਛੇ ਮਕਸਦ ਸੀ ਕਿ ਆਮ ਆਦਮੀ ਪਾਰਟੀ ਨੂੰ ਤੋੜ ਦਿੱਤਾ ਜਾਵੇ ਅਤੇ ਅਰਵਿੰਦ ਕੇਜਰੀਵਾਲ ਨੂੰ ਡਰਾਇਆ ਜਾਵੇ। ਪਰ ਜੇਲ ਦੇ ਦਿਨਾਂ ਨੇ ਮੇਰੇ ਹੌਸਲੇ ਨੂੰ ਵਧਾ ਦਿੱਤਾ।
ਉਨ੍ਹਾਂ ਨੇ ਕਿਹਾ, "ਮੈਂ ਜੇਲ੍ਹ ਤੋਂ ਅਸਤੀਫ਼ਾ ਇਸ ਲਈ ਨਹੀਂ ਦਿੱਤਾ ਕਿਉਂ ਕਿ ਮੈਂ ਦੇਸ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਚਾਹੁੰਦੀ ਸੀ। ਮੈਂ ਸਾਬਿਤ ਕਰ ਦਿੱਤਾ ਕਿ ਜੇਲ੍ਹ ਤੋਂ ਵੀ ਸਰਕਾਰ ਚਲਾਈ ਜਾ ਸਕਦੀ ਹੈ।"

ਅੰਨਾ ਹਜ਼ਾਰੇ ਨੇ ਕੀ ਕਿਹਾ

ਤਸਵੀਰ ਸਰੋਤ, ANI
ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਗੱਲ 'ਤੇ ਅੰਨਾ ਹਜ਼ਾਰੇ ਨੇ ਪ੍ਰਤੀਕਿਰਿਆ ਦਿੱਤੀ ਹੈ।
ਅੰਨਾ ਹਜ਼ਾਰੇ ਨੇ ਕਿਹਾ ਹੈ, "ਮੈਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਰਾਜਨੀਤੀ ਵਿੱਚ ਨਾ ਜਾਓ। ਸਮਾਜ ਦੀ ਸੇਵਾ ਕਰੋ ਤਾਂ ਤੁਸੀਂ ਮਹਾਨ ਇਨਸਾਨ ਬਣੋਗੇ।"
ਉਨ੍ਹਾਂ ਨੇ ਕਿਹਾ, ''ਅਸੀਂ ਕਈ ਸਾਲਾਂ ਤੱਕ ਇਕੱਠੇ ਰਹੇ, ਉਸ ਸਮੇਂ ਮੈਂ ਉਨ੍ਹਾਂ ਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਰਾਜਨੀਤੀ 'ਚ ਨਾ ਜਾਓ। ਸਮਾਜ ਸੇਵਾ ਮਨੁੱਖ ਦੇ ਜੀਵਨ ਵਿੱਚ ਆਨੰਦ ਦਿੰਦੀ ਹੈ ਪਰ ਗੱਲ ਉਹਨਾਂ ਦੇ ਦਿਲ ਵਿਚ ਨਹੀਂ ਆਈ ਅਤੇ ਅੱਜ ਜੋ ਹੋਣਾ ਸੀ ਉਹ ਹੋ ਗਿਆ।’’
ਭਾਜਪਾ ਨੇ ਕੀ ਕਿਹਾ?
ਭਾਜਪਾ ਨੇ ਕੇਜਰੀਵਾਲ ਦੇ ਐਲਾਨ ਨੂੰ ‘ਲੋਕ ਸੰਪਰਕ ਦਾ ਕਰਤਬ’ ਦੱਸਿਆ ਹੈ।
ਭਾਜਪਾ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਦਾ ਪੀਆਰ ਸਟੰਟ ਹੈ। ਇਨ੍ਹਾਂ ਨੂੰ ਸਮਝ ਆ ਚੁੱਕਿਆ ਹੈ ਕਿ ਦਿੱਲੀ ਦੀ ਜਨਤਾ ਵਿੱਚ ਉਨ੍ਹਾਂ ਦਾ ਅਕਸ ਕੱਟੜ ਈਮਾਨਦਾਰ ਆਗੂ ਦੀ ਨਹੀਂ ਸਗੋਂ ਕੱਟੜ ਭ੍ਰਿਸ਼ਟਾਚਾਰੀ ਆਗੂ ਦੀ ਹੋ ਚੁੱਕੀ ਹੈ।
“ਆਮ ਆਦਮੀ ਪਾਰਟੀ ਦੇਸ ਭਰ ਵਿੱਚ ਕੱਟੜ ਭ੍ਰਿਸ਼ਟਾਚਾਰੀ ਪਾਰਟੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਆਪਣੇ ਇਸ ਪੀਆਰ ਸਟੰਟ ਦੇ ਤਹਿਤ ਆਪਣਾ ਗੁਆਚਿਆ ਅਕਸ ਵਾਪਸ ਹਾਸਲ ਕਰਨਾ ਚਾਹੁੰਦੇ ਹਨ। ਲੇਕਿਨ ਅੱਜ ਦਿੱਲੀ ਦੀ ਜਨਤਾ ਦੇ ਸਾਮਹਣੇ ਤਿੰਨ ਗੱਲਾਂ ਤੈਅ ਹੋ ਚੁੱਕੀਆਂ ਹਨ। ਪਹਿਲਾਂ ਅਰਵਿੰਦ ਕੇਜਰੀਵਾਲ ਕਹਿੰਦੇ ਹਨ ਕਿ ਉਨ੍ਹਾਂ ਦਾ ਜ਼ੀਰੋ ਬੈਲੰਸ ਹੈ ਤਾਂ ਇਨ੍ਹਾਂ ਨੇ ਇੰਨਾ ਵੱਡਾ ਸ਼ੀਸ਼ ਮਹਿਲ ਕਿਵੇਂ ਬਣਾ ਲਿਆ।”
“ਦੂਜਾ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਹਨ ਕਿ ਮੈਂ ਦਿੱਲੀ ਦੀ ਜਨਤਾ ਦੇ ਵਿੱਚ ਜਾਵਾਗਾ ਅਤੇ ਉਦੋਂ ਤੱਕ ਕੋਈ ਹੋਰ ਮੁੱਖ ਮੰਤਰੀ ਬਣਾਵਾਂਗਾ। ਮਤਲਬ ਇਹ ਤਾਂ ਸਾਫ਼ ਹੈ ਕਿ ਉਹ ਸੋਨੀਆ ਗਾਂਧੀ ਵਾਲਾ ਮਾਡਲ ਅਪਨਾਉਣਾ ਚਾਹੁੰਦੇ ਹਨ। ਤੀਜਾ ਅੱਜ ਉਨ੍ਹਾਂ ਨੂੰ ਸਮਝ ਆ ਗਿਆ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਚੋਣ ਹਾਰ ਰਹੀ ਹੈ ਅਤੇ ਉਨ੍ਹਾਂ ਦਾ ਨਾਮ ਦਿੱਲੀ ਦੀ ਜਨਤਾ ਵੋਟ ਨਹੀਂ ਕਰ ਸਕਦੀ ਇਸ ਲਈ ਕਿਸੇ ਹੋਰ ਨੂੰ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੇ ਹਨ।”
ਕਾਂਗਰਸ ਨੇ ਕੀ ਕਿਹਾ ?

ਤਸਵੀਰ ਸਰੋਤ, ANI
ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਨੇ ਕਿਹਾ ਹੈ ਕਿ ਉਹ ‘ਡਰਾਮਾ’ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸੀਐਮ ਦਾ ਅਹੁਦਾ ਬਹੁਤ ਪਹਿਲਾਂ ਛੱਡ ਦੇਣਾ ਚਾਹੀਦਾ ਸੀ।
ਉਨ੍ਹਾਂ ਕਿਹਾ, "ਜਦੋਂ ਉਹ ਜੇਲ੍ਹ ਵਿੱਚ ਸਨ ਤਾਂ ਉਨ੍ਹਾਂ ਨੂੰ ਸੀਐਮ ਦਾ ਅਹੁਦਾ ਛੱਡ ਦੇਣਾ ਚਾਹੀਦਾ ਸੀ, ਪਰ ਉਸ ਸਮੇਂ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਹੁਣ ਬਾਕੀ ਕੀ ਬਚਿਆ ਹੈ, ਹੁਣ ਇਹ ਐਲਾਨ ਕਰਨ ਦਾ ਕੀ ਮਤਲਬ ਹੈ।"
"ਸੁਪਰੀਮ ਕੋਰਟ ਨੇ ਉਹਨਾਂ 'ਤੇ ਸਰਕਾਰੀ ਫਾਈਲਾਂ ਉਪਰ ਦਸਤਖਤ ਕਰਨ 'ਤੇ ਪਾਬੰਦੀਆਂ ਲਗਾਈਆਂ। ਹੇਮੰਤ ਸੋਰੇਨ ਨੂੰ ਵੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ, ਉਹਨਾ 'ਤੇ ਕੋਈ ਸ਼ਰਤਾਂ ਨਹੀਂ ਲਗਾਈਆਂ ਗਈਆਂ ਸਨ।"
ਕੀ ਹੈ ਕਥਿਤ ਸ਼ਰਾਬ ਘੁਟਾਲਾ?
ਸੀਬੀਆਈ ਨੇ 26 ਫਰਵਰੀ 2023 ਨੂੰ ਮਨੀਸ਼ ਸਿਸੋਦੀਆ ਨੂੰ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਦੌਰਾਨ ਗ੍ਰਿਫਤਾਰ ਕੀਤਾ ਸੀ।
ਮਨੀਸ਼ ਸਿਸੋਦੀਆ ਦੀ ਅਗਵਾਈ ਵਿੱਚ ਨਵੰਬਰ 2021 ਵਿੱਚ ਦਿੱਲੀ ਵਿੱਚ ਨਵੀਂ ਆਬਕਾਰੀ ਨੀਤੀ ਨੂੰ ਲਿਆਂਦਾ ਗਿਆ ਸੀ।
ਹਾਲਾਂਕਿ, ਅਗਸਤ 2022 ਵਿੱਚ, ਦਿੱਲੀ ਸਰਕਾਰ ਨੇ ਇਸ ਨਵੀਂ ਸ਼ਰਾਬ ਨੀਤੀ ਨੂੰ ਰੱਦ ਕਰ ਦਿੱਤਾ ਸੀ।
ਇਲਜ਼ਾਮ ਹਨ ਕਿ ਇਸ ਨੀਤੀ ਨੂੰ ਲਾਗੂ ਕਰਨ ਵਿੱਚ ਵੱਡਾ ਘਪਲਾ ਹੋਇਆ ਹੈ। ਇਸ ਨਵੀਂ ਨੀਤੀ ਤਹਿਤ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਸ਼ਰਾਬ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਾ ਸੀ ਅਤੇ ਸ਼ਰਾਬ ਦਾ ਕਾਰੋਬਾਰ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਆਉਣਾ ਸੀ।
ਜਦੋਂ ਇਹ ਨਵੀਂ ਨੀਤੀ ਲਿਆਂਦੀ ਗਈ ਸੀ ਤਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਸ ਦਾ ਮਕਸਦ ਮਾਲੀਆ ਵਧਾਉਣਾ, ਸ਼ਰਾਬ ਦੀ ਕਾਲਾਬਾਜ਼ਾਰੀ ਨੂੰ ਰੋਕਣਾ, ਵਿਕਰੀ ਲਾਇਸੈਂਸ ਦੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਅਤੇ ਸ਼ਰਾਬ ਖਰੀਦਣ ਦੇ ਤਜ਼ਰਬੇ ਨੂੰ ਬਿਹਤਰ ਬਣਾਉਣਾ ਹੈ।
ਇਸ ਨਵੀਂ ਨੀਤੀ ਤਹਿਤ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਵਰਗੇ ਨਵੇਂ ਕਦਮ ਵੀ ਸ਼ਾਮਲ ਕੀਤੇ ਗਏ ਸਨ। ਇੰਨਾ ਹੀ ਨਹੀਂ ਸ਼ਰਾਬ ਵੇਚਣ ਵਾਲਿਆਂ ਨੂੰ ਵੀ ਸ਼ਰਾਬ ਦੀ ਕੀਮਤ 'ਚ ਛੋਟ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ।
ਜੁਲਾਈ 2022 ਵਿੱਚ, ਦਿੱਲੀ ਦੇ ਤਤਕਾਲੀ ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਉਪ ਰਾਜਪਾਲ ਨੂੰ ਭੇਜੀ ਇੱਕ ਰਿਪੋਰਟ ਵਿੱਚ ਸ਼ਰਾਬ ਨੀਤੀ ਵਿੱਚ ਕਈ ਬੇਨਿਯਮੀਆਂ ਦਾ ਦਾਅਵਾ ਕੀਤਾ ਸੀ ਅਤੇ ਇਲਜ਼ਾਮ ਲਗਾਇਆ ਸੀ ਕਿ ਮਨੀਸ਼ ਸਿਸੋਦੀਆ ਨੇ ਵਿਕਰੇਤਾਵਾਂ ਨੂੰ ਲਾਇਸੈਂਸ ਦੇਣ ਦੇ ਬਦਲੇ ਰਿਸ਼ਵਤ ਲਈ ਸੀ।
ਇਸ ਰਿਪੋਰਟ ਦੇ ਆਧਾਰ 'ਤੇ ਉਪ ਰਾਜਪਾਲ ਨੇ ਸੀਬੀਆਈ ਨੂੰ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਸੀ ਅਤੇ ਦਿੱਲੀ ਸਰਕਾਰ ਨੂੰ ਨਵੀਂ ਸ਼ਰਾਬ ਨੀਤੀ ਵਾਪਸ ਲੈਣੀ ਪਈ ਸੀ।
ਸੀਬੀਆਈ ਨੇ ਅਗਸਤ 2022 ਵਿੱਚ ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਖਰੇ ਤੌਰ 'ਤੇ ਜਾਂਚ ਕਰ ਰਿਹਾ ਹੈ। ਈਡੀ ਨੇ ਇਸ ਜਾਂਚ ਦੌਰਾਨ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












